ਕਿਰਤੀ ਇਨਸਾਨ
ਸਤਿੰਦਰਜੀਤ ਸਿੰਘ
ਗੁਰੂ ਨਾਨਕ ਸਾਹਿਬ ਨੇ ਸਮਾਜ ਨੂੰ
‘ਕਿਰਤ ਕਰੋ’ ਦਾ ਵਡਮੁੱਲਾ ਸਿਧਾਂਤ ਦਿੱਤਾ ਜਿਸਦਾ ਮਕਸਦ ਸੀ ਲੋਕਾਂ ਨੂੰ ‘ਹੱਥੀਂ ਕੰਮ ਕਰਕੇ ਕਮਾਉਣ
ਅਤੇ ਖਾਣ’ ਦੀ ਆਦਤ ਦਾ ਆਦੀ ਬਣਾਉਣਾ ਅਤੇ ਉਹਨਾਂ ਦੇ ਮਨਾਂ ਵਿੱਚੋਂ ਕਿਸੇ ਦੀ ਕਮਾਈ ਖਾਣ ਦੇ
ਮਨਸੂਬਿਆਂ ਨੂੰ ਬਾਹਰ ਕੱਢ ਸੁੱਟਣਾ। ਅੱਜ ਦੇ ਸਮਾਜ ਦੀ ਹਾਲਤ ਦੇਖੋ ਗਰੀਬ ਕਿਰਤੀ ਤਾਂ ਸਾਰਾ ਦਿਨ
ਹੱਡ-ਭੰਨਵੀਂ ਮਿਹਨਤ ਕਰਦਾ ਹੈ ਪਰ ਆਪਣੇ ਅਤੇ ਪਰਿਵਾਰ ਲਈ ਬੱਸ ਢਿੱਡ ਵਿੱਚ ਦਾਣੇ ਹੀ ਪਾ ਸਕਦਾ ਹੈ,
ਕਿਸਾਨ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਹੋਇਆ ਵੀ ਖੁਦਕਸ਼ੀ ਦੇ ਰਾਹ ‘ਤੇ ਖੜ੍ਹਾ ਹੈ....ਦੂਸਰੇ
ਪਾਸੇ ਸਾਡੇ ਸਮਾਜ ਵਿੱਚ ਬਣਿਆ ਨਵਾਂ ‘ਸਮਾਜ’ ਹੈ ਜਿਹੜਾ ਕਿਰਤੀ ਲੋਕਾਂ ਦੀ ਕਮਾਈ ‘ਤੇ ਪਲਦਾ ਹੈ।
ਸਿਰਫ ਆਪ ਹੀ ਨਹੀਂ ਪਲਦਾ ‘ਤੇ ਵਧਦਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਜੁਗਾੜ ਫਿੱਟ ਕਰ ਜਾਂਦਾ
ਹੈ। ਆਪੇ ‘ਸੰਤ’ ਬਣੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦਾ
ਸਿਧਾਂਤ ਦ੍ਰਿੜ ਕਰਵਾਉਣ, ਗੁਰਮਤਿ ਦਾ ਪ੍ਰਚਾਰ ਕਰਨ ਪਰ ਇਹ ‘ਲਾਣਾ’ ਤਾਂ ਖੁਦ ਹੀ ‘ਹੱਡ ਹਰਾਮੀ’ ਬਣ
ਗਿਆ ਹੈ। ਸਾਰਾ ਦਿਨ ਮਖਮਲੀ ਚੋਲਿਆਂ ਵਿੱਚ ਲਿਪਟ ਕੇ ਅਰਾਮਦਾਇਕ ਗੱਦਿਆਂ ‘ਤੇ ਬੈਠ ਲੋਕਾਂ ਨੂੰ
ਮਨਘੜ੍ਹਤ ਚਮਤਕਾਰੀ ਕਹਾਣੀਆਂ ਸੁਣਾ ਕੇ ਲੋਕਾਂ ਦੀ ਸੁਰਤ ਨੂੰ ਮਾਰਦੇ ਹਨ। ਦੀਵਾਨਾਂ ‘ਤੇ ਜਾ ਕੇ
ਕਰਮਕਾਂਡੀ ਗੱਲਾਂ ਕਰਨ ਲਈ ਮਹਿੰਗੀਆਂ ਗੱਡੀਆਂ ਦੇ‘ਝੂਟੇ’, ਮੁਫਤ ਭਾਵ ਲੋਕਾਂ ਦੀ ਕਮਾਈ ਦਾ
‘ਅੰਨ੍ਹੀ ਸ਼ਰਧਾ’ ਰਾਹੀਂ ਬਣਿਆ ਪੈਟਰੋਲ, ਰਹਿਣ ਲਈ ਸੁੱਖ-ਸਹੂਲਤਾਂ ਨਾਲ ਭਰਪੂਰ ਬਹੁ-ਮੰਜ਼ਲੇ
‘ਗੁਰਦੁਆਰਾ’ ਰੂਪੀ ਡੇਰੇ (ਮਕਾਨ), ਇੱਕ ਇਸ਼ਾਰੇ ‘ਤੇ ਅੱਗੇ ਹੋ-ਹੋ ਕੇ ਕੰਮ ਕਰਨ ਵਾਲੀ ਭੋਲੇ-ਭਾਲੇ
ਲੋਕਾਂ ਦੀ ਫੌਜ, ਮੂੰਹ ਤੋਂ ਮੱਖੀਆਂ, ਉਡਾਉਣ ਅਤੇ ਪੈਰੀਂ ਜੁੱਤੀਆਂ ਪਾਉਣ ਲਈ ਨੌਕਰਾਂ ਵਾਂਗ ਤਿਆਰ
ਖੜ੍ਹੇ ਸਿੱਖ.....ਕੀ ਇਹ ਸਭ ਕਾਫੀ ਨਹੀਂ ‘ਕਿਰਤ ਕਰੋ’ ਦੀਆਂ ਧੱਜੀਆਂ ਉਡਾਉਣ ਲਈ...? ਦਰੱਖ਼ਤ
ਵਾਂਗ ਪੈਦਾ ਹੋਈ ਇੱਕ ਸੰਪਰਦਾ ‘ਤੇ ਫਿਰ ਉਸ ਵਿੱਚੋਂ ਟਹਿਣੀਆਂ ਵਾਂਗ ਨਿਕਲੇ ਅਨੇਕਾਂ ਡੇਰੇ ਕਿਸੇ
ਵੀ ਤਰ੍ਹਾਂ ਅਮਰਵੇਲ ਨਾਲੋਂ ਘੱਟ ਨਹੀਂ ਸਿੱਖੀ ਨੂੰ ਵਲ ਮਾਰਨ ਲਈ। ਪ੍ਰਮਾਣੂ ਬੰਬ ਵਾਂਗ ਇੱਕ
ਸੰਪਰਦਾ ਅੱਗੇ ਅਨੇਕਾਂ ਆਪਣੇ ਵਰਗੇ ਡੇਰਿਆਂ ਵਿੱਚ ਟੁੱਟ ਕੇ ਸਿੱਖੀ ਲਈ ਘਾਤਕ ਕਰਮਕਾਂਡੀ ਊਰਜਾ
ਦੀਆਂ ਗੱਲਾਂ ਦਾ ਫੈਲਾਉ ਹੁੰਦਾ ਹੈ। ਇਹ ਸਭ ‘ਖੁਸ਼ੀਆਂ’ ਨਹੀਂ ਬਲਕਿ ‘ਐਸ਼ਪ੍ਰਸਤੀ’ ਹੈ ਜੋ ਕਿਸੇ ਦੇ
ਅਰਮਾਨਾਂ ਨੂੰ ਵਲੂੰਧਰ ਕੇ ਕੀਤੀ ਜਾਂਦੀ ਹੈ ‘ਤੇ ‘ਕਿਰਤ ਕਰੋ’ ਦੇ ਸਿਧਾਂਤ ਦੇ ਅਰਥਾਂ ਦੀਆਂ
ਧੱਜੀਆਂ ਉਡਾਉਣਾ ਹੈ।
ਦੂਸਰੇ ਪਾਸੇ ਬਹੁਤ ਸਾਰੇ ਅਨੇਕਾਂ ਐਸੇ ਕਿਰਤੀ ਦਿਸ ਜਾਂਦੇ ਹਨ ਜੋ ਜ਼ਿੰਦਗੀ ਦੇ ਆਖ਼ਰੀ ਮੋੜ ‘ਤੇ
ਖੜ੍ਹੇ ਵੀ ਹੱਥ ਵਿੱਚ ਕਿਰਤ ਲਈ ਸੰਦ ਫੜ੍ਹ ਕੇ ਖੜ੍ਹੇ ਹੁੰਦੇ ਹਨ। ਉਹਨਾਂ ਦੀ ਕਮਰੋੜ ਭੂੱਖ ਅਤੇ
ਗਰੀਬੀ ਕਾਰਨ ਤੀਰ-ਕਮਾਨ ਵਾਂਗ ਹੋ ਜਾਂਦੀ ਆ ਪਰ ਭੁੱਖ ਅਤੇ ਗਰੀਬੀ ਨਾਲ ਲੜਨ ਦੀ ਮਜ਼ਬੂਰੀ, ਹੌਸਲਾ
ਬਣ ਕੇ ਹੱਡਾਂ ਨੂੰ ਮਜ਼ਬੂਤ ਕਰਦੀ ਹੈ। ਛੋਟੇ-ਛੋਟੇ ਬੱਚੇ ਹੋਟਲਾਂ ਅਤੇ ਢਾਬਿਆਂ ‘ਤੇ ਆਪਣੇ ਕੀਮਤੀ
ਬਚਪਨ ਦੇ ਚਾਵਾਂ ਨੂੰ ਭਾਂਡਿਆਂ ਨਾਲ ਮਾਂਜਦੇ ਦੇਖੇ ਜਾ ਸਕਦੇ ਹਨ। ਅੱਤ ਦੀਆਂ ਸਰਦ ਰਾਤਾਂ ਅਤੇ ਅੱਤ
ਦੀਆਂ ਗਰਮ ਦੁਪਹਿਰਾਂ ਨੂੰ ਗਰੀਬੀ ਨੂੰ ਹਰਾਉਣ ਲਈ ਨਿਕਲੇ ਕਿਸੇ ਕਾਮੇ ਦੀ ਨਵਜੰਮੀਂ ਔਲਾਦ ਸੜਕ
ਕਿਨਾਰੇ ਕੁਦਰਤ ਨਾਲ ਅਠਖੇਲੀਆਂ ਕਰਦੀ ਹੈ। ਕਿਸੇ ਮਿਹਨਤਕਸ਼ ਕਿਸਾਨ ਜਾਂ ਕਾਮੇ ਦੀ ਧੀ ਦੇ ਹੱਥ
ਮਹਿੰਦੀ ਦੇ ਰੰਗ ਮਾਨਣ ਤੋਂ ਪਹਿਲਾਂ ਹੀ ਕਿਸੇ ਦੇ ਘਰ ਮਿਹਨਤ ਕਰਦਿਆਂ ਕਈ ‘ਰੰਗ’ ਦੇਖਦੇ ਹਨ...ਇਹ
ਸਭ ਕਰਨਾ ਕੋਈ ਪਾਪ ਜਾਂ ਬਦ-ਦੁਆ ਨਹੀਂ ਬਲਕਿ ਉਸ ਪ੍ਰਮਾਤਮਾ ਵੱਲੋਂ ਦਿੱਤੀ ਜ਼ਿੰਦਗੀ ਨੂੰ ਹੰਢਾਉਣ
ਦੀ ਜੱਦੋ-ਜਹਿਦ ਹੈ। ਇਸ ਕਰੜੀ ਮਿਹਨਤ ਭਰੀ ਜ਼ਿੰਦਗੀ ਨੂੰ ਉਹ ਲੋਕ ਜਿਉਂਦੇ ਹਨ ‘ਕਿਰਤ ਕਰੋ’ ਦੇ
ਅਰਥਾਂ ਨੂੰ ਸਾਰਥਕ ਕਰਦੇ ਹੋਏ।
ਉੱਪਰ ਵਾਲੀ ਫੋਟੋ ਨੂੰ ਦੇਖ ਕੇ ਸ਼ਾਇਦ ਕੁਝ ਲੋਕ ਸਮਝ ਸਕਣ ਕਿ ਜੇਕਰ ਇਸ ਤਰ੍ਹਾਂ ਦੇ ਇਨਸਾਨ ਕਿਰਤ
ਕਰ ਸਕਦੇ ਹਨ ਤਾਂ ਵਿਹਲੜ ਸਾਧ/ਸੰਤ ਕਿਉਂ ਨਹੀਂ...? ਗੁਰੂ ਨਾਨਕ ਸਾਹਿਬ ਜੋ ਜਗਤ ਰਹਿਬਰ ਅਤੇ
ਮਾਰਗਦਰਸ਼ਕ ਹੁੰਦੇ ਹੋਏ ਵੀ ਕਰਤਾਰਪੁਰ ਦੀ ਧਰਤੀ ‘ਤੇ ਆਪ ਹਲ ਵਾਹੁੰਦੇ ਹਨ ਉਹਨਾਂ ਦਾ ਸਿੱਖ ਭਾਈ
ਲਾਲੋ ਵਰਗਾ ਕਿਰਤੀ ਇਨਸਾਨ ਹੀ ਹੋ ਸਕਦਾ ਹੈ, ਦੂਸਰਿਆਂ ਦੀ ਕਿਰਤ ‘ਤੇ ਪਲਣ ਵਾਲੇ ਤਾਂ ਗੁਰੂ ਦੀ
ਨਜ਼ਰ ਵਿੱਚ ਮਲਕ ਭਾਗੋ ਵਾਂਗ ਹਨ। ਆਉ ਇਹਨਾਂ ਵਿਹਲੜ ਸਾਧਾਂ ਅਤੇ ਸਵਾਰਥਾਂ ਨੂੰ ਛੱਡ ਗੁਰੂ ਨਾਨਕ ਦੇ
ਕਿਰਤੀ ਸਿੱਖ ਬਣੀਏ।