.

ਸੰਨ੍ਹ (ਸਾਹਿਬ) ਦੀ ਪੂਜਾ-

ਪੁੱਜ ਕੇ ਕੁਟਲ ਅਤੇ ਹੁਸ਼ਿਆਰ ਲਿਖਾਰੀ ਨੂੰ ਪੱਕਾ ਯਕੀਨ ਹੈ ਕਿ, ਦੂਲੇ ਖ਼ਾਲਸਾ ਜੀ ਨੂੰ ਏਡੀ ਸੁਰਤ ਜਾਂ ਵਿਹਲ ਕਿੱਥੇ, ਜੋ ਇਸ ਅਦਭੁਤ ਝੂਠ-ਲਿਖਤ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਸਕੇ? ਪਿਛਲੀ 249 ਨੰਬਰ ਚੌਪਈ ਵਿੱਚ ਬਾਬਾ ਬੁੱਢਾ ਜੀ ਦੀ ਜ਼ਬਾਨੀ ਸਤਿਗੁਰੂ ਜੀ ਨੂੰ ਇਉਂ ਕਹਿੰਦੇ ਦਰਾਇਆ ਹੈ- “ਤਬ ਬੁੱਢੇ ਅਸ, ਬਚਨ ਉਚਾਰੋ। ਸਭਿ ਕੌਤਕ ਤੁਮਰੋ ਬਿਸਥਾਰੋ॥” ਤੇ ਅੱਗੇ ਹੁਣ ਇਹ ਬਚਨ:--

ਤੁਮ ਪਰਮੇਸਰ ਜਗੁ ਉਪਜਾਵੋ। ਤੁਮ ਅਖੇਦ ਖੇਦ ਨਹਿ ਪਾਵੋ।

ਅਪਨੀ ਲੀਲ੍ਹਾ ਆਪਿ ਨਿਹਾਰੋ। ਦੇਖਿ ਦ੍ਰਿਸਟ ਨਿਜ ਅਨੰਦੁ ਧਾਰੋ॥ 250॥

ਪਦ ਅਰਥ:-ਉਪਜਾਵੋ=ਪੈਦਾ ਕਰ ਦਿੰਦੇ ਹੋ। ਅਖੇਦ. . =ਦੁਖ ਤੋਂ ਰਹਿਤ ਹੋ। ਆਪਿ=ਆਪ ਹੀ ਵੇਖਦੇ ਹੋ। ਦੇਖਿ ਸ੍ਰਿਸ਼ਟਿ=ਰਚਨਾ ਵੇਖ ਕੇ।

ਧਿਆਨ ਰਹੇ ਕਿ ਆਪਣੀ ਕੁਟਲ ਯੋਜਨਾਂ ਅਧੀਨ ਲ਼ਿਖਾਰੀ ਨੇ, ਪਹਿਲਾਂ ਸਤਿਗੁਰਾਂ ਦੇ ਆਪਣੇ ਮੁਖਾਰਬਿੰਦ ਵਿਚੋਂ ਤਾਂ ਕਲਿਜੁਗ ਤੋਂ ਡਰਦੇ ਲੁਕ ਬੈਠੇ ਅਖਵਾ ਲਿਆ ਹੈ, ਪਰ ਹੁਣ ਬ੍ਰਾਮਣੀ ਬੋਲੀ ਵਿੱਚ ਬਾਬੇ ਬੁਢੇ ਦੀ ਜ਼ਬਾਨੀ, ਗੁਰਮਤਿ ਵਿਰੋਧੀ ਉਸਤਤਿ? ਸਤਿਗੁਰੂ ਜੀ ਨੂੰ ਸ੍ਰਿਸ਼ਟੀ ਦੇ ਕਰਤਾ, “ਜਗੁ ਉਪਜਾਵੋ” ਅਖਵਾ ਲਿਆ? ਕਰਤਾਰ ਤੋਂ ਬਿਨਾ ਦੂਜਾ ਕਰਣਹਾਰ ਕੌਣ ਹੋਵੇ- “ਸਲੋਕੁ॥ ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ॥ 1 ॥” ਪਾਠਕਾਂ ਨੂੰ ਨਿੱਰੰਤਰ ਨਵੀਂ ਤੋਂ ਨਵੀ ਚਕਰੀ? :-

ਦੋਹਰਾ॥ ਸੰਗਤਿ ਸ੍ਰਿਸ਼ਟਿ ਤੁਮਰੀ ਪ੍ਰਭੁ, ਤਿਨ ਕੋ ਦਰਸ ਦਿਖਾਇ।

ਸਭ ਆਸਾ ਪੂਰਨ ਕਰੋ, ਜੋ ਜਿਹ ਕੇ ਮਨਿ ਭਾਇ॥ 251॥

ਭਾਵੀ ਔਕੜਾਂ ਤੋਂ ਡਰਦੇ ਲੁਕ ਬੈਠੇ ਦਰਸਾਕੇ ਹੁਣ, ਉਸਤਤਿ ਸੁਣਦਿਆਂ ਸਾਰ, ਪਰਾਣਾ ਵਿਚਲੇ ਦੇਵ ਰਿਸ਼ੀਆਂ ਵਾਂਗ ਪ੍ਰਸੰਨ ਹੋ ਕੇ ਸਤਿਗੁਰੂ ਜੀ ਦੀ ਉਦਾਰਤਾ ਇਨ੍ਹਾਂ ਸ਼ਬਦਾਂ ਵਿੱਚ ਦਰਸਾ ਦਿੱਤੀ:-

ਸ੍ਰੀ ਮੁਖਿ ਤਬ ਐਸੇ ਕਹਾ ਅਬੈ ਖੋਲ ਦਰੁ ਦੇਹੁ।

ਸੰਗਤਿ ਕੋ ਆਗਯਾ ਕਰੋ ਇਹ ਦਰਸੁ ਸਭਿ ਲੇਹੁ॥ 252॥

ਝਟ ਪੱਟ ਦਰਵਾਜਾ ਖੋਹਲ ਦਿਉ (ਕਿ ਜਾਂ ਇੱਟਾਂ ਦੀ ਕੰਧ ਢਾ ਦਿਉ?) ਅਤੇ ਸੰਗਤਿ ਨੂੰ ਆਗਿਆ ਦਿਉ ਕਿ ਉਹ ਦਰਸ਼ਨ ਕਰ ਲਵੇ। ਬਸ ਫਿਰ ਕੀ ਸੀ, ਪੈ ਗਈ ਸੰਗਤਿ ਹੁਮ ਹੁਮਾ ਕੇ। ਚੜ੍ਹਤ ਚੜਾਵੇ ਦੇ ਧਨ ਦਾ ਢੇਰਾਂ ਦਾ ਅੰਤ ਨਾ ਰਿਹਾ- “ਚੜੀ ਭੇਟ ਅਨਗਨਤ ਅਪਾਰਾ। ਲਗੇ ਅੰਬਾਰ ਕੋ ਗਨਤ ਸੁਧਾਰਾ”। ਭੇਟਾ ਹੋਏ ਧਨ ਦਾ ਸਹੀ ਅੰਦਾਜ਼ਾ ਦਸਿਆ ਹੀ ਨਹੀਂ ਸੀ ਜਾ ਸਕਦਾ। ਕੀ ਲਿਖਾਰੀ ਦਾ ਭਾਵ ਇਹ ਕੈ ਕਿ, ਲੱਭਣ ਚੜ੍ਹੀ ਖ਼ਲਕਤ ਵੀ ਬੇਸ਼ੁਮਾਰ ਸੀ ਅਤੇ ਸਤਿਗੁਰੂ ਦੀ ਸੇਵਾ ਵਿੱਚ ਭੇਟਾ ਕਰਨ ਲਈ ਬੇਸ਼ੁਮਾਰ ਧਨ ਆਪਣੇ ਨਾਲ ਹੀ ਚੁੱਕੀ ਫਿਰਦੀ ਸੀ?

{ਨੋਟ:-ਪਾਠਕਾਂ ਨੂੰ ਯਾਦ ਕਰਾ ਦੇਈਏ ਕਿ, ਪਿੱਛੇ ਨਾਲੋ ਨਾਲ ਸਾਫ਼ ਤੌਰ ਤੇ ਲਿਖਿਆ ਜਾਂਦਾ ਰਿਹਾ ਹੈ ਅਤੇ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਪੁਸਤਕ ਦੇ ਦੂਜੇ ਭਾਗ ਵਿੱਚ ਗੁਰੂ ਸ਼ਬਦਾਂ ਦੇ ਅਤੇ ਗੁਰੂ ਇਤਿਹਾਸ ਦੇ ਠੋਸ ਹਵਾਲਿਆਂ ਨਾਲ ਪੂਰੀ ਤਰਾਂ ਸਪੱਸ਼ਟ ਕੀਤਾ ਹੋਇਆ ਹੈ ਕਿ, ਸਤਿਗੁਰਾਂ ਦੇ ਦਰਬਾਰ ਵਿੱਚ ਮਾਇਆ ਆਦਿ ਭੇਟਾ ਕਰਨ ਦੀ ਕੋਈ ਰੀਤ ਨਹੀਂ ਸੀ। ਸੰਗਤਾਂ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਸਤਿਗਰਾਂ ਦੇ ਖ਼ਜ਼ਾਨੇ ਵਿੱਚ ਦਾਖ਼ਲ ਕਰਾ ਦਿਆ ਕਰਦੀਆਂ ਸਨ। ਸਤਿਗੁਰੂ ਅਮਰਦਾਸ ਜੀ ਨੇ ਆਪ ਹੀ ਦੂਰ ਦੁਰਾਡੇ ਦੇਸ਼ਾਂ ਵਿੱਚ ਪੁੱਜ ਕੇ ਗੁਰਮਤਿ ਦਾ ਪਰਚਾਰ ਕਰਨ ਲਈ ਅਤੇ ਦਸੌਂਧ ਇਕੱਤ੍ਰ ਕਰਨ ਲਈ ਮੰਜੀਆਂ ਸਥਾਪਤ ਕੀਤੀਆਂ ਸਨ। ਵੇਖੋ ਮਹਾਨ ਕੋਸ਼ ਦਾ 1001 ਸਫ਼ਾ। ਅਜਿਹੀਆਂ ਝੂਠੀਆਂ ਕਹਾਣੀਆਂ ਗੁਰਮਤਿ ਦੀ ਰੂਪ ਰੇਖਾ ਵਿਗਾੜਨ ਲਈ ਹੀ ਲਿਖੀਆਂ ਗਈਆਂ ਸਨ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਅਜੇਹੇ ਗੰਭੀਰ ਰੋਲ ਘਚੋਲਿਆਂ ਦੀ ਚੋਖੀ ਭਰਮਾਰ ਹੈ}

ਲਿਖਾਰੀ ਦੀ ਕੁਟਲਤਾ ਦੇ ਮੁੜ ਉਹੀ ਦੁਖਦਾਈ ਦਰਸ਼ਨ? ਧਿਆਨ ਰਹੇ ਕਿ, ਅਕਾਲਪੁਰਖ ਜੀ ਦੀ ਉਸਤਤਿ ਵੀ ਰੌਲਾ ਪਾ ਕੇ ਨਹੀ, ਸਗੌਂ ਹਿਰਦੇ ਤੋਂ ਕਰਨ ਦਾ ਅਥਵਾ ਮਨ ਕਰਕੇ ਉਸ ਨਾਲ ਜੁੜੇ ਰਹਿਣ ਦਾ ਹੀ ਉਪਦੇਸ਼ ਹੈ- “ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ॥” {ਸੁਖਮਨੀ} ਸਾਹਮਣੇ ਖਲੋ ਕੇ ਕਿਸੇ ਦੇ ਮੂੰਹ ਤੇ ਉਸਤਤਿ ਕਰਨ ਵਾਲਾ ਉਸੇ ਤਰ੍ਹਾਂ ਦਾ ਹੀ ਸ਼ਰਧਾਲੂ ਹੈ ਜਿਸ ਬਾਰੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਇਸ ਪ੍ਰਕਾਰ “ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ” - ਮੂੰਹ ਤੇ ਸਿਫ਼ਤਾਂ ਝੋਲੀ ਚੁੱਕ ਕਰਦੇ ਹਨ। ਸੱਚੀ ਸ਼ਰਧਾ ਤਾਂ ਸਗੋਂ ਮੂਹੋਂ ਇਹ ਕਢਵਾਉਂਦੀ ਹੈ- “ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ॥” ਸੱਚਾ ਸੱਜਣ, ਆਪਣੇ ਸੱਜਣ ਦੀਆਂ ਸਚੀਆਂ ਸਿਫ਼ਤਾਂ ਵੀ ਸਦਾ ਪਿੱਠ ਪਿਛੇ ਹੀ ਕਥਨ ਕਰਦਾ ਹੈ।

ਦਾਸ ਕਈ ਥਾਂਈ ਲਿਖਦਾ ਆ ਰਿਹਾ ਹੈ ਕਿ ਜਦੋਂ ਵੀ ਇਸ ਅਦਭੁਤ ਲਿਖਾਰੀ ਨੇ ਸਤਿਗੁਰੂ ਜੀ ਦੀ ਉਚੇਚੀ ਉਸਤਤਿ ਲਿਖੀ ਸਮਝੋ ਕਿਸੇ ਉਪੱਦਰ ਦੀ ਸੂਚਕ ਹੈ। ਏਥੇ ਲਿਖਾਰੀ ਨੇ ਪਹਿਲਾਂ (250 ਚੌਪਈ-) ਬਾਬਾ ਬੁੱਢਾ ਜੀ ਦੀ ਜ਼ਬਾਨੀ ਸਤਿਗੁਰੂ ਜੀ ਦੀ ਧੰਙਾਣੇ ਦੀ ਉਸਤਤਿ ਕਰਵਾ ਲਈ। ਆਉ ਕਰੋ ਦਰਸ਼ਨ ਉਸ ਘੋਰ ਉਪੱਦਰ ਦੇ ਜਿਸ ਦੀ ਭੂਮਕਾ, ਲਿਖਾਰੀ ਕਦੇ ਦਾ ਤਿਆਰ ਕਰ ਰਿਹਾ ਹੈ। ਉਹ ਵੀ ਅਭੁੱਲ ਸਤਿਗੁਰੂ ਜੀ ਦੀ ਹੀ ਜ਼ਬਾਨੀ?

ਇਹ ਉਪਕਾਰ ਬੁੱਢੇ ਜੀ ਕੀਨਾ। ਖੇਦ ਬਡੋ ਨਿਜ ਤਨ ਪਰਿ ਲੀਨਾ।

ਜੋ ਇਹ ਸੰਨ੍ਹ ਦਾ ਦਰਸ਼ਨੁ ਪਾਵੈ। ਜਮਦੁਆਰ ਤਿਹ ਦ੍ਰਿਸਟਿ ਨ ਆਵੈ॥ 256॥

ਪਹਿਲੀ ਪੰਗਤੀ ਵਿਚ, ਸਤਿਗੁਰੁ ਜੀ ਨੂੰ ਬਾਬਾ ਬੁੱਢਾ ਜੀ ਦੇ ਇਸ ਉਪਕਾਰ ਦੇ ਰਿਣੀ ਹੋਏ ਦਰਸਾ ਲਿਆ, ਜੋ, ਬਾਬਾ ਜੀ ਨੇ ਅੰਮ੍ਰਤਸਰੋਂ ਸੰਗਤਾਂ ਦੇ ਨਾਲ ਬਾਸਰਕੇ ਪੁੱਜਣ ਦੀ ਖੇਚਲ ਸਹਾਰੀ ਅਤੇ ਕੋਠੇ ਨੂੰ ਸੰਨ੍ਹ ਲਾ ਕੇ ਉਨ੍ਹਾਂ (ਸਤਿਗੁਰੂ ਜੀ) ਨੂੰ ਦੋਬਾਰਾ ਲੋਕਾਂ ਵਿੱਚ ਪ੍ਰਗਟ ਕੀਤਾ ਸੀ। ਨਾਲ ਹੀ ਦੂਜੀ ਪੰਗਤੀ ਵਿਚ, ਗੁਰਮਤਿ ਵਿਰੋਧੀ ਗੰਭੀਰ ਦੁਸ਼ਕਰਮ, ਸੰਨ੍ਹ ਦੇ ਦਰਸ਼ਨਾਂ ਤੋਂ ਜਮਾਂ ਦਾ ਬੂਹਾ ਸਦਾ ਲਈ ਬੰਦ? ਜਮ ਦੁਆਰ ਅਲੋਪ? “ਜੀਉਣਾ ਸੱਚ ਤੇ ਮਰਨਾ ਝੂਠ? ਬਣ ਗਿਆ” - ਉਲਟੀ ਗੰਗਾ? ਸਤਿਗੁਰਾਂ ਦੇ ਹੀ ਪਾਵਨ ਮੁਖਾਰਬਿੰਦ ਵਿਚੋਂ? “ਹੋਰਿਂਓ ਗੰਗ ਵਹਾਈਐ” ਦਾ ਭਾਵ ਵਿਗੜ ਕੇ ਹੁਣ ਇਹ? ਕਥਿਤ ਸੰਨ ਸਾਹਿਬ ਦੇ ਦਰਸ਼ਨਾਂ ਤੋਂ ਜਮਦੁਆਰਾ ਦਿਸਣ ਦੀ ਸੰਭਾਵਣਾ ਤੇ ਲਕੀਰ-ਰੂਪ ਉਲਟੀ ਗੰਗਾ? ਹੇ, ਸੰਨ ਲਾ ਕੇ ਲੋਕਾਂ ਦਾ ਝੁੱਗਾ ਚੌੜ ਕਰਨ ਵਾਲਿਓ! ਤੁਹਾਨੂੰ ਵਧਾਈਆਂ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ‘ਸੰਨ੍ਹ’ ਦੀ ਪੁਜਾਰੀ? ਸੰਨ੍ਹ ਦੀ ਜ਼ਿਆਰਤ ਧਰਮ-ਕਰਮ ਬਣਾ ਦਿੱਤਾ?

ਜੇਲ੍ਹਾਂ ਵਿੱਚ ਸੰਨ੍ਹ ਲਾਉਣ ਵਾਲਿਆਂ ਦੀ ਗਿਣਤੀ-

ਫਿਰ, “ਜੈਸਾ ਸੇਵੈ ਤੈਸੋ ਹੋਇ॥” ਵਾਲਾ ਭਾਣਾ ਵੀ ਜ਼ਰੂਰ ਵਰਤਨਾ ਹੀ ਸੀ। ਡਾ: ਅਮਰਜੀਤ ਸਿੰਘ ਜੀ ਪਤਾ ਕਰ ਲੈਣ ਕਿ, ਕੀ ਮਾਝੇ ਦੇ ਸਿੱਖਾਂ ਵਿੱਚ ਸੰਨ੍ਹ ਲਾਉਣ ਵਾਲਿਆਂ ਦੀ ਗਿਣਤੀ ਉਦੋਂ (1888 ਦੇ ਨੇੜੇ ਤੇੜੇ ਤੋਂ) ਹੀ ਵਧੀ ਸੀ, ਜਦੋਂ ਅੰਗ੍ਰੇਜ਼ਾਂ ਦੀ ਸ਼ਹਿ ਨਾਲ ਗੁਰਪ੍ਰਤਾਪ ਸੂਰਜ ਅਥਵਾ ਸੂਰਜ ਪ੍ਰਕਾਸ਼ ਅਤੇ ਇਸ ਗੁਰਬਿਲਾਸ ਦੀ ਬਾਣੀ ਦਾ ਪਰਚਾਰ, ਢਾਡੀਆਂ ਦੀ ਵਾਰਾਂ ਦੁਆਰਾ ਹੋਣਾ ਅਰੰਭ ਹੋਇਆ ਸੀ। ਅਨਪੜ੍ਹ ਵਿਹਲੜ ਮੂੰਡੀਰ ਜੁੰਡਲੀਆਂ ਨੇ “ਸੰਨ੍ਹ” ਲਾਉਣੀ ਗੁਰਸਿੱਖੀ ਦਾ ਧਰਮ ਮੰਨ ਲਿਆ? ਪੰਜਾਬ ਦੀਆਂ ਜੇਲ੍ਹਾਂ ਵਿੱਚ ਸਨ੍ਹ ਲਾਉਣ ਦੇ ਮਾਹਰਾਂ ਵਿਚੋਂ ਸਿੱਖਾਂ ਦੀ ਗਿਣਤੀ ਜੇ ਸਦਾ ਵੱਧੀਕ ਹੀ ਰਹੀ ਹੋਵੇ ਤਾਂ ਇਸ ਤੋਂ ਵਡੀ ਕੌਮੀ ਬਦਕਿਸਮਤੀ ਹੋਰ ਕਿਹੜੀ ਹੋ ਸਕਦੀ ਹੈ? ਸਤਿਗੁਰੂ ਜੀ ਦੇ ਦਰਸ਼ਨ ਦੀਦਾਰਿਆਂ ਤੋਂ ਪ੍ਰਸੰਨਤਾ ਦੀ ਗਲ ਨਹੀਂ ਸਗੋਂ “ਸੰਨ੍ਹ ਸਾਹਿਬ” ਦੇ ਦਰਸਨਾਂ ਤੋ ਖ਼ੁਸ਼ੀਆਂ ਦੀ ਪ੍ਰਾਪਤੀ ਹੋਣੀ ਅਰੰਭ ਹੋ ਗਈ? ਹੇ ਬਿੱਪ੍ਰ ਜੀਉ! ਅਸ਼ਟਾਂਗ ਡਂਡੌਤ ਤੇਰੀ ਲਿਖਣ ਵਿਧੀ ਸਾਹਮਣੇ? :-

ਦੋਹਰਾ॥ ਤਬ ਸੰਨ੍ਹ ਕਾ ਦਰਸਨੁ ਕੀਯੋ ਸੰਗਤਿ ਮਨੁ ਹਰਖਾਇ। ਬੁੱਢੇ ਤਬ ਬਿਨਤੀ ਕਰੀ ਸ੍ਰੀ ਗੁਰ ਚਰਨ ਗਹਾਇ॥ 257॥ , ਗੋਇੰਦਵਾਲ ਪ੍ਰਭ ਜੂ ਚਲੇ ਹ੍ਵੈ ਘੋੜੀ ਅਸਵਾਰੁ। ਬਚਨ ਮਾਨਿ ਸ੍ਰੀ ਗੁਰ ਉਠੇ ਬਾਹਰਿ ਦੀਯੋ ਦਿਦਾਰੁ॥ 258॥

ਪਦ ਅਰਥ:-ਗਹਾਇ=ਪਕੜ ਕੇ। ਹ੍ਵੈ …. =ਘੋੜੀ ਤੇ ਅਸਵਾਰ ਹੋ ਕੇ। ਦਿਦਾਰ=ਦਰਸ਼ਨ।

ਸਤਿਗੁਰਾਂ ਨੇ ਬਾਬਾ ਬੁਢਾ ਜੀ ਦਾ ਬਚਨ ਸਾਊਆਂ ਵਾਂਗ ਮੰਨਿਆਂ ਤੇ ਕਥਿਤ ਕੋਠੇ ਤੋਂ ਬਾਹਰ ਨਿਕਲ ਆਏ-

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.