.

ਸਿੱਖ ਇਤਿਹਾਸ ਵਿੱਚ ਪਰਖ ਦੀਆਂ ਘੜੀਆਂ

(1708 – 1849)

(ਕਿਸ਼ਤ ਨੰ: 5)

ਅਮਰੀਕ ਸਿੰਘ ਧੌਲ

ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ

(ਸ) ਮਰਦਿ-ਜਵਾਂ ਜਿਸ ਨੇ ਅਹਿੰਸਾ, ਜੰਗ ਅਤੇ ਇਖ਼ਲਾਕ ਦੀਆਂ ਤਿੰਨੇ ਮਿੱਥਾਂ, ਜੋ ਬਰਬਾਦੀ ਦੇ ਨੇੜੇ ਪਹੁੰਚ ਗਈਆਂ ਸਨ, ਨੂੰ ਮੁੜ ਜ਼ਿੰਦਾ ਕਰਕੇ ਵਿਖਾ ਦਿੱਤਾ, ਉਹ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ। ਅਸਲ ਵਿਚ, ਉਸ ਨੇ ਤਿੰਨਾਂ ਮਿੱਥਾਂ ਨੂੰ ਪਹਿਲਾਂ ਨਾਲੋਂ ਵਧੇਰੇ ਸੰਯੁਕਤ ਤੇ ਸਪਸ਼ਟ ਕੀਤਾ। ਭਾਵੇਂ ਇਨ੍ਹਾਂ ਵਿੱਚ ਪਹਿਲਾਂ ਵਾਲੀ ਤਾਜ਼ਗੀ ਤੇ ਪਾਸਾਰ ਏਨਾ ਨਿਰਾਕਾਰ ਅਤੇ ਸੂਖਮ ਨਾਂਹ ਰਿਹਾ ਪਰ ਸ਼ੇਰਿ-ਪੰਜਾਬ ਨੇ ਇਨ੍ਹਾਂ ਮਿੱਥਾਂ ਨੂੰ ਇੱਕ ਜ਼ਾਵੀਏ (ਦ੍ਰਿਸ਼ਟੀਕੋਣ) ਵਿੱਚ ਟਿਕਾ ਦਿੱਤਾ ਜਿਥੋਂ ਇਨ੍ਹਾਂ ਦੇ ਹੁਸਨ ਦੀ ਸਿਖਰ ਤੇ ਉਸ ਦਾ ਨਿਰੰਤਰ ਵਿਕਾਸ ਸਰ੍ਹੀਂਣ ਦਿਸਦਾ ਸੀ। ਇਉਂ ਉਸ ਨੇ ਇਨ੍ਹਾਂ ਨੂੰ ਵਧੇਰੇ ਮਜ਼ਬੂਤੀ ਬਖ਼ਸ਼ੀ।
ਸ਼ੇਰਿ-ਪੰਜਾਬ ਵਿੱਚ ਸਿੱਖ-ਮਿੱਥ ਦੇ ਜਲਾਲ ਦੀ ਹੋਂਦ ਵਾਰੇ ਨੌਂ ਮਸ਼ਹੂਰ ਲਿਖਾਰੀਆਂ ਵਿਚੋਂ ਸਭ ਤੋਂ ਵੱਧ ਈਮਾਨਦਾਰ ਤੇ ਯਕੀਨੀ ਗਵਾਹੀ ਸ਼ਾਹ ਮੁਹੰਮਦ ਨੇ ਜਿਸ ਸਿਦਕ ਤੇ ਸਿੱਦਤ (ਜ਼ੋਰ) ਨਾਲ ਆਪਣੇ ਜੰਗਨਾਮੇ ਵਿੱਚ ਅੰਕਿਤ ਕੀਤੀ ਹੈ ਉਹ ਲਾ-ਮਿਸਾਲ ਹੈ। ਬਾਕੀ ਹਰੇਕ ਲਿਖਾਰੀ ਜਿਸ ਨੇ 1708 ਈ. ਤੋਂ 1845 ਈ. ਤਕ ਦੇ ਦੌਰ ਦੇ ਸਿੱਖ ਅਮਲ ਦੀਆਂ ਇਤਿਹਾਸਿਕ ਝਾਕੀਆਂ ਜਾਂ ਵਿਸਥਾਰ ਉਤੇ ਲਿਖਿਆ, ਦੀ ਪੇਸ਼ਕਾਰੀ ਵਿੱਚ ਥੋੜਾ ਜਾਂ ਬਹੁਤਾ ਅਧੂਰਾਪਨ ਉਨ੍ਹਾਂ ਦੀ ਅੰਤਰਦ੍ਰਿਸ਼ਟੀ ਦੇ ਚੰਗੇ ਮਾੜੇ ਹੋਣ ਦੀ ਮੌਜੂਦਗੀ ਕਰਕੇ ਪਿਆ ਹੈ (ਪ੍ਰੋ. ਮਹਿਬੂਬ 1988: 1094) ਭਾਵੇਂ ਉਨ੍ਹਾਂ ਨੇ ਵੀ ਸਿੱਖ-ਮਿੱਥਾਂ ਦਾ ਪ੍ਰਭਾਵ ਗ੍ਰਹਿਣ ਜ਼ਰੂਰ ਕੀਤਾ। ਸ਼ਾਹ ਮੁਹੰਮਦ ਪਹਿਲਾ ਵਿਅਕਤੀ ਹੈ, ਜਿਸ ਨੇ ਅਹਿੰਸਾ, ਜੰਗ ਅਤੇ ਇਖ਼ਲਾਕ ਦੀਆਂ ਸਿੱਖ-ਮਿੱਥਾਂ ਦੇ ਦੂਰ-ਦੁਰਾਡੇ ਅਦ੍ਰਿਸ਼ਟ ਸਫਰ ਚੰਗੀ ਤਰ੍ਹਾਂ ਵੇਖ ਲਏ। ਉਸ ਨੇ ਸਿੱਖਾਂ ਅਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਵਿੱਚ ਖ਼ਾਲਸਾ ਫੌਜ ਦੇ ਉੱਚੇ-ਸੁੱਚੇ ਕਿਰਦਾਰ ਥਾਣੀ ਰਣਜੀਤ ਸਿੰਘ ਦੀ ਮਹਾਨਤਾ ਦੇ ਸੂਖਮ ਅਤੇ ਸਪਸ਼ਟ, ਦਿਸਦੇ ਅਤੇ ਅਣਦਿਸਦੇ, ਰਹੱਸਮਈ ਅਤੇ ਸਾਦੇ, ਆਤਮਕ ਅਤੇ ਪਿਤਾ-ਪੁੱਤਰ ਮੋਹ ਵਾਲੇ, ਗੱਲ ਕੀ ਸਭ ਪਹਿਲੂ ਵੇਖ ਲਏ। ਉਸ ਨੇ ‘ਸਰਕਾਰ’ ਦੇ ਉੱਜਲ ਦੀਦਾਰ ਥਾਣੀ ਤਿੰਨ ਸਿੱਖ-ਮਿੱਥਾਂ ਦੇ ਦਰਸ਼ਨ ਕੀਤੇ। ਸਮੁਚੀ ਉਦਾਸ ਦਾਸਤਾਨ ਨੂੰ 105 ਚਾਰ ਸਤਰੇ ਬੈਂਤਾਂ ਦੇ ਛੋਟੇ ਪਰ ਖ਼ੂਬਸੂਰਤ ਕਿੱਸੇ ਵਿੱਚ ਜਜ਼ਬੇ ਦੀ ਇੱਕ ਵੀ ਤਰੰਗ ਨੂੰ ਮਹਾਰਾਜ ਸਾਹਿਬ ਦੀ ਹੋਂਦ ਤੋਂ ਨਿਖੇੜਿਆ ਨਹੀਂ ਜਾ ਸਕਦਾ। ਕਵੀ ਦੀ ਨਜ਼ਰ ਵਿੱਚ ‘ਸਰਕਾਰ’ ਸਰਬ ਵਿਆਪਕ ਹਨ, ਖ਼ਾਲਸੇ ਦਾ ਕਾਲ ਵਿੱਚ ਢਲਿਆ ਮਹਾਨ ਆਤਮਕ ਅਮਲ ਹਨ, ਅਤੇ ਉਨ੍ਹਾਂ ਦੀ ਜੰਗ ਵਿੱਚ ਰੰਗਲੀ ਚੜ੍ਹਦੀ ਕਲਾ ਦੇ ਪਿਛੋਕੜ ਦਾ ਗਿਆਨ ਅਤੇ ਪ੍ਰੇਰਣਾ ਹਨ।
ਸ਼ਾਹ ਮੁਹੰਮਦ ਨੇ ਮਹਾਰਾਜੇ ਨੂੰ ‘ਮਹਾਂਬਲੀ’ ਕਹਿਣ ਲਈ ਖ਼ਾਲਸੇ ਦੀਆਂ ਤਿੰਨੇ ਮਿੱਥਾਂ ਦੇ ਜ਼ੋਰ ਨੂੰ ਵਰਤਿਆ ਹੈ। ਮਹਾਂਬਲੀ ਕਹਿਣ ਸਮੇਂ ਕਵੀ ਦਾ ਅਨੁਭਵ ਵੀ ਮਹਾਂਬਲੀ ਹੈ। ਮਹਾਰਾਜੇ ਦੇ ਜਨਮ ਨੂੰ ਮੌਤ ਦੇ ਖੂਨੀ ਦਰਿਆ ਦੇ ਮੁਕਾਬਲੇ ਵਿੱਚ ਪੇਸ਼ ਕਰਕੇ ਉਸ ਦੀ ਮਿੱਥ ਨੂੰ ਬਲਵਾਨ ਕੀਤਾ ਗਿਆ ਹੈ। ਮੌਤ ਨੇ ਹਰ ਇੱਕ ਸਰੀਰ ਨੂੰ ਖ਼ਤਮ ਕਰ ਦੇਣਾ ਹੈ, ਪਰ ਉਹ ਕਿਸੇ ਵੀ ਸਰੀਰ ਦੀਆਂ ਰੱਬੀ ਸਿਫਤਾਂ ਨੂੰ ਖ਼ਤਮ ਨਹੀਂ ਕਰੇਗੀ, ਕਿਉਂਕਿ ਉਹ ਜ਼ਾਇਆ ਨਾਂਹ ਹੋ ਕੇ ਸਦੀਵੀ ਦੈਵੀ ਪ੍ਰਬੰਧ ਵਿੱਚ ਵਿਗਾਸ ਰੱਖਣਗੀਆਂ। ਜਿਸ ਸਰੀਰ ਵਿਚੋਂ ਰੱਬ ਦੀਆਂ ਸਿਫਤਾਂ ਖੁਸ਼ਕ ਹੋ ਗਈਆਂ ਹਨ ਉਹਨੂੰ ਮੌਤ, ਕਾਲ ਅਤੇ ਰੱਬ ਦੇ ਗਜ਼ਬ ਦਾ ਜ਼ੋਰਾਵਰ ਹੜ੍ਹ ਹਮੇਸ਼ਾਂ ਲਈ ਗੁਮਨਾਮੀ ਵਿੱਚ ਗਰਕ ਕਰ ਦੇਵੇਗਾ। ਸ਼ਾਹ ਮੁਹੰਮਦ ਕੁਰਾਨ ਮਜੀਦ ਦੇ ਛੇਵੇਂ ਸੂਰਾ ‘ਅਨਾਮ’ ਦੇ ਅਜਿਹੇ ਸ਼ਕਤੀਸ਼ਾਲੀ ਦੈਵੀ ਅਨੁਭਵ ਨਾਲ ਉਨ੍ਹਾਂ ਨੂੰ ਰੋਹ-ਰੁਹਾਣੇ ਕਾਲ ਵਿੱਚ ਸਦੀਵੀ ਤੌਰ ਤੇ ਗਰਕੇ ਹੋਏ ਮੰਨਦਾ ਹੈ:
“ਕੀ (ਧਰਤੀ ਦੀਆਂ ਚੀਜ਼ਾਂ ਨੂੰ ਰੱਬ ਮੰਨਣ ਵਾਲੇ) ਉਨ੍ਹਾਂ (ਕਾਫ਼ਰਾਂ) ਨੇ ਨਹੀਂ ਵੇਖਿਆ ਕਿ ਅਸੀਂ ਉਨ੍ਹਾਂ ਤੋਂ ਪਹਿਲਾਂ ਕਿੰਨਿਆਂ ਉੱਮਤਾਂ ਨੂੰ ਬਰਬਾਦ ਕਰ ਦਿੱਤਾ ਸੀ। ਉੱਮਤਾਂ, ਜਿਨ੍ਹਾਂ ਨੂੰ ਧਰਤੀ ਉੱਤੇ ਅਸੀਂ ਤੁਹਾਡੇ ਨਾਲੋਂ ਵੀ ਵਧੇਰੇ ਮਜ਼ਬੂਤੀ ਬਖ਼ਸ਼ੀ ਸੀ। ਉਨ੍ਹਾਂ ਉੱਤੇ ਆਸਮਾਨਾਂ ਤੋਂ (ਨਿਅਮਤਾਂ ਦੇ) ਮੀਂਹ ਵਰ੍ਹਾਏ ਸਨ ਅਤੇ ਉਨ੍ਹਾਂ ਦੇ ਪੈਰਾਂ ਹੇਠ (ਖ਼ੁਸ਼ਹਾਲੀ ਦੇ) ਦਰਿਆ ਵਗਦੇ ਸਨ, ਪਰ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹ ਕਾਰਨ ਬਰਬਾਦ ਕਰ ਦਿੱਤਾ ਤੇ ਉਨ੍ਹਾਂ ਪਿਛੋਂ ਹੋਰ ਉੱਮਤਾਂ ਪੈਦਾ ਕਰ ਦਿੱਤੀਆਂ।
ਸ਼ਦਾਦ ਨਮਰੂਦ ਫਿਰਊਨ ਜੇਹੇ, ਦਾਵਾ ਬੰਨ੍ਹ ਖ਼ੁਦਾ ਕਹਾਇ ਗਏ……….
ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਇ ਗਏ…………
ਇਸ ਪਿਛੋਂ ਨਾਲ ਹੀ ਸ਼ਾਹ ਮੁਹੰਮਦ ਇੱਕ ਤਗੜਾ ਅਨੁਭਵ ਦਿੰਦਾ ਹੈ ਕਿ ਰਣਜੀਤ ਸਿੰਘ ਮੌਤ ਦੇ ਇਸ ਤੋੜ ਸੁੱਟਣ ਵਾਲੇ ਕਹਿਰ ਸਾਮ੍ਹਣੇ ਸਲਾਮਤ ਹੈ। ਉਹ ਮਹਾਂਬਲੀ ਹੈ, ਕਿਉਂਕਿ ਉਸ ਨੇ ਰੱਬ ਦੀਆਂ ਸਿਫਤਾਂ ਨੂੰ ਪਾਲਦੇ ਹੋਏ ਭਾਰੀਆਂ ਜਿੱਤਾਂ ਜਿੱਤੀਆਂ ਹਨ। ਉਸ ਦੀ ਹਰ ਜੰਗ ਨੂੰ ਜਿੱਤਣ ਪਿੱਛੇ ਅਟਕ ਨੂੰ ਥੰਮ੍ਹਣ ਵਾਲਾ ਜ਼ੋਰ ਅਤੇ ਜ਼ੱਬਤ ਹੈ: ਭੀਸ਼ਣ, ਅਪਕੜ ਅਤੇ ਫੇਰ ਵੀ ਸਾਬਤ! (ਰਣਜੀਤ ਸਿੰਘ ਦੇ ਅਟਕ ਥੰਮ੍ਹਣ ਵਾਲੇ ਅਮਰ ਕਾਰਨਾਮੇ ਦੀ ਮਿੱਥ ਇੱਕ ਕੁਦਰਤੀ ਲੋਕ ਗਾਥਾ ਵਿੱਚ ਬਦਲ ਚੁਕੀ ਹੈ)।
ਸ਼ੇਰਿ-ਪੰਜਾਬ ਦੀਆਂ ਜੰਗਾਂ ਚੜ੍ਹਦੀ ਕਲਾ ਦਾ ਇੱਕ ਨਿਰੰਤਰ ਤਾਲ ਬਣ ਕੇ ਆ ਰਹੀਆਂ ਹਨ, ਪਰ ਉਹ ਹਿੰਸਾ ਦੀ ਅਰਾਜਕਤਾ ਵਿੱਚ ਨਹੀਂ ਗੁਆਚਦੀਆਂ। ਜੰਗਾਂ ਸ਼ੇਰ ਦੀ ਗਰਜ ਨਾਲ ਆਉਂਦੀਆਂ ਹਨ, ਅਤੇ ਅਮਨ ਦੇ ਨਾਦ ਵਿੱਚ ਸਮੋ ਜਾਂਦੀਆਂ ਹਨ, ਜਾਂ ਥੰਮ੍ਹੇ ਹੋਏ ਅਟਕ ਵਾਂਗ ਸ਼ਾਂਤ ਸੋਹਣਾ ਵਹਿਣ ਬਣ ਜਾਂਦੀਆਂ ਹਨ। ਹੋਰ ਹੁਕਮਰਾਨਾਂ ਦੀਆਂ ਜੰਗਾਂ ਮੁਕਾਬਲੇ ਵਿੱਚ ਪੇਸ਼ ਕੀਤਿਆਂ ਸ਼ੇਰਿ-ਪੰਜਾਬ ਦੀਆਂ ਜੰਗਾਂ ਜਿੰਨਾ ਡੂੰਘਾ ਜ਼ੱਬਤ ਅਤੇ ਅਮਨ ਦਾ ਮਹਾਂਬਲੀ ਪ੍ਰਭਾਵ ਕਈ ਕਾਰਨਾਂ ਕਰਕੇ ਨਹੀਂ ਰਖਦੀਆਂ। ਇਵੇਂ ਹੀ ਸ਼ਦਾਦ, ਨਮਰੂਦ ਤੇ ਫਿਰਊਨ ਦੀਆਂ ਸੰਸਾਰੀ ਸ਼ਾਨਾਂ ਬਹੁਤ ਵੱਡੀਆਂ ਹੋ ਸਕਦੀਆਂ ਹਨ, ਪਰ ਖ਼ੁਦਾਈ ਸਿਫਤਾਂ ਜਾਂ ਆਤਮਕ ਵਰਦਾਨ ਤੋਂ ਸੱਖਣੀਆਂ ਹੋਣ ਕਾਰਨ ਇਹ ਮੌਤ ਦੇ ਜਬਰ ਅੱਗੇ ਨਹੀਂ ਸਨ ਖਲੋ ਸਕਦੀਆਂ। ਰਣਜੀਤ ਸਿੰਘ ਦੀ ਸੂਰਮਗਤੀ ਵਿੱਚ ਮੌਤ ਦੀ ਖੂਨੀ ਕਾਂਗ ਸਾਮ੍ਹਣੇ ਪਿਆਰ ਨਾਲ ਮੁਸਕਰਾ ਸਕਣ ਵਾਲੀ ਮਹਾਂਬਲੀ ਸੁਹਿਰਦਤਾ ਹੈ। ਕਿਉਂ? ਪ੍ਰੋ. ਮਹਿਬੂਬ ਸਮਝਾਉਂਦੇ ਹਨ: “ਇਹ ਠੀਕ ਹੈ, ਕਿ ਜੋਬਨ ਲੱਦ ਜਾਵੇਗਾ, ਤੇ ਕਾਲੇ ਕੇਸ ਸਫ਼ੈਦ ਹੋ ਜਾਣਗੇ, ਪਰ ਬੀਤੇ ਹੁਸਨ ਦੇ ਛਿਣ ਕੁਦਰਤ ਦੀ ਵਿਗਾਸ-ਲੜੀ ਵਿੱਚ ਸਲਾਮਤ ਰਹਿਣਗੇ। ਰਣਜੀਤ ਸਿੰਘ ਤੁਰ ਗਿਆ, ਤੇ ਉਸਦਾ ਰਾਜ ਨਹੀਂ ਰਿਹਾ, ਪਰ ਉਸ ਨੇ ਜ਼ਿੰਦਗੀ ਦੀ ਤਰਜ਼ ਵਿੱਚ ਜੋ ਤਾਜ਼ਗੀ ਰੱਖ ਦਿੱਤੀ ਮੌਤ ਦਾ ਦਰਿਆ ਉਸ ਨੂੰ ਖੋਰ ਨਹੀਂ ਸਕਦਾ, ਕਿਉਂਕਿ ਇਹ ਉਸ ਦੇ ਬਲਵਾਨ ਵਹਿਣ ਨਾਲੋਂ ਵਧੇਰੇ ਪਾਇਦਾਰ ਹੈ। ਸ਼ਾਹ ਮੁਹੰਮਦ ਇਸ ਦ੍ਰਿਸ਼ਟੀਕੋਣ ਤੋਂ ਰਣਜੀਤ ਸਿੰਘ ਦੀ ਵਡਿੱਤਣ ਨੂੰ ਚਿਤਵ ਰਿਹਾ ਹੈ,” ਜਿਹੜਾ ਸੱਚ ਜੰਗਨਾਮਾ ਸ਼ਾਹ ਮੁਹੰਮਦ ਦੇ ਪਹਿਲੇ ਪੰਜ ਬੈਂਤਾਂ ਦੀ ਅੰਤ੍ਰੀਵ ਤਰਕ-ਨਿਰੰਤਰਤਾ ਤੋਂ ਭਲੀ-ਭਾਂਤ ਪ੍ਰਗਟ ਹੋ ਜਾਂਦਾ ਹੈ। ਕਹਿਣ ਦਾ ਭਾਵ ਬੜਾ ਸਪਸ਼ਟ ਹੈ ਕਿ ਰਣਜੀਤ ਸਿੰਘ ਦੀ ਮਿੱਥ ਰਾਹੀਂ ਸ਼ਾਹ ਮੁਹੰਮਦ ਸਿੱਖ ਇਤਿਹਾਸ ਦੇ ਸ਼ਮਸ਼ੀਰਾਂ ਦੇ ਵੱਜਦ ਦੀ ਮਹੱਤਤਾ ਸਮਝਾ ਰਿਹਾ ਹੈ। ਸਭਰਾਵਾਂ ਦੇ ਯੁੱਧ ਵਿੱਚ ਜੂਝਦੇ ਹੋਏ ਸਿੰਘ ਉਸ ਨੂੰ ਇਹ ਪ੍ਰਭਾਵ ਦੇ ਰਹੇ ਹਨ:
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖ਼ਾਲਸੇ ਨੇ ਤੇਗ਼ਾਂ ਮਾਰੀਆਂ ਨੇ।
ਇਸ ਇਕੋ ਸਤਰ ਵਿੱਚ ਸ਼ਾਹ ਮੁਹੰਮਦ ਨੇ ਸਿੱਖਾਂ-ਅੰਗਰੇਜ਼ਾਂ ਦੀ ਪਹਿਲੀ ਜੰਗ ਵਿੱਚ ਖ਼ਾਲਸੇ ਦੀ ਮਾਨਸਿਕ ਸਥਿਤੀ ਅਤੇ ਉਸ ਵਿਚੋਂ ਉਪਜਣ ਵਾਲੇ ਦੁਖਾਂਤ ਨੂੰ ਪੂਰਨ ਰੂਪ ਵਿੱਚ ਪ੍ਰਗਟ ਕਰ ਦਿੱਤਾ ਹੈ। ਖ਼ਾਲਸਾ-ਫੌਜਾਂ ਨੂੰ ਰਣਜੀਤ-ਪਿਆਰ ਦੀ ਲੋੜ ਸੀ, ਜਿਹੜਾ ਉਨ੍ਹਾਂ ਨੂੰ ਮਿਲ ਨਹੀਂ ਸੀ ਰਿਹਾ। ਉਨ੍ਹਾਂ ਦੀ ਹਾਰ ਦਾ ਭੇਤ ਰਣਜੀਤ-ਪਿਆਰ ਦੀ ਅਣਹੋਂਦ ਸੀ। ਕੋਈ ਕੀ ਕਰੇ ਜਦੋਂ ਆਪਣੇ ਹੀ ਬੇਗਾਨੇ ਹੋ ਜਾਣ? ਲਾਲੂ (ਲਾਲ ਸਿੰਘ), ਤੇਜੂ (ਤੇਜ ਸਿੰਘ) ਜੈਸੇ ਪੂਰਬੀਏ ਬ੍ਰਾਹਮਣਾਂ ਅਤੇ ਗੁਲਾਬੂ (ਗੁਲਾਬ ਸਿੰਘ) ਵਰਗੇ ਡੋਗਰਿਆਂ ਨੇ ਬਿੱਪਰ-ਸੰਸਕਾਰ ਦੇ ਛਲ ਵਿੱਚ ਘਿਰੀ ਇੱਕ ਬੇਸਮਝ ਹੁਕਮਰਾਨ ਰਾਣੀ ਨੂੰ ਗੁਮਰਾਹ ਕਰਦਿਆਂ ਹੋਇਆਂ ਚਾਲਾਕ ਅੰਗਰੇਜ਼ ਨਾਲ ਰਚੀ ਸਾਜ਼ਿਸ਼ ਕਰਕੇ ਖ਼ਾਲਸਾ ਫੌਜ ਨੂੰ ਬੜੀ ਬੇਰਹਿਮੀ ਨਾਲ ਬਰਬਾਦ ਕਰ ਦਿੱਤਾ। ਅਗਾਂਹ ਵਿਸਾਹਘਾਤ ਦੇ ਦੁਖਾਂਤਮਈ ਘਟਨਾਵਾਂ ਦੀਆਂ ਅਨੇਕਾਂ ਗਵਾਹੀਆਂ ਦੱਸਦੀਆਂ ਹਨ ਕਿ ਬਿੱਪਰ-ਸੰਸਕਾਰ ਦੇ ਦੁਨਿਆਵੀ ਸੁਆਰਥ, ਈਰਖਾ ਅਤੇ ਅਗਿਆਨ ਵਿਚੋਂ ਜਨਮੇ ਪੱਥਰ-ਦਿਲ ਫਰੇਬਾਂ ਨੇ ਪੈਰ ਪੈਰ ਉੱਤੇ ਖ਼ਾਲਸਾ-ਪੰਥ ਦੇ ਲਹੂ ਨਾਲ ਜ਼ਮੀਨ ਨੂੰ ਕਿਵੇਂ ਰੰਗਿਆ। ਤੋਪਾਂ ਤੇ ਬਾਰੂਦ ਦੀ ਥਾਂ ਰੇਤ ਅਤੇ ਮਸਰਾਂ ਨੂੰ ਮਿਲਾ ਕੇ ਭੇਜਿਆ ਗਿਆ। ਜੇਤੂ ਦੁਸ਼ਮਨ ਨੇ ਛਲ-ਫਰੇਬ ਕੀਤੇ, ਜਿਨ੍ਹਾਂ ਦਾ ਇਕਬਾਲ ਮੈਦਾਨਿ-ਜੰਗ ਚ ਲੜਨ ਵਾਲਿਆਂ ਅਤੇ ਕਿੰਨੇ ਹੀ ਹੋਰ ਇਤਿਹਾਸਕਾਰਾਂ ਦੇ ਸਿੱਧੇ ਅਸਿੱਧੇ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਜੇਤੂ ਦੁਸ਼ਮਨ ਦੇ ਸੀਨੇ ਵਿੱਚ ਫ਼ਤਹ ਦੇ ਸੁਆਦ ਦੇ ਨਾਲ ਨਾਲ ਗੁਨਾਹ ਦੀ ਚੀਸ ਵੀ ਚੁੱਭ ਰਹੀ ਸੀ। ਪੜ੍ਹੋ ਪ੍ਰੋ. ਮਹਿਬੂਬ ਦੇ ਆਪਣੇ ਲਫਜ਼: “ਅੰਗਰੇਜ਼ਾਂ ਦੇ ਸਵੈ-ਤ੍ਰਿਸਕਾਰ ਵਾਲੇ ਕਥਨਾਂ, ਕਮੀਨੇ ਗੱਦਾਰਾਂ ਨਾਲ ਭਾਈਵਾਲੀ ਉੱਤੇ ਸ਼ਰਮ ਦੇ ਪ੍ਰਗਟਾਵਿਆਂ, ਸਿੱਖਾਂ ਨੂੰ ਈਮਾਨਦਾਰ ਤਰੀਕਿਆਂ ਨਾਲ ਲੜੀ ਜਾਣ ਵਾਲੀ ਜੰਗ ਦੇ ਜੇਤੂ ਤਸੱਵਰ ਕਰਨ ਤੋਂ ਅਤੇ ਸਿੱਖ-ਸੂਰਮਗਤੀ ਦੀਆਂ ਦਿਲ ਉੱਤੇ ਬੈਠੀਆਂ ਦਹਿਸ਼ਤਾਂ ਤੋਂ ਪਤਾ ਲਗਦਾ ਹੈ, ਕਿ ਜੇਤੂ ਦੁਸ਼ਮਨ ਦੀ ਜ਼ਮੀਰ ਉੱਤੇ ਗੁਨਾਹ ਦਾ ਕੋਈ ਬੋਝ ਹੈ। ਖ਼ਾਲਸਾ ਫੌਜ ਦੇ ਇਖ਼ਲਾਕ ਦੀ ਖੂਬਸੂਰਤੀ ਦੁਸ਼ਮਨ ਦੀ ਨਿਗਾਹ ਵਿੱਚ ਵੀ ਹਾਰ ਚੁਕੇ ਮਾਸੂਮ ਸਿੰਘਾਂ ਨੂੰ ਪਾਕ ਸ਼ਹੀਦਾਂ ਦਾ ਦਰਜਾ ਦੇ ਦਿੰਦੀ ਹੈ।
ਜੇਤੂ ਦੇ ਮਨ ਵਿੱਚ ਖ਼ਾਲਸੇ ਦੀ ਅਜਿਹੀ ਉੱਚਤਾ ਰੂਹਾਨੀਅਤ ਨਾਲ ਜੁੜੇ ਉਸ ਦੇ ਸੁੱਚੇ ਇਖ਼ਲਾਕ ਨੇ ਪੈਦਾ ਕੀਤੀ। ਸਿੱਖ-ਫੌਜ ਨੂੰ ਇਖ਼ਲਾਕ ਦੀ ਇਹ ਸ਼ਕਤੀ ਰਣਜੀਤ ਸਿੰਘ ਕੋਲੋਂ ਮਿਲੀ ਸੀ, ਜਿਹੜੀ ਉਸ ਦਿਨ ਇਕੱਠੀ ਹੋਣੀ ਸ਼ੁਰੂ ਹੋਈ ਸੀ, ਜਦੋਂ ਉਸ ਨੇ ਲਾਹੌਰ ਦੇ ਸੁਮਨ ਬੁਰਜ ਹੇਠ ਖਲੋ ਕੇ ਅਬਦਾਲੀ ਦੇ ਪੋਤਰੇ ਸ਼ਾਹ ਜ਼ਮਾਨ ਨੂੰ ਦੋ ਹੱਥ ਕਰਨ ਲਈ ਵੰਗਾਰਿਆ ਸੀ। ਤੇ ਇਹ ਸ਼ਕਤੀ ਸੰਪੂਰਨ ਕਦੋਂ ਹੋਈ? ਦੋ ਗੱਲਾਂ ਦਸਦੇ ਹਨ: ਸਿੱਖ-ਚੇਤਨਾ ਨੂੰ ਮੁਹੱਬਤ ਦੇ ਪਾਣੀਆਂ ਨਾਲ ਸਿੰਜਣ ਵਾਲੇ (ਸੈਰਾਬ ਕਰਨਾ) ਨਿਰਾਕਾਰ ਜ਼ੱਬਤ, ਜਿਸ ਦੀਆਂ ਕੁੱਝ ਜੜ੍ਹਾਂ ਸਿੰਘ-ਆਦਰਸ਼ ਵਿੱਚ ਲੱਗੀਆਂ ਹੋਈਆਂ ਸਨ, ਵਿੱਚ ਉਸ ਦਿਨ ਸੰਪੂਰਣ ਹੋਈ, ਜਦੋਂ ਉਸ ਸ਼ਾਹ ਸਵਾਰ ਨੇ ਆਪਣੀਆਂ ਫੌਜਾਂ ਦੇ ਅੱਗੇ ਸਭ ਤੋਂ ਪਹਿਲਾਂ ਆਪਣੇ ਜੰਗੀ ਘੋੜੇ ਨੂੰ ਠਾਠਾਂ ਮਾਰਦੇ ਅਟਕ ਦਰਿਆ ਵਿੱਚ ਠੇਲ੍ਹਿਆ ਸੀ। ਦੂਜਾ, ਕੋਈ ਵੀ ਸਿੱਖ-ਜੰਗ ਰੂਹਾਨੀ ਤਜਰਬੇ ਬਿਨਾਂ ਮੁਕੰਮਲ ਨਹੀਂ ਬਣਦੀ। ਏਸੇ ਹੀ ਰੂਹਾਨੀ ਪਿਛੋਕੜ ਦੀ ਸ਼ਾਨ ਨੂੰ ਰਣਜੀਤ ਸਿੰਘ ਦੇ ਮਗਰੋਂ ਲੜੀਆਂ ਜੰਗਾਂ ਵਿੱਚ ਖ਼ਾਲਸਾ-ਫੌਜ ਨੇ ਦਰਸਾ ਦਿੱਤਾ ਸੀ ਭਾਵੇਂ ਸੰਸਾਰੀ ਜਿੱਤ ਪ੍ਰਾਪਤ ਨਾਂਹ ਕਰ ਸਕੇ। ਇਹ ਰਣਜੀਤ-ਪਿਆਰ ਦੀ ਅਣਹੋਂਦ ਹੀ ਸੀ ਜਿਸ ਬਿਨਾਂ ਖ਼ਾਲਸਾ-ਫੌਜ ਦੇ ਸ਼ਕਤੀਸ਼ਾਲੀ ਅਮਲ ਨੂੰ ਜੰਗ ਦੇ ਦ੍ਰਿਸ਼ਟਮਾਨ ਪਾਸਾਰ ਵਿੱਚ ਫੈਲਾਉਂਦਾ ਹੋਇਆ ਜਿੱਤ ਪ੍ਰਾਪਤ ਕਰ ਸਕਦਾ ਸੀ। ਭਾਵ ਖ਼ਾਲਸਾ-ਫੌਜਾਂ ਨੂੰ ਰਣਜੀਤ-ਪਿਆਰ ਵਿਚੋਂ ਆਪਣੇ ਰੂਹਾਨੀ ਤਜਰਬੇ ਦਾ ਪਿਛੋਕੜ ਮੁਹੱਈਆ ਹੁੰਦਾ ਸੀ। ਸਿਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਵਿੱਚ ਖ਼ਾਲਸਾ ਫੌਜਾਂ ਰਣਜੀਤ-ਪਿਆਰ ਨੂੰ ਤਰਸ ਰਹੀਆਂ ਸਨ, ਜਿਸ ਬਿਨਾਂ ਉਨ੍ਹਾਂ ਦੀ ਜੰਗੀ-ਪ੍ਰਤਿਭਾ ਕਿਸੇ ਅਦ੍ਰਿਸ਼ਟ ਪਸਾਰਾਂ ਵਾਲੀ ਮਹਾਨ ਯੁੱਧ-ਤਰਤੀਬ ਨੂੰ ਵਿਸ਼ਾਲ ਪੱਧਰ ਉਤੇ ਸਾਕਾਰ ਨਹੀਂ ਸੀ ਕਰ ਸਕਦੀ। ਇਨ੍ਹਾਂ ਹੀ ਅਰਥਾਂ ਵਿੱਚ ਸ਼ਾਹ ਮੁਹੰਮਦ ਨੇ ਫਰਮਾਇਆ ਸੀ:
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਰਣਜੀਤ ਪਿਆਰ ਵਿੱਚ ਜਿਥੇ ਤਿੰਨੇ ਮਿੱਥਾਂ ਦੀ ਮੌਜੂਦਗੀ ਸੀ ਉਥੇ ਇਸ ਵਿੱਚ ਸਿੰਘ-ਆਦਰਸ਼ ਦੀ ਤਾਕਤ ਕੰਮ ਕਰ ਰਹੀ ਸੀ। ਇਹੋ ਇਸ ਦੇ ਰਚਨਾਤਮਕ (ਤਖ਼ਲੀਕੀ) ਜ਼ੋਰ ਦਾ ਕਾਰਨ ਸੀ। ਤਾਂ ਹੀ ਇਸ ਵਿੱਚ ਜ਼ਿੰਦਗੀ ਦੇ ਵਿਸ਼ਾਲ ਮੰਡਲਾਂ ਨੂੰ ਤਰਾਸ਼ਦੀਆਂ ਤੇ ਨਾਲੋ ਨਾਲ ਚਲਦੀਆਂ ਰਹਿਮ ਅਤੇ ਖ਼ਿਮਾ ਦੀਆਂ ਦੋ ਪਰਬਲ ਗਤੀਆਂ ਕੰਮ ਕਰ ਰਹੀਆਂ ਹਨ। ਕਈ ਮਿਸਾਲਾਂ ਰਣਜੀਤ ਸਿੰਘ ਦੇ ਜੀਵਨ ਚੋਂ ਖ਼ਿਮਾ ਦੀਆਂ ਮਿਲਦੀਆਂ ਹਨ ਜਿਵੇਂ ਰਣਜੀਤ ਸਿੰਘ ਉਪਰ ਜਾਨ-ਲੇਵਾ ਹਮਲਾ ਕਰਨ ਵਾਲੇ ਨੂੰ ਉਸ ਵਲੋਂ ਸਜ਼ਾ ਦੇਣ ਦੀ ਥਾਂ ਪੰਜਾਹ ਰੁਪਏ ਦੇਣੇ ਆਦਿ। ਇਵੇਂ ਹੀ ਉਸ ਨੇ ਕਸੂਰ ਦੇ ਨਵਾਬ ਕੁਤਬੁ-ਦੀਨ, ਮੁਲਤਾਨ ਦੇ ਨਵਾਬ ਮਜ਼ੱਫਰ ਖਾਂ, ਪਿਸ਼ਾਵਰ ਦੇ ਹਾਕਮ ਯਾਰ ਮੁਹੰਮਦ ਆਦਿ ਸਿਆਸੀ ਦੁਸ਼ਮਨਾਂ ਨੂੰ ਵਾਰ ਵਾਰ ਮੁਆਫ ਕੀਤਾ। ਸੱਚੀ ਗੱਲ ਤਾਂ ਇਹ ਹੈ ਕਿ ਉਸ ਸਮਸ਼ੀਰਾਂ ਦੇ ਵੱਜਦ ਵਿੱਚ ਪਲਣ ਵਾਲੇ ਸ਼ੇਰ ਸਾਮ੍ਹਣੇ ਖ਼ਿਮਾ ਅਤੇ ਰਹਿਮ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ। ਡਾਕਟਰ ਮੁਹੰਮਦ ਇਕਬਾਲ ਦਾ ਕਹਿਣਾ ਕਿ ਪੰਜਾਬ ਵਿੱਚ ਖ਼ਾਲਸੇ ਨੇ ਮੁਸਲਮਾਨ ਕੋਲੋਂ ਸ਼ਮਸ਼ੀਰ ਤੇ ਕੁਰਾਨ ਦੋਵੇਂ ਹੀ ਖੋਹ ਲਏ ਹਨ (ਖ਼ਾਲਸਾ ਸ਼ਮਸ਼ੇਰੋ ਕੁਰਾਂ ਰਾ ਬਬੁਰਦ) ਦਾ ਅਰਥ ਹੈ ਕਿ ਪੰਜਾਬ ਵਿੱਚ ਖ਼ਾਲਸਾ ਮੁਸਲਮਾਨ ਦੀ ਰੂਹਾਨੀਅਤ (ਇਸਲਾਮੀ ਬਰਕਤਾਂ) ਅਤੇ ਜਹਾਦ ਦਾ ਵਾਰਸ ਬਣ ਗਿਆ ਹੈ। ਉਨ੍ਹਾਂ ਦਾ ਇਹ ਇਸ਼ਾਰਾ ਰਣਜੀਤ ਸਿੰਘ ਦੀ ਜੰਗੀ ਅਤੇ ਮਜ਼੍ਹਬੀ ਅਜ਼ਮਤ ਵਲ ਹੀ ਹੈ। (ਉਂਞ ਮੁਸਲਮਾਨ ਦੀ ਗਿਰਾਵਟ ਵੇਖ ਕੇ ਉਹ ਖ਼ਾਲਸੇ ਦੀ ਇਸ ਚੜ੍ਹਤਲ ਉਤੇ ਪੂਰੇ ਖੁਸ਼ ਨਹੀਂ)।
ਰਣਜੀਤ-ਪਿਆਰ ਦੇ ਰਹਿਮ ਤੇ ਖ਼ਿਮਾ, ਦੋ ਥੰਮਾਂ, ਨੂੰ ਹੋਰ ਵੀ ਵਧੇਰੇ ਡੂੰਘਾਈ ਵਿੱਚ ਪ੍ਰੋ. ਮਹਿਬੂਬ ਨੇ ਪ੍ਰਸਤੁਤ ਕੀਤਾ ਹੈ, ਜਿਸ ਵਿਚੋਂ ਖ਼ਾਲਸਾ ਪੰਥ ਦੀ 21ਵੀਂ ਸਦੀ ਦੇ ਅਰੰਭ ਵਿਚਲੀ ਅਜੋਕੀ ਸਥਿਤੀ ਉਤੇ ਪੈਦਾ ਹੋਣ ਵਾਲੇ ਅਨੇਕਾਂ ਸਵਾਲਾਂ ਦੇ ਸਾਰਥਕ ਉੱਤਰ ਮਿਲ ਸਕਦੇ ਹਨ। ਕਿਉਂਕਿ ਰਣਜੀਤ-ਪਿਆਰ ਖ਼ਾਲਸਾ ਕੌਮ ਦੀ ਸੂਖਮ ਤਰਤੀਬ ਬਣਾਉਣ ਵਾਲੀ ਤਾਕਤ ਜ਼ਰੂਰ ਸੀ, ਪਰ ਇਹ ਸਿੰਘ-ਆਦਰਸ਼ ਦੀ ਸਰਬ-ਪੱਖੀ ਨੁਮਾਇੰਦਗੀ ਨਹੀਂ ਸੀ। ਉਂਞ, ਰਣਜੀਤ-ਪਿਆਰ ਦੇ ਇਹ ਦੋਵੇਂ ਥੰਮ ਰਣਜੀਤ ਸਿੰਘ ਦੇ ਗ਼ੈਰ-ਸ਼ਖ਼ਸੀ
(Impersonal) ਵੇਗ ਦੇ ਰੂਪ ਵਿੱਚ ਵੀ ਸਿੰਘ-ਅਦਰਸ਼ ਦਾ ਹੀ ਇੱਕ ਚਮਤਕਾਰ ਸੀ। ਪਰ ਸਿੰਘ-ਆਦਰਸ਼ ਰਣਜੀਤ ਸਿੰਘ ਦੀ ਮੌਤੋਂ ਬਾਦ ਖ਼ਾਲਸਾ ਜੀ ਨਾਲ ਨਾ ਰਿਹਾ। ਕਾਰਨ ਭਾਵੇਂ ਬੜੇ ਸਪਸ਼ਟ ਹਨ: ਗ਼ੱਦਾਰੀਆਂ, ਇਖ਼ਲਾਕੀ ਗਿਰਾਵਟਾਂ ਜਾਂ ਬਿੱਪਰ-ਸੰਸਕਾਰ ਦੇ ਧੋਖੇ ਦਾ ਸ਼ਿਕਾਰ ਹੋਣ ਦੀਆਂ ਗ਼ਲਤੀਆਂ ਆਦਿ। ਜਾਂ ਇਉਂ ਕਹੋ: ਖ਼ਾਲਸਾ ਜੀ ਨੇ ਇਸ ਨੂੰ ਆਪਣੇ ਨਾਲ ਨਾ ਰਖਿਆ। ਕਿਉਂ?
ਇਸ ਵਿੱਚ ਜਿੰਨਾ ਰਣਜੀਤ ਸਿੰਘ ਦਾ ਕਸੂਰ ਹੈ, ਉਸ ਨਾਲੋਂ ਵੱਧ ਖ਼ਾਲਸਾ ਪੰਥ ਦਾ ਕਸੂਰ ਹੈ। ਰਣਜੀਤ ਸਿੰਘ ਦੇ ਚਰਿੱਤਰ ਵਿੱਚ ਜ਼ਨਾਨੀ ਅਤੇ ਸ਼ਰਾਬ ਦੀ ਤ੍ਰਿਸ਼ਨਾ ਸਿੰਘ-ਆਦਰਸ਼ ਦਾ ਅਪਮਾਨ ਕਰਨ ਦੀ ਹੱਦ ਤੱਕ ਸੀ। “ਮਹਾਰਾਜਾ ਸਾਹਿਬ ਦੀ ਮਹਿਫ਼ਲ ਦੇ ਮਨੋਰੰਜਨ ਲਈ ਉਸ ਦੇ ਸਾਰੇ ਰਾਜ ਵਿਚੋਂ ਸੁੰਦਰਤਾ ਦੇ ਲਿਹਾਜ਼ ਨਾਲ ਚੁਣੀਆਂ ਹੋਈਆਂ 125 ਸ਼ਾਹੀ ਨਾਚੀਆਂ ਸਨ। ਜਿਹੜੀਆਂ ਆਮ ਤੌਰ ਤੇ ਪੰਝੀ ਸਾਲ ਦੀ ਉਮਰ ਤੱਕ ਮਹਾਰਾਜੇ ਦੀ ਮਹਿਫ਼ਲ ਦਾ ਮਨੋਰੰਜਨ ਪੂਰਾ ਕਰਨ ਪਿਛੋਂ ਉਸ ਦੇ ਅਫਸਰਾਂ ਨੂੰ ਬਤੌਰ ਤੁਹਫਾ ਦੇ ਦਿੱਤੀਆਂ ਜਾਂਦੀਆਂ ਸਨ।” ਇਸਤਰੀ ਅਤੇ ਸ਼ਰਾਬ ਦੀ ਅਜਿਹੀ ਉਲਾਰੂ ਤ੍ਰਿਸ਼ਨਾ ਨੇ ਰਣਜੀਤ-ਪਿਆਰ ਦੀ ਪਵਿੱਤਰਤਾ ਨੂੰ ਜ਼ਰੂਰ ਘਟਾਇਆ ਹੋਵੇਗਾ, ਅਤੇ ਯਕੀਨਨ ਉਸ ਦੇ ਅਸਰ ਦੀ ਲੰਬਾਈ ਨੂੰ ਛੋਟਾ ਕਰਨਾ ਸੀ। ਪਰ ਇਹ ਕੰਮਜ਼ੋਰੀਆਂ ਰਣਜੀਤ ਸਿੰਘ ਨੂੰ ਮਿਸਲਾਂ ਦੇ ਸਮੇਂ ਤੋਂ ਵਿਰਾਸਤ ਵਿੱਚ ਮਿਲੀਆਂ ਸਨ। ਇਹ ਦੋਵੇਂ ਕੰਮਜ਼ੋਰੀਆਂ ਤੇ ਦੁਨਿਆਵੀ ਸੁਆਰਥ ਉਸ ਸਮੇਂ ਦੇ ਸਿੱਖ-ਸਰਦਾਰਾਂ ਵਿੱਚ ਆਮ ਸਨ।
ਜੇ ਰਣਜੀਤ-ਪਿਆਰ ਸਾਮੂਹਿਕ ਰੂਪ ਵਿੱਚ ਫੈਲੀਆਂ ਇਨ੍ਹਾਂ ਕੰਮਜ਼ੋਰੀਆਂ ਉਤੇ ਮਹਰਾਜਾ ਸਾਹਿਬ ਦੀ ਮੌਤ ਪਿਛੋਂ ਵੀ ਹਾਵੀ ਰਹਿੰਦਾ, ਤਾਂ ਸ਼ੇਰਿ ਪੰਜਾਬ ਦਾ ਕਰਤੱਵ ਮਹਾਂ ਮਾਨਸ ਜਾਂ ਖ਼ੁਦਾਈ ਬੰਦੇ ਦਾ ਕਰਤੱਵ ਹੋਣਾ ਸੀ। ਰਣਜੀਤ ਸਿੰਘ ਕੋਲੋਂ ਅਜਿਹੇ ਚਮਤਕਾਤਰ ਦੀ ਆਸ ਕਰਨਾ ਸ਼ਾਇਦ ਉਸ ਨਾਲ ਬੇਇਨਸਾਫ਼ੀ ਕਰਨਾ ਹੈ। ਸਿੰਘ-ਆਦਰਸ਼ ਦੀ ਪਛਾਣ ਕਰਵਾ ਕੇ ਉਸ ਨੂੰ ਇੱਕ ਜ਼ਬਰਦਸਤ ਅਮਲ ਵਿੱਚ ਤਬਦੀਲ ਕਰਨਾ ਖ਼ਾਲਸਾ ਜੀ ਪ੍ਰਤੀ ਰਣਜੀਤ ਸਿੰਘ ਦਾ ਇੱਕ ਭਾਰੀ ਵਫ਼ਾ ਨੂੰ ਪ੍ਰਗਟਾਉਣਾ ਹੈ। ਉਸ ਦੀਆਂ ਕੰਮਜ਼ੋਰੀਆਂ ਖ਼ਾਲਸਾ ਜੀ ਦੇ ਸਿੰਘ-ਆਦਰਸ਼ ਨੂੰ ਭਰਵੇਂ ਰੂਪ ਵਿੱਚ ਪਾਲ ਨਾਂਹ ਸਕਣ ਦਾ ਪ੍ਰਮਾਣ ਹਨ। ਰੋਪੜ ਵਿਖੇ ਵਿਲੀਅਮ ਬੈਂਟਿੰਗ ਨਾਲ ਮਹਾਰਾਜਾ ਸਾਹਿਬ ਦੀ ਮੁਲਾਕਾਤ ਵੇਲੇ ਖੜਕ ਸਿੰਘ ਨੂੰ ਬਤੌਰ ਆਪਣੇ ਜਾਨਸ਼ੀਨ ਵਾਰੇ ਸੰਕੇਤ ਦੇ ਸੰਬੰਧ ਵਿੱਚ ਹਰੀ ਸਿੰਘ ਨਲੂਆ ਦੁਆਰਾ ਕਿੰਤੂ ਕਿ ਖ਼ਾਲਸਾ ਰਾਜ ਸਰਬ ਖ਼ਾਲਸੇ ਦੀ ਮਲਕੀਅਤ ਹੈ, ਤੇ ਇਸ ਨੂੰ ਕਿਸੇ ਇੱਕ ਬੰਦੇ ਦੀ ਚੀਜ਼ ਸਮਝਣਾ ਗ਼ਲਤੀ ਹੈ, (ਜਿਵੇਂ ਕੋਈ ਵੈੱਬਸਾਈਟ, ਸਿੱਖ ਜਾਂ ਇੱਕ ਟੋਲਾ ਕੁੱਲ ਸਿੱਖ ਸੰਸਾਰ ਵਾਰੇ ਜਾਂ ਸਮੁੱਚੇ ਖ਼ਾਲਸਾ ਪੰਥ ਲਈ ਫੈਸਲਾ ਸੁਣਾਵੇ ਤਾਂ ਉਹ ਗ਼ਲਤ ਹੈ)। ਪਰ ਸਮੁੱਚੀ ਖ਼ਾਲਸਾ ਕੌਮ ਨੂੰ ਇਸ ਸੋਚਣੀ ਦੇ ਹਾਣ ਦਾ ਨਾਂਹ ਵੇਖ ਕੇ ਸਿੰਘ-ਜਰਨੈਲ ਨੇ ਖ਼ਾਮੋਸ਼ੀ ਧਾਰ ਲਈ। ਇਸ ਘਟਨਾ ਤੋਂ ਪਰਤੱਖ ਇਸ਼ਾਰਾ ਮਿਲਦਾ ਹੈ ਕਿ “ਖ਼ਾਲਸਾ-ਜ਼ਮੀਰ ਵਿੱਚ ਸਿੰਘ-ਆਦਰਸ਼ ਦੀਆਂ ਪ੍ਰੇਰਣਾਵਾਂ ਠੰਢੀਆਂ ਪੈ ਰਹੀਆਂ ਸਨ, ਤੇ ਉਸ ਦੇ ਅਮਲ ਦੀ ਅੰਤ੍ਰੀਵ ਸ਼ਕਤੀ ਸੁੱਕ ਰਹੀ ਸੀ। ਮਹਾਰਾਜਾ ਦਾ ਅਨੁਭਵ ਇਸ ਪਤਨਸ਼ੀਲ ਸਥਿਤੀ ਦੇ ਅਨੁਸਾਰ ਹੀ ਢਲ ਰਿਹਾ ਸੀ। ਸਿੰਘ-ਆਦਰਸ਼ ਦੇ ਮੱਧਮ ਪੈਣ ਨਾਲ ਹੀ ਰਣਜੀਤ ਸਿੰਘ ਦੇ ਜਿਉਂਦਿਆਂ ਹੀ ਬਿੱਪਰ ਸੰਸਕਾਰ (ਧਿਆਨ ਸਿੰਘ, ਗੁਲਾਬ ਸਿੰਘ, ਲਾਲ ਸਿੰਘ, ਅਤੇ ਤੇਜਾ ਸਿੰਘ ਦੇ ਰੂਪ ਵਿਚ) ਅਛੋਪਲੇ ਜਿਹੇ ਰਣਜੀਤ-ਪਿਆਰ ਵਿੱਚ ਆਪਣੀ ਥਾਂ ਬਣਾ ਬੈਠਾ, ਅਤੇ ਉਸ ਦੇ ਮਰਨ ਪਿਛੋਂ ਸਿੰਘ-ਆਦਰਸ਼ ਨੂੰ ਪਿੱਛੇ ਕਰਕੇ ਖ਼ਾਲਸਾ-ਚੇਤਨਾ ਨਾਲ ਛਲ਼ ਕਰਨ ਲੱਗਾ।” ਤਾਂ ਉਸ ਵਕਤ ਖ਼ਾਲਸੇ ਨੂੰ ਆਪਣੀਆਂ ਕੰਮਜ਼ੋਰੀਆਂ ਦਾ ਅਹਿਸਾਸ ਹੋਇਆ। ਲਿਖਿਆ ਮਿਲਦਾ ਹੈ ਕਿ “ਉਦਾਸ ਖ਼ਾਲਸਾ ਆਪਣੇ ਆਪ ਨੂੰ ਧਰਮ ਵਿੱਚ ਇੱਕ ਕੱਚਾ ਸਿਖਾਂਦਰੂ ਤੇ ਬੱਚਾ ਸਮਝਦਾ ਹੈ ਅਤੇ ਜਵਾਨ ਹੋਣ ਉਤੇ ਦਸ਼ਮੇਸ਼ ਪਾਤਸ਼ਾਹ ਦੀ ਮਿਹਰ ਦੀ ਪੂਰੀ ਉਮੀਦ ਰਖਦਾ ਹੈ। ਦੂਜੇ ਲਫਜ਼ਾਂ ਵਿੱਚ ਖ਼ਾਲਸਾ ਜੀ ਨੂੰ ਸਿੰਘ-ਆਦਰਸ਼ ਜਾਂ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਦੀ ਪੂਰਨ ਪਾਲਣਾ ਨਾਂਹ ਕਰਨ ਦਾ ਜ਼ਬਰਦਸਤ ਅਹਿਸਾਸ ਹੈ। ਉਸ ਨੂੰ ਪਤਾ ਹੈ ਕਿ ਜਦੋਂ ਉਸ ਅੰਦਰ ਸਿੰਘ-ਆਦਰਸ਼ ਭਰ ਜੁਆਨੀ ਵਿੱਚ ਖਿੜ ਕੇ ਮਹਿਕਿਆ, ਉਦੋਂ ਉਹ ਜਿੱਤੇਗਾ। ਉਹ ਹਾਰ ਗਿਆ ਹੈ, ਅਤੇ ਉਸਦੇ ਰੂਹਾਨੀ ਵਿਰਸੇ ਵਿੱਚ ਆਇਆ ਉਸਦਾ ਰਾਜ ਉਸ ਕੋਲ ਨਾਂਹ ਰਿਹਾ, ਕਿਉਂਕਿ ਉਹ ਸਿੰਘ-ਆਦਰਸ਼ ਭੁੱਲ ਗਿਆ ਸੀ:
The Crown has fallen from our head: Woe unto us, we have sinned.” (ਇਹ ਲੇਖ ‘ਸਹਿਜੇ ਰਚਿਓ ਖ਼ਾਲਸਾ’ ਦੀ ਅੱਠਵੀਂ ਕਿਤਾਬ ‘ਸ਼ਮਸ਼ੀਰਾਂ ਦਾ ਵਜਦ’ ਵਿਚਲੇ ਤੀਜੇ ਲੇਖ ਦਾ ਸਾਰ-ਅੰਸ਼ ਪਾਠਕਾਂ ਦੀ ਸਹੂਲਤ ਨੂੰ ਮੁਖ ਰਖਕੇ ਲਿਖਿਆ ਗਿਆ ਹੈ)
- ਅਮਰੀਕ ਸਿੰਘ ‘ਧੌਲ’




.