.

ਸਤਿਗੁਰੂ ਜੀ ਦੀ ਪਾਵਨ ਜ਼ਾਤ ਨਾਲ ਕੀਤਾ ਘਿਣਾਵਣਾ ਮਖ਼ੌਲ

ਘੋੜੀ ਸ਼ਰਧਾ-ਵਾਨ ਭਗਤਨੀ? ਕਿ ਜਾਂ. . ਕ੍ਰਿਸ਼ਨ ਲੀਲਾ?

ਪਿੱਛੇ ਅਸੀਂ ਪੜ੍ਹ ਆਏ ਹਾਂ ਕਿ ਸਤਿਗੁਰੂ ਜੀ ਦੀ ਭਾਲ ਘੋੜੀ ਨੇ ਕੀਤੀ ਸੀ। ਅਤੇ ਉਸ ਅਦਭੁਤ ਘੋੜੀ ਦੀ ਉਪਮਾ ਵਿੱਚ ਲਿਖੇ 235 ਨੰਬਰ ਸਵੱਯੇ ਦੁਆਰਾ ਲਿਖਾਰੀ ਨੇ ਘੋੜੀ ਨੂੰ ਵਾਸਤਵ ਵਿੱਚ ਸਤਿਗੁਰੂ ਜੀ ਦੀ ਪਤਨੀ ਦਰਸਾਇਆ ਹੈ। ਗੁਰੁ ਇਤਿਹਾਸ ਦੇ ਨਿਰਮਲ ਸਰੋਵਰ ਵਿੱਚ ਵੀ ਪੁਰਾਣਾ ਵਾਲੀ ਝੂਠ-ਸੜਾਂਦ ਪਾਉਣ ਦੇ ਯਤਨਾ ਵਿੱਚ ਹੀ ਕਈ ਤਰ੍ਹਾਂ ਦੀਆਂ ਮਨ ਘੜਤ ਕਹਾਣੀਆਂ ਰਲਾਈਆਂ ਗਈਆਂ ਹਨ। ਜਿਨ੍ਹਾਂ ਪਾਠਕਾਂ ਨੇ ਪੁਸਤਕ-- “ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਦਾ ਪਹਿਲਾ ਭਾਗ ਨਹੀ ਪੜ੍ਹਿਆ ਉਨ੍ਹਾਂ ਲਈ ਇਸ ਲਿਖਾਰੀ ਦੀ ਕੁਟਲਤਾ ਦੀ ਅਸਲੀਅਤ ਨੂੰ ਸਮਝਣਾ ਕਠਨ ਹੈ। ਬਿਨਾ ਕਿਸੇ ਦੁਬਿਦਾ ਵਿੱਚ ਪਿਆਂ, ਲਿਖਾਰੀ ਦੀ ਨੀਯਤ ਦਾ ਠੀਕ ਰੂਪ ਸਮਝਣ ਲਈ ਉਨ੍ਹਾਂ ਗਾਥਾਵਾਂ ਦਾ ਪਤਾ ਹੋਣਾ ਜ਼ਰੂਰੀ ਹੈ, ਜਿਨ੍ਹਾਂ ਵਿੱਚ ਪੂਸ਼ਆਂ ਤੋਂ ਮਨੁੱਖ ਅਤੇ ਮਨੁਖਾਂ ਤੋਂ ਪਸ਼ੁਆਂ ਨੇ ਜਨਮ ਲਿਆ, ਬ੍ਰਾਹਮਣ ਲਿਖਾਰੀ ਨੇ ਆਪ ਦਰਸਾਇਆ ਹੋਇਆ ਹੈ। ਪੁਰਾਣਾ ਦੇ ਲਿਖਾਰੀ ਨੇ ਉਹ ਸਾਰੇ ਐਬ ਆਪਣੇ ਇਸ਼ਟ-ਭਗਵਾਨਾਂ ਵਿੱਚ ਵੀ ਦਰਸਾ ਦਿੱਤੇ ਜੋ ਉਸ ਦੇ ਆਪਣੇ ਆਚਰਨ ਦਾ ਹਿੱਸਾ ਬਣ ਚੁੱਕੇ ਸਨ। ਵੰਨਗੀ ਮਾਤ੍ਰ ਵੇਰਵਾ ਇਸ ਪ੍ਰਕਾਰ ਹੈ:-

(1) ਮਹਾਂਭਾਰਤ ਵਿੱਚ ਗਾਥਾ ਹੈ ਕਿਮਿੰਦਯ ਰਿਸ਼ੀ ਸ਼ੇਰਨੀ ਨਾਲ ਭੋਗ ਕਰਦਾ ਹੋਇਆ ਪਾਂਡੋ ਰਾਜੇ ਦੇ ਤੀਰ ਨਾਲ ਘਾਇਲ ਹੋ ਗਿਆ ਸੀ, ਜਿਸ ਨੇ ਪ੍ਰਾਣ ਤਿਆਗਣ ਤੋਂ ਪਹਿਲਾਂ ਰਾਜੇ ਨੂੰ ਸਰਾਪ ਦੇ ਦਿੱਤਾ ਕਿ, ਜਦੋਂ ਹੀ ਉਹ (ਆਪਣੀ ਪਤਨੀ ਸਮੇਤ) ਕਿਸੇ ਵੀ ਇਸਤ੍ਰੀ ਨਾਲ ਸੰਗ ਕਰਨ ਦਾ ਯਤਨ ਕਰੇਗਾ ਤਾਂ, ਉਸੇ ਛਿਣ ਉਸ ਦੀ ਮੌਤ ਹੋ ਜਾਵੇਗੀ। ਮੌਤ ਦੇ ਡਰੋਂ ਉਹ ਆਪਣੀਆਂ ਦੋਹਾਂ ਹੀ ਇਸਤ੍ਰੀਆਂ ਦੇ ਨੇੜੇ ਨਾ ਗਿਆ ਪਰ ਉਸ ਦੀ ਰਾਣੀ ‘ਕੁੰਤੀ’ ਨੇ ਤਿੰਨ (ਯੁਧਿਸ਼ਟਰ, ਭੀਮ ਤੇ ਅਰਜੁਨ) ਅਤੇ ਦੂਜੀ ਰਾਣੀ ‘ਮਾਧੁਰੀ’ ਨੇ (ਨਕੁਲ ਤੇ ਸਹਿਦੇਵ) ਦੋ ਪੁੱਤਰ ਜਨਮੇ। ਫ਼ਿਲਮਾਈ ਹੋਈ ਗਾਥਾ ਅਨੁਸਾਰ ਉਨ੍ਹਾਂ ਪੰਜਾਂ ਦਾ ਹੀ ਪਿਤਾ ਕੋਈ ਮਨੁੱਖ ਨਹੀਂ ਸੀ।

(2) ਕੋਰੋ ਪਾਂਡੁਆਂ ਦਾ ਗੁਰੂ ਦਰੋਣਅਚਾਰੀਆ ਇਸਤ੍ਰੀ ਦੇ ਗਰਭ ਵਿੱਚ ਨਾ ਨਿੰਮਿਆਂ ਅਤੇ ਨਾ ਹੀ ਇਸਤ੍ਰੀ ਦੇ ਪੇਟੋਂ ਜਨਮਿਆਂ। ਇਹ ਸਭ ਕੁੱਝ ਬ੍ਰਾਹਮਣ ਨੇ ਆਪ ਦਰਸਾਇਆ ਹੋਇਆ ਹੈ।

(3) ਮਹਾਨ ਕੋਸ਼ ਦੇ 32 ਸਫ਼ੇ ਅਨੁਸਾਰ ਅਸ਼੍ਵਨੀਕੁਮਾਰ ਦੋਵੇਂ ਦੇਵਤੇ ਘੋੜੀ ਦੇ ਪੁੱਤਰ ਸਨ।

(4) ਭਾਗਵਤ ਪੁਰਾਣ ਵਿੱਚ ਤੀਜੇ ਅਵਤਾਰ ਹੈਗ੍ਰੀਵ ਦਾ ਸਿਰ ਘੋੜੇ ਦਾ ਤੇ ਸਰੀਰ ਮਨੁੱਖ ਦਾ ਹੈ।

(5) ਮਹਾਨ ਕੋਸ਼ ਦੇ 320 ਸਫ਼ੇ ਤੇ ਲਿਖਿਆ ਹੈ:- ਕਾਲਕਾ ਪੁਰਾਣ ਵਿੱਚਂ ਕਥਾ ਹੈ ਕਿ ਦਕਸ਼ ਦੀ ਕੰਨਿਆ ‘ਸਰਭਿ’ ਦੇ ਉਦਰ ਤੋਂ ਕਸ਼ਯਪ ਦੀ ਬੇਟੀ ਰੋਹਣੀ ਦੇ ਗਰਭ ਤੋਂ ਸੂਰਸੈਣ ਵਸੁ ਦੇ ਵੀਰਯ ਕਰਕੇ ਕਾਮਧੇਨ (ਇਸਤ੍ਰੀ ਦੇ ਗਰਭ ਵਿੱਚੋਂ ਗਊ) ਦਾ ਜਨਮ ਹੋਇਆ। ਇੱਕ ਵਿਸ਼ਈ ਬੇਤਾਲ (ਭੂਤ) ਕਾਮਧੇਨ ਦੀ ਸੁੰਦਰਤਾ ਦੇਖ ਕੇ ਮੋਹਤ ਹੋ ਗਿਆ, ਅਤੇ ਬੈਲ ਦਾ ਰੂਪ ਧਾਰ ਕੇ ਉਸ ਨੇ ਕਾਮਧੇਨ ਨਾਲ ਭੋਗ ਕੀਤਾ। ਜਿਸ ਤੋਂ ਇੱਕ ਵਡੇ ਕੱਦ ਦਾ ਬਲਦ ਜੰਨਮਿਆ ਜੋ ਸ਼ਿਵ ਦਾ ਵਾਹਨ ਹੋਇਆ। (ਭਾਵ, ਸ਼ਿਵ ਜੀ ਦੀ ਸਵਾਰੀ ਬਣਿਆ)। ਜਿਸ ਬਲਦ ਦਾ ਪਿਤਾ ਭੂਤ, ਮਾਤਾ ਗਊ ਅਤੇ ਨਾਨੀ ਇਸਤ੍ਰੀ ਹੋਵੇ, ਉਹ ਸ਼ਿਵ ਜੀ ਦੀ ਸਵਾਰੀ ਲਈ ਠੀਕ ਮੰਨਿਆਂ ਗਿਆ? (ਕੀ ਕਿਤੇ, ਇਹ ਗੁਰ ਬਿਲਾਸ ਵੀ ਗੁਰੂ ਇਤਿਹਾਸ ਨੂੰ ਉਸੇ ਹੀ ਝੂਠ-ਖੱਡ ਵਿੱਚ ਨੂੰ ਘਸੀਟ ਖੜਨ ਦਾ ਸ਼੍ਰੀ ਗਣੇਸ਼ ਤਾਂ ਨਹੀਂ?)

ਲਿਖਾਰੀ ਆਪਣੀ ਕੁਟਲਤਾ ਹੋਰ ਵੀ ਸਪੱਸ਼ਟ ਕਰਦਾ ਹੈ। ਕਿ ਜਦੋਂ ਹੀ ਸਤਿਗੁਰੂ ਜੀ ਕੋਠੇ ਦੇ ਅਗਿਆਤ-ਵਾਸ ਵਿਚੋਂ ਬਾਹਰ ਆਏ ਤਾਂ, ਸਭ ਤੋਂ ਪਹਿਲਾਂ ਚਰਨੀ ਕੌਣ ਲੱਗਾ? ਏਸੇ ਲਿਖਾਰੀ ਨੇ, ਗੁਰਿਆਈ ਸੌਪੀ ਜਾਣ ਦੇ ਜ਼ਿਕਰ ਵਿੱਚ ਚਰਨੀ ਲੱਗਣ ਦੀ ਪਹਿਲ ਬਾਬਾ ਬੁੱਢਾ ਦੀ ਨੂੰ ਦਿੱਤੀ ਹੋਈ ਹੈ, ਪਰ ਏਥੇ ਸਤਿਗੁਰੂ ਜੀ ਦੀ ਚਰਨੀ ਕੋਈ ਗੁਰਮੁਖਿ ਸ਼ਰਧਾਲੂ ਸਿੱਖ ਨਹੀਂ, ਸਗੋਂ:-

ਚੌਪਈ॥ ਤਬੈ ਅਸ੍ਵਨੀ ਗੁਰ ਪਗ ਲਾਗੀ। ਸਨਮੁਖ ਖੜੀ ਤਬੈ ਵਡਭਾਗੀ।

ਹਾਥ ਫੇਰਿ ਸ੍ਰੀ ਗੁਰ ਸੁਖੁ ਪਾਯੋ। ਗੁਰ ਨਾਨਕ ਉਰ ਮਾਹਿ ਧਿਆਯੋ॥ 259॥

ਪਦ ਅਰਥ:-ਅਸ੍ਵ=ਘੋੜੀ। ਹਾਥ …. = (ਘੋੜੀ ਦੀ) ਕੰਡ ਉੱਤੇ ਹੱਥ ਫੇਰਿਆ (ਤੇ ਸ੍ਰੀ ਗੁਰੂ ਜੀ ਨੇ ਸੁਖ ਮਾਣਿਆ। ਉਰ=ਹਿਰਦੇ ਵਿਚ। {ਭਾਵ, ਸੰਨ੍ਹ ਤੋਂ ਬਾਹਰ ਆਉਣ ਦੀ ਢਿੱਲ ਸੀ ਕਿ, (ਬਿਰਹੋਂ ਕੁੱਠੀ?) ਘੋੜੀ ਝੱਟ ਹੀ ਚਰਨੀ ਆ ਲੱਗੀ। ਤੇ ਸਤਿਗੁਰੂ ਅਮਰਦਾਸ ਜੀ ਨੇ ਉਸ ਦੇ ਸਰੀਰ ਤੇ ਹੱਥ ਫੇਰ ਕੇ ਸੁਖ ਮਾਣਿਆਂ ਅਤੇ ਹਿਰਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਧਿਆਇਆ? । ਕਿਡੀ ਬਦਕਿਸਮਤੀ ਵਾਲੀ ਸਥਿਤੀ ਬਣ ਰਹੀ ਹੈ ਕਿ, ‘ਸੁਖ’ ਬਾਰੇ ਜਪੁ ਸਾਹਿਬ ਵਿੱਚ ਰੋਜ਼ ਪੜਦੇ ਹੋਏ ਇਨ੍ਹਾਂ ਗੁਰੂ-ਫ਼ੁਰਮਾਨਾ ਨੂੰ- (ੳ) - “ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ‘ਸੁਖ’ ਪਾਈਅਹਿ॥” (ਅ) - “ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥” ਪੜ੍ਹਦੇ ਹੋਏ ਅਤੇ ਪ੍ਰਭੂ ਦੇ ਭਗਤਾਂ ਦੀ ਸਦਾ ਖੇੜੇ ਵਿੱਚ ਰਹਿਣ ਵਾਲੀ ਇਸ ਅਵਸਥਾ ਤੋਂ- (ੲ) “ਨਾਨਕ ਭਗਤਾ ਸਦਾ ਵਿਗਾਸੁ॥” ਅਤੇ ਰਹਿਰਾਸ ਸਾਹਿਬ ਵਿਚ- (ਸ) “ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ॥” - (ਹ) - “ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ॥” ਅਤੇ ਰਾਤ ਨੂੰ ਸੋਹਿਲਾ ਸਾਹਿਬ ਵਿੱਚ- (ਕ) - ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥ 1 ॥ ਰਹਾਉ॥” (ਖ) - “ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ॥” (ਗ) - “ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ॥ 3 ਰੋਜ਼ ਜਾਣੂ ਹੁੰਦੇ ਹੋਏ ਵੀ, ਅਸੀਂ ਗੁਰਮਤਿ ਦੇ ਵੈਰੀਆਂ ਦੇ ਮਾਇਆ-ਜਾਲ ਵਿੱਚ ਫਸਦੇ ਜਾਣ ਨੂੰ ਗੁਰਮਤਿ ਮੰਨ ਰਹੇ ਹਾਂ। ਲਿਖਾਰੀ ਦਰਸਾ ਰਿਹਾ ਹੈ ਕਿ, ਸਤਿਗੁਰੂ ਜੀ, ਆਪਣਾ ਲਿਖਿਆ ਸੁਖ ਦੁਖ ਵਾਲਾ ਸਿਧਾਂਤ ਆਪ ਹੀ ਭੁੱਲ ਗਏ ਅਤੇ ਘੋੜੀ ਤੇ ਹੱਥ ਫੇਰਨ ਵਿੱਚ ਸੁਖੀ ਹੋ ਰਹੇ ਸਨ। ਦੁਖ ਸੁਖ ਬਾਰੇ ਗੁਰਮਤਿ ਦਾ ਸਿਧਾਂਤ ਵਿਸਥਾਰ ਨਾ ਸਮਝਣ ਲਈ -ਬਿੱਪ੍ਰਨ ਕੀ ਤੀਰ ਤੋਂ ਸਚੁ ਦਾ ਮਾਰਗ’ ਪੁਸਤਕ ਦੇ ਚੌਥੇ ਭਾਗ ਦਾ ਚੌਥਾ ਹੀ ਕਾਂਡ, ਇਕਾਗਰਤਾ ਨਾਲ ਪੜ੍ਹਨ ਦੀ ਖੇਚਲ ਕਰ ਵੇਖੋ ਗੁਰਮਤਿ-ਗਿਆਨ ਦੇ ਇਸ ਪੱਖ ਵਲੋਂ ਮਾਲਾਮਾਲ ਜੋ ਜਾਵੋਗੇ ਜੀ। ਕਲਮ ਦੀ ਕਰਾਮਾਤ ਵੇਖੋ, (ਹਰੀ-ਨਾਮ ਨੂੰ ਸੁਖਾਂ ਦਾ ਸਾਗਰ ਮੰਨਣ ਵਾਲੇ) ਸਤਿਗੁਰੂ ਜੀ ਲਈ, ਲਿਖਾਰੀ ਨੇ ਇੱਕ ਘੋੜੀ ਨੂੰ ਸੁਖਾਂ ਦੀ ਦਾਤੀ ਬਣਾ ਦਿੱਤਾ? ਪਹਿਲਾਂ ਘੋੜੀ ਤੇ ਹੱਥ ਫੇਰਨ ਤੋਂ ਸੁਖੀ ਹੁੰਦੇ ਦਰਸਾ ਲਿਆ ਤੇ ਫਿਰ ਕੁਟਲ-ਕਟਾਖਸ਼ ਦੀ ਭਰੀ ਹੋਈ ਅਗਲੀ ਚੌਪਈ:-

ਭਏ ਸ੍ਵਾਰ ਤਬ ਦੀਨ ਦਯਾਲਾ। ਸੰਗਤਿ ਹਰਖ ਗਯੋ ਦੁਖੁ ਜਾਲਾ।

ਚਲਤ ਚਾਲ ਘੋਰੀ ਛਬ ਪਾਵੈ। ਤਾ ਕੀ ਉਪਮਾ ਕਹੀ ਨ ਜਾਵੈ॥ 260॥

ਪਦ ਅਰਥ:-ਦੀਨ … =ਗ਼ਰੀਬਾਂ ਤੇ ਦਇਆ ਕਰਨ ਵਾਲੇ। ਸੰਗਤਿ. . =ਸੰਗਤਿ ਖ਼ੁਸ਼ ਹੋ ਗਈ ਤੇ ਸਾਰਾ ਦੁੱਖ ਦੂਰ ਹੋ ਗਿਆ। ਛਬਿ. . =ਸੋਭਾ ਪਾਉਂਦੀ ਹੈ। ਸਤਿਗੁਰੂ ਜੀ ਨਹੀਂ ਸਗੋਂ ਘੋੜੀ ਦੀ ਉਪਮਾ? ਤੇ ਹੁਣ ਮਾਇਆ-ਨਾਗਨੀ-ਰੂਪ ਚੜ੍ਹਤ ਚੜਾਵੈ ਦੀ ਸੰਭਾਲ ਦਾ ਉਚੇਚੇ ਤੌਰ ਤੇ ਵਰਣਨ-ਢੰਗ:-

ਭੇਟ ਦਰਬ ਭਾਈ ਇਕਠਾਈ। ਸ੍ਰੀ ਗੁਰ ਕੇ ਸੰਗਿ ਲਾਦ ਚਲਾਈ।

ਸਾਹਿਬ ਬੁੱਢਾ ਸਾਥਿ ਪਧਾਰੇ। ਪਦਨੀਰਜ ਗੁਰ ਦਿਖਿ ਹਰਖਾਰੇ॥ 261॥

ਪਦ ਅਰਥ:-ਇਕਠਾਈ=ਸਿਕੱਠੀ ਕਰਕੇ (ਗਠੜੀ ਵਿੱਚ ਬੰਨ੍ਹ ਲਈ)। ਲਾਦਿ=ਹੀ ਲਦ ਕੇ। (ਮਾਇਆ ਦੀ ਗੰਢ ਸਤਿਗੁਰੂ ਜੀ ਨੇ ਆਣੇ ਨਾਲ ਘੋੜੀ ਤੇ ਦੀ ਲਦਵਾ ਲਈ?)। ਪਦਨੀਰਜ=ਕੰਵਲ ਵਰਗੇ ਚਰਨ।

ਮਹੁਰੇ ਵਿੱਚ ਲਪੇਟੀ ਵਿਅੰਗ ਭਰੀ ਕਟਾਖ਼ਸ਼ ਦੇ ਦੋ ਰੂਪ:-

(ੳ) - ਗੁਰੂ ਦਰਬਾਰ ਵਿੱਚ ਮਾਇਕ ਪਦਾਰਥਾਂ ਦੀ ਭੇਟਾ ਨੂੰ, ਅਥਵਾ ਦਾਨ ਪੁੰਨ ਦੇ ਬ੍ਰਾਹਮਣੀ ਰਿਵਾਜ ਨੂੰ ਸਤਿਗੁਰਾਂ ਨੇ ਨਿਸਫ਼ਲ ਦਸਿਆ - “ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ॥ 4 ॥” ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਹਿਲੇ ਸਰੂਪ ਤੋਂ ਹੀ ਹੁਕਮ ਮੰਨਣ ਦਾ, ਅਥਵਾ, ਗੁਰਮਤਿ ਅਨੁਸਾਰ ਜੀਵਨ ਬਣਾਉਣ ਦਾ ਪ੍ਰਣ ਕਰਨਾ ਅਥਵਾ ਸਿਖਿਆ-ਰੂਪੀ ਨਾਮ-ਅੰਮ੍ਰਿਤ ਦੁਆਰਾ ਜੀਵਨ ਜੁਗਤ ਸੁਆਰ ਲੈਣ ਦਾ ਬਚਨ ਕਰਨਾ ਹੀ, ਸਚੀ ਭੇਟਾ ਮਿਥ ਦਿੱਤੀ ਹੋਈ ਸੀ:-

38- ਤੁਧਨੋ ਨਿਵਣੁ ਮੰਨਣੁ ਤੇਰਾ ਨਾਉ॥ ਸਾਚੁ ਭੇਟ ਬੈਸਣ ਕਉ ਥਾਉ॥

ਸਤੁ ਸੰਤੋਖੁ ਹੋਵੈ ਅਰਦਾਸਿ॥ ਤਾ ਸੁਣਿ ਸਦਿ ਬਹਾਲੇ ਪਾਸਿ॥ 1 ॥ {ਰਾਮਕਲੀ ਮਹਲਾ 1॥ 878} -8

ਅਰਥ:-ਤੇਰੇ ਹੁਕਮ ਵਿੱਚ ਰਹਿਣ (ਦਾ ਬਚਨ ਹੀ, ਜੀਵਨ ਜੁਗਤ ਸੁਆਰਨ ਦਾ ਦ੍ਰਿੜ ਸੰਕਲਪ- “ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ” ਹੀ) ਤੇਰੇ ਅੱਗੇ ਸਿਰ ਨਿਵਾਉਂਣਾ ਹੈ। ਏਹੀ ਹੈ ਕਬੂਲ ਹੋਣ ਵਾਲੀ ਸਚੀ ਭੇਟਾ, (ਜਿਸ ਦੀ ਬਦੌਲਤ ਉਸ ਦੀ ਹਜ਼ੂਰੀ ਵਿਚ) ਬੈਠਣ ਨੂੰ ਥਾਂ ਮਿਲਦੀ ਹੈ। (ਪਰ) ਜਦੋਂ ਮਨੁੱਖ ਸੰਤੋਖ ਧਾਰਦਾ ਹੈ (ਲੋੜਵੰਦਾ ਦੀ) ਸੇਵਾ ਕਰਦਾ ਹੈ, (ਇਸ ਜੀਵਨ-ਮਰਯਾਦਾ ਵਿੱਚ ਰਹਿ ਕੇ ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦਾ ਹੈ। 1.

39- ਮਃ 3॥ ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ॥ ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ॥ ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ॥ ਜੋਗੀ ਜੰਗਮ ਸੰਨਿਆਸੀ ਭੁਲੇ ਓਨਾੑ ਅਹੰਕਾਰੁ ਬਹੁ ਗਰਬੁ ਵਧਾਇਆ॥ ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ॥ ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ॥ ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ॥ 2 {513} -12

ਅਰਥ:- (ਸਾਰੇ ਜੀਵ, ਕੀ ਵਿਦਵਾਨ ਤੇ ਕੀ ਤਿਆਗੀ) ਤ੍ਰੈਗੁਣੀ ਮਾਇਆ ਵੇਖ ਕੇ (ਜੀਵਨ ਦੇ ਸਹੀ ਰਸਤੇ ਤੋਂ) ਖੁੰਝ ਕੇ ਉਵੇਂ ਹੀ) ਦੁਖੀ ਹੋ ਰਹੇ ਹਨ) ਜਿਵੇਂ ਭੰਬਟ (ਦੀਵੇ ਨੂੰ) ਵੇਖ ਕੇ ਉਸ ਦੀਵੇ ਉਤੇ ਸੜ ਰਹੇ ਹੁੰਦੇ ਹਨ। ਪੰਡਿਤ ਉਂਞ ਤਾਂ ਹੋਰਨਾਂ ਨੂੰ ਕਥਾ ਸੁਣਾ ਰਹੇ ਹੁੰਦੇ ਹਨ, ਪਰ) ਮੁੜ ਮੁੜ ਖੁੰਝ ਕੇ, ਮਾਇਆ ਵੱਲ ਹੀ ਤੱਕਦੇ ਹਨ, ਕਿ ਵੇਖੀਏ ਕਿਸੇ ਨੇ ਕੁੱਝ ਭੇਟਾ ਰੱਖੀ ਹੈ (ਜਾਂ ਨਹੀਂ)। ਸੋ ਮਾਇਆ ਦੇ ਪਿਆਰ ਵਿੱਚ (ਅਸਲ ਵਿੱਚ ਉਹ) ਸਦਾ ਮਾਇਆ ਦਾ (ਪਾਠ ਹੀ) ਪੜ੍ਹਦੇ ਹਨ। ਪਰਮਾਤਮਾ ਦੇ ਨਾਮ ਵਲੋਂ ਖੁੰਝੇ ਰਹਿੰਦੇ ਹਨ। (ਸਤਿਗੁਰੂ ਜੀ ਦੇ ਇਨ੍ਹਾਂ ਬਚਨਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ, ਸਤਿਗੁਰੂ ਜੀ ਦੇ ਹਜ਼ੂਰ ਮਾਇਕ ਪਦਾਰਥ ਭੇਟਾ ਨਹੀਂ ਸਨ ਹੋਇਆ ਕਰਦੇ) ਜੋਗੀ, ਜੰਗਮ ਸੰਨਿਆਸੀ (ਆਪਣੇ ਵਲੋਂ ਤਿਆਗੀ ਬਣੇ ਹੁੰਦੇ ਹਨ ਪਰ ਇਹ ਵੀ ਜੀਵਨ ਦੇ ਅਸਲ ਰਸਤੇ ਤੋਂ) ਖੁੰਝੇ ਹੋਏ ਹਨ (ਕਿਉਂਕਿ ਇੱਕ ਤਾਂ ਆਪਣੇ ‘ਤਿਆਗ’ ਦੇ) ਮਾਣ ਨੇ ਇਨ੍ਹਾਂ ਦਾ ਅਹੰਕਾਰ ਵਧਾਇਆ ਹੋਇਆ ਹੁੰਦਾ ਹੈ, (ਦੂਜੇ, ਗ੍ਰਿਹਸਤੀਆਂ ਪਾਸੋਂ ਆਦਰ ਸ਼ਰਧਾ ਨਾਲ ਮਿਲਿਆ ਕੱਪੜਾ, ਭੋਜਨ-ਰੂਪ ਭਿਛਿਆ ਨਹੀਂ ਲੈਂਦੇ (ਭਾਵ, ਥੋੜੀ ਚੀਜ ਮਿਲਣ ਤੇ ਉਨ੍ਹਾਂ ਨੂੰ ਘੂਰਦੇ ਹਨ, ਸੋ ਇਨ੍ਹਾਂ ਵੀ) ਮਨ ਦੇ ਹਠ ਨਾਲ (ਇਸ ਧਾਰੇ ਹੋਏ ਤਿਆਗ ਦੇ ਕਾਰਣ) ਆਪਣੀ ਜ਼ਿੰਦਗੀ ਅਜਾਈਂ ਗਵਾਈ ਹੈ।

ਇਨ੍ਹਾਂ ਸਾਰਿਆਂ ਵਿਚੋਂ ਉਹ ਮਨੁੱਖ ਪੂਰਨ ਅਵਸਥਾ ਵਾਲਾ ਹੈ ਜਿਸ ਨੇ ਸਨਮੁਖ ਹੋ ਕੇ ਪ੍ਰਭੂ-ਨਾਮ ਦਾ ਸਿਮਰਨ ਕੀਤਾ ਹੈ। ਪਰ ਹੇ ਨਾਨਕ! (ਇਸ ਤ੍ਰੈਗੁਣੀ ਮਾਇਆ ਦੇ ਹੱਥੋਂ) ਹੋਰ ਕਿਸ ਅੱਗੇ ਪੁਕਾਰ ਕਰੀਏ? ਸਾਰੇ ਤਾਂ ਪ੍ਰਭੂ ਦੇ ਪ੍ਰੇਰੇ ਹੋਏ ਹੀ ਕਾਰ ਕਰ ਰਹੇ ਹਨ, (ਸੋ ਇਸ ਮਾਇਆ ਦੇ ਮੋਹ ਤੋਂ ਬਚਨ ਲਈ ਪ੍ਰਭੂ ਅੱਗੇ ਕੀਤੀ ਅਰਦਾਸ ਹੀ ਸਹੈਤਾ ਕਰਦੀ ਹੈ। 2.

ਮਾਇਆ ਦੇ ਮੋਹ ਤੋਂ ਖ਼ਲਾਸੀ ਪਾਉਣ ਦਾ ਰਾਹ ਦੱਸ ਕੇ, ਮਨੁੱਖ ਨੂੰ ਪ੍ਰਭੂ ਦੀ ਨੇੜਤਾ ਜੋਗਾ ਬਣਾ ਰਹੇ, ਸਤਿਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਸਤਿਗੁਰੂ, ਅਮਰਦਾਸ ਜੀ ਦੇ ਅਜੇਹੇ ਹੋਰ ਕਈ ਗੁਰੂ ਸ਼ਬਦਾਂ ਵਿਚੋਂ ਕੇਵਲ ਵੰਨਗੀ ਵਜੋਂ ਹੀ ਉਪਰੋਕਤ ਗੁਰੂ-ਸ਼ਬਦ ਹੀ, ਬ੍ਰਹਮ-ਗਿਆਨ ਦੇ ਚਾਨਣ-ਮੁਨਾਰੇ, ਸਤਿਗੁਰੂ ਅਮਰਦਾਸ ਜੀ ਦੀ ਲਾਸਾਨੀ ਸ਼ਖ਼ਸ਼ੀਅਤ ਦਾ ਪ੍ਰਗਟ ਰੂਪ ਸਮਝਾਉਂਣ ਲਈ ਕਾਫ਼ੀ ਹਨ। ਚੜ੍ਹਤ ਚੜ੍ਹਾਵੇ ਦੀ ਮਾਇਆ ਸਾਂਭ ਸੰਭਾਲ ਕੇ ਆਪਣੇ ਕੋਲ ਉਸੇ ਹੀ ਘੋੜੀ ਤੇ ਲੱਦੀ ਦਰਸਾ ਕੇ, ਲਿਖਾਰੀ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਨਾਮਣੇ ਨਾਲ ਬੜਾ ਘਟੀਆ ਮਖ਼ੌਲ ਕੀਤਾ ਹੈ। ਗੁਰਿਆਈ ਦੇ ਭਾਈਵਾਲ ਸਮਝੇ ਜਾਣ ਦੀ ਇਛਿਆ ਨਾਲ “ਗੁਰੂ ਪੰਥ” ਅਖਵਾ ਰਹੇ ਅਸੀਂ ਵਾਸਤਵ ਵਿੱਚ ਕੀ ਹਾਂ, ਜਿਨ੍ਹਾਂ ਦੇ ਕਥਿਤ ਸਰਬਉੱਚ (ਸਰਬ-ਉੱਚ ਕੇਵਲ ਸਤਿਗੁਰੂ ਪਰਮੇਸ਼ਰ ਜੀ ਹੀ ਹਨ ਹੋਰ ਕਿਸੇ ਵੀ ਪਦਵੀ ਨੂੰ ਸਰਬ ਉੱਚ ਕਹਿਣਾ ਸਤਿਗੁਰਾਂ ਨੂੰ ਬੇਦਾਵਾ ਲਿਖ ਫੜਾਉਣ ਵਾਲੀ ਭੁੱਲ ਹੈ) ਜਥੇਦਾਰ ਸਾਹਿਬਾਨ ਇਸ ਕੁਫ਼ਰ ਨੂੰ ਸੱਚਾ ਗੁਰੂ ਇਤਿਹਾਸ ਮੰਨ ਕੇ ਪੰਥ ਲਈ ਸੁਗ਼ਾਤ ਮੰਨ ਲਿਆ?

(ਅ) ਪਹਿਲਾਂ ਗੁਰੂ ਸਾਹਿਬ ਨੂੰ ਵਿਕਾਰਾਂ ਦੇ ਝੱਖੜ ਤੋਂ ਡਰਦੇ ਲੁਕੇ ਦਰਸਾ ਕੇ ਬਾਬਾ ਬੁੱਢਾ ਜੀ ਨੂੰ ਉਪਦੇਸ਼ ਦਾਤਾ ਦਰਸਾ ਲਿਆ, ਤੇ ਹੁਣ ਉਹੀ ਸਿਖਿਆ ਦਾਤਾ, ਉਪ੍ਰੋਕਤ 261 ਨੰਬਰ ਚੌਪਈ ਵਿੱਚ ਆਪਣੇ (ਸਤਗੁਰੂ-ਰੂਪ) “ਸ਼ਿੱਸ਼” ਦੇ ਚਰਨ-ਕੰਵਲਾਂ ਤੋਂ ਬਲਿਹਾਰੇ ਜਾਂਦਾ ਦਰਸਾ ਦਿੱਤਾ? ਨਵੇਂ ਤੋਂ ਨਵਾਂ ਵਿਅੰਗ?

ਸਾਨੂੰ ਸਦੀਵੀ ਉਲੂ ਬਣਾਈ ਰੱਖਣ ਲਈ, (ਓਪਰੀ ਨਜ਼ਰ ਨਾਲ ਵੇਖਣ ਨੂੰ) ਮਿੱਠੇ ਦੀ ਬੜੀ ਗਾਹੜੀ ਚਾਸ਼ਨੀ ਵਿੱਚ ਡੋਬਿਆ ਸੰਖੀਆ? {ਦਾਸ ਦੇ ਇਨ੍ਹਾਂ ਬਚਨਾਂ ਦੀ ਅਸਲੀਅਤ ਸਮਝਣ ਲਈ ਆਪਣਾ ਧਿਆਨ ਜ਼ਰਾ 248-249 ਆਦਿ, ਚੌਪਈਆਂ ਵਲ ਖੜੋ। ਕਲਿਜੁਗੀ ਵਿਕਾਰਾਂ ਤੋਂ ਡਰ ਕੇ ਲੁਕਿਆਂ ਨੂੰ ਲੱਭਿਆਂ ਤੇ ਬੰਦ ਕੋਠੇ ਵਿਚੋਂ ਕੱਢ ਕੇ ਲਿਆਏ, ਸਿਖਿਆ ਦਾਤੇ ਕਿਵੇਂ ਨਾ ਬਾਬਾ ਜੀ ਨੂੰ ਮੰਨਿਆ ਜਾਵੇ?} --

ਸਿੱਖ ਸੰਗਤਿ ਆਵਤ ਤਬ ਐਸੇ। ਅਨੰਦ ਦਧਿ ਉਛਰੈ ਜਨ ਜੈਸੇ।

ਇਹ ਬਿਧਿ ਦੀਨਾਨਾਥ ਸੁਆਮੀ। ਗੋਇੰਦਵਾਲ ਪਹੰਚੇ ਸੁਖਧਾਮੀ॥ 262॥

{ਅਨੰਦ … … ਜੈਸੇ=ਜਾਣੇ, ਜਿਸ ਤਰ੍ਹਾਂ ਅਨੰਦ ਸਹਿਤ ਸਮੁੰਦ੍ਰ ਉਛਾਲੇ ਮਾਰਦਾ ਹੈ ਉਸ ਪ੍ਰਕਾਰ ਖ਼ੁਸ਼ੀ ਨਾਲ ਸੰਗਤਾਂ ਦਾ ਹੜ ਉਮਡ ਆਇਆ?

ਸਤਿਗੁਰੂ ਜੀ ਨੂੰ ਲੱਤ ਮਾਰ ਕੇ ਗੁਰਿਆਈ ਦੇ ਤਖ਼ਤ ਤੋਂ ਭੁੰਜੇ ਸੁਟੇ ਜਾਣ ਸਮੇਂ ਤੋਂ ਲੈ ਕੇ, ਪੂਸ਼ੂ-ਪਾਲਕਾਂ ਦੇ ਕੋਠੇ ਵਿੱਚ ਲੁਕ ਬੈਠਣ ਦੇ ਸਮੇਂ ਤੋਂ ਢੇਰ ਚਿਰ ਬਾਅਦ ਤੱਕ, ਅਭਿੱਜ ਅਤੇ ਅਵੇਸਲੀ ਰੋਹਣ ਵਾਲੀ ਇਹ ਅਲੋਕਾਰ ਸੰਗਤ, ਹੁਣ ਖ਼ੁਸ਼ੀਆਂ ਵਿੱਚ ਮਤਵਾਲੇ ਹੋਈ ਏਡੇ ਵਿਸ਼ਾਲ ਸਾਗਰ ਦਾ ਰੂਪ ਕਿਵੇਂ ਧਾਰ ਬੈਠੀ? ਇਸ ਅਦਭੁਤ ਕਲਾਬਾਜ਼ੀ ਤੋਂ, ਲਿਖਾਰੀ ਦਾ ਅਸਲ ਮੰਤਵ ਕੀ ਹੋਇਆ ਜੀ?

ਦੋਹਰਾ॥ ਸਭ ਕੀ ਬਿਨਤਿ ਨਿਹਾਰਿ ਕੈ ਸ੍ਰੀ ਗੁਰ ਅਤਿ ਸੁਖੁ ਪਾਇ। ਗੁਰਯਾਈ ਤਖ਼ਤਿ ਬੈਠਤ ਭਏ ਸ੍ਰੀ ਗੁਰ ਪਾਦ ਮਨਾਏ॥ 263॥

ਭੁਮਿ ਅਕਾਸ ਜੈ ਜੈ ਭਯੋ ਸ੍ਰੀ ਗੁਰ ਤਖ਼ਤ ਬਿਰਾਜ। ਬਾਜੇ ਤਬ ਮੰਗਲ ਬਜੇ ਗਈ ਚਿੰਤ ਸਭ ਭਾਜ॥ 264॥

ਨਿਹਾਰ ਕੇ=ਵੇਖ ਕੇ। ਗੁਰ ਪਾਦ=ਗੁਰ ਚਰਨਾਂ ਨੂੰ ਅਰਾਧ ਕੇ। (ਗੁਰੂ ਨਾਨਕ ਜੀ ਦੇ ਕਿ, ਜਾਂ ਗੁਰੂ ਅੰਗਦ ਦੇਵ ਜੀ ਦੇ ਚਰਨ-ਕੰਵਲਾਂ ਦੀ ਅਰਾਧਨਾ? ਲਿਖਾਰੀ ਸਤਿਗੁਰੂ ਜੀ ਨੂੰ ਸਿਰਜਣਹਾਰ ਦਾ ਧੰਨਵਾਦ ਕਰਦੇ ਕਿਸ ਯੋਜਨਾ ਅਧੀਨ ਨਹੀਂ ਦਰਸਾ ਰਿਹਾ? ਕੌਣ ਖੋਹਲੇ ਲਿਖਾਰੀ ਦੀਆਂ ਇਨ੍ਹਾਂ ਘੁੰਡੀਆਂ ਦਾ ਭੇਤ? । 263. (ੳ) ਭੂਮਿ ਅਕਾਸ=ਧਰਤੀ ਆਕਾਸ਼। ਮੰਗਲ=ਖ਼ੁਸ਼ੀਆਂ ਦੇ ਵਾਜ ਵਜ ਗਏ? (ਅ) ਚਿੰਤ ਸਭ ਭਾਜ=ਸਾਰ ਚਿੰਤਾ ਦੌੜ ਗਈ ਭਾਵ ਚਿੰਤਾ ਖ਼ਤਮ ਹੋ ਗਈ।

ਸਨਮਾਨ ਜੋਗ ਸੰਪਾਦਕ ਸਾਹਿਬਾਨ ਤੋਂ ਬਿਨਾ ਇਹ ਸ਼ੰਕਾ ਕੌਣ ਨਿਵਿਰਤ ਕਰੇ? :-

(ੳ) (ਸਵੈ ਇਛਿਆ ਨਾਲ ਲੁਕ ਬੈਠੇ ਸਤਿਗੁਰੂ ਜੀ ਮੁੜ ਆਪਣੇ ਤਖ਼ਤ ਤੇ ਆ ਬੈਠਣ ਨਾਲ ਸਤਿਗੁਰੂ ਜੀ ਲਈ ਅਨੰਦ ਤੇ ਖ਼ੁਸ਼ੀਆਂ ਨਾਲ ਧਰਤੀ ਤੇ ਆਕਾਸ਼ ਝੂਮ ਉਠਿਆਂ? ਇਸ ਤੋਂ ਵਡਾ ਮਖ਼ੌਲ ਵੀ ਗੁਰਦੇਵ ਜੀ ਦੇ ਪਾਵਨ ਸਰੂਪ ਨਾਲ ਕੀਤਾ ਜਾ ਸਕਦਾ ਹੈ? ਪਰ ਸੁਤਾ ਮਰਿਆ ਇੱਕ ਬਰਾਬਰ? ਜਿਸ ਖ਼ਾਲਸਾ ਜੀ ਦੇ ਕਥਿਤ ਸਰਬਉੱਚ ਜਥੇਦਾਰ ਜੀ ਨੂੰ ਲਿਖਾਰੀ ਦੀ ਇਹ ਕਮੀਨਆਂ ਵਾਲੀ ਟਿੱਚਰ ਨਜ਼ਰ ਨਹੀਂ ਆਈ, ਅਗਿਆਨਤਾ ਦੀ ਅਥਵਾ ਮਾਇਆ-ਮੋਹ ਦੀ ਨੀੰਦ ਵਿੱਚ ਸੁੱਤੇ ਘੁਰਾੜ ਮਾਰ ਰਹੇ ਇਸ ਦੂਲੇ ਪੰਥ ਨੇ ਇਸ ਪੱਖ ਵਲ ਕੀ ਵਿਚਾਰਨਾ ਸੀ ਭਾਵੇ, ਗੁਰਮਤਿ ਵਿਰੋਧੀ ਇਹ ਪੁਸਤਕ 1944 ਤੋਂ ਵੀ ਪਹਿਲਾਂ ਦੀ ਰਾਗੀਆਂ ਢਾਡੀਆਂ ਪਰਚਾਰਕਾ ਦੀ ਖੱਟੀ ਦਾ ਸਾਧਨ ਬਣੀ, ਗੁਰੂਦਰਬਾਰਾਂ ਵਿੱਚ ਰੌਣਕਾਂ ਲਾ ਰਹੀ ਹੈ। ਕੀ ਲ਼ਿਖਾਰੀ ਦੀ ਪ੍ਰੋੜਤਾ ਕਰਨ ਵਾਲੇ ਇਨ੍ਹਾਂ 14 ਹੀ ਰਤਨਾਂ ਦਾ ਇਹ ਭਾਵ ਹੈ ਕਿ, ਏਡੀ ਹੋਛੀ ਅਤੇ ਹਾਸੋਹੀਣੀ ਕਰਤੂਤ ਦਰਸਾਉਣ ਤੋਂ ਉਪ੍ਰੰਤ ਸਤਿਗੁਰੂ ਜੀ ਨੂੰ ਖ਼ੁਸ਼ੀਆਂ ਤੇ ਅਨੰਦ ਮਾਣਦੇ ਦਰਸਾਉਣ ਵਾਲਾ ਇਹ ਲਿਖਾਰੀ ਸਤਿਗੁਰਾਂ ਨੂੰ ਆਪਣੇ ਹੀ ਇਨ੍ਹਾਂ ਬਚਨਾ ਦੇ-- “ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ॥” ਅਥਵਾ “ਹਰਖ ਸੋਗ ਦੁਹਹੂੰ ਤੇ ਮੁਕਤੇ॥ ਸਦਾ ਅਲਿਪਤੁ ਜੋਗ ਅਰੁ ਜੁਗਤੇ॥” ਉਲਟ ਵਿਹਾਰ ਕਰਦੇ ਨਹੀਂ ਦਰਸਾ ਰਿਹਾ? ਭਾਵ, ਕੀ ਇਹ ਕੁਟਲ ਲਿਖਾਰੀ ਸਤਿਗੁਰੂ ਸਾਹਿਬਾਨ ਦੇ ਮੱਥੇ ਇਹ ਦੋਸ਼ ਨਿਰੰਤਰ ਨਹੀਂ ਮੜ੍ਹੀ ਜਾ ਰਿਹਾ-

- “ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥”

(ਅ) ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥” ਵਾਲੀ ਅਵਸਥਾ ਦੇ ਮਾਲਕ ਸਤਿਗੁਰੂ ਜੀ ਦੇ ਕੋਲ ਇਹ ਚਿੰਤਾ ਆਈ ਕਿੱਥੋਂ ਸੀ ਜੋ ਲਿਖਾਰੀ ਨੇ ਭੱਜ ਗਈ ਦਰਸਾਈ ਹੈ ਜੀ? ਹੇ ਵੇਦਾਂਤੀ ਸਾਹਿਬ ਜੀਓ! ਕੀ, ਆਪ ਜੀ ਵਲੋਂ ਇਹ ਹੁਕਮ ਹੋ ਰਿਹਾ ਹੈ ਕਿ, ਲਿਖਾਰੀ ਦੀ ਹਰ ਗਲ ਪਾਠਕਾਂ ਲਈ ‘ਹੁਕਮਾਉ’ ਹੀ ਹੈ। ਅੱਗੇ ਫਿਰ ਸਤਿਗੁਰਾਂ ਤੋਂ ਮਨ ਇਛੇ ਵਰ ਪਾਉਣ ਵਾਲੀ ਗੁਰਮਤਿ ਵਿਰੋਧੀ ਗਲ? ਸਤਿਗੁਰੂ ਜੀ ਨਿਆਰੇ ਗਿਆਨ ਦੀ ਬਰਖਾ ਵਰਸਾ ਰਹੇ ਹਨ, ਵਰਾਂ ਸਰਾਪਾਂ ਨਾਲ ਉਨ੍ਹਾਂ ਦਾ ਕੀ ਵਾਸਤਾ? ਲਿਖਾਰ ਦਾ ਫ਼ੁਰਮਾਨ- ਚੌਪਈ॥ ਮਨਇੱਛਤ ਬਰੁ ਗੁਰ ਤੇ ਪਾਈ। ਬਿਦਾ ਭਈ ਸੰਗਤਿ ਗੁਨ ਗਾਈ।

ਬੁਢਾ ਜੀ ਗੁਰ ਆਗਿਆ ਪਾਏ। ਰਮਦਾਸ ਓਰ ਤਬ ਪਯਾਨ ਕਰਾਏ॥ 265॥

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.