.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ
ਭਾਗ ਪਹਿਲਾ
ਅਕਾਲ ਪੁਰਖ ਬਾਰੇ ਆਮ ਧਾਰਨਾ ਕੀ ਸੀ?
ਕੀ ਕੁਦਰਤੀ ਸ਼ਕਤੀਆਂ ਰੱਬ ਹਨ?

ਲੱਖਾਂ ਸਾਲ ਪਹਿਲਾਂ ਮਨੁੱਖ ਨੇ ਧਰਤੀ `ਤੇ ਜਦੋਂ ਪਹਿਲੀ ਲੇਰ ਮਾਰੀ ਹੋਏਗੀ ਤਾਂ ਓਦੋਂ ਕੋਈ ਦਾਈ, ਡਾਕਟਰ ਜਾਂ ਹਸਪਤਾਲ ਨਹੀਂ ਹੋਏਗਾ ਤੇ ਨਾ ਹੀ ਵਧੀਆ ਬਿਸਤਰਾ ਜਾਂ ਮਹਿੰਗੇ ਮਾਰਬਲ ਵਾਲੀ ਕੋਈ ਕੋਠੀ ਹੈ ਸੀ। ਪਸ਼ੂਆਂ ਵਾਂਗ ਕੁਦਰਤੀ ਜਨਮ ਲੈ ਕੇ ਘੰਟਿਆਂ ਬੱਧੀ ਓਦਾਂ ਹੀ ਧਰਤੀ `ਤੇ ਪਿਆ ਰਿਹਾ ਹੋਣਾ ਏਂ। ਅੱਜ ਵਾਂਗ ਇਸ ਦੀ ਝਾੜ ਪੂੰਝ ਵੀ ਨਹੀਂ ਹੋਈ ਹੋਏਗੀ। ਜਿਵੇਂ ਬਾਕੀ ਜਾਨਵਰ ਪਏ ਫਿਰਦੇ ਹੋਣਗੇ ਓਵੇਂ ਇਹ ਤੁਰਿਆ ਫਿਰਦਾ ਹੋਏਗਾ। ਜੰਗਲ਼ਾਂ ਵਿੱਚ ਰਹਿਣ ਕਰਕੇ ਇਸ ਦੀ ਬਿਰਤੀ ਜੰਗਲ਼ਾਂ ਦੇ ਵਾਤਾਵਰਣ ਵਿੱਚ ਹੀ ਗਵਾਚੀ ਰਹਿੰਦੀ ਸੀ। ਨੰਗ-ਮਨੰਗ ਮਨੁੱਖ ਸਾਰੀ ਧਰਤੀ ਦਾ ਮਾਲਕ ਸੀ। ਭਾਵੇਂ ਬੋਲਣ ਦੀ ਜਾਚ ਨਾ ਹੋਏਗੀ ਪਰ ਚਾਂਗਰਾਂ ਮਾਰਨੀਆਂ, ਬੁਲਬੁਲੀਆਂ ਮਾਰਨੀਆਂ ਇਸ ਕੰਮ ਤੋਂ ਇਸ ਨੂੰ ਕੋਈ ਨਹੀਂ ਰੋਕਦਾ ਹੋਣਾ। ਦੁੜੰਗੇ ਮਾਰਨੇ ਰੁੱਖਾਂ `ਤੇ ਚੜ੍ਹ ਜਾਣਾ, ਵੱਗਦੇ ਜਾਂ ਖਲੋਤਿਆਂ ਪਾਣੀਆਂ ਵਿੱਚ ਬਿਨਾ ਪੜਦੇ ਦੇ ਚੁੱਭੀਆਂ ਮਾਰਨੀਆਂ ਇਹਦੇ ਮਨ ਭਾਉਂਦੇ ਸ਼ੌਂਕ ਹੋਣਗੇ। ਢਿੱਡ ਨੂੰ ਝੁਲ਼ਸਾ ਦੇਣ ਲਈ ਆਪਣੇ ਹੱਥਾਂ ਪੈਰਾਂ ਦੇ ਮਜ਼ਬੂਤ ਨੌਂਹਾਂ ਦੀ ਵਰਤੋਂ ਕਰਦਿਆਂ ਦੂਸਰੇ ਜਨਵਰਾਂ ਦਾ ਕੱਚਾ ਮਾਸ ਖਾ ਲੈਣਾ ਇਹਦੇ ਲਈ ਕੋਈ ਪਾਪ ਨਹੀਂ ਸੀ। ਦੋਸਤੀ ਸਾਰੇ ਜਨਵਰਾਂ ਨਾਲ ਸੀ ਪਰ ਆਪਣੇ ਬਚਾ ਲਈ ਕੁੱਝ ਵੀ ਕੀਤਾ ਜਾ ਸਕਦਾ ਸੀ।
ਥੋੜਾ ਜੇਹਾ ਅਹਿਸਾਸ ਹੋਇਆ ਤਾਂ ਤੇਜ਼ ਹਨੇਰੀਆਂ, ਬਰਸਾਤਾਂ ਤੋਂ ਬਚਣ ਲਈ ਪਹਾੜਾਂ ਦੀਆਂ ਕੰਦਰ੍ਹਾਂ ਦਰੱਖਤਾਂ ਦੀਆਂ ਜੜ੍ਹਾਂ ਨੂੰ ਇਸ ਨੇ ਆਪਣੇ ਬਚਾ ਲਈ ਚੁਣਿਆਂ। ਗਰਮੀਆਂ ਨੂੰ ਦਰੱਖਤਾਂ ਦੀਆਂ ਸੰਘਣੀਆਂ ਛਾਂਵਾਂ ਥੱਲੇ ਬੈਠੇ ਰਹਿਣਾ ਤੇ ਸਰਦੀਆਂ ਨੂੰ ਆਪਣੀ ਮਰਜ਼ੀ ਨਾਲ ਧੁੱਪ ਦਾ ਅਨੰਦ ਮਾਣਨਾ ਇਸ ਦਾ ਮੁੱਢਲਾ ਸ਼ੌਕ ਸੀ। ਸਰੀਰ ਦੇ ਬਚਾ ਲਈ ਦਰੱਖਤਾਂ ਦੇ ਪੱਤਿਆਂ ਦਾ ਸਹਾਰਾ ਲਿਆ। ਥੋੜੀ ਸ਼ਰਮ ਮਹਿਸੂਸ ਹੋਣ ਲੱਗੀ ਤਾਂ ਆਪਣੇ ਨੰਗੇਜ਼ ਢੱਕਣ ਵਲ ਨੂੰ ਮੁੜਿਆ। ਪਿਆਰ ਦਾ ਅਹਿਸਾਸ ਹੋਣ `ਤੇ ਪਤੀ ਪਤਨੀ ਵਾਲੀ ਭਾਵਨਾ ਨੇ ਜਨਮ ਲਿਆ। ਫਿਰ ਸੰਤਾਨ ਦਾ ਮੋਹ ਜਾਗਣਾ ਕੁਦਰਤੀ ਸੀ। ਟੱਬਰਾਂ ਦੀ ਵਿਸ਼ਾਲਤਾ ਦਾ ਵਿਸਥਾਰ ਹੋਇਆ ਜੋ ਕਬੀਲਿਆਂ ਵਿੱਚ ਬਦਲ ਗਿਆ।
ਜਿਵੇਂ ਜਿਵੇਂ ਕਬੀਲੇ ਵੱਧਣੇ ਸ਼ੁਰੂ ਹੋਏ ਤਿਵੇਂ ਤਿਵੇਂ ਲੋੜਾਂ ਤੇ ਲੜਾਈਆਂ ਨੇ ਵੀ ਨਾਲ ਹੀ ਜਨਮ ਲੈ ਲਿਆ। ਕਈ ਪ੍ਰਕਾਰ ਦੀਆਂ ਲੋੜਾਂ ਮਹਿਸੂਸ ਹੋਣ ਲੱਗੀਆਂ। ਤੇਜ਼ ਹਨੇਰੀਆਂ ਨਾਲ ਦਰੱਖਤਾਂ ਦੇ ਆਪਸ ਵਿੱਚ ਖਹਿਣ ਨਾਲ ਜੰਗਲ਼ਾਂ ਵਿੱਚ ਆਪਣੇ ਆਪ ਅੱਗ ਲੱਗ ਜਾਂਦੀ ਸੀ। ਚੁਸਤ ਜਨਵਰ ਭੱਜ ਕੇ ਆਪਣੀ ਜਾਨ ਬਚਾ ਲੈਂਦੇ ਪਰ ਕੁੱਝ ਅੱਗ ਦੇ ਵਿੱਚ ਹੀ ਭੁੱਜ ਜਾਂਦੇ। ਜੰਗਲੀ ਅੱਗ ਨਾਲ ਭੁੱਜੇ ਹੋਏ ਜਨਵਰਾਂ ਦਾ ਮਾਸ ਇਸ ਨੂੰ ਸਵਾਦੀ ਲੱਗਿਆ। ਹੌਲ਼ੀ ਹੌਲ਼ੀ ਇਸ ਨੇ ਅੱਗ `ਤੇ ਆਪਣਾ ਕਾਬੂ ਪਾ ਲਿਆ। ਅੱਗ ਇਸ ਦੀ ਦਾਸੀ ਬਣ ਗਈ। ਆਪਣੀ ਸੁਰੱਖਿਆ ਲਈ ਪਹਿਲਾਂ ਇਸ ਨੇ ਬੇ-ਘਾੜਤ ਪੱਥਰਾਂ ਨੂੰ ਹੀ ਵਰਤੋਂ ਵਿੱਚ ਲਿਆਂਦਾ। ਫਿਰ ਦਰੱਖਤਾਂ ਦੀਆਂ ਮੋਟੀਆਂ ਟਹਿਣੀਆਂ ਦੇ ਹਥਿਆਰ ਬਣਾਏ। ਮੋਟੇ ਠੂਲ੍ਹੇ ਸੋਟਿਆਂ ਨੂੰ ਹਮੇਸ਼ਾਂ ਆਪਣੇ ਨਾਲ ਰੱਖ ਕੇ ਢਾਲ ਵਜੋਂ ਵਰਤਣੇ ਸ਼ੁਰੂ ਕੀਤੇ। ਹੱਥਾਂ ਦੀ ਵਰਤੋਂ ਕਰਨ ਦੀ ਜਾਚ ਸਿੱਖ ਲਈ। ਦਿਮਾਗ਼ ਦੀਆਂ ਤੈਹਾਂ ਨੂੰ ਖੁਰਚ ਕੇ ਪਹੀਏ ਦੀ ਕਾਢ ਕੱਢ ਲਈ। ਕਈ ਜੰਗਲ਼ੀ ਜਨਵਰ ਇਸ ਦੇ ਕੋਲ ਰਹਿਣ ਕਰਕੇ ਇਸ ਦੇ ਦੋਸਤ ਬਣ ਗਏ। ਦੋਸਤ ਜਨਵਰਾਂ ਨੂੰ ਮਨੁੱਖ ਨੇ ਆਪਣੀ ਲੋੜ ਅਨੁਸਾਰ ਵਰਤਣਾਂ ਸ਼ੁਰੂ ਕਰ ਲਿਆ। ਕਈ ਜਨਵਰ ਸਦਾ ਲਈ ਇਸ ਦੇ ਗ਼ੁਲਾਮ ਹੋ ਗਏ।
ਮਨੁੱਖ ਦੀ ਤਰੱਕੀ ਦੇ ਕਈ ਪੜਾਅ ਹੋਏ ਹਨ। ਜ਼ਿਆਦਾ ਨਹੀਂ ਤਾਂ ਪਿਛੱਲੇ ਦਸ ਬਾਰ੍ਹਾਂ ਹਜ਼ਾਰ ਸਾਲ ਦੀ ਗੱਲ ਕਰੀਏ ਤਾਂ ਪਹਿਲਾਂ ਮਨੁੱਖ ਸ਼ਿਕਾਰੀ ਹੀ ਜਾਪਦਾ ਹੈ। ਆਪਣੇ ਸ਼ਿਕਾਰ ਦੀ ਭਾਲ ਵਿੱਚ ਕਈ ਕਈ ਮੀਲ ਪੈਂਡਾ ਕਰ ਜਾਂਦਾ ਹੋਣੈ। ਕਈ ਵਾਰੀ ਸ਼ਿਕਾਰ ਤੋਂ ਵੀ ਇਸ ਦੇ ਝਗੜੇ ਸ਼ੁਰੂ ਹੋਏ ਹੋਣਗੇ। ਆਪਣੇ ਬਚਾ ਲਈ ਤੇ ਆਪਣੀ ਹੀ ਬੋਲੀ ਵਿੱਚ ਆਪਣਿਆਂ ਨੂੰ ਸੰਗਠਤ ਕੀਤਾ। ਫਿਰ ਕਬੀਲਿਆਂ ਦੇ ਰੂਪ ਵਿੱਚ ਵਿਚਰਨਾ ਸ਼ੁਰੂ ਕੀਤਾ। ਕਬੀਲਿਆਂ ਤੋਂ ਪਿੰਡ ਸ਼ਹਿਰ ਤੇ ਦੇਸ਼ ਹੋਂਦ ਵਿੱਚ ਆਉਣੇ ਸ਼ੁਰੂ ਹੋਏ। ਇੰਜ ਕਿਹਾ ਜਾਏ ਕਿ ਮਨੁੱਖੀ ਜੀਵਨ ਦਾ ਹੌਲ਼ੀ ਹੌਲ਼ੀ ਵਿਕਾਸ ਹੋਇਆ ਹੈ।
ਸੂਝਵਾਨ ਲੋਕਾਂ ਨੇ ਮਨੁੱਖੀ ਤਰੱਕੀ ਨੂੰ ਤਿੰਨਾਂ ਭਾਗਾਂ ਵਿੱਚ ਵੰਡਿਆ ਹੈ ਪਹਿਲੇ ਯੁੱਗ ਨੂੰ ਸ਼ਿਕਾਰੀ ਦੂਸਰਾ ਖੇਤੀਬਾੜੀ ਤੇ ਤੀਸਰਾ ਉਦਯੋਗਿਕ ਯੁੱਗ ਸਿੱਧ ਹੋਇਆ।
ਸ਼ਿਕਾਰ ਯੁੱਗ ਵਿੱਚ ਕੇਵਲ ਸੀਰਰਕ ਬਲ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਇਸ ਯੁੱਗ ਵਿੱਚ ਕੇਵਲ ਅੰਧਕਾਰ ਹੀ ਮਨੁੱਖੀ ਗਿਆਨ ਸੀ। ਸ਼ਿਕਾਰ ਯੁੱਗ ਵਿੱਚ ਕੁਦਰਤੀ ਸ਼ਕਤੀਆਂ ਦੀ ਪੂਜਾ ਹੋਣੀ ਸ਼ੁਰੂ ਹੋਈ। ਜਿਸ ਕਿਸੇ ਕੁਦਰਤੀ ਸ਼ਕਤੀ ਤੋਂ ਮਨੁੱਖ ਨੂੰ ਲਾਭ ਹੋਇਆ ਜਾਂ ਡਰ ਲੱਗਿਆ ਉਸ ਨੂੰ ਰੱਬ ਸਮਝ ਕੇ ਪੂਜਿਆ ਜਾਣ ਲਗਿਆ। ਕਿਉਂਕਿ ਤੇਜ਼-ਤਰਾਰ ਪੁਜਾਰੀ ਵੀ ਨਾਲ ਹੀ ਜੰਮ ਪਿਆ ਸੀ। ਪੁਜਾਰੀਆਂ ਦੇ ਕਹਿਣ ਤੇ ਮਨੁੱਖ ਨੇ ਰੱਬੀ ਕਰੋਪੀ ਨੂੰ ਦੋ ਭਾਗਾਂ ਵਿੱਚ ਵੰਡ ਲਿਆ। ਪਹਿਲਾ ਜੇ ਤੇਜ਼ ਹਨੇਰੀ, ਤੂਫਾਨ ਨਾਲ ਮੀਂਹ ਪੈ ਗਿਆ ਤਾਂ ਇਸ ਨੇ ਸਮਝ ਲਿਆ ਕਿ ਜ਼ਰੂਰ ਰੱਬ ਜੀ ਸਾਡੇ `ਤੇ ਕ੍ਰੋਧਿਤ ਹੋਏ ਹੋਣਗੇ ਜਿਸ ਕਰਕੇ ਰੱਬ ਜੀ ਨੇ ਸਾਨੂੰ ਤੰਗ ਕਰਨ ਲਈ ਏਨ੍ਹੇ ਕਹਿਰ ਦੀ ਵਰਖਾ ਕੀਤੀ ਹੈ। ਦੂਸਰਾ ਜੇ ਮੀਂਹ ਨਹੀਂ ਪਿਆ ਤਾਂ ਇਸ ਨੇ ਸਮਝ ਲਿਆ ਕਿ ਸਾਡੇ ਪਾਸੋਂ ਕੋਈ ਅਵੱਗਿਆ ਹੋ ਗਈ ਹੋਣੀ ਹੈ ਜਿਸ ਕਰਕੇ ਮੀਂਹ ਨਹੀਂ ਪਿਆ। ਜੇ ਇੰਜ ਕਿਹਾ ਜਾਏ ਕਿ ਇਸ ਸ਼ਿਕਾਰ ਯੁੱਗ ਵਿੱਚ ਅੰਧ-ਵਿਸ਼ਵਾਸ ਹੀ ਮਨੁੱਖ ਦਾ ਗਿਆਨ ਸੀ ਤੇ ਏਥੋਂ ਹੀ ਕੁਦਰਤੀ ਸ਼ਕਤੀਆਂ ਨੂੰ ਦੇਵਤਿਆਂ ਦੇ ਰੂਪ ਵਿੱਚ ਰੱਬ ਮੰਨ ਕੇ ਉਹਨਾਂ ਦੀ ਪੂਜਾ ਹੋਣੀ ਸ਼ੁਰੂ ਹੋਈ ਹੋਈ ਲੱਗਦੀ ਹੈ। ਕਈ ਪ੍ਰਕਾਰ ਦੇ ਰੱਬਾਂ ਨੇ ਮਨੁੱਖ ਦੇ ਡਰ ਜਾਂ ਲਾਲਚ ਵਿਚੋਂ ਜਨਮ ਲਿਆ। ਅੱਗ ਤੋਂ ਲਾਭ ਪ੍ਰਾਪਤ ਹੋਇਆ ਜਾਂ ਡਰ ਲਗਿਆ ਤਾਂ ਅਗਨੀ ਦੇਵਤਾ ਮੰਨ ਲਿਆ। ਮੀਂਹ ਤੋਂ ਲਾਭ ਜਾਂ ਨੁਕਸਾਨ ਹੋਇਆ ਤਾਂ ਇੰਦਰ ਜਾਂ ਵਰੁਣ ਦੇਵਤਾ ਜੀ ਮੰਨ ਲਿਆ। ਸੂਰਜ ਦੀ ਰੌਸ਼ਨੀ ਦਾ ਸੁੱਖ ਦੇਖ ਕੇ ਇਸ ਦੀ ਪੂਜਾ ਨੇ ਜਨਮ ਲਿਆ ਤੇ ਪੂਜਾ ਕਰਦਿਆਂ ਕਰਦਿਆਂ ਸੂਰਜ ਦੇਵਤਾ ਮੰਨ ਲਿਆ। ਪਿੱਪਲ ਦੇ ਦਰੱਖਤ ਦੀ ਸੰਘਣੀ ਛਾਂ ਨੂੰ ਦੇਵਤਾ ਮੰਨ ਲਿਆ। ਹਾਲਾਂ ਕਿ ਵਿਚਾਰੇ ਪਿੱਪਲ ਨੂੰ ਕੋਈ ਪਤਾ ਨਹੀਂ ਹੈ ਕਿ ਲੋਕ ਮੇਰੀ ਪੂਜਾ ਕਰ ਰਹੇ ਹਨ। ਇੰਝ ਲੱਗਦਾ ਹੈ ਕਿ ਜਿਵੇਂ ਕੁਦਰਤ ਦੀ ਹਰ ਵਸਤੂ ਨੂੰ ਭਗਵਾਨ ਸਮਝ ਲਿਆ ਗਿਆ ਹੋਵੇ। ਫਿਰ ਆਪੋ ਆਪਣੇ ਢੰਗ ਨਾਲ ਆਪਣੀ ਆਪਣੀ ਬੋਲੀ ਅਨੁਸਾਰ ਉਹਨਾਂ ਦੇ ਭਜਨ, ਪੂਜਾ ਜਾਂ ਉਹਨਾਂ ਨਾਲ ਕਈ ਮਿੱਥਹਾਸਕ ਕਥਾ ਕਹਾਣੀਆਂ ਜੁੜ ਗਈਆਂ। ਇਹਨਾਂ ਕਥਾ ਕਹਾਣੀਆਂ ਨੂੰ ਅੱਜ ਦੇ ਯੁੱਗ ਵਿੱਚ ਗਪੌੜ ਹੀ ਕਿਹਾ ਜਾਏ ਤਾਂ ਕੋਈ ਅੱਤ ਕਥਨੀ ਨਹੀਂ ਹੈ।
ਸ਼ਿਕਾਰ ਯੁੱਗ ਤੋਂ ਖੇਤੀ ਯੁਗ ਦੀ ਅਰੰਭਤਾ ਹੁੰਦੀ ਹੈ। ਭੋਲ਼ੇ ਲੋਕਾਂ ਨੂੰ ਦੇਵਤਿਆਂ ਦੀ ਕਰੋਪੀ ਦੱਸਦਿਆਂ ਕਿਰਤੀ ਦੀ ਕਿਰਤ `ਤੇ ਪੁਜਾਰੀ ਨੇ ਰਾਜ ਕਰਨਾ ਸ਼ੁਰੂ ਕੀਤਾ। ਸਹੀ ਅਰਥਾਂ ਵਿੱਚ ਪੁਜਾਰੀ ਹੀ ਰੱਬ ਬਣ ਬੈਠਾ ਜਿਵੇਂ ਸਿੱਖਾਂ ਵਿੱਚ ਪੁਜਾਰੀ ਜਮਾਤ ਭਾਵ ਵਿਹਲੜ ਸਾਧ ਲਾਣੇ ਨੇ ਇੱਕ ਭਰਮ ਪੈਦਾ ਕਰ ਦਿੱਤਾ ਹੈ ਕਿ ਅਸੀਂ ਭਜਨ ਬੰਦਗੀ ਬਹੁਤ ਕਰਦੇ ਹਾਂ ਇਸ ਲਈ ਰੱਬ ਜੀ ਸਾਡੇ ਆਪਣੇ ਕਹੇ ਵਿੱਚ ਚੱਲਦਾ ਹੈ ਜਿਵੇਂ ਅਸੀਂ ਕਹਾਂਗੇ ਓਵੇਂ ਹੀ ਰੱਬ ਜੀ ਕੰਮ ਕਰਦੇ ਹਨ ਤੁਸਾਂ ਸਿਰਫ ਸਾਨੂੰ ਆਪਣੀ ਕਿਰਤ ਕਮਾਈ ਵਿਚੋਂ ਚੜ੍ਹਾਵਾ ਹੀ ਚੜ੍ਹਾਉਣਾ ਹੈ। ਨਿਰ ਸੰਦੇਹ ਸਿੱਖ ਧਰਮ ਸਾਰੀ ਲੁਕਾਈ ਦਾ ਸਾਂਝਾ ਧਰਮ ਹੁੰਦਾ ਹੋਇਆ ਪੁਜਾਰੀਆਂ ਤਥਾ ਵਿਹਲੜ ਸਾਧ ਲਾਣੇ ਦੀ ਲੁੱਟ ਦਾ ਸ਼ਿਕਾਰ ਬਣ ਗਿਆ ਹੈ। ਵਿਹਲੜ ਸਾਧ ਲਾਣਾ ਦਿਨ-ਬ-ਦਿਨ ਸ਼ੈਤਾਨ ਦੀ ਆਂਦਰ ਵਾਂਗ ਵੱਧਦਾ ਹੀ ਜਾ ਰਿਹਾ ਹੈ।
ਕੁਦਰਤੀ ਦੇ ਨੇਮ ਮੁਤਾਬਕ ਸੱਪਾਂ ਵਿੱਚ ਆਪਣੇ ਸੁਭਾਅ ਅਨੁਸਾਰ ਜ਼ਹਿਰ ਹੁੰਦਾ ਹੈ। ਉਂਝ ਮੰਨਿਆ ਗਿਆ ਹੈ ਸਾਰੇ ਸੱਪਾਂ ਵਿੱਚ ਜ਼ਹਿਰ ਨਹੀਂ ਹੁੰਦੀ। ਕਈ ਸੱਪ ਏਨੇ ਜ਼ਹਿਰੀਲੇ ਹੁੰਦੇ ਹਨ ਕਿ ਮਾੜਾ ਜੇਹਾ ਡੰਗ ਲੱਗਣ ਨਾਲ ਹੀ ਬੰਦਾ ਫੁੜਕ ਪੈਂਦਾ ਹੈ। ਤੇਜ਼ ਤਰਾਰ ਪੁਜਾਰੀ ਨੇ ਆਮ ਲੋਕਾਂ ਨੂੰ ਕਿਹਾ ਕਿ ਸੱਪਾਂ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ ਤਾਂ ਇਹਨਾਂ ਦੇ ਕਹਿਰ ਤੋਂ ਬਚਿਆ ਜਾ ਸਕਦਾ। ਧਰਮ ਦੀ ਸਿੱਖਿਆ ਦੇਣ ਵਾਲਾ ਪੁਜਾਰੀ ਹੀ ਅਸਲ ਵਿੱਚ ਜ਼ਹਿਰੀ ਨਾਗ ਬਣ ਗਿਆ ਜਾਪਦਾ ਹੈ। ਇਸ ਦੇ ਦਿਮਾਗ਼ ਦੀ ਕਾਢ ਦੇਖੋ ਇਸ ਨੇ ਸੱਪਾਂ ਦੀ ਪੂਜਾ ਲਈ ਬਰਸਾਤੀ ਮੌਸਮ ਨੂੰ ਚੁਣਿਆ ਹੈ ਕਿਉਂਕਿ ਗਰਮੀ ਵਿੱਚ ਅਕਸਰ ਧਰਤੀ ਤਪ ਜਾਂਦੀ ਹੈ ਤੇ ਜਦੋਂ ਥੋੜਾ ਜਿਹਾ ਵੀ ਮੀਹ ਪਵੇ ਤਾਂ ਤਪੀ ਧਰਤੀ ਹੋਰ ਜਿਆਦਾ ਸੇਕ ਮਾਰਦੀ ਹੈ। ਇਹਨਾਂ ਹਾਲਤਾਂ ਵਿੱਚ ਸੱਪ ਖੁੱਡ ਵਿਚੋਂ ਮਜ਼ਬੂਰੀ ਵੱਸ ਬਾਹਰ ਨਿਕਲਦਾ ਹੈ। ਸਾਡਿਆ ਪਿੰਡਾਂ ਵਿੱਚ ਵੀ ਇੱਕ ਧਾਰਨਾ ਸੀ ਕਿ ਜੀ ਸੱਪ ਦੀਵਾਲੀ ਨੂੰ ਤੇਲ ਵਾਲੇ ਦੀਵੇ ਚੱਟ ਕਿ ਅਲੋਪ ਹੋ ਜਾਂਦੇ ਹਨ। ਜਦੋਂ ਇਹਨਾਂ ਨੇ ਜਾਣਾ ਹੀ ਦੀਵਾਲੀ ਨੂੰ ਹੈ ਤਾਂ ਫਿਰ ਇਹਨਾਂ ਦੀ ਪੂਜਾ ਦੀਵਾਲੀ ਤੋਂ ਪਹਿਲਾਂ ਗੁੱਗਾ ਦਿਵਸ ਤੇ ਕਿਉਂ? ਭੋਲ਼ੇ ਲੋਕਾਂ ਨੂੰ ਵਹਿਮ ਹੋ ਗਿਆ ਕਿ ਸੱਪ ਜੀ ਨੂੰ ਹਮੇਸ਼ਾਂ ਖੁਸ਼ ਰੱਖਣ ਲਈ ਇਹਨਾਂ ਦੀਆਂ ਪੱਕੇ ਤੌਰ `ਤੇ ਥਾਂਵਾਂ ਬਣਾ ਲੈਣੀਆਂ ਚਾਹੀਦੀਆਂ ਹਨ। ਗੁੱਗਾ ਜਾਂ ਮੜ੍ਹੀਆਂ ਹੋਂਦ ਵਿੱਚ ਆ ਗਈਆਂ। ਪੁਜਾਰੀ ਨੇ ਹਰ ਰੁੱਤ ਨੂੰ ਆਪਣੇ ਲਾਭ ਲਈ ਵਰਤਿਆ ਹੈ। ਇਸ ਨੇ ਬਰਸਾਤ ਰੁੱਤ ਵਿੱਚ ਵੀ ਕਿਸੇ ਨੂੰ ਨਹੀਂ ਬਖ਼ਸ਼ਿਆ। ਮਨੁੱਖੀ ਵਿਕਾਸ ਵਿੱਚ ਸਭ ਤੋਂ ਵੱਧ ਵਿਕਾਸ ਧਾਰਮਕ ਪੁਜਾਰੀ ਦੀ ਬਿਰਤੀ ਨੇ ਕੀਤਾ ਹੈ। ਇਸ ਨੇ ਆਮ ਧਾਰਨਾ ਬਣਾ ਦਿੱਤੀ ਕਿ ਇਹ ਵੀ ਰੱਬ ਹੈ ਤੇ ਉਹ ਵੀ ਰੱਬ ਹੈ। ਪਸ਼ੂਆਂ, ਪੰਛੀਆਂ, ਦਰਖੱਤਾਂ, ਧਰਤੀ, ਸੂਰਜ, ਚੰਦ੍ਰਮਾ ਤੇ ਤਾਰਿਆਂ ਆਦਿ ਨੂੰ ਦੇਵਤੇ ਮੰਨ ਕੇ ਕਿਰਤੀਆਂ ਕੋਲੋਂ ਰੱਬ ਦੇ ਨਾਂ `ਤੇ ਠੱਗੀ ਦੇ ਰੂਪ ਵਿੱਚ ਪੂਜਾ ਕਰਾਉਣੀ ਸ਼ੁਰੂ ਕਰਾ ਦਿੱਤੀ। ਜਿਸ ਦਾ ਪ੍ਰਭਾਵ ਅਜੇ ਵੀ ਮਨੁੱਖ ਦੀ ਬਿਰਤੀ ਬੜਾ ਡੂੰਘਾ ਕਬੂਲੀ ਬੈਠੀ ਹੈ। ਕਈ ਮਿਸਾਲਾਂ ਸਾਡੇ ਸਾਹਮਣੇ ਅੱਜ ਵੀ ਪ੍ਰਤੱਖ ਰੂਪ ਵਿੱਚ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ। ਘੱਗਰ ਦਰਿਆ ਵਿੱਚ ਕੋਈ ਸੋਨੇ ਦੀ ਬਣੀ ਹੋਈ ਵਸਤੂ ਸੁੱਟਣ ਲਾਮ ਲਸ਼ਕਰ ਨਾਲ ਜਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਅਖੇ ਇੰਜ ਕਰਨ ਨਾਲ ਘੱਗਰ ਦਰਿਆ ਸਾਡਾ ਨੁਕਸਾਨ ਨਹੀਂ ਕਰੇਗਾ। ਪਾਣੀ ਨੂੰ ਕੰਟਰੋਲ ਕਰਨ ਦੀ ਬਜਾਏ ਜੇ ਪੂਜਾ ਨਾਲ ਹੀ ਲੋਕ ਵਿਰਚ ਜਾਣ ਤਾਂ ਕੀ ਲੋੜ ਹੈ ਦਰਿਆਵਾਂ `ਤੇ ਬੰਨ ਮਾਰਨ ਦੀ? ਬੱਸਾਂ ਵਿੱਚ ਸਫ਼ਰ ਕਰਦਿਆਂ ਕਈ ਵਾਰੀ ਦੇਖਿਆ ਹੈ ਕਿ ਜਦੋਂ ਵੀ ਕਿਸੇ ਦਰਿਆ ਤੋਂ ਦੀ ਬੱਸ ਲੰਘਦੀ ਤਾਂ ਦਿਮਾਗੀ ਵਿਕਾਸ ਦੀ ਘਾਟ ਵਾਲੇ ਸਮੇਤ ਪੜ੍ਹਿਆਂ ਲਿਖਿਆਂ ਦੇ ਆਪਣੀਆਂ ਸੀਟਾਂ ਤੋਂ ਉੱਠ ਕੇ ਦਰਿਆ ਵਿੱਚ ਜੱਥਾ ਸ਼ਕਤ ਪੈਸੇ ਸੁੱਟੀ ਜਾਣਗੇ। ਜਨੀ ਕਿ ਦਰਿਆ ਜੀ ਤੇ ਇਦ੍ਹੇ ਵਿੱਚ ਵੱਗ ਰਿਹਾ ਪਾਣੀ ਜੀ ਸਾਡੇ ਰੱਬ ਹਨ। ਸਿਆਣੇ ਬਿਆਣੇ ਵੀ ਕੰਨਾਂ ਨੂੰ ਹੱਥ ਲਗਾ ਲਗਾ ਕੇ ਕਹਿਣਗੇ ਪਾਣੀ ਦੇਵਤਾ ਜੀ ਖੈਰ ਰੱਖਿਆ ਜੇ। ਸਾਡੀ ਗੁਡੀਆ ਪੜ੍ਹੇ ਭਾਂਵੇਂ ਨਾ ਪੜ੍ਹੇ ਪਰ ਤੁਸਾਂ ਮੰਤਰ ਮਾਰ ਕੇ ਪਾਸ ਜ਼ਰੂਰ ਕਰਾ ਦੇਣਾ ਅਸਾਂ ਤੁਹਾਡੀ ਪੂਜਾ ਕਰ ਦਿੱਤੀ ਹੈ ਹੁਣ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ।
ਖੇਤੀ ਯੁੱਗ ਦੀ ਸ਼ੁਰੂਆਤ ਹੁੰਦਿਆਂ ਜਿੱਥੇ ਲਾਭ ਦੇਣ ਵਾਲੇ ਦੇਵਤੇ ਮੰਨੇ ਗਏ ਹਨ ਓਥੇ ਨੁਕਸਾਨ ਪਚਾਉਣ ਵਾਲੇ ਦੈਂਤ ਵੀ ਮੰਨੇ ਗਏ ਹਨ। ਅਸਲ ਮਨੁੱਖ ਨੂੰ ਏਹੀ ਦੋ ਰੱਬ ਸਮਝਾਏ ਗਏ। ਪਾਪ ਤੇ ਪੁੰਨ ਦੀ ਮਰਯਾਦਾ ਨੇ ਜਨਮ ਲਿਆ। ਆਮ ਧਾਰਨਾਵਾਂ ਬਣਾਈਆਂ ਗਈਆਂ ਕਿ ਕੁਦਰਤੀ ਕਰੋਪੀਆਂ ਤੋਂ ਬਚਣ ਲਈ ਉਹਨਾਂ ਦੀ ਪੂਜਾ ਬਹੁਤ ਜ਼ਰੂਰੀ ਹੈ। ਦੂਸਰਾ ਪੂਜਾ ਦੁਆਰਾ ਦੇਵਤੇ ਖੁਸ਼ ਕੀਤੇ ਜਾ ਸਕਦੇ ਹਨ ਤੇ ਫਿਰ ਉਹਨਾਂ ਕੋਲੋਂ ਮਨ ਮਰਜ਼ੀ ਦੇ ਫੈਸਲੇ ਕਰਾਏ ਜਾ ਸਕਦੇ ਹਨ।
ਤੀਸਰਾ ਯੁਗ ਤਕਨੀਕ ਦਾ ਆਉਂਦਾ ਹੈ। ਇਸ ਯੁੱਗ ਵਿੱਚ ਮਨੁੱਖ ਨੇ ਅੱਖਰ ਗਿਆਨ ਨੂੰ ਸਮਝਣ ਦਾ ਯਤਨ ਕੀਤਾ ਤੇ ਕੁਦਰਤ ਦੀਆਂ ਸ਼ਕਤੀਆਂ ਨੂੰ ਨਕੇਲ ਪਉਣ ਵਿੱਚ ਸਫਲ ਹੋਇਆ। ਪਾਣੀਆਂ ਨੂੰ ਕਾਬੂ ਵਿੱਚ ਕਰਕੇ ਬਿਜਲੀ ਪੈਦਾ ਕੀਤੀ ਤੇ ਨਹਿਰਾਂ ਦੁਆਰਾ ਖੇਤਾਂ ਨੂੰ ਸਿੰਝਿਆ। ਭਾਂਬੜ ਮਚਾ ਕੇ ਤਬਾਹੀ ਕਰਨ ਵਾਲੀ ਅਗਨੀ ਨੂੰ ਆਪਣੇ ਵੱਸ ਵਿੱਚ ਕਰਨ ਦੀ ਸਫਲ ਕੋਸ਼ਿਸ਼ ਕੀਤੀ ਤੇ ਇਸ ਨੂੰ ਦਾਸੀ ਬਣ ਕੇ ਮਸ਼ੀਨਾਂ ਗੇੜਨ ਦੇ ਕੰਮ ਲਾ ਦਿੱਤਾ। ਪਹੀਏ ਦੀ ਕਾਢ ਨਾਲ ਦੂਰੀਆਂ ਘੱਟੀਆਂ ਵੱਧ ਸਮਾਨ ਢੋਇਆ ਜਾਣ ਲੱਗਾ। ਪੁਜਾਰੀ ਦੇ ਬਣਾਏ ਗਏ ਕਈ ਦੈਂਤਾ ਦੇ ਦੇਵਤਿਆਂ ਦੀ ਇਸ ਯੁੱਗ ਵਿੱਚ ਫੂਕ ਨਿਕਲ ਗਈ। ਭਿਆਨਕ ਬਿਮਾਰੀਆਂ ਨੂੰ ਕੰਟਰੋਲ ਕੀਤਾ। ਨਵੀਆਂ ਤਕਨੀਕਾਂ ਨੇ ਜਨਮ ਲਿਆ ਪਰ ਆਮ ਮਨੁੱਖ ਦੇ ਦਿਲੋ ਦਿਮਾਗ ਵਿੱਚ ਅਜੇਹਾ ਕੁੱਝ ਬੈਠਾ ਕਿ ਇਹ ਪੁਰਾਣੀਆਂ ਧਾਰਨਾਵਾਂ ਨੂੰ ਅੱਜ ਵੀ ਛੱਡਣ ਲਈ ਤਿਆਰ ਨਹੀਂ ਹੈ।
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ ਤੁਖਾਰੀ ਮਹਲਾ ੧ ਪੰਨਾ ੧੨੫੫
ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ॥ ਨਾਨਕ ਸਿਝਿ ਇਵੇਹਾ ਵਾਰ, ਬਹੁੜਿ ਨ ਹੋਵੀ ਜਨਮੜਾ॥ ੧॥ {ਪੰਨਾ ੧੦੯੬}
-- (ਹੇ ਭਾਈ !) ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ) । ਹੇ ਨਾਨਕ ! ਇਸੇ ਜਨਮ ਵਿੱਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ । ੧।




.