.

ਗੁਰੂ ਗ੍ਰੰਥ ਸਾਹਿਬ: ਇੱਕ ਵਿਚਾਰ

ਸਤਿੰਦਰਜੀਤ ਸਿੰਘ

1708, ਇਤਿਹਾਸ ਦਾ ਉਹ ਸਮਾਂ ਜਦੋਂ ਸਿੱਖਾਂ ਦੇ ਦਸਮ ਗੁਰੂ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਜਾਂ ਇੰਝ ਕਿਹ ਲਈਏ ਕਿ ਸਮੁੱਚੀ ਮਾਨਵਤਾ ਨੂੰ ‘ਦਸ ਪਾਤਸ਼ਾਹੀਆਂ’ ਦੀ ਜੋਤ’, ‘ਧੁਰ ਕੀ ਬਾਣੀ’, ‘ਜੁੱਗੋ-ਜੁੱਗ ਅਟੱਲ’ ‘ਸ਼ਬਦ-ਗੁਰੂ’ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਲੜ ਲਗਾ’ ਕੇ ਇੱਕ ਨਵੀਂ ਸੇਧ ਬਖਸ਼ੀ ਅਤੇ ਉਪਦੇਸ਼ ਦਿੱਤਾ:

ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ

ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗਰੰਥ...”

ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ,

ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ...”

ਗੁਰਿਆਈ ਦੇ ਇਤਿਹਾਸਕ ਹਵਾਲੇ: ਰਹਿਤਨਾਮਾ ਭਾਈ ਨੰਦ ਲਾਲ ਸਿੰਘ, ਭਾਈ ਚੌਪਾ ਸਿੰਘ, ਗੁਰਬਿਲਾਸ ਪਾਤਸ਼ਾਹੀ 6, ਗੁਰਬਿਲਾਸ ਪਾਤਸ਼ਾਹੀ 10 (ਭਾਈ ਕੋਇਰ ਸਿੰਘ), ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ( ਭਾਈ ਕੇਸਰ ਸਿੰਘ), ਮਹਿਮਾ ਪ੍ਰਕਾਸ਼ (ਬਾਵਾ ਸਰੂਪ ਦਾਸ)..... ਆਦਿਕ ਇਤਿਹਾਸ ਦੇ ਗ੍ਰੰਥਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਦੇ ਹਵਾਲੇ ਸਪੱਸ਼ਟ ਮਿਲਦੇ ਹਨ । ਫਾਰਸੀ ਦੀਆਂ ਲਿਖਤਾਂ ‘ਉਮਦਾ-ਤੁ-ਤਵਾਰੀਖ਼’ ਅਤੇ ‘ਤਰੀਖਿ-ਬਹਰਿ-ਉਲ ਮਾਵਾਜ’ ਵਿੱਚ ਵੀ ਗੁਰਿਆਈ ਦਾ ਜ਼ਿਕਰ ਮਿਲਦਾ ਹੈ।

(ੳ) ਭਾਈ ਨੰਦ ਲਾਲ ਸਿੰਘ ਜੀ ਦਾ ਰਹਿਤਨਾਮਾ:

ਦੂਸਰ ਰੂਪ ਗ੍ਰੰਥ ਜੀ ਜਾਨਹੁ ॥ ਆਪਨ ਅੰਗ ਮੇਰੋ ਕਰ ਮਾਨਹੁ ॥.....

ਮੇਰਾ ਰੂਪ ਗ੍ਰੰਥ ਜੀ ਜਾਨ ॥ ਇਸ ਮੈ ਭੇਦ ਨਹੀ ਕਛੁ ਮਾਨ ॥

(ਅ) ਰਹਿਤਨਾਮਾ ਭਾਈ ਪ੍ਰਹਿਲਾਦ ਜੀ:

ਅਕਾਲ ਪੁਰਖੁ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ ॥

ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ ॥30॥

(ੲ) ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ:

ਦਸਵਾਂ ਪਾਤਸ਼ਾਹ ਗਦੀ ਗੁਰਿਆਈ ਦੀ ਗਰੰਥ ਸਾਹਿਬ ਨੂੰ ਦੇ ਗਿਆ ॥

ਜੋ ਗਰੰਥ ਸਾਹਿਬ ਜੀ ਤੇ ਮੁੜੇ ॥ ਨਿਸਚੇ ਸੋਈ ਜਾਨੋ ਰੁੜ੍ਹੇ ॥ (267)

(ਸ) ਉਮਦਾਤੁ-ਤਵਾਰੀਖ:

‘ਗੁਰੂ ਗਰੰਥ ਜੀ ਅਸਤ ॥

ਦਰਮਿਆਨ ਗਰੰਥ ਵਾ ਗੁਰੂ ਹੀਚ ਫਰਕੇ ਨੀਸਤ ॥

ਅਜ਼ ਦੀਦਾਰਿ ਗਰੰਥ ਜੀ ਮੁਸ਼ਹਿਦਾਇ ਫ਼ਰਹਤ ਆਸਾਰਿ ਗੁਰੂ ਸਾਹਿਬ ਬਾਇਦ ਨਮੂਦ॥’

ਅਰਥਾਤ: ਗੁਰੂ ਗਰੰਥ ਜੀ ਹਨ। ਗਰੰਥ ਅਤੇ ਗੁਰੂ ਦੇ ਵਿਚਕਾਰ ਕੋਈ ਫ਼ਰਕ ਨਹੀਂ ਹੈ । ਗਰੰਥ ਜੀ ਦੇ ਦਰਸ਼ਨਾਂ ਤੋਂ ਗੁਰੂ ਸਾਹਿਬ ਦੇ ਖੁਸ਼ੀਆਂ ਭਰਪੂਰ ਦਰਸ਼ਨ ਹੋਣਗੇ ।

ਇਸ ਪ੍ਰਕਾਰ ਗੁਰੂ ਸਾਹਿਬ ਨੇ ਸਮਾਜ ਨੂੰ ਸਦਾਥਿਰ ਸਿਧਾਂਤ ਬਖਸ਼ ਕੇ ‘ਸ਼ਬਦ ਗੁਰੂ’ ਨੂੰ ਗੁਰਿਆਈ ਬਖਸ਼ ਦਿੱਤੀ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਆਪਣੇ ਹੱਥੀਂ, ਆਪਣੀ ਦੇਖ-ਰੇਖ ਵਿੱਚ ਸੰਪੂਰਨ ਕਰਵਾਈ, ਹਰ ਗੁਰਸਿੱਖ ਇਹ ਗੱਲ ਭਲੀ-ਭਾਂਤ ਜਾਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗ੍ਰੰਥ’ ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਦਰਜ ਕਰਵਾਈ ਗਈ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਤੱਕ ਬਾਣੀ ਸ਼ਾਮਿਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸਿਸ਼ ਕਰਕੇ ‘ਗੁਰੂ’ ਦਾ ਦਰਜਾ ਦਿੱਤਾ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਕੁੱਝ ਕੁ ਪੰਥ ਦੋਖੀ ਲੋਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ‘ਨਵਾਂ ਸ਼ਰੀਕ’ ਪੈਦਾ ਕਰਕੇ ਜਿਸਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ, ਸਿਧਾਂਤ ਤੋਂ ਬਿਲਕੁਲ ਉਲਟ ਹੈ, ਉਸਨੂੰ ਵੀ ਗੁਰੂ ਦਾ ਦਰਜਾ ਦੇਣ ‘ਤੇ ਤੁਲੇ ਹੋਏ ਹਨ। ਇਸ ਤੋਂ ਵਧੇਰੇ ਸ਼ਰਮਨਾਕ ਗੱਲ ਇਹ ਕਿ ਇਸ ‘ਨਵੇਂ’ ਬਣਾਏ ਗੁਰੂ ਦੇ ਨਾਂਵ ਦੇ ਨਾਲ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਨਾਂਵ ਜੋੜ ਕੇ ਸਰਬੰਸਦਾਨੀ ਗੁਰੂ ਦੀ ਸਖ਼ਸ਼ੀਅਤ ਨੂੰ ਦਾਗ਼ ਲਾਉਣ ਵਰਗੀ ਕੋਝੀ ਹਰਕਤ ਕੀਤੀ ਜਾ ਰਹੀ ਹੈ। ਇਹ ਸਾਰਾ ਕੁਝ ਸਿੱਖ ਕੌਮ ਦੇ ਮੁਢਲੇ ਦੁਸ਼ਮਣ ਅਤੇ ਸਿੱਖਾਂ ਦੇ ਨਿਆਰੇਪਣ ਨੂੰ ਵੀ ਬੁੱਧ, ਜੈਨ ਆਦਿ ਧਰਮਾਂ ਵਾਂਗ ਨਿਗਲ ਜਾਣ ਲਈ ਉਤਾਵਲੇ ਬਿਪਰ ਸੰਘ ਦੀ ਸ਼ਹਿ ‘ਤੇ ਹੋ ਰਿਹਾ ਹੈ। ਇਹਨਾਂ ਪੰਥ ਲਈ ਘਾਤਕ ਲੋਕਾਂ ਨੂੰ ਆਪਣੇ-ਆਪ ਨੂੰ ‘ਟਕਸਾਲੀ’ ਅਤੇ ‘ਅਕਾਲੀ’ ਅਖਵਾਉਣ ਵਾਲੇ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਆਰ.ਐੱਸ.ਐੱਸ., ਭਾਜਪਾਈ ਅਤੇ ਅਖੌਤੀ ‘ਹਿੰਦੂਵਾਦ’ ਦੇ ਮੁਦੱਈ ਸੰਗਠਨ ਬਾਕੀ ਧਰਮਾਂ ਵਾਂਗ ਹੀ ਸਿੱਖ-ਪੰਥ ਦੇ ਫਲਸਫੇ ਅਤੇ ਨਿਆਰੇਪਣ ਨੂੰ ਪੱਥਰ-ਪੂਜਾ ਅਤੇ ‘ਤੇਤੀ ਕਰੋੜ’ ਦੇਵੀ-ਦੇਵਤਿਆਂ ਵਿੱਚ ਜਜ਼ਬ ਕਰ ਲੈਣ ਦੇ ਆਪਣੇ ਮਨਸੂਬੇ ਨੂੰ ਪੂਰਾ ਕਰਨ ਲਈ, ਆਪਣੇ-ਆਪ ਨੂੰ ਅਕਾਲੀ ਅਖਵਾਉਣ ਵਾਲੇ ਕੁਝ ਕੁ ਲੀਡਰਾਂ, ਆਪਣੇ ਨਾਮ ਅੱਗੇ ਸੰਤਾਂ ਦੀਆਂ ਡਿਗਰੀਆਂ ਲਾਈ ਫਿਰਦੇ ਆਰਾਮ-ਪਸੰਦ, ਐਸ਼ੋ-ਇਸ਼ਰਤ ਵਿੱਚ ਫਸੇ ਸਵਾਰਥੀ ਲੋਕਾਂ ਨੂੰ ਬਾਖੂਬੀ ਵਰਤ ਰਹੀਆਂ ਹਨ ਅਤੇ ਸਾਡੇ ਇਹ ‘ਆਗੂ’ ਆਪਣੀਆਂ ਸਿਆਸੀ ਲੋੜਾਂ ਅਤੇ ਫੋਕੇ ਸਵਾਰਥਾਂ ਦੀ ਪੂਰਤੀ ਲਈ ਕੌਮ ਨੂੰ ਢਾਹ ਲਾਉਣ ਦਾ ਕੰਮ ਪੂਰੇ ਤਨ-ਮਨ ਨਾਲ ਕਰਨ ਵਿੱਚ ਲੱਗੇ ਹੋਏ ਹਨ। ‘ਜਥੇਦਾਰ’ ਬ੍ਰਾਹਮਣੀ ਕਰਮ-ਕਾਂਡਾਂ ਵਿੱਚ ਸ਼ਮੂਲੀਅਤ ਕਰਦੇ ਹਨ, ਅਕਾਲੀ ਲੀਡਰ ਗਣੇਸ਼ ਪੂਜਾ ਵਿੱਚ ਹਾਜ਼ਰੀਆਂ ਭਰਦੇ ਹਨ, ਟਕਸਾਲੀ ਅਖਵਾਉਣ ਵਾਲੇ ਪੰਥ-ਪ੍ਰਵਾਨਿਤ ਰਹਿਤ ਮਰਿਆਦਾ ਮੰਨਣ ਤੋਂ ਇਨਕਰੀ ਹਨ, ਖੁੰਬਾਂ ਵਾਂਗ ਉੱਗ ਰਹੇ ਡੇਰਿਆਂ ਅਤੇ ਸੰਤਾਂ ਦੀ ਸਭ ਦੀ ਆਪਣੀ-ਆਪਣੀ ਮਰਿਆਦਾ ਹੈ, ਜ਼ਿਆਦਾਤਰ ਪ੍ਰਚਾਰਕ ਗਲਤ-ਮਲਤ ਕਹਾਣੀਆਂ ਜੋ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਗੁਰੂ ਸਾਹਿਬਾਨ ਨੂੰ ਵੀ ਹਿੰਦੂ-ਦੇਵਤਿਆਂ ਵਾਂਗ ਚਮਤਕਾਰੀ ਬਣਾ ਕੇ ਪੇਸ਼ ਕਰ ਰਹੇ ਹਨ, ਗੁਰਬਾਣੀ ਦੇ ਸਿਧਾਂਤ ਨੂੰ ਵਿਚਾਰ ਕੇ ਜੀਵਨ ਵਿੱਚ ਢਾਲਣ ਦੀ ਥਾਂ ਮਨੋਕਾਮਨਾਵਾਂ ਦੀ ਪੂਰਤੀ ਲਈ ‘ਤੋਤਾ-ਰਟਨ’ ਪਾਠਾਂ ਦੀ ਸਲਾਹ ਦਿੱਤੀ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਸਿੱਖਾਂ ਨੂੰ ‘ਸਿਰ ਘੁਮਾ ਕੇ ਰੱਬ ਪਾਉਣ ਦੀ ਜੁਗਤੀ ਸੁਝਾਈ ਜਾ ਰਹੀ ਹੈ...‘ਦਸਮ ਗ੍ਰੰਥ’ ਨੂੰ ਗੁਰੂ ਦਾ ਦਰਜਾ ਦੇਣ ਦੀ ਚਾਲਾਕੀ ਭਰਪੂਰ ਹਰਕਤ ਕੀਤੀ ਜਾ ਰਹੀ ਹੈ। ਹਰ ਕੋਈ ਜਾਗਦੀ ਜ਼ਮੀਰ ਵਾਲਾ ਸਿੱਖ ਇਹ ਜਾਣਦਾ ਹੈ ਕਿ ਦਸਮ ਪਿਤਾ ਨੇ ਸਮੁੱਚੀ ਕੌਮ ਨੂੰ ਸਿਰਫ਼ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰੂ ਮੰਨਣ ਦਾ ਉਪਦੇਸ਼ ਦਿੱਤਾ ਸੀ ਅਤੇ ਆਪਣੇ ਹੱਥੀਂ ਸੰਪਾਦਨਾ (ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੱਕ) ਕਰਵਾ ਕੇ,ਆਪ ਗੁਰਗੱਦੀ ‘ਤੇ ਸੁਸ਼ੋਭਿਤ ਕੀਤਾ ਸੀ ਪਰ ਫਿਰ ਵੀ ਆਪਣੇ-ਆਪ ਨੂੰ ‘ਵਿਦਵਾਨ’ ਸਿੱਧ ਕਰਨ ਲਈ ਕੁਝ ਕੁ ਲੋਕ ਬਿਪਰਵਾਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਵਾਂ ਸ਼ਰੀਕ, ਦਸਮ ਗਰੰਥ ਨੂੰ ਥਾਪਣ ਵਿੱਚ ਲੱਗੇ ਹੋਏ ਹਨ। ਭਲੀਭਾਂਤ ਇਹ ਜਾਣਦੇ ਹੋਏ ਵੀ ਕਿ ਦਸਮ ਗ੍ਰੰਥ ਨਾਂਵ ਦੀ ਇਸ ਵਿਵਾਦਿਤ ਪੁਸਤਕ ਵਿੱਚ ਅਸ਼ਲੀਲਤਾ ਪ੍ਰਧਾਨ ਹੈ ਅਤੇ ਗੁਰੂ ਸਾਹਿਬਾਨ ਦੇ ਸਿਧਾਂਤ ਤੋਂ ਉਲਟ ਰਚਨਾਵਾਂ ਇਸ ਦਸਮ ਗ੍ਰੰਥ ਵਿੱਚ ਭਰੀਆਂ ਪਈਆਂ ਹਨ, ਫਿਰ ਵੀ ਇਹਨਾਂ ਅਸ਼ਲੀਲ ਰਚਨਾਵਾਂ ਦੇ ਸਮੂਹ ਨੂੰ ‘ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਬਾਣੀ’ ਦਾ ਨਾਂਵ ਦੇ ਕੇ ਉਸ ਸਰਬੰਸਦਾਨੀ ਗੁਰੂ ਦੇ ਅਕਸ ਨੂੰ ਵਿਗਾੜਨ ਦੀ ਕੋਝੀ ਖੇਡ ਖੇਡੀ ਜਾ ਰਹੀ ਹੈ। ‘ਜਥੇਦਾਰ’, ‘ਦਸਮ ਗਰੰਥ’ ਸੰਬੰਧੀ ਗੋਸ਼ਟੀਆਂ ਉੱਪਰ ਜਾ ਕੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ‘ਪ੍ਰਵਾਨਿਤ ਬਾਣੀ’ ਹੋਣ ਦਾ ਸਰਟੀਫਿਕੇਟ ਜਾਰੀ ਕਰ ਰਹੇ ਹਨ, ਗੁਰੂ ਗੋਬਿੰਦ ਸਿੰਘ ਜੀ ਦੀ ਆਪ-ਬੀਤੀ ਹੋਣ ਦੀ ‘ਪੁਸ਼ਟੀ’ ਕਰ ਰਹੇ ਹਨ। ਹਰ ਕੋਈ ਇਹ ਗੱਲ ਸਮਝ ਸਕਦਾ ਹੈ ਕਿ ਐਸੀਆਂ ਅਸ਼ਲੀਲਤਾ ਭਰਪੂਰ ਰਚਨਾਵਾਂ ‘ਗੁਰੂ ਨਾਨਕ ਸਾਹਿਬ ਦੇ ਘਰ’ ਦੀਆਂ ਕਦੇ ਵੀ ਨਹੀਂ ਹੋ ਸਕਦੀਆਂ,ਫਿਰ ਵੀ ਪੰਥ ਵਿੱਚ ਦੁਬਿਦਾ ਪਾਉਣ ਲਈ ਸਾਡੇ ਆਪਣੇ ਹੀ ਜ਼ੋਰ ਲਗਾ ਰਹੇ ਹਨ। ਇਹਨਾਂ ਅਸ਼ਲੀਲ ਰਚਨਾਵਾਂ ਨੂੰ ‘ਬੀਰ-ਰਸ’ ਦਾ ਸੋਮਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ,ਪਰ ਸਿੱਖੋ ਸੋਚੋ ਕਿ:

ਕੀ ‘ਖਾਲਸੇ’ ਵਿੱਚ ਅਸ਼ਲੀਲ ਗੱਲਾਂ ਨਾਲ ਹੀ ਬੀਰਤਾ ਆਉਂਦੀ ਹੈ...?

ਜੇਕਰ ਦਸਮ ਗ੍ਰੰਥ ਪੜ੍ਹਨ ਨਾਲ ਹੀ ਬੀਰਤਾ ਆਉਂਦੀ ਹੈ ਤਾਂ ਫਿਰ ਗੁਰੂ ਨਾਨਕ ਸਹਿਬ, ਗਰੂ ਅਰਜਨ ਸਹਿਬ, ਗੁਰੂ ਹਰਗੋਬਿੰਦ ਸਹਿਬ ਨੇ ਦੁਸ਼ਮਣ ਅਤੇ ਜ਼ੁਲਮ ਦੇ ਖਿਲਾਫ ਅਵਾਜ਼ ਉਠਾਉਣ ਲਈ ਬੀਰਤਾ ਕਿੱਥੋਂ ਲਈ?

ਗੁਰੂ ਹਰਗੋਬਿੰਦ ਸਹਿਬ ਦੇ ਸਮੇਂ ਜੰਗਾਂ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਬੀਰਤਾ ਕਿਵੇਂ ਆਈ, ਉਸ ਵੇਲੇ ਤਾਂ ‘ਇਹਨਾਂ ਅਸ਼ਲੀਲ ਰਚਨਾਵਾਂ’ ਦੀ ਕੋਈ ਹੋਂਦ ਹੀ ਨਹੀਂ ਸੀ?

ਕੀ ਗੁਰੂ ਗੋਬਿੰਦ ਸਿੰਘ ਜੀ ਕੋਲ ਐਨਾ ਸਮਾਂ ਸੀ ਕਿ ਉਹ ਇਹਨਾਂ ਅਸ਼ਲੀਲ ਗੱਲਾਂ ਦੀ ਰਚਨਾ ਕਰ ਸਕਦੇ...?

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ‘ਇਸ ਅਸ਼ਲੀਲ ਅਤੇ ਵਿਵਾਦਿਤ ਪੁਸਤਕ’ ਦੇ ‘ਸਿਧਾਂਤ’ ਦਾ ਉਪਦੇਸ਼ ਕਿਸੇ ਸਿੱਖ ਨੂੰ ਕਿਉਂ ਨਹੀਂ ਦਿੱਤਾ?

ਗੁਰੂ ਸਹਿਬ ਦੇ ਸਮੇਂ ਦੇ ਕਿਸੇ ਗੁਰਸਿੱਖ ਦੀ ਲਿਖਤ ਵਿੱਚ ਇਸ ਪੁਸਤਕ ਦਾ ਕੋਈ ਹਵਾਲਾ ਕਿਉਂ ਨਹੀਂ ਮਿਲਦਾ?

ਦਸਮੇਸ਼ ਪਿਤਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੋਂ ਉਲਟ ਕਿਸੇ ਪੁਸਤਕ ਦੀ ਰਚਨਾ ਕਿਉਂ ਕਰਨੀ ਪਈ?

ਕੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਿਆਦਾ ਅਤੇ ਸਿਧਾਂਤ ਤੋਂ ਜਾਣੂ ਨਹੀਂ ਸਨ?

ਕੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਪੂਰਾ ਗੁਰੂ’ ਨਹੀਂ ਮੰਨਦੇ ਸਨ?

ਉਹ ਕਿਹੜੀ ਸਿੱਖਿਆ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਮਿਲਦੀ ਜਿਸ ਲਈ ਦਸਮ ਗ੍ਰੰਥ ਲਿਖਣਾ ਪਿਆ...?

ਜੇ ਦਸਮ ਗ੍ਰੰਥ ਵਿੱਚ ਦਰਜ ਗੱਲਾਂ ਸਮਾਜ ਲਈ ਜ਼ਰੂਰੀ ਸਨ ਤਾਂ ਕੀ ਫਿਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਨਾਲ ਆਪਣੀ ਬਾਣੀ ਵੀ ਦਰਜ ਨਹੀਂ ਕਰਵਾ ਸਕਦੇ ਸਨ, ਜਿਵੇਂ ਗੁਰੂ ਅਰਜਨ ਸਾਹਿਬ ਨੇ ਵੀ ਆਪਣੀ ਬਾਣੀ ਨੂੰ ਖੁਦ ਦਰਜ ਕਰਵਾਇਆ ਸੀ...?

ਸਭ ਕੁਝ ਸਮਝਦੇ ਹੋਏ ਵੀ ਕਬੂਤਰ ਵਾਂਗ ਅੱਖਾਂ ਮੀਚ ਲੈਣਾ ਬੇਵਕੂਫੀ ਅਤੇ ਨਾ-ਸਮਝੀ ਹੀ ਅਖਵਾਉਂਦੀ ਹੈ,ਇਹ ਸਭ ‘ਸਿਆਸੀ’ ਲੋੜਾਂ ਦੀ ਪੂਰਤੀ ਅਤੇ ‘ਕੁਰਸੀ ਬਣੀ ਰਹੇ’ ਵਾਲੀ ਸੋਚ ਦੇ ਧਾਰਨੀ ਲੋਕ ਆਪਣੀ ‘ਦੁਨਿਆਵੀ ਕਾਮਯਾਬੀ’ ਨੂੰ ਬਣਾਈ ਰੱਖਣ ਲਈ ਕਰ ਰਹੇ ਹਨ,ਇਹ ਸਭ ਲਾਲਚੀ ਕਿਸਮ ਦੇ ਲੋਕਾਂ ਦੀ ਪੰਥ ਲਈ ਇੱਕ ਘਾਤਕ ਚਾਲ ਹੈ ਜੋ ਕਿ ਸਿੱਖ ਕੌਮ ਨੂੰ ਬਿਪਰਵਾਦ ਦੇ ਖਾਰੇ ਸਮੁੰਦਰ ਵਿੱਚ ਰੋੜ੍ਹਨ ਲਈ ਚੱਲੀ ਜਾ ਰਹੀ ਹੈ। ਇਹਨਾਂ ਲੋਕਾਂ ਦੀ ਇਸ ਚਾਲ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਕੁਝ ਜਾਗਦੀ ਜ਼ਮੀਰ ਵਾਲੇ ਗੁਰਸਿੱਖਾਂ ਨੂੰ ਇਹ ‘ਜਥੇਦਾਰ’ ਆਪਣੀ ਪਦਵੀ ਦਾ ਗਲਤ ਇਸਤੇਮਾਲ ਕਰਕੇ ‘ਪੰਥ ਵਿੱਚੋਂ ਛੇਕ ਦਿੱਤਾ ਗਿਆ’ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਸੰਗਤ ਨੂੰ ਗੁੰਮਰਾਹ ਕਰਦੇ ਹਨ ਅਤੇ ਆਪਣੇ ਕੁਝ ਪਿੱਛਲੱਗੂ ਲੋਕਾਂ ਰਾਹੀਂ, ਸੱਚ-ਧਰਮ ਲਈ ਉੱਠੀ ਆਵਾਜ਼ ਨੂੰ ‘ਬੰਦ’ ਕਰਨ ਲਈ ਯਤਨ ਕਰਨੇ ਸ਼ੁਰੂ ਕਰ ਦਿੰਦੇ ਹਨ। ਹੋਰ ਤਾਂ ਹੋਰ ਗੁਰੂਘਰ ਉੱਪਰ ਇੱਟਾਂ-ਪੱਥਰ ਸੁੱਟਣ ਤੋਂ ਵੀ ਇਹ ਪਿੱਛਲੱਗੂ ਲੋਕ ਜ਼ਰਾ ਸੰਕੋਚ ਨਹੀਂ ਕਰਦੇ।

ਦਸਮ ਗ੍ਰੰਥ ਦੇ ਪੁਜਾਰੀ ਇਹ ਵੀ ਮੰਨਦੇ ਹਨ ਕਿ ਗੁਰੂ ‘ਇੱਕ’ ਹੈ ਪਰ ਦਸਮ ਗ੍ਰੰਥ ਨੂੰ ਗੁਰੂ ਬਣਾਉਣ ‘ਤੇ ਵੀ ਤੁਲੇ ਹੋਏ ਹਨ। ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੁੰਦਾ ਦਸਮ ਗ੍ਰੰਥ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆ ਅਤੇ ਲਿਖਿਆ ਜਾਂਦਾ ਹੁਕਮਨਾਮਾ ਕੀ ਇਹ ਸਾਬਤ ਨਹੀਂ ਕਰਦਾ ਕਿ ‘ਦੂਸਰਾ’ ਗੁਰੂ ਬਣਾਇਆ ਜਾ ਰਿਹਾ ਹੈ...? ਕੌਮ ਨੂੰ ਕੁਝ ਦਿਸ਼ਾ-ਨਿਰਦੇਸ਼ ਦੇਣ ਲਈ ‘ਰਹਿਤ ਮਰਿਆਦਾ’ ਬਣਾਈ ਗਈ, ਬੇਸ਼ੱਕ ਉਸ ਵਿੱਚ ਵੀ ਕੁਝ ਕਮੀਆਂ ਹਨ, ਉਸ ਵਿੱਚ ਵੀ ‘ਸਾਧ ਸੰਗਤ ਵਿਚ ਜੁੜਕੇ ਗੁਰਬਾਣੀ ਦਾ ਅਭਿਆਸ’ ਸਿਰਲੇਖ ਹੇਠ ‘ਭਾਗ ਹ’ ਵਿੱਚ ਸਪੱਸ਼ਟ ਲਿਖਿਆ ਹੈ: ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।

‘ਕੀਰਤਨ’ ਸਿਰਲੇਖ ਹੇਠ ‘ਭਾਗ ੳ’ ਵਿੱਚ ਸਪੱਸ਼ਟ ਹੈ ਕਿ: ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ-ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਅਵਾਜ਼ਾ ਲੈਣਾ ਜਾਂ ਸੁਣਨਾ, ਸਤਿਗੁਰੂ ਦੇ 'ਦਰਸ਼ਨ' ਹਨ। ਅਤੇ ‘ਭਾਗ ਹ’ ਵਿੱਚ ਸਪੱਸ਼ਟ ਹੈ: ਹ) 'ਹੁਕਮ' ਲੈਣ ਲੱਗਿਆ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਮੁੱਢ ਤੋਂ ਪੜਨ੍ਹਾ ਚਾਹੀਏ। ਜੇ ਉਸ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੁੰਦਾ ਹੈ ਤਾਂ ਪੱਤਰਾ ਪਰਤ ਕੇ ਪੜਨ੍ਹਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਵਾਰ ਹੋਵੇ ਤਾਂ ਪਉੜੀ ਦੇ ਸਾਰੇ ਸਲੋਕ ਤੇ ਪਉੜੀ ਪੜਨ੍ਹੀ ਚਾਹੀਏ। ਸ਼ਬਦ ਦੇ ਅੰਤ ਵਿਚ ਜਿਥੇ 'ਨਾਨਕ' ਨਾਮ ਆ ਜਾਵੇ, ਉਸ ਤੁਕ ਤੇ ਭੋਗ ਪਾਇਆ ਜਾਵੇ। ਇਸ ਵਿੱਚ ਕਿਤੇ ਵੀ ਦਸਮ ਗ੍ਰੰਥ ਦੇ ਨਾਮ ਦਾ ਜ਼ਿਕਰ ਨਹੀਂ ਫਿਰ ਹਜ਼ੂਰ ਸਾਹਿਬ ਦੀ ਨਵੀਂ ਮਰਿਆਦਾ ਕਿਉਂ...? ‘ਰਹਿਤ ਮਰਿਆਦਾ’ ਵਿੱਚ ਸ਼ਾਮਿਲ ਦਸਮ ਗ੍ਰੰਥ ਦੀਆਂ ਬਾਣੀਆਂ ‘ਤੇ ਵੀ ਭਾਵੇਂ ਕੌਮ ਇੱਕ-ਮੱਤ ਨਹੀਂ ਪਰ ਫਿਰ ਵੀ ਜਦੋਂ ਤੱਕ ਇਸ ਵਿੱਚ ਸੁਧਾਰ ਨਹੀਂ ਹੋ ਜਾਂਦਾ ਤਦ ਤੱਕ ਕੌਮ ਨੂੰ ਇੱਕ ਸੂਤਰ ਵਿੱਚ ਪਰੋਣ ਲਈ ਇਸ ‘ਤੇ ਸਹਿਮਤ ਹਾਂ। ਜਿੰਨ੍ਹੀ ਕੁ ‘ਮਾਨਤਾ’ ਦਸਮ ਗ੍ਰੰਥ ਨੂੰ ਇਹ ਮਰਿਆਦਾ ਦਿੰਦੀ ਹੈ ਉਸ ਤੋਂ ਇਲਾਵਾ ਇਸ ਨੂੰ ਰੱਦ ਕਰਨਾ ਹੀ ਜ਼ਾਇਜ ਹੈ। ਹਰ ਆਮ ਸਿੱਖ ਨੂੰ ਨਾਲ ਤੋਰਨ ਲਈ ਰਹਿਤ ਮਰਿਆਦਾ ਨੂੰ ਮੰਨਣਾ ਜ਼ਰੂਰੀ ਹੋ ਜਾਂਦਾ ਹੈ। (ਹੋ ਸਕਦਾ ਇਸ ਵਿਸ਼ੇ ‘ਤੇ ਵੱਖਰੇ ਵੀਚਾਰ ਵੀ ਹੋਣ ਪਰ ਇਹ ਲੇਖ ਦਾ ਵਿਸ਼ਾ ਨਹੀਂ।)

ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਹਜ਼ੂਰ ਸਾਹਿਬ ਵਿਖੇ ਦਸਮ ਗ੍ਰੰਥ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਤੋਂ ਥੋੜ੍ਹਾ ਹੇਠਾਂ ਕੀਤਾ ਗਿਆ ਹੈ ਪਰ ਇਸ ਸਭ ਦੀ ਜ਼ਰੂਰਤ ਕੀ...? ਭਾਈ ਗੁਰਦਾਸ ਦੀਆਂ ਵਾਰਾਂ ਨੂੰ ‘ਬਾਣੀ ਦੀ ਕੁੰਜੀ’ ਕਿਹਾ ਗਿਆ ਹੈ, ਕੀ ਕੱਲ੍ਹ ਨੂੰ ਇਸ ਪੋਥੀ ਦਾ ਪ੍ਰਕਾਸ਼ ਵੀ ਇਸ ਤਰ੍ਹਾਂ ਕਰਨਾ ਜ਼ਾਇਜ਼ ਹੈ...? ਗੁਰੂ ਗ੍ਰੰਥ ਸਾਹਿਬ ਵਾਂਗ ਸੁੱਖਆਸਣ, ਪ੍ਰਕਾਸ਼ ਅਤੇ ਹੁਕਮਨਾਮਾ ਕੀ ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣਨ ਵਾਲਾ ਕੰਮ ਨਹੀਂ...?

ਸਾਰੀ ਗੱਲ ਸਪੱਸ਼ਟ ਹੋਣ ਦੇ ਬਾਵਜੂਦ ਵੀ ਕੁਝ ਲੋਕ ਦਸਮ ਗ੍ਰੰਥ ਨੂੰ ਸਿੱਖੀ ਦੇ ਵਿਹੜੇ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਦਸਮ ਗ੍ਰੰਥ ਬਾਰੇ ਲੋਕਾਂ ਨੂੰ ਅਸਲੀਅਤ ਦੱਸਣ ਵਾਲੇ ਗੁਰਮਤਿ ਪ੍ਰਚਾਰਕਾਂ ਨੂੰ ਬਦਨਾਮ ਕਰ ‘ਪੰਥ ਵਿੱਚੋਂ ਖਾਰਜ’ ਕਰਵਾਉਣ ਦੇ ਹਰ ਹੀਲੇ ਇਹ ਤਾਕਤਾਂ ਵਰਤ ਰਹੀਆਂ ਹਨ। ਗੁਰਮਤਿ ਪ੍ਰਚਾਰਕਾਂ ਦਾ ਵਿਰੋਧ, ਝੂਠੀਆਂ ਵੀਡੀਉਜ਼ ਅਤੇ ਝੂਠੀਆਂ ਗੱਲਾਂ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਦਸਮ ਗ੍ਰੰਥ ਦੇ ਉਪਾਸ਼ਕ ‘ਚੋਂ ਕਦੇ ਕਿਸੇ ਨੇ ਮਨਮਿਤ ਦਾ ਪ੍ਰਚਾਰ ਕਰ ਰਹੇ ਅਖੌਤੀ ਸਾਧਾਂ ਤੋਂ ਕੋਈ ਸਵਾਲ ਨਹੀਂ ਪੁੱਛਿਆ, ਉਹਨਾਂ ਦੇ ਵਿਰੋਧ ਵਿੱਚ ਨਹੀਂ ਬੋਲੇ, ਕਿਉਂ...? ਕੀ ਦਸਮ ਗ੍ਰੰਥ ਨੂੰ ‘ਗੁਰਬਾਣੀ’ ਮੰਨਣ ਵਾਲੇ ਇਸ ਵਿੱਚ ਦਰਜ ਅਸ਼ਲੀਲ ਰਚਨਾਵਾਂ ਦਾ ਵਿਆਖਿਆ ਸਹਿਤ ਕੀਰਤਨ ਸਮਾਗਮ ਆਪਣੇ ਘਰ, ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਸਾਰੀਆਂ ਵਿਰੋਧੀ ਧਿਰਾਂ ਨੂੰ ਬੁਲਾ ਕੇ ਕਰਨ ਦੀ ਪਹਿਲ ਕਰਨਗੇ...?

ਹਰ ਜਾਗਦੀ ਜ਼ਮੀਰ ਵਾਲਾ ਸਿੱਖ ਇਹ ਭਲੀਭਾਂਤ ਜਾਣਦਾ ਅਤੇ ਸਮਝਦਾ ਹੈ ਕਿ ‘ਗੁਰੂ ਨਾਨਕ ਦੇ ਘਰ’ ‘ਚੋਂ ਜੋ ਵੀ ਆਵਾਜ਼ ਆਈ ਸਿਰਫ ਤੇ ਸਿਰਫ ਮਨੁੱਖਤਾ ਦੇ ਭਲੇ, ਫੋਕੇ ਕਰਮ-ਕਾਂਡਾਂ ਨੂੰ ਖਤਮ ਕਰਨ, ਅਗਿਆਨ ਦੇ ਹਨੇਰੇ ਵਿੱਚ ਭਟਕ ਰਹੇ ਲੋਕਾਂ ਦਾ ਰਾਹ ਰੁਸ਼ਨਾਉਣ ਅਤੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਹੀ ਆਈ, ਇਹ ਅਸ਼ਲੀਲ ਰਚਨਾਵਾਂ ਕਦੇ ਵੀ ਗੁਰੂ ਨਾਨਕ ਦੇ ਘਰ ਦੀ ‘ਸੋਚ’ ਨਹੀਂ ਹੋ ਸਕਦੀਆਂ। ਆਪਣੀ ਅਕਲ ਨੂੰ ਜੰਦਰੇ ਲਾ ਕੇ ਅਤੇ ਅੱਖਾਂ ਬੰਦ ਕਰਕੇ ਬਿਪਰਵਾਦ ਦੀ ਸੋਚ ਉੱਪਰ ਪਹਿਰਾ ਦੇਣ ਵਾਲੇ ਲੋਕਾਂ ਦੀ ਜਮਾਤ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਜੇ ਵੀ ਕੌਮ ਵਿੱਚ ਗੈਰਤ ਬਾਕੀ ਹੈ, ਗੁਰਸਿੱਖ ਆਪਣੇ ਗੁਰੂ ਉੱਪਰ ‘ਧੱਬਾ’ ਲਗਾਉਣ ਵਾਲੇ ਲੋਕਾਂ ਦੀ ਹਰ ਚਾਲ ਅਤੇ ਸੋਚ ਦਾ ਤਰਕ ਦੇ ਨਾਲ ਢੁਕਵਾਂ ਜਵਾਬ ਦੇਣ ਦੀ ਸਮਰੱਥਾ ਰੱਖਦੇ ਹਨ।




.