ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਤੀਹਵੀਂ)
(ਨਵੰਬਰ 1-1984, ਕਾਨਪੁਰ-6)
“ਇਹ ਤਾਂ ਹੱਦ ਹੋ ਗਈ ਹੈ, ਜਾਪਦੈ
ਸ਼ਹਿਰ ਦਾ ਕੋਈ ਹਿੱਸਾ ਬਚਿਆ ਹੀ ਨਹੀਂ, ਜੇ ਫ਼ੌਜ ਦੀ ਹਥਿਆਰ ਬਨਾਉਣ ਵਾਲੀ ਫ਼ੈਕਟਰੀ ਅਤੇ ਰਿਹਾਇਸ਼ੀ
ਇਲਾਕਾ ਹੀ ਨਹੀਂ ਬਚਿਆ ਤਾਂ ਬਾਕੀ ਸ਼ਹਿਰ ਦਾ ਤਾਂ ਆਪੇ ਵਾਹਿਗੁਰੂ ਰਾਖਾ ਹੈ, ਕਿਉਂਕਿ ਪੁਲੀਸ ਅਤੇ
ਪ੍ਰਸ਼ਾਸਨ ਤਾਂ ਪਹਿਲਾਂ ਹੀ ਬਲਵਈਆਂ ਦੇ ਨਾਲ ਰਲਿਆ ਹੋਇਆ ਹੈ। … ਉਂਝ ਵੀ ਪਤਾ ਨਹੀਂ ਕਿਤਨੇ ਕੁ
ਟੋਲੇ ਨੇ ਜਿਹੜੇ ਇਸ ਵੇਲੇ ਸਿੱਖਾਂ ਦੀ ਕਤਲੋ-ਗਾਰਤ ਅਤੇ ਲੁੱਟਮਾਰ ਵਿੱਚ ਸਰਗਰਮ ਹੋ ਗਏ ਨੇ,
ਕਿਉਂਕਿ ਸਾਰੇ ਸ਼ਹਿਰ ਵਿੱਚ ਇਤਨਾ ਜ਼ੁਲਮ ਕੋਈ ਇੱਕ ਟੋਲਾ ਤਾਂ ਨਹੀਂ ਢਾਅ ਸਕਦਾ?” ਬਲਦੇਵ ਸਿੰਘ ਨੇ
ਵਾਪਸ ਆ ਕੇ ਬੈਠਦੇ ਹੋਏ ਕਿਹਾ।
“ਸਰਦਾਰ ਜੀ, ਸਾਰਿਆਂ ਕੋਲੋਂ ਤਾਂ ਸੁਣ ਰਹੇ ਹੋ ਕਿ ਇਹ ਸਭ ਕੁੱਝ ਕਾਂਗਰਸੀ ਆਗੂ ਆਪ ਅੱਗੇ ਲੱਗ ਕੇ
ਕਰਾ ਰਹੇ ਨੇ, ਸੋ ਸਪੱਸ਼ਟ ਹੈ ਕਿ ਹਰ ਆਗੂ ਨੇ ਆਪਣੇ ਗੁੰਡੇ ਇਕੱਠੇ ਕਰ ਕੇ ਆਪਣਾ ਟੋਲਾ ਬਣਾਇਆ
ਹੋਵੇਗਾ ਤੇ ਇਲਾਕੇ ਵੰਡ ਕੇ ਜ਼ੁਲਮ ਕਰਵਾ ਰਹੇ ਹੋਣਗੇ। ਬਾਕੀ ਗੁੰਡੇ ਅਨਸਰਾਂ ਨੂੰ ਤਾਂ ਇਹੋ ਜਿਹਾ
ਮੌਕਾ ਚਾਹੀਦੈ ਉਹ ਤਾਂ ਤਿਆਰ ਹੀ ਰਹਿੰਦੇ ਹਨ। ਉਤੋਂ ਝੁੱਗੀਆਂ ਝੌਂਪੜੀਆਂ ਵਾਲੇ ਗਰੀਬ ਲੋਕ ਵੀ
ਲਾਲਚ ਵਿੱਚ ਆ ਜਾਂਦੇ ਹਨ, ਇੱਕ ਤਾਂ ਅਨਪੜ੍ਹ ਹੋਣ ਕਾਰਨ ਵੈਸੈ ਹੀ ਸਮਝ ਥੋੜ੍ਹੀ ਹੁੰਦੀ ਹੈ, ਉਤੋਂ
ਜਦੋਂ ਉਨ੍ਹਾਂ ਨੂੰ ਮੁਫਤ ਸ਼ਰਾਬ ਪੀਣ ਨੂੰ ਮਿਲ ਜਾਵੇ ਤਾਂ ਉਨ੍ਹਾਂ ਦੀ ਰਹਿੰਦੀ ਖੁੰਹਦੀ ਮਤ ਵੀ
ਮਾਰੀ ਜਾਂਦੀ ਹੈ। ਇਹੀ ਤਾਂ ਇਨ੍ਹਾਂ ਸਿਆਸੀ ਲੋਕਾਂ ਦੀ ਅਸਲੀ ਤਾਕਤ ਹੈ”, ਗੁਰਮੀਤ ਕੌਰ ਨੇ ਵੀ
ਆਪਣੀ ਸਮਝ ਅਨੁਸਾਰ ਵਿਸਥਾਰ ਕੀਤਾ।
“ਤੁਹਾਡੀ ਇਹ ਗੱਲ ਤਾਂ ਬਿਲਕੁਲ ਠੀਕ ਹੈ ਮੀਤਾ, ਪਰ ਮੈਂ ਸਮਝਦਾ ਹਾਂ ਕਿ ਹਾਲਾਤ ਦੇ ਇਤਨਾ ਵਿਗੜਨ
ਵਿੱਚ ਹੋਰ ਵੀ ਕਈ ਚੀਜ਼ਾਂ ਨੇ ਹਿੱਸਾ ਪਾਇਐ, ਇੱਕ ਤਾਂ ਜਿਹੜੀ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ
ਸਿੱਖ ਕੌਮ ਦੇ ਖਿਲਾਫ ਨਫ਼ਰਤ ਫੈਲਾਈ ਗਈ ਹੈ, ਸਿੱਖ ਕੌਮ ਨੂੰ ਹਿੰਦੂ ਕੌਮ ਅਤੇ ਦੇਸ਼ ਵਿਰੋਧੀ
ਪ੍ਰਚਾਰਿਆ ਗਿਐ। ਦੂਸਰਾ ਬਹੁਤ ਲੋਕ ਇਸ ਮੌਕੇ ਨੂੰ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਲਈ ਵਰਤ ਰਹੇ
ਹਨ, ਉਂਝ ਤਾਂ ਸਿੱਖਾਂ ਸਾਹਮਣੇ ਕਦੇ ਉਨ੍ਹਾਂ ਦੀ ਜੁਰਅਤ ਨਹੀਂ ਸੀ ਪਈ ਪਰ ਹੁਣ ਉਨ੍ਹਾਂ ਨੂੰ ਮੌਕਾ
ਮਲ ਗਿਐ। ਇੱਕ ਤੀਸਰਾ ਹੋਰ ਬਹੁਤ ਵੱਡਾ ਕਾਰਨ ਹੈ ਕਿ ਸਿੱਖਾਂ ਨੇ ਬਾਹਰੋਂ ਆ ਕੇ ਇਥੇ ਇਤਨੀ ਤਰੱਕੀ
ਕਰ ਲਈ ਹੈ, ਕਿ ਤਕਰੀਬਨ ਹਰ ਸਿੱਖ ਪਰਿਵਾਰ ਰੱਜਿਆ ਪੁੱਜਿਐ। ਸਾਡੀਆਂ ਕਾਰਾਂ, ਕੋਠੀਆਂ ਤੇ ਕਾਰੋਬਾਰ
ਇਨ੍ਹਾਂ ਦੀਆਂ ਅੱਖਾਂ ਵਿੱਚ ਰੜਕਦੇ ਨੇ। ਇਹ ਸਮਝਦੇ ਨੇ ਕਿ ਅਸੀਂ ਇਥੇ ਆ ਕੇ ਇਨ੍ਹਾਂ ਦਾ ਹੱਕ ਮਾਰ
ਲਿਐ, ਜਦੋਂਕਿ ਸੱਚਾਈ ਤਾਂ ਇਹ ਹੈ ਕਿ ਸਿੱਖਾਂ ਨੇ ਜੋ ਕੁੱਝ ਕਮਾਇਐ, ਆਪਣੀ ਸੂਝ-ਬੂਝ, ਮਿਹਨਤ ਅਤੇ
ਇਮਾਨਦਾਰੀ ਕਾਰਨ ਕਮਾਇਐ। ਜੋ ਕੁੱਝ ਇਥੇ ਦੇ ਸਮਝਦਾਰ ਲੋਕ ਨੇ ਉਹ ਵੀ ਸਮਰੱਥ ਹੋਏ ਨੇ ਪਰ ਬਹੁਤਿਆਂ
ਦੇ ਪਛੜੇ ਹੋਣ ਦਾ ਮੂਲ ਕਾਰਨ ਉਨ੍ਹਾਂ ਦੀ ਨਾਸਮਝੀ, ਭੈੜੀਆਂ ਆਦਤਾਂ ਤੇ ਹੱਡਹਰਾਮੀ ਹੈ ਪਰ ਇਹ ਆਪਣੀ
ਸਵੈਪੜਚੋਲ ਕਰਨ ਦੀ ਬਜਾਏ ਸਾਨੂੰ ਇਸ ਦੇ ਵਾਸਤੇ ਦੋਸ਼ੀ ਸਮਝਦੇ ਨੇ ਤੇ ਈਰਖਾ ਕਰਦੇ ਨੇ। ਹੁਣ ਉਹ
ਈਰਖਾ ਵੀ ਫੁੱਟ-ਫੁੱਟ ਕੇ ਬਾਹਰ ਆ ਰਹੀ ਹੈ”, ਬਲਦੇਵ ਸਿੰਘ ਨੇ ਬੜਾ ਸੋਚ ਸੋਚ ਕੇ ਇੱਕ ਇੱਕ ਗੱਲ
ਆਖੀ ਤੇ ਥੋੜ੍ਹਾ ਰੁੱਕ ਕੇ ਕੁੱਝ ਹੈਰਾਨ ਹੁੰਦਾ ਹੋਇਆ ਬੋਲਿਆ, “. . ਪਰ ਫਿਰ ਵੀ ਹੈਰਾਨਗੀ ਹੈ ਕਿ
ਇਤਨੀ ਗਿਣਤੀ ਵਿੱਚ ਕਿ ਇਕੋ ਟਾਈਮ ਤੇ ਸਾਰੇ ਸ਼ਹਿਰ ਵਿੱਚ ਤੁਫਾਨ ਆ ਗਿਐ …?”
“ਭਾਪਾ ਜੀ! ਹੁਣ ਤੁਸੀਂ ਸ਼ਹਿਰ ਦੀ ਗੱਲ ਕਰ ਰਹੇ ਹੋ, ਥੋੜ੍ਹੀ ਦੇਰ ਪਹਿਲਾਂ ਤਾਂ ਆਪ ਕਹਿ ਰਹੇ ਸਾਓ
ਕਿ ਸਾਰੇ ਦੇਸ਼ ਵਿੱਚ ਇਹੀ ਹਾਲਾਤ ਨੇ?” ਬੱਬਲ ਜੋ ਬੜੇ ਧਿਆਨ ਨਾਲ ਸਾਰੀਆਂ ਗੱਲਾਂ ਸੁਣ ਰਹੀ ਸੀ ਨੇ
ਸੁਆਲ ਕੀਤਾ ਪਰ ਕਿਸੇ ਜੁਆਬ ਦੀ ਇੰਤਜ਼ਾਰ ਕੀਤੇ ਬਗੈਰ ਆਪਣੀ ਗੱਲ ਜਾਰੀ ਰਖਦੀ ਹੋਈ ਬੋਲੀ, “ਜਦੋਂ
ਭਾਰਤੀ ਫ਼ੌਜਾਂ ਨੇ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ `ਤੇ ਹਮਲਾ ਕੀਤਾ ਸੀ ਤਾਂ ਮਾਮਾ ਜੀ ਨੇ ਉਸ
ਨੂੰ ਬਾਬਰ ਦੀ ‘ਪਾਪ ਕੀ ਜੰਞ’ ਨਾਲ ਤੁਲਣਾ ਦਿੱਤੀ ਸੀ, ਤੁਸੀਂ ਵੀ ਕੁੱਝ ਦੇਰ ਪਹਿਲੇ ਸਾਡੇ ਅਸ਼ੋਕ
ਨਗਰ ਤੇ ਹਮਲਾਵਰ ਹੋਏ ਗੁੰਡਿਆਂ ਨੂੰ ‘ਪਾਪ ਕੀ ਜੰਞ’ ਗਰਦਾਨਿਆਂ ਸੀ, ਪਰ ਮੈਨੂੰ ਤਾਂ ਇੰਝ ਜਾਪਦੈ,
ਇਸ ਵੇਲੇ ਇਹ ਸਾਰਾ ਹਿੰਦੂਸਤਾਨ ਇੱਕ ਵੱਡੀ ‘ਪਾਪ ਕੀ ਜੰਞ’ ਦਾ ਰੂਪ ਧਾਰਨ ਕਰ ਗਿਐ ਅਤੇ ਇਹ ‘ਪਾਪ
ਕੀ ਜੰਞ’ ਛੋਟੇ ਛੋਟੇ ਟੁੱਕੜਿਆਂ ਵਿੱਚ ਵੰਡ ਕੇ ਸਾਰੇ ਦੇਸ਼ ਵਿੱਚ ਸਿੱਖਾਂ ਕੋਲੋਂ ਜ਼ੋਰੀਂ ਦਾਨ ਮੰਗ
ਰਹੀ ਹੈ।”
ਬੋਲਦਿਆਂ ਬੱਬਲ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਰੋਹ ਆ ਗਿਆ, ਚਿਹਰਾ ਲਾਲ ਹੋ ਗਿਆ ਅਤੇ ਅੱਖਾਂ
ਜਿਵੇਂ ਅੱਗ ਵਰਸਾ ਰਹੀਆਂ ਸਨ। ਸ਼ਾਇਦ ਇਸੇ ਜੋਸ਼ ਵਿੱਚ ਉਨ੍ਹਾਂ ਵਿੱਚ ਪਾਣੀ ਛਲਕ ਆਇਆ। ਬਲਦੇਵ ਸਿੰਘ
ਨੇ ਬੜੇ ਲਾਡ ਨਾਲ ਧੀ ਵੱਲ ਵੇਖਿਆ, ਉਸ ਨੂੰ ਬੇਟੀ ਤੇ ਬਹੁਤ ਪਿਆਰ ਉਮੱੜ ਆਇਆ ਤੇ ਉਠ ਕੇ ਉਸ ਨੂੰ
ਗਲੇ ਨਾਲ ਲਾ ਲਿਆ, ਮੱਥਾ ਚੁੰਮ ਕੇ ਪਿਆਰ ਦੇਂਦੇ ਹੋਏ ਬੋਲਿਆ, “ਬਿਲਕੁਲ ਠੀਕ ਕਹਿ ਰਹੀ ਹੈਂ ਬੇਟਾ।
ਜਦੋਂ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਸੀ ਤਾਂ ਉਸਦੇ ਅਥਾਹ ਜ਼ੁਲਮ ਦੇ ਚਲਦੇ, ਹਿੰਦੂਸਤਾਨੀਆਂ ਦੇ
ਦਰਦ ਨੂੰ ਮਹਿਸੂਸ ਕਰਦੇ ਹੋਏ, ਕੇਵਲ ਗੁਰੂ ਨਾਨਕ ਸਾਹਿਬ ਨੇ ਹੀ ਹਾਅ ਦਾ ਨਾਹਰਾ ਮਾਰਿਆ ਸੀ ਤੇ
ਬਾਬਰ ਨੂੰ ਵੰਗਾਰ ਪਾਈ ਸੀ, ‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ
ਸੈਤਾਨੁ ਵੇ ਲਾਲੋ॥’
ਅੱਜ ਉਸੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਾਸਤੇ ਇਹ ਸਾਰਾ ਹਿੰਦੂਸਤਾਨ ‘ਪਾਪ ਕੀ ਜੰਞ’ ਬਣ
ਖੜੋਤੈ।”
ਇਤਨਾ ਕਹਿ ਕੇ, ਬਲਦੇਵ ਸਿੰਘ ਬੱਬਲ ਦੇ ਕੋਲ ਹੀ ਬੈਠ ਗਿਆ ਤੇ ਉਸ ਦੀ ਪਿੱਠ ਤੇ ਥਾਪੜਾ ਦੇ ਕੇ ਫੇਰ
ਪਿਆਰ ਦਿੱਤਾ। ਬੱਬਲ ਨੇ ਕੋਈ ਜੁਆਬ ਨਹੀਂ ਦਿੱਤਾ ਪਰ ਉਸ ਦੇ ਚਿਹਰੇ ਤੇ ਰੋਹ ਉਸੇ ਤਰ੍ਹਾਂ ਬਰਕਰਾਰ
ਸੀ। ਸ਼ਾਇਦ ਬੱਬਲ ਦੀ ਹਾਲਤ ਵੇਖ ਕੇ ਉਸ ਤੋਂ ਬਾਅਦ ਥੋੜ੍ਹੀ ਦੇਰ ਲਈ ਚੁੱਪ ਛਾ ਗਈ।
ਕੁਝ ਸਮੇਂ ਬਾਅਦ ਉਹ ਚੁੱਪ ਬਲਦੇਵ ਸਿੰਘ ਨੇ ਹੀ ਤੋੜੀ, “ਮੀਤਾ! ਅੱਜ ਦੁਪਹਿਰੇ ਵੀ ਤੁਸੀਂ ਖਾਣਾ
ਨਹੀਂ ਬਣਾਇਆ, ਇੰਝ ਜਿਉਂਦੇ ਜੀ ਖਾਣਾ ਬੰਦ ਕਰ ਦੇਣਾ ਤਾਂ ਜਿਉਂਦੇ ਹੀ ਜ਼ਿੰਦਗੀ ਕੋਲੋਂ ਹਾਰ ਮੰਨ
ਲੈਣ ਵਾਂਗ ਹੈ।”
“ਸਰਦਾਰ ਜੀ, ਦਿਨ ਚੜ੍ਹਦੇ ਤੋਂ ਹੀ ਖ਼ਬਰਾਂ ਇਤਨੀਆਂ ਦੁੱਖਦਾਈ ਆ ਰਹੀਆਂ ਸਨ ਕਿ ਉਧਰ ਤਾਂ ਧਿਆਨ ਹੀ
ਨਹੀਂ ਗਿਆ। … ਨਾਲੇ ਮੇਰਾ ਤਾਂ ਸਾਰਾ ਧਿਆਨ ਹਰਮੀਤ ਵੱਲ ਹੀ ਲੱਗਾ ਹੋਇਆ ਸੀ”, ਗੁਰਮੀਤ ਕੌਰ ਨੇ
ਕੁੱਝ ਰੁੱਕ ਰੁੱਕ ਕੇ ਕਿਹਾ। ਇਹ ਕਹਿੰਦਿਆਂ ਉਸ ਦੇ ਚਿਹਰੇ ਤੇ ਹੋਰ ਦੁੱਖ ਉਭਰ ਆਇਆ ਤੇ ਫੇਰ ਉਠਦੀ
ਹੋਈ ਬੋਲੀ, “ਹੁਣੇ ਬਣਾਉਂਦੀ ਹਾਂ।” ਇਹ ਕਹਿ ਕੇ ਉਹ ਰਸੋਈ ਵੱਲ ਚਲੀ ਗਈ ਤੇ ਮਗਰ ਹੀ ਬੱਬਲ ਵੀ ਚਲੀ
ਗਈ।
ਬਲਦੇਵ ਸਿੰਘ ਉਠ ਕੇ ਬਾਥਰੂਮ ਗਿਆ ਤੇ ਵਾਪਸ ਆ ਕੇ ਉਪਰ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਜਾ ਕੇ
ਪਾਠ ਕਰਨ ਲੱਗਾ। ਪਹਿਲਾਂ ਤਾਂ ਪਾਠ ਕਰਦਿਆਂ ਵੀ ਉਸ ਦਾ ਧਿਆਨ ਬਾਹਰ ਦੀਆਂ ਅਵਾਜ਼ਾਂ ਵੱਲ ਲਗਾ ਹੋਇਆ
ਸੀ, ਫੇਰ ਜਿਵੇਂ ਜਿਵੇਂ ਧਿਆਨ ਗੁਰਬਾਣੀ ਵਿਚਾਰਨ ਵਿੱਚ ਖੁਬ੍ਹਦਾ ਗਿਆ, ਉਹ ਕਾਫੀ ਹੱਦ ਤੱਕ ਟਿੱਕ
ਗਿਆ।
ਤਕਰੀਬਨ ਡੇਢ ਘੰਟੇ ਬਾਅਦ ਜਦੋਂ ਬਲਦੇਵ ਸਿੰਘ ਵਾਪਸ ਆਇਆ ਤਾਂ ਗੁਰਮੀਤ ਕੌਰ ਅਤੇ ਬੱਬਲ ਬੈਠਕ ਵਿੱਚ
ਹੀ ਬੈਠੀਆਂ ਸਨ। ਉਨ੍ਹਾਂ ਦੇ ਸਾਹਮਣੇ ਮੇਜ਼ ਤੇ ਗੁੱਟਕੇ ਪਏ ਸਨ ਜਿਸ ਤੋਂ ਬਲਦੇਵ ਸਿੰਘ ਨੇ ਅੰਦਾਜ਼ਾ
ਲਾਇਆ ਕਿ ਸ਼ਾਇਦ ਉਹ ਵੀ ‘ਸੋ ਦਰੁ’ ਦਾ ਪਾਠ ਕਰ ਕੇ ਹਟੀਆਂ ਸਨ।
ਪਿਤਾ ਨੂੰ ਵੇਖਦੇ ਹੀ ਬੱਬਲ ਉੱਠੀ, ਤੇ ਗੁੱਟਕੇ ਚੁੱਕ ਕੇ ਅੰਦਰ ਚਲੀ ਗਈ।
“ਦੁਪਹਿਰ ਵੀ ਰੋਟੀ ਨਹੀਂ ਖਾਧੀ ਹੋਈ, ਕਹੋ ਤਾਂ ਲਗਾ ਦਿਆਂ ਹੁਣ ਸਮੇਂ ਨਾਲ ਖਾ ਲਈਏ”, ਪਤੀ ਨੂੰ
ਬੈਠਦੇ ਵੇਖ ਕੇ ਗੁਰਮੀਤ ਕੌਰ ਨੇ ਪੁੱਛਿਆ।
“ਹਾਂ ਮੀਤਾ! ਇਹੀ ਠੀਕ ਰਹੇਗਾ, ਲਗਾ ਲਓ”, ਬਲਦੇਵ ਸਿੰਘ ਨੇ ਸਹਿਜੇ ਜੁਆਬ ਦਿੱਤਾ। ਇਤਨੇ ਨੂੰ ਬੱਬਲ
ਪਿਤਾ ਵਾਸਤੇ ਪਾਣੀ ਲੈਕੇ ਵਾਪਸ ਆ ਗਈ। ਉਸ ਨੇ ਮਾਤਾ ਪਿਤਾ ਦੀ ਗੱਲ ਸੁਣ ਲਈ ਸੀ, ਗੁਰਮੀਤ ਕੌਰ ਉਠਣ
ਲੱਗੀ ਤਾਂ ਕੋਲੋਂ ਬੱਬਲ ਬੋਲੀ, “ਤੁਸੀਂ ਬੈਠੋ ਮਾਮਾ, ਮੈਂ ਲਗਾਂਦੀ ਹਾਂ।” ਇਤਨਾ ਕਹਿ ਕੇ ਉਹ ਰਸੋਈ
ਵੱਲ ਤੁਰ ਗਈ ਤੇ ਬਲਦੇਵ ਸਿੰਘ ਟੀ. ਵੀ. ਲਾਉਣ ਲੱਗ ਪਿਆ।
“ਛੱਡੋ ਸਰਦਾਰ ਜੀ! ਕੀ ਵੇਖਣਾ ਜੇ ਇਸ ਵਿੱਚ? ਉਹੋ ਦੁਸ਼ਟਣੀ ਦੀ ਲਾਸ਼ ਵਿਖਾ ਰਹੇ ਨੇ ਤੇ ਨਾਲ ਉਹੋ
ਨਾਹਰੇ ਬਾਜੀ, ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਵਗੈਰਾ. .”, ਗੁਰਮੀਤ ਕੌਰ ਨੇ ਪਤੀ ਨੂੰ ਵਿੱਚੋਂ
ਹੀ ਟੋਕਦੇ ਹੋਏ ਕਿਹਾ।
ਬਲਦੇਵ ਸਿੰਘ ਸਮਝ ਗਿਆ ਕਿ ਉਸ ਦੇ ਆਉਣ ਤੋਂ ਪਹਿਲਾਂ ਉਹ ਟੀ. ਵੀ. ਵੇਖ ਬੈਠੀ ਸੀ। ਉਸ ਨੇ ਟੀ. ਵੀ.
ਬੰਦ ਕਰ ਦਿੱਤਾ ਤੇ ਵਾਪਸ ਬੈਠਦਾ ਹੋਇਆ ਬੋਲਿਆ, “ਹਾਂ ਮੀਤਾ! ਜੇ ਇਹ ਟੀ. ਵੀ. ਰਾਹੀਂ ਬਲਦੀ ਅੱਗ
ਉਤੇ ਤੇਲ ਨਾ ਪਾ ਰਹੇ ਹੁੰਦੇ ਤਾਂ ਸ਼ਾਇਦ ਹੁਣ ਤੱਕ ਕੁੱਝ ਸ਼ਾਂਤੀ ਹੋ ਜਾਂਦੀ, ਚੌਵੀ ਘੰਟੇ ਤੋਂ ਉਤੇ
ਤਾਂ ਹੋ ਗਏ ਨੇ ਜ਼ੁਲਮ ਦਾ ਤੁਫਾਨ ਝੁਲਦਿਆਂ …।”
“ਸਰਦਾਰ ਜੀ, ਅੱਗ ਬਾਲੀ ਵੀ ਇਨ੍ਹਾਂ ਹੈ ਤੇ ਤੇਲ ਵੀ ਇਹੀ ਪਾ ਰਹੇ ਨੇ, ਸਪੱਸ਼ਟ ਹੈ ਕਿ ਇਹ ਇਸ ਅੱਗ
ਨੂੰ ਅਜੇ ਹੋਰ ਭਬਕਾਉਣਾ ਚਾਹੁੰਦੇ ਨੇ। ਜੇ ਇਨ੍ਹਾਂ ਦੇ ਮਨ ਵਿੱਚ ਪਾਪ ਨਾ ਹੁੰਦਾ ਤਾਂ ਇਹ ਹਾਲਾਤ
ਹੀ ਕਿਉਂ ਬਣਦੇ?” ਗੁਰਮੀਤ ਕੌਰ ਨੇ ਉਸੇ ਤਰ੍ਹਾਂ ਦੁੱਖ ਨਾਲ ਜੁਆਬ ਦਿੱਤਾ।
ਕਿਸੇ ਦੇ ਵੀ ਹੋਰ ਕੁੱਝ ਬੋਲਣ ਤੋਂ ਪਹਿਲਾਂ ਬੱਬਲ ਦੀ ਅਵਾਜ਼ ਆਈ, “ਆ ਜਾਓ, ਖਾਣਾ ਲੱਗ ਗਿਆ”, ਤੇ
ਉਹ ਦੋਵੇਂ ਉਠ ਕੇ ਖਾਣੇ ਦੇ ਮੇਜ ਵੱਲ ਤੁਰ ਗਏ।
“ਮੀਤਾ! ਜਿਸ ਵੇਲੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਵਿੱਚ ਸੀ, ਕੋਈ ਟੈਲੀਫੋਨ ਤਾਂ ਨਹੀਂ ਆਇਆ?”
ਬਲਦੇਵ ਸਿੰਘ ਨੂੰ ਖਾਣਾ ਖਾਂਦੇ ਜਿਵੇਂ ਵਿੱਚੋਂ ਧਿਆਨ ਆਇਆ।
“ਨਹੀਂ, ਟੈਲੀਫੋਨ ਤੇ ਕੋਈ ਨਹੀਂ ਆਇਆ। ਕਿਉਂ? ਕਿਸ ਦਾ ਆਉਣਾ ਸੀ?” ਗੁਰਮੀਤ ਕੌਰ ਨੇ ਜੁਆਬ ਦੇ ਕੇ
ਹੈਰਾਨ ਹੁੰਦੇ ਹੋਏ ਨਾਲ ਹੀ ਸੁਆਲ ਕਰ ਦਿੱਤਾ।
“ਨਹੀਂ ਕੋਈ ਵਿਸ਼ੇਸ਼ ਤਾਂ ਨਹੀਂ, ਮੈਂ ਸੋਚ ਰਿਹਾ ਸੀ, ਸ਼ਾਇਦ ਹੁਣ ਸ਼ਹਿਰ ਵਿੱਚ ਕੁੱਝ ਸ਼ਾਂਤੀ ਹੋ ਗਈ
ਏ, ਕਾਫੀ ਦੇਰ ਤੋਂ ਕੋਈ ਮੰਦਭਾਗੀ ਖ਼ਬਰ ਨਹੀਂ ਆਈ”, ਬਲਦੇਵ ਸਿੰਘ ਨੇ ਆਪਣਾ ਖਿਆਲ ਜ਼ਾਹਰ ਕੀਤਾ।
“ਇੰਝ ਤਾਂ ਪਤਾ ਨਹੀਂ, … ਪਰ ਬਾਹਰੋਂ ਤਾਂ ਹੁਣ ਵੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਂਝੇ ਅਵਾਜ਼ਾਂ ਆ
ਰਹੀਆਂ ਨੇ”, ਗੁਰਮੀਤ ਕੌਰ ਨੇ ਆਪਣਾ ਸ਼ੰਕਾ ਦੱਸਿਆ।
“ਪਰ ਭਾਪਾ ਜੀ, … ਜੇ ਕੋਈ ‘ਪਾਪ ਕੀ ਜੰਝ’ ਸਾਡੇ ਵੱਲ ਵੀ ਚੜ੍ਹ ਹੀ ਆਵੇ ਤਾਂ ਅਸੀਂ ਅੱਗੋਂ ਕੀ
ਕਰਨੈ, … ਇਹ ਤਾਂ ਵਿਚਾਰਿਆ ਹੀ ਨਹੀਂ”, ਬੱਬਲ ਨੇ ਗੱਲ ਨੂੰ ਮੋੜ ਦੇਂਦੇ ਹੋਏ ਕਿਹਾ।
“ਬੇਟਾ! ਇਹ ਤਾਂ ਸਵੇਰੇ ਹੀ ਸਪੱਸ਼ਟ ਸੀ, ਜਿਸ ਵੇਲੇ ਕ੍ਰਿਪਾਨਾਂ ਕੱਢ ਕੇ ਤਿਆਰ ਕੀਤੀਆਂ ਸਨ, ਹੋਰ
ਵਿਚਾਰਨ ਵਾਲੀ ਗੱਲ ਕਿਹੜੀ ਹੈ? … ਬੱਸ, ਜੇ ਕੋਈ ਪਰਖ ਦੀ ਘੜੀ ਆ ਹੀ ਗਈ ਤਾਂ ਸਤਿਗੁਰੂ ਦਾ ਨਾਂ ਲੈ
ਕੇ, ਜੈਕਾਰਾ ਛੱਡ ਕੇ, ਇੰਝ ਬਿਜਲੀ ਵਾਂਗੂ ਟੁੱਟ ਕੇ ਪਈਏ ਕਿ ਉਨ੍ਹਾਂ ਨੂੰ ਸਿੰਘਾਂ ਦੇ ਕਰਾਰੇ
ਵਾਰਾਂ ਦਾ ਸੁਆਦ ਆ ਜਾਵੇ”, ਬਲਦੇਵ ਸਿੰਘ ਨੇ ਪੂਰੇ ਜੋਸ਼ ਨਾਲ ਕਿਹਾ।
“ਬਿਲਕੁਲ ਠੀਕ ਹੈ”, ਕਹਿੰਦਿਆਂ ਬੱਬਲ ਨੂੰ ਜਿਵੇਂ ਕੋਈ ਚਾਅ ਚੜ੍ਹ ਆਇਆ ਤੇ ਉਸ ਦੇ ਚਿਹਰੇ ਤੇ ਜਲਾਲ
ਜਿਹਾ ਆ ਗਿਆ।
“ਹਾਂ ਸਰਦਾਰ ਜੀ! ਜੇ ਕਿਸੇ ਇਧਰ ਮੂੰਹ ਕੀਤਾ ਤਾਂ ਸਿੰਘਾਂ ਵਾਲੇ ਹੱਥ ਤਾਂ ਉਨ੍ਹਾਂ ਨੂੰ ਵਿਖਾਉਣੇ
ਹੀ ਪੈਣਗੇ, ਬਾਅਦ ਵਿੱਚ ਜੋ ਹੋਵੇਗਾ ਵੇਖਿਆ ਜਾਵੇਗਾ।”, ਕੋਲੋਂ ਗੁਰਮੀਤ ਕੌਰ ਨੇ ਵੀ ਪੂਰਾ ਜੋਸ਼
ਵਿਖਾਇਆ ਤੇ ਫੇਰ ਉਠ ਕੇ ਭਾਂਡੇ ਸਾਂਭਣੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਬੱਬਲ ਵੀ ਉਸ ਦਾ ਹੱਥ
ਵੰਡਾਉਣ ਲੱਗ ਪਈ।
ਗੁਰਮੀਤ ਕੌਰ ਦੇ ਬੋਲਾਂ ਨੇ ਬਲਦੇਵ ਸਿੰਘ ਨੂੰ ਇੱਕ ਅਜੀਬ ਜਿਹੀ ਤਸੱਲੀ ਦਿੱਤੀ, ਜੋ ਉਸ ਦੇ ਚਿਹਰੇ
ਤੇ ਸਾਫ ਝਲਕ ਪਈ ਕਿਉਂਕਿ ਸਵੇਰ ਤੋਂ ਉਹ ਜਿਵੇਂ ਢਹਿੰਦੀਆਂ ਕਲਾ ਵਾਲੀਆਂ ਗੱਲਾਂ ਕਰ ਰਹੀ ਸੀ
ੳਨ੍ਹਾਂ ਨੇ, ਉਸ ਨੂੰ ਵਧੇਰੇ ਚਿੰਤਾ ਵਿੱਚ ਪਾਇਆ ਹੋਇਆ ਸੀ।
ਬਲਦੇਵ ਸਿੰਘ ਬਾਥਰੂਮ ਚੋਂ ਬਾਹਰ ਨਿਕਲਿਆ ਤੇ ਸਿੱਧਾ ਟੈਲੀਫੋਨ ਵੱਲ ਗਿਆ, ਕਿਧਰੇ ਮਿਲਾਉਣ ਵਾਸਤੇ
ਉਂਗਲ ਘੁੰਮਾਈ ਤੇ ਟੈਲੀਫੋਨ ਕੰਨ ਨੂੰ ਲਾਇਆ। ਕੰਨ ਨੂੰ ਲਾਉਂਦੇ ਹੀ ਉਸ ਦਾ ਹੱਥ ਉਥੇ ਹੀ ਰੁੱਕ ਗਿਆ
ਤੇ ਉਸ ਨੇ ਟੈਲੀਫੋਨ ਵਾਪਸ ਪਟੱਕ ਦਿੱਤਾ।
“ਕਿਸ ਨੂੰ ਮਿਲਾ ਰਹੇ ਸਾਓ?” ਰਸੋਈ ਚੋਂ ਬਾਹਰ ਆਉਂਦੀ ਗੁਰਮੀਤ ਨੇ ਪੁੱਛਿਆ।
“ਕਿਸ ਨੂੰ ਮਿਲਾਉਣੈ ਮੀਤਾ? ਟੈਲੀਫੋਨ ਤਾਂ ਖ਼ਰਾਬ ਪਿਐ” ਬਲਦੇਵ ਸਿੰਘ ਨੇ ਨਿਰਾਸਤਾ ਵਿੱਚ ਜੁਆਬ
ਦਿੱਤਾ ਤੇ ਫੇਰ ਆਪਣੇ ਆਪ ਵਿੱਚ ਝੂਰਿਆ, “ਤਾਂ ਹੀ ਮੈਂ ਆਖਾਂ ਇਤਨੀ ਦੇਰ ਤੋਂ ਕੋਈ ਦੁੱਖਦਾਈ ਖ਼ਬਰ
ਨਹੀਂ ਆਈ।”
“ਪਰ ਤੁਸੀਂ ਕਰਨਾ ਕਿਸ ਨੂੰ ਚਾਹੁੰਦੇ ਸੀ?” ਗੁਰਮੀਤ ਨੇ ਜਗਿਆਸਾ ਜ਼ਾਹਰ ਕੀਤੀ।
“ਇਕ ਤਾਂ ਮੇਰਾ ਧਿਆਨ ਸ੍ਰ. ਸੁਖਦੇਵ ਸਿੰਘ ਹੋਰਾਂ ਵੱਲ ਲੱਗਾ ਹੋਇਐ, ਦੁਪਹਿਰ ਕੁ ਵੇਲੇ ਜਦੋਂ ਗੱਲ
ਹੋਈ ਸੀ, ਸੁਖਦੇਵ ਸਿੰਘ ਤੇ ਉਸ ਦਾ ਪਰਿਵਾਰ ਕਿਸੇ ਦੇ ਘਰ ਲੁਕਿਆ ਹੋਇਆ ਸੀ, ਪਰ ਉਸ ਦੀ ਪਤਨੀ ਘਰ
ਦੇ ਅੰਦਰ ਘਿਰੀ ਹੋਈ ਸੀ ਤੇ ਦੁਸ਼ਟਾਂ ਨੇ ਉਨ੍ਹਾਂ ਦੇ ਮੁਹੱਲੇ ਤੇ ਹੀ ਜ਼ੁਲਮ ਢਾਉਣਾ ਸ਼ੁਰੂ ਕੀਤਾ
ਹੋਇਆ ਸੀ, … ਦੂਸਰਾ ਸੋਚਦਾ ਸਾਂ ਇੱਕ ਵਾਰੀ ਚੌਧਰੀ ਸਾਬ੍ਹ ਨਾਲ ਗੱਲ ਕਰਨ ਦੀ ਕੋਸ਼ਿਸ਼ ਫੇਰ ਕਰਦਾ.
.”, ਬਲਦੇਵ ਸਿੰਘ ਦੇ ਬੋਲਾਂ ਚ ਚਿੰਤਾ ਫੇਰ ਝਲਕ ਪਈ।
“ਤੁਹਾਨੂੰ ਅਜੇ ਵੀ ਚੌਧਰੀ ਭਾਈ ਸਾਬ੍ਹ ਕੋਲੋਂ ਕੋਈ ਆਸ ਹੈ? ਜੇ ਉਨ੍ਹਾਂ ਅੰਦਰ ਕੁੱਝ ਵੀ ਇਮਾਨਦਾਰੀ
ਹੁੰਦੀ ਤਾਂ ਇਸ ਹਾਲਾਤ ਵਿੱਚ ਤੁਹਾਨੂੰ ਇਤਨੇ ਟੈਲੀਫੋਨ ਕਰਨ ਦੀ ਲੋੜ ਨਾ ਪੈਂਦੀ, ਸਗੋਂ ਉਹ ਆਪ
ਦੌੜੇ ਆਉਂਦੇ”, ਗੁਰਮੀਤ ਕੌਰ ਨੇ ਹੈਰਾਨਗੀ ਜ਼ਾਹਰ ਕਰਦੇ ਹੋਏ ਕਿਹਾ।
“ਨਹੀਂ ਮੀਤਾ, ਮੈਨੂੰ ਕੋਈ ਭੁਲੇਖਾ ਬਾਕੀ ਨਹੀਂ ਰਿਹਾ, ਪਰ ਫੇਰ ਵੀ ਮੈਂ ਸੋਚਦਾ ਸਾਂ ਜੇ ਇੱਕ ਵਾਰੀ
ਗੱਲ ਹੋ ਜਾਂਦੀ ਤਾਂ ਮੈਂ ਉਨ੍ਹਾਂ ਨੂੰ ਕੁੱਝ ਸ਼ਰਮਿੰਦਾ ਤਾਂ ਕਰਦਾ, … ਸ਼ਾਇਦ ਉਨ੍ਹਾਂ ਅੰਦਰੋਂ ਕੋਈ
ਮਾੜੀ-ਮੋਟੀ ਬਚੀ ਹੋਈ ਇਨਸਾਨੀਅਤ ਜਾਗ ਪਵੇ। … ਮੈਂ ਤਾਂ ਬਸ ਇਹੀ ਚਾਹੁੰਦਾ ਹਾਂ ਕਿ ਕਿਸੇ ਤਰ੍ਹਾਂ
ਇਹ ਜ਼ੁਲਮ ਦੇ ਹਨੇਰੀ ਰੁੱਕ ਜਾਵੇ, … ਮੈਨੂੰ ਆਪਣੇ ਨਾਲੋਂ ਜ਼ਿਆਦਾ ਚਿੰਤਾ ਤਾਂ ਉਸ ਜ਼ੁਲਮ ਦੀ ਹੈ ਜੋ
ਸਾਰੇ ਸ਼ਹਿਰ ਦੇ ਸਿੱਖਾਂ ਤੇ ਝੁਲ ਰਿਹੈ”, ਬਲਦੇਵ ਸਿੰਘ ਦੇ ਹਰ ਬੋਲ ਚੋਂ ਅਥਾਹ ਦੁੱਖ ਅਤੇ ਪੀੜਾ
ਝਲਕ ਰਹੀ ਸੀ।
ਗੁਰਮੀਤ ਕੌਰ ਫੇਰ ਕੁੱਝ ਕਹਿਣ ਲੱਗੀ ਪਰ ਪਤੀ ਦੀ ਹਾਲਤ ਵੇਖ ਕੇ ਰੁੱਕ ਗਈ। ਇਤਨੇ ਨੂੰ ਬਾਹਰੋਂ
ਦਰਵਾਜ਼ੇ ਦੀ ਘੰਟੀ ਵੱਜੀ ਤੇ ਨਾਲ ਦਰਵਾਜ਼ਾ ਖੜਕਿਆ।
ਬੱਬਲ ਅੰਦਰ ਦੌੜੀ ਗਈ ਤੇ ਕ੍ਰਿਪਾਨਾਂ ਚੁੱਕ ਲਿਅਈ। ਇੱਕ ਮਾਂ ਨੂੰ ਫੜਾ ਦਿੱਤੀ ਤੇ ਦੋ ਆਪਣੇ ਹੱਥਾਂ
ਵਿੱਚ ਫੜ ਲਈਆਂ। ਬਲਦੇਵ ਸਿੰਘ ਨੇ ਆਹਟ ਲੈਣ ਲਈ ਕੰਨ ਉਧਰ ਲਾ ਦਿੱਤੇ ਪਰ ਕੋਈ ਰੌਲੇ ਦੀ ਅਵਾਜ਼
ਸੁਣਾਈ ਨਹੀਂ ਦਿੱਤੀ। ਉਸ ਨੇ ਦਰਵਾਜ਼ੇ ਦੇ ਨੇੜੇ ਜਾ ਕੇ ਪੁੱਛਿਆ, “ਕੌਣ?”
“ਮੈਂ ਹਾਂ ਸਰਦਾਰ ਜੀ, ਗੋਪਾਲ … ਮੁਨੀਮ”, ਉਧਰੋਂ ਅਵਾਜ਼ ਆਈ।
ਬਲਦੇਵ ਸਿੰਘ ਨੇ ਵੀ ਅਵਾਜ਼ ਪਹਿਚਾਣ ਲਈ ਸੀ, ਉਸ ਨੇ ਬੱਬਲ ਨੂੰ ਹੱਥ ਨਾਲ ਇਸ਼ਾਰਾ ਕੀਤਾ ਕਿ ਉਹ
ਕ੍ਰਿਪਾਨਾਂ ਅੰਦਰ ਲੈ ਜਾਵੇ ਤੇ ਆਪ ਦਰਵਾਜ਼ਾ ਖੋਲ੍ਹ ਦਿੱਤਾ।
“ਮੁਨੀਮ ਜੀ, … ਤੁਸੀਂ ਇਸ ਵੇਲੇ, … ਸੁੱਖ ਤਾਂ ਹੈ?” ਉਸਨੇ ਅੰਦਰ ਵੜਦੇ ਮੁਨੀਮ ਨੂੰ ਹੈਰਾਨਗੀ ਨਾਲ
ਪੁੱਛਿਆ ਤੇ ਦਰਵਾਜ਼ਾ ਫੇਰ ਉਸੇ ਤਰ੍ਹਾਂ ਬੰਦ ਕਰ ਦਿੱਤਾ।
“ਕਾਹਦਾ ਸੁੱਖ ਸਰਦਾਰ ਜੀ! ਸੁੱਖ ਦਾ ਮਾੜਾ ਜਿਹਾ ਸਾਹ ਤਾਂ ਹੁਣ ਇਥੇ ਆ ਕੇ ਆਇਐ। ਮੈਂ ਕਿਸ ਵੇਲੇ
ਦਾ ਤੁਹਾਨੂੰ ਟੈਲੀਫੋਨ ਕਰ ਰਿਹਾ ਸਾਂ ਪਰ ਟੈਲੀਫੋਨ ਨਹੀਂ ਸੀ ਮਿਲ ਰਿਹਾ, … ਮੇਰੀ ਤਾਂ ਹੁਣ ਜਾਨ
ਸੁੱਕੀ ਪਈ ਸੀ ਕਿ ਪਤਾ ਨਹੀਂ ਕੀ ਭਾਣਾ ਵਰਤ ਗਿਐ। … ਤੁਹਾਨੂੰ ਸੁੱਖੀ-ਸਾਂਦੀ ਵੇਖ ਕੇ ਹੁਣ ਸੁੱਖ
ਦਾ ਸਾਹ ਆਇਐ। … ਹਾਲਾਤ ਹੀ ਐਸੇ ਨੇ ਭੈੜੇ ਖਿਆਲ ਛੇਤੀ ਆਉਂਦੇ ਨੇ।” ਮੁਨੀਮ ਦੀ ਘਬਰਾਹਟ ਉਸ ਦੇ
ਚਿਹਰੇ ਤੋਂ ਸਾਫ ਪਰਗੱਟ ਹੋ ਰਹੀ ਸੀ।
ਹਾਂ ਮੁਨੀਮ ਜੀ, ਮੈਂ ਵੀ ਹੁਣੇ ਵੇਖਿਐ, . . ਜਾਪਦੈ ਟੈਲੀਫੋਨ ਕਾਫ਼ੀ ਸਮੇਂ ਤੋਂ ਖਰਾਬ ਪਿਐ”,
ਮੁਨੀਮ ਨੂੰ ਬੈਠਣ ਵਾਸਤੇ ਇਸ਼ਾਰਾ ਕਰਕੇ ਬਲਦੇਵ ਸਿੰਘ ਨੇ ਆਪ ਸਾਹਮਣੇ ਬੈਠਦੇ ਹੋਏ ਕਿਹਾ।
“ਬਾਹਰੋਂ ਘਰ ਦੇ ਹਾਲਾਤ ਠੀਕ ਵੇਖ ਕੇ ਕਾਫ਼ੀ ਤਸੱਲੀ ਹੋ ਗਈ ਸੀ, ਪਹਿਲਾਂ ਸੋਚਿਆ, ਹੁਣ ਇਸ ਵੇਲੇ
ਤੁਹਾਨੂੰ ਤਕਲੀਫ ਨਾ ਦਿਆਂ ਤੇ ਬਾਹਰੋਂ ਮੁੜ ਜਾਵਾਂ ਪਰ ਫੇਰ ਮਨ ਨਹੀਂ ਮੰਨਿਆਂ”, ਮੁਨੀਮ ਦੇ ਚਿਹਰੇ
ਤੇ ਹੁਣ ਕਾਫ਼ੀ ਤਸੱਲੀ ਮੁੜ ਆਈ ਸੀ।
“ਨਹੀਂ ਮੁਨੀਮ ਜੀ, ਬਹੁਤ ਚੰਗਾ ਕੀਤੈ ਜੋ ਮਿਲ ਚਲੇ ਹੋ, ਸਾਨੂੰ ਘਰ ਬੈਠਿਆਂ ਨੂੰ ਕਾਹਦੀ ਤਕਲੀਫ
ਹੈ, ਤਕਲੀਫ ਤਾਂ ਤੁਸੀਂ ਕੀਤੀ ਹੈ, ਇਸ ਵੇਲੇ, ਇਤਨੀ ਦੂਰੋਂ”, ਬਲਦੇਵ ਸਿੰਘ ਨੇ ਅਹਿਸਾਨਮੰਦੀ
ਜਤਾਉਂਦੇ ਹੋਏ ਕਿਹਾ ਤੇ ਫੇਰ ਪੁੱਛਿਆ, “ਉਂਝ ਹੁਣ ਸ਼ਹਿਰ ਦੇ ਹਾਲਾਤ ਕੈਸੇ ਨੇ, ਕੁੱਝ ਠੰਡ ਪਈ ਏ?”
“ਠੰਡ ਕਿਥੇ ਸਰਦਾਰ ਜੀ! ਅਜੇ ਤਾਂ ਉਂਝੇ ਦਾ ਉਂਝੇ ਭਾਬੜ ਬੱਲ ਰਿਹੈ”, ਮੁਨੀਮ ਨੇ ਠੰਡਾ ਹਉਕਾ ਲੈ
ਕੈ ਕਿਹਾ।
“ਤੁਹਾਨੂੰ ਕਿਹਾ ਸੀ ਮੈਨੂੰ ਵੀ ਖ਼ਬਰ ਕਰਦੇ ਰਹਿਣਾ?” ਬਲਦੇਵ ਸਿੰਘ ਨੇ ਜਗਿਆਸਾ ਜ਼ਾਹਰ ਕਰਦੇ ਹੋਏ
ਕਿਹਾ।
“ਟੈਲੀਫੋਨ ਤਾਂ ਇਸੇ ਲਈ ਕਰ ਰਿਹਾ ਸਾਂ ਪਰ ਫੋਨ ਖ਼ਰਾਬ ਹੋਣ ਕਾਰਨ ਮੈਨੂੰ ਤਾਂ ਹੋਰ ਹੀ ਚਿੰਤਾ ਲੱਗ
ਗਈ ਤੇ ਆਖਰ ਇੱਧਰ ਭੱਜਣਾ ਪੈ ਗਿਆ”, ਮੁਨੀਮ ਨੇ ਆਪਣਾ ਪੱਖ ਦੱਸਿਆ ਤੇ ਫੇਰ ਜ਼ਰਾ ਰੁੱਕ ਕੇ ਬੋਲਿਆ,
“ਹਾਲਾਤ ਤਾਂ ਇਹ ਨੇ ਕਿ ਦੁਪਹਿਰੇ ਤੁਹਾਨੂੰ ਦੱਸਿਆ ਸੀ ਕਿ ਕੱਲ ਦਾਦਾ ਨਗਰ ਵਿੱਚ ਇੱਕ ਜੱਸੀ ਨਾਂ
ਦੇ ਨੌਜੁਆਨ ਕਾਂਗਰਸੀ ਸਿੱਖ ਵਰਕਰ ਨੂੰ ਮਾਰ ਦਿੱਤਾ ਸੀ, … ਕੱਲ ਰਾਤ ਦੀ ਹੀ ਉਥੇ ਲੁੱਟਮਾਰ ਚਲ ਰਹੀ
ਹੈ। ਮੈਂ ਹੁਣੇ ਉਧਰੋਂ ਹੀ ਲੰਘ ਕੇ ਆਇਆ ਹਾਂ, ਉਥੇ ਇਹ ਜ਼ੁਲਮ ਅਜੇ ਵੀ ਉਸੇ ਤਰ੍ਹਾਂ ਜਾਰੀ ਹੈ।
ਪਤਾ ਲੱਗੈ ਕਿ ਨਗਰ ਮਹਾਪਾਲਿਕਾ ਕਲੋਨੀ ਦੇ ½ ਵਿੱਚ ਕੋਈ ਸ੍ਰ. ਜੁਗਿੰਦਰ ਸਿੰਘ ਰਹਿੰਦੇ ਸਨ।
ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਸ਼ੀਲਾਵੰਤੀ ਤੇ ਦੋ ਪੁੱਤਰਾਂ ਸਤਨਾਮ ਸਿੰਘ ਤੇ ਦਲਜੀਤ ਸਿੰਘ ਸਮੇਤ
ਕੁੱਟ-ਕੁੱਟ ਕੇ ਰਜ਼ਾਈਆਂ ਵਿੱਚ ਲਪੇਟ ਕੇ ਤੇ ਉਤੇ ਮਿੱਟੀ ਦਾ ਤੇਲ ਪਾ ਕੇ ਜਿਉਂਦਿਆਂ ਸਾੜ ਦਿੱਤਾ
ਗਿਐ। ਉਨ੍ਹਾਂ ਵਿਚਾਰਿਆਂ ਦੇ ਘਰ ਵਿੱਚ ਨਾਂ ਲੈਣ ਵਾਲਾ ਵੀ ਕੋਈ ਨਹੀਂ ਬੱਚਿਆ।”
ਸੁਣ ਕੇ ਬਲਦੇਵ ਸਿੰਘ ਦੇ ਸਾਰੇ ਪਰਿਵਾਰ ਨੂੰ ਝੁਰ-ਝੁਰੀ ਜਿਹੀ ਆ ਗਈ ਤੇ ਸੁਭਾਵਕ ਮੂੰਹੋਂ ਦਰਦ ਨਾਲ
‘ਵਾਹਿਗੁਰੂ … “ਨਿਕਲਿਆ। ਬਲਦੇਵ ਸਿੰਘ ਕੁੱਝ ਬੋਲਣ ਲੱਗਾ ਸੀ ਪਰ ਮੁਨੀਮ ਨੂੰ ਗੱਲ ਜਾਰੀ ਰਖਦੇ ਵੇਖ
ਕੇ ਚੁੱਪ ਕਰ ਗਿਆ।
“10/15 ਵਿੱਚ ਸ੍ਰ. ਭਗਤ ਸਿੰਘ ਨੂੰ ਮਾਰ-ਮਾਰ ਕੇ ਸਿਰ ਵਿੱਚ ਜ਼ਖ਼ਮ ਕਰ ਦਿੱਤੇ ਤੇ ਫੇਰ ਉਤੋਂ ਤੇਜ਼ਾਬ
ਪਾ ਕੇ ਤੜਫਾਇਐ। ਹੁਣ ਤੁਸੀਂ ਹੀ ਸੋਚ ਲਓ, ਉਸ ਵਿਚਾਰੇ ਨੇ ਕੀ ਬਚਣੈ?
10/9, ਦਾਦਾ ਨਗਰ ਵਿੱਚ ਬਲਵਿੰਦਰ ਸਿੰਘ ਦੇ ਪਹਿਲਾਂ ਜ਼ਬਰਦਸਤੀ ਕੇਸ ਕੱਟੇ ਗਏ, ਮਾਰ-ਮਾਰ ਕੇ ਉਸ
ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ, ਦੂਸਰੇ ਭਰਾ ਦਾ ਜਬਾੜਾ ਤੋੜ ਦਿੱਤਾ ਤੇ ਪੂਰਾ ਘਰ ਲੁੱਟ ਲਿਆ।
ਉਥੇ ਨਾਲ ਹੀ ਸ੍ਰ. ਤ੍ਰੈਲੋਚਨ ਸਿੰਘ ਦੇ ਘਰ `ਤੇ ਦੁਪਹਿਰ ਨੂੰ ਹਮਲਾ ਕੀਤਾ। ਉਹੀ ਚਾਰ-ਪੰਜ ਸੌ ਦਾ
ਹਜ਼ੂਮ ਸੀ। ਸਾਰੇ ਮਰਦਾਂ ਨੂੰ ਫੜਕੇ ਬਾਹਰ ਘਸੀਟ ਲਿਆ, ਇੱਕ ਬੰਦੇ ਨੇ ਕੈਂਚੀ ਨਾਲ ਦੋਹਾਂ ਭਰਾਵਾਂ
ਤੇ ਪਿਤਾ ਦੇ ਵਾਲ ਕੱਟ ਦਿੱਤੇ। ਉਨ੍ਹਾਂ ਦੀਆਂ ਮੁੱਛਾਂ ਤੇ ਦਾੜੀਆਂ ਪੁੱਟੀਆਂ ਗਈਆਂ ਤੇ ਬਹੁਤ
ਕੁੱਟਿਆ। ਗੁੰਡਿਆਂ ਦੇ ਹੱਥਾਂ ਵਿੱਚ ਸੱਬਲ, ਡੰਡੇ ਤੇ ਭਾਲੇ ਸਨ। ਤ੍ਰੈਲੋਚਨ ਸਿੰਘ ਦੇ ਜਬਾੜੇ ਦੀ
ਹੱਡੀ ਤੋੜ ਦਿੱਤੀ ਤੇ ਸਿਰ ਪਾੜ ਦਿੱਤਾ। ਇੱਕ ਭਰਾ ਦੇ ਹੱਥ ਦੀਆਂ ਉਂਗਲਾਂ ਤੋੜ ਦਿੱਤੀਆਂ। ਮਾਂ ਦੇ
ਸਿਰ ਵਿੱਚ ਡੰਡਾ ਮਾਰਿਆ ਤੇ ਕੰਨਾਂ ਦੀਆਂ ਵਾਲੀਆਂ ਧੂਹ ਲਈਆਂ। ਪਿਤਾ ਦੇ ਸਿਰ ਵਿੱਚ ਵੀ ਡੰਡਾ
ਮਾਰਿਆ ਤੇ ਫੇਰ ਸਾਰਾ ਘਰ ਲੁੱਟ ਕੇ ਲੈ ਗਏ। ਪੜੋਸੀ ਜੋ ਉਪਰਲੀ ਮੰਜ਼ਲ ਤੇ ਰਹਿੰਦੇ ਨੇ, ਬਚਾਉਣ ਦੀ
ਕੋਈ ਕੋਸ਼ਿਸ਼ ਨਹੀਂ ਕੀਤੀ, ਪਰ ਸਾੜਨ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਵਿੱਚ ਅੱਗ ਲੱਗਣ
ਦਾ ਖਤਰਾ ਸੀ।
ਉਨ੍ਹਾਂ ਲੁੱਟੇ-ਪੁੱਟੇ ਜ਼ਖਮੀਆਂ ਦੇ ਘਰ `ਤੇ ਸ਼ਾਮ ਨੂੰ ਫੇਰ ਹਮਲਾ ਕਰ ਦਿੱਤਾ। ਬਲਵਈਆਂ ਦੇ ਹੱਥਾਂ
ਵਿੱਚ ਕੈਂਚੀਆਂ, ਸਿਗਰਟਾਂ, ਤੇਜ਼ਾਬ ਦੀਆਂ ਬੋਤਲਾਂ ਤੇ ਹਥਿਆਰ ਸਨ। ਸਭ ਨੂੰ ਜ਼ਬਰਦਸਤੀ ਸਿਗਰਟਾਂ ਪੀਣ
ਲਈ ਕਿਹਾ … “ਮੁਨੀਮ ਦੀ ਗੱਲ ਅਜੇ ਜਾਰੀ ਸੀ ਕਿ ਵਿੱਚੋਂ ਹੀ ਬੱਬਲ ਦੀ ਚੀਖ ਵਰਗੀ ਅਵਾਜ਼ ਆਈ, “ਬਸ
ਕਰੋ ਅੰਕਲ, … ਬਸ ਕਰੋ।” ਸਾਰਿਆਂ ਨੇ ਘੁੰਮ ਕੇ ਉਸ ਵੱਲ ਵੇਖਿਆ। ਉਸ ਦਾ ਚਿਹਰਾ ਲਾਲ ਹੋ ਗਿਆ ਸੀ
ਤੇ ਅੱਖਾਂ ਚੋਂ ਜ਼ਾਰ-ਜ਼ਾਰ ਅਥਰੂ ਵੱਗ ਰਹੇ ਸਨ। ਕੋਲ ਬੈਠੇ ਬਲਦੇਵ ਸਿੰਘ ਨੇ ਉਸ ਨੂੰ ਗਲਵਕੜੀ ਵਿੱਚ
ਲੈ ਲਿਆ ਤੇ ਪਿਆਰ ਕਰਕੇ ਹੌਂਸਲਾ ਦੇਂਦੇ ਹੋਏ ਕਿਹਾ, “ਤੂੰ ਤਾਂ ਮੇਰੀ ਸ਼ੇਰ ਬੱਚੀ ਏਂ, … ਤੂੰ
ਕਿਵੇਂ ਘਬਰਾ ਗਈ ਏਂ?
ਬੱਬਲ ਨੇ ਕੁੱਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੋਲ ਹੌਂਕਿਆਂ ਵਿੱਚ ਬਦਲ ਗਏ। ਗੁਰਮੀਤ ਕੌਰ ਜਾ ਕੇ
ਪਾਣੀ ਦਾ ਗਲਾਸ ਲੈ ਆਈ ਤੇ ਉਸ ਦੇ ਮੂੰਹ ਨੂੰ ਲਾਉਂਦੀ ਹੋਈ ਬੜੇ ਪਿਆਰ ਨਾਲ ਗਲਵਕੜੀ ਵਿੱਚ ਲੈ ਕੇ
ਬੋਲੀ, “ਲੈ ਮੇਰਾ ਪੁੱਤਰ. . ਪਾਣੀ ਦਾ ਘੁੱਟ ਭਰ ਲੈ।”
ਪਾਣੀ ਦਾ ਘੁੱਟ ਭਰਨ ਨਾਲ ਬੱਬਲ ਦੇ ਹਉਕੇ ਕੁੱਝ ਰੁਕੇ। ਬਲਦੇਵ ਸਿੰਘ ਨੇ ਗੁਰਮੀਤ ਕੌਰ ਨੂੰ ਇਸ਼ਾਰਾ
ਕੀਤਾ ਤੇ ਉਹ ਬੱਬਲ ਨੂੰ ਉਠਾ ਕੇ ਅੰਦਰ ਲੈ ਗਈ।
“ਅਸੀਂ ਤਾਂ ਸੰਤਾਲੀ ਵੇਖਿਐ, ਪਰ ਬੱਚਿਆਂ ਦੀ ਤਾਂ ਕਲਪਨਾ ਤੋਂ ਵੀ ਪਰੇ ਹੈ ਕਿ ਇਨਸਾਨ ਇਸ ਤਰ੍ਹਾਂ
ਦਰਿੰਦਾ ਵੀ ਬਣ ਸਕਦੈ। …. ਇਸ ਵਾਸਤੇ ਇਹ ਸਭ ਵੇਖ ਸੁਣ ਕੇ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ”,
ਬਲਦੇਵ ਸਿੰਘ ਨੇ ਮੁਨੀਮ ਵੱਲ ਵੇਖ ਕੇ ਕਿਹਾ ਤੇ ਫੇਰ ਪੁੱਛਿਆ, “ਮੁਨੀਮ ਜੀ, ਹੋਰ ਵੀ ਕੁੱਝ ਵਾਪਰਿਐ
ਦਾਦਾ ਨਗਰ ਵਿੱਚ?”
“ਸਰਦਾਰ ਜੀ, ਜਦ ਕੱਲ ਸ਼ਾਮ ਦੀ ਉਥੇ ਖੂਨੀ ਹਨੇਰੀ ਵੱਗ ਰਹੀ ਹੈ ਤਾਂ ਬਥੇਰਾ ਕੁੱਝ ਵਾਪਰ ਗਿਆ ਹੋਣੈ,
ਪਰ ਸਾਰਾ ਤਾਂ ਮੈਨੂੰ ਪਤਾ ਨਹੀਂ। ਹਾਂ ਇੱਕ ਗੱਲ ਪੱਕੀ ਹੈ ਕਿ ਹੁਣ ਤੱਕ ਉਥੇ ਪੰਜ–ਛੇ ਮੌਤਾਂ ਹੋ
ਚੁੱਕੀਆਂ ਨੇ। … ਬਾਕੀ ਕਈਆਂ ਨੂੰ ਪ੍ਰਭੂ ਆਪ ਹੱਥ ਦੇ ਕੇ ਬਚਾ ਵੀ ਲੈਂਦੈ। . . 28, ਲੋਕ ਨਾਇਕ
ਕਲੋਨੀ ਦੇ ਬਲਦੇਵ ਸਿੰਘ ਤੇ ਉਸ ਦੀ ਪਤਨੀ ਨੂੰ ਬਲਵਈਆਂ ਨੇ ਹਾਕੀਆਂ, ਡੰਡੇ ਤੇ ਲੋਹੇ ਦੇ ਸਰੀਆਂ
ਨਾਲ ਬਹੁਤ ਮਾਰਿਆ। ਬਲਦੇਵ ਸਿੰਘ ਦਾ ਸਿਰ ਫੱਟ ਗਿਆ ਤੇ ਬਹੁਤ ਖ਼ੂਨ ਜਾਣ ਨਾਲ ਉਹ ਬੇਹੋਸ਼ ਹੋ ਗਿਆ।
ਉਨ੍ਹਾਂ ਨੇ ਉਸ ਦੇ ਵਾਲ ਕੱਟ ਦਿੱਤੇ ਤੇ ਉਤੇ ਮੰਜੀ ਦਾ ਵਾਣ ਪਾ ਕੇ ਅੱਗ ਲਾ ਦਿੱਤੀ। ਉਹ ਤਾਂ ਆਪਣੇ
ਵਲੋਂ ਜਿਉਂਦੇ ਨੂੰ ਸਾੜ ਕੇ ਤੁਰ ਗਏ ਸਨ ਪਰ ਗੁਆਂਢੀਆਂ ਨੇ ਬਚਾਅ ਲਿਆ। … ਡੰਡੇ ਮਾਰ-ਮਾਰ ਕੇ
ਬਲਦੇਵ ਸਿੰਘ ਦੇ ਹੱਥਾਂ ਦੀਆਂ ਹੱਡੀਆਂ ਵੀ ਤੋੜੀਆਂ ਹੋਈਆਂ ਨੇ ਤੇ ਉਸ ਦੀ ਪਤਨੀ ਵੀ ਬਹੁਤ ਜ਼ਖਮੀਂ
ਹੈ, ਵੇਖੋ ਹੁਣ ਵਿਚਾਰਿਆਂ ਦਾ ਕੀ ਬਣਦੈ. . ।” ਮੁਨੀਮ ਨੇ ਦੁੱਖ ਭਰੇ ਚਿਹਰੇ ਨਾਲ ਬਲਦੇਵ ਸਿੰਘ
ਵੱਲ ਵੇਖਦਿਆਂ ਗੱਲ ਖਤਮ ਕੀਤੀ।
“ਇਹ ਤਾਂ ਨਿਰਦੈਤਾ ਦੀ ਹੱਦ ਹੋ ਗਈ ਏ। ਇਤਨਾ ਜ਼ੁਲਮ ਤਾਂ ਅੰਗਰੇਜ਼ਾਂ ਨੇ ਆਪਣੇ 200 ਸਾਲ ਦੇ ਰਾਜ
ਵਿੱਚ ਨਹੀਂ ਕੀਤਾ ਹੋਣਾ ਜਿਤਨਾ ਇਨ੍ਹਾਂ ਅਮਨ ਅਤੇ ਸ਼ਾਂਤੀ ਦਾ ਪਖੰਡ ਕਰਨ ਵਾਲਿਆਂ ਨੇ 34 ਸਾਲ ਦੇ
ਰਾਜ ਵਿੱਚ ਕਰ ਦਿੱਤੈ”, ਬਲਦੇਵ ਸਿੰਘ ਨੇ ਝੂਰਦੇ ਹੋਏ ਕਿਹਾ ਤੇ ਫੇਰ ਬੋਲਿਆ, “ਹੋਰ ਵੀ ਕਿਸੇ
ਪਾਸਿਉਂ ਕੋਈ ਐਸੀ ਮੰਦਭਾਗੀ ਖ਼ਬਰ ਮਿਲੀ ਏ?”
“ਸਾਰੇ ਸ਼ਹਿਰ ਚੋਂ ਮੰਦਭਾਗੀਆਂ ਖ਼ਬਰਾਂ ਹੀ ਮਿਲ ਰਹੀਆਂ ਨੇ ਸਰਦਾਰ ਜੀ, ਜਦ ਸਾਰਾ ਸ਼ਹਿਰ ਜ਼ੁਲਮ ਦੀ
ਭੱਠੀ ਬਣਿਆ ਪਿਐ ਤਾਂ ਹੋਰ ਇਥੋਂ ਕੀ ਨਿਕਲਨੈ?” ਮੁਨੀਮ ਨੇ ਵੀ ਦੁਖ ਜ਼ਾਹਰ ਕਰਦੇ ਹੋਏ ਕਿਹਾ ਤੇ ਫੇਰ
ਅੱਗੋਂ ਗੱਲ ਸ਼ੁਰੂ ਕੀਤੀ, “ਕਿਸੇ ਤੋਂ ਪਤਾ ਲੱਗਾ ਸੀ ਕਿ ਗਡਰੀਅਨ ਪੁਰਵਾ ਵਿੱਚ ਵੀ ਬੜਾ ਜ਼ੁਲਮ ਵਰਤ
ਰਿਹੈ, ਤੁਸੀਂ ਕਿਹਾ ਸੀ ਮੈਨੂੰ ਖ਼ਬਰ ਕਰਦੇ ਰਹਿਣਾ, ਸੋ ਮੈਂ ਕੁੱਝ ਸਮਾਂ ਪਹਿਲੇ ਉਥੇ ਚੱਕਰ ਲਗਾ ਕੇ
ਆਇਆਂ …।”
ਮੁਨੀਮ ਸ਼ਾਇਦ ਸਾਹ ਲੈਣ ਲਈ ਜ਼ਰਾ ਰੁਕਿਆ ਸੀ ਕਿ ਵਿੱਚੋਂ ਹੀ ਬਲਦੇਵ ਸਿੰਘ ਬੋਲ ਪਿਆ, “ਉਹ ਤਾਂ ਸਾਰੀ
ਮੋਟਰ ਟਰੱਕ ਪਾਰਟਸ ਦੀ ਮਾਰਕੀਟ ਹੈ। ਉਸ ਵਿੱਚ ਇਸੇ ਕਿੱਤੇ ਨਾਲ ਸਬੰਧਤ ਬਹੁਤ ਸਾਰੇ ਕਾਰਖਾਨੇ ਵੀ
ਨੇ ਤੇ ਬਹੁਤ ਲੋਕਾਂ ਦੀ ਰਿਹਾਇਸ਼ ਵੀ ਵਿੱਚੇ ਹੈ। ਉਝ ਵੀ ਉਥੇ ਸਿੱਖਾਂ ਦਾ ਕਾਰੋਬਾਰ ਤੇ ਅਬਾਦੀ ਵੀ
ਬਹੁਤ ਹੈ।”
“ਹਾਂ ਸਰਦਾਰ ਜੀ, ਉਥੇ ਵੀ ਕੱਲ ਸ਼ਾਮ ਦਾ ਹੀ ਝਖੜ ਝੁੱਲ ਰਿਹੈ। ਕੱਲ ਸ਼ਾਮ ਹੀ ਉਥੇ ਦੇ ਕੁੱਝ ਲੋਕਲ
ਅਤੇ ਦਰਸ਼ਨ ਪੁਰਵਾ ਦੇ ਗੁੰਡਿਆਂ ਨੇ ਸਿੱਖਾਂ ਦੇ ਘਰਾਂ, ਦੁਕਾਨਾਂ ਅਤੇ ਕਾਰਖਾਨਿਆਂ ਤੇ ਪੱਥਰ ਬਾਜੀ
ਕੀਤੀ ਸੀ ਤੇ ਫੇਰ ਰਾਤ ਕਈ ਦੁਕਾਨਾਂ ਸਾੜ ਦਿੱਤੀਆਂ। ਅੱਜ ਸਾਰਾ ਦਿਨ ਵੀ ਉਥੇ ਭਿਆਨਕ ਲੁੱਟਮਾਰ ਤੇ
ਤੋੜਫੋੜ ਹੁੰਦੀ ਰਹੀ ਹੈ ਤੇ ਸਾਰੀ ਗੁਰੂ ਨਾਨਕ ਮਾਰਕੀਟ ਵਿੱਚੋਂ ਸਿੱਖਾਂ ਦੀਆਂ ਦੁਕਾਨਾਂ ਚੁਣ-ਚੁਣ
ਕੇ ਅੱਗਾਂ ਲਾ ਦਿੱਤੀਆਂ ਨੇ।
ਉਥੇ ਇੱਕ ਛਤਰਪਾਲ ਸਿੰਘ ਨਾਗੀ ਦਾ ਬਹੁਤ ਵੱਡਾ ਕਾਰਖਾਨਾ ਸੀ। ਹੇਠਾਂ ਕਾਰਖਾਨਾ ਤੇ ਉਪਰ ਉਹ ਆਪ
ਪਰਿਵਾਰ ਸਮੇਤ ਰਹਿੰਦੇ ਸਨ। ਕੱਲ ਸ਼ਾਮ ਹੀ ਫੈਕਟਰੀ ਬੰਦ ਹੋਣ ਤੋਂ ਬਾਅਦ ਬਹੁਤ ਵੱਡਾ ਹਜੂਮ ਆਇਆ ਤੇ
ਪਥਰਾਅ ਕਰਕੇ ਚਲਾ ਗਿਆ। ਅੱਜ ਸਵੇਰੇ ਫੇਰ ਬਹੁਤ ਵੱਡਾ ਮੌਬ ਲੁੱਟਮਾਰ ਕਰਦਾ ਆਇਆ। ਪਹਿਲਾਂ ਉਨ੍ਹਾਂ
ਹੇਠਲੀਆਂ ਦੋਵੇਂ ਦੁਕਾਨਾਂ ਲੁੱਟੀਆਂ ਤੇ ਸਕੂਟਰ ਸਾੜੇ। ਕਾਰਖਾਨੇ ਦੇ ਬਹੁਤ ਭਾਰੀ ਲੋਹੇ ਦੇ ਗੇਟ
ਸਨ। ਉਹ ੳਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਰਹੇ ਤੇ ਆਖਰ ਸਫਲ ਹੋ ਗਏ। ਜੋ ਕੁੱਝ ਲੁੱਟਨ ਵਾਲਾ ਸੀ
ਲੁੱਟਿਆ ਤੇ ਫੇਰ ਕਾਰਖਾਨੇ ਨੂੰ ਅੱਗ ਲਾ ਦਿੱਤੀ ਪਰ ਬਹੁਤਾ ਸਮਾਨ ਲੋਹਾ ਹੀ ਸੀ। ਉਹ ਉਪਰ ਆਉਣਾ ਚਾਹ
ਰਹੇ ਸਨ ਪਰ ਉਪਰਲਾ ਗੇਟ ਤੇ ਚੈਨਲ ਨਹੀਂ ਤੋੜ ਸਕੇ। ਪਹਿਲਾਂ ਉਹ ਬਾਹਰੋਂ ਗਾਲ੍ਹਾਂ ਕੱਢਦੇ ਤੇ
ਨਾਅਰੇ ਮਾਰਦੇ ਰਹੇ ਫਿਰ ਨਾਲ ਦੇ ਕੋਠੇ ਤੇ ਚੜ੍ਹ ਕੇ ਛਤਰਪਾਲ ਸਿੰਘ ਹੁਰਾਂ ਦੀਆਂ ਪੌੜੀਆਂ ਦੀ ਕੰਧ
ਤੋੜ ਦਿੱਤੀ ਤੇ ਦੂਸਰੀ ਤੇ ਪਹਿਲੀ ਮੰਜ਼ਲ ਨੂੰ ਚੰਗੀ ਤਰ੍ਹਾ ਲੁੱਟਿਆ। ਫਰਨੀਚਰ ਤੇ ਸ਼ੀਸ਼ੇ ਤੋੜ ਦਿੱਤੇ
ਤੇ ਟਾਇਰ ਬਾਲ-ਬਾਲ ਕੇ ਕਮਰਿਆਂ ਵਿੱਚ ਅੱਗ ਲਾ ਦਿੱਤੀ। ਘਰ ਵਿੱਚ ਸ੍ਰ. ਛਤਰਪਾਲ ਸਿੰਘ, ਉਨ੍ਹਾਂ ਦੀ
ਪਤਨੀ ਅਵਤਾਰ ਕੌਰ, ਪੁੱਤਰ ਕੁਲਜੀਤ ਸਿੰਘ ਤੇ ਅਜੀਤ ਸਿੰਘ, 13-14 ਸਾਲਾਂ ਦੀ ਬੇਟੀ ਅੰਮ੍ਰਿਤ ਕੌਰ
ਜੋ ਨੌਵੀ ਜਮਾਤ ਵਿੱਚ ਪੜ੍ਹ ਰਹੀ ਹੈ, ਜੁਆਈ ਹਰਸੇਵਾ ਸਿੰਘ ਗਾਂਧੀ ਅਤੇ ਅਵਤਾਰ ਕੌਰ ਦੀ ਭਾਬੀ
ਅਮਰਜੀਤ ਕੌਰ ਮਾਨਕ ਜੋ ਕੈਨੇਡਾ ਤੋਂ ਆਪਣੇ ਤਿੰਨ ਸਾਲ ਦੇ ਬੱਚੇ ਨੂੰ ਲੈ ਕੇ ਭਾਰਤ ਰਿਸ਼ਤੇਦਾਰਾਂ
ਨੂੰ ਮਿਲਣ ਆਈ ਹੋਈ ਸੀ, ਸਨ।
ਬਲਵਈਆਂ ਨੇ ਸਾਰੇ ਪਰਿਵਾਰ ਨੂੰ ਲਾਈਨ ਵਿੱਚ ਖੜਾ ਕੀਤਾ। ਕਹਿਣ ਲਗੇ ਕਿ ਸਿਰਫ ਲੁੱਟਾਂਗੇ, ਤੁਹਾਡੀ
ਜਾਨ ਨੂੰ ਕੁੱਝ ਨਹੀਂ ਕਹਾਂਗੇ। ਸਾਰੇ ਚੁੱਪ-ਚਾਪ ਖੜੇ ਰਹੇ। ਉਨ੍ਹਾਂ ਦੇ ਮੋਹਰੀ ਬੰਦਿਆਂ ਨੇ ਸਭ ਦੇ
ਜੇਬ ਫਰੋਲ ਕੇ ਜੋ ਪੈਸਾ ਧੇਲਾ ਸੀ ਸਭ ਕੱਢ ਕੇ, ਘੜੀਆਂ ਤੇ ਅੰਗੂਠੀਆਂ ਉਤਰਵਾ ਲਈਆਂ। ਜੇਬਾਂ ਖਿੱਚ
ਲਈਆਂ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਸ੍ਰ. ਛਤਰਪਾਲ ਸਿੰਘ ਜ਼ਖਮੀ ਹੋ ਗਏ ਤਾਂ ਕੁਲਜੀਤ ਸਿੰਘ ਤੇ
ਹਰਸੇਵਾ ਸਿੰਘ ਨੇ ਕ੍ਰਿਪਾਨਾਂ ਕੱਢ ਲਈਆਂ ਤੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਕ੍ਰਿਪਾਨਾਂ ਜੰਗ
ਖਾਧੀਆਂ ਸਨ, ਫਿਰ ਵੀ ਉਨ੍ਹਾਂ ਬਲਵਈਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਛਤਰਪਾਲ ਸਿੰਘ ਅਤੇ ਉਨ੍ਹਾਂ
ਦੀ ਪਤਨੀ ਨੇ ਗੁਸਲਖਾਨੇ ਵਿੱਚ ਜਾ ਕੇ ਅੰਦਰੋਂ ਕੁੰਡੀ ਮਾਰ ਲਈ। ਅਮਰਜੀਤ ਕੌਰ ਮਾਨਕ ਤੇ ਅੰਮ੍ਰਿਤ
ਦੂਸਰੇ ਗੁਸਲਖਾਨੇ ਵਿੱਚ ਸਨ ਜਿਸ ਦੀ ਕੁੰਡੀ ਵੀ ਹਾਲੇ ਨਹੀਂ ਸੀ ਲੱਗੀ ਹੋਈ। ਬਲਵਈਆਂ ਨੇ ਬਾਥਰੂਮ
ਦੇ ਸ਼ੀਸ਼ੇ ਤੋੜ ਕੇ ਬਲਦੇ ਟਾਇਰ ਅੰਦਰ ਸੁੱਟੇ, ਜਿਸ ਨਾਲ ਸ੍ਰ. ਛਤਰਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ
ਅੱਗ ਦੀ ਭੇਟ ਹੋ ਗਏ। ਉਨ੍ਹਾਂ ਦੀ ਚੀਕ ਸੁਣਕੇ ਤੇ ਸੜਦੇ ਕਮਰਿਆਂ ਦੇ ਧੂਏਂ ਤੋਂ ਘਬਰਾ ਕੇ ਦੋਵੇਂ
ਕੁੜੀਆਂ ਬਾਹਰ ਨਿਕਲੀਆਂ ਤਾਂ ਵੇਖਿਆ ਕਿ ਛਤਰਪਾਲ ਸਿੰਘ ਤੇ ਅਵਤਾਰ ਕੌਰ ਸੜ ਰਹੇ ਸਨ।
ਕੁਲਜੀਤ ਸਿੰਘ ਤੇ ਹਰਸੇਵਾ ਸਿੰਘ ਤੀਸਰੀ ਮੰਜ਼ਲ ਤੇ ਲੜ ਰਹੇ ਸਨ, ਪਰ ਦੂਜੇ ਪਾਸੇ ਬੰਦੇ ਬਹੁਤ ਹੋਣ
ਕਰਕੇ ਉਨ੍ਹਾਂ ਗ਼ਲਬਾ ਪਾ ਲਿਆ ਤੇ ਅੱਧਾ ਘੰਟਾ ਉਹ ਲਾਠੀਆਂ ਨਾਲ ਉਨ੍ਹਾਂ ਦੋਹਾਂ ਨੁੰ ਕੁੱਟਦੇ ਰਹੇ।
ਫਿਰ ਉਨ੍ਹਾਂ ਦੀਆਂ ਲਾਸ਼ਾਂ ਤੀਜੀ ਮੰਜ਼ਲ ਤੋਂ ਥੱਲੇ ਸੜਕ ਤੇ ਸੁੱਟ ਦਿੱਤੀਆਂ। 14 ਸਾਲ ਦਾ ਛੋਟਾ
ਲੜਕਾ ਅਜੀਤ ਸਿੰਘ ਬਹੁਤ ਖ਼ੂਬਸੂਰਤ ਤੇ ਆਲ੍ਹਾ ਦਰਜੇ ਦਾ ਮੁਸੱਵਰ ਸੀ, ਸੁਣਿਐ ਬਹੁਤ ਸੋਹਣਾ ਗਾਉਂਦਾ
ਸੀ, ਨੂੰ ਵੀ ਜ਼ਾਲਮਾਂ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਹੇਠਾਂ ਸੜਕ `ਤੇ ਸੁੱਟ ਦਿੱਤਾ।”
ਇਤਨਾ ਕਹਿ ਕੇ ਮੁਨੀਮ ਨੇ ਇੱਕ ਠੰਡਾ ਹਉਕਾ ਲਿਆ। ਉਸ ਦੀਆਂ ਅੱਖਾਂ ਵੀ ਭਰ ਆਈਆਂ ਸਨ, ਸੋ ਰੁਮਾਲ
ਕੱਢ ਕੇ ਮੂੰਹ ਸਾਫ ਕੀਤਾ। ਉਧਰ ਬਲਦੇਵ ਸਿੰਘ ਦੇ ਚਿਹਰੇ ਤੇ ਦੁਖ ਦੀਆਂ ਉਹ ਰੇਖਾਵਾਂ ਉਭਰ ਆਈਆਂ
ਸਨ, ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਕਰਾਹੁੰਦਾ ਹੋਇਆ ਬੋਲਿਆ, “ਬਸ … ਮੇਰੇ
ਵਾਹਿਗੁਰੂ ਮਿਹਰ ਕਰ ਹੁਣ ਠੱਲ ਪਾ ਇਸ ਜ਼ੁਲਮ ਨੂੰ” ਤੇ ਅੱਗੋਂ ਉਸ ਦੀ ਅਵਾਜ਼ ਭਾਰੀ ਹੋ ਕੇ ਵਿੱਚੇ ਦਬ
ਗਈ। ਮੁਨੀਮ ਫੇਰ ਕੁੱਝ ਬੋਲਣ ਲੱਗਾ ਸੀ ਪਰ ਉਸ ਦੀ ਹਾਲਤ ਵੇਖ ਕੇ ਚੁੱਪ ਕਰ ਗਿਆ। ਪੱਲ ਕੁ ਬਾਅਦ
ਬਲਦੇਵ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਫੇਰ ਪੁੱਛਿਆ, “ਮੁਨੀਮ ਜੀ ਬਾਕੀ ਔਰਤਾਂ ਅਤੇ ਬੱਚੇ
ਦਾ ਕੀ ਬਣਿਆ?”
“ਸਰਦਾਰ ਜੀ! ਕੈਨੇਡਾ ਤੋਂ ਆਈ ਅਮਰਜੀਤ ਕੌਰ ਮਾਣਕ ਦੀ ਵੀ ਉਨ੍ਹਾਂ ਬਹੁਤ ਦੁਰਦਸ਼ਾ ਕੀਤੀ ਤੇ ਫੇਰ ਉਸ
ਨੂੰ ਵੀ ਤੀਸਰੀ ਮੰਜ਼ਲ ਤੋਂ ਹੇਠਾਂ ਸੜਕ `ਤੇ ਸੁੱਟ ਦਿੱਤਾ। ਇਸ ਭਿਆਨਕ ਕਾਂਡ ਨੂੰ ਸਹਿ ਨਾ ਸਕਦਿਆਂ
ਹੋਇਆਂ ਅੰਮ੍ਰਿਤ ਨੇ ਆਪ ਤੀਸਰੀ ਮੰਜ਼ਲ ਤੋਂ ਹੇਠਾਂ ਛਾਲ ਮਾਰ ਦਿੱਤੀ ਪਰ ਕੁਦਰਤੀ ਇਸ ਦੀ ਮੌਤ ਨਹੀਂ
ਹੋਈ ਤੇ ਲੱਤ ਟੁੱਟ ਗਈ। ਕੁੱਝ ਦੂਰੀ `ਤੇ ਅੱਗ ਬਲ ਰਹੀ ਸੀ ਤੇ ਭਈਏ ਕੋਲ ਬੈਠੇ ਸਨ, ਉਹ ਉਸ ਨੂੰ
ਚੁੱਕ ਕੇ ਵਿੱਚ ਸੁਟਣ ਹੀ ਲਗੇ ਸਨ ਕਿ ਆਰਮੀ ਆ ਗਈ ਤੇ ਅੰਮ੍ਰਿਤ ਨੂੰ ਆਪਣੀ ਗੱਡੀ ਵਿੱਚ ਪਾ ਲਿਆ।
ਤਿੰਨ ਸਾਲ ਦਾ ਛੋਟਾ ਬੱਚਾ ਸਹਿਮ ਕੇ ਰੇਲਿੰਗ ਨਾਲ ਲੱਗਾ ਪਿਆ ਸੀ, ਫ਼ੌਜ ਨੇ ਉਸ ਦੇ ਰੋਣ ਦੀ ਅਵਾਜ਼
ਸੁਣੀ ਤਾਂ ਉਸ ਨੂੰ ਵੀ ਨਾਲ ਚੁੱਕ ਕੇ ਲੈ ਗਏ।”
ਵਿਥਿਆ ਖ਼ਤਮ ਕਰ ਕੇ ਮੁਨੀਮ ਨੇ ਬਲਦੇਵ ਸਿੰਘ ਵੱਲ ਵੇਖਿਆ, ਉਹ ਜਿਵੇਂ ਕਿਸੇ ਦੁੱਖ ਦੇ ਸਮੁੰਦਰ ਵਿੱਚ
ਡੁੱਬਾ ਹੋਇਆ ਸੀ। ਥੋੜ੍ਹੀ ਦੇਰ ਚੁੱਪ ਛਾ ਗਈ, ਕੋਈ ਵੀ ਕੁੱਝ ਨਹੀਂ ਬੋਲਿਆ। ਥੋੜ੍ਹੀ ਦੇਰ ਬਾਅਦ
ਚੁਪ ਬਲਦੇਵ ਸਿੰਘ ਨੇ ਤੋੜੀ, “ਉਫ. . ਇਤਨੇ ਭਰੇ ਪੂਰੇ ਪਰਿਵਾਰ ਚੋਂ ਇੱਕ ਬਾਲੜੀ ਦੁੱਖ ਸਹਿਣ ਲਈ
ਬਾਕੀ ਰਹਿ ਗਈ। … ਪਤਾ ਨਹੀਂ ਅੱਜ ਇਕੋ ਦਿਨ ਵਿੱਚ ਕਿਤਨੇ ਕੁ ਬੇਕਸੂਰ ਪਰਿਵਾਰ ਮੁਤਸੱਬਪੁਣੇ ਦੀ
ਭੇਟ ਚੜ੍ਹ ਗਏ ਹੋਣਗੇ?” ਤੇ ਦੋ ਅਥਰੂ ਹੋਰ ਲੁੜਕ ਕੇ ਉਸ ਦੀਆਂ ਗੱਲਾਂ ਤੇ ਆ ਗਏ।
“ਮੁਨੀਮ ਜੀ! ਉਥੇ ਦੀ ਕੋਈ ਹੋਰ ਵਿਥਿਆ ਵੀ ਹੈ?” ਬਲਦੇਵ ਸਿੰਘ ਨੇ ਆਪਣਾ ਮੂੰਹ ਪੂੰਝਦੇ ਹੋਏ ਸੁਆਲ
ਕੀਤਾ।
“ਵਿਥਿਆ ਤਾਂ ਬਥੇਰੀਆਂ ਹਨ ਸਰਦਾਰ ਜੀ, ਪਰ ਇਹ ਪਤਾ ਲੱਗੈ ਕਿ ਗਡਰੀਅਨ ਪੁਰਵਾ ਵਿੱਚ ਕੁੱਲ ਸੱਤ ਕਤਲ
ਹੋਏ ਨੇ, ਬਾਕੀ ਲੁੱਟਮਾਰ ਤੋਂ ਤਾਂ ਕੋਈ ਭਾਗਾਂ ਵਾਲੇ ਪਰਿਵਾਰ ਹੀ … “, ਮੁਨੀਮ ਉਸੇ ਤਰ੍ਹਾਂ
ਦੁੱਖੀ ਅੰਦਾਜ਼ ਵਿੱਚ ਜੁਆਬ ਦੇ ਰਿਹਾ ਸੀ ਕਿ ਗੁਰਮੀਤ ਕੌਰ ਬਾਹਰ ਨਿਕਲੀ ਤੇ ਉਸ ਦੀ ਗੱਲ ਵਿੱਚੋਂ ਹੀ
ਕਟਦੀ ਹੋਈ ਬੋਲੀ, “ਸਰਦਾਰ ਜੀ! ਬਾਹਰ ਹਾਲਾਤ ਬਹੁਤ ਖਰਾਬ ਨੇ, ਉਤੋਂ ਸਮਾਂ ਵੀ ਬਹੁਤ ਹੋ ਗਿਐ। ਹੁਣ
ਤੁਸੀਂ ਮੁਨੀਮ ਜੀ ਨੂੰ ਜਾਣ ਦਿਉ, ਉਨ੍ਹਾਂ ਦੇ ਪਰਿਵਾਰ ਵਾਲੇ ਚਿੰਤਾ ਕਰਦੇ ਹੋਣਗੇ।”
ਬਲਦੇਵ ਸਿੰਘ ਜਿਵੇਂ ਕਿਸੇ ਨੀਂਦ ਵਿੱਚੋਂ ਜਾਗਿਆ ਹੋਵੇ, ਸਿਰ ਨੂੰ ਝਟਕਾ ਦੇਂਦਾ ਹੋਇਆ ਬੋਲਿਆ, “ਉਫ
… ਵਿਥਿਆ ਇਤਨੀ ਦਰਦ ਭਰੀ ਸੀ ਕਿ ਮੈਂ ਉਸ ਦੇ ਵਿੱਚ ਹੀ ਗੁਆਚ ਗਿਆ ਤੇ ਇਸ ਗੱਲ ਦਾ ਧਿਆਨ ਹੀ ਨਹੀਂ
ਰਿਹਾ”, ਤੇ ਫੇਰ ਮੁਨੀਮ ਵੱਲ ਮੁੜਦਾ ਹੋਇਆ ਬੋਲਿਆ, “ਮਾਫ਼ ਕਰਨਾ ਮੁਨੀਮ ਜੀ, ਮੈਨੂੰ ਇਸ ਗੱਲ ਦੀ
ਸੁਰਤ ਹੀ ਨਹੀਂ ਰਹੀ। ਹਾਲਾਤ ਐਸੇ ਨੇ ਕਿ ਤੁਹਾਨੂੰ ਪਰਿਵਾਰ ਨੂੰ ਛੱਡ ਕੇ ਇਥੇ ਰੁਕਣ ਵਾਸਤੇ ਵੀ
ਨਹੀਂ ਕਹਿ ਸਕਦਾ. . ਪਰ ਜ਼ਰਾ ਧਿਆਨ ਨਾਲ ਜਾਣਾ।”
“ਸਰਦਾਰ ਜੀ! ਹਾਲਾਤ ਮਾੜੇ ਤਾਂ ਸਿੱਖਾਂ ਵਾਸਤੇ ਨੇ ਬਾਕੀ ਤਾਂ ਉਸੇ ਤਰ੍ਹਾਂ ਤੁਰੇ ਫਿਰਦੇ ਨੇ, …
ਇਥੋਂ ਤੱਕ ਕਿ ਕਰਫਿਊ ਦਾ ਵੀ ਕਿਧਰੇ ਕੋਈ ਅਸਰ ਨਹੀਂ ਨਜ਼ਰ ਆਉਂਦਾ। … ਪਰ ਤੁਹਾਡੀ ਗੱਲ ਵੀ ਠੀਕ ਹੈ,
ਜਨੂੰਨ ਦਾ ਵੀ ਕੀ ਪਤਾ ਹੁੰਦੈ ਕਿ ਇਹ ਪਾਗਲਪਨ ਕਦੋਂ ਕਿਧਰ ਤੁਰ ਪਵੇ”, ਮੁਨੀਮ ਨੇ ਉਠ ਕੇ ਬਾਹਰ
ਵੱਲ ਤੁਰਦੇ ਹੋਏ ਕਿਹਾ। ਫਿਰ ਦਰਵਾਜ਼ੇ ਕੋਲ ਪਹੁੰਚ ਕੇ ਗੁਰਮੀਤ ਕੌਰ ਵੱਲ ਮੁੜਦਾ ਹੋਇਆ ਬੋਲਿਆ,
“ਬੀਬੀ ਜੀ! ਜਿਸ ਚੀਜ਼ ਦੀ ਲੋੜ ਹੈ, ਦੱਸ ਦਿਓ, ਸਵੇਰੇ ਆਉਂਦਾ ਲਈ ਆਵਾਂਗਾ।”
“ਅਜੇ ਕਿਸੇ ਚੀਜ਼ ਦੀ ਲੋੜ ਨਹੀਂ ਮੁਨੀਮ ਜੀ, ਜੋ ਅੱਜ ਲਿਆਏ ਸਾਓ, ਸਾਰਾ ਕੁੱਝ ਉਂਝੇ ਪਿਐ”, ਗੁਰਮੀਤ
ਕੌਰ ਨੇ ਜੁਆਬ ਦਿੱਤਾ। ਬਲਦੇਵ ਸਿੰਘ ਨੇ ਦਰਵਾਜ਼ਾਂ ਖੋਲ੍ਹ ਦਿੱਤਾ ਤੇ ਮੁਨੀਮ ਸਾਈਕਲ ਚੁੱਕ ਕੇ ਬਾਹਰ
ਨਿਕਲ ਗਿਆ।
“ਕੀ ਹਾਲ ਹੈ ਬੱਬਲ ਦਾ? ਮੇਰਾ ਤਾਂ ਮੁਨੀਮ ਜੀ ਦੀ ਗੱਲ ਸੁਣਦਿਆਂ ਵੀ ਬਹੁਤਾ ਧਿਆਨ ਉਸ ਵੱਲ ਹੀ
ਰਿਹੈ”, ਦਰਵਾਜ਼ਾ ਬੰਦ ਕਰ ਕੇ ਗੁਰਮੀਤ ਕੌਰ ਵੱਲ ਮੁੜਦੇ ਹੋਏ ਬਲਦੇਵ ਸਿੰਘ ਨੇ ਪੁੱਛਿਆ।
“ਠੀਕ ਹੈ। … ਤੁਹਾਨੂੰ ਪਤੈ, . . ਉਂਝ ਤਾਂ ਬਹੁਤ ਹਿੰਮਤ ਵਾਲੀ ਹੈ, … ਕੱਲ ਸ਼ਾਮ ਦਾ ਸਭ ਕੁੱਝ ਸੁਣ
ਅਤੇ ਸਹਿ ਰਹੀ ਹੈ, … ਪਰ ਫੇਰ ਵੀ ਹੈ ਤਾਂ ਬਾਲੜੀ। … ਉਂਝ ਵੀ ਮੈਨੂੰ ਜਾਪਦੈ ਸਰਦਾਰ ਜੀ! ਸਾਡੇ
ਬੱਚਿਆਂ ਵਿੱਚ ਧਰਮ ਪ੍ਰਤੀ ਇਤਨੀ ਵਚਨਬੱਧਤਾ ਹੈ ਕਿ ਕੌਮ ਲਈ ਜਾਨ ਦੇਣ ਤੋਂ ਰਤਾ ਨਹੀਂ ਡਰਦੇ, ਪਰ
ਇਸ ਗਲੋਂ ਇਤਨੇ ਭਾਵਕ ਵੀ ਹਨ ਕਿ ਕੌਮ ਦਾ ਅਪਮਾਨ ਬਿਲਕੁਲ ਨਹੀਂ ਬਰਦਾਸ਼ਤ ਕਰ ਸਕਦੇ। … ਜ਼ਬਰਦਸਤੀ
ਸਿੱਖਾਂ ਦੇ ਕੇਸਾਂ ਦੀ ਬੇਅਦਬੀ ਕਰਨ, … ਉਨ੍ਹਾਂ ਦੇ ਦਾੜੀ ਮੁੱਛਾਂ ਪੁੱਟ ਕੇ ਬੇਇਜ਼ਤ ਕਰਨ ਅਤੇ
ਸਿਗਰਟਾਂ ਪੀਣ ਲਈ ਮਜ਼ਬੂਰ ਕਰਨ ਦਾ ਸੁਣ ਕੇ ਉਹ ਜ਼ਿਆਦਾ ਪ੍ਰੇਸ਼ਾਨ ਹੋ ਗਈ ਹੈ”, ਗੁਰਮੀਤ ਕੌਰ ਨੇ
ਆਪਣਾ ਖਿਆਲ ਦੱਸਿਆ।
“ਹਾਂ ਮੀਤਾ! ਤੁਸੀਂ ਠੀਕ ਹੀ ਕਹਿ ਰਹੇ ਹੋ, ਮੈਨੂੰ ਵੀ ਇੰਝ ਹੀ ਲਗਦੈ”, ਕਹਿੰਦਾ ਹੋਇਆ ਬਲਦੇਵ
ਸਿੰਘ ਬੱਬਲ ਦੇ ਕਮਰੇ ਵੱਲ ਹੀ ਤੁਰ ਪਿਆ ਤੇ ਮਗਰ ਹੀ ਗੁਰਮੀਤ ਕੌਰ ਆ ਗਈ।
(ਨੋਟ: ਇਸ ਨਾਵਲ ਵਿੱਚ ਦਰਸਾਈਆਂ ਜਾ ਰਹੀਆਂ ਕਾਨਪੁਰ ਦੀਆਂ ਸਾਰੀਆਂ ਮੰਦਭਾਗੀਆਂ ਦੁੱਖਦਾਈ
ਘਟਨਾਵਾਂ ਬਿਲਕੁਲ ਸੱਚੀਆਂ ਹਨ ਅਤੇ ਤਾਰਨ ਗੁਜਰਾਲ ਜੀ ਦੀ ਕਿਤਾਬ, ‘ਰੱਤੁ ਕਾ ਕੁੰਗੂ’ ਵਿੱਚੋਂ
ਲਈਆਂ ਗਈਆਂ ਹਨ। ਬੇਸ਼ਕ ਉਨ੍ਹਾਂ ਨੂੰ ਨਾਵਲ ਦੇ ਪਾਤਰਾਂ ਨਾਲ ਜੋੜਿਆ ਗਿਆ ਹੈ ਪਰ ਸਥਾਨ, ਵਿਅਕਤੀ
ਅਤੇ ਵਾਰਦਾਤਾਂ ਬਿਲਕੁਲ ਸੱਚੀਆਂ ਹਨ। . . ਰਾਜਿੰਦਰ ਸਿੰਘ)
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726