. |
|
ਜਮ
ਆਮ ਤੌਰ ’ਤੇ ਸਮਝਿਆ ਜਾਂਦਾ ਹੈ ਕਿ ਜਦੋਂ ਮਨੁੱਖ ਮਰਦਾ ਹੈ, ਇਸ ਨੂੰ ਜਮ
ਪਕੜ ਕੇ, ਕੇਸਾਂ ਤੋਂ ਫੜ ਕੇ, ਧੂਹ ਕੇ ਲੈ ਜਾਂਦੇ ਹਨ। ਇਸਲਾਮ ਦੀ ਵਿਚਾਰਧਾਰਾ ’ਚ ਇਨ੍ਹਾਂ ਜਮਾਂ
ਨੂੰ ਅਜ਼ਰਾਈਲ ਫਰੇਸ਼ਤਾ ਵੀ ਕਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਹਿਜੇ-ਸਹਿਜੇ ਖੋਜ ਕੇ ਪੜਨ ਨਾਲ
ਪਤਾ ਲਗਦਾ ਹੈ ਕਿ ਜਿਊਂਦੇ ਜੀਅ (ਇਸੇ ਜੀਵਨ ਵਿੱਚ) ਜਦੋਂ ਮਨੁੱਖ ਕਾਮ, ਕੋ੍ਰਧ, ਲੋਭ, ਮੋਹ, ਹੰਕਾਰ
ਜੈਸੇ ਅਨੇਕਾਂ ਵਿਕਾਰਾਂ ਦੇ ਵੱਸ ਪੈ ਜਾਂਦਾ ਹੈ ਤਾਂ ਮਾਨੋ ਉਹ ਆਤਮਕ/ਮਾਨਸਕ ਤੌਰ ਤੇ ‘ਜਮਾਂ’ ਦੇ
ਵੱਸ ਪੈ ਗਿਆ ਹੈ। ਸਰੀਰਕ ਮਰਨ ਮਗਰੋਂ ਜਮ ਪਕੜਨਗੇ ਕਿ ਨਹੀਂ ਲੇਕਿਨ ਇਸੇ ਸਰੀਰਕ ਜੀਵਨ ਨੂੰ
ਜਿਊਂਦਿਆਂ ਵਿਕਾਰਾਂ ਰੂਪੀ ਜਮਾਂ ਨੇ ਅੱਜ ਹੀ ਗ੍ਰਸਿਆ, ਫੜਿਆ ਤੇ ਧੂਹ ਲਿਆ ਹੈ।
ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ।।
(ਗੁਰੂ ਗ੍ਰੰਥ ਸਾਹਿਬ, ਪੰਨਾ
: 1106)
ਇਸ ਪੰਕਤੀ ਦੇ ਆਮ ਤੌਰ ’ਤੇ ਅਰਥ ਸਮਝੇ ਜਾਂਦੇ ਹਨ ਕਿ ਐ ਮਨੁੱਖ, ਜਦੋਂ ਜਮ
ਤੈਨੂੰ ਕੇਸਾਂ ਤੋਂ ਪਕੜ ਕੇ ਲੈ ਜਾਣਗੇ ਤਾਂ ਕੀ ਕਰੇਂਗਾ ? ਵਿਚਾਰਨਯੋਗ ਗੱਲ ਹੈ ਕਿ ਮਰਨ ਮਗਰੋਂ
ਤਨ, ਧਨ, ਕਪੜਾ, ਮਕਾਨ ਜੇ ਕਰ ਨਾਲ ਕੁਝ ਵੀ ਨਹੀਂ ਜਾ ਸਕਦਾ, ਸਰੀਰ ਵੀ ਇਥੇ ਹੀ ਰਹਿ ਜਾਂਦਾ ਹੈ
ਤਾਂ ਫਿਰ ਅੱਗੇ ਉਹ ਕਿਹੜੇ ਕੇਸ ਜਾਂਦੇ ਹਨ ਜਿਨ੍ਹਾਂ ਨੂੰ ਅਖੌਤੀ ਜਮ ਪਕੜ ਕੇ, ਘਸੀਟ ਕੇ ਲਿਜਾਂਦੇ
ਹਨ। ਦਰਅਸਲ ਮਰਨ ਮਗਰੋਂ ਨਹੀਂ, ਅੱਜ ਹੀ ਵਿਕਾਰ ਰੂਪੀ ਜਮ, ਕੇਸਾਂ
ਭਾਵ
ਤੇਰੀ ਮਤ ਨੂੰ ‘ਕੁਮਤ’ ਬਨਾਉਣਗੇ ਤਾਂ ਐ, ਮਨੁੱਖ ਤੂੰ ਕੀ ਕਰੇਂਗਾ।
1.
ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ।। ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ।।
ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ।।
(ਗੁਰੂ ਗ੍ਰੰਥ ਸਾਹਿਬ, ਪੰਨਾ : 69)
ਭਾਵ ਜੋ ਮਨੁੱਖ ਸਤਿਗੁਰ,
ਸੱਚ ਦਾ ਗਿਆਨ ਨਹੀਂ ਲੈਂਦੇ ਉਨ੍ਹਾਂ ਦਾ ਜੀਵਨ ਹੀ ਵਿਅਰਥ ਹੈ ਕਿਉਂਕਿ ਮਨਮਤ ਕਾਰਨ ਜਮਾਂ ਦੇ ਵਸ ਪੈ
ਜਾਂਦੇ ਹਨ, ਪਲ ਪਲ ਜੰਮਦੇ ਮਰਦੇ ਤੇ ਭਟਕਦੇ ਰਹਿੰਦੇ ਹਨ ਪਰ ਕੋਈ ਉਨ੍ਹਾਂ ਦੀ ਪੁਕਾਰ ਨਹੀਂ ਸੁਣਦਾ।
2.
ਮਾਇਆ ਮੋਹੁ ਪਰੇਤੁ ਹੈ ਕਾਮੁ ਕੋ੍ਰਧੁ ਅਹੰਕਾਰਾ।। ਏਹ ਜਮ ਕੀ ਸਿਰਕਾਰ ਹੈ ਏਨਾੑ ਊਪਰਿ ਜਮ ਕਾ ਡੰਡੁ
ਕਰਾਰਾ।।
(ਗੁਰੂ ਗ੍ਰੰਥ ਸਾਹਿਬ, ਪੰਨਾ : 513)
ਭਾਵ ਮਾਇਆ ਵਿਚ ਖਚਤ ਮਨ
ਕਾਮ, ਕੋ੍ਰਧ, ਹੰਕਾਰ, ਰੂਪੀ ਜਮਾਂ ਦੇ ਵੱਸ ਪੈ ਜਾਂਦਾ ਹੈ ਅਤੇ ਮਨੁੱਖ ਦੀ ਮਤ ਉੱਤੇ ਵਿਕਾਰਾਂ
ਰੂਪੀ ਜਮਾਂ ਦਾ ਡੰਡਾ ਪੈਂਦਾ ਰਹਿੰਦਾ ਹੈ।
ਜਮਾਂ ਬਾਰੇ ਗੁਰਬਾਣੀ ’ਚ ਐਸੇ ਅਨੇਕ ਸ਼ਬਦ ਹਨ ਜਿਨ੍ਹਾਂ ਨੂੰ ਗਹਿਰਾਈ ’ਚ
ਵਿਚਾਰਿਆਂ ਪਤਾ ਲਗਦਾ ਹੈ ਕਿ ਇਸੇ ਜੀਵਨ (ਸਰੀਰ) ’ਚ ਜਿਊਂਦੇ ਜੀਅ ਮਨੁੱਖ ਵਿਕਾਰਾਂ ’ਚ ਖੱਚਤ
ਜੀਵਨੀ ਜੇ ਕਰ ਜਿਊਂਦਾ ਹੈ ਤਾਂ ਆਤਮਕ/ਮਾਨਸਕ ਤੌਰ ਤੇ ਉਸਨੂੰ ਜਮ ਚਮੜੇ ਹੀ ਹੋਏ ਹਨ। ਇਹ ‘ਜਮ’ ਮਰਨ
ਮਗਰੋਂ ਵਾਲੇ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਵਿਕਾਰਾਂ ਨੂੰ ਹੀ ‘ਜਮ’
ਕਿਹਾ ਗਿਆ ਹੈ। ਪ੍ਰੋਢਾਵਾਦ ਦੇ ਵਿੱਲਖਣ ਢੰਗ ਨਾਲ ‘ਸਤਿਗੁਰ’ ਦ੍ਰਿੜ ਕਰਵਾਇਆ ਹੈ ਕਿ ਐ ਮਨੁੱਖ,
ਤੂੰ ਮਰਨ ਮਗਰੋਂ ਜਮਾਂ ਬਾਰੇ ਬਹੁਤ ਫਲਸਫੇ ਜਾਣਦਾ ਹੈਂ ਪਰ ਅੱਜ ਤੇਰੇ ਜੀਵਨ ਵਿਚ, ਤੇਰੇ ਜ਼ਹਿਨ,
ਸੋਚ, ਵਿਚਾਰਾਂ, ਖਿਆਲਾਂ ਅਤੇ ਫੁਰਨਿਆਂ ਵਿਚ, ਤੈਨੂੰ ਜਮ ਰੂਪੀ ਵਿਕਾਰ ਚਮੜੇ ਪਏ ਹਨ। ਗੁਰੂ ਗ੍ਰੰਥ
ਸਾਹਿਬ ਜੀ ਵਿਚੋਂ ਕੁਝ ਸ਼ਬਦਾਂ ਨੂੰ ਇਥੇ ਵਿਚਾਰ ਕੇ ਵੇਖਦੇ ਹਾਂ :-
‘‘ਮਨਮੁਖ ਮੈਲੇ ਮਰਹਿ ਗਵਾਰ।। ਗੁਰਮੁਖਿ ਨਿਰਮਲ ਹਰਿ ਰਾਖਿਆ ਉਰਿ ਧਾਰਿ।।
ਭਨਤਿ ਨਾਨਕੁ ਸੁਣਹੁ ਜਨ ਭਾਈ।। ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ।। ਅੰਦਰਿ ਸੰਸਾ ਦੂਖੁ ਵਿਆਪੈ
ਸਿਰਿ ਧੰਧਾ ਨਿਤ ਮਾਰ।। ਦੂਜੈ ਭਾਇ ਸੂਤੇ ਕਬਹੂ ਨ ਜਾਗਹਿ ਮਾਇਆ ਮੋਹ ਪਿਆਰ।। ਨਾਮੁ ਨ ਚੇਤਹਿ ਸਬਦੁ
ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ।। ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ
ਕਰੇ ਖੁਆਰ।।’’
(ਗੁਰੂ ਗ੍ਰੰਥ ਸਾਹਿਬ, ਪੰਨਾ : 852)
ਭਾਵਅਰਥ : ਜਦੋਂ ਮਨੁੱਖ
ਸਤਿਗੁਰ ਅਨੁਸਾਰ ਨਾ ਜਿਊ ਕੇ, ਪਲ ਭਰ ਦੀ ਖ਼ੁਸ਼ੀ ਲਈ ਆਪਣੇ ਮਨ ਦੀ ਮਰਜ਼ੀ ਅਨੁਸਾਰ ਜਿਊਂਦਾ ਹੈ ਉਦੋਂ
ਮਨੁੱਖ ਦਾ ਮਨ ਅਗਿਆਨਤਾ ਕਾਰਨ ਮੈਲਾ ਹੋ ਜਾਂਦਾ ਹੈ ਅਤੇ ਉਹ ਪਲ-ਪਲ ਆਤਮਕ ਮੌਤ ਮਰਦਾ ਰਹਿੰਦਾ ਹੈ।
ਸਿੱਟੇ ਵਜੋਂ ਗੰਵਾਰਾਂ ਵਾਲਾ, ਵਿਕਾਰਾਂ ਰੂਪੀ ਮਾਇਆ ਵਿਚ ਖੱਚਤ ਜੀਵਨ ਜਿਊਂਦਾ ਹੈ। ਐਸੀ ਜੀਵਨੀ
ਵਿਚ ਮਨੁੱਖ ਨੂੰ ਅੰਦਰੋਂ ਸੰਸਾ, ਡਰ ਅਤੇ ਤੌਖਲਾ ਰੂਪੀ ਦੁੱਖ ਵਿਆਪਦਾ ਹੈ ਜੋ ਕਿ ਪਲ-ਪਲ ਉਸਦੀ
ਆਤਮਕ ਮੌਤ ਦਾ ਕਾਰਨ ਬਣਦਾ ਹੈ। ਉਹ ਮਨੁੱਖ ਮਾਇਆ ਦੇ ਮੋਹ ਪਿਆਰ ਵਿਚ ਇਤਨਾ ਖੱਚਤ ਰਹਿੰਦਾ ਹੈ ਕਿ
ਸੱਚ ਵਾਸਤੇ ਜਾਗਦਾ ਹੀ ਨਹੀਂ। ਐਸੇ ਮਨਮੁਖ ਨੂੰ ਸੱਚ ਦਾ ਗਿਆਨ ਲੈਣਾ ਭਾਉਂਦਾ ਹੀ ਨਹੀਂ। ਅਗਿਆਨਤਾ
ਵੱਸ ਜੋ ਮਨਮੁਖੀ ਕਿਰਦਾਰ ਵਾਲਾ ਖੁਆਰੀ ਜੀਵਨ ਬਣਦਾ ਹੈ ਉਸ ਦੇ ਹਰੇਕ ਪਲ ਵਿਚ ਜਮ ਮਾਰ ਕਰ ਰਿਹਾ
ਹੁੰਦਾ ਹੈ ਜੋ ਕਿ ਆਤਮਕ ਤੌਰ ’ਤੇ ਗਿਰਾਵਟ ਵਾਲੀ ਜੀਵਨੀ ਦਾ ਲਖਾਇਕ ਹੈ।
ਜਿਨ੍ਹ੍ਹੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨ੍ਹ੍ਹਿ ॥ ਪੰਚ ਚੋਰ ਤਿਨਾ ਘਰੁ
ਮੁਹਨ੍ਹ੍ਹਿ ਹਉਮੈ ਅੰਦਰਿ ਸੰਨ੍ਹ੍ਹਿ ॥ ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨ੍ਹ੍ਹਿ ॥ ਜਿਨ੍ਹ੍ਹੀ
ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨ੍ਹ੍ਹਿ ॥ ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ
ਕਰੰਨ੍ਹ੍ਹਿ ॥ ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨ੍ਹ੍ਹਿ ॥ ਪਇਐ ਕਿਰਤਿ ਕਮਾਵਦੇ ਜਿਵ ਰਾਖਹਿ
ਤਿਵੈ ਰਹੰਨ੍ਹ੍ਹਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ : 854)
ਭਾਵਅਰਥ : ਜੋ ਮਨੁੱਖ
ਸੱਚੇ ਗਿਆਨ (ਸਤਿਗੁਰ) ਨੂੰ ਵਿਸਾਰ ਕੇ ਜਿਊਂਦੇ ਹਨ ਉਨ੍ਹਾਂ ਦਾ ਜੀਵਨ ਵਿਕਾਰਾਂ ਭਰੇ, ਮੈਲੇ ਮਨ
ਵਾਲਾ, ਕ੍ਰੋਧੀ, ਭੈੜੇ ਬੋਲਾਂ ਵਾਲਾ ਬਣ ਜਾਂਦਾ ਹੈ। ਉਨ੍ਹਾਂ ਦੇ ਅੰਦਰ ਪੰਜ ਚੋਰ (ਵਿਕਾਰ) ਹਉਮੈ
ਦੀ ਪਉੜੀ ਲਗਾ ਕੇ ਚੰਗੇ ਗੁਣਾਂ ਦੀ ਚੋਰੀ ਕਰਦੇ ਰਹਿੰਦੇ ਹਨ। ਦੁਰਮਤ ਕਾਰਨ ਸੱਚੇ ਗਿਆਨ ਤੋਂ ਮੁਨਕਰ
ਹੋ ਕੇ ਆਪਣੇ ਚੰਗੇ ਗੁਣ ਗਵਾਉਂਦੇ ਰਹਿੰਦੇ ਹਨ। ਸੱਚ ਦਾ ਗਿਆਨ
(divine wisdom)
ਨਾ ਹੋਣ ਕਾਰਨ, ਉਹ ਆਪਣਾ ਸਹਿਜ, ਸੰਤੋਖ, ਸ਼ੀਤਲਤਾ ਦਾ ਅੰਮ੍ਰਿਤ ਲੁਟਵਾਉਂਦੇ ਰਹਿੰਦੇ ਹਨ। ਸਿੱਟੇ
ਵਜੋਂ ਬਿਖਿਆ ਰੂਪੀ ਜ਼ਿੰਦਗੀ ਵਿਚ ਖੱਚਤ ਰਹਿੰਦੇ ਹੋਏ ਪਲ-ਪਲ ਆਤਮਕ ਮੌਤ ਮਰਦੇ ਰਹਿੰਦੇ ਹਨ। ਉਨ੍ਹਾਂ
ਮਨੁੱਖਾਂ ਨੂੰ ਸਤਿਗੁਰ ਰਾਹੀਂ ਰੱਬੀ ਗੁਣ ਲੈਣਾ ਪਸੰਦ ਨਹੀਂ ਹੁੰਦਾ।
ਨਾਨਕ ਜੀ ਆਖਦੇ ਹਨ ਕਿ ਐਸੇ ਮਨਮੁਖ (ਸਾਕਤ ਖਿਆਲਾਂ ਵਾਲੇ ਮਨੁੱਖ) ਮਾਨੋ
ਜਿਵੇਂ ਨਰਕ ਵਿਚ ਪਏ ਹੋਏ ਹਨ ਅਤੇ ਸਰੀਰਕ ਜੀਵਨ ਨੂੰ ਜਿਊਂਦਿਆਂ, ਜਮਾਂ ਰੂਪੀ ਮਾੜੇ ਖ਼ਿਆਲਾਂ ਨਾਲ
ਬੱਧੇ ਰਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਹੀ ਸਮਝੀਏ ਕਿ ਇਨ੍ਹਾਂ ਜਮਾਂ ਤੋਂ
ਅਸੀਂ ਜਿਊਂਦੇ ਜੀਅ ਕਿਵੇਂ ਛੁੱਟ ਸਕਦੇ ਹਾਂ।
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ।। ਉਨਿ ਚਾਨਣਿ ਓਹੁ ਸੋਖਿਆ
ਚੂਕਾ ਜਮ ਸਿਉ ਮੇਲੁ।। (ਗੁਰੂ
ਗ੍ਰੰਥ ਸਾਹਿਬ, ਪੰਨਾ : 358)
ਭਾਵ ਸੱਚ ਦੇ ਗਿਆਨ ਦਾ
ਚਾਨਣ ਜਦੋਂ ਮਨੁੱਖ ਨੂੰ ਹੋ ਜਾਵੇ ਤਾਂ ਮਨੁੱਖ ਦੀ ਬਿਰਤੀ ਵਿਕਾਰਾਂ ਰੂਪੀ ਜਮਾਂ ਤੋਂ ਜਿਊਂਦਿਆਂ
ਜੀਅ ਹੀ ਛੁੱਟ ਜਾਂਦੀ ਹੈ।
ਇਸੇ ਵਿਚਾਰ ਨੂੰ ਇਕ ਹੋਰ ਪੰਕਤੀ ਰਾਹੀਂ ਸਮਝਦੇ ਹਾਂ :-
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ
ਦੁਸਮਨ ਦੂਤ ਸਭਿ ਮਾਰਿ
ਕਢੀਏ।।
(ਗੁਰੂ ਗ੍ਰੰਥ ਸਾਹਿਬ, ਪੰਨਾ : 851)
ਭਾਵ : ਸਾਡੇ ਸਰੀਰ (ਕਾਇਆ
ਨਗਰੀ) ਅੰਦਰ ਸਾਡੇ ਮਨ ਦੀ ਮੈਲ ਕਾਰਨ ਵਿਕਾਰ ਰੂਪੀ ਦੁਸ਼ਮਣ ਦੂਤ (ਜਮ) ਉਤਪੰਨ ਹੁੰਦੇ ਹਨ। ਉਨ੍ਹਾਂ
ਵਿਕਾਰਾਂ (ਕਾਮ, ਕੋ੍ਰਧ, ਲੋਭ, ਮੋਹ, ਹੰਕਾਰ, ਆਸ਼ਾ, ਤ੍ਰਿਸ਼ਨਾ, ਵੈਰ ਵਿਰੋਧ, ਈਰਖਾ ਅਤੇ ਨਿੰਦਾ)
ਰੂਪੀ ਜਮਾਂ ਨੂੰ ‘ਸਤਿਗੁਰ’ (ਹਰਿ ਸੇਵੇ) ਅਨੁਸਾਰ ਅਮਲੀ ਜੀਵਨ ਜਿਊਣ ਨਾਲ ਕਾਬੂ ਕਰਨਾ ਹੀ ‘ਦੁਸਮਨ
ਦੂਤ ਸਭਿ ਮਾਰਿ ਕਢੀਏ’’ ਦਾ ਲਖਾਇਕ ਹੈ।
ਬਾਣੀ ਦੇ
ਅੰਤ੍ਰੀਵ ਭਾਵ
ਅਰਥਾਂ ਨੂੰ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਸਹਾਰਾ ਲੈਣਾ ਚਾਹੀਦਾ ਹੈ ਪਰ
ਅਫਸੋਸ ਵਾਲੀ ਗੱਲ ਹੈ ਕਿ ਅਸੀਂ ਗੁਰਮਤ ਦੇ ਸਿਧਾਂਤਾਂ ਨੂੰ ਮਿਥਹਾਸਕ, ਪੌਰਾਣਕ ਕਹਾਣੀਆਂ ਦੇ ਰਾਹੀਂ
ਪਰਖਦੇ ਰਹਿੰਦੇ ਹਾਂ।
ਜਿਵੇਂ ਕਿ ‘ਅਜਾਮਲ’ ਡਾਕੂ ਦੀ ਕਹਾਣੀ ਰਾਹੀਂ ਮੰਨਣਾ ਕਿ ਜਮ ਆ ਕੇ ਅਜਾਮਲ
ਨੂੰ ਫੜਨ ਲਗੇ ਤਾਂ ਉਸਨੇ ਪੁੱਤਰ (ਨਰਾਇਣ) ਨੂੰ ਅਵਾਜ਼ ਮਾਰੀ ਤੇ ਜਮ ਡਰ ਕੇ ਭੱਜ ਗਏ। ਜੇ ਜਮ
ਧਰਮਰਾਜ ਦੇ ਭੇਜੇ ਤਗੜੇ ਦੂਤ ਹਨ ਤਾਂ ਉਨ੍ਹਾਂ ਨੂੰ ਭੁਲੇਖਾ ਕਿਵੇਂ ਪੈ ਗਿਆ ‘‘ਕਿ ‘ਅਜਾਮਲ’ ਆਪਣੇ
ਪੁੱਤਰ ਦਾ ਨਾਮ ਨਰਾਇਣ ਨਹੀਂ ਬਲਕਿ ਰੱਬ ਦਾ ਨਾਮ ਲੈ ਰਿਹਾ ਹੈ ?’’ ਕਹਿੰਦੇ ਸੁਣੀਦਾ ਹੈ ਕਿ ਜੇ
ਸੱਚੇ ਮਨ ਨਾਲ, ਭਾਵਨਾ ਅਤੇ ਵਿਸ਼ਵਾਸ ਨਾਲ ਕੁਝ ਵੀ ਮੰਗੋ ਤਾਂ ਰੱਬ ਬਹੁੜ ਕੇ ਦਿੰਦਾ ਹੈ ਲੇਕਿਨ ਇਸ
ਮਿਥਹਾਸਕ ਕਹਾਣੀ ਵਿਚ ਸਾਫ ਕਿਹਾ ਹੈ ਕਿ ‘ਅਜਾਮਲ’ ਤਾਂ ਸੱਚੇ ਦਿਲੋਂ ਆਪਣੇ ਪੁੱਤਰ ਨਾਰਾਇਣ ਨੂੰ
ਅਵਾਜ਼ ਮਾਰਦਾ ਪਿਆ ਸੀ। ਫਿਰ ਜਮਾਂ ਨੂੰ ਕਿਵੇਂ ਭੁਲੇਖਾ ਪੈ ਗਿਆ ਕਿ ਇਹ ਰੱਬ ਦਾ ਨਾਮ ਲੈ ਰਿਹਾ ਹੈ।
ਇਹ ਅਖੌਤੀ ਜਮ ਇਤਨੇ ਕੰਨਾਂ ਦੇ ਕੱਚੇ ਹੁੰਦੇ ਹਨ ਕਿ ਪੁੱਤਰ ਦੇ ਨਾਮ ਤੋਂ ਹੀ ਡਰ ਕੇ ਨ੍ਹੱਸ ਜਾਂਦੇ
ਹਨ ? ਫਿਰ ਤਾਂ ਦੁਨੀਆ ਦਾ ਹਰੇਕ ਠੱਗ, ਚੋਰ, ਡਾਕੂ, ਮੰਦ ਕਰਮੀ ਮਨੁੱਖ, ਅਜਾਮਲ ਵਾਂਗੂੰ ਬੱਚੇ ਦਾ
ਨਾਮ ਰੱਬ ਦੇ ਕਿਸੀ ਨਾਮ ’ਚੋਂ ਰੱਖ ਲਵੇਗਾ ਪਰ ਆਪਣੇ ਜੀਵਨ ਦੀਆਂ ਮਾੜੀਆਂ ਕਰਨੀਆਂ ਵੱਲ ਉਸਦਾ ਧਿਆਨ
ਪਵੇਗਾ ਹੀ ਨਹੀਂ।
ਅਜਾਮਲ ਦੀ ਮਿਥਹਾਸਕ ਕਹਾਣੀ ਨੂੰ ਅਧਾਰ ਬਣਾਕੇ ਗੁਰੂ ਗ੍ਰੰਥ ਸਾਹਿਬ ਜੀ ਦੀ
ਬਾਣੀ ਦੇ ਅਰਥ ਕਰਨਾ ਟਪਲਾ ਖਾਣ ਦੇ ਤੁਲ ਸਿੱਧ ਹੋ ਰਿਹਾ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ
ਵਿਚੋਂ ਹੀ ਉੱਚੀ ਕਰਣੀ ਵਾਲੇ ਗੁਣ ਸਿੱਖ ਕੇ, ਇਸੇ ਜੀਵਨ ’ਚ ਜਿਊਂਦਿਆਂ ਹੀ ਜਮਾਂ ਰੂਪੀ ਵਿਕਾਰਾਂ
ਤੋਂ ਮੁਕਤ ਅਵਸਥਾ ਪ੍ਰਾਪਤ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਜਮ, ਜਮਕਾਲ, ਜਮਰਾਜ ਬਾਰੇ
ਅਨੇਕ ਸ਼ਬਦ ਹਨ। ਬੇਨਤੀ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਦੁਰਮਤ, ਮਾੜੀ ਕਰਤੂਤ, ਵਿਕਾਰਾਂ ਵਾਲੇ
ਪਖੋਂ ਸਮਝਨਾ ਹੈ ਤਾਂ ਕਿ ਅੱਜ ਹੀ ਜਿਊਂਦਿਆਂ ਜੀਅ ਜੋ ‘ਜਮ’ ਸਾਨੂੰ ਚਮੜੇ ਹਨ ਉਨ੍ਹਾਂ ਤੋਂ
ਛੁਟਕਾਰਾ ਹੋ ਸਕੇ। ਇਸੇ ਕਰਕੇ ਗੁਰਮਤ ’ਚ ਦ੍ਰਿੜਾਇਆ ਹੈ
‘‘ਤਾ ਕਉ ਕਾਲੁ ਨਾਹੀ ਜਮੁ ਜੋਹੈ
ਬੂਝਹਿ ਅੰਤਰਿ ਸਬਦੁ ਬੀਚਾਰ।।’’
(ਗੁਰੂ ਗ੍ਰੰਥ ਸਾਹਿਬ, ਪੰਨਾ : 504)
ਭਾਵ ਜੋ ਮਨੁੱਖ ਸ਼ਬਦ
ਵਿਚਾਰ ਰਾਹੀਂ, ਗੁਰਮਤ ਅਨੁਸਾਰ ਅਮਲੀ ਤੌਰ ’ਤੇ ਉੱਚੀ ਸੁਰਤ ਵਾਲੀ ਸਦਗੁਣੀ ਜੀਵਨੀ ਜਿਊਂਦੇ ਹਨ
ਉਨ੍ਹਾਂ ’ਤੇ ਵਿਕਾਰ ਰੂਪੀ ਜਮ (ਜੋਹੈ) ਅਸਰ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਰਾਹੀਂ
ਮਨੁੱਖ ਨੂੰ ਜਿਊਂਦਿਆਂ ਜੀਅ, ਜਮਾਂ ਰੂਪੀ ਵਿਕਾਰਾਂ ਤੋਂ ਛੁੱਟਣ ਦਾ ਢੰਗ ਸਮਝਾਇਆ ਹੈ ਜੋ ਕਿ ਜੀਵਨ
ਮੁਕਤ ਅਵਸਥਾ ਕਹਿਲਾਉਂਦੀ ਹੈ।
|
. |