ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਇਕੱਤੀਵੀਂ)
(ਨਵੰਬਰ 1-1984, ਕਾਨਪੁਰ-7)
“ਮੇਰੀ ਬਹਾਦਰ ਬੱਚੀ ਅੱਜ ਕਿਵੇਂ
ਘਬਰਾ ਗਈ ਹੈ?” ਬਲਦੇਵ ਸਿੰਘ ਨੇ ਅੰਦਰ ਵੜਦੇ ਹੋਏ ਕਿਹਾ ਤੇ ਨਾਲ ਹੀ ਉਸ ਨੂੰ ਗਲੇ ਲਗਾਉਣ ਲਈ
ਬਾਹਵਾਂ ਖੋਲ੍ਹ ਦਿੱਤੀਆਂ। ਬੱਬਲ ਨੂੰ ਵੀ ਸ਼ਾਇਦ ਇਸ ਵੇਲੇ ਪਿਤਾ ਦੇ ਐਸੇ ਪਿਆਰ ਦੀ ਬਹੁਤ ਲੋੜ ਸੀ,
ਉਹ ਵੀ ਉੱਠ ਕੇ ਪਿਤਾ ਦੇ ਗੱਲ ਲੱਗ ਗਈ। ਪਿਤਾ ਨੇ ਗਲਵਕੜੀ `ਚ ਲੈਕੇ ਤੇ ਸਿਰ ਚੁੰਮ ਕੇ ਪਿਆਰ
ਦਿੱਤਾ ਤੇ ਬੋਲਿਆ, “ਬੇਟਾ ਔਕੜ ਵੇਲੇ ਹੀ ਤਾਂ ਸਾਡੀ ਹਿੰਮਤ ਦੀ ਪਰਖ ਹੁੰਦੀ ਹੈ, ਘਬਰਾਈ ਦਾ
ਥੋੜ੍ਹਾ ਹੈ।” ਬਲਦੇਵ ਸਿੰਘ ਦੇ ਬੋਲਾਂ ਵਿੱਚ ਸਮਝਾਉਣ ਦੇ ਨਾਲ ਭਰਪੂਰ ਪਿਆਰ ਭਰਿਆ ਹੋਇਆ ਸੀ।
“ਨਹੀਂ ਭਾਪਾ ਜੀ! … ਘਬਰਾਉਣ ਵਾਲੀ ਤਾਂ ਕੋਈ ਗੱਲ ਨਹੀਂ, ਬੱਸ ਮੈਨੂੰ ਗੁੱਸਾ ਆ ਰਿਹਾ ਸੀ ਕਿ
ਸੈਂਕੜਿਆਂ ਦਾ ਹਜੂਮ ਇਕੱਠਾ ਕਰ ਕੇ, ਕਿਸੇ ਨੂੰ ਘਰ ਵਿੱਚ ਇਕੱਲੇ ਨਿਹੱਥੇ ਘੇਰ ਕੇ ਮਾਰ ਦੇਣਾ, …
ਇਹ ਕਾਹਦੀ ਬਹਾਦਰੀ ਹੋਈ? ਜੇ ਜੁਰਅਤ ਹੈ ਤਾਂ ਮੈਦਾਨ ਵਿੱਚ ਆਕੇ ਬਰਾਬਰੀ ਤੇ ਲੜੋ। … ਫੇਰ ਇਸ ਤੋਂ
ਅੱਗੇ, … ਸਾਡਾ ਧਾਰਮਿਕ ਅਪਮਾਨ ਕਰਨਾ, ਇਹ ਕਿਥੋਂ ਦੀ ਇਨਸਾਨੀਅਤ ਹੈ। ਖਾਲਸੇ ਨੇ ਸੈਂਕੜੇ ਜੰਗ ਲੜੇ
ਨੇ, ਕਦੇ ਕਿਸੇ ਦੇ ਧਰਮ ਅਸਥਾਨ ਨੂੰ ਨਹੀਂ ਛੇੜਿਆ, ਨਾ ਹੀ ਕਿਸੇ ਦਾ ਧਾਰਮਿਕ ਅਪਮਾਨ ਕੀਤਾ ਹੈ ਅਤੇ
ਨਾ ਹੀ ਕਦੇ ਕਿਸੇ ਔਰਤ ਦਾ ਅਪਮਾਨ ਕੀਤਾ ਹੈ ਬਲਕਿ ਬਗੈਰ ਦੋਸਤ ਦੁਸ਼ਮਨ ਦਾ ਵਿਚਾਰ ਕੀਤੇ ਉਸ ਦੀ ਇਜ਼ਤ
ਅਤੇ ਸਵੈਮਾਨ ਦੀ ਰੱਖਿਆ ਹੀ ਕੀਤੀ ਹੈ”, ਬੱਬਲ ਦਾ ਹਰ ਲਫ਼ਜ਼ ਰੋਸ ਨਾਲ ਭਰਿਆ ਹੋਇਆ ਸੀ।
“ਬੇਟਾ! ਇਨ੍ਹਾਂ ਦੀ ਫ਼ਿਤਰਤ ਸ਼ੁਰੂ ਤੋਂ ਇਹੀ ਹੈ, ਇਹ ਹਜੂਮ ਵਿੱਚ ਹੀ ਸ਼ੇਰ ਹੁੰਦੇ ਨੇ। ਜੇ ਇਨ੍ਹਾਂ
ਵਿੱਚ ਮੈਦਾਨ `ਚ ਆ ਕੇ ਮੁਕਾਬਲਾ ਕਰਨ ਦੀ ਜੁਰਅਤ ਹੁੰਦੀ ਤਾਂ ਭਾਰਤ ਇੱਕ ਹਜ਼ਾਰ ਸਾਲ ਦੇ ਕਰੀਬ
ਗ਼ੁਲਾਮ ਕਿਉਂ ਰਹਿੰਦਾ? … ਬਾਕੀ ਇਹ ਤਾਂ ਮੇਰੇ ਸਤਿਗੁਰੂ ਦੀ ਬਖ਼ਸ਼ੀ ਇਲਾਹੀ ਜੀਵਨ-ਜੁਗਤਿ ਦੀ ਬਖ਼ਸ਼ਿਸ਼
ਹੈ ਕਿ ਸਿੱਖ ਵੱਡੇ ਤੋਂ ਵੱਡੇ ਦੁਸ਼ਮਨ ਤੇ ਵੀ ਨਿਹੱਥੇ ਤੇ ਵਾਰ ਨਹੀਂ ਕਰਦਾ, ਕਿਸੇ ਹਾਲਾਤ ਵਿੱਚ
ਦੂਸਰੇ ਦੇ ਧਾਰਮਿਕ ਅਸਥਾਨਾਂ ਅਤੇ ਭਾਵਨਾਵਾਂ ਦਾ ਅਪਮਾਨ ਨਹੀਂ ਕਰਦਾ ਤੇ ਹਰ ਹਾਲਾਤ ਵਿੱਚ ਬੇਗਾਨੀ
ਧੀ ਭੈਣ ਦਾ ਵੀ ਉਤਨਾ ਹੀ ਸਤਿਕਾਰ ਕਰਦਾ ਹੈ ਜਿਤਨਾ ਆਪਣੀ ਦਾ। … ਜੇ ਸੱਚ ਜਾਣੋ ਤਾਂ ਇਹੀ ਸਿੱਖ ਦੀ
ਸਭ ਤੋਂ ਵੱਡੀ ਤਾਕਤ ਹੈ”, ਬਲਦੇਵ ਸਿੰਘ ਨੇ ਉਸੇ ਪਿਆਰ ਵਿੱਚ ਪਰ ਪੂਰੇ ਮਾਣ ਨਾਲ ਕਿਹਾ।
“ਸਰਦਾਰ ਜੀ! ਜੇ ਕਿਤੇ ਇਹ ਲੋਕ ਵੀ ਸਤਿਗੁਰੂ ਦੀ ਬਾਣੀ ਦਾ ਇਲਾਹੀ ਗਿਆਨ ਪ੍ਰਾਪਤ ਕਰ ਲੈਂਦੇ ਤਾਂ
ਇਨ੍ਹਾਂ ਵਿੱਚ ਵੀ ਕੁੱਝ ਇਨਸਾਨੀਅਤ ਆ ਜਾਂਦੀ ਪਰ ਇਹ ਤਾਂ ਧਾਰਮਿਕ ਕੱਟੜਵਾਦ ਅਤੇ ਈਰਖਾ ਵਿੱਚ ਸਗੋਂ
ਗੁਰੂ ਗ੍ਰੰਥ ਸਾਹਿਬ ਦਾ ਹੀ ਅਪਮਾਨ ਕਰੀ ਜਾ ਰਹੇ ਨੇ … “ਗੁਰਮੀਤ ਕੌਰ ਨੇ ਉਨ੍ਹਾਂ ਦੀ ਗੱਲ ਵਿੱਚ
ਸ਼ਾਮਲ ਹੁੰਦੇ ਹੋਏ ਕਿਹਾ ਪਰ ਅਜੇ ਉਸ ਦੀ ਗੱਲ ਵਿੱਚੇ ਹੀ ਸੀ ਕਿ ਟੈਲੀਫੋਨ ਦੀ ਘੰਟੀ ਵਜੀ। ਜਾਪਦਾ
ਸੀ ਟੈਲੀਫੋਨ ਠੀਕ ਹੋ ਗਿਐ।
ਬਲਦੇਵ ਸਿੰਘ ਗੱਲ ਵਿੱਚੇ ਛੱਡ ਕੇ ਬਾਹਰ ਟੈਲੀਫੋਨ ਵੱਲ ਦੌੜਿਆ ਤੇ ਚੁੱਕ ਕੇ ‘ਹੈਲੋ’ ਕਿਹਾ।
“ਗੁਰ ਫਤਹਿ ਵੀਰ ਜੀ! ਮੈਂ ਸੁਖਦੇਵ ਸਿੰਘ ਬੋਲ ਰਿਹਾਂ”, ਦੂਸਰੇ ਪਾਸਿਓਂ ਮੱਧਮ ਜਿਹੀ ਅਵਾਜ਼ ਆਈ।
ਸਾਫ ਮਹਿਸੂਸ ਕੀਤਾ ਜਾ ਸਕਦਾ ਸੀ ਕਿ ਉਧਰੋਂ ਬੋਲਣ ਵਾਲਾ ਜਾਣ ਬੁੱਝ ਕੇ ਹੌਲੀ ਅਵਾਜ਼ ਵਿੱਚ ਬੋਲ
ਰਿਹੈ।
“ਸ਼ੁਕਰ ਹੈ ਵਾਹਿਗੁਰੂ ਦਾ ਤੁਹਾਡੀ ਅਵਾਜ਼ ਸੁਣੀ ਹੈ, ਮੈਨੂੰ ਤਾਂ ਤੁਹਾਡੀ ਬਹੁਤ ਚਿੰਤਾ ਲੱਗੀ ਹੋਈ
ਸੀ। ਸਵੇਰੇ ਭਾਬੀ ਜੀ ਨਾਲ ਗੱਲ ਹੋਈ ਸੀ, ਉਸ ਵੇਲੇ ….” ਬਲਦੇਵ ਸਿੰਘ ਦੀ ਗੱਲ ਨੂੰ ਵਿੱਚੋਂ ਕੱਟ
ਕੇ ਸੁਖਦੇਵ ਸਿੰਘ ਬੋਲਿਆ, “ਹਾਂ ਵੀਰ ਜੀ, ਘਰੋਂ ਤਾਂ ਸਵੇਰ ਦੇ ਹੀ ਬੇਘਰ ਹੋਏ ਪਏ ਹਾਂ ਪਰ
ਵਾਹਿਗੁਰੂ ਦੀ ਮਿਹਰ ਨਾਲ ਅਜੇ ਤੱਕ ਜਾਨਾਂ ਬਚੀਆਂ ਹੋਈਆਂ ਨੇ। ਹਮਲਾ ਤਾਂ ਸਾਡੇ ਤੇ ਸਵੇਰੇ ਹੀ ਹੋ
ਗਿਆ ਸੀ ਪਰ ਇਹ ਤਾਂ ਸਾਡੇ ਕੁੱਝ ਗੁਆਂਢੀਆਂ ਨੇ ਹਿੰਮਤ ਅਤੇ ਸਿਆਣਪ ਵਿਖਾਈ, ਕੁੱਝ ਦੇਰ ਬਲਵਈਆਂ
ਨੂੰ ਗਲੀ ਦੇ ਬਾਹਰ ਰੋਕ ਲਿਆ ਤੇ ਉਤਨੀ ਦੇਰ ਵਿੱਚ ਸਾਨੂੰ ਉਥੋਂ ਕੱਢ ਕੇ ਲੈ ਗਏ … ਮੇਰੀ ਪਤਨੀ ਉਥੇ
ਫਸ ਗਈ ਸੀ ਪਰ ਉਹ ਔਖੇ ਸੌਖੇ ਉਸ ਨੂੰ ਵੀ ਕੱਢ ਹੀ ਲਿਆਏ। ਬਸ ਪਲਾਂ ਦਾ ਹੀ ਫਰਕ ਪਿਐ। … ਲੁਟੇਰੇ
ਪਹਿਲਾਂ ਸਾਡਾ ਘਰ ਲੁੱਟਣ ਵੱਲ ਪੈ ਗਏ ਤੇ ਇਸ ਤੋਂ ਪਹਿਲਾਂ ਕਿ ਉਹ ਸਾਨੂੰ ਲੱਭਣ ਵਾਲੇ ਪਾਸੇ
ਪੈਂਦੇ, ਗੁਆਢੀਆਂ ਨੇ ਸਾਨੂੰ ਅੰਦਰੋ ਅੰਦਰੀ ਹੀ ਕਾਫੀ ਦੂਰ ਪਹੁੰਚਾ ਦਿੱਤਾ। … ਤੁਹਾਨੂੰ ਪਤਾ ਹੀ
ਹੈ ਕਿ ਸਾਡੇ ਘਰ ਸਾਰੇ ਆਪਸ ਵਿੱਚ ਜੁੜੇ ਹੋਏ ਹਨ। ਗੁੰਡੇ ਤਾਂ ਸਾਨੂੰ ਬਹੁਤ ਲੱਭਦੇ ਰਹੇ, ਕਈ ਨੇੜੇ
ਦੇ ਗੁਆਂਢੀਆਂ ਦੇ ਘਰ ਵੀ ਫਰੋਲੇ, ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਪਰ ਡਾ. ਉਂਕਾਰ ਸਿੰਘ ਤੇ
ਪ੍ਰਕਾਸ਼ ਜੀ ਨੇ ਕਾਫੀ ਮੱਦਦ ਕੀਤੀ ਹੈ, ਨਹੀਂ ਤਾਂ ਪਤਾ ਨਹੀਂ ਕੀ ਬਣਦਾ …? ਬੋਲਦੇ ਹੋਏ ਸੁਖਦੇਵ
ਸਿੰਘ ਦੀ ਅਵਾਜ਼ ਭਾਰੀ ਹੋ ਗਈ। ਉਂਝ ਵੀ ਗੱਲ ਕਰਦਿਆਂ ਉਸ ਦੇ ਅੰਦਰ ਦਾ ਦਰਦ ਸਾਫ ਝਲਕ ਰਿਹਾ ਸੀ।
“ਸ਼ੁਕਰ ਹੈ ਵਾਹਿਗੁਰੂ ਦਾ ਅਤੇ ਉਨ੍ਹਾਂ ਗੁਆਂਢੀਆਂ ਦਾ ਵੀ, ਜੋ ਇਸ ਔਖ ਦੀ ਘੜੀ ਵਿੱਚ ਇੰਝ ਨਾਲ ਖੜੇ
ਹੋਏ ਨੇ। … ਇੱਕ ਗੱਲ ਤਾਂ ਹੈ ਸੁਖਦੇਵ ਸਿੰਘ ਜੀ! ਇਹ ਖ਼ਬਰ ਤਕਰੀਬਨ ਹਰ ਪਾਸਿਓ ਮਿਲ ਰਹੀ ਹੈ ਕਿ
ਗੁਆਂਢੀ ਸਿੱਖਾਂ ਦੀ ਕਾਫੀ ਮਦਦ ਕਰ ਰਹੇ ਨੇ, ਬਹੁਤਾਤ ਵਿੱਚ ਤਾਂ ਉਹ ਹਿੰਦੂ ਹੀ ਨੇ, ਫਿਰ ਆਖਰ ਇਹ
ਜ਼ੁਲਮ ਕੌਣ ਢਾਅ ਰਿਹੈ?” ਬਲਦੇਵ ਸਿੰਘ ਨੇ ਪਹਿਲਾਂ ਕੁੱਝ ਤਸੱਲੀ ਜ਼ਾਹਰ ਕਰਦੇ ਹੋਏ, ਆਪਣੇ ਮਨ ਦੀ ਇਹ
ਸ਼ੰਕਾ ਸੁਖਦੇਵ ਸਿੰਘ ਅਗੇ ਵੀ ਜ਼ਾਹਰ ਕਰ ਦਿੱਤੀ।
“ਬਲਦੇਵ ਸਿੰਘ ਜੀ! ਮੈਂ ਤਾਂ ਇਨ੍ਹਾਂ ਦਾ ਇਹ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ, … ਪਰ ਮੈਂ
ਸਮਝਦਾ ਹਾਂ ਕਿ ਜੋ ਹਿੰਦੂ ਗੁਆਂਢੀ ਮਦਦ ਕਰ ਰਹੇ ਨੇ ਉਹ ਹਿੰਦੂ ਹੋਣ ਨਾਤੇ ਨਹੀਂ, ਬਲਕਿ ਗੁਆਂਢੀ
ਹੋਣ ਨਾਤੇ ਕਰ ਰਹੇ ਹਨ। ਇਹ ਸਾਡਾ ਦਹਾਕਿਆਂ ਤੋਂ ਪ੍ਰੇਮ ਪਿਆਰ ਨਾਲ ਇਕੱਠੇ ਰਹਿਣਾ ਕੰਮ ਆ ਰਿਹੈ, …
ਸਿੱਖ ਦਾ ਤਾਂ ਸੁਭਾ ਹੀ ਬੜਾ ਮਿਲਾਪੜਾ ਅਤੇ ਸਹਿਯੋਗੀ ਹੈ, ਅੱਜ ਉਹ ਅਸਰ ਦਿਖਾ ਰਿਹੈ। . . ਉਂਝ ਇਸ
ਜਨੂੰਨ ਦਾ ਅਸਰ ਬਹੁਤਿਆਂ ਤੇ ਮਹਿਸੂਸ ਹੁੰਦੈ, . . ਮੈਨੂੰ ਪਤਾ ਲੱਗੈ ਕਿ ਕਈ, ਜਿਨ੍ਹਾਂ ਨੇ ਇੱਕ
ਜਗ੍ਹਾ ਗੁਆਂਢੀ ਦੇ ਤੌਰ ਤੇ ਮਦਦ ਕੀਤੀ ਹੈ, ਦੂਸਰੀ ਜਗ੍ਹਾ ਵਾਰਦਾਤ ਕਰਨ ਵਿੱਚ ਵੀ ਸ਼ਾਮਲ ਹੋਏ ਨੇ।
ਵੈਸੇ ਕੁੱਝ ਵਿਰਲੇ ਐਸੇ ਵੀ ਹਨ ਜੋ ਦਿਲੋਂ ਮਹਿਸੂਸ ਕਰਦੇ ਹਨ ਕਿ ਇਹ ਜੋ ਕੁੱਝ ਵਰਤ ਰਿਹੈ, ਇਹ
ਗੈਰ-ਮਨੁੱਖੀ ਅਤੇ ਗੈਰ-ਇਨਸਾਨੀ ਕਾਰਾ ਹੈ, ਉਹ ਵਿਚਾਰੇ ਤਾਂ ਗੁਆਂਢ ਜਾਂ ਕਿਸੇ ਨਿਜੀ ਸਬੰਧ ਤੋਂ
ਉਪਰ ਉਠ ਕੇ ਸਿੱਖਾਂ ਦੀ ਮਦਦ ਵਾਸਤੇ ਦੌੜੇ ਫਿਰਦੇ ਨੇ ਜਿਵੇਂ ਸਾਡੇ ਇਥੇ ਡਾ. ਉਂਕਾਰ ਸਿੰਘ ਤੇ
ਪ੍ਰਕਾਸ਼ ਜੀ”, ਸੁਖਦੇਵ ਸਿੰਘ ਨੇ ਆਪਣਾ ਵਿਚਾਰ ਪਰਗੱਟ ਕੀਤਾ।
“ਹਾਂ ਵੀਰੇ, ਐਸੇ ਕੁੱਝ ਭਲੇ ਲੋਕ ਹਰ ਕੌਮ ਵਿੱਚ ਹੁੰਦੇ ਨੇ, ਇਥੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ
ਵੀ ਕਈ ਨੇ। … ਉਂਝ ਤੁਹਾਡੇ ਗੋਵਿੰਦ ਨਗਰ ਵਿੱਚ ਹੋਰ ਕੀ ਹਾਲ ਹੈ?” ਬਲਦੇਵ ਸਿੰਘ ਦੀ ਸ਼ਹਿਰ ਬਾਰੇ
ਹੋਰ ਜਾਣਕਾਰੀ ਹਾਸਲ ਕਰਨ ਦੀ ਜਗਿਆਸਾ ਫੇਰ ਜਾਗ ਪਈ।
“ਬਹੁਤ ਮਾੜਾ ਹਾਲ ਹੈ ਵੀਰ ਜੀ”, ਸੁਖਦੇਵ ਸਿੰਘ ਜੋ ਹੁਣ ਕੁੱਝ ਸਹਿਜ ਵਿੱਚ ਆ ਰਿਹਾ ਜਾਪਦਾ ਸੀ, ਉਸ
ਦੇ ਬੋਲਾਂ ਚੋਂ ਇੱਕ ਦਮ ਉਦਾਸੀ ਝਲਕਣ ਲੱਗ ਪਈ, ਜਿਵੇਂ ਕਿਸੇ ਨੇ ਉਸ ਦੀ ਦੁਖਦੀ ਰਗ ਤੇ ਹੱਥ ਰੱਖ
ਦਿਤਾ ਹੋਵੇ, “ਇਥੇ 124ਈ/8 ਵਿੱਚ ਮੇਰੀ ਪਤਨੀ ਦੀ ਇੱਕ ਸਹੇਲੀ ਰਹਿੰਦੀ ਹੈ, ਹਰਸ਼ਰਨ ਕੌਰ”, ਉਸ ਨੇ
ਆਪਣੇ ਇਲਾਕੇ ਦੀ ਵਿਥਿਆ ਸੁਨਾਉਣੀ ਸ਼ੁਰੂ ਕੀਤੀ, “ਕਲ ਸ਼ਾਮੀਂ ਆਸ-ਪਾਸ ਦੇ ਮੁੰਡਿਆਂ ਨੇ ਉਨ੍ਹਾਂ ਦੇ
ਘਰ ਤੇ ਪੱਥਰ ਮਾਰੇ ਤੇ ਬਿਜਲੀ ਦਾ ਮੀਟਰ ਸਾੜ ਦਿੱਤਾ। ਘਰ ਵਿੱਚ ਉਸ ਦਾ ਪਤੀ, ਦੋ ਜੁਆਨ ਪੁੱਤਰ
ਹਰਮਿੰਦਰ ਸਿੰਘ, ਪਰਵਿੰਦਰ ਸਿੰਘ ਤੇ ਦੋ ਲੜਕੀਆਂ ਸਨ। ਇੱਕ ਲੜਕਾ ਪੰਤ ਨਗਰ ਇੰਜੀਨੀਅਰਿੰਗ ਕਾਲਜ
ਵਿੱਚ ਪੜ੍ਹਦਾ ਹੈ, ਉਹ ਉਥੇ ਹੀ ਸੀ। ਅੱਜ ਸਵੇਰੇ 20-25 ਮੁੰਡਿਆਂ ਫੇਰ ਪੱਥਰ ਮਾਰਨੇ ਸ਼ੁਰੂ ਕਰ
ਦਿੱਤੇ ਤੇ ਹੌਲੀ-ਹੌਲੀ ਭੀੜ ਵਧਣੀ ਸ਼ੁਰੂ ਹੋ ਗਈ। ਦਸ-ਗਿਆਰਾਂ ਵਜੇ ਤੱਕ ਪੰਜ-ਛੇ ਸੌ ਦੀ ਭੀੜ ਇਕੱਠੀ
ਹੋ ਗਈ। ਉਨ੍ਹਾਂ ਗੇਟ ਤੋੜ ਕੇ ਘਰ ਦੇ ਦਰਵਾਜ਼ੇ ਤੋੜ ਦਿੱਤੇ। ਫੈਕਟ੍ਰੀ ਦਾ ਸਾਰਾ ਸਮਾਨ ਲੁੱਟ ਲਿਆ।
ਉਨ੍ਹਾਂ ਹੱਥ ਜੋੜੇ ਕਿ ਅਬ ਮਾਫ ਕਰ ਦੋ ਬਹੁਤ ਹੋ ਚੁੱਕਾ ਤਾਂ ਉਹ ਨੇੜੇ ਹੀ ਸਲੂਜਿਆਂ ਦੇ ਘਰ ਚਲੇ
ਗਏ। … ਵੀਰ ਜੀ, … ਉਨ੍ਹਾ ਸਲੂਜਿਆਂ ਦੇ ਘਰ ਜੋ ਜ਼ੁਲਮ ਢਾਹਿਐ, ਦਸਦਿਆਂ ਵੀ ਰੂਹ ਕੰਬਦੀ ਹੈ”,
ਸੁਖਦੇਵ ਸਿੰਘ ਦੀ ਇੱਕ ਸਿਸਕੀ ਨਿਕਲੀ ਤੇ ਨਾਲ ਹੀ ਅਵਾਜ਼ ਜਿਵੇਂ ਵਿੱਚੇ ਹੀ ਫਸ ਗਈ ਹੋਵੇ।
“ਹੌਂਸਲਾ ਕਰੋ ਸੁਖਦੇਵ ਸਿੰਘ ਜੀ, ਅੱਜ ਤਾਂ ਸਵੇਰ ਤੋਂ ਇੱਕ ਤੋਂ ਇੱਕ ਵਹਿਸ਼ੀ ਕਾਰਾ ਸੁਣਨ ਨੂੰ ਮਿਲ
ਰਿਹਾ ਹੈ”, ਬਲਦੇਵ ਸਿੰਘ ਨੇ ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ।
“ਉਹ ਤਾਂ ਠੀਕ ਹੈ ਵੀਰ ਜੀ, ਅੱਜ ਸਵੇਰ ਤੋਂ ਮਨੁੱਖ ਦੇ ਦਰਿੰਦਾ ਬਣਨ ਵਾਲੀਆਂ ਖ਼ਬਰਾਂ ਹੀ ਸੁਣ ਰਹੇ
ਹਾਂ, ਪਰ ਇਹ ਸਲੂਜਿਆਂ ਦੇ ਘਰ ਦੀ ਘਟਨਾ ਤਾਂ ਦਰਿੰਦਿਆਂ ਨੂੰ ਵੀ ਸ਼ਰਮਿੰਦਾ ਪਾਉਣ ਵਾਲੀ ਹੈ। … ਪਤਾ
ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਇਹ ਵਹਿਸ਼ੀ …?” ਬੋਲਦਿਆਂ ਸੁਖਦੇਵ ਸਿੰਘ ਦੀ ਅਵਾਜ਼ ਫੇਰ ਵਿੱਚੇ
ਦੱਬ ਗਈ।
ਬਲਦੇਵ ਸਿੰਘ ਦੀ ਜਗਿਆਸਾ ਬਹੁਤ ਵੱਧ ਗਈ ਸੀ, ਉਹ ਸੁਖਦੇਵ ਸਿੰਘ ਦੀ ਹਿੰਮਤ ਫੇਰ ਵਧਾਉਂਦਾ ਹੋਇਆ
ਬੋਲਿਆ, “ਵਾਹਿਗੁਰੂ ਆਖੋ ਵੀਰੇ, ਹਿੰਮਤ ਰੱਖੋ, … ਦਸੋ ਤਾਂ ਸਹੀ ਹੋਇਆ ਕੀ ਏ?”
“ਕੱਲ ਦੀ ਹਿੰਮਤ ਹੀ ਰੱਖੀ ਹੋਈ ਹੈ, … ਪਰ ਜਿਸ ਵੇਲੇ ਦੀ ਇਹ ਵਾਰਦਾਤ ਸੁਣੀ ਏ, ਉਸ ਦਾ ਖ਼ਿਆਲ
ਆਉਂਦਿਆਂ ਹੀ ਮਨ ਭਰ ਆਉਂਦੈ”, ਸੁਖਦੇਵ ਸਿੰਘ ਨੇ ਦੁਖ ਸਾਂਝਾ ਕਰਦੇ ਹੋਏ ਕਿਹਾ ਤੇ ਜ਼ਰਾ ਰੁੱਕ ਕੇ
ਵਾਰਦਾਤ ਸੁਨਾਉਣੀ ਸ਼ੁਰੂ ਕੀਤੀ, “ਵੀਰ ਜੀ, ਉਥੋਂ ਜਾ ਕੇ ਇਹ ਦੁਸ਼ਟ ਮੰਡਲੀ ਸਲੂਜਿਆਂ ਦੇ ਘਰ ਤੇ ਜਾ
ਪਈ, ਔਰਤਾਂ ਬੱਚਿਆਂ ਸਮੇਤ ਉਹ ਘਰ ਵਿੱਚ ਤੇਰ੍ਹਾਂ ਜੀਅ ਸਨ, ਸ੍ਰ. ਬਲਵੰਤ ਸਿੰਘ, ਉਨ੍ਹਾਂ ਦੀ ਪਤਨੀ
ਰਾਜ ਰਾਨੀ, ਵੱਡਾ ਪੁੱਤਰ ਗੁਰਚਰਨ ਸਿੰਘ, ਉਸ ਦੀ ਪਤਨੀ ਰਣਜੀਤ ਕੌਰ ਤੇ ਉਨ੍ਹਾਂ ਦੇ ਪੁੱਤਰ ਪਰਮਜੀਤ
ਸਿੰਘ ਤੇ ਹਰਵਿੰਦਰ ਸਿੰਘ, ਬਲਵੰਤ ਸਿੰਘ ਦਾ ਛੋਟਾ ਪੁੱਤਰ ਹਰਭਜਨ ਸਿੰਘ ਉਸ ਦੀ ਪਤਨੀ ਤੇਜਿੰਦਰ ਕੌਰ
ਤੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਧੀਆਂ ਹਨੀ, ਪੂਨਮ ਤੇ ਡੇਢ ਮਹੀਨੇ ਦੀ ਬੇਬੀ। ਇਸ ਤੋਂ ਇਲਾਵਾ
ਇੱਕ ਪੁੱਤਰ ਹਰਜੀਤ ਸਿੰਘ ਕਿਤੇ ਬਾਹਰ ਗਿਆ ਹੋਇਆ ਸੀ ਪਰ ਉਸ ਦੀ ਪਤਨੀ ਸੁਰਿੰਦਰ ਕੌਰ ਤੇ ਧੀ ਡੌਲੀ
ਵੀ ਘਰ ਹੀ ਸਨ।
ਬਲਵਈਆਂ ਨੇ ਜਦੋਂ ਘਰ ਨੂੰ ਘੇਰਾ ਪਾਇਆ ਤਾਂ ਨਾਹਰਿਆਂ ਦੀ ਅਵਾਜ਼ ਅਤੇ ਰੌਲਾ ਸੁਣ ਕੇ ਗੁਰਚਰਨ ਸਿੰਘ
ਬਾਹਰ ਆਇਆ। ਭੀੜ ਦੇ ਨਾਲ ਪੁਲੀਸ ਵੀ ਸੀ, ਉਸ ਨੇ ਪੁਲੀਸ ਨੂੰ ਵਾਸਤਾ ਪਾਇਆ ਕਿ ਸਾਡੀ ਜਾਨ ਬਚਾਓ।
ਅਗੋਂ ਪੁਲੀਸ ਵਾਲਿਆਂ ਉਸੇ ਤੇ ਬੰਦੂਕ ਤਾਣ ਲਈ। ਉਹ ਜਾਨ ਬਚਾਉਣ ਲਈ ਪਿੱਛੇ ਨਸਿਆ, ਅਜੇ ਮੁੜਿਆ ਹੀ
ਸੀ ਕਿ ਪਿੱਛੋਂ ਗੋਲੀ ਚਲੀ ਤੇ ਉਹ ਉਥੇ ਹੀ ਢੇਰ ਹੋ ਗਿਆ। ਬਲਵਈ ਦਰਵਾਜ਼ੇ ਤੋੜ ਕੇ ਅੰਦਰ ਵੜ ਆਏ ਤੇ
ਸ੍ਰ ਬਲਵੰਤ ਸਿੰਘ ਪਿਛਲੇ ਦਰਵਾਜ਼ੇ ਵੱਲ ਨਸੇ। ਗੁੰਡੇ ਉਧਰ ਵੀ ਖੜੇ ਸਨ, ਉਨ੍ਹਾਂ ਨੂੰ ਉਥੇ ਹੀ ਮਾਰ
ਕੇ ਅੱਗ ਲਾ ਦਿੱਤੀ ਤੇ ਫੇਰ ਬੜੀ ਬੇਰਹਮੀਂ ਨਾਲ ਪਰਿਵਾਰ ਦੇ ਬਾਕੀ ਜੀਆਂ ਦਾ ਕਤਲ ਕਰ ਦਿੱਤਾ, ਨਾ
ਔਰਤਾਂ ਬਖ਼ਸ਼ੀਆਂ ਤੇ ਨਾ ਬੱਚੇ। … ਵੀਰ ਜੀ ਇਤਨਾ ਜ਼ੁਲਮ ਕੀਤੈ ਕਿ … ਉਨ੍ਹਾਂ ਦੇ ਛੋਟੇ ਛੋਟੇ ਬੱਚਿਆਂ
ਨੂੰ ਤੇਲ ਵਿੱਚ ਡੁਬੋ ਕੇ ਅੱਗ ਲਾ ਕੇ ਸੜਕ ਤੇ ਸੁੱਟਿਆ। ਜਦੋਂ ਉਹ ਤੜਫ ਰਹੇ ਸਨ ਤਾਂ ਤਾੜੀਆਂ ਮਾਰ
ਕੇ ਕਿਲਕਾਰੀਆਂ ਮਾਰੀਆਂ ਕਿ ‘ਡਿਸਕੋ ਡਾਂਸ ਕਰ ਰਹੇ ਹੈਂ’। ਇੱਕ ਛੋਟੀ ਬੱਚੀ ਨੂੰ ਗੈਸ ਚੁਲ੍ਹੇ `ਤੇ
ਭੁੰਨਿਆਂ, … ਤੇ … ਉਸ ਬੱਚੀ ਦਾ ਸਿਰ ਪਾਟ ਕੇ ਅਲਮਾਰੀ ਨਾਲ ਜਾ ਚਿਪਕਿਆ”, ਤੇ ਇਸ ਦੇ ਨਾਲ ਹੀ
ਸੁਖਦੇਵ ਸਿੰਘ ਦੀ ਭੁੱਬ ਨਿਕਲ ਗਈ। ਇਹ ਵਿਥਿਆ ਸੁਣਾਉਂਦਿਆਂ ਭਾਵੇਂ ਉਹ ਬਹੁਤ ਵਿਸਥਾਰ ਵਿੱਚ ਨਹੀਂ
ਸੀ ਗਿਆ, ਸ਼ਾਇਦ ਕੁੱਝ ਹਾਲਾਤ ਕਰ ਕੇ ਅਤੇ ਕੁੱਝ ਬੇਗਾਨੇ ਘਰ ਆਸਰਾ ਲਏ ਹੋਣ ਕਾਰਨ ਉਹ ਬਹੁਤੀ ਲੰਬੀ
ਗੱਲ ਨਹੀਂ ਸੀ ਕਰਨਾ ਚਾਹੁੰਦਾ ਪਰ ਛੋਟੇ ਛੋਟੇ ਬੱਚਿਆਂ ਬਾਰੇ ਐਸੀ ਨੀਚਤਾ ਅਤੇ ਨ੍ਰਿਦੈਤਾ ਦੀ
ਕਹਾਣੀ ਨੇ ਬਲਦੇਵ ਸਿੰਘ ਦਾ ਮਨ ਅਤਿ ਦੁੱਖ ਨਾਲ ਭਰ ਦਿੱਤਾ, ਉਸ ਦੇ ਮੂੰਹੋਂ ਸੁਭਾਵਕ ‘ਵਾਹਿਗੁਰੂ,
… ਵਾਹਿਗੁਰੂ, ਨਿਕਲਿਆ ਤੇ ਕੁੱਝ ਦੇਰ ਲਈ ਦੋਵੇਂ ਪਾਸਿਓਂ ਚੁੱਪ ਛਾ ਗਈ। ਚੁੱਪ ਨੂੰ ਫੇਰ ਬਲਦੇਵ
ਸਿੰਘ ਨੇ ਹੀ ਤੋੜਿਆ, “ਵਾਹਿਗੁਰੂ ਸਭ ਵੇਖ ਰਿਹੈ ਵੀਰੇ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਨ੍ਹਾਂ
ਦੀਆਂ ਕਰਨੀਆਂ ਇੱਕ ਦਿਨ ਇਨ੍ਹਾਂ ਦੇ ਸਾਹਮਣੇ ਜ਼ਰੂਰ ਆਉਣਗੀਆਂ। … ਵੈਸੇ ਹੋਰ ਵੀ ਕੁੱਝ ਵਾਪਰਿਐ
ਗੋਵਿੰਦ ਨਗਰ ਵਿੱਚ?”
“ਬਹੁਤ ਕੁੱਝ ਵਾਪਰ ਗਿਐ ਵੀਰ ਜੀ, ਲਗਾਤਾਰ ਜ਼ੁਲਮ ਦੀ ਭੱਠੀ ਹੀ ਤਾਂ ਭੱਖ ਰਹੀ ਹੈ”, ਸੁਖਦੇਵ ਸਿੰਘ
ਨੇ ਵੀ ਇਤਨੇ ਵਿੱਚ ਸ਼ਾਇਦ ਆਪਣੇ ਆਪ ਨੂੰ ਕਾਫੀ ਸੰਭਾਲ ਲਿਆ ਸੀ, ਉਹ ਉਸੇ ਦੁਖ ਭਰੀ ਪਰ ਪਹਿਲੇ
ਨਾਲੋਂ ਕੁੱਝ ਠਹਿਰੀ ਅਵਾਜ਼ ਵਿੱਚ ਬੋਲਿਆ, “ਘੰਟਾ ਡੇਢ ਉਥੇ ਜ਼ੁਲਮ ਢਾਅ ਕੇ, ਸਾਰੇ ਪਰਿਵਾਰ ਨੂੰ
ਫ਼ਨਾਹ ਕਰ ਕੇ ਉਨ੍ਹਾਂ ਦੇ ਘਰ ਨੂੰ ਲੁੱਟ ਕੇ ਅੱਗ ਲਾ ਦਿੱਤੀ ਤੇ ਫੇਰ ਹਰਸ਼ਰਨ ਕੌਰ ਹੁਰਾਂ ਦੇ ਘਰ
ਵਾਪਸ ਆ ਗਏ। ਉਨ੍ਹਾਂ ਨੂੰ ਗੁਆਂਢੀਆਂ ਨੇ ਲੁਕਾ ਲਿਆ ਸੀ। ਦੰਗਾਈਆਂ ਨੇ ਪੂਰਾ ਘਰ ਲੁੱਟ ਲਿਆ ਪਰ
ਉਨ੍ਹਾਂ ਨੂੰ ਉਥੇ ਨਾ ਵੇਖ ਕੇ ਘਰ-ਘਰ ਲੱਭਣ ਲੱਗ ਪਏ। ਕਿਸੇ ਨੇ ਗੁਆਂਢੀਆਂ ਬਾਰੇ ਦਸ ਦਿੱਤਾ ਕਿ
ਉਨ੍ਹਾਂ ਛੁਪਾਇਆ ਹੋਇਆ ਹੈ। ਉਨ੍ਹਾਂ ਨੇ ਗੁਆਂਢੀਆਂ ਨੂੰ ਕਿਹਾ ਕਿ ਜੇ ਸਿੱਖ ਸਾਡੇ ਹਵਾਲੇ ਨਹੀਂ
ਕਰੋਗੇ ਤਾਂ ਤੁਹਾਡੇ ਘਰ ਨੂੰ ਵੀ ਅੱਗ ਲਾ ਦਿਆਂਗੇ ਸੋ ਉਨ੍ਹਾਂ ਕੁੜੀਆਂ ਤਾਂ ਰਖੀ-ਰਖੀਆਂ ਪਰ
ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣੇ ਘਰ ਚਲੇ ਜਾਓ। ਉਹ ਕੋਠੇ ਤੇ ਗਏ ਪਰ ਵੇਖਿਆ ਕਿ ਉਪਰ ਕੁੱਝ
ਮੁੰਡੇ ਇੱਟਾਂ ਚੁਕ ਕੇ ਖੜੇ ਸਨ, ਸੋ ਪਤੀ-ਪਤਨੀ ਮੁੰਡਿਆਂ ਨੂੰ ਲੈ ਕੇ ਗੁਆਂਢੀਆਂ ਦੀ ਮਿਆਨੀ ਵਿੱਚ
ਛੁੱਪ ਗਏ। ਬਲਵਈਆਂ ਨੇ ਗੁਆਢੀਆਂ ਦਾ ਬੂਹਾ ਤੋੜ ਦਿੱਤਾ ਤੇ ਉਨ੍ਹਾਂ ਦੇ ਮੁੰਡੇ ਨੂੰ ਫੜ ਲਿਆ, ਫਿਰ
ਉੱਚੀ ਕਹਿਣ ਲਗੇ ਕਿ ਬਾਹਰ ਨਿਕਲ ਆਓ ਨਹੀਂ ਤਾਂ ਇਸ ਮੁੰਡੇ ਨੂੰ ਮਾਰ ਦਿਆਂਗੇ। ਸਰਦਾਰ ਜੀ ਨੇ
ਖਿੜਕੀ ਖੋਲ੍ਹ ਦਿੱਤੀ ਤੇ ਬਾਹਰ ਸੜਕ ਤੇ ਖਲ੍ਹੋਤੇ ਬੰਦਿਆਂ ਨੂੰ ਕੁੱਝ ਕਹਿਣ ਹੀ ਜਾ ਰਹੇ ਸਨ ਕਿ
ਉਨ੍ਹਾਂ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ ਗਈ ਤੇ ਉਹ ਡਿੱਗ ਪਏ। ਭੀੜ ਉਪਰ ਚੜ੍ਹ ਗਈ। ਮੁੰਡੇ ਨੇ
ਬੂਹਾ ਖੋਲ੍ਹ ਦਿੱਤਾ। ਉਨ੍ਹਾਂ ਦੋਹਾਂ ਮੁੰਡਿਆਂ ਨੂੰ ਛੁਰੇ ਮਾਰੇ ਤੇ ਬਾਹਰ ਸੜਕ ਤੇ ਸੁੱਟ ਕੇ
ਪੈਟ੍ਰੋਲ ਪਾ ਕੇ ਅੱਗ ਲਾ ਦਿੱਤੀ। ਹਰਸ਼ਰਨ ਕੌਰ ਨੇ ਪਤੀ ਦੇ ਪੇਟ ਤੇ ਆਪਣੀ ਚੁੰਨੀ ਬੱਧੀ ਤੇ ਉਹ
ਪੌੜੀਆਂ ਵੱਲ ਦੌੜੇ ਕਿ ਬੱਚਿਆਂ ਨੂੰ ਨਾ ਮਾਰੋ, ਪਰ ਡਿੱਗ ਪਏ ਤੇ ਦੰਗਾਈਆਂ ਨੇ ਉਨ੍ਹਾਂ ਨੂੰ ਵੀ
ਘਸੀਟ ਕੇ ਅੱਗ ਵਿੱਚ ਸੁੱਟ ਦਿੱਤਾ। ਹਰਸ਼ਰਨ ਕੌਰ ਵਿਚਾਰੀ ਤਰਲੇ ਕਰਦੀ ਰਹੀ ਪਰ ਕਹਿਣ ਲਗੇ ਕਿ
‘ਬੁਢੀਆ ਕੋ ਭੀ ਸਾਥ ਭੇਜ ਦੋ’, ਇੱਕ ਦੋ ਮੁੰਡਿਆਂ ਕਿਹਾ ਕਿ ਔਰਤ ਕੋ ਛੋੜ ਦੋ, ਤੇ ਇੰਝ ਉਹ ਬੱਚ
ਗਈ।”
ਇਤਨਾ ਕਹਿ ਕੇ ਸੁਖਦੇਵ ਸਿੰਘ ਰੁਕਿਆ ਤਾਂ ਬਲਦੇਵ ਸਿੰਘ ਬੋਲਿਆ, “ਵੀਰੇ! ਮੈਨੂੰ ਤਾਂ ਇੰਝ ਜਾਪਦੈ,
ਪਹਿਲਾਂ ਉਨ੍ਹਾਂ ਨੂੰ ਕੇਵਲ ਲੁੱਟ-ਮਾਰ ਕਰਨ ਦੇ ਆਦੇਸ਼ ਸਨ, ਇਹ ਕਤਲੋ-ਗ਼ਾਰਤ ਕਰਨ ਦੇ ਬਾਅਦ ਵਿੱਚ ਆਏ
ਨੇ। … ਤਾਂ ਹੀ ਉਹ ਪਹਿਲਾਂ ਹਰਸ਼ਰਨ ਕੌਰ ਹੁਰਾਂ ਦੀ ਫੈਕਟ੍ਰੀ ਲੁੱਟ ਕੇ ਚਲੇ ਗਏ ਸਨ ਪਰ ਸਲੂਜਿਆਂ
ਦੇ ਘਰ ਜ਼ੁਲਮ ਢਾਅ ਕੇ ਵਾਪਸ ਆ ਕੇ ਉਨ੍ਹਾਂ ਦੀ ਬਲੀ ਵੀ ਲੈ ਲਈ …?” ਬਲਦੇਵ ਸਿੰਘ ਨੇ ਦੁਖੀ ਹਿਰਦੇ
ਨਾਲ ਆਪਣਾ ਖ਼ਿਆਲ ਜ਼ਾਹਰ ਕੀਤਾ।
“ਪਤਾ ਨਹੀਂ ਵੀਰ ਜੀ, ਕੌਣ ਕੀ ਆਦੇਸ਼ ਦੇ ਰਿਹੈ? ਪਰ ਜ਼ੁਲਮ ਵਾਲੀ ਤਾਂ ਇੰਤਹਾ ਕਰੀ ਜਾ ਰਹੇ ਹਨ।
144/ਡੀ, ਬੀ ਬਲਾਕ ਵਿੱਚ ਤਾਂ ਸਿਲੰਡਰ ਖੋਲ੍ਹ ਕੇ ਪੂਰਾ ਘਰ ਬੰਦਿਆਂ ਸਣੇ ਸਾੜ ਦਿੱਤੈ। ਉਨ੍ਹਾਂ
ਬੱਚੇ, ਬੁੱਢੇ, ਜੁਆਨ, ਔਰਤਾਂ, ਕੁੜੀਆਂ … ਕਿਸੇ ਦਾ ਲਿਹਾਜ ਨਹੀਂ ਕੀਤਾ”, ਬਲਦੇਵ ਸਿੰਘ ਦੀ ਗੱਲ
ਮੁਕਦੇ ਹੀ ਸੁਖਦੇਵ ਸਿੰਘ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ। ਸ਼ਾਇਦ ਉਹ ਗੱਲ ਛੇਤੀ ਖਤਮ ਕਰਨੀ
ਚਾਹੁੰਦਾ ਸੀ ਇਸ ਲਈ ਬਹੁਤੀਆਂ ਗੱਲਾਂ ਸੰਖੇਪ ਵਿੱਚ ਹੀ ਦਸ ਰਿਹਾ ਸੀ। ਵਾਰਤਾਲਾਪ ਨੂੰ ਮੁਕਾਉਂਦਾ
ਹੋਇਆ ਬੋਲਿਆ, “ਚਲੋ ਵੀਰ ਜੀ ਤੁਹਾਡੇ ਨਾਲ ਗੱਲ ਕਰ ਕੇ ਮਨ ਕੁੱਝ ਹੌਲਾ ਹੋ ਗਿਐ, ਨਾਲੇ ਤੁਹਾਡੇ
ਬਾਰੇ ਵੀ ਬਹੁਤ ਚਿੰਤਾ ਲਗੀ ਹੋਈ ਸੀ, ਤੁਹਾਡੀ ਸੁਖ-ਸਾਂਦ ਦਾ ਪਤਾ ਲਗਣ ਨਾਲ ਮਨ ਨੂੰ ਕੁੱਝ ਤਸੱਲੀ
ਹੋ ਗਈ ਏ”, ਉਹ ਗੱਲ ਤਕਰੀਬਨ ਮੁਕਾ ਰਿਹਾ ਸੀ ਕਿ ਕੁੱਝ ਖਿਆਲ ਆਇਆ ਤੇ ਫੇਰ ਵਿੱਚੋਂ ਹੀ ਬੋਲਿਆ,
“ਉਂਝ ਤੁਹਾਨੂੰ ਆਪਣੇ ਮਿੱਤਰ, ਐਮ ਆਈ ਜੀ 75, ਬਰ੍ਹਾ ਪਾਰਟ 2 ਦੇ ਰਹਿਣ ਵਾਲੇ ਅਮਰੀਕ ਸਿੰਘ ਗਿਆਨੀ
ਹੁਰਾਂ ਬਾਰੇ ਤਾਂ ਪਤਾ ਲੱਗ ਹੀ ਗਿਆ ਹੋਣੈ?
“ਨਹੀਂ ਸੁਖਦੇਵ ਸਿੰਘ ਜੀ, ਮੈਨੂੰ ਤਾਂ ਕੁੱਝ ਨਹੀਂ ਪਤਾ ਲੱਗਾ। ਕੀ ਹੋਇਆ, ਸੁੱਖ ਤਾਂ ਹੈ?” ਬਲਦੇਵ
ਸਿੰਘ ਦੇ ਬੋਲਾਂ ਵਿੱਚ ਇੱਕ ਵਾਰ ਫੇਰ ਚਿੰਤਾ ਉਜਾਗਰ ਹੋ ਆਈ।
“ਉਨ੍ਹਾਂ ਵਿਚਾਰਿਆਂ ਤੇ ਵੀ ਬੜਾ ਜ਼ੁਲਮ ਢਾਹਿਆ ਜੇ. . ਵੀਰ ਜੀ, . . ਦਰਿੰਦਿਆਂ ਨੇ”, ਸੁਖਦੇਵ
ਸਿੰਘ ਦੇ ਬੋਲਾਂ ਵਿੱਚ ਅਥਾਹ ਦਰਦ ਸੀ।
ਅਮਰੀਕ ਸਿੰਘ ਗਿਆਨੀ ਉਨ੍ਹਾਂ ਦੋਹਾਂ ਦਾ ਸਾਂਝਾ ਦੋਸਤ ਸੀ, ਸੋ ਉਨ੍ਹਾਂ ਦੀ ਗੱਲ ਕਰਦਿਆਂ ਦੋਵੇਂ
ਵਧੇਰੇ ਤੜਫ ਰਹੇ ਸਨ। ਇਹ ਸੁਭਾਵਕ ਹੈ, ਨੇੜਤਾ ਜਿਤਨੀ ਹੋਵੇ ਦਰਦ ਉਤਨਾ ਵਧੇਰੇ ਮਹਿਸੂਸ ਹੁੰਦਾ ਹੈ।
ਬਲਦੇਵ ਸਿੰਘ ਹੋਰ ਚਿੰਤਤ ਹੁੰਦਾ ਹੋਇਆ ਬੋਲਿਆ, “ਉਨਾਂ ਦੀ ਤਾਂ ਲੜਕੀ ਦਾ ਵਿਆਹ ਸੀ, ਇਸੇ ਅਠਾਰਾਂ
ਨਵੰਬਰ ਨੂੰ। … ਸਾਨੂੰ ਸੱਦਾ ਪੱਤਰ ਵੀ ਆ ਚੁੱਕਾ ਸੀ?”
“ਹਾਂ ਵੀਰ ਜੀ! ਅਸਲ ਵਿੱਚ ਤੁਹਾਨੂੰ ਪਤਾ ਹੀ ਹੈ, ਉਨ੍ਹਾਂ ਦੀ ਬੇਟੀ ਅਤਿ ਦੀ ਸੁਹਣੀ ਸੁਣੱਖੀ ਹੈ,
. . ਆਪਣੀ ਬੇਟੀ ਵਾਂਗ। … ਇਲਾਕੇ ਦੇ ਮੁਸ਼ਟੰਡੇ ਪਹਿਲਾਂ ਹੀ ਉਸ ਤੇ ਭੈੜੀ ਨਜ਼ਰ ਰਖਦੇ ਸਨ। ਗਿਆਨੀ
ਜੀ ਇਸ ਗੱਲੋਂ ਪਹਿਲਾਂ ਹੀ ਬੜੇ ਪ੍ਰੇਸ਼ਾਨ ਸਨ, ਇਹ ਗੱਲ ਉਨ੍ਹਾਂ ਇੱਕ ਵਾਰੀ ਮੇਰੇ ਨਾਲ ਵੀ ਸਾਂਝੀ
ਕੀਤੀ ਸੀ ਪਰ ਹੁਣ ਇਸ ਤਸੱਲੀ ਵਿੱਚ ਸਨ ਕਿ ਚਲੋ ਸੁਖੀ-ਸਾਂਦੀ ਵਿਆਹ ਕੇ ਆਪਣੇ ਸਹੁਰੇ ਚਲੀ ਜਾਵੇਗੀ
ਪਰ ਗੁੰਡਿਆਂ ਨੂੰ ਜਾਪਿਆ ਹੋਣੈ ਕਿ ਹੁਣ ਮੌਕਾ ਮਿਲ ਗਿਐ ਆਪਣੇ ਭੈੜੇ ਇਰਾਦੇ ਪੂਰੇ ਕਰਨ ਦਾ …।”
ਸੁਖਦੇਵ ਸਿੰਘ ਬਲਦੇਵ ਸਿੰਘ ਦੇ ਹੁੰਗਾਰੇ ਦੀ ਇੰਤਜ਼ਾਰ `ਚ ਜ਼ਰਾ ਕੁ ਰੁਕਿਆ। ਬਲਦੇਵ ਸਿੰਘ ਆਪਣੀ ਹੀ
ਕਿਸੇ ਹੋਰ ਚਿੰਤਾ ਵਿੱਚ ਗੁਆਚ ਗਿਆ ਸੀ ਜੋ ਉਸ ਦੇ ਚਿਹਰੇ ਤੋਂ ਸਾਫ ਪਰਗੱਟ ਹੋਣ ਲੱਗ ਪਈ। ਉਸ ਨੇ
ਮਨ ਭਰ ਕੇ ਬੱਬਲ ਵੱਲ ਵੇਖਿਆ ਤੇ ਜਿਵੇਂ ਇੱਕ ਡਰ ਦੀ ਲਹਿਰ ਸਾਰੇ ਸ਼ਰੀਰ ਵਿੱਚ ਕੰਬਣੀ ਛੇੜ ਗਈ। ਉਹ
ਆਪਣੀਆਂ ਭਾਵਨਾਵਾਂ ਅਤੇ ਡਰ ਤੇ ਕਾਬੂ ਪਾਉਂਦੇ ਹੋਏ ਵਾਪਸ ਗੱਲ ਵੱਲ ਮੁੜਿਆ, “ਹਾਂ ਵੀਰੇ ਇੱਕ ਵਾਰੀ
ਉਨ੍ਹਾਂ ਮੇਰੇ ਨਾਲ ਵੀ ਗੱਲ ਸਾਂਝੀ ਕੀਤੀ ਸੀ ਕਿ ਕਿਸੇ ਤਰ੍ਹਾਂ ਇਨ੍ਹਾਂ ਗੁੰਡਿਆਂ ਨੂੰ ਕੁੱਝ ਡਰ
ਪਾਇਆ ਜਾਵੇ। … ਹੁਣ ਹੋਇਆ ਕੀ ਹੈ ਸੁਖਦੇਵ ਸਿੰਘ ਜੀ?” ਉਸ ਨੂੰ ਜਿਵੇ ਅੱਗੋਂ ਜਾਣਨ ਦੀ ਬਹੁਤ
ਕਾਹਲੀ ਸੀ।
“ਅੱਜ ਸ਼ਾਮ ਪੰਜ ਕੁ ਵਜੇ ਵੱਡਾ ਹਜੂਮ ਆਇਆ ਤੇ ਉਨ੍ਹਾਂ ਦੇ ਘਰ ਤੇ ਪਥਰਾਅ ਕੀਤਾ। ਉਨ੍ਹਾਂ ਘਰ ਨੂੰ
ਦੋਹਾਂ ਪਾਸਿਆਂ ਤੋਂ ਘੇਰ ਕੇ ਅੰਦਰ ਬੰਬ ਸੁੱਟੇ”, ਸੁਖਦੇਵ ਸਿੰਘ ਨੇ ਅਗਲੀ ਦੁੱਖਭਰੀ ਵਿਥਿਆ
ਸੁਨਾਉਣੀ ਸ਼ੁਰੂ ਕੀਤੀ, “ਇਕ ਦਰਵਾਜ਼ਾ ਤੋੜ ਕੇ ਭੀੜ ਅੰਦਰ ਵੜ ਆਈ। ਘਰ ਦੇ ਸਾਰੇ ਜੀਅ ਡ੍ਰਾਇੰਗਰੂਮ
ਵਿੱਚ ਜਾ ਛੁਪੇ ਤੇ ਅੰਦਰੋਂ ਸਾਰੇ ਦਰਵਾਜ਼ੇ ਬੰਦ ਕਰ ਕੇ ਅੱਗੇ ਭਾਰੀ ਸਮਾਨ ਰਖ ਦਿੱਤਾ। ਇੱਕ ਦਰਵਾਜ਼ੇ
ਨਾਲ ਲੱਗ ਕੇ ਇਹ ਸਭ ਖੜੇ ਹੋ ਗਏ। ਅਮਰੀਕ ਸਿੰਘ ਗਿਆਨੀ ਦੀ ਸੱਸ ਅਤੇ ਸਹੁਰਾ ਸ੍ਰ. ਅਨੰਤ ਸਿੰਘ ਵੀ
ਆਪਣੀ ਦੋਹਤੀ ਦੇ ਵਿਆਹ ਵਾਸਤੇ ਬਹੁਤ ਸਾਰਾ ਕੀਮਤੀ ਸਮਾਨ ਲੈ ਕੇ ਕੈਨੇਡਾ ਤੋਂ ਆਏ ਹੋਏ ਸਨ। ਦਾਜ ਦਾ
ਪੂਰਾ ਸਮਾਨ ਸੋਨਾ, ਕੀਮਤੀ ਕਪੜੇ ਤੇ ਘਰ ਦਾ ਹਰ ਪ੍ਰਕਾਰ ਦਾ ਵਲੇਵਾ ਵਿਆਹ ਲਈ ਤਿਆਰ ਸੀ।
ਸ੍ਰ. ਅਨੰਤ ਸਿੰਘ ਤੇ ਅਮਰੀਕ ਸਿੰਘ ਦਾ ਛੋਟਾ ਲੜਕਾ ਮਨਿੰਦਰ ਸਿੰਘ (ਬੱਬੂ) ਜੋ 18 ਸਾਲ ਦਾ ਨੌਜੁਆਨ
ਸੀ, ਅਮਰੀਕ ਸਿੰਘ ਦੀ ਪਤਨੀ, ਵੱਡਾ ਲੜਕਾ ਦਵਿੰਦਰ ਪਾਲ ਸਿੰਘ ਸਾਰੇ ਹੀ ਦਰਵਾਜ਼ੇ ਨਾਲ ਲੱਗੇ ਹੋਏ ਸਨ
ਕਿ ਦਰਵਾਜ਼ਾ ਟੁੱਟ ਨਾ ਜਾਵੇ। ਏਨੇ ਨੂੰ ਦਰਵਾਜ਼ੇ ਦੇ ਬਾਹਰੋਂ ਥ੍ਰੀ ਨਾਟ ਥ੍ਰੀ ਦੀ ਗੋਲੀ ਅੰਦਰ ਆਈ
ਜੋ ਅਮਰੀਕ ਸਿੰਘ ਦੀ ਪਤਨੀ ਦੀ ਉਂਗਲੀ ਨੂੰ ਚੀਰਦੀ ਹੋਈ ਉਸ ਦੇ ਪਿਤਾ ਸ੍ਰ. ਅਨੰਤ ਸਿੰਘ ਦੀ ਛਾਤੀ
ਵਿੱਚ ਜਾ ਲੱਗੀ, ਜਿਸ ਨਾਲ ਉਹ ਡਿੱਗ ਕੇ ਤੜਫਣ ਲੱਗ ਪਏ ਤੇ ਕੁੱਝ ਚਿਰ ਵਿੱਚ ਹੀ ਖ਼ਤਮ ਹੋ ਗਏ। ਦੂਜੀ
ਗੋਲੀ ਮਨਿੰਦਰ ਦੀ ਖੋਪੜੀ ਵਿੱਚ ਲਗੀ ਜਿਸ ਨਾਲ ਖੋਪੜੀ ਵਾਲਾਂ ਸਣੇ ਲਹਿ ਕੇ ਪਰ੍ਹੇ ਜਾ ਪਈ। ਦੋ
ਗੋਲੀਆਂ ਦਵਿੰਦਰਪਾਲ ਦੀ ਛਾਤੀ ਦੇ ਸੱਜੇ ਪਾਸੇ ਉਪਰ ਵੱਲ ਲਗੀਆਂ ਤੇ ਇੱਕ ਮੋਢੇ ਨੂੰ ਪਾਰ ਕਰ ਗਈ।
ਜਦ ਅਨੰਤ ਸਿੰਘ ਤੇ ਮਨਿੰਦਰ ਸਿੰਘ ਚਲ ਵਸੇ ਤਾਂ ਅਮਰੀਕ ਸਿੰਘ ਨੇ ਦਰਵਾਜ਼ਾ ਖੋਲ੍ਹ ਦਿੱਤਾ ਤੇ
ਪੁੱਛਿਆ ਕਿ ਹੁਣ ਹੋਰ ਕੀ ਚਾਹੁੰਦੇ ਹੋ? ਉਨ੍ਹਾਂ ਕਿਹਾ ਕਿ ਕੈਸ਼ ਦਿਉ, ਸੇਫ ਦੀਆਂ ਚਾਬੀਆਂ ਦਿਉ। ਇਸ
ਦੇ ਨਾਲ ਹੀ ਉਨ੍ਹਾਂ ਰਾਈਫ਼ਲ ਦਵਿੰਦਰ ਦੇ ਮੱਥੇ ਨਾਲ ਲਾਈ ਤੇ ਉਨ੍ਹਾਂ ਚਾਬੀਆਂ ਦੇ ਦਿੱਤੀਆਂ।
ਉਨ੍ਹਾਂ ਦਵਿੰਦਰ ਨੂੰ ਕਿਹਾ ਕਿ ਸਕੂਟਰ ਤੇ ਮੋਟਰ ਸਾਈਕਲ ਬਾਹਰ ਸੜਕ ਤੇ ਖੜੀ ਕਰ। ਖ਼ੂਨ ਨਾਲ ਲੱਥਪੱਥ
ਦਵਿੰਦਰ ਨੇ ਦੋਵੇਂ ਚੀਜ਼ਾਂ ਬਾਹਰ ਸੜਕ ਤੇ ਖੜੀਆਂ ਕੀਤੀਆਂ ਜੋ ਉਹ ਲੈ ਗਏ। ਘਰ ਦਾ ਸਾਰਾ ਸਮਾਨ
ਮਿੰਨੀ ਬਸ ਜੋ ਉਹ ਨਾਲ ਲੈ ਕੇ ਆਏ ਸਨ ਵਿੱਚ ਭਰ ਕੇ ਲੈ ਗਏ।” ਆਪਣੇ ਦੋਸਤ ਦੇ ਪਰਿਵਾਰ ਦੀ ਇਹ ਦਰਦ
ਭਰੀ ਦਾਸਤਾਨ ਸੁਣਾਉਂਦੇ ਹੋਏ ਸੁਖਦੇਵ ਸਿੰਘ ਦਾ ਮਨ ਵੀ ਪੂਰੇ ਦਰਦ ਨਾਲ ਭਰ ਗਿਆ। ਉਸ ਨੇ ਸਿਸਕੀ ਲਈ
ਤੇ ਬੋਲ ਰੁਕ ਗਏ।
“ਉਫ! … ਬੜਾ ਜ਼ੁਲਮ ਹੋਇਐ, … ਸਾਡੀ ਬਦ-ਕਿਸਮਤੀ ਵੇਖੋ ਕਿ ਮਦਦ ਤਾਂ ਕੀ ਕਰਨੀ ਹੈ … ਆਪਣੇ ਇਤਨੇ
ਨਜ਼ਦੀਕੀ ਦੋਸਤ ਦੇ ਦੁਖ ਵਿੱਚ ਸ਼ਾਮਲ ਹੋਣ ਲਈ ਵੀ ਨਹੀਂ ਜਾ ਸਕਦੇ” ਬਲਦੇਵ ਸਿੰਘ ਦੁਖ ਵਿੱਚ ਆਪਣੇ ਤੇ
ਝੂਰਦਾ ਹੋਇਆ ਬੋਲਿਆ ਤੇ ਫੇਰ ਜਿਵੇਂ ਕੁੱਝ ਧਿਆਨ ਆਇਆ ਹੋਵੇ, ਸੋਚਦਾ ਹੋਇਆ ਬੋਲਿਆ, “ਸੁਖਦੇਵ ਸਿੰਘ
ਜੀ, ਸਭ ਤੋਂ ਵਧ ਮੰਦਭਾਗੀਆਂ ਘਟਨਾਵਾਂ ਵਿਆਹ ਵਾਲੇ ਘਰਾਂ ਵਿੱਚੋਂ ਹੀ ਸੁਣਨ ਨੂੰ ਮਿਲ ਰਹੀਆਂ ਨੇ।”
“ਹਾਂ ਵੀਰ ਜੀ, ਉਥੇ ਲੁਟੇਰਿਆਂ ਨੂੰ ਦਾਜ-ਦਹੇਜ ਨਾਲ ਭਰਿਆ ਘਰ ਤਿਆਰ ਮਿਲ ਜਾਂਦੈ, ਇਸ ਵਾਸਤੇ
ਉਨ੍ਹਾਂ ਦੀ ਪਹਿਲ ਤਾਂ ਉਹੀ ਹੋਵੇਗੀ, ਵੈਸੇ ਉਨ੍ਹਾਂ ਬਖਸ਼ਿਆ ਕਿਸੇ ਨੂੰ ਨਹੀਂ …. ਉਂਝ ਵੀ ਇਨ੍ਹਾਂ
ਦੀਆਂ ਨੀਅਤਾਂ ਵੀ ਤਾਂ ਬਹੁਤ ਮਾੜੀਆਂ ਨੇ ਵਿਆਹੁਣ ਯੋਗ ਜੁਆਨ ਲੜਕੀਆਂ ਵੀ ਤਾਂ ਉਥੇ ਹੁੰਦੀਆਂ ਹੀ
ਨੇ … “, ਸੁਖਦੇਵ ਸਿੰਘ ਨੇ ਗੱਲ ਨੂੰ ਹੋਰ ਸਪੱਸ਼ਟ ਕੀਤਾ ਤੇ ਫੇਰ ਮੁਕਾਉਂਦਾ ਹੋਇਆ ਬੋਲਿਆ, “ਅੱਛਾ
ਵੀਰ ਜੀ! ਅਸੀਂ ਜਿਥੇ ਲੁਕੇ ਹੋਏ ਹਾਂ ਉਨ੍ਹਾਂ ਕੋਲੋਂ ਦੋ ਮਿੰਟ ਦਾ ਕਹਿ ਕੇ ਫੋਨ ਕਰਨ ਦੀ ਆਗਿਆ ਲਈ
ਸੀ ਕਿ ਆਪਣੇ ਭਾਈ ਸਾਬ੍ਹ ਦੀ ਸੁਖ-ਸਾਂਦ ਦਾ ਪਤਾ ਕਰ ਲਵਾਂ ਨਾਲੇ ਆਪਣੇ ਬਾਰੇ ਦੱਸ ਦਿਆਂ, ਉਹ ਵੀ
ਚਿੰਤਾ ਕਰ ਰਹੇ ਹੋਣਗੇ। … ਪਰ ਬਹੁਤ ਸਮਾਂ ਹੋ ਗਿਐ. . ਜਿਉਂਦੇ ਰਹੇ ਤਾਂ ਫੇਰ ਬੈਠ ਕੇ ਸਾਰੇ ਦੁੱਖ
ਸਾਂਝੇ ਕਰਾਂਗੇ।” ਇਤਨਾ ਕਹਿ ਕੇ ਉਹ ਟੈਲੀਫੋਨ ਬੰਦ ਕਰਨ ਹੀ ਲੱਗਾ ਸੀ ਕਿ ਬਲਦੇਵ ਸਿੰਘ ਕਾਹਲੀ ਨਾਲ
ਬੋਲਿਆ, “ਪਰ ਸੁਖਦੇਵ ਸਿੰਘ ਜੀ ਤੁਸੀਂ ਉਸ ਬੱਚੀ ਬਾਰੇ ਤਾਂ ਦੱਸਿਆ ਹੀ ਨਹੀਂ ਕਿ ਉਸ ਦਾ ਕੀ
ਬਣਿਆ?” ਉਸ ਦਾ ਬਹੁਤਾ ਧਿਆਨ ਉਧਰ ਹੀ ਲੱਗਾ ਹੋਇਆੱ ਸੀ।
“ਅਸਲ ਵਿੱਚ ਚਾਬੀਆਂ ਤਾਂ ਉਨ੍ਹਾਂ ਲੈ ਲਈਆਂ ਪਰ ਚਾਬੀ ਠੀਕ ਨਾ ਲਗਣ ਕਾਰਨ ਉਨ੍ਹਾਂ ਕੋਲੋਂ ਸੇਫ
ਨਹੀਂ ਸੀ ਖੁਲ੍ਹ ਰਹੀ। ਉਨ੍ਹਾਂ ਨੇ ਸ੍ਰ. ਅਮਰੀਕ ਸਿੰਘ ਨੂੰ ਧੱਕਿਆ ਕਿ ਚਲ ਕੇ ਸੇਫ ਖੋਲ੍ਹੋ। ਜਦ
ਸ੍ਰ. ਅਮਰੀਕ ਸਿੰਘ ਸੇਫ਼ ਖੋਲ੍ਹਣ ਗਏ ਤਾਂ ਸਭ ਦੰਗਾਈ ਉਨ੍ਹਾਂ ਦੇ ਮਗਰ ਚਲੇ ਗਏ। ਦਵਿੰਦਰ ਨੇ ਛੇਤੀ
ਨਾਲ ਆਪਣੀ ਛੁਪੀ ਹੋਈ ਜੁਆਨ ਭੈਣ ਨੂੰ ਫੜ ਕੇ ਸਵਰਗਵਾਸੀ ਨਾਨੇ ਤੇ ਭਰਾ ਦੇ ਵਿਚਕਾਰ ਲਿਟਾ ਦਿੱਤਾ
ਤੇ ਉੱਤੇ ਲਹੂ ਭਿੱਜੀ ਚਾਦਰ ਪਾ ਦਿੱਤੀ। ਉਹ ਲੜਕੀ ਨੂੰ ਲੱਭਦੇ ਰਹੇ ਪਰ ਨਾ ਮਿਲਣ ਤੇ ਮਾਲ ਅਸਬਾਬ
ਲੈ ਕੇ ਚਲੇ ਗਏ”, ਸੁਖਦੇਵ ਸਿੰਘ ਨੇ ਬਾਕੀ ਗੱਲ ਵੀ ਦੱਸੀ। ਅਜੇ ਉਸ ਦੇ ਬੋਲ ਵਿੱਚ ਹੀ ਸਨ ਕਿ
ਬਲਦੇਵ ਸਿੰਘ ਬੋਲ ਪਿਆ, “ਚਲੋ ਇਹ ਵੀ ਸ਼ੁਕਰ ਹੈ ਵੀਰ ਜੀ ਕਿ ਇਤਨੇ ਔਕੜ ਦੇ ਸਮੇਂ ਵਿੱਚ ਵੀ ਮੁੰਡੇ
ਦੀ ਅਕਲ ਵੇਲੇ ਸਿਰ ਕੰਮ ਕਰ ਗਈ ਤੇ ਉਨ੍ਹਾਂ ਆਪਣੀ ਪਤ ਬਚਾ ਲਈ।” ਬਲਦੇਵ ਸਿੰਘ ਦੇ ਬੋਲਾਂ ਵਿੱਚ
ਥੋੜ੍ਹੀ ਜਿਹੀ ਤਸੱਲੀ ਪਰਗੱਟ ਕੀਤੀ।
“ਹਾਂ ਜੀ! ਸਿੱਖ ਦੀ ਸਭ ਤੋਂ ਵੱਡੀ ਪਹਿਲ ਤਾਂ ਇਹੀ ਹੈ, ਉਹ ਜਾਨਾਂ ਵਾਰ ਕੇ ਵੀ ਪਤ ਬਚਾਉਣ ਨੂੰ
ਤਰਜੀਹ ਦੇਂਦਾ ਹੈ। … ਪਰ ਵੀਰ ਜੀ ਅਕ੍ਰਿਤਘਣਤਾ ਦੀ ਤਾਂ ਹੱਦ ਹੋ ਗਈ ਜੇ, … ਇਹ ਪਤਾ ਜੇ ਗੁੰਡਿਆਂ
ਦੀ ਅਗਵਾਈ ਕੌਣ ਕਰ ਰਿਹਾ ਸੀ?”, ਸੁਖਦੇਵ ਸਿੰਘ ਨੇ ਬਹੁਤ ਅਫਸੋਸ ਜਤਾਉਂਦੇ ਹੋਏ ਕਿਹਾ।
“ਕੌਣ?” ਬਲਦੇਵ ਸਿੰਘ ਦੇ ਬੋਲਾਂ ਵਿੱਚ ਜਗਿਆਸਾ ਤੇ ਹੈਰਾਨਗੀ ਦੋਵੇਂ ਸਨ।
“ਕੌਂਸਲਰ ਕੁਸ਼ਵਾਹਾ ਦੇ ਭਤੀਜੇ … ਤੇ ਗੋਵਿੰਦ ਨਗਰ ਭਾਰਤੀਆ ਗੈਸ ਕੰਪਨੀ ਦਾ ਮਾਲਕ ਬਾਲ ਚੰਦ ਮਿਸਰਾ
ਵੀ ਉਨ੍ਹਾਂ ਦੇ ਨਾਲ ਸੀ। ਉਸ ਨੂੰ ਅਮਰੀਕ ਸਿੰਘ ਹੁਰੀਂ ਆਪ ਦੁਆਈਆਂ ਦੇਂਦੇ ਰਹੇ ਸਨ, ਬਲਕਿ ਇੱਕ
ਦਿਨ ਪਹਿਲੇ ਹੀ ਦੁਆਈ ਦੇ ਕੇ ਆਏ ਸਨ”, ਸੁਖਦੇਵ ਸਿੰਘ ਨੇ ਖੁਲਾਸਾ ਕੀਤਾ।
“ਅਕ੍ਰਿਤਘਣਤਾ ਦਾ ਤਾਂ ਇਨ੍ਹਾਂ ਦਾ ਪਰੁਾਣਾ ਇਤਹਾਸ ਹੈ. .”, ਬਲਦੇਵ ਸਿੰਘ ਨੇ ਉਸੇ ਦੁਖੀ ਲਹਿਜੇ
ਵਿੱਚ ਕਿਹਾ।
“ਹਾਂ ਵੀਰ ਜੀ! ਜਿਵੇਂ ਤੁਸੀਂ ਪਹਿਲਾਂ ਕਿਹੈ, ਹਰ ਕੌਮ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ, …
ਅੱਛਾ … ਗੁਰ ਫਤਹਿ … ਵਾਹਿਗੁਰੂ ਮਿਹਰ ਕਰੇ, ਇਸ ਜ਼ੁਲਮ ਨੂੰ ਠੱਲ੍ਹ ਪਵੇ, ਫਿਰ ਮਿਲ ਕੇ ਬਾਕੀ ਦੁਖ
ਸਾਂਝੇ ਕਰਾਂਗੇ”, ਕਹਿੰਦੇ ਹੋਏ ਸੁਖਦੇਵ ਸਿੰਘ ਨੇ ਟੈਲੀਫੋਨ ਕੱਟ ਦਿੱਤਾ।
ਗੁਰਮੀਤ ਕੌਰ ਤੇ ਬੱਬਲ ਬੜੇ ਧਿਆਨ ਨਾਲ ਬਲਦੇਵ ਸਿੰਘ ਵਲੋਂ ਟੈਲੀਫੋਨ ਤੇ ਕੀਤੀਆਂ ਜਾ ਰਹੀਆਂ ਗੱਲਾਂ
ਸੁਣ ਰਹੀਆਂ ਸਨ ਅਤੇ ਸਮਝ ਗਈਆਂ ਸਨ ਕਿ ਕੁੱਝ ਹੋਰ ਅਤਿ-ਦੁਖਦਾਈ ਵਾਰਦਾਤਾਂ ਬਾਰੇ ਗੱਲ ਹੋ ਰਹੀ ਹੈ।
ਦੋਵੇਂ ਇਸ ਉਡੀਕ ਵਿੱਚ ਸਨ ਕਿ ਕਦੋਂ ਉਹ ਟੈਲੀਫੋਨ ਰੱਖੇ ਤੇ ਸਾਰੀ ਗੱਲ ਵਿਸਥਾਰ ਵਿੱਚ ਸੁਣਾਵੇ।
ਬਲਦੇਵ ਸਿੰਘ ਨੇ ਟੈਲੀਫੋਨ ਤਾਂ ਰੱਖ ਦਿੱਤਾ ਪਰ ਉਹ ਪਤਾ ਨਹੀਂ ਕਿਸ ਚਿੰਤਾ ਵਿੱਚ ਗੁਆਚ ਗਿਆ ਸੀ
ਜਿਸ ਦੀਆਂ ਰੇਖਾਵਾਂ ਉਸ ਦੇ ਚਿਹਰੇ ਤੇ ਸਾਫ ਉਭਰ ਆਈਆਂ ਸਨ। ਥੋੜ੍ਹੀ ਦੇਰ ਤਾਂ ਦੋਵੇਂ ਉਸ ਦੇ
ਚਿਹਰੇ ਦੇ ਬਦਲਦੇ ਹਾਵ-ਭਾਵ ਵੇਖਦੀਆਂ ਰਹੀਆਂ ਤੇ ਫੇਰ ਚੁੱਪ ਗੁਰਮੀਤ ਕੌਰ ਨੇ ਤੋੜੀ, “ਕਿਸ ਚਿੰਤਾ
ਵਿੱਚ ਗੁਆਚ ਗਏ ਹੋ?”
ਬਲਦੇਵ ਸਿੰਘ ਜਿਵੇਂ ਕਿਸੇ ਡੂੰਘੀ ਨੀਂਦ ਚੋਂ ਜਾਗਿਆ ਹੋਵੇ, ਸਿਰ ਨੂੰ ਝਟਕਾ ਦੇ ਕੇ ਸਿੱਧਾ ਹੋਇਆ
ਤੇ ਰੁਮਾਲ ਨਾਲ ਮੂੰਹ ਸਾਫ ਕਰਦਾ ਹੋਇਆ ਬੋਲਿਆ, “ਨਹੀਂ ਕੁੱਛ ਨਹੀਂ ਮੀਤਾ, … ਤੁਸੀਂ ਵੇਖ ਹੀ ਰਹੇ
ਹੋ, … ਇਸ ਵੇਲੇ ਸਿਵਾਏ ਚਿੰਤਾ ਦੇ ਹੋਰ ਹੈ ਕੀ? … ਹਰ ਪੱਲ ਕੋਈ ਹੋਰ ਤੋਂ ਹੋਰ ਦੁੱਖਦਾਈ ਖ਼ਬਰ ਮਿਲ
ਰਹੀ ਹੈ।”
“ਕੀ ਦਸ ਰਹੇ ਸਨ ਸੁਖਦੇਵ ਸਿੰਘ ਵੀਰ ਜੀ, ਸੁਖ ਤਾਂ ਹੈ?” ਜਗਿਆਸਾ ਗੁਰਮੀਤ ਕੌਰ ਦੇ ਚਿਹਰੇ ਤੇ ਸਾਫ
ਪਰਗੱਟ ਹੋ ਰਹੀ ਸੀ।
“ਕਾਹਦਾ ਸੁਖ ਹੈ ਮੀਤਾ, ਵਿਚਾਰਿਆਂ ਦਾ ਘਰ ਲੁਟਿਆ ਗਿਐ … ਤੇ ਆਪ ਕਿਸੇ ਦੇ ਘਰ ਲੁਕੇ ਹੋਏ ਨੇ”,
ਬਲਦੇਵ ਸਿੰਘ ਨੇ ਥੋੜ੍ਹੇ ਲਫਜ਼ਾਂ ਵਿੱਚ ਹੀ ਗੱਲ ਮੁਕਾ ਦਿੱਤੀ।
“ਇਸ ਵੇਲੇ ਤਾਂ ਇਹੀ ਵਾਹਿਗੁਰੂ ਦਾ ਸ਼ੁਕਰ ਹੈ ਕਿ ਜਾਨਾਂ ਬਚੀਆਂ ਹੋਈਆਂ ਨੇ”, ਗੁਰਮੀਤ ਕੌਰ ਨੇ
ਹਾਮੀ ਭਰਦੇ ਹੋਏ ਕਿਹਾ ਪਰ ਉਸ ਦੀ ਟੈਲੀਫੋਨ ਤੇ ਹੋਈ ਸਾਰੀ ਗੱਲ ਜਾਣਨ ਦੀ ਜਗਿਆਸਾ ਅਜੇ ਵਿੱਚੇ ਸੀ,
ਸੋ ਹੋਰ ਕੁਰੇਦਦੀ ਹੋਈ ਬੋਲੀ, “ਹੋਰ ਕੀ ਦਸ ਰਹੇ ਸਨ, ਹੋਰ ਵੀ ਕੁੱਝ ਵਾਪਰਿਐ, ਗੋਵਿੰਦ ਨਗਰ
ਵਿੱਚ?”
“ਮੀਤਾ! ਜਦ ਸਾਰਾ ਸ਼ਹਿਰ ਹੀ ਸੜ ਰਿਹੈ ਤਾਂ ਇਹ ਸੋਚਿਆ ਵੀ ਕਿਵੇਂ ਜਾ ਸਕਦੈ ਕਿ ਕੋਈ ਇਲਾਕਾ ਬਚਿਆ
ਹੋਣੈ?” ਕਹਿਕੇ ਉਹ ਜ਼ਰਾ ਰੁੱਕਿਆ ਸ਼ਾਇਦ ਉਸ ਦੁਖਦਾਈ ਵ੍ਰਿਤਾਂਤ ਨੂੰ ਦੁਹਰਾਉਣ ਦਾ ਉਸ ਦਾ ਹੀਆ ਨਹੀਂ
ਸੀ ਪੈ ਰਿਹਾ, ਪਰ ਉਹ ਸਮਝ ਚੁੱਕਾ ਸੀ ਕਿ ਗੁਰਮੀਤ ਕੌਰ ਅਤੇ ਬੱਬਲ ਉਹੀ ਸਭ ਕੁੱਝ ਸੁਣਨ ਲਈ
ਉਤਾਵਲੀਆਂ ਸਨ। ਉਸ ਨੇ ਇੱਕ ਠੰਡਾ ਹਉਕਾ ਲਿਆ ਤੇ ਸੁਖਦੇਵ ਸਿੰਘ ਕੋਲੋਂ ਸੁਣੀਆਂ ਗੋਵਿੰਦ ਨਗਰ ਦੀਆਂ
ਸਾਰੀਆਂ ਘਟਨਾਵਾਂ ਸੁਣਾ ਦਿੱਤੀਆਂ।
ਵੈਸੇ ਤਾਂ ਹਰ ਲਫ਼ਜ਼ ਦਾ ਦੁੱਖਦਾਈ ਪ੍ਰਭਾਵ ਉਨ੍ਹਾਂ ਦੇ ਚਿਹਰੇ ਤੇ ਨਜ਼ਰ ਆ ਰਿਹਾ ਸੀ ਪਰ ਛੋਟੇ-ਛੋਟੇ
ਬੱਚਿਆਂ ਨੂੰ ਇਸ ਜ਼ਾਲਮਾਨਾਂ ਤਰੀਕੇ ਨਾਲ ਮਾਰਣ ਦਾ ਸੁਣ ਕੇ ਤਾਂ ਦੋਵੇਂ ਤੜਫ ਉੱਠੀਆਂ, ਮੂੰਹ ਚੋਂ
ਸਿਸਕੀਆਂ ਨਿਕਲੀਆਂ ਜੋ ਪਲਾਂ ਵਿੱਚ ਹੌਕਿਆਂ ਵਿੱਚ ਬਦਲ ਗਈਆਂ। ਸਾਰਿਆਂ ਦੇ ਮੂੰਹ ਚੋਂ ਕਈ ਵਾਰੀ
‘ਵਾਹਿਗੁਰੂ … ਵਾਹਿਗੁਰੂ’ ਨਿਕਲਿਆ ਤੇ ਥੋੜ੍ਹੀ ਦੇਰ ਲਈ ਚੁੱਪ ਛਾ ਗਈ।
“ਸਰਦਾਰ ਜੀ, ਐਵੇਂ ਰੋਜ਼ ਮੁਗਲਾਂ ਦੇ ਜ਼ੁਲਮ ਦੇ ਇਤਹਾਸ ਨੂੰ ਯਾਦ ਕਰੀ ਜਾ ਰਹੇ ਹਾਂ, ਇਨ੍ਹਾਂ ਦੇ
ਜ਼ੁਲਮ ਤਾਂ ਉਨ੍ਹਾਂ ਤੋਂ ਵੀ ਅੱਗੇ ਵੱਧ ਗਏ ਨੇ?” ਗੁਰਮੀਤ ਕੌਰ ਨੇ ਚੁੱਪ ਤੋੜਦੇ ਹੋਏ ਕਿਹਾ।
“ਹਾਂ ਮੀਤਾ! ਉਨ੍ਹਾਂ ਤੋਂ ਘੱਟ ਤਾਂ ਕਿਸੇ ਤਰ੍ਹਾਂ ਨਹੀਂ, … ਭਾਰਤ ਦੀ ਵੰਡ ਤੋਂ ਪਹਿਲਾਂ
ਪਾਕਿਸਤਾਨ ਦੇ ਬਾਨੀ ਮੁਹੰਮਦ ਜਿਨਹਾਂ ਨੇ ਸਿੱਖਾਂ ਨੂੰ ਸੁਚੇਤ ਕੀਤਾ ਸੀ ਕਿ ‘ਤੁਸੀਂ ਇਨ੍ਹਾਂ ਨੂੰ
ਗ਼ੁਲਾਮ ਵੇਖਿਆ ਹੈ, ਸ਼ਾਸਕ ਨਹੀਂ ਵੇਖਿਆ’, … ਅਜ ਉਹ ਸਭ ਕੁੱਝ ਸੱਚ ਨਜ਼ਰ ਆ ਰਿਹੈ”, ਬਲਦੇਵ ਸਿੰਘ ਨੇ
ਯਾਦ ਕਰਦੇ ਹੋਏ, ਉਸੇ ਤਰ੍ਹਾਂ ਦੁੱਖ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ।
“ਨਾਲੇ ਸਰਦਾਰ ਜੀ! ਪਹਿਲਾਂ ਤਾਂ ਸਿਰਫ ਲੋਹੇ ਦੀਆਂ ਡਾਂਗਾਂ, ਸੋਟਿਆਂ ਆਦਿ ਨਾਲ ਹੀ ਜ਼ੁਲਮ ਹੁੰਦਾ
ਸੁਣ ਰਹੇ ਸਾਂ, ਹੁਣ ਤਾਂ ਬੰਦੂਕਾਂ ਦੀਆਂ ਗੋਲੀਆਂ ਵੀ ਚਲਣ ਲੱਗ ਪਈਆਂ ਨੇ?” ਗੁਰਮੀਤ ਕੌਰ ਨੂੰ
ਜਿਵੇਂ ਇੱਕ ਦਮ ਧਿਆਨ ਆਇਆ।
“ਮੀਤਾ! ਗੋਲੀਆਂ ਵੀ ਥ੍ਰੀ ਨਾਟ ਥ੍ਰੀ ਦੀਆਂ ਚਲ ਰਹੀਆਂ ਨੇ ਅਤੇ ਇਹ ਬੰਦੂਕਾਂ ਜਾਂ ਪੁਲੀਸ ਵਾਲਿਆਂ
ਕੋਲ ਹੁੰਦੀਆਂ ਨੇ ਤੇ ਜਾਂ ਲਾਇਸੈਂਸੀ, ਜਿਨ੍ਹਾਂ ਦਾ ਸਾਰਾ ਰਿਕਾਰਡ ਸਰਕਾਰ ਕੋਲ ਹੁੰਦੈ। ਇਸ ਤੋਂ
ਇਹ ਗੱਲ ਵੀ ਸਪੱਸ਼ਟ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੂੰ ਇਹ ਡਰ ਬਿਲਕੁਲ ਨਹੀਂ ਕਿ ਕਲ ਉਨ੍ਹਾਂ ਤੇ
ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ”, ਬਲਦੇਵ ਸਿੰਘ ਨੇ ਕੁੱਝ ਸੋਚਦੇ ਹੋਏ ਕਿਹਾ।
“ਜਦ ਪੁਲੀਸ, ਪ੍ਰਸ਼ਾਸਨ, ਪੂਰੀ ਸਰਕਾਰ ਉਨ੍ਹਾਂ ਦੇ ਮਗਰ ਹੈ ਤਾਂ ਡਰ ਕਾਹਦਾ ਹੋਣਾ ਹੋਇਆ … “,
ਗੁਰਮੀਤ ਕੌਰ ਦੇ ਬੋਲ ਉਸੇ ਤਰ੍ਹਾਂ ਦੁੱਖ ਨਾਲ ਭਰੇ ਹੋਏ ਸਨ।
“ਇਕ ਗੱਲ ਹੋਰ ਹੈ, … ਮੈਨੂੰ ਜਾਪਦੈ …. ਕਿ ਇਹ ਜੋ ਥਾਂ-ਥਾਂ ਤੇ ਮਾਰ ਕੇ ਅੱਗ ਲਾ ਦੇਂਦੇ ਨੇ ਜਾਂ
ਜੀਊਂਦੇ ਸਾੜ ਦੇਂਦੇ ਨੇ, … ਇਸੇ ਲਈ ਕਰ ਰਹੇ ਨੇ, ਕਿ ਕਤਲ ਦਾ ਹਰ ਸਬੂਤ ਹੀ ਮਿਟਾ ਦਿੱਤਾ ਜਾਵੇ,
…. ਇਥੋਂ ਤੱਕ ਕਿ ਜਿਥੇ ਅੱਗ ਨਹੀਂ ਲਗਾਈ, ਉਥੋਂ ਵੀ ਲਾਸ਼ਾਂ ਗ਼ਾਇਬ ਕਰ ਦਿੱਤੀਆਂ ਨੇ ਤਾਂਕਿ ਕੋਈ
ਸਬੂਤ ਵੀ ਬਾਕੀ ਨਾ ਰਹੇ … “, ਬਲਦੇਵ ਸਿੰਘ ਦਾ ਹਰ ਲਫ਼ਜ਼ ਬੜੀ ਸੋਚ `ਚੋਂ ਨਿਕਲ ਰਿਹਾ ਜਾਪਦਾ ਸੀ।
ਬੱਬਲ ਬੜੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਸੀ, ਪਰ ਗੱਲ ਉਧਰ ਨਹੀਂ ਸੀ ਮੁੜ ਰਹੀ ਜਿਧਰ
ਉਹ ਚਾਹੁੰਦੀ ਸੀ, ਸੋ ਉਸ ਨੇ ਆਪ ਗੱਲ ਨੂੰ ਮੋੜ ਦੇਂਦੇ ਹੋਏ ਕਿਹਾ, “ਭਾਪਾ ਜੀ! ਤੁਸੀਂ ਅਮਰੀਕ
ਸਿੰਘ ਗਿਆਨੀ ਅੰਕਲ ਹੁਰਾਂ ਬਾਰੇ ਵੀ ਕੁੱਝ ਗੱਲ ਕਰ ਰਹੇ ਸੀ, . . ਇਹ ਨਹੀਂ ਦੱਸਿਆ ਕਿ ਉਨ੍ਹਾਂ
ਨਾਲ ਕੀ ਹੋਇਐ?”
“ਹਾਂ ਬੇਟਾ! ਉਨ੍ਹਾਂ ਨਾਲ ਵੀ ਬੜਾ ਜ਼ੁਲਮ ਹੋਇਐ”, ਬਲਦੇਵ ਸਿੰਘ ਜੋ ਹੁਣ ਕੁੱਝ ਸਹਿਜ ਵਿੱਚ ਆ ਰਿਹਾ
ਸੀ ਦੀ ਅਵਾਜ਼ ਫੇਰ ਗੰਭੀਰ ਹੋ ਗਈ ਤੇ ਉਸ ਨੇ ਬੜੇ ਭਾਰੀ ਮਨ ਨਾਲ ਉਹ ਸਾਰਾ ਦੁੱਖਦਾਈ ਵਿਰਤਾਂਤ ਵੀ
ਸੁਣਾ ਦਿੱਤਾ।
“ਪਰਿਵਾਰ ਤਾਂ ਸਾਰਾ ਰੁਲ ਗਿਐ, . . ਪਰ ਸ਼ੁਕਰ ਹੈ ਵਾਹਿਗੁਰੂ ਦਾ, ਜਿਹੜਾ ਲੜਕੀ ਉਨ੍ਹਾਂ ਦੇ ਹੱਥ
ਨਹੀਂ ਆਈ ਤੇ ਇਜ਼ਤ ਰੁਲਣੋ ਬੱਚ ਗਈ ਹੈ”, ਬਲਦੇਵ ਸਿੰਘ ਨੇ ਵਿਥਿਆ ਖ਼ਤਮ ਕਰ ਕੇ ਕੁੱਝ ਤਸੱਲੀ ਜ਼ਾਹਰ
ਕਰਦੇ ਹੋਏ ਕਿਹਾ ਤੇ ਫੇਰ ਜ਼ਰਾ ਕੁ ਰੁੱਕ ਕੇ ਬੋਲਿਆ, “ਸੱਚ ਦਸਾਂ! ਮਰਨ ਤੋਂ ਤਾਂ ਮੈਂ ਨਹੀਂ ਡਰਦਾ
ਪਰ ਮੈਨੂੰ ਆਪ ਇਹੋ ਚਿੰਤਾ ਖਾਈ ਜਾ ਰਹੀ ਹੈ ਕਿ …।” ਉਸ ਦਾ ਮਨ ਭਰ ਆਇਆ ਤੇ ਬੋਲ ਵਿੱਚੇ ਦਬ ਗਏ।
ਉਸ ਨੇ ਪਹਿਲਾਂ ਗੁਰਮੀਤ ਕੌਰ ਵੱਲ ਵੇਖਿਆ ਤੇ ਫੇਰ ਉਸ ਦੀ ਨਜ਼ਰ ਬੱਬਲ ਤੇ ਆ ਕੇ ਟਿੱਕ ਗਈ।
“ਸੱਚ ਕਹਾਂ, … ਮੈਂ ਵੀ ਇਸੇ ਚਿੰਤਾ ਵਿੱਚ ਘੁਲੀ ਜਾ ਰਹੀ ਹਾਂ”, ਗੁਰਮੀਤ ਕੌਰ ਨੇ ਥੋੜ੍ਹਾ ਰੁੱਕ
ਕੇ ਠੰਡਾ ਹਉਕਾ ਲੈਂਦੇ ਹੋਏ ਕਿਹਾ ਤੇ ਨਾਲ ਹੀ ਉਸ ਦੀਆਂ ਅੱਖਾਂ ਫੇਰ ਭਰ ਆਈਆਂ।
ਬੱਬਲ ਕੁੱਝ ਦੇਰ ਸਿਰ ਨੀਵਾਂ ਕਰ ਕੇ ਕੁੱਝ ਸੋਚਦੀ ਰਹੀ ਤੇ ਫੇਰ ਬੋਲੀ, “ਮਰਨ ਤੋਂ ਮੈਂ ਵੀ ਬਿਲਕੁਲ
ਨਹੀਂ ਡਰਦੀ, … ਬਲਕਿ ਜੇ ਤੁਸੀਂ ਸਮਝਦੇ ਹੋ ਕਿ ਮੇਰੇ ਕਾਰਨ ਪਰਿਵਾਰ ਦੀ ਇਜ਼ਤ ਰੁਲਣ ਦਾ ਖ਼ਤਰਾ ਹੈ
ਤਾਂ ਭਾਪਾ ਜੀ, ਬੇਸ਼ਕ ਤੁਸੀਂ ਮੈਨੂੰ ਆਪਣੇ ਹੱਥਾਂ ਨਾਲ ਮਾਰ ਦਿਓ, ਮੈਂ ਸੀ ਵੀ ਨਹੀਂ ਕਰਾਂਗੀ,
ਸਗੋਂ ਇਸ ਤਸੱਲੀ ਨਾਲ ਮਰਾਂਗੀ ਕਿ ਆਪਣੇ ਮਾਤਾ-ਪਿਤਾ ਦੀ ਇਜ਼ਤ ਬਚਾਉਣ ਲਈ ਕੁਰਬਾਨ ਹੋਣ ਦਾ ਸੁਭਾਗ
ਮੈਨੂੰ ਮਿਲਿਆ ਹੈ, … ਪਰ ਮੈਂ ਤੁਹਾਨੂੰ ਇੱਕ ਗੱਲ ਪੁਛਣਾ ਚਾਹੁੰਦੀ ਹਾਂ …।”
ਇਤਨਾ ਕਹਿ ਕੇ ਉਹ ਥੋੜ੍ਹੀ ਦੇਰ ਲਈ ਰੁਕੀ, ਜਿਵੇਂ ਅਗਲੀ ਗਲ ਕਰਨ ਲਈ ਹਿੰਮਤ ਜਾਂ ਲਫ਼ਜ਼ ਇਕੱਠੇ ਕਰ
ਰਹੀ ਹੋਵੇ। ਬਲਦੇਵ ਸਿੰਘ ਤੇ ਗੁਰਮੀਤ ਕੌਰ ਧਿਆਨ ਨਾਲ ਉਸ ਦੇ ਚਿਹਰੇ ਵੱਲ ਵੇਖਣ ਲਗ ਪਏ। ਬੱਬਲ ਦੇ
ਬੋਲਾਂ ਨੇ ਦੋਹਾਂ ਦੇ ਹਿਰਦੇ ਇਤਨੇ ਦੁੱਖ ਨਾਲ ਭਰ ਦਿੱਤੇ ਸਨ ਕਿ ਦੋਹਾਂ `ਚੋਂ ਕੋਈ ਕੁੱਝ ਬੋਲ
ਨਹੀਂ ਸੀ ਪਾ ਰਿਹਾ।
ਸ਼ਾਇਦ ਬੱਬਲ ਨੇ ਇਤਨੇ ਵਿੱਚ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ। ਉਹ ਸਿਰ ਉਚਾ ਚੁੱਕ ਕੇ ਬੋਲੀ, “ਇਹ
ਸਮਾਜ ਦਾ ਕੈਸਾ ਨਿਆਂ ਹੈ ਕਿ ਜਿਸ ਔਰਤ ਤੇ ਜ਼ੁਲਮ ਹੁੰਦਾ ਹੈ, ਉਹੀ ਇਸ ਪਾਪ ਨਾਲ ਕਲੰਕਤ ਹੋ ਜਾਂਦੀ
ਹੈ, ਉਸ ਦੀ ਅਤੇ ਉਸ ਦੇ ਪਰਿਵਾਰ ਦੀ ਇਜ਼ਤ ਰੁਲ ਜਾਂਦੀ ਹੈ। ਨਾਲੇ ਉਸ ਤੇ ਜ਼ੁਲਮ ਹੁੰਦਾ ਹੈ ਅਤੇ
ਅੱਗੋਂ ਲੋਕ ਉਸ ਵੱਲ ਇੰਝ ਵੇਖਦੇ ਹਨ ਜਿਵੇਂ ਉਹ ਕੋਈ ਬਜ਼ਾਰੂ ਔਰਤ ਹੋ ਗਈ ਹੋਵੇ। ਉਸ ਵੱਲ ਵੇਖਣ
ਲਗਿਆਂ ਬਹੁਤੇ ਮਰਦਾਂ ਦੀ ਨਜ਼ਰ ਵਿੱਚ ਮੈਲ ਹੁੰਦੀ ਹੈ।
ਇਸ ਦੇ ਉਲਟ ਇਹ ਕੁਕਰਮ ਕਰਨ ਵਾਲੇ ਸਿਰ ਉੱਚਾ ਚੁੱਕ ਕੇ ਤੁਰਦੇ ਹਨ। ਕੁੱਝ ਘਟੀਆ ਕਿਸਮ ਦੇ ਲੋਕ
ਉਨ੍ਹਾਂ ਨੂੰ ਬੜਾ ਸੂਰਮਾ ਸਮਝਦੇ ਹਨ, ਇਥੋਂ ਤੱਕ ਕਿ ਉਨ੍ਹਾਂ ਦੀਆਂ ਵੱਡਿਆਈਆਂ ਕੀਤੀਆਂ ਜਾਂਦੀਆਂ
ਹਨ।
ਜਦਕਿ ਸਚਾਈ ਇਹ ਹੈ ਕਿ ਉਹ ਔਰਤ ਸਮਾਜ ਦੇ ਤ੍ਰਿਸਕਾਰ ਦੀ ਨਹੀਂ, ਪੂਰੇ ਪਿਆਰ, ਹਮਦਰਦੀ ਅਤੇ ਸਤਿਕਾਰ
ਦੀ ਹੱਕਦਾਰ ਹੈ। ਕਲੰਕਤ ਤਾਂ ਉਹ ਤਾਂ ਹੋਈ ਜੇ ਉਹ ਆਪ ਵਿਭਚਾਰਨ ਹੋ ਗਈ ਹੋਵੇ। ਜ਼ਬਰਦਸਤੀ ਅਤੇ ਜ਼ੁਲਮ
ਦਾ ਸ਼ਿਕਾਰ ਹੋਈ ਔਰਤ ਤਾਂ ਪੀੜਿਤ ਹੈ, ਅਤੇ ਪੀੜਿਤ ਜਾਂ ਉਸ ਦੇ ਪਰਿਵਾਰ ਨੂੰ ਕਲੰਕਤ ਸਮਝਣਾ ਮਨੁਖਤਾ
ਪ੍ਰਤੀ ਆਪਣੇ ਆਪ ਵਿੱਚ ਇੱਕ ਵੱਡਾ ਗੁਨਾਹ ਹੈ। ਸਿਰ ਨੀਵਾਂ ਕਰ ਕੇ ਤੁਰਨ ਜਾਂ ਮੂੰਹ ਲੁਕਾਉਣ ਦੀ
ਲੋੜ ਉਸ ਔਰਤ ਜਾਂ ਉਸ ਦੇ ਪਰਿਵਾਰ ਨੂੰ ਨਹੀਂ, ਉਸ ਪਾਪੀ ਨੂੰ ਹੈ ਜਿਸ ਨੇ ਇਹ ਘ੍ਰਿਣਤ ਕਰਮ ਕੀਤਾ
ਹੈ। ਕਲੰਕਤ ਉਹ ਪਰਿਵਾਰ ਹੈ ਜਿਸ ਵਿੱਚ ਉਹ ਜਨਮਿਆਂ ਹੈ।” ਬੱਬਲ ਦੇ ਬੋਲਾਂ ਵਿੱਚ ਪੂਰਾ ਜੋਸ਼ ਸੀ,
ਉਸ ਦੀਆਂ ਅੱਖਾਂ ਲਾਲ ਤੇ ਚਿਹਰੇ ਤੇ ਪੂਰਾ ਰੋਹ ਸੀ ਉਸ ਨੇ ਜ਼ਰਾ ਰੁੱਕ ਕੇ ਸਾਹ ਲਿਆ ਤੇ ਫੇਰ ਉਸੇ
ਜਜ਼ਬੇ ਵਿੱਚ ਬੋਲਣਾ ਜਾਰੀ ਰਖਿਆ।
“ਜੇ ਸਮਾਜ ਦਾ ਇਹ ਨਜ਼ਰੀਆ ਨਹੀਂ ਬਦਲੇਗਾ ਤਾਂ ਇਹ ਜ਼ੁਲਮ ਅਤੇ ਕੁਕਰਮ ਕਦੇ ਨਹੀਂ ਰੁਕਣਗੇ। ਪਤਾ ਨਹੀਂ
ਸਮਾਜ ਦੀਆਂ ਕਿਤਨੀਆਂ ਧੀਆਂ ਦੀ ਬਲੀ ਦੇਣੀ ਪਵੇਗੀ ਇਹ ਸੋਚ ਬਦਲਣ ਲਈ? … ਕਮਾਲ ਦੀ ਗੱਲ ਹੈ ਝਗੜਾ
ਕਿਸੇ ਕਿਸਮ ਦਾ ਹੋਵੇ, ਜ਼ੁਲਮ ਔਰਤ ਤੇ ਢਾਇਆ ਜਾਂਦਾ ਹੈ, ਇਜ਼ਤ ਔਰਤ ਦੀ ਰੋਲੀ ਜਾਂਦੀ ਹੈ ਅਤੇ ਇਹੀ
ਸਭ ਤੋਂ ਵੱਡਾ ਬਦਲਾ ਲੈਣਾ ਸਮਝਿਆ ਜਾਂਦਾ ਹੈ। ਇਹ ਪ੍ਰਵਿਰਤੀ ਤਾਂ ਕਦੇ ਕਿਸੇ ਜਾਨਵਰ ਵਿੱਚ ਵੀ
ਨਹੀਂ ਵੇਖੀ, ਜਿਹੜੀ ਕਿ ਵਿਕਸਿਤ ਅਤੇ ਸਭਿਅਕ ਸਮਝੇ ਜਾਂਦੇ ਮਨੁੱਖ ਵਿੱਚ ਇਤਨੀ ਪ੍ਰਬਲ ਹੈ।
… ਬਾਕੀ ਸਮਾਜ ਤੇ ਤਾਂ ਹੋਇਆ, ਮੈਨੂੰ ਆਪਣੀ ਸਿੱਖ ਕੌਮ ਤੇ ਬਹੁਤ ਵੱਡਾ ਗਿਲਾ ਹੈ ਕਿਉਂਕਿ ਅਸੀਂ
ਔਰਤ ਮਰਦ ਦੀ ਬਰਾਬਰੀ ਦੇ ਬੜੇ ਦ੍ਹਾਵੇ ਬੰਨਦੇ ਹਾਂ, ਬੜੀ ਉੱਚੀ-ਉੱਚੀ ਢੰਡੋਰਾ ਪਿਟਦੇ ਹਾਂ ਕਿ
ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਸੀ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਪਰ ਸੁਆਲ ਤਾਂ
ਇਹ ਹੈ ਕਿ ਅਸੀਂ ਇਸ ਸਿਧਾਂਤ ਨੂੰ ਕਿਤਨਾ ਅਪਨਾਇਆ ਹੈ? ਕੀ ਸਾਡੀ ਸੋਚ ਵੀ ਉਹੀ ਨਹੀਂ ਜੋ ਬਾਕੀ
ਸਮਾਜ ਦੀ ਹੈ? ਬੇਸ਼ਕ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਸਿੱਖ ਹਰ ਕਿਸੇ ਦੀ ਧੀ ਭੈਣ ਦਾ ਸਤਿਕਾਰ ਆਪਣੀ
ਧੀ-ਭੈਣ ਵਾਂਗ ਕਰਦਾ ਹੈ ਅਤੇ ਕਿਸੇ ਹਾਲਾਤ ਵਿੱਚ ਉਸ ਦੀ ਪਤ ਨਹੀਂ ਲੁਟਦਾ, ਸਗੋਂ ਆਪਣੀ ਜਾਨ ਤੇ
ਖੇਡ ਕੇ ਵੀ ਬਚਾਉਂਦਾ ਹੈ, ਪਰ ਕੀ ਸਮਾਜ ਦੀ ਪੀੜਤ ਔਰਤ ਜਾਂ ਉਸ ਦੇ ਪਰਿਵਾਰ ਪ੍ਰਤੀ ਸਾਡਾ ਨਜ਼ਰੀਆ
ਬਦਲਿਆ ਹੈ? ਕੀ ਸਾਡੀ ਸੋਚ ਬਾਕੀ ਸਮਾਜ ਨਾਲੋਂ ਅਲੱਗ ਹੈ? ਕੀ ਅਸੀਂ ਐਸੀ ਪੀੜਤ ਔਰਤ ਨੂੰ ਉਸੇ
ਮਾਣ-ਸਤਿਕਾਰ ਨਾਲ ਅਪਨਾਉਂਦੇ ਹਾਂ, ਉਸ ਨੂੰ ਸਮਾਜ ਵਿੱਚ ਉਹੋ ਜਿਹਾ ਮਾਣ-ਸਤਿਕਾਰ ਦੇਂਦੇ ਹਾਂ?”
ਇਤਨਾ ਕਹਿ ਕੇ ਬੱਬਲ ਨੇ ਸੁਆਲੀਆ ਨਜ਼ਰ ਨਾਲ ਮਾਤਾ-ਪਿਤਾ ਵੱਲ ਵੇਖਿਆ ਤੇ ਕੁੱਝ ਅਥਰੂ ਲੁੜਕ ਕੇ ਉਸ
ਦੀਆਂ ਗੱਲ੍ਹਾਂ ਤੇ ਆ ਗਏ।
ਬਲਦੇਵ ਸਿੰਘ ਤੇ ਗੁਰਮੀਤ ਕੌਰ ਬੜੇ ਹੈਰਾਨ ਹੋਏ ਧਿਆਨ ਨਾਲ ਉਸ ਦੀ ਗੱਲ ਸੁਣ ਰਹੇ ਸਨ। ਬਲਦੇਵ ਸਿੰਘ
ਕੁੱਝ ਬੋਲਣ ਹੀ ਲਗਾ ਸੀ ਕਿ ਬੱਬਲ ਫੇਰ ਬੋਲ ਪਈ, “ਇਸ ਦਾ ਇਹ ਮਤਲਬ ਨਾ ਸਮਝ ਲੈਣਾ ਕਿ ਮੈਂ ਮਰਨ
ਤੋਂ ਡਰ ਗਈ ਹਾਂ, ਮੇਰੇ ਅਥਰੂ ਕਿਸੇ ਕਮਜ਼ੋਰੀ ਕਰ ਕੇ ਨਹੀਂ ਆਏ ਬਲਕਿ ਸਮਾਜ ਦੀ ਇਸ ਸੋਚ ਪ੍ਰਤੀ ਰੋਸ
ਵਜੋਂ ਆ ਗਏ ਹਨ, ਜੇ ਤੁਸੀਂ ਸਮਝਦੇ ਹੋ ਕਿ ਮੇਰੀ ਜ਼ਿੰਦਗੀ ਕਿਸੇ ਤਰ੍ਹਾਂ ਵੀ ਪਰਿਵਾਰ ਵਾਸਤੇ
ਨਾਮੋਸ਼ੀ ਦਾ ਕਾਰਨ ਬਣ ਸਕਦੀ ਹੈ ਤਾਂ ਮੈਂ ਮਰਨ ਲਈ ਬਿਲਕੁਲ ਤਿਆਰ …।”
ਬੱਬਲ ਦੇ ਲਫ਼ਜ਼ ਅਜੇ ਵਿੱਚੇ ਹੀ ਸਨ ਕਿ ਗੁਰਮੀਤ ਕੌਰ ਛੇਤੀ ਨਾਲ ਉਠ ਕੇ ਹੱਥ ਉਸ ਦੇ ਮੂੰਹ ਤੇ ਰਖਦੀ
ਹੋਈ ਬੋਲੀ, “ਨਾ ਮੇਰੀ ਬੱਚੀ, ਇਹ ਗੱਲ ਮੁੜ ਮੂੰਹ ਤੋਂ ਨਾ ਕੱਢੀਂ … “ਤੇ ਨਾਲ ਹੀ ਉਸ ਦੇ ਆਪਣੇ
ਸਬਰ ਦਾ ਬੰਨ੍ਹ ਟੁੱਟ ਗਿਆ, ਅਵਾਜ਼ ਵਿੱਚੇ ਦਬ ਗਈ, ਦੋਵੇਂ ਮਾਂ ਧੀ ਇੱਕ ਦੂਸਰੇ ਦੇ ਗਲੇ ਲਗ ਗਈਆਂ
ਤੇ ਅਥਰੂ ਜ਼ਾਰ-ਜ਼ਾਰ ਵਗਣ ਲੱਗ ਪਏ।
ਬਲਦੇਵ ਸਿੰਘ ਆਪਣੀ ਜਗ੍ਹਾ ਤੋਂ ਉਠਿਆ, ਦੋਹਾਂ ਦੀਆਂ ਪਿੱਠਾਂ ਥਪ-ਥਪਾ ਕੇ ਹੌਂਸਲਾ ਦੇਂਦਾ ਹੋਇਆ
ਬੱਬਲ ਨੂੰ ਮੁਖਾਤਬ ਹੋਇਆ, “ਵਾਹ ਬੇਟਾ ਵਾਹ! ਸ਼ਾਬਾਸ, ਤੂੰ ਤਾਂ ਮੇਰੀਆਂ ਅੱਖਾਂ ਵੀ ਖੋਲ੍ਹ
ਦਿੱਤੀਆਂ ਨੇ। ਬੇਸ਼ਕ ਗੁਰਬਾਣੀ ਦੀ ਇਸ ਤੁੱਕ ਦੇ ਹਵਾਲੇ ਤਾਂ ਮੈਂ ਵੀ ਕਈ ਵਾਰੀ ਦਿੱਤੇ ਨੇ ਅਤੇ
ਬਹੁਤੇ ਤੌਰ ਤੇ ਮੈਂ ਇਸ ਵਿੱਚ ਪੂਰਾ ਵਿਸ਼ਵਾਸ ਵੀ ਰਖਦਾ ਹਾਂ ਪਰ ਸਚਾਈ ਇਹੀ ਹੈ ਕਿ ਇਤਨੀ ਗਹਰਾਈ
ਵਿੱਚ ਜਾ ਕੇ ਮੈਂ ਵੀ ਕਦੇ ਨਹੀਂ ਸੀ ਸੋਚਿਆ। ਪਰ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਇਹ ਵਿਸ਼ਵਾਸ ਹੋ
ਗਿਐ ਕਿ ਸਮਾਜ ਜ਼ਰੂਰ ਬਦਲੇਗਾ। ਜੇ ਤੇਰੇ ਤਰ੍ਹਾਂ ਹਰ ਔਰਤ ਜਾਗਰੂਕ ਹੋ ਜਾਵੇਗੀ ਤਾਂ ਉਹ ਸਮਾਂ ਛੇਤੀ
ਆਵੇਗਾ ਜਦੋਂ ਔਰਤ ਪ੍ਰਤੀ ਇਹ ਜ਼ੁਲਮ ਬੰਦ ਹੋਵੇਗਾ। ਉਸ ਨੂੰ ਸਹੀ ਲਫ਼ਜ਼ਾਂ ਵਿੱਚ ਮਰਦ ਦੇ ਬਰਾਬਰ
ਸਤਿਕਾਰ ਮਿਲੇਗਾ।”
ਬੱਬਲ ਵੀ ਮਾਂ ਨਾਲੋਂ ਅੱਡ ਹੋ ਪਿਤਾ ਦੇ ਗੱਲ ਲਗ ਗਈ। ਬਲਦੇਵ ਸਿੰਘ ਨੇ ਉਸ ਦਾ ਮੱਥਾ ਚੁੰਮ ਕੇ
ਪਿਆਰ ਦੇਂਦੇ ਹੋਏ ਗੱਲ ਫੇਰ ਸ਼ੁਰੂ ਕੀਤੀ, “ਪਰ ਬੇਟਾ ਤੂੰ ਇਹ ਕਿਵੇਂ ਸੋਚ ਲਿਆ ਕਿ ਮੈਂ ਤੈਨੂੰ
ਮਾਰਨ ਬਾਰੇ ਸੋਚ ਵੀ ਸਕਦਾ ਹਾਂ? ਹੋਰ ਮੇਰੀ ਸੋਚ ਜਿਵੇਂ ਵੀ ਰਹੀ ਹੋਵੇ ਪਰ ਇੱਕ ਗੱਲ ਵਿੱਚ ਮੈਂ
ਪੂਰਾ ਵਿਸ਼ਵਾਸ ਰਖਦਾ ਹਾਂ ਕਿ ਜ਼ਿੰਦਗੀ ਲੈਣ ਅਤੇ ਦੇਣ ਦਾ ਹੱਕ ਸਿਰਫ ਅਕਾਲ-ਪੁਰਖ ਨੂੰ ਹੈ ਕਿਸੇ
ਹਾਲਾਤ ਵਿੱਚ ਵੀ ਇਨਸਾਨ ਨੂੰ ਨਹੀਂ। ਹਾਂ ਮੈਦਾਨ ਵਿੱਚ ਜੂਝਣਾ ਅਲੱਗ ਗੱਲ ਹੈ। ਬਾਕੀ ਤਾਂ ਜਿਹੋ
ਜਿਹੇ ਹਾਲਾਤ ਮਰਜ਼ੀ ਹੋਣ, ਸਾਡਾ ਕੰਮ ਤਾਂ ਭਾਣਾ ਮੰਨਣਾ ਹੈ।”
ਭਾਵੇਂ ਇੱਕ ਵਾਰੀ ਤਾਂ ਮਹੌਲ ਬਹੁਤ ਭਾਵੁਕ ਹੋ ਗਿਆ ਸੀ, ਪਰ ਇਸ ਤੋਂ ਬਾਅਦ ਕੁੱਝ ਸੁਖਾਵਾਂ ਹੋ
ਗਿਆ। ਉਹ ਵਾਪਸ ਸੋਫਿਆਂ ਤੇ ਬੈਠ ਗਏ। ਗੁਰਮੀਤ ਕੌਰ ਰਸੋਈ ਚੋਂ ਪਾਣੀ ਲੈ ਆਈ ਤੇ ਦੋਹਾਂ ਨੂੰ ਗਲਾਸ
ਪਕੜਾ ਕੇ ਉਸ ਨੇ ਆਪ ਵੀ ਪਾਣੀ ਦਾ ਘੁੱਟ ਭਰਿਆ। ਬਲਦੇਵ ਸਿੰਘ ਪਾਣੀ ਪੀ ਕੇ, ਉਠ ਕੇ ਟੈਲੀਫੋਨ ਵੱਲ
ਵਧਿਆ, ਅਜੇ ਉਹ ਟੈਲੀਫੋਨ ਚੁੱਕਣ ਲੱਗਾ ਸੀ ਕਿ ਗੁਰਮੀਤ ਕੌਰ ਬੋਲ ਪਈ, “ਹੁਣ ਇਸ ਵੇਲੇ ਕਿਸ ਨੂੰ
ਟੈਲੀਫੋਨ ਕਰਨ ਲਗੇ ਹੋ?”
“ਮੀਤਾ, ਮੈਂ ਇੱਕ ਵਾਰੀ ਚੌਧਰੀ ਸਾਬ੍ਹ ਨਾਲ ਜ਼ਰੂਰ ਗੱਲ ਕਰਨੀ ਚਾਹੁੰਦਾ ਹਾਂ”, ਕਹਿਕੇ ਉਸ ਨੇ
ਟੈਲੀਫੋਨ ਮਿਲਾਉਣਾ ਸ਼ੁਰੂ ਕਰ ਦਿੱਤਾ।
“ਇਕ ਤਾਂ ਹੁਣ ਵੈਸੇ ਹੀ ਬਹੁਤ ਦੇਰ ਹੋ ਗਈ ਹੈ ਨਾਲੇ ਅਜੇ ਵੀ ਤੁਸੀਂ ਉਨ੍ਹਾਂ ਤੇ ਕੀ ਆਸ ਰਖੀ ਬੈਠੇ
ਹੋ?” ਗੁਰਮੀਤ ਕੌਰ ਨੇ ਹੈਰਾਨ ਹੁੰਦੇ ਹੋਏ ਪੁੱਛਿਆ।
“ਕੋਈ ਆਸ ਨਹੀਂ … ਪਰ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਹਾਂ। ਦਿਨੇ ਤਾਂ ਉਹ ਮਿਲਦੇ ਨਹੀਂ, ਇਸ ਵੇਲੇ
ਸ਼ਾਇਦ ਘਰ ਆ …।” ਉਧਰ ਟੈਲ਼ੀਫੋਨ ਮਿਲ ਚੁੱਕਾ ਸੀ ਤੇ ਘੰਟੀ ਵਜ ਰਹੀ ਸੀ, ਮੀਨਾਕਸ਼ੀ ਨੇ ਟੈਲੀਫੋਨ
ਚੁੱਕ ਕੇ ‘ਹੈਲੋ’ ਕਿਹਾ।
ਬਲਦੇਵ ਸਿੰਘ ਨੇ ਗੱਲ ਫੌਰਨ ਉਧਰ ਮੋੜਦੇ ਹੋਏ ਕਿਹਾ, “ਨਮਸਕਾਰ ਭਾਬੀ ਜੀ! ਮੈਂ ਬਲਦੇਵ ਸਿੰਘ ਬੋਲ
ਰਿਹਾਂ। ਆ ਗਏ ਹਨ ਘਰ ਭਾਈ ਸਾਬ੍ਹ?”
“ਵੁਹ ਤੋ ਅਬ ਸੋ ਗਏ ਹੈਂ ਜੀ, … ਯੇਹ ਕੌਨ ਸਾ ਟਾਈਮ ਹੈ ਟੈਲੀਫੋਨ ਕਰਨੇ ਕਾ?” ਮੀਨਾਕਸ਼ੀ ਦਾ ਖਿਝਿਆ
ਹੋਇਆ ਜੁਆਬ ਆਇਆ।
ਬਲਦੇਵ ਸਿੰਘ ਹੈਰਾਨ ਰਹਿ ਗਿਆ ਕਿ ਇਤਨੇ ਮਾੜੇ ਹਾਲਾਤ ਹੋਣ ਦੇ ਬਾਵਜੂਦ ਇੱਕ ਵਾਰੀ ਵੀ ੳਨ੍ਹਾਂ ਦੀ
ਸੁੱਖ-ਸਾਂਦ ਪੁੱਛਣ ਦੀ ਬਜਾਏ ਉਹ ਕਾਹਲੀ ਪੈ ਰਹੀ ਸੀ।
“ਦੋ ਦਿਨ ਹੋ ਗਏ ਹਨ ਕੋਸ਼ਿਸ਼ ਕਰਦੇ, ਦਿਨੇਂ ਤਾਂ ਉਹ ਮਿਲਦੇ ਨਹੀਂ, ਮੈਂ ਸੋਚਿਆ ਸ਼ਾਇਦ ਇਸ ਵੇਲੇ ਹੀ
ਮਿਲ ਜਾਣ?” ਬਲਦੇਵ ਸਿੰਘ ਨੇ ਵੀ ਕੁੱਝ ਮਿਹਣਾ ਮਾਰਨ ਵਾਲੇ ਅੰਦਾਜ਼ ਵਿੱਚ ਕਿਹਾ।
“ਸਾਰੇ ਦਿਨ ਕੇ ਥਕੇ ਹੁਏ ਆਏ ਹੈਂ ਵੁਹ, … ਬੋਲ ਕੇ ਸੋਏ ਹੈਂ ਕਿ ਮੁਝੇ ਰਾਤ ਮੇਂ ਨਾ ਪ੍ਰੇਸ਼ਾਨ
ਕਰਨਾ”, ਇਸ ਤੋਂ ਪਹਿਲਾਂ ਕਿ ਮੀਨਾਕਸ਼ੀ ਟੈਲੀਫੋਨ ਬੰਦ ਕਰਦੀ ਉਹ ਛੇਤੀ ਨਾਲ ਬੋਲਿਆ, “ਚਲੋ ਹੁਣ ਤਾਂ
ਉਹ ਸੋ ਗਏ ਹਨ ਪਰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ, ਮੂੰਹ ਕਿਉਂ ਛੁਪਾ ਰਹੇ ਹਨ?”
ਮੀਨਾਕਸ਼ੀ ਦਾ ਪਾਰਾ ਸ਼ਾਇਦ ਸਤਵੇਂ ਅਸਮਾਨ ਤੇ ਪਹੁੰਚ ਗਿਆ ਸੀ, ਉਹ ਬੜੇ ਗੁੱਸੇ ਨਾਲ ਬੋਲੀ, “ਹੋਸ਼
ਮੇਂ ਤੋ ਹੈਂ ਆਪ, ਵੁਹ ਆਪ ਸੇ ਮੂੰਹ ਕਿਉਂ ਛੁਪਾਏਂਗੇ?” ਤੇ ਬੁੜ-ਬੁੜ ਕਰਦੀ ਨੇ ਟੈਲੀਫੋਨ ਪਟਕ
ਦਿੱਤਾ।
ਬੱਬਲ ਤੇ ਗੁਰਮੀਤ ਕੌਰ ਧਿਆਨ ਨਾਲ ਸਾਰੀ ਗੱਲ ਸੁਣ ਰਹੀਆਂ ਸਨ, ਗੁਰਮੀਤ ਹੈਰਾਨ ਹੋ ਕੇ ਬੋਲੀ, “ਇਹ
ਕੀ ਕੀਤਾ ਜੇ?”
“ਮੀਤਾ! ਮੈਨੂੰ ਆਸ ਹੈ ਕਿ ਹੁਣ ਟੈਲੀਫੋਨ ਜ਼ਰੂਰ ਆਵੇਗਾ”, ਬਲਦੇਵ ਸਿੰਘ ਨੇ ਟੈਲੀਫੋਨ ਰਖਦੇ ਹੋਏ
ਕਿਹਾ ਤੇ ਐਸੇ ਹਾਲਾਤ ਵਿੱਚ ਵੀ ਹਲਕੀ ਜਿਹੀ ਮੁਸਕੁਰਾਹਟ ਉਸ ਦੇ ਚਿਹਰੇ ਤੇ ਆ ਗਈ।
(ਨੋਟ: ਇਸ ਨਾਵਲ ਵਿੱਚ ਦਰਸਾਈਆਂ ਜਾ ਰਹੀਆਂ ਕਾਨਪੁਰ ਦੀਆਂ ਸਾਰੀਆਂ ਮੰਦਭਾਗੀਆਂ ਦੁੱਖਦਾਈ
ਘਟਨਾਵਾਂ ਬਿਲਕੁਲ ਸੱਚੀਆਂ ਹਨ ਅਤੇ ਤਾਰਨ ਗੁਜਰਾਲ ਜੀ ਦੀ ਕਿਤਾਬ, ‘ਰੱਤੁ ਕਾ ਕੁੰਗੂ’ ਵਿੱਚੋਂ
ਲਈਆਂ ਗਈਆਂ ਹਨ। ਬੇਸ਼ਕ ਉਨ੍ਹਾਂ ਨੂੰ ਨਾਵਲ ਦੇ ਪਾਤਰਾਂ ਨਾਲ ਜੋੜਿਆ ਗਿਆ ਹੈ ਪਰ ਸਥਾਨ, ਵਿਅਕਤੀ
ਅਤੇ ਵਾਰਦਾਤਾਂ ਬਿਲਕੁਲ ਸੱਚੀਆਂ ਹਨ। . . ਰਾਜਿੰਦਰ ਸਿੰਘ)
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726