. |
|
ਸਿੱਖ ਇਤਿਹਾਸ ਵਿੱਚ ਪਰਖ ਦੀਆਂ ਘੜੀਆਂ
(1708 – 1849)
(ਕਿਸ਼ਤ ਨੰ: 4)
ਅਮਰੀਕ ਸਿੰਘ ਧੌਲ
(ੲ) ਚੜ੍ਹਦੀ ਕਲਾ ਦੇ ਇਸ ਦੌਰ (1708 -1762) ਦੀਆਂ ਇਨ੍ਹਾਂ
ਤਿੰਨ ਮਿੱਥਾਂ ਤੇ ਪੰਜ ਪਹਿਲੂਆਂ ਦੀ ਰੌਸ਼ਨੀ ਵਿੱਚ ਖ਼ਾਲਸੇ ਦੁਆਰਾ ਕੀਤੀਆਂ ਪ੍ਰਾਪਤੀਆਂ ਜਾਂ
ਅਪ੍ਰਾਪਤੀਆਂ ਵਿੱਚ ਉਸ ਨੇ ਕੀ ਖੱਟਿਆ ਕੀ ਗਵਾਇਆ ਸੀ। ਜਾਂ ਸਿੰਘ-ਆਦਰਸ਼ ਦੀ ਗ਼ੈਰ-ਹਾਜ਼ਰੀ ਵਿੱਚ
ਖ਼ਾਲਸੇ ਉਪਰ ਕੀ ਤੇ ਕਿਉਂ ਦੁਖਾਂਤ ਵਾਪਰੇ? ਆਦਿ ਵਾਰੇ ਲੇਖ ਦੇ ਇਸ ਭਾਗ ਵਿੱਚ ਵੀਚਾਰ ਪ੍ਰਸਤੁਤ ਹੋਏ
ਹਨ, ਜਿਵੇਂ ਮੈਂ ਉਪਰ ਕਿਹਾ ਹੈ। ਪ੍ਰੋ. ਮਹਿਬੂਬ ਨੇ ਇਨ੍ਹਾਂ ਸਵਾਲਾਂ ਦੇ ਉੱਤਰ ਢੂੰਡਦਿਆਂ ਆਪਣੇ
ਓਜਮਈ ਵਿਸ਼ਲੇਸ਼ਣ ਦੇ ਸਿੱਟੇ ਵਜੋਂ ਖ਼ਾਲਸੇ ਨੂੰ ਉਨ੍ਹਾਂ ਦੋਂਹ ਲਹਿਰਾਂ ਦੇ ਰੂਪ ਵਿੱਚ ਵਟਦਾ ਵੇਖਿਆ,
ਇੱਕ ਵੱਡੀ ਲਹਿਰ ਤੇ ਦੂਜੀ ਛੋਟੀ ਲਹਿਰ। ਤਿੰਨ ਮਿੱਥਾਂ ਸਿੰਘ-ਆਦਰਸ਼ ਦੀ ਵੱਡੀ ਲਹਿਰ ਦੇ ਤਿੰਨ ਵੱਖ
ਵੱਖ ਪੱਖ ਪੇਸ਼ ਕਰਦੀਆਂ ਅਖੀਰ ਆਪੋ ਵਿੱਚ ਅਭੇਦ ਹੋ ਕੇ ਉਸਦੀ ਜ਼ਬਰਦਸਤ ਗਤੀ ਵਿੱਚ ਸਮਾ ਜਾਂਦੀਆਂ ਹਨ।
ਸਿੰਘ-ਆਦਰਸ਼ ਦੀ ਇਹ ਵੱਡੀ ਲਹਿਰ 1710 ਈ. ਤੋਂ 1762 ਈ. ਤੱਕ ਖ਼ਾਲਸਾ ਜੀਵਨ ਦੇ ਸਭ ਸੁਜੀਵ ਪਹਿਲੂਆਂ
ਵਿੱਚ ਸਰਬ ਪਰਧਾਨ ਰਹੀ। ਇਸ ਦੀ ਪਾਰੇ ਵਰਗੀ ਤਰਲਤਾ ਨੂੰ ਬਿਪਰ-ਸੰਸਕਾਰ ਦੀ ਕੋਈ ਵੀ ਨਿਗੂਣੀ ਲਹਿਰ
ਛੋਹ ਨਹੀਂ ਸੀ ਸਕਦੀ। ਵੱਡੇ ਘੱਲੂਘਾਰੇ ਤੱਕ ਬਿਪਰ-ਸੰਸਕਾਰ ਦੇ ਤਿੰਨ ਵੱਡੇ ਅਜਗਰਾਂ (ਧੁਰੇ) ਜਾਂ
ਮਗਰਮੱਛਾਂ (ਸੰਸਾਰੀ ਬਿਰਤੀ ਦੇ ਮ੍ਰਿਤ ਅੰਸ਼, ਮਨੁੱਖੀ ਚੇਤਨਾ ਦੇ ਬੱਝਵੇਂ ਖਲ਼ੋਤੇ ਸਾਂਚੇ,
ਹਉਮੈਵਾਦੀ ਅਲਹਿਦਗੀ ਜਾਂ ਤ੍ਰਿਸ਼ਨਾਵਾਦੀ ਸਵੈ-ਛਲਾਵੇ) ਦੀ ਪਕੜ ਤੇ ਜਕੜ ਤੋਂ ਪੂਰੀ ਤਰ੍ਹਾਂ ਅਜ਼ਾਦ
ਤੇ ਨਿਰਲੇਪ ਰਹੀ। ਤੇ ਇਸ ਲਹਿਰ ਦੇ ਕਿਰਦਾਰ ਦਾ ਸਿੱਟਾ ਖ਼ਾਲਸਾ-ਜ਼ਿੰਦਗੀ ਲਗਾਤਾਰ ਤਿੰਨ ਮਿੱਥਾਂ ਦੇ
ਹੁਸੀਨ ਜਲਵਿਆਂ ਵਿੱਚ ਪ੍ਰਕਾਸ਼ਮਾਨ ਹੁੰਦੀ ਰਹੀ। ਦੂਜਾ, ਇਸ ਨੇ ਖ਼ਾਲਸਾ ਪੰਥ ਦੇ ਅਮਲ ਅਤੇ ਚੇਤਨਾ
ਨੂੰ ਸੱਚ ਧਰਮ ਦੇ ਚਾਰ ਇਲਾਹੀ ਸੋਮਿਆਂ: ਪੈਗ਼ੰਬਰ (ਕਲਗੀਧਰ), ਦੈਵੀ ਪ੍ਰਕਾਸ਼ (ਗੁਰੂ ਗ੍ਰੰਥ
ਸਾਹਿਬ), ਨੈਤਿਕ ਸੰਕਲਪ (ਸਦਾਚਾਰਕ ਸਿਫਤਾਂ), ਅਤੇ ਅਮਲੀ ਜੀਵਨ ਦੇ ਦੈਵੀ ਤਾਲ ਦੇ ਮੁਤਾਬਕ ਰਖਿਆ।
ਸਿੰਘ-ਆਦਰਸ਼ ਦੀ ਵੱਡੀ ਲਹਿਰ ਖ਼ਾਲਸਾ-ਚੇਤਨਾ ਦੇ ਅਸਲ ਸਰੂਪ ਵਿੱਚ ਵਿਚਰਦੀ
ਹੋਈ ਆਪਣੀ ਸਿਰਜਣਾ ਦੇ ਜੌਹਰ ਵਿਖਾ ਰਹੀ ਸੀ, ਪਰ 1740 ਈ. ਪਿਛੋਂ ਖ਼ਾਲਸਾ-ਚੇਤਨਾ ਦੇ ਕੱਚੇ ਤੇ
ਨਕਲੀ ਸਰੂਪ ਵਿੱਚ ਇੱਕ ਕੰਮਜ਼ੋਰ ਲਹਿਰ ਚੱਲਣ ਲੱਗੀ, ਜਿਸ ਨੇ ਸਿੰਘ-ਆਦਰਸ਼ ਦੀ ਵੱਡੀ ਲਹਿਰ ਨੂੰ 1762
ਈ. ਪਿਛੋਂ ਦੋ ਤਰ੍ਹਾਂ ਨੁਕਸਾਨ ਪਹੁੰਚਾਣਾ ਸ਼ੁਰੂ ਕਰ ਦਿੱਤਾ। 1762 ਈ. ਤੋਂ ਪਹਿਲਾਂ “ਅਗਿਆਨ ਦੀ
ਇਹ ਕੰਮਜ਼ੋਰ ਲਹਿਰ” ਜਦ ਪਖੰਡ ਤੇ ਸਾਜ਼ਿਸ਼ ਦਾ ਰੂਪ ਧਾਰਦੀ ਸੀ ਤਾਂ ਖ਼ਾਲਸਾ-ਚੇਤਨਾ ਦੇ ਪਵਿੱਤਰ ਮੌਲਿਕ
ਰੂਪ ਤੋਂ ਉਕਾ ਹੀ ਵੱਖ ਹੋ ਕੇ, ਇੱਕ ਤਾਂ, ਬਾਹਰਲੇ ਪਾਸਿਓਂ ਖ਼ਾਲਸੇ ਦੀ ਰਾਜਸੀ ਸਥਿਤੀ ਕੰਮਜ਼ੋਰ ਕਰਨ
ਦਾ ਯਤਨ ਕਰਦੀ ਸੀ। ਦੂਜਾ, ਉਸਦੇ ਅਮਲ ਤੇ ਪਵਿੱਤਰ ਲਿਖਤਾਂ ਨੂੰ ਮਿਲਾਵਟ ਰਾਹੀਂ ਮਲੀਨ ਕਰਦੀ ਸੀ।
ਪਹਿਲਾ ਹਮਲਾ ਖ਼ਾਲਸੇ ਦੀ ਸ਼ੁਧ ਚੇਤਨਾ ਦੇ ਅੰਦਰਲੇ ਪਾਸਿਓਂ ਹੀ ਸ਼ੁਰੂ
ਹੋਇਆ। 1740 ਈ. ਵਿੱਚ ਇਹ ਹਮਲਾ ਦਸਮ ਗ੍ਰੰਥ ਬਾਰੇ ਗ਼ਲਤ ਫੈਸਲੇ ਦੇ ਰੂਪ ਵਿੱਚ ਉਭਰਿਆ। ਉਨ੍ਹਾਂ
ਦਿਨਾਂ ਵਿੱਚ ਖ਼ਾਲਸੇ ਨੂੰ ਜ਼ਬਾਨੋ-ਜ਼ਬਾਨੀ ਇਹ ਪਤਾ ਸੀ ਕਿ ਦਸਮ ਗ੍ਰੰਥ ਦੀਆਂ ਬਹੁਤੀਆਂ ਰਚਨਾਵਾਂ
ਕਲਗੀਧਰ ਪਾਤਸ਼ਾਹ ਦੀ ਬਾਣੀ ਨਹੀਂ। ਬਦਕਿਸਮਤੀ ਨਾਲ ਭਾਰੀ ਗਿਣਤੀ ਵਿੱਚ ਦੇਵੀ-ਪੂਜਾ ਨਾਲ ਸੰਬੰਧਿਤ
ਰਚਨਾਵਾਂ ਅਤੇ ਉੱਚੇ ਕਾਵਿ-ਗੁਣਾਂ ਤੋਂ ਸੱਖਣੀਆਂ ਸੈਂਕੜੇ ਅਸ਼ਲੀਲ ਕਥਾਵਾਂ ਇਸ ਗ੍ਰੰਥ ਵਿੱਚ ਦਰਜ ਕਰ
ਦਿੱਤੀਆਂ ਗਈਆਂ। ਸੁਆਰਥੀਆਂ ਤੇ ਸ਼ਾਇਦ ਅਣਜਾਣ ਸ਼ਰਧਾਲੂਆਂ ਨੇ ਮਨੀ ਸਿੰਘ ਸ਼ਹੀਦ ਦੇ ਪਵਿੱਤਰ ਨਾਮ ਨੂੰ
ਇਸ ਕਿਤਾਬ ਦੇ ਬਤੌਰ ਸੰਪਾਦਕ ਵਜੋਂ ਮਸ਼ਹੂਰ ਕਰ ਦਿੱਤਾ। ਇਸ ਦੇ ਲਿਖਾਰੀ ਵਾਰੇ ਵਾਦ-ਵਿਵਾਦ ਦਾ ਮੁੱਢ
ਬੰਨ੍ਹ ਦਿੱਤਾ। ਮੱਸਾ ਰੰਘੜ ਦੇ ਸਿਰ ਵੱਢਣ ਦੀ ਕਹਾਣੀ ਇਸ ਗ਼ਲਤ ਫੈਸਲੇ ਨਾਲ, ਇਉਂ ਜੈਕਾਰਿਆਂ ਦੀ
ਗੂੰਜ ਵਿੱਚ ਜੋੜੀ ਗਈ, ਕਿ ਕੋਈ ਤਵੱਕੋ ਵੀ ਨਾ ਕਰ ਸਕੇ ਕਿ ਸਾਰਾ ਦਸਮ ਗ੍ਰੰਥ ਸਮੇਤ ਅਸ਼ਲੀਲ ਤੇ
ਨਿਰੀ ਤੁਕਬੰਦੀ ਵਾਲੀਆਂ ਕੱਚੀਆਂ ਕਵਿਤਾਵਾਂ (ਕੱਚੀ ਬਾਣੀ) ਦੇ ਗੁਰੂ ਗੋਬਿੰਦ ਸਿੰਘ ਦਾ ਲਿਖਿਆ
ਹੋਇਆ ਨਹੀਂ।
ਪੰਥ ਦਾ ਇਹ ਫੈਸਲਾ ਜਿਥੇ ਸਿੰਘ-ਆਦਰਸ਼ ਦੀ ਖੁਲ੍ਹੀ ਅਵਹੇਲਨਾ (ਕੁਤਾਹੀ,
neglect, disrespect
ਤ੍ਰਿਸਕਾਰ )
ਸੀ ਉਥੇ ਇਹ ਕਿਸੇ ਸਾਜ਼ਿਸ਼ ਦਾ ਸਿੱਟਾ ਵੀ ਨਹੀਂ
ਸੀ, ਸਿਰਫ ਹਜ਼ੂਰ ਦੀ ਮੁਹੱਬਤ ਦੇ ਉਪਭਾਵਕ ਉਛਾਲ ਚੋਂ ਇਸ ਗ਼ਲਤੀ ਨੇ ਜਨਮ ਲਿਆ ਸੀ।
ਸਾਰੇ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਲਿਖਤ ਮੰਨਣ ਦੇ ਫੈਸਲੇ ਨੇ
ਸਿੰਘ-ਅਦਰਸ਼ ਦੀ ਵੱਡੀ ਲਹਿਰ ਉਤੇ ਵੱਡੇ ਘੱਲੂਘਾਰੇ ਤਕ ਕੋਈ ਅਸਰ ਨਹੀਂ ਕੀਤਾ। ਕਿਉਂ? ਉਨ੍ਹਾਂ ਦੀ
ਅੰਤਰਦ੍ਰਿਸ਼ਟੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਰਧਾਨਤਾ ਕਾਇਮ ਸੀ ਜਦ ਕਿ ਛੋਟੀ ਲਹਿਰ, ਜਿਸ ਦਾ ਅਮਲ
ਬਿੱਪਰ-ਸੰਸਕਾਰ ਦੇ ਨੇੜੇ ਨੇੜੇ ਰਹਿਣ ਦਾ ਆਦੀ ਸੀ, ਉਸ ਨੇ ਬੜੀ ਭਾਰੀ ਮਾਤਰਾ ਵਿੱਚ ਇਸ ਦਾ
ਬਿੱਪਰ-ਸੰਸਕਾਰੀ ਅਸਰ ਕਬੂਲਿਆ। ਇਵੇਂ ਹੀ ਸੱਚੀ ਲਿਵ-ਹੀਣੇ ਛੋਟੇ ਲੇਖਕਾਂ ਨੇ ਵੀ ਇਹੋ
ਬਿੱਪਰ-ਸੰਸਕਾਰੀ ਅਸਰ ਕਬੂਲਿਆ, ਕਿਉਂ? ਉਹ ਅਜੇ ਵੱਡੀ ਲਹਿਰ ਦੀ ਉਚੇ ਤਰਕ ਵਾਲੀ ਬਿਬੇਕੀ
(rational i.e. high power analytical)
ਅੰਤਰਦ੍ਰਿਸ਼ਟੀ ਨੂੰ ਨਹੀਂ ਸੀ ਪ੍ਰਾਪਤ ਹੋਈ। ਭਾਵ ਕਹਿਣ ਦਾ
ਸਪਸ਼ਟ ਹੈ ਪਈ ਇਹ ਲੇਖਕ ਸਹਿਜਧਾਰੀ ਸਿੱਖਾਂ ਵਾਂਗ ਹਾਲੀ ਆਪਣੀ ਮੁਢਲੀ ਬਣਤਰ ਵਿੱਚ ਹੀ ਸਨ ਅਰਥਾਤ
ਅਜੇ ਸਿੰਘ-ਆਦਰਸ਼ ਦੀ ਪ੍ਰੌਢ ਪਕਿਆਈ ਤੋਂ ਕੋਹਾਂ ਦੂਰ ਸਨ। ਅਜਿਹੇ ਲੇਖਕਾਂ ਵਲੋਂ ਦਸ਼ਮੇਸ਼ ਪਾਤਸ਼ਾਹ
ਨੂੰ ਦੇਵੀ-ਪੂਜ ਦਰਸਾਉਣ ਦੀ ਗ਼ਲਤੀ ਸਮੇਤ ਹੋਰ ਅਜੇਹੀਆਂ ਅਨੇਕਾਂ ਗ਼ਲਤੀਆਂ ਕਿਤਾਬਾਂ ਲਿਖਣ ਦੇ ਅੱਲ
ਵਲੱਲੇ ਝੱਲ ਵਿੱਚ ਹੋਈਆਂ। ਜਿਵੇਂ 1741 ਈ. ਵਿੱਚ ਵਾਰਤਕ ਮਹਿਮਾ ਪ੍ਰਕਾਸ਼ ਤੇ ਇਸ ਮਗਰੋਂ
ਕਿਸੇ ਬਾਹਮਣ ਕੋਇਰ ਸਿੰਘ ਨੇ ‘ਗੁਰ ਬਿਲਾਸ ਪਾਤਸ਼ਾਹੀ – 10’ ਲਿਖਿਆ। ਜਿਸ ਨੇ ਦੋ ਅਧਿਆਏ ਗੁਰੂ
ਸਾਹਿਬ ਨੂੰ ਦੇਵੀ-ਪੂਜ ਦੱਸਣ ਲਈ ਲਿਖ ਮਾਰੇ। ਫੇਰ 1797 ਈ. ਵਿੱਚ ‘ਗੁਰ ਬਿਲਾਸ ਭਾਈ ਸੁਖਾ ਸਿੰਘ’
ਵਿੱਚ ਦੇਵੀ ਪੂਜਣ ਦੇ ਝੂਠ ਨੂੰ ਦੁਹਰਾਇਆ ਗਿਆ। ਮੁਕਦੀ ਗੱਲ, ਇਨ੍ਹਾਂ ਕੂੜ ਮਨੌਤਾਂ ਦਾ ਜਨਮ ਦਸਮ
ਗ੍ਰੰਥ ਦੀਆਂ ਦੇਵੀ ਦੇ ਦੋ ਰੂਪਾਂ (ਸ਼ਕਤੀ ਤੇ ਤਲਵਾਰ (ਸ੍ਰੀ ਭਗਉਤੀ)) ਦੀ ਪ੍ਰਸੰਸਾ ਵਿੱਚ ਧਾਰਮਿਕ
ਬਿਰਤੀ ਵਿਚੋਂ ਲਿਖੀਆਂ ਅਖੌਤੀ ਲਿਖਤਾਂ ਹਨ, ਜਿਨ੍ਹਾਂ ਨੂੰ ਬੜੇ ਆਪ ਹੁਦਰੇ ਅੰਦਾਜ਼ ਵਿੱਚ ਦਸ਼ਮੇਸ਼
ਪਿਤਾ ਦੇ ਪਵਿੱਤਰ ਨਾਮ ਨਾਲ ਜੋੜ ਦਿੱਤਾ ਗਿਆ। ਇਸ ਲਈ, ਦਸਮ ਗ੍ਰੰਥ ਦਾ ਲਿਖਾਰੀ ਕੌਣ? ਸਮੱਸਿਆ ਨੇ
ਖ਼ਾਲਸਾ ਪੰਥ ਨੂੰ 1762 ਈ ਤੋਂ ਪਿਛੋਂ ਦੋ ਹਾਨੀਆਂ ਪਹੁੰਚਾਈਆਂ।
ਪਹਿਲਾਂ, ਸਿੰਘ-ਆਦਰਸ਼ ਵਿੱਚ ਟਿਕੇ ਅਨੁਭਵ ਵਿੱਚ ਦਸ਼ਮੇਸ਼ ਪਿਤਾ ਦੇ ਉਚੇ ਸੁਚੇ
ਖ਼ਿਆਲ ਨੂੰ ਕੰਮਜ਼ੋਰ ਕੀਤਾ। ਭਾਵ, ਉਸ ਦੀ ਧਾਰਮਿਕ ਉਚਤਾ ਨੂੰ ਧੁੰਧਲਾ ਕੀਤਾ ਜਿਸ ਨਾਲ ਗੁਰੂ ਜੀ ਦੀ
ਪੈਗ਼ੰਬਰੀ, ਦਾਰਸਨਿਕ ਤੇ ਸੁਹਜਮਈ ਵਲਿੱਖਣਤਾ ਨੂੰ ਦਾਗੀ ਕੀਤਾ। ਫੇਰ, ਕੱਚੀਆਂ ਕਵਿਤਾਵਾਂ ਨੂੰ ਬਤੌਰ
‘ਸੱਚੀ ਬਾਣੀ’ ਮਾਨਤਾ ਦੇ ਕੇ ਖ਼ਾਲਸਾ-ਪੰਥ ਦੀ ਗੁਰੂ ਗ੍ਰੰਥ ਸਾਹਿਬ ਦੀ ਸਾਮੂਹਿਕ ਸੂਝ ਨੂੰ ਕੰਮਜ਼ੋਰ
ਕੀਤਾ। ਭਾਵ, ਖ਼ਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਲਫਜ਼ਾਂ ਤੋਂ ਅਗੇ ਦਾ ਜੋ ਅਨੁਭਵ ਸੀ, ਉਸ
ਤੱਕ ਉਸ ਦੀ ਪਹਿਲਾਂ ਵਰਗੀ ਪਹੁੰਚ ਨਾ ਰਹੀ।
ਪੰਥ ਦੇ ਦੁਖਾਂ ਦੇ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿੱਚ ਦੇਵੀ
ਦੇ ਪ੍ਰਸੰਗ ਦਾ ਜੁੜਨਾ ਭਾਵੇਂ ਕਿਸੇ ਸਿੱਧੀ ਜ਼ਾਹਰਾ ਸਾਜ਼ਿਸ਼ ਦਾ ਸਿੱਟਾ ਨਹੀਂ ਸੀ ਪਰ ਫੇਰ ਵੀ ਇਹ
ਮੰਨਣਾ ਦਰੁੱਸਤ ਹੈ ਕਿ ਬਿੱਪਰ-ਸੰਸਕਾਰ ਦੁਆਰਾ ਪੈਦਾ ਕੀਤੇ ਅਗਿਆਨ ਕਾਰਨ ਇਹ ਇਵੇਂ ਹੋਇਆ ਸੀ।
ਹਿੰਦਾਲੀਆਂ ਨਿਰੰਜਨੀਆਂ ਵਲੋਂ ਜਨਮ ਸਾਖੀਆਂ ਅਤੇ ਹੋਰ ਸਿੱਖ ਗ੍ਰੰਥਾਂ ਵਿੱਚ ਪੈਦਾ ਕੀਤੇ ਵਿਗਾੜ
ਦੁਨੀਆਂਦਾਰੀ ਲਾਲਚ ਜਾਂ ਈਰਖਾਵਾਂ ਦਾ ਨਤੀਜਾ ਹਨ। ਇਨ੍ਹਾਂ ਦੀ ਦੂਜੀ ਸ਼ਕਲ (ਜਿਵੇਂ ਅਨੇਕਾਂ
ਮੁਖਬਰਾਂ ਦਾ ਅਬਦੁ-ਸਮੱਦ, ਗ਼ਕਰੀਆ ਖਾਂ, ਯਾਹੀਆ ਤੇ ਮੀਰ ਮੰਨੂ ਦੇ ਖਰੀਦੇ ਹੋਏ ਸ਼ੈਤਾਨਾਂ ਦੇ ਰੂਪ
ਵਿਚ) ਸਿੰਘ-ਆਦਰਸ਼ ਵਿਰੁੱਧ ਇੱਕ ਸਾਜ਼ਿਸ਼ ਸੀ ਸਿੰਘਾਂ ਦਾ ਬੀਜ ਨਾਸ਼ ਕੀਤੇ ਜਾਣ ਦੀ। ਇਹ ਅਵੱਸ਼ ਇੱਕ
ਸਚਾਈ ਹੈ ਕਿ ਬਿੱਪਰ-ਸੰਸਕਾਰ ਦੇ ਲੁਕਵੇਂ ਵਿਰੋਧ ਨੇ ਸਮਾਂ ਬੀਤਣ ਤੇ ਸਿੱਖ-ਗ੍ਰੰਥਾਂ ਵਿੱਚ
ਬਹੁ-ਪੱਖੀ ਮਿਲਾਵਟ ਦੇ ਰੂਪ ਵਿੱਚ ਬੜਾ ਤਕੜਾ ਪ੍ਰਭਾਵ ਪਾਇਆ।
ਬਿੱਪਰ-ਸੰਸਕਾਰ ਦੀ ਛੋਟੀ ਲਹਿਰ ਨੇ ਸਿੰਘ-ਆਦਰਸ਼ ਦੀ ਵੱਡੀ ਲਹਿਰ ਨਾਲ ਕਿਤੇ
ਕਿਤੇ ਟਕਰਾਉਣਾ ਸ਼ੁਰੂ ਕਰ ਦਿੱਤਾ ਸੀ, (ਜਿਵੇਂ ਬ੍ਰਿਟੇਨ ਵਿੱਚ ਸਾਊਥੌਲ ਤੇ ਸਲੋਅ ਵਿਖੇ ਅੱਜ ਕਲ੍ਹ
ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਕਥਾ ਨਾ ਸੁਣਨ ਲਈ ‘ਸ਼ਕਲ ਮੋਮਨਾ ਕਰਤੂਤ ਕਾਫਰਾਂ’ ਨੇ
ਮੁਜ਼ਾਹਰੇ ਕੀਤੇ ਅਤੇ ਅਜਿਹੇ ਹੀ ਅਖੌਤੀ ਸਿੱਖਾਂ ਵਲੋਂ ਪ੍ਰੋ. ਦਰਸ਼ਣ ਸਿੰਘ ਉਤੇ ਖੂਨੀ ਹਮਲੇ ਹੋਏ)।
ਇਹ ਟਕਰਾਅ ਦੀ ਪਹਿਲਾਂ ਪਹਿਲ ਸ਼ਕਲ ਇਹ ਸੀ: “ਖ਼ਾਲਸਾ-ਜ਼ਿੰਦਗੀ ਦੇ ਜਿਸ ਹਿੱਸੇ ਵਿੱਚ ਸਿੰਘ-ਆਦਰਸ਼ ਦੀ
ਵੱਡੀ ਲਹਿਰ ਵਧੇਰੇ ਮਾਤਰਾ ਵਿੱਚ ਹੁੰਦੀ ਸੀ, ਉਥੇ ਦੁਨੀਆਂਦਾਰੀ ਅੰਸ਼ ਘਟ ਹੁੰਦੇ ਸਨ, ਪਰ ਜਿਥੇ
ਬਿੱਪਰ-ਸੰਸਕਾਰ ਦੀ ਛੋਟੀ ਲਹਿਰ ਪਰਧਾਨ ਅਤੇ ਵੱਡੀ ਲਹਿਰ ਕੰਮਜ਼ੋਰ ਹੁੰਦੀ ਸੀ, ਉਥੇ ਦੁਨਿਆਵੀ ਸੁਆਰਥ
ਜ਼ੋਰ ਪਕੜ ਜਾਂਦਾ ਸੀ। 1767 ਈ. ਪਿਛੋਂ ਜਦੋਂ ਸਿੱਖ ਮਿਸਲਾਂ ਦੀ ਰੂਪ ਰੇਖਾ ਨਿਖਰ ਕੇ ਸਾਹਮਣੇ ਆਉਣ
ਲੱਗੀ ਤਾਂ ਸਿੰਘ-ਆਦਰਸ਼ ਦੀ ਵੱਡੀ ਲਹਿਰ ਉਤੇ ਸੰਸਾਰੀ ਤ੍ਰਿਸ਼ਨਾ ਦੀ ਛੋਟੀ ਲਹਿਰ ਹਾਵੀ ਹੋਣ ਲੱਗੀ।
ਮਿਸਲਾਂ ਦੇ ਆਪਸੀ ਝਗੜੇ, ਈਰਖਾਵਾਂ ਅਤੇ ਲਾਲਚ ਜ਼ੋਰ ਪਕੜਣ ਲੱਗੇ। ਨਤੀਜੇ ਵਜੋਂ ਖ਼ਾਲਸਾ ਜ਼ਿੰਦਗੀ
ਵਿੱਚ ਸਿੰਘ-ਆਦਰਸ਼ ਦਾ ਸੂਖਮ ਤਾਲ ਉਖੜਣ ਲੱਗਾ, ਬਿਲਕੁਲ ਹੂਬਹੂ ਏਸੇ ਸ਼ਕਲ ਵਿੱਚ ਜਿਵੇਂ ਅੱਜ ਕਲ੍ਹ
ਖ਼ਾਲਸਾ ਪੰਥ ਦੇ ਵੱਡੇ ਅਖੌਤੀ, ਘਰੋਂ ਬਣੇ ਜਾਂ ਦਿੱਲੀ ਦਰਬਾਰ ਦੇ ਹਿੰਦੂਤਵੀ ਲੀਡਰਾਂ ਦੇ ਬਣਾਏ ਬਣੇ
ਬੈਠੇ ਹਨ ਤੇ ‘ਬਾਦਲ’ ਦੀ ਪੰਜਾਬੀ ਪਾਰਟੀ ਹਿੰਦੂਤਵ ਨਾਲ ਰਲ਼ ਕੇ ਗੁਰਦੁਆਰਿਆਂ ਉਤੇ ਕਾਬਜ਼ ਹੋ ਕੇ
ਗੁਰਮਤ ਦੀ ਥਾਂ ਗੁਰਦੁਆਰਿਆਂ ਨੂੰ ਮਨਮਤਿ ਦੇ ਹਿੰਦੂਤਵੀ ਅੱਡਿਆਂ ਵਿੱਚ ਬਦਲਿਆ ਹੋਇਆ ਹੈ। ਜੇ ਕੋਈ
ਸਿੰਘ ਉੱਠਦਾ ਨਜ਼ਰ ਆਉਂਦਾ ਹੈ (ਜਿਵੇਂ ਪਾਲ ਸਿੰਘ ਫਰਾਂਸ ਵਾਲਾ, ਪ੍ਰੋ. ਭੂੱਲਰ ਤੇ ਅਨੇਕਾਂ ਹੋਰ
ਸਿੰਘ) ਚੁੱਕ ਕੇ ਜੇਲ੍ਹੀਂ ਸੁਟਿਆ ਜਾਂਦਾ ਹੈ। ਤੇ ਜਿਥੇ ਪੜਦੇ ਪਿੱਛੇ ਜੇਲ਼੍ਹਾਂ ਅੰਦਰ ਉਨ੍ਹਾਂ ਉਪਰ
ਅਣਮਨੁੱਖੀ ਤਸ਼ਦਦ ਕਰਕੇ ਉਨ੍ਹਾਂ ਦੇ ਸਰੀਰ ਗਾਲ਼ੇ ਜਾਂਦੇ ਹਨ। 21ਵੀਂ ਸਦੀ ਵਿੱਚ ਸਿੱਖਾਂ ਦੇ
ਮੁੰਡਿਆਂ ਨੂੰ ਸੰਸਕ੍ਰਿਤ ਦੀ ਡਿਗਰੀ RSS
ਵਾਲੇ ਹਿੰਦੂਤਵੀਏ ਬਲਦੀ ਉਪਰ ਤੇਲ ਪਾਉਣ ਲਈ ਕਰਾਉਂਦੇ ਹਨ
ਪਈ ਗੁਰਦੁਆਰਿਆਂ ਚ ਗੁਰਬਾਣੀ ਕੀ ਕਥਾ ‘ਲਫਜ਼ ਦੇ ਧਾਤੂ’ ਚੋਂ ਅਰਥ ਕੱਢ ਕੱਢ ਨਿਰਾਲੇ ਸਿੱਖ ਫਲਸਫੇ
ਨੂੰ ਵੇਦਾਂਤ ਦੀ ਪਿੱਛ (rice-water)
ਗਰਦਾਨਣ ਦੇ ਹਿੰਦੂਤਵੀ ਝੂਠ ਦੇ ਅਜੰਡੇ (ਕਿ ਸਿੱਖ ਹਿੰਦੂ
ਹੀ ਹਨ) ਨੂੰ 1947 ਈ. ਬਾਦ ਹੱਥ ਆਏ ਨਵੇਂ ਹਿੰਦੂਤਵੀ ਸਾਮਰਾਜੀ ਜ਼ੁਲਮੀ ਦਮਨ ਚੱਕਰ ਰਾਹੀਂ ਸੱਚਾ
ਸਾਬਿਤ ਕਰਨ ਲਈ। ਨਾਲ ਨਾਲ, ਬਾਕੀ ਸੰਸਾਰ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਕਮੇਟੀਆਂ ਵਿੱਚ `ਚੋਰ
ਉਚੱਕਾ ਚੌਧਰੀ’ ਤੇ ਗੁਰੂ ਨਾਨਕ ਦੇ ਨਾਮ ਤੇ ਚਲਾਏ ਜਾਂਦੇ ਅਖੌਤੀ ਲੰਗਰਾਂ ਵਿੱਚ ‘ਲੁੰਡੀ/ਗੁੰਡੀ
ਰੰਨ ਪਰਧਾਨ’ ਦੋਵੇਂ ਬਿੱਪਰ-ਸੰਸਕਾਰੀ ਮਰਦ ਔਰਤ ਗੁਰਮਤ ਦੇ ਨਾਂ ਤੇ ਮਨਮਤੀਆਂ ਕਰਦੇ ਹਨ। ਪਰਚਾਰਕ
‘ਅਭਾਖਿਆ ਕਾ ਕੁੱਠਾ ਬੱਕਰਾ’ ਖਾਂਦੇ ਹਨ ਤੇ ‘ਓਨਾ ਭਿ ਆਵੈ ਓਹੀ ਸਾਦ’ ਆਉਂਦਾ ਹੈ। ਤੇ ਫਿਰ
ਸਿੰਘ-ਆਦਰਸ਼ ਦਾ ਸੂਖਮ ਤਾਲ ਉਖੜੇ ਕਿਉਂ ਨਾ, ਜੇ ਗ਼ਰੀਬ-ਗੁਰਬਾ ਲੰਗਰਾਂ ਚ ਡਰਾ ਧਮਕਾ ਕੇ ਰੱਖਣਾਂ
ਤਾਂ? ਫਿਰ ਕੀ ਪ੍ਰੋ. ਮਹਿਬੂਬ ਦਾ ਕੀਤਾ ਅਜਿਹੀ ਸਥਿਤੀ ਦਾ ਉਚਪਾਏ ਦਾ ਵਿਸ਼ਲੇਸ਼ਣ ਗ਼ਲਤ ਹੈ? ਨਹੀਂ।
ਪੜ੍ਹੋ, ਕਿਵੇਂ ਪਤੇ ਦੀ ਕਹਿੰਦੇ ਹਨ ਜਿਹੜੀ ਹੂਬਹੂ ਸਾਡੀ ਅੱਜ ਦੀ ਨਿਘਰੀ ਹੋਈ ਦਸ਼ਾ ਦੀ ਤਸਵੀਰ
ਖਿਚੀ ਹੈ: “ਜਦੋਂ ਸਿੰਘ-ਆਦਰਸ਼ ਦੀ ਵੱਡੀ ਲਹਿਰ ਆਪਣੇ ਪੂਰੇ ਜੋਬਨ ਉਤੇ ਸੀ, ਉਦੋਂ ਵੀ
ਖ਼ਾਲਸਾ-ਜ਼ਿੰਦਗੀ ਦਾ ਕੋਈ ਹਿੱਸਾ ਆਪਣੀ ਮੁਖਧਾਰਾ ਤੋਂ ਲਾਂਭੇ ਜਾ ਕੇ ਸੰਸਾਰੀ ਸੁਆਰਥ ਨਾਲ ਪਤਿਤ ਹੋ
ਰਿਹਾ ਸੀ ਅਤੇ ਬਿੱਪਰ ਸੰਸਕਾਰ ਦੀ ਛੋਟੀ ਲਹਿਰ ਬਣਦਾ ਜਾ ਰਿਹਾ ਸੀ, ਪਰ ਉਸ ਵੇਲੇ ਇਸ ਵਿੱਚ ਆਪਣੀ
ਮੁੱਢਲੀ ਤੇ ਅਸਲ ਵੱਡੀ ਲਹਿਰ ਨੂੰ ਮਲੀਨ ਕਰਨ ਦੀ ਸਮਰਥਾ ਨਹੀਂ ਸੀ।” ਪਟਿਆਲਾ ਰਿਆਸਤ ਦੇ ਬਾਨੀ
ਬਾਬਾ ਆਲਾ ਸਿੰਘ ਅਜਿਹੇ ਸੁਆਰਥ ਦੀ ਮਿਸਾਲ ਉਸ ਸਮੇਂ ਪੇਸ਼ ਕਰ ਰਿਹਾ ਸੀ, ਜਦੋਂ ਸਮੂਹ ਖ਼ਾਲਸਾ
ਮੈਦਾਨਿ ਜੰਗ ਵਿੱਚ ਅਬਦਾਲੀ ਨਾਲ ਜੂਝ ਰਿਹਾ ਸੀ। ਆਲਾ ਸਿੰਘ ਨੇ ਆਪਣੇ ਖੁਸ਼ਾਮਦੀ ਸੁਭਾਅ ਨਾਲ
ਅਬਦਾਲੀ ਦੀ ਸਿਫਤ ਦੇ ਪੁਲ ਬੱਧੇ ਤੇ ਲਾਹੌਰ ਤੱਕ ਉਹ ਨੂੰ ਨਾਲ ਹੋ ਕੇ ਛੱਡਣ ਗਿਆ। ਕਾਜ਼ੀ ਨੂਰ ਦੀਨ
ਦਾ ਭੋਲੇ-ਭਾਅ ਉਸ ਨੂੰ ਸਿੱਖ ਦੀ ਥਾਂ ਵਧੀਆ ਹਿੰਦੂ ਸਮਝਣ ਦਾ ਭੁਲੇਖਾ ਖਾਣਾ, ਖ਼ਾਲਸੇ ਦੀ ਪਿੱਠ
ਪਿੱਛੇ ਕੀਤੀ ਨਿੰਦਾ, ਆਪਣੀ ਬਹਾਦਰੀ ਦੀਆਂ ਵਾਧੂ ਸ਼ੇਖੀਆਂ ਆਦਿ ਸਭ ਗੱਲਾਂ ਉਸ ਨੂੰ ਦੁਨਿਆਂਦਾਰੀ ਦਾ
ਅਲਚਕ ਪ੍ਰਤੀਕ ਦਰਸਾਉਂਦੀਆਂ ਹਨ। ਸਿੰਘ-ਆਦਰਸ਼ ਦੇ ਵਿਰੋਧ ਵਿੱਚ ਖਲੋਤਾ ਇਹ ਦੁਨੀਆਦਾਰੀ ਸੁਆਰਥ ਜਿਸ
ਦੀ ਨੁਮਾਇੰਦਗੀ ਆਲਾ ਸਿੰਘ ਕਰ ਰਿਹਾ ਸੀ, 1808 ਈ. ਤਕ ਉਸ ਦੇ, ਜਾਨਸ਼ੀਨਾਂ (ਪਹਾੜਾ ਸੁੰਹ ਵਰਗੇ)
ਵਿੱਚ ਗ਼ੱਦਾਰੀ ਦੇ ਪਤਨ ਤਕ ਪਹੁੰਚ ਜਾਂਦਾ ਹੈ।
ਜਿਉਂ ਹੀ ਮਿਸਲਾਂ ਦੇ ਜ਼ਮਾਨੇ ਵਿੱਚ ਸਿੰਘ-ਆਦਰਸ਼ ਦੀ ਅਵਹੇਲਨਾ (ਖੁਲ੍ਹੀ
ਅਵੱਗਿਆ Ignoring, rejection, neglect,
disdain) ਕਰਕੇ ਖ਼ਾਲਸਾ ਪੰਥ ਨੇ ਦੁਨੀਆਦਾਰੀ
ਕੀਮਤਾਂ ਨੂੰ ਰੂਹਾਨੀ ਕੀਮਤਾਂ ਤੋਂ ਪਹਿਲ ਦੇਣੀ ਸ਼ੁਰੂ ਕੀਤੀ, ਤਿਉਂ ਹੀ ਉਸ ਨੂੰ ਕਲਗੀਆ ਵਾਲੇ ਦੇ
ਆਦੇਸ਼ ਲਗਾਤਾਰ ਭੁੱਲਣ ਲੱਗੇ। 1767 ਈ. ਤੋਂ 1783 ਈ. ਦੇ ਵਿਚਕਾਰ ਵੱਡੀ ਗਿਣਤੀ ਵਿੱਚ ਸਿੱਖਾਂ ਨੇ
ਘਰ ਦੀ ਬਣਾਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਇਸ ਨੂੰ ਸਮੂਹਿਕ ਪੱਧਰ ਤੇ ਕਲਗੀਆਂ ਵਾਲੇ ਦੀ ਖੁਲਮ
ਖੁਲ਼੍ਹੀ ਹੁਕਮ ਅਦੂਲੀ ਦਾ ਦੌਰ ਕਹਿੰਦੇ ਹਨ। ਏਸੇ ਹੀ ਦੌਰ ਵਿੱਚ ਖ਼ਾਲਸੇ ਨੇ ਮੁਸਲਮਾਨ ਕੌਮ ਨਾਲ
ਦੂਰੀ, ਉਨ੍ਹਾਂ ਦਾ ਦੁਰ ਵਿਵਹਾਰ ਕਰਕੇ, ਵਧਾਈ ਤੇ ਗਾਂ ਵਲ ਬੇਲੋੜੇ ਝੁਕਾ ਰਾਹੀਂ ਪਸ਼ੂ-ਪੂਜਾ ਦੇ
ਅੰਸ਼ਾਂ ਦਾ ਤਗੜਾ ਮੈਲਾ ਪ੍ਰਭਾਵ ਕਬੂਲਿਆ। ਇੰਞ, ਬਿੱਪਰ-ਸੰਸਕਾਰ ਦੇ ਹੋਰ ਅੰਸ਼ ਅਗਾਂਹ ਤੋਂ ਅਗਾਂਹ
ਦਾਖਲ ਹੋਣ ਲੱਗੇ। ਖ਼ਾਲਸੇ ਦੇ ਖ਼ਾਲਸਈ ਅਮਲ ਦੀ ਇਤਹਾਸਿਕ ਬਾਰੀਕੀ ਵਿੱਚ ਵਿਘਨ ਪੈਣ ਲੱਗੇ। ਅਕਾਲ ਫ਼ਤਹ
ਦੀ ਅੰਤਮ ਹਾਂ ਦੇ ਸਿਦਕ ਦੀ ਸ਼ਾਨ ਉਸ ਵਿਚੋਂ ਗੁਆਚ ਗਈ। ਖ਼ਾਲਸ ਕੁਦਰਤ ਜੋ ਗੁਰੂ ਦੇ ਅਸਲ,
ਨਿਰਾਕਾਰੀ, ਸੂਖਮ ਤੇ ਅਕਾਲ ਦੀ ਅਨੰਤਤਾ ਵਿੱਚ ਜੀਵਨ-ਵਿਸਮਾਦ ਨਾਲ ਛਲਕਦੇ ਰੂਪ ਦੀ ਪਛਾਣ ਕਰਵਾਉਂਦੀ
ਹੈ, ਸਿਖ-ਚੇਤਨਾ ਚੋਂ ਉਸ ਦੀ ਬੇਦਾਗ ਸੁੰਦਰਤਾ ਦੀ ਆਭਾ ਜਾਂ ਚਮਕ ਮੱਧਮ ਪੈਣ ਲੱਗੀ। ਖ਼ਾਲਸੇ ਦੀ
ਅੰਤਰਦ੍ਰਿਸ਼ਟੀ ਵਿਚੋਂ ਗੁਰੂ-ਨੇੜਤਾ ਦਾ ਭੱਖਦਾ ਜਜ਼ਬਾ ਠੰਢਾ ਪੈ ਕੇ ਦੁਨੀਆਦਾਰੀ ਸਾਮਾਨ ਵਿੱਚ ਬਦਲਣ
ਲੱਗਾ। ਹੌਲੀ ਹੌਲੀ ਗੁਰੂ-ਹਾਜ਼ਰੀ ਵਾਲੀ ਖ਼ਾਲਸਈ ਸੁਰਤਿ ਰੂਪੀ ਹੀਰੇ ਜਵਾਹਰਾਤ ਤੇ ਸੋਨੇ ਆਦਿ ਦੇ
ਭਖਦੇ ਅੰਗਿਆਰ ਦੁਨੀਆਦਾਰੀ ਪੱਧਰ ਦੀ ਸੁਆਹ ਦੀ ਮੁੱਠ ਵਿੱਚ ਬਦਲ ਗਏ।
|
. |