.

ੴਸਤਿਗੁਰਪ੍ਰਸਾਦਿ॥
ਪਾਪ ਕੀ ਜੰਞ (ਕਿਸ਼ਤ ਬੱਤੀਵੀਂ)
(ਕਾਨਪੁਰ, ਨਵੰਬਰ 2-1984)

ਰਾਤ ਅੱਜ ਵੀ ਤਕਰੀਬਨ ਕੱਲ ਵਾਂਗ ਹੀ ਬੀਤੀ। ਬਲਦੇਵ ਸਿੰਘ ਤਾਂ ਤਕਰੀਬਨ ਸਾਰੀ ਰਾਤ ਹੀ ਜਾਗ ਕੇ ਕਿਤਾਬ ਪੜ੍ਹਦਾ ਰਿਹਾ। ਵਿੱਚੋਂ ਇੱਕ ਦੋ ਵਾਰੀ ਊਂਘ ਜਿਹੀ ਆ ਗਈ ਪਰ ਉਹ ਫੇਰ ਫੌਰਨ ਸੁਚੇਤ ਹੋ ਕੇ ਬੈਠ ਜਾਂਦਾ। ਜਦੋਂ ਕਿਤੇ ਕੋਈ ਸ਼ੋਰ ਸੁਣਾਈ ਦੇਂਦਾ ਤਾਂ ਵਧੇਰੇ ਚੇਤੰਨ ਹੋ ਜਾਂਦਾ। ਗੁਰਮੀਤ ਕੌਰ ਲੇਟੀ ਤਾਂ ਭਾਵੇਂ ਰਹੀ ਪਰ ਨੀਂਦ ਉਸ ਨੂੰ ਵੀ ਘੱਟ ਹੀ ਆਈ। ਇਤਨੀ ਚਿੰਤਾ ਅਤੇ ਖਿਚਾਵ ਵਿੱਚ ਨੀਂਦ ਕਾਹਦੀ ਆਉਣੀ ਸੀ। ਭਾਵੇਂ ਵਿੱਚੋਂ ਛੋਟੀਆਂ-ਛੋਟੀਆਂ ਝਪਕੀਆਂ ਲੱਗ ਜਾਂਦੀਆਂ ਪਰ ਫੇਰ ਛੇਤੀ ਹੀ ਜਾਗ ਆ ਜਾਂਦੀ। ਇਥੇ ਦਾ ਡਰ ਤਾਂ ਅਲੱਗ ਸੀ, ਬਾਰ-ਬਾਰ ਧਿਆਨ ਹਰਮੀਤ ਵੱਲ ਚਲਾ ਜਾਂਦਾ। ਭਾਵੇਂ ਪਤੀ ਦੇ ਸਮਝਾਉਣ ਨਾਲ ਉਸ ਨੇ ਆਪਣੇ ਆਪ ਨੂੰ ਕਾਫੀ ਸੰਭਾਲ ਲਿਆ ਸੀ ਪਰ ਮਾਂ ਦਾ ਦਿਲ ਹੈ, ਪੁੱਤਰ ਨੂੰ ਇੰਝ ਵਿਸਾਰ ਥੋੜ੍ਹਾ ਸਕਦਾ ਹੈ? ਇਕੱਲੇ-ਪਨ ਵਿੱਚ ਲੇਟੇ ਹੋਏ ਧਿਆਨ ਉਧਰ ਵਧੇਰੇ ਜਾਂਦਾ ਤੇ ਉਹ ਅਕਾਲ-ਪੁਰਖ ਅਗੇ ਉਸ ਦੀ ਸਲਾਮਤੀ ਵਾਸਤੇ ਅਰਦਾਸਾਂ ਕਰਨ ਲਗਦੀ।
ਬਲਦੇਵ ਸਿੰਘ ਨੇ ਘੜੀ ਵੱਲ ਵੇਖਿਆ, ਅੰਮ੍ਰਿਤਵੇਲਾ ਹੋਣ ਵਾਲਾ ਸੀ। ਪਹਿਲਾਂ ਉਸ ਦਾ ਮਨ ਕੀਤਾ ਕਿ ਗੁਰਮੀਤ ਕੌਰ ਨੂੰ ਉਠਾ ਕੇ ਉਹ ਆਪ ਥੋੜ੍ਹੀ ਦੇਰ ਲੇਟ ਜਾਵੇ ਪਰ ਫੇਰ ਸੋਚਿਆ ਦੋ ਦਿਨ ਦਾ ਉਨੀਂਦਰਾ ਹੈ ਕਿਤੇ ਬਹੁਤੀ ਡੂੰਘੀ ਨੀਂਦ ਹੀ ਨਾ ਆ ਜਾਵੇ ਤੇ ਬਹੁਤੀ ਦੇਰ ਹੋ ਜਾਵੇ। ਹਥਲੀ ਕਿਤਾਬ ਮੁੱਕ ਚੁੱਕੀ ਸੀ, ਉਸ ਨੂੰ ਪਾਸੇ ਰੱਖ ਕੇ ਉਹ ਟਹਿਲਣ ਲੱਗ ਪਿਆ ਤੇ ਉਸ ਦਾ ਧਿਆਨ ਵੀ ਹਰਮੀਤ ਵੱਲ ਚਲਾ ਗਿਆ, ਦੋ ਦਿਨ ਬੀਤ ਗਏ ਸਨ ਉਸ ਦਾ ਕੋਈ ਸੁੱਖ ਸੁਨੇਹਾ ਨਹੀਂ ਸੀ ਆਇਆ। ਉਸ ਦੇ ਬਾਰੇ ਫਿਕਰਮੰਦ ਤਾਂ ਉਹ ਵੀ ਬਹੁਤ ਸੀ ਪਰ ਜਾਣ ਕੇ ਗੁਰਮੀਤ ਕੌਰ ਨਾਲ ਗੱਲ ਸਾਂਝੀ ਨਹੀਂ ਸੀ ਕਰਦਾ ਕਿ ਉਹ ਵਧੇਰੇ ਘਬਰਾ ਜਾਵੇਗੀ ਪਰ ਉਸ ਦਾ ਮਨ ਵੀ ਹਰ ਵੇਲੇ ਅਕਾਲ-ਪੁਰਖ ਦੇ ਚਰਨਾਂ ਵਿੱਚ ਉਸ ਦੀ ਚੜ੍ਹਦੀਕਲਾ ਵਾਸਤੇ ਅਰਦਾਸਾਂ ਕਰ ਰਿਹਾ ਸੀ।
ਥੋੜ੍ਹੀ ਦੇਰ ਟਹਿਲਣ ਤੋਂ ਬਾਅਦ ਉਸ ਨੇ ਮਨ ਬਣਾਇਆ ਕਿ ਹੁਣ ਸਮਾਂ ਅਜਾਈਂ ਕਰਨ ਦੀ ਬਜਾਏ ਇਸ਼ਨਾਨ ਕਰ ਲੈਣਾ ਚਾਹੀਦਾ ਹੈ, ਗੁਸਲਖਾਨੇ ਵੱਲ ਜਾਣ ਲੱਗੇ ਧਿਆਨ ਆਇਆ ਕਿ ਅਜੇ ਵੀ ਇੰਝ ਘਰ ਛੱਡ ਕੇ ਨਹੀਂ ਜਾਣਾ ਚਾਹੀਦਾ, ਕਿਸੇ ਨਾ ਕਿਸੇ ਦਾ ਬਾਹਰ ਵਲੋਂ ਸੁਚੇਤ ਰਹਿਣਾ ਜ਼ਰੂਰੀ ਹੈ। ਗੁਰਮੀਤ ਕੌਰ ਨੂੰ ਉਠਾਉਣ ਵਾਸਤੇ ਅੱਗੇ ਹੋਇਆ ਤਾਂ ਉਹ ਡੂੰਘੀ ਨੀਂਦ ਵਿੱਚ ਜਾਪੀ। ਉਸ ਨੂੰ ਪਤਾ ਸੀ ਕਿ ਉਹ ਵੀ ਰਾਤੀਂ ਪਾਸੇ ਹੀ ਪਰਤਦੀ ਰਹੀ ਸੀ, ਇੱਕ ਦੋ ਵਾਰੀ ਤਾਂ ਉਠ ਕੇ ਉਸ ਨੂੰ ਬੈਠੇ ਵੀ ਵੇਖ ਗਈ ਸੀ। ਸੋ ਉਸ ਨੇ ਇਰਾਦਾ ਬਦਲ ਦਿੱਤਾ ਅਤੇ ਵਿਚਾਰ ਬਣਾਇਆ ਕਿ ਬਾਥਰੂਮ ਵਗੈਰਾ ਹੋ ਕੇ ਥੋੜ੍ਹੀ ਦੇਰ ਇੰਤਜ਼ਾਰ ਕਰੇਗਾ ਅਤੇ ਗੁਰਮੀਤ ਕੌਰ ਦੇ ਉਠਣ ਤੇ ਹੀ ਇਸ਼ਨਾਨ ਕਰਨ ਜਾਵੇਗਾ। ਬਾਥਰੂਮ ਦਾ ਦਰਵਾਜ਼ਾ ਬੜੀ ਪੋਲੀ ਜਿਹੀ ਖੋਲ੍ਹਿਆ ਪਰ ਫੇਰ ਵੀ ਥੋੜ੍ਹੀ ਜਿਹੀ ਚੀਂ-ਚੀਂ ਦੀ ਅਵਾਜ਼ ਨਿਕਲ ਪਈ ਤੇ ਨਾਲ ਹੀ ਗੁਰਮੀਤ ਕੌਰ ਦੀ ਅਵਾਜ਼ ਆਈ, ‘ਕੌਣ ਹੈ’ ਤੇ ਉਹ ਉੱਠ ਕੇ ਬੈਠ ਗਈ। ਬਲਦੇਵ ਸਿੰਘ ਹੈਰਾਨ ਰਹਿ ਗਿਆ ਕਿ ਅੱਖ ਲਗਣ ਦੇ ਬਾਵਜੂਦ ਉਹ ਕਿਤਨੀ ਚੇਤੰਨ ਸੀ, ਸ਼ਾਇਦ ਇਹ ਹਾਲਾਤ ਦਾ ਅਸਰ ਸੀ।
“ਕੋਈ ਨਹੀਂ ਮੀਤਾ, ਮੈਂ ਹਾਂ”, ਕਹਿੰਦਿਆਂ ਉਸ ਦੇ ਪੈਰ ਉਥੇ ਹੀ ਰੁੱਕ ਗਏ।
“ਸਰਦਾਰ ਜੀ, ਤੁਸੀਂ ਹੁਣ ਜਰਾ ਲੱਕ ਸਿੱਧਾ ਕਰ ਲਓ, ਮੈਂ ਬੈਠਦੀ ਹਾਂ”, ਕਹਿਕੇ ਉਹ ਪਲੰਘ ਤੋਂ ਉਠ ਖੜੋਤੀ।
“ਹਾਂ ਮੀਤਾ, ਤੁਸੀਂ ਬੈਠ ਜਾਓ ਪਰ ਮੈਂ ਲੱਕ ਸਿੱਧਾ ਨਿਤਨੇਮ ਕਰ ਕੇ ਹੀ ਕਰਾਂਗਾ”, ਕਹਿਕੇ ਉਹ ਅਲਮਾਰੀ ਚੋਂ ਕਪੜੇ ਕੱਢਣ ਲਗ ਪਿਆ।
ਗੁਰੁ ਗ੍ਰੰਥ ਸਾਹਿਬ ਦੇ ਕਮਰੇ `ਚੋਂ ਵਾਪਸ ਆ ਕੇ ਬੈਠਾ ਤਾਂ ਪੰਜ ਮਿੰਟ ਬਾਅਦ ਹੀ ਗੁਰਮੀਤ ਕੌਰ ਚਾਹ ਅਤੇ ਬਿਸਕੁਟ ਲੈ ਕੇ ਆ ਗਈ।
“ਸਰਦਾਰ ਜੀ! ਕੀ ਲਗਦੈ, ਕੁੱਝ ਸ਼ਾਂਤੀ ਪਰਤੀ ਏ?” ਉਸ ਨੇ ਟ੍ਰੇਅ ਮੇਜ਼ ਤੇ ਰਖਦੇ ਹੋਏ ਪੁੱਛਿਆ।
“ਇਸ ਤਰ੍ਹਾਂ ਅੰਦਰ ਬੈਠੇ ਕੁੱਝ ਨਹੀਂ ਕਿਹਾ ਜਾ ਸਕਦਾ, ਇਹ ਤਾਂ ਦਿਨ ਚੜ੍ਹਨ ਤੇ ਕਿਸੇ ਨਾਲ ਗੱਲ-ਬਾਤ ਹੋਣ ਤੇ ਹੀ ਪਤਾ ਲਗੇਗਾ। ਵੈਸੇ ਰਾਤ ਇਧਰ ਤਾਂ ਕੋਈ ਵੱਡਾ ਸ਼ੋਰ-ਸ਼ਰਾਬਾ ਸੁਣਨ ਨੂੰ ਨਹੀਂ ਮਿਲਿਆ, ਕਈ ਲੋਕਾਂ ਦੇ ਗੱਲਾਂ ਕਰਦੇ ਲੰਘਣ ਦੀਆਂ ਅਵਾਜ਼ਾਂ ਤਾਂ ਕਈ ਵਾਰੀ ਸੁਣਾਈ ਦਿੱਤੀਆਂ ਨੇ, ਜਾਪਦੈ ਲੁੱਟ-ਮਾਰ ਤਾਂ ਉਸੇ ਤਰ੍ਹਾਂ ਜਾਰੀ ਹੈ ਕਿਉਂਕਿ ਅਵਾਜ਼ਾਂ ਤੋਂ ਇੰਝ ਹੀ ਲਗਦਾ ਸੀ ਜਿਵੇਂ ਲੁੱਟਮਾਰ ਦਾ ਸਮਾਨ ਸੰਭਾਲਣ ਲਈ ਜਾ ਰਹੇ ਹੋਣ। … ਇੰਝ ਇਧਰ ਤਾਂ ਸੁੱਖ-ਸ਼ਾਂਤੀ ਹੀ ਰਹੀ ਜਾਪਦੀ ਏ। … ਵੈਸੇ ਕੁੱਝ ਕਿਹਾ ਨਹੀਂ ਜਾ ਸਕਦਾ? … ਇਧਰ ਤਾਂ ਕੱਲ ਰਾਤ ਵੀ ਸ਼ਾਂਤੀ ਹੀ ਸੀ, …. ਪਰ ਸਾਰੇ ਸ਼ਹਿਰ ਵਿੱਚ ਕਿਤਨਾ ਜ਼ੁਲਮ ਦਾ ਝਖੜ ਝੁਲਿਐ”, ਉਸ ਨੇ ਚਾਹ ਦਾ ਘੁੱਟ ਭਰ ਕੇ ਕੁੱਝ ਸੋਚਦੇ ਹੋਏ ਕਿਹਾ ਤੇ ਫੇਰ ਜ਼ਰਾ ਰੁਕ ਕੇ ਬੋਲਿਆ, “ਸਤਿਗੁਰੂ ਦੇ ਕਮਰੇ `ਚੋਂ ਬਾਹਰ ਆਉਂਦੇ ਮੈਂ ਸੜਕ ਵੱਲ ਝਾਕਣ ਦੀ ਕੋਸ਼ਿਸ਼ ਕੀਤੀ ਸੀ, … ਬਾਹਰ ਤਾਂ ਬਿਲਕੁਲ ਸੁੰਨ-ਮਸਾਨ ਪਿਐ।”
“ਠੀਕ ਕਹਿ ਰਹੇ ਹੋ, ਅਸਲ ਹਾਲਾਤ ਤਾਂ ਥੋੜ੍ਹੀ ਦੇਰ ਬਾਅਦ ਹੀ ਪਤਾ ਲਗਣਗੇ, …. ਵੈਸੇ ਮੈਨੂੰ ਤਾਂ ਲਗਦੈ ਜਿਤਨੀ ਦੇਰ ਉਸ ਦੁਸ਼ਟਨੀ ਦਾ ਸਸਕਾਰ ਨਹੀਂ ਕਰ ਦੇਂਦੇ, ਉਤਨੀ ਦੇਰ ਸੌਖੀ ਸ਼ਾਂਤੀ ਹੋਣੀ ਨਹੀਂ, …. ਅਜੇ ਤੱਕ ਵੀ ਬਾਰ-ਬਾਰ ਟੀ ਵੀ ਤੇ ਉਸ ਦੀ ਲਾਸ਼ ਤੇ ਲੋਕਾਂ ਦੇ ਨਾਹਰੇ ਵਿਖਾ ਕੇ ਬਲਦੀ ਤੇ ਤੇਲ ਪਾਈ ਜਾ ਰਹੇ ਨੇ”, ਗੁਰਮੀਤ ਕੌਰ ਨੇ ਆਪਣਾ ਅੰਦਾਜ਼ਾ ਲਾਉਂਦੇ ਹੋਏ ਕਿਹਾ।
“ਮੈਨੂੰ ਤੁਹਾਡੀ ਗੱਲ ਬਿਲਕੁਲ ਠੀਕ ਲੱਗ ਰਹੀ ਹੈ”, ਬਲਦੇਵ ਸਿੰਘ ਨੇ ਉਸ ਦੀ ਗੱਲ ਦੀ ਪ੍ਰੋੜਤਾ ਕਰਦੇ ਹੋਏ ਕਿਹਾ ਤੇ ਫੇਰ ਚਾਹ ਦਾ ਕੱਪ ਰਖਦਾ ਹੋਇਆ ਬੋਲਿਆ, “ਮੈਂ ਹੁਣ ਥੋੜ੍ਹੀ ਦੇਰ ਲੇਟਾਂਗਾ, ਪਰ ਤੁਸੀਂ ਜ਼ਰਾ ਸੁਚੇਤ ਰਿਹਾ ਜੇ, ਮਾੜੀ ਜਿਹੀ ਵੀ ਸ਼ੱਕੀ ਅਵਾਜ਼ ਸੁਣਾਈ ਦੇਵੇ ਤਾਂ ਮੈਨੂੰ ਅਵਾਜ਼ ਮਾਰ ਦੇਣਾ”, ਕਹਿਕੇ ਉਹ ਉਠ ਕੇ ਆਪਣੇ ਕਮਰੇ ਵੱਲ ਤੁਰ ਪਿਆ। ਇਤਨੇ ਨੂੰ ਬੱਬਲ ਆਪਣੇ ਕਮਰੇ ਚੋਂ ਬਾਹਰ ਨਿਕਲੀ ਤੇ ਪਿਤਾ ਨੂੰ ਫਤਹਿ ਬੁਲਾ ਕੇ, ਭਾਂਡੇ ਚੁੱਕ ਕੇ ਰਸੋਈ ਵੱਲ ਤੁਰੀ ਜਾਂਦੀ ਮਾਂ ਦੇ ਮਗਰ ਤੁਰ ਗਈ।
ਬਲਦੇਵ ਸਿੰਘ ਨੂੰ ਲੇਟਿਆਂ ਅਜੇ ਦਸ ਮਿੰਟ ਹੀ ਹੋਏ ਸਨ ਕਿ ਟੈਲੀਫੋਨ ਦੀ ਘੰਟੀ ਖੜਕੀ। ਉਹ ਛੇਤੀ ਨਾਲ ਉਠ ਕੇ ਬੈਠਕ ਵੱਲ ਆਇਆ, ਉਧਰੋਂ ਗੁਰਮੀਤ ਕੌਰ ਵੀ ਜਲਦੀ-ਜਲਦੀ ਹੱਥ ਪੂੰਝਦੀ ਹੋਈ ਰਸੋਈ `ਚੋਂ ਨਿਕਲੀ, ਪਰ ਪਤੀ ਨੂੰ ਆਉਂਦਾ ਵੇਖ ਕੇ ਹੌਲੀ ਹੋ ਗਈ ਤੇ ਬਲਦੇਵ ਸਿੰਘ ਨੇ ਟੈਲੀਫੋਨ ਚੁੱਕ ਕੇ ‘ਹੈਲੋ’ ਆਖਿਆ।
“ਕਿਆ ਬਾਤ ਹੈ ਬਲਦੇਵ ਸਿੰਘ ਜੀ, ਪਤਾ ਚਲਾ ਹੈ ਆਪ ਕੋ ਹਮ ਸੇ ਬਹੁਤ ਗਿਲਾ ਹੈ?” ਚੌਧਰੀ ਦੀ ਤਿੱਖੀ ਜਿਹੀ ਅਵਾਜ਼ ਸੁਣਾਈ ਦਿੱਤੀ।
“ਗਿਲਾ ਕਿਉਂ ਨਹੀਂ ਹੋਵੇਗਾ ਚੌਧਰੀ ਸਾਬ੍ਹ, ਸ਼ਹਿਰ ਵਿੱਚ ਇਤਨੀ ਜ਼ੁਲਮ ਦੀ ਹਨੇਰੀ ਵੱਗ ਰਹੀ ਹੈ ਤੇ ਤੁਹਾਡਾ ਕੋਈ ਪਤਾ ਹੀ ਨਹੀਂ। … ਹੋਰ ਤਾਂ ਹੋਰ ਸਾਰੀ ਜ਼ਿੰਦਗੀ ਭਰਾ ਹੋਣ ਦੇ ਦਾਅਵੇ ਭਰਦੇ ਰਹੇ ਤੇ ਐਸੇ ਖਤਰਨਾਕ ਹਾਲਾਤ ਵਿੱਚ ਤੁਸੀਂ ਸਾਡੀ ਬਾਤ ਪੁੱਛਣ ਦੀ ਲੋੜ ਵੀ ਨਹੀਂ ਸਮਝੀ”, ਚੌਧਰੀ ਦੀ ਅਵਾਜ਼ ਸੁਣ ਕੇ ਉਸ ਦੇ ਚਿਹਰੇ ਤੇ ਤਾਂ ਹਲਕੀ ਜਿਹੀ ਮੁਸਕਾਨ ਆ ਗਈ ਪਰ ਲਫਜ਼ਾਂ ਵਿੱਚ ਰੋਹ ਭਰ ਆਇਆ।
“ਕਿਆ ਹਮੇਂ ਆਪ ਸੇ ਦਿਖਾਵਾ ਕਰਨੇ ਕੀ ਜ਼ਰੂਰਤ ਹੈ, ਅਗਰ ਹਮੇਂ ਆਪ ਕੀ ਫਿਕਰ ਨਹੀਂ ਤੋਂ ਐਸੇ ਹਾਲਾਤ ਮੇਂ ਭੀ ਆਪ ਸਭੀ ਘਰ ਮੇਂ ਠੀਕ-ਠਾਕ ਕੈਸੇ ਬੈਠੇ ਹੋ?”, ਚੌਧਰੀ ਨੇ ਉਨ੍ਹਾਂ ਦੇ ਜ਼ਿੰਦਾ ਹੋਣ ਦਾ ਲਾਹਾ ਆਪਣੇ ਤੇ ਲੈਣ ਦੀ ਕੋਸ਼ਿਸ਼ ਕਰਦੇ ਹੋਏ ਬੜੇ ਤਿੱਖੇ ਜਿਹੇ ਲਫਜ਼ਾਂ ਵਿੱਚ ਕਿਹਾ ਤੇ ਜ਼ਰਾ ਕੁ ਰੁੱਕ ਕੇ ਤਾਨ੍ਹਾ ਮਾਰਨ ਦੇ ਅੰਦਾਜ਼ ਵਿੱਚ ਫੇਰ ਬੋਲਿਆ, “ਹਮ ਨੇ ਤੋ ਸੋਚਾ ਥਾ ਕਿ ਆਪ ਹਮ ਸੇ ਪ੍ਰਧਾਨ ਮੰਤਰੀ ਜੀ ਕੀ ਮੌਤ ਕਾ ਅਫਸੋਸ ਜ਼ਾਹਿਰ ਕਰਨਾ ਚਾਹਤੇ ਹੈਂ, ਇਸੀ ਲੀਏ ਬਾਰ-ਬਾਰ ਟੈਲੀਫੋਨ ਕਰ ਰਹੇ ਹੈਂ, ਪਰ ਆਪ ਨੇ ਤੋ ਗਿਲੇ ਨਿਕਾਲਨੇ ਸ਼ੁਰੂ ਕਰ ਦੀਏ …।”
“ਹੋ ਸਕਦੈ ਤੁਹਾਡੀ ਗੱਲ ਠੀਕ ਹੋਵੇ, … ਪਰ ਮੈਂ ਤਾਂ ਸਮਝਦਾ ਹਾਂ ਕਿ ਅਸੀਂ ਆਪਣੇ ਸਤਿਗੁਰੂ ਦੀ ਬਖਸ਼ਿਸ਼ ਨਾਲ ਅਜੇ ਤੱਕ ਜ਼ਿੰਦਾ ਹਾਂ, … ਨਾਲੇ ਗਿਲਾ ਕਿਉਂ ਨਾ ਕਰਾਂ? ਤੁਹਾਨੂੰ ਪ੍ਰਧਾਨ ਮੰਤਰੀ ਦੀ ਮੌਤ ਦਾ ਦੁਖ ਤਾਂ ਹੈ ਪਰ ਜਿਹੜੇ ਸੈਂਕੜੇ ਬੇਕਸੂਰ ਸਿੱਖ, ਘਰਾਂ ਵਿੱਚ ਬੈਠੇ ਕੋਹ ਕੋਹ ਕੇ ਮਾਰੇ ਜਾ ਰਹੇ ਹਨ ਉਨ੍ਹਾਂ ਦੀ ਕੋਈ ਚਿੰਤਾ ਨਹੀਂ। ਕੀ ਇਸੇ ਵਾਸਤੇ ਹਿੰਦੂ ਸਿੱਖ ਭਾਈ-ਭਾਈ ਦੇ ਨਾਹਰੇ ਮਾਰਦੇ ਰਹੇ ਹੋ?” ਬਲਦੇਵ ਸਿੰਘ ਦਾ ਹਰ ਲਫ਼ਜ਼ ਰੋਸ ਨਾਲ ਭਰਿਆ ਹੋਇਆ ਸੀ।
“ਹਮ ਤੋ ਭਾਈ-ਭਾਈ ਕਹਿਤੇ ਹੀ ਥੇ ਪਰ ਆਪ ਕੀ ਕੌਮ ਨੇ ਕੌਣ ਸਾ ਭਾਈਔਂ ਵਾਲਾ ਕਾਮ ਕੀਆ ਹੈ, … ਸੀਧਾ ਪ੍ਰਧਾਨ ਮੰਤਰੀ ਜੀ ਪਰ ਹੀ ਗੋਲੀ ਚਲਾ ਦੀ?” ਚੌਧਰੀ ਦੀ ਅਵਾਜ਼ ਹੋਰ ਉਚੀ ਹੋ ਗਈ।
“ਉਸ ਨੇ ਵੀ ਤਾਂ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਤੇ ਫ਼ੌਜ ਚੜ੍ਹਾ ਦਿੱਤੀ ਸੀ, ਅਕਾਲ-ਤਖ਼ਤ ਸਾਹਿਬ ਦੀ ਇਮਾਰਤ ਨੂੰ ਢਹਿ-ਢੇਰੀ ਕਰਾ ਦਿੱਤਾ ਸੀ। ਜਿਹੜਾ ਪਾਪ ਕਰਮ ਤੁਹਾਡੀ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀ ਉਸ ਦੀ ਸਜ਼ਾ ਤਾਂ ਉਸ ਨੂੰ ਦੇਰ-ਸਵੇਰ ਮਿਲਣੀ ਹੀ ਸੀ. . ਪਰ ਚਲੋ ਜੇ ਤੁਹਾਡੀ ਸੋਚ ਅਨੁਸਾਰ ਇਸ ਨੂੰ ਗੁਨਾਹ ਮੰਨ ਹੀ ਲਈਏ ਤਾਂ ਇੱਕ ਜਾਂ ਦੋ ਵਿਅਕਤੀਆਂ ਦੇ ਕਸੂਰ ਦੀ ਸਜ਼ਾ ਪੂਰੀ ਕੌਮ ਨੂੰ ਦੇਣਾ, … ਇਹ ਕਿਥੋਂ ਦਾ ਇਨਸਾਫ ਹੈ …?”
“ਅਬ ਦੇਸ਼ ਕੇ ਲੋਗ ਉਨ ਕੋ ਦੇਵੀ ਕੀ ਤਰ੍ਹਾਂ ਪੂਜਤੇ ਥੇ, ਤੋ ਉਨ ਕਾ ਗੁੱਸਾ ਭੜਕਨਾ ਹੀ ਥਾ, ਇਸ ਮੇਂ ਕੋਈ ਕਿਆ ਕਰ ਸਕਤਾ ਹੈ?” ਚੌਧਰੀ ਨੇ ਬਲਦੇਵ ਸਿੰਘ ਦੀ ਗੱਲ ਵਿੱਚੋਂ ਹੀ ਕੱਟ ਕੇ ਆਪਣੇ ਆਪ ਨੂੰ ਤੇ ਆਪਣੀ ਲੀਡਰਸ਼ਿਪ ਨੂੰ ਸੁਰਖੁਰੂ ਕਰਦੇ ਹੋਏ ਕਿਹਾ।
“ਮਹਾਤਮਾ ਗਾਂਧੀ ਤਾਂ ਇਸ ਤੋਂ ਵੀ ਵੱਡਾ ਨੇਤਾ ਸੀ, ਲੋਕੀ ਉਸ ਦਾ ਵਧੇਰੇ ਸਤਿਕਾਰ ਕਰਦੇ ਸਨ ਅਤੇ ਉਸ ਨੂੰ ਜ਼ਾਹਿਰਾ ‘ਮਹਾਤਮਾ ਜੀ’ ਕਹਿ ਕੇ ਬੁਲਾਉਂਦੇ ਸਨ, ਉਸ ਨੂੰ ਇੱਕ ਗੁਜਰਾਤੀ ਗੋਂਡਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ, ਉਦੋਂ ਤਾਂ ਕਿਸੇ ਦਾ ਗੁੱਸਾ ਨਹੀਂ ਭੜਕਿਆ? …. ਚੌਧਰੀ ਸਾਬ੍ਹ ਇਹ ਗੁੱਸਾ ਭੜਕਿਆ ਨਹੀਂ, … ਬਲਕਿ … ਸੋਚ ਸਮਝ ਕੇ ਸਿੱਖਾਂ ਨੂੰ ਬੇਗਾਨਗੀ ਅਤੇ ਅਧੀਨਗੀ ਦਾ ਅਹਿਸਾਸ ਕਰਾਉਣ ਲਈ ਭੜਕਾਇਆ ਗਿਐ”, ਬਲਦੇਵ ਸਿੰਘ ਦਾ ਰੋਸ ਤਾਂ ਉਸੇ ਤਰ੍ਹਾਂ ਬਰਕਰਾਰ ਸੀ ਪਰ ਉਸ ਨੇ ਹਾਲਾਤ ਮੁਤਾਬਕ ਆਪਣੀ ਅਵਾਜ਼ ਨੂੰ ਥੋੜ੍ਹਾ ਨੀਵਾਂ ਕਰ ਲਿਆ।
“ਅੱਛਾ, ਅਬ ਆਪ ਯੇਹ ਬਤਾਈਏ ਕਿ ਆਪ ਚਾਹਤੇ ਕਿਆ ਹੈਂ?” ਬਲਦੇਵ ਸਿੰਘ ਦੀ ਅਵਾਜ਼ ਵਿੱਚ ਕੁੱਝ ਨਰਮੀਂ ਆਉਣ ਤੇ ਚੌਧਰੀ ਨੇ ਵੀ ਕੁੱਝ ਨਰਮ ਪੈਂਦੇ ਹੋਏ ਕਿਹਾ।
“ਮੈਂ ਕੀ ਚਾਹੁਣੈ ਚੌਧਰੀ ਸਾਬ੍ਹ? … ਮੈਂ ਤਾਂ ਸਿਰਫ ਇਹੀ ਚਾਹੁੰਦਾ ਹਾਂ ਕਿ ਤੁਸੀਂ ਲੋਕਾਂ ਦੇ ਨੇਤਾ ਹੋਣ ਦਾ ਆਪਣਾ ਫ਼ਰਜ਼ ਨਿਭਾਓ ਤੇ ਇਸ ਖੂਨੀ ਹਨੇਰੀ ਨੂੰ ਰੋਕਣ ਦੀ ਕੋਸ਼ਿਸ਼ ਕਰੋ”, ਬਲਦੇਵ ਸਿੰਘ ਨੇ ਸ਼ਬਦਾਂ ਵਿੱਚ ਭਾਵਨਾ ਭਰਦੇ ਹੋਏ ਕਿਹਾ।
“ਪਹਿਲੇ ਕੌਨ ਸਾ ਹਮ ਆਰਾਮ ਸੇ ਬੈਠੇ ਹੁਏ ਹੈ? ਦੋ ਦਿਨੋਂ ਸੇ ਦਿਨ-ਰਾਤ ਇਸੀ ਕੋਸ਼ਿਸ਼ ਮੇਂ ਭਾਗੇ ਫਿਰ ਰਹੇ ਹੈਂ …. ਪਰ ਚਲੀਏ ਆਪ ਕਾ ਗਿਲਾ ਦੂਰ ਕਰਨੇ ਕੇ ਲੀਏ ਹਮ ਔਰ ਕੋਸ਼ਿਸ਼ ਕਰਤੇ ਹੈਂ”, ਕਹਿਕੇ ਚੌਧਰੀ ਨੇ ਟੈਲੀਫੋਨ ਕੱਟ ਦਿੱਤਾ।
ਬਲਦੇਵ ਸਿੰਘ ਚਾਹੁੰਦਾ ਤਾਂ ਸੀ ਕਿ ਆਖੇ ਕਿ, ‘ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਵਿੱਚ ਭਜੇ ਫਿਰਦੇ ਹੋ ਕਿ ਨਫਰਤ ਦੀ ਅੱਗ ਹੋਰ ਭੜਕਾਉਣ ਦੀ। ਜੇ ਤੁਹਾਡੀ ਨੀਯਤ ਸਾਫ ਹੁੰਦੀ ਤਾਂ ਅੱਵਲ ਤਾਂ ਇਹ ਹਾਲਾਤ ਬਣਦੇ ਹੀ ਨਾ ਤੇ ਜੇ ਮਾੜੀ-ਮੋਟੀ ਬਦਅਮਨੀ ਫੈਲਦੀ ਵੀ, ਤਾਂ ਛੇਤੀ ਹੀ ਉਸ ਤੇ ਕਾਬੂ ਪਾਇਆ ਜਾ ਸਕਦਾ ਸੀ।’ ਪਰ ਟੈਲੀਫੋਨ ਕੱਟ ਚੁੱਕਾ ਸੀ, ਉਂਝ ਵੀ ਉਸ ਨੇ ਇਹੀ ਮਨ ਬਣਾਇਆ ਸੀ ਕਿ ਹਾਲਾਤ ਮੁਤਾਬਕ ਅਜੇ ਕਿਸੇ ਤਰ੍ਹਾਂ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ, ਇਨ੍ਹਾਂ ਗੱਲਾਂ ਨੂੰ ਬਾਅਦ ਵਿੱਚ ਵੇਖਿਆ ਜਾਵੇਗਾ।
ਗੁਰਮੀਤ ਕੌਰ ਤੇ ਬੱਬਲ ਵੀ ਉਥੇ ਕੋਲ ਹੀ ਆ ਕੇ ਬੈਠ ਗਈਆਂ ਸਨ। ਦੋਵੇਂ ਸਮਝ ਗਈਆਂ ਸਨ ਕਿ ਗੱਲ ਚੌਧਰੀ ਨਾਲ ਹੋ ਰਹੀ ਹੈ ਇਸ ਲਈ ਦੋਵੇਂ ਬੜੇ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਬਲਦੇਵ ਸਿੰਘ ਦੇ ਸ਼ਬਦਾਂ ਅਤੇ ਬੋਲਣ ਦੇ ਅੰਦਾਜ਼ ਕਾਰਨ ਗੁਰਮੀਤ ਕੌਰ ਦੇ ਚਿਹਰੇ ਤੇ ਕਈ ਤਰ੍ਹਾਂ ਦੇ ਹਾਵ-ਭਾਵ ਬਦਲ ਰਹੇ ਸਨ। ਬਾਅਦ ਵਿੱਚ ਬਲਦੇਵ ਸਿੰਘ ਨੂੰ ਕੁੱਝ ਨਰਮ ਪੈਂਦਾ ਵੇਖ ਕੇ ਉਸ ਨੇ ਸੁੱਖ ਦਾ ਸਾਹ ਲਿਆ ਤੇ ਉਸ ਦੇ ਟੈਲੀਫੋਨ ਰਖਦੇ ਹੀ ਬੋਲੀ, “ਕੀ ਪਏ ਕਰਦੇ ਹੋ? … ਵੇਖਦੇ ਤਾਂ ਪਏ ਹੋ ਹਾਲਾਤ ਕਿਤਨੇ ਖ਼ਰਾਬ ਨੇ, ਫਿਰ ਉਸ ਨੂੰ ਸਿੱਧਾ ਵੰਗਾਰ ਦਿੱਤਾ ਜੇ? … ਤੁਸੀਂ ਮੰਨੋ ਜਾਂ ਨਾ ਮੰਨੋ, ਸਰਦਾਰ ਜੀ, ਉਹ ਬਿਲਕੁਲ ਬੇਲਿਹਾਜਾ ਅਤੇ ਬੇਸ਼ਰਮ ਆਦਮੀ ਹੈ। ਉਸ ਨੂੰ ਤੁਹਾਡੀ ਇਤਨੀ ਨਿਭਾਈ ਵਫਾਦਾਰੀ ਦੀ ਕੋਈ ਕਦਰ ਨਹੀਂ ਹੋਣੀ।” ਉਸ ਦੇ ਬੋਲਾਂ ਅਤੇ ਚਿਹਰੇ ਤੇ ਚਿੰਤਾ ਸਾਫ ਪਰਗੱਟ ਹੋ ਰਹੀ ਸੀ।
“ਮੀਤਾ! ਇੱਕ ਤਾਂ ਉਸ ਨੂੰ ਹਲੂਣਾ ਦੇਣ ਵਾਸਤੇ ਇਤਨਾ ਕੁ ਕਹਿਣਾ ਜ਼ਰੁਰੀ ਸੀ, ਦੂਸਰਾ ਅਗਰ ਕੌਮ ਤੇ ਇਤਨਾ ਜ਼ੁਲਮ ਹੋ ਜਾਣ ਤੋਂ ਬਾਅਦ, ਮੈਂ ਇਤਨਾ ਵੀ ਨਾ ਕਹਿੰਦਾ ਤਾਂ ਮੈਂ ਜਿਊਂਦੇ ਜੀ ਆਪਣੇ ਆਪ ਨਾਲ ਹੀ ਅੱਖ ਨਹੀਂ ਸੀ ਮਿਲਾ ਸਕਣੀ।” ਬਲਦੇਵ ਸਿੰਘ ਦੇ ਚਿਹਰੇ ਤੇ ਰੋਹ ਉਸੇ ਤਰ੍ਹਾਂ ਭਰਿਆ ਹੋਇਆ ਸੀ।
ਗੁਰਮੀਤ ਕੌਰ ਕੁੱਝ ਬੋਲਣ ਹੀ ਲਗੀ ਸੀ ਕਿ ਪਹਿਲਾਂ ਬੱਬਲ ਬੋਲ ਪਈ, “ਬਿਲਕੁਲ ਠੀਕ ਹੈ ਭਾਪਾ ਜੀ, ਜਿਉਂਦੇ ਰਹਿਣ ਨਾਲੋਂ ਵਧੇਰੇ ਜ਼ਰੂਰੀ ਹੈ ਕਿ ਜਿਨਾਂ ਚਿਰ ਜੀਵੀਏ, ਅਣਖ ਨਾਲ ਜੀਵੀਏ। ਸਤਿਗੁਰੂ ਨੇ ਗੁਰਬਾਣੀ ਵਿੱਚ ਵੀ ਤਾਂ ਫੁਰਮਾਇਆ ਹੈ, ‘ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥’ ਮੈਂ ਤਾਂ ਕਹਿੰਨੀ ਹਾਂ ਅਜੇ ਹੋਰ ਖੜਕਾ ਕੇ ਕਹਿਣ ਦੀ ਲੋੜ ਸੀ।”
ਗੁਰਮੀਤ ਕੌਰ ਨੇ ਗੱਲ ਹੋਰ ਅਗੇ ਵਧਾਉਣੀ ਠੀਕ ਨਹੀਂ ਸਮਝੀ ਤੇ ਸ਼ਾਇਦ ਬਲਦੇਵ ਸਿੰਘ ਵੀ ਇਸ ਵਿਸ਼ੇ ਤੇ ਹੋਰ ਗੱਲ ਨਹੀਂ ਸੀ ਕਰਨੀ ਚਾਹੁੰਦਾ ਸੋ ਆਪਣੇ ਕਮਰੇ ਵਿੱਚ ਜਾਣ ਲਈ ਉਠ ਕੇ ਖੜੋ ਗਿਆ। ਬਲਦੇਵ ਸਿੰਘ ਨੂੰ ਉਠਦਾ ਵੇਖ ਕੇ ਗੁਰਮੀਤ ਕੌਰ ਬੋਲੀ, “ਮੈਂ ਤਾਂ ਕਹਿੰਦੀ ਹਾਂ ਕਿ ਹੁਣ ਨਾਸ਼ਤਾ ਕਰ ਕੇ ਹੀ ਅਰਾਮ ਕਰਿਆ ਜੇ, ਮੈਂ ਛੇਤੀ ਬਣਾ ਦੇਂਦੀ ਹਾਂ।”
ਬਲਦੇਵ ਸਿੰਘ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਵਾਪਸ ਬੈਠ ਗਿਆ। ਗੁਰਮੀਤ ਕੌਰ ਤੇ ਬੱਬਲ ਉੱਠ ਕੇ ਰਸੋਈ ਵੱਲ ਚਲੀਆਂ ਗਈਆਂ।
ਥੋੜ੍ਹੀ ਦੇਰ ਬਾਅਦ ਹੀ ਚੌਧਰੀ ਦਾ ਟੈਲੀਫੋਨ ਫੇਰ ਆ ਗਿਆ, ਬਲਦੇਵ ਸਿੰਘ ਨੇ ਚੁੱਕ ਕੇ ‘ਹੈਲੋ’ ਆਖਿਆ ਹੀ ਸੀ ਕਿ ਚੌਧਰੀ ਦੀ ਖੜਕਦੀ ਹੋਈ ਅਵਾਜ਼ ਸੁਣਾਈ ਦਿੱਤੀ, “ਲੀਜੀਏ ਬਲਦੇਵ ਸਿੰਘ ਜੀ! ਆਪ ਕਹਿਤੇ ਥੇ ਕਿ ਕੁੱਛ ਨਹੀਂ ਕਰ ਰਹੇ। ਹਮ ਨੇ ਪ੍ਰੋਗਰਾਮ ਬਨਾ ਲੀਆ ਹੈ, ਪਹਿਲੇ ਤੋ ਪ੍ਰੈਸ ਕੋ ਬੁਲਾ ਕਰ ਸਾਰੇ ਧਰਮੋਂ ਕੇ ਮੁੱਖੀ ਸੱਜਣੋਂ ਕੀ ਤਰਫ ਸੇ ਏਕ ਸ਼ਾਂਤੀ ਅਪੀਲ ਕਰੇਂਗੇ ਔਰ ਉਸ ਕੇ ਬਾਅਦ ਆਪਸ ਮੇਂ ਮਸ਼ਵਰਾ ਕਰ ਕੇ ਏਕ ਸ਼ਾਂਤੀ ਮਾਰਚ ਭੀ ਨਿਕਾਲ ਸਕਤੇ ਹੈਂ। ਮੈਨੇ ਫ਼ਾਦਰ ਵਿਲੀਅਮ ਔਰ ਬੜੀ ਮਸਜਿਦ, ਈਦਗਾਹ, ਬਕਰਮੰਡੀ ਕੇ ਮੌਲਵੀ ਸਾਬ੍ਹ ਸੇ ਭੀ ਬਾਤ ਕਰ ਲੀ ਹੈ। ਢਾਈ ਬਜੇ ਕਾ ਸਮਯ ਰਖਾ ਹੈ ਸਰਕੱਟ ਹਾਉਸ ਮੇਂ। ਹਮੇਂ ਆਪ ਕੀ ਸੁਰਕਸ਼ਾ ਕੀ ਬਹੁਤ ਚਿੰਤਾ ਹੈ, ਇਸ ਲੀਏ ਆਪ ਤਿਆਰ ਰਹੀਏਗਾ, ਹਮ ਖ਼ੁਦ ਡੇਢ-ਦੋ ਬਜੇ ਆਪ ਕੋ ਲੇਨੇ ਆਏਂਗੇ।” ਚੌਧਰੀ ਨੇ ਇਕੋ ਸਾਹ ਵਿੱਚ ਸਾਰੀ ਗੱਲ ਦੱਸੀ।
“ਠੀਕ ਹੈ ਚੌਧਰੀ ਸਾਬ੍ਹ, ਮੈਂ ਤੁਹਾਡੀ ਇੰਤਜ਼ਾਰ ਕਰਾਂਗਾ”, ਕਹਿਕੇ ਬਲਦੇਵ ਸਿੰਘ ਨੇ ਟੈਲੀਫੋਨ ਕੱਟ ਦਿੱਤਾ।
ਉਸ ਟੈਲੀਫੋਨ ਰੱਖਿਆ ਹੀ ਸੀ ਕਿ ਕੋਲ ਬੈਠੀ ਗੁਰਮੀਤ ਕੌਰ ਨੇ ਪੁੱਛਿਆ, “ਕੀ ਕਹਿ ਰਹੇ ਨੇ ਚੌਧਰੀ ਭਾਈ ਸਾਬ੍ਹ?”
ਬਲਦੇਵ ਸਿੰਘ ਨੇ ਸਾਰੀ ਗੱਲ ਇਨਬਿਨ ਦੱਸੀ। ਉਹ ਹੈਰਾਨ ਹੁੰਦੀ ਹੋਈ ਬੋਲੀ, ਸਰਦਾਰ ਜੀ! ਬੰਦੇ ਬੰਦੇ ਕੋਲੋਂ ਤਾਂ ਸੁਣ ਰਹੇ ਹੋ ਕਿ ਉਹ ਆਪ ਇਹ ਸਭ ਕੁੱਝ ਕਰਾ ਰਹੇ ਨੇ, ਫਿਰ ਇਹ ਸ਼ਾਤੀ ਦੀ ਅਪੀਲ ਅਤੇ ਸ਼ਾਂਤੀ ਮਾਰਚ ਦਾ ਕੀ ਪਾਖੰਡ ਹੋਇਆ, ਤੁਸੀਂ ਇਸ ਪਾਖੰਡ ਵਿੱਚ ਸ਼ਾਮਲ ਹੋਣ ਲਈ ਹਾਂ ਹੀ ਕਿਉਂ ਕੀਤੀ ਹੈ? ਨਾਲੇ ਏਡੀ ਜ਼ੁਲਮ ਦੀ ਵਰ੍ਹਦੀ ਅੱਗ ਵਿੱਚ ਮੈਂ ਨਹੀਂ ਤੁਹਾਨੂੰ ਬਾਹਰ ਜਾਣ ਦੇਣਾ।” ਉਸ ਨੇ ਜ਼ਿਦ ਕਰਦੇ ਹੋਏ ਕਿਹਾ।
“ਮੀਤਾ! ਮੈਂ ਜਾਣਦਾ ਹਾਂ ਕਿ ਉਹ ਪਾਖੰਡ ਕਰ ਰਹੇ ਹਨ ਪਰ ਇਸ ਵੇਲੇ ਸਾਡੇ ਕੋਲ ਹੋਰ ਚਾਰਾ ਵੀ ਕੀ ਹੈ? ਮੇਰੀ ਕੋਸ਼ਿਸ਼ ਤਾਂ ਪੂਰੀ ਇਮਾਨਦਾਰੀ ਨਾਲ ਹੈ, ਕਿ ਕਿਸੇ ਤਰ੍ਹਾਂ ਇਸ ਖੂਨੀ ਹਨੇਰੀ ਨੂੰ ਠੱਲ ਪਾਈ ਜਾਵੇ। ਇਤਨੀ ਵੱਡੀ ਗਿਣਤੀ ਵਿੱਚ ਚੜ੍ਹ ਆਈਆਂ ਇਨ੍ਹਾਂ ਪਾਪ ਦੀਆਂ ਜੰਞਾਂ ਖਿਲਾਫ਼ ਕੁੱਝ ਅਵਾਜ਼ ਬੁਲੰਦ ਕੀਤੀ ਜਾਵੇ। ਬਾਕੀ ਜਿਥੋਂ ਤੱਕ ਮੇਰੇ ਬਾਹਰ ਜਾਣ ਦਾ ਸੁਆਲ ਹੈ, ਤੁਸੀਂ ਕੀ ਸਮਝਦੇ ਹੋ ਕਿ ਇਥੇ ਘਰ ਅਸੀਂ ਮਹਿਫ਼ੂਜ਼ ਬੈਠੇ ਹਾਂ? ਇਸੇ ਭੁਲੇਖੇ ਵਿੱਚ ਤਾਂ ਸਾਡੇ ਇਤਨੇ ਪਰਿਵਾਰ ਘਰਾਂ ਵਿੱਚ ਘਿਰ ਕੇ ਆਪਣਾ ਸਭ ਕੁੱਝ ਗੁਆ ਬੈਠੇ ਹਨ। ਬਾਹਰ ਤਾਂ ਨਿਕਲਨਾ ਹੀ ਪਵੇਗਾ। ਫਿਰ ਹੁਣ ਚੌਧਰੀ ਸਾਬ੍ਹ ਆਪ ਆ ਕੇ ਨਾਲ ਲੈ ਜਾ ਰਹੇ ਹਨ, ਸੋ ਉਨ੍ਹਾਂ ਦੀ ਜ਼ਿਮੇਂਵਾਰੀ ਬਣ ਜਾਂਦੀ ਹੈ”, ਬਲਦੇਵ ਸਿੰਘ ਨੇ ਸਚਾਈ ਦਰਸਾਉਂਦੇ ਹੋਏ, ਗੁਰਮੀਤ ਕੌਰ ਨੂੰ ਹੌਂਸਲਾ ਬਨ੍ਹਾਉਣ ਦੀ ਕੋਸ਼ਿਸ਼ ਕੀਤੀ।
“ਬਿਲਕੁਲ ਠੀਕ ਹੈ ਭਾਪਾ ਜੀ, ਤੁਸੀਂ ਜ਼ਰੂਰ ਜਾਓ। ਅਸੀਂ ਹਰ ਅਨਹੋਣੀ ਦਾ ਟਾਕਰਾ ਕਰਨ ਲਈ ਤਿਆਰ ਹਾਂ। …. ਜੇ ਮੌਤ ਆਵੇ ਵੀ … ਤਾਂ ਘੱਟੋ ਘੱਟ ਇਹ ਤਸੱਲੀ ਤਾਂ ਹੋਵੇ ਕਿ ਆਖਰੀ ਦੱਮ ਤੱਕ ਆਪਣੀ ਕੋਸ਼ਿਸ਼ ਕਰਦੇ ਹੋਏ ਮਰੇ ਹਾਂ”, ਗੁਰਮੀਤ ਕੌਰ ਦੇ ਬੋਲਣ ਤੋਂ ਪਹਿਲਾਂ, ਬੱਬਲ ਬੋਲ ਪਈ। ਜਿਵੇਂ ਜਿਵੇਂ ਇਹ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਸਨ, ਉਸ ਦੇ ਅੰਦਰ ਹੋਰ ਰੋਹ ਪੈਦਾ ਹੋਈ ਜਾ ਰਿਹਾ ਸੀ।
ਬਲਦੇਵ ਸਿੰਘ ਕੁੱਝ ਜਲਦੀ ਤਿਆਰ ਹੋ ਗਿਆ ਸੀ, ਇਸ ਲਈ ਟੀ ਵੀ ਲਗਾ ਕੇ ਬੈਠ ਗਿਆ। ਟੀ ਵੀ ਤੇ ਪਖੰਡ ਅਜੇ ਵੀ ਉਸੇ ਤਰ੍ਹਾਂ ਜਾਰੀ ਸੀ। ਉਸੇ ਤਰ੍ਹਾਂ ਲਾਸ਼ ਵਿਖਾਈ ਜਾ ਰਹੀ ਸੀ ਤੇ ਉਸੇ ਤਰ੍ਹਾਂ ਨਾਹਰੇ ਵਜ ਰਹੇ ਸਨ। ਇਤਨੇ ਨੂੰ ਬਾਹਰੋਂ ਦਰਵਾਜ਼ੇ ਦੀ ਘੰਟੀ ਵੱਜੀ, ਉਸ ਸੋਚਿਆ ਕਿ ਸ਼ਾਇਦ ਚੌਧਰੀ ਕੁੱਝ ਜਲਦੀ ਆ ਗਿਆ ਹੋਵੇ। ਟੀ ਵੀ ਬੰਦ ਕਰ ਕੇ ਉਹ ਦਰਵਾਜ਼ੇ ਕੋਲ ਗਿਆ ਪਰ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਪਕਿਆਈ ਕਰ ਲੈਣੀ ਠੀਕ ਸਮਝੀ ਤੇ ਪੁੱਛਿਆ, “ਕੌਣ ਹੈ।”
“ਮੈਂ ਹਾਂ ਸਰਦਾਰ ਜੀ! ਗੋਪਾਲ ਮੁਨੀਮ”, ਮੁਨੀਮ ਦੀ ਜਾਣੀ ਪਛਾਣੀ ਅਵਾਜ਼ ਸੁਣਾਈ ਦਿੱਤੀ।
ਬਲਦੇਵ ਸਿੰਘ ਨੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਇੱਕ ਡੋਲੂ ਤੇ ਥੈਲ੍ਹਾ ਚੁੱਕੀ ਮੁਨੀਮ ਅੰਦਰ ਆ ਗਿਆ ਤੇ ਸਤਿ ਸ੍ਰੀ ਅਕਾਲ ਬੁਲਾਈ।
ਬਲਦੇਵ ਸਿੰਘ ਨੇ ਉਸ ਦੀ ਸਤਿ ਸ੍ਰੀ ਅਕਾਲ ਦਾ ਜੁਆਬ ਦਿੱਤਾ ਤੇ ਦਰਵਾਜ਼ਾ ਵਾਪਸ ਬੰਦ ਕਰਦੇ ਹੋਏ ਪੁੱਛਿਆ। “ਕੀ ਹਾਲਾਤ ਨੇ ਹੁਣ ਮੁਨੀਮ ਜੀ, ਸ਼ਹਿਰ ਦੇ?”
ਘੰਟੀ ਦੀ ਅਵਾਜ਼ ਸੁਣ ਕੇ ਗੁਰਮੀਤ ਕੌਰ ਤੇ ਬੱਬਲ ਵੀ ਰਸੋਈ ਚੋਂ ਬਾਹਰ ਆ ਗਈਆਂ ਸਨ। ਗੁਰਮੀਤ ਕੌਰ ਨੇ ਅਗੇ ਹੋ ਕੇ ਮੁਨੀਮ ਦੇ ਹੱਥੋਂ ਸਮਾਨ ਫੜ ਲਿਆ ਤੇ ਬੱਬਲ ਰਸੋਈ ਵਿੱਚ ਪਾਣੀ ਲੈਣ ਚਲੀ ਗਈ।
“ਸਰਦਾਰ ਜੀ! ਸਾਰੀ ਰਾਤ ਤਾਂ ਉਸੇ ਤਰ੍ਹਾਂ ਲੁੱਟਮਾਰ ਤੇ ਕਤਲੋ-ਗਾਰਤ ਹੰਦੀ ਰਹੀ ਹੈ, ਪਰ ਹੁਣ ਸਵੇਰ ਦੀ ਕੁੱਝ ਠਲ ਪਈ ਜਾਪਦੀ ਹੈ ਪਰ ਅਜੇ ਹਾਲਾਤ ਤਾਂ ਪੂਰੇ ਖਿਚਾਵ ਵਾਲੇ ਨੇ”, ਮੁਨੀਮ ਨੇ ਸਮਾਨ ਫੜਾ ਕੇ ਬਲਦੇਵ ਸਿੰਘ ਵੱਲ ਮੁੜਦੇ ਹੋਏ ਕਿਹਾ।
“ਹਾਂ ਮੁਨੀਮ ਜੀ! ਖਿਚਾਵ ਤਾਂ ਇਤਨੀ ਜਲਦੀ ਕਿਵੇਂ ਮੁਕ ਜਾਣੈ? … ਪਰ ਸ਼ੁਕਰ ਹੈ ਵਾਹਿਗੁਰੂ ਦਾ ਕੁੱਝ ਠਲ ਪਈ ਏ”, ਬਲਦੇਵ ਸਿੰਘ ਨੇ ਕੁੱਝ ਤਸੱਲੀ ਮਹਿਸੂਸ ਕਰਦੇ ਹੋਏ ਕਿਹਾ ਤੇ ਨਾਲ ਹੀ ਆਪ ਬੈਠਦੇ ਹੋਏ ਮੁਨੀਮ ਨੂੰ ਬੈਠਣ ਵਾਸਤੇ ਇਸ਼ਾਰਾ ਕੀਤਾ।
ਮੁਨੀਮ ਕੁੱਝ ਬੋਲਣ ਲੱਗਾ ਸੀ ਕਿ ਬਲਦੇਵ ਸਿੰਘ ਕੁੱਝ ਸੋਚਦਾ ਹੋਇਆ ਫੇਰ ਬੋਲ ਪਿਆ, “ਹੁਣ ਇਹ ਹੈ ਕਿ ਕੋਈ ਹੋਰ ਨਵੀਂ ਸ਼ਰਾਰਤ ਨਾ ਕਰ ਦੇਵੇ, ਜਿਸ ਨਾਲ ਸੁਧਰਦੇ ਹਾਲਾਤ ਨੂੰ ਮੁੜ ਲਾਂਬੂ ਲੱਗ ਜਾਵੇ।”
“ਹਾਂ ਸਰਦਾਰ ਜੀ, ਪਹਿਲਾਂ ਵੀ ਤਾਂ ਹਾਲਾਤ ਸ਼ਰਾਰਤੀ ਅਨਸਰਾਂ ਨੇ ਹੀ ਵਿਗਾੜੇ ਨੇ।” ਬੱਬਲ ਪਾਣੀ ਲੈ ਆਈ ਸੀ। ਮੁਨੀਮ ਨੇ ਪਾਣੀ ਪੀ ਕੇ ਗਲਾਸ ਵਾਪਸ ਕਰਦੇ ਹੋਏ ਕਿਹਾ।
“ਚਲੋ ਮੁਨੀਮ ਜੀ, ਇਹ ਬਹੁਤ ਅੱਛਾ ਹੋ ਗਿਐ ਤੁਸੀਂ ਆ ਗਏ ਹੋ, ਮੈਂ ਥੋੜ੍ਹੀ ਦੇਰ ਲਈ ਬਾਹਰ ਜਾਣੈ ਤੇ ਮੈਨੂੰ ਇੰਝ ਔਰਤਾਂ ਨੂੰ ਇਕੱਲੇ ਛੱਡ ਕੇ ਜਾਂਦੇ ਚਿੰਤਾ ਹੋ ਰਹੀ ਸੀ। … ਤੁਸੀਂ ਕੁੱਝ ਦੇਰ ਰੁਕ ਸਕੋਗੇ ਨਾ?” ਬਲਦੇਵ ਸਿੰਘ ਨੇ ਸੁਆਲ ਕੀਤਾ।
“ਸਰਦਾਰ ਜੀ! ਮੈਨੂੰ ਤਾਂ ਤੁਸੀ ਜਿਤਨੀ ਦੇਰ ਹੁਕਮ ਕਰੋਗੇ ਮੈਂ ਰੁੱਕ ਜਾਵਾਂਗਾ, ਪਰ ਤੁਸੀਂ ਕਿਧਰ ਜਾਣੈ? ਅਜੇ ਹਾਲਾਤ ਐਸੇ ਚੰਗੇ ਨਹੀਂ ਹੋਏ ਕਿ ਤੁਸੀਂ ਬਾਹਰ ਜਾ ਸਕੋ। ਮੈਂ ਤਾਂ ਸਾਰਾ ਰਸਤਾ ਬਾਹਰ ਸੜਕ ਤੇ ਕਿਸੇ ਸਰਦਾਰ ਨੂੰ ਨਹੀਂ ਵੇਖਿਆ”, ਮੁਨੀਮ ਦੇ ਸ਼ਬਦਾਂ ਵਿੱਚ ਕੁੱਝ ਚਿੰਤਾ ਉਭਰ ਆਈ।
“ਨਹੀਂ ਮੁਨੀਮ ਜੀ, ਘਬਰਾਉਣ ਦੀ ਕੋਈ ਲੋੜ ਨਹੀਂ। ਮੈਨੂੰ ਚੌਧਰੀ ਸਾਬ੍ਹ ਨੇ ਆਪ ਆ ਕੇ ਲੈ ਕੇ ਜਾਣੈ।”
ਤੇ ਫੇਰ ਉਸ ਨੇ ਸ਼ਾਂਤੀ ਅਪੀਲ ਵਾਸਤੇ ਪ੍ਰੈਸ ਕਾਨਫਰੰਸ ਬਾਰੇ ਦੱਸਿਆ। ਮੁਨੀਮ ਨੇ ਕੋਈ ਜੁਆਬ ਨਹੀਂ ਦਿੱਤਾ ਪਰ ਉਸ ਦੇ ਚਿਹਰੇ ਤੇ ਇੱਕ ਹੈਰਾਨਗੀ ਭਰੀ ਮੁਸਕਰਾਹਟ ਜਿਹੀ ਆ ਗਈ। ਉਹ ਬੈਠ ਕੇ ਸ਼ਹਿਰ ਦੇ ਹਾਲਾਤ ਬਾਰੇ ਹੋਰ ਗੱਲਾਂ ਕਰਨ ਲੱਗ ਪਏ ਤੇ ਇਤਨੇ ਨੂੰ ਬੱਬਲ ਨੇ ਚਾਹ ਲਿਆ ਕੇ ਅਗੇ ਰੱਖ ਦਿੱਤੀ। ਅਜੇ ਚਾਹ ਦੇ ਦੋ ਚਾਰ ਘੁੱਟ ਹੀ ਭਰੇ ਸਨ ਕਿ ਦਰਵਾਜ਼ੇ ਦੀ ਘੰਟੀ ਫੇਰ ਵੱਜੀ। ਬਲਦੇਵ ਸਿੰਘ ਨੇ ਘੜੀ ਵੱਲ ਵੇਖਦੇ ਹੋਏ ਅੰਦਾਜ਼ਾ ਲਾਇਆ ਕਿ ਹੁਣ ਤਾਂ ਚੌਧਰੀ ਹੀ ਹੋਵੇਗਾ ਪਰ ਫੇਰ ਵੀ ਦਰਵਾਜ਼ੇ ਕੋਲ ਆ ਕੇ ਪੁੱਛਿਆ, “ਕੌਣ ਹੈ।”
ਹਾਂ, ਸਰਦਾਰ ਜੀ ਹਮ ਹੈਂ ਬਿੰਦੇਸ਼, ਚੌਧਰੀ ਸਾਬ੍ਹ ਬਾਹਰ ਗਾੜੀ ਮੇਂ ਬੈਠੇ ਹੈਂ ਆਪ ਜਲਦੀ ਸੇ ਆ ਜਾਈਏ”, ਬਾਹਰੋਂ ਅਵਾਜ਼ ਆਈ।
ਬਲਦੇਵ ਸਿੰਘ ਚੌਧਰੀ ਦੇ ਪੀ ਏ ਬਿੰਦੇਸ਼ ਦੀ ਅਵਾਜ਼ ਵੀ ਚੰਗੀ ਤਰ੍ਹਾਂ ਪਛਾਣਦਾ ਸੀ। ਦਰਵਾਜ਼ਾ ਖੋਲ੍ਹਦੇ ਹੋਏ ਗੁਰਮੀਤ ਕੌਰ ਨੂੰ ਦਰਵਾਜ਼ਾ ਅੰਦਰੋਂ ਚੰਗੀ ਤਰ੍ਹਾਂ ਬੰਦ ਕਰਨ ਲਈ ਕਹਿਕੇ, ਉਹ ਬਾਹਰ ਨਿਕਲ ਗਿਆ।
ਜਿਸ ਵੇਲੇ ਅਪੀਲ ਕਰਨ ਲਈ ਪ੍ਰੈਸ ਕਾਨਫਰੰਸ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਉਥੇ ਕਿਸੇ ਨੇ ਚੌਧਰੀ ਨੂੰ ਕੰਨ ਵਿੱਚ ਕੁੱਝ ਕਿਹਾ, ਸੁਣਕੇ ਚੌਧਰੀ ਦੇ ਚਿਹਰੇ ਦੇ ਕੁੱਝ ਪ੍ਰੇਸ਼ਾਨੀ ਅਤੇ ਹੈਰਾਨਗੀ ਦੇ ਚਿਨ੍ਹ ਪ੍ਰਗਟ ਹੋਏ ਅਤੇ ‘ਮੈਂ ਹੁਣੇ ਆਇਆ’ ਕਹਿ ਕੇ ਉਹ ਕਿਧਰੇ ਚਲਾ ਗਿਆ। ਬਲਦੇਵ ਸਿੰਘ ਦਾ ਧਿਆਨ ਪਿਆ, ਬਾਹਰ ਬਰਾਮਦੇ ਵਿੱਚ ਕਮਲ ਕਿਸ਼ੋਰ ਸ਼੍ਰਮਿਕ ਖੜਾ ਸੀ ਅਤੇ ਉਸ ਨੂੰ ਆਪਣੇ ਵੱਲ ਆਉਣ ਦਾ ਸੰਕੇਤ ਕਰ ਰਿਹਾ ਸੀ। ਇਸ਼ਾਰਾ ਵੇਖ ਕੇ ਬਲਦੇਵ ਸਿੰਘ ਉਸੇ ਵੱਲ ਤੁਰ ਗਿਆ। ਸ਼੍ਰਮਿਕ ਇੱਕ ਲੇਖਕ ਅਤੇ ਕਵੀ ਸੀ ਅਤੇ ਬਾਬੂ ਪੁਰਵਾ ਵਿੱਚ ਮਕਾਨ ਨੰ. 254/1 ਵਿੱਚ ਰਹਿੰਦਾ ਸੀ। ਬਲਦੇਵ ਸਿੰਘ ਨੂੰ ਵੇਖਦੇ ਹੀ ਉਹ ਬੋਲਿਆ, “ਸ਼ੁਕਰ ਹੈ ਤੁਸੀਂ ਠੀਕ-ਠਾਕ ਹੋ ਸਰਦਾਰ ਜੀ, ਪਰ ਸਾਰੇ ਸ਼ਹਿਰ ਵਿੱਚ ਤਾਂ ਬਹੁਤ ਬੁਰਾ ਹੋ ਰਿਹਾ ਹੈ। ਇਨਸਾਨ ਇਤਨਾ ਵਹਿਸ਼ੀ ਹੋ ਸਕਦਾ ਹੈ, ਇਹ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਸਾਡੇ ਇਲਾਕੇ ਵਿੱਚ ਤਾਂ ਜੋ ਕੁੱਝ ਹੋਇਆ ਹੈ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ।” ਕਹਿੰਦਿਆਂ ਉਸ ਦੀਆਂ ਅੱਖਾਂ ਲਾਲ ਹੋ ਗਈਆਂ।
ਬਲਦੇਵ ਸਿੰਘ ਨੇ ਵੀ ਸੋਚਿਆ ਕਿ ਪਹਿਲਾਂ ਇਸ ਤੋਂ ਇਹੀ ਪਤਾ ਕੀਤਾ ਜਾਵੇ ਕਿ ਬਾਬੂ ਪੁਰਵਾ ਵਿੱਚ ਕੀ ਹਾਲਾਤ ਨੇ, ਹੁਣ ਗੱਲਬਾਤ ਕਰਨ ਵਿੱਚ ਵੀ ਉਹ ਕੰਮ ਆਉਣਗੇ। ਸੋ ਉਹ ਬੋਲਿਆ, “ਜ਼ੁਲਮ ਦੀ ਤਾਂ ਹੱਦ ਹੋ ਗਈ ਏ ਸ਼੍ਰਮਿਕ ਜੀ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਦੇ ਨਹੀਂ ਸੀ ਸੋਚਿਆ ਕਿ ਇੱਕ ਭਰਾ ਆਪਣੇ ਹੀ ਦੇਸ਼ਵਾਸੀ ਦੂਸਰੇ ਭਰਾ ਤੇ ਇੰਝ ਜ਼ੁਲਮ ਢਾਅ ਸਕਦਾ ਹੈ, …. ਜ਼ਰਾ ਮੈਨੂੰ ਬਾਬੂ ਪੁਰਵਾ ਦੇ ਹਾਲਾਤ ਤਾਂ ਦਸੋ?
“ਕੀ ਪੁਛਦੇ ਹੋ ਸਰਦਾਰ ਜੀ, ਜੋ ਕੁੱਝ ਵੇਖਿਆ ਹੈ ਧਿਆਨ ਆਉਂਦਿਆਂ ਹੀ ਰੌਂਗਟੇ ਖੜੇ ਹੋ ਜਾਂਦੇ ਹਨ” ਕਹਿਕੇ ਉਸ ਨੇ ਰੁਮਾਲ ਨਾਲ ਚਿਹਰਾ ਸਾਫ਼ ਕੀਤਾ ਤੇ ਫੇਰ ਆਪਣਾ ਅੱਖੀਂ ਵੇਖਿਆਂ ਹਾਲ ਦਸਣਾ ਸ਼ੁਰੂ ਕੀਤਾ, “ਕੱਲ ਸੁਵੇਰੇ ਬਾਬੂ ਪੁਰਵਾ ਤੇ ਕਿਦਵਾਈ ਨਗਰ ਵਿੱਚ ਲੁੱਟ ਦੀਆਂ ਛੁੱਟਪੁਟ ਵਾਰਦਾਤਾਂ ਹੋਈਆਂ, ਤੇ ਕਿਧਰੇ-ਕਿਧਰੇ ਸਿੱਖਾਂ ਨੂੰ ਫੜਕੇ ਪੱਗਾਂ ਲਾਹ ਲਈਆਂ ਤੇ ਮਾਰਿਆ ਕੁੱਟਿਆ, ਪਰ ਜਾਨ ਤੋਂ ਕਿਸੇ ਨੂੰ ਨਹੀਂ ਮਾਰਿਆ ਗਿਆ।
ਸਾਡੇ ਗੁਆਂਢ ਸ੍ਰ. ਜਸਵੰਤ ਸਿੰਘ ਜੋ ਖ਼ਾਲਸਾ ਇੰਟਰ ਕਾਲਜ ਗੋਬਿੰਦ ਨਗਰ ਦੇ ਪ੍ਰਿੰਸੀਪਲ ਸਨ, ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਪਰਿਵਾਰ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਸ੍ਰ. ਦਲੀਪ ਸਿੰਘ ਤੇ ਅਮਰਜੀਤ ਕੌਰ, ਪਤਨੀ ਮਨਜੀਤ ਕੌਰ ਦੋ ਲੜਕੀਆਂ, ਇੱਕ ਲੜਕਾ, ਛੋਟਾ ਭਰਾ ਰਣਜੀਤ ਸਿੰਘ ਰੰਧਾਵਾ ਜੋ ਕ੍ਰਿਕੇਟ ਦਾ ਬਹੁਤ ਚੰਗਾ ਖਿਡਾਰੀ ਸੀ ਤੇ ਚਾਰ ਮਹੀਨੇ ਪਹਿਲੇ ਉਸ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ ਸੀ, ਵੀ ਘਰ ਹੀ ਸਨ। ਇਨ੍ਹਾਂ ਕੋਲ ਇੱਕ ਲਾਇਸੈਂਸੀ ਬੰਦੂਕ, ਇੱਕ ਪਿਸਤੌਲ ਤੇ ਬਹੁਤ ਸਾਰੇ ਕਾਰਤੂਸ ਵੀ ਸਨ।”
‘ਸਨ’ ਲਫ਼ਜ਼ ਸੁਣ ਕੇ ਹੀ ਬਲਦੇਵ ਸਿੰਘ ਬਹੁਤ ਕੁੱਝ ਸਮਝ ਗਿਆ ਤੇ ਉਸ ਦਾ ਦਿੱਲ ਇੱਕ ਵਾਰ ਫੇਰ ਕੰਬ ਉਠਿਆ।
“ਉਫ … ਉਹ ਵਿਚਾਰੇ ਵੀ ਇਸ ਜ਼ੁਲਮ ਦੀ ਭੇਂਟ ਚੜ੍ਹ ਗਏ ਨੇ?” ਬਲਦੇਵ ਸਿੰਘ ਨੇ ਵੱਡਾ ਸਾਰਾ ਹਉਕਾ ਲੈ ਕੇ ਕਿਹਾ। ਨਾਲ ਹੀ ਉਸ ਦੀਆਂ ਅੱਖਾਂ ਵੀ ਭਰ ਆਈਆਂ। ਜੇਬ ਚੋਂ ਰੁਮਾਲ ਕੱਢ ਕੇ ਉਸ ਮੂੰਹ ਸਾਫ਼ ਕੀਤਾ ਤੇ ਉਸੇ ਤਰ੍ਹਾਂ ਦਰਦ ਭਰੇ ਲਫ਼ਜ਼ਾਂ ਵਿੱਚ ਬੋਲਿਆ, “ਸ਼੍ਰਮਿਕ ਜੀ ਜ਼ਰਾ ਵਿਸਥਾਰ ਨਾਲ ਦਸੋਂ ਸਾਰੀ ਦਾਸਤਾਨ।”
“ਜੀ! ਉਹੀ ਦੱਸਣ ਲਗਾ ਹਾਂ”, ਸ਼੍ਰਮਿਕ ਨੇ ਵੀ ਇੱਕ ਹਉਕਾ ਲੈ ਕੇ ਕਿਹਾ ਤੇ ਅਗੋਂ ਦੀ ਦਾਸਤਾਨ ਸ਼ੁਰੂ ਕੀਤੀ, “ਪਰਸੋਂ 31 ਤਾਰੀਖ ਸ਼ਾਮ ਨੂੰ ਭੀੜ ਨੇ ਉਨ੍ਹਾਂ ਦੇ ਘਰ ਵੜਕੇ ਲੁੱਟਪਾਟ ਤੇ ਅਗਜ਼ਨੀ ਕਰਨੀ ਚਾਹੀ ਕਿਉਂਕਿ ਸਭ ਲੋਕਾਂ ਨੂੰ ਪਤਾ ਸੀ ਕਿ ਉਨ੍ਹਾਂ ਕੋਲ ਬਹੁਤ ਮਾਲ ਹੈ। ਇਹ ਪਰਿਵਾਰ ਕਈ ਸਾਲਾਂ ਤੋਂ ਏਥੇ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਸੀ। ਆਸ ਪੜੋਸ ਦੇ ਹਿੰਦੂਆਂ ਨਾਲ ਇਨ੍ਹਾਂ ਦਾ ਵਿਹਾਰ ਬਹੁਤ ਚੰਗਾ ਸੀ, ਇਹ ਹਰ ਇੱਕ ਦੇ ਦੁੱਖ-ਸੁਖ ਵਿੱਚ ਸ਼ਾਮਲ ਹੁੰਦੇ ਸਨ ਤੇ ਹਮੇਸ਼ਾਂ ਸਭ ਦੀ ਮਦਦ ਕਰਦੇ ਸਨ। ਲੋਕ ਇਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ। ਜਦੋਂ ਭੀੜ ਆਈ ਤਾਂ ਆਸ-ਪੜੋਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਟਾਲ ਦਿੱਤਾ ਤੇ ਉਹ ਚਲੀ ਗਈ। ਕੁੱਝ ਪੜੋਸੀ ਹਿੰਦੂਆਂ ਪੁਲੀਸ ਨੂੰ ਇਤਲਾਹ ਦਿੱਤੀ ਨਾਲੇ ਇਨ੍ਹਾਂ ਨੂੰ ਸਲਾਹ ਵੀ ਦਿੱਤੀ ਕਿ ਘਰ ਛੱਡ ਕੇ ਥਾਣੇ ਵਿੱਚ ਪਨਾਹ ਲੈ ਲੈਣ, ਪਰ ਰੰਧਾਵਾ ਨੇ ਕਿਹਾ ਕਿ ਸਾਡੇ ਕੋਲ ਬੰਦੂਕ ਆਦਿ ਹੈ ਨੇ, ਅਸੀਂ ਆਪਣਾ ਬਚਾ ਕਰ ਲਵਾਂਗੇ, ਨਾਲੇ ਐਸੀ ਕੋਈ ਆਫਤ ਆਪਣੇ ਮੁਲਕ ਵਿੱਚ ਨਹੀਂ ਆ ਸਕਦੀ।
ਸ਼ਾਮੀ ਦੇਰ ਨਾਲ ਬਾਬੂ ਪੁਰਵਾ ਪੁਲੀਸ ਸੀ. ਓ. ਡੀ. ਦੇ ਇੱਕ ਕਰਮਚਾਰੀ ਗੁਰਬਚਨ ਸਿੰਘ ਜੋ ਰੰਧਾਵੇ ਦਾ ਭਣਵਈਆ ਵੀ ਲਗਦਾ ਸੀ, ਤੇ ਕਿਸੇ ਕੰਮ ਗੁਮਟੀ ਨੰਬਰ ਪੰਜ ਚੋਂ ਬਾਬੂ ਪੁਰਵਾ ਗਿਆ ਹੋਇਆ ਸੀ, ਨੂੰ ਵੀ ਉਨ੍ਹਾਂ ਦੇ ਘਰ ਪਹੁੰਚਾ ਆਈ ਤੇ ਆਸ਼ਵਾਸਨ ਦਿੱਤਾ ਕਿ ਡਰ ਦੀ ਕੋਈ ਗੱਲ ਨਹੀਂ, ਕੋਈ ਵੀ ਖਤਰਾ ਹੋਣ ਤੇ ਸਾਨੂੰ ਫ਼ੋਨ ਕਰ ਦੇਣਾ, ਪੁਲੀਸ ਪਹੁੰਚ ਜਾਵੇਗੀ।
ਸਾਰੀ ਰਾਤ ਜਸਵੰਤ ਸਿੰਘ ਤੇ ਰਣਜੀਤ ਸਿੰਘ ਪਹਿਰਾ ਦਿੰਦੇ ਰਹੇ। ਜਦੋਂ ਵੀ ਸੌ ਪੰਜਾਹ ਲੋਕਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਇਨ੍ਹਾਂ ਹਵਾਈ ਫ਼ਾਇਰ ਕਰਕੇ ਭਜਾ ਦਿੱਤਾ।
ਕਲ ਸਵੇਰੇ ਬਾਬੂ ਪੁਰਵਾ ਲੇਬਰ ਸੈਂਟਰ ਜਿਥੇ ਚਾਹ ਦੇ ਪੰਜ ਹੋਟਲ ਨੇ, ਮੈਂ ਚਾਹ ਪੀਣ ਗਿਆ ਤਾਂ ਗੁੰਡੇ ਕਿਸਮ ਦੇ ਬਹੁਤ ਸਾਰੇ ਮੁੰਡੇ ਬੈਠੇ ਸਨ, ਜੋ ਉਸ ਇਲਾਕੇ ਦੇ ਹੀ ਨੇ। ਏਨੇ ਵਿੱਚ ਬਾਬੂ ਪੁਰਵਾ ਚੌਕੀ ਇੰਚਾਰਜ ਮੋਟਰ ਸਾਈਕਲ ਤੇ ਆਉਂਦਾ ਦਿੱਸਿਆ ਜਿਸ ਨੂੰ ਵੇਖਦਿਆਂ ਹੀ ਗੁੰਡੇ ਛੁੱਪਣ ਲਈ ਦੌੜੇ, ਪਰ ਉਸ ਦੂਰੋਂ ਹੀ ਅਵਾਜ਼ ਦਿੱਤੀ ਕਿ ‘ਮੈਂ ਤੁਹਾਨੂੰ ਫੜਨ ਨਹੀਂ ਆਇਆ, ਸਗੋਂ ਦੱਸਣ ਆਇਆ ਹਾਂ ਕਿ ਪੰਜ ਨੰਬਰ ਗੁਮਟੀ ਚੋਂ ਕਈ ਸਿੱਖ ਨੰਗੀਆਂ ਤਲਵਾਰਾਂ ਲੈ ਕੇ ਇੱਧਰ ਆਏ ਹਨ ਤੇ ਤੁਸੀਂ ਇੰਝ ਛੁਪੇ ਬੈਠੇ ਹੋ?’ ਉਸਨੇ ਕਈ ਤਰ੍ਹਾਂ ਦੀਆਂ ਭੜਕਾਊ ਗੱਲਾਂ ਉਨ੍ਹਾਂ ਨਾਲ ਕੀਤੀਆਂ ਤੇ ਵਾਪਸ ਚਲਾ ਗਿਆ।
ਹੋਟਲ ਤੋਂ ਚਾਹ ਪੀ ਕੇ ਮੈਂ ਵਾਪਸ ਘਰ ਆਇਆ ਤਾਂ ਸਵੇਰ ਦੇ ਅੱਠ ਵਜੇ ਸਨ। ਮੇਰੇ ਇੱਕ ਮਿੱਤਰ ਪ੍ਰਭਾਕਰ ਨੇ ਦੱਸਿਆ ਕਿ ਕੁੱਝ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ਦੇ ਘਰ ਤੇ ਹਨ ਤੇ ਇਹ ਲੋਕ ਇਥੇ ਬਿਲਕੁਲ ਸੁਰੱਖਿਅਤ ਨਹੀਂ। ਨੌਂ ਵਜੇ ਦੇ ਕਰੀਬ ਕਾਫੀ ਭੀੜ ਉਨ੍ਹਾਂ ਦੇ ਘਰ ਅਗੇ ਇਕੱਠੀ ਹੋ ਗਈ ਤੇ ‘ਮਾਮਾ’ ਨਾਂ ਦੇ ਇੱਕ ਆਦਮੀਂ ਨੇ ਲੈਕਚਰ ਕੀਤਾ ਕਿ ਇਹ ਭਿੰਡਰਾਂਵਾਲੇ ਦੇ ਆਦਮੀਂ ਹਨ, ਤੇ ਬਹੁਤ ਖ਼ਤਰਨਾਕ ਹਨ, ਉਹ ਕਈ ਤਰ੍ਹਾਂ ਦੀਆਂ ਭੜਕਾਊ ਦਲੀਲਾਂ ਦੇ ਦੇ ਕੇ ਭੀੜ ਨੂੰ ਉਤੇਜਿਤ ਕਰਦਾ ਰਿਹਾ। ਸ੍ਰ. ਜਸਵੰਤ ਸਿੰਘ ਹੁਰਾਂ ਨੇ ਬਾਰ-ਬਾਰ ਪੁਲੀਸ ਸਟੇਸ਼ਨ ਤੇ ਫ਼ੋਨ ਕੀਤਾ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਪਰ ਕੋਈ ਸੁਣਵਾਈ ਨਹੀਂ ਹੋਈ।
ਭੀੜ ਨੇ ਵੱਟੇ ਮਾਰਨੇ ਤੇ ਗਾਲ੍ਹਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਭੀੜ ਵਧਦੀ ਹੀ ਗਈ ਤੇ ਸ਼ਾਮ ਤਿੰਨ ਵਜੇ ਤੱਕ ਇਹ ਹੁੱਲੜਬਾਜੀ ਹੁੰਦੀ ਰਹੀ। ਮੁਹੱਲੇ ਦੇ ਕਿਸੇ ਬੰਦੇ ਨੇ ਮਦਦ ਨਹੀਂ ਕੀਤੀ, ਕਿਉਂਕਿ ਐਨੀ ਭੀੜ ਤੇ ਗੁੰਡਿਆਂ ਅਗੇ ਉਹ ਬੇਬੱਸ ਮਹਿਸੂਸ ਕਰ ਰਹੇ ਸਨ।
ਇਕ ਮੁੰਡਾ ਨਾਲ ਦੇ ਦਰਖਤ ਤੇ ਚੜ੍ਹਿਆ ਤੇ ਗੁੰਡਿਆਂ ਨੂੰ ਇਸ਼ਾਰੇ ਕਰਕੇ ਦਸ ਰਿਹਾ ਸੀ ਕਿ ਇਧਰੋਂ ਹਮਲਾ ਕਰੋ, ਜਿਸ ਨੂੰ ਇਨ੍ਹਾਂ ਗੋਲੀ ਮਾਰੀ ਤੇ ਉਹ ਹੇਠਾਂ ਡਿੱਗ ਕੇ ਮਰ ਗਿਆ, ਇਸ ਤੇ ਭੀੜ ਹੋਰ ਵੀ ਗੁੱਸੇ ਵਿੱਚ ਆ ਗਈ। ਇਨ੍ਹਾਂ ਦੇ ਬਹੁਤ ਮਜ਼ਬੂਤ ਗੇਟ ਸਨ, ਲੋਹੇ ਦੇ ਸਰੀਏ ਤੇ ਸੱਬਲ ਮਾਰ ਮਾਰ ਕੇ ਗੇਟ ਤੋੜ ਦਿੱਤੇ ਤੇ ਸਾਰਾ ਸਮਾਨ ਲੁੱਟਣਾ ਸ਼ੁਰੂ ਕਰ ਦਿੱਤਾ। ਇਹ ਲੋਕ ਪਿਛਲੇ ਪਾਸਿਉਂ ਟੱਪ ਕੇ ਮੁਸਲਮਾਨ ਗੁਆਂਢੀਆਂ ਦੇ ਘਰ ਗਏ, ਪਰ ਭੀੜ ਨੇ ਉਨ੍ਹਾਂ ਤੇ ਦਬਾਅ ਪਾਇਆ ਕਿ ਬਾਹਰ ਕੱਢੋ ਨਹੀਂ ਤਾਂ ਤੁਹਾਨੂੰ ਵੀ ਮਾਰ ਦਿਆਂਗੇ।
ਸਾਢੇ ਤਿੰਨ ਵਜੇ ਇਹ ਤਿੰਨੇ ਨੌਜੁਆਨ ਆਪਣੇ ਪਿਤਾ ਦਲੀਪ ਸਿੰਘ ਜੋ ਸੱਤਰ ਸਾਲ ਦੇ ਬਜ਼ੁਰਗ ਸਨ ਨੂੰ ਘੇਰ ਕੇ ਹਵਾਈ ਫ਼ਾਇਰ ਕਰਦੇ ਹੋਏ ਬਾਹਰ ਨਿਕਲੇ ਕਿ ਕਿਸੇ ਤਰ੍ਹਾਂ ਭੀੜ ਚੋਂ ਬਚ ਕੇ ਥਾਣੇ ਤਕ ਪਹੁੰਚ ਜਾਈਏ। ਥਾਣਾ ਇਨ੍ਹਾਂ ਦੇ ਘਰ ਦੇ ਬਿਲਕੁਲ ਨੇੜੇ ਹੀ ਹੈ। ਇਹ ਅਜੇ ਅੱਗੇ ਵਧੇ ਹੀ ਸਨ ਕਿ ਅੱਠ-ਦਸ ਗੁੰਡਿਆਂ ਨੇ ਘੇਰ ਲਿਆ, ਦੋ ਚਾਰ ਦੇ ਪੈਰਾਂ ਵਿੱਚ ਇਨ੍ਹਾਂ ਗੋਲੀਆਂ ਵੀ ਮਾਰੀਆਂ, ਪਰ ਹੋਰ ਲੋਕੀ ਨਾਲ ਸ਼ਾਮਲ ਹੋ ਗਏ ਤੇ ਉਨ੍ਹਾਂ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ, ਹਥਿਆਰ ਖੋਹ ਲਏ ਤੇ ਡੰਡੇ, ਲਾਠੀਆਂ ਜੋ ਵੀ ਹੱਥ ਆਇਆ ਉਸ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਘੇਰਨ ਵਾਲੇ ਅੱਠ ਦਸ ਹੀ ਗੁੰਡੇ ਸਨ ਜੋ ਸਾਡੇ ਮੁਹੱਲੇ ਦੇ ਨਹੀਂ ਸਨ। ਬਾਕੀ ਸਭ ਲੋਕ ਇਹ ਸਭ ਹੁੰਦਾ ਵੇਖਦੇ ਰਹੇ, ਪਰ ਕਈ ਲੋਕ ਵਿੱਚ ਐਸੇ ਵੀ ਸਨ ਜਿਨ੍ਹਾਂ ਦਾ ਇਹ ਸਭ ਵੇਖਕੇ ਰੋਣਾ ਨਿਕਲ ਗਿਆ। ਦਲੀਪ ਸਿੰਘ ਲੋਕਾਂ ਨੂੰ ਕਹਿੰਦੇ ਰਹੇ ਕਿ ‘ਸਾਨੂੰ ਵੀ ਤਾਂ ਪ੍ਰਧਾਨ ਮੰਤਰੀ ਦੇ ਮਰਨ ਦਾ ਬਹੁਤ ਦੁੱਖ ਹੈ, ਸਾਡਾ ਕੋਈ ਕਸੂਰ ਨਹੀਂ, ਸਾਨੂੰ ਛੱਡ ਦਿਓ। ਫਿਰ ਉਨ੍ਹਾਂ ਪੱਗ ਵੀ ਗੁੰਡਿਆਂ ਦੇ ਪੈਰਾਂ ਤੇ ਸੁੱਟੀ ਕਿ ਮੈਨੂੰ ਮਾਰ ਲਉ, ਪਰ ਮੇਰੇ ਪੁੱਤਰਾਂ ਨੂੰ ਕੁੱਝ ਨਾ ਆਖੋ।’ ਪਰ ਉਨ੍ਹਾਂ ਅੱਠ-ਦਸ ਗੁੰਡਿਆਂ ਨੇ ਇਨ੍ਹਾਂ ਚਾਰਾਂ ਨੂੰ ਇੰਝ ਕੁੱਟਿਆ ਕਿ ਪਾਟੇ ਹੋਏ ਕਪੜੇ ਵਾਂਗ ਸੜਕ ਤੇ ਵਿਛਾ ਦਿੱਤਾ। ਉਨ੍ਹਾਂ ਦੇ ਮੂੰਹ ਚਿੱਥੇ ਗਏ ਤੇ ਕਿਸੇ ਦੀ ਸ਼ਕਲ ਵੀ ਪਛਾਣੀ ਨਹੀਂ ਸੀ ਜਾ ਸਕਦੀ।” ਕਹਿੰਦਿਆਂ ਸ਼੍ਰਮਿਕ ਨੇ ਵੱਡਾ ਸਾਰਾ ਹਉਕਾ ਲਿਆ ਤੇ ਨਾਲ ਹੀ ਬਲਦੇਵ ਸਿੰਘ ਦੀ ਵੀ ਭਾਰੀ ਸਿਸਕੀ ਨਿਕਲੀ ਤੇ ਨਾਲ ਹੀ ਆਪ ਮੁਹਾਰੇ ਮੂੰਹੋਂ ਨਿਕਲਿਆ, “ਵਾਹਿਗੁਰੂ, … ਵਾਹਿਗੁਰੂ।”
“ਵੈਸੇ ਸਰਦਾਰ ਜੀ, ਇਨ੍ਹਾਂ ਲੋਕਾਂ ਕੋਲ ਇਤਨਾ ਅਸਲਾ ਸੀ ਕਿ ਚਾਹੁੰਦੇ ਤਾਂ ਸੌ ਪੰਜਾਹ ਲੋਕਾਂ ਨੂੰ ਉਥੇ ਹੀ ਢੇਰ ਕਰ ਦੇਂਦੇ, ਪਰ ਉਹ ਸਿਰਫ਼ ਹਵਾਈ ਫ਼ਾਇਰ ਹੀ ਕਰਦੇ ਰਹੇ।” ਸ਼੍ਰਮਿਕ ਨੇ ਬੜਾ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ।
“ਹਾਂ ਸ਼੍ਰਮਿਕ ਜੀ, ਇਸ ਹਾਲਾਤ ਵਿੱਚ ਵੀ ਉਨ੍ਹਾਂ ਤਾਂ ਮਨੁੱਖਤਾ ਦਾ ਲੜ ਨਹੀਂ ਛੱਡਿਆ, ਪਰ ਸ਼ਾਇਦ ਉਹ ਇਹ ਨਹੀਂ ਸਮਝ ਸਕੇ ਕਿ ਉਨ੍ਹਾਂ ਦਾ ਵਾਸਤਾ ਹੈਵਾਨਾਂ ਨਾਲ ਪਿਆ ਹੈ”, ਬਲਦੇਵ ਸਿੰਘ ਨੇ ਠੰਡਾ ਹਉਕਾ ਲੈ ਕੇ ਕਿਹਾ। ਇੱਕ ਵਾਰੀ ਫੇਰ ਰੁਮਾਲ ਕੱਢ ਕੇ ਅੱਖਾਂ ਅਤੇ ਚਿਹਰਾ ਸਾਫ ਕੀਤਾ ਤੇ ਬੋਲਿਆ, “ਸ਼੍ਰਮਿਕ ਜੀ ਪੂਰੀ ਗੱਲ ਸੁਣਾਓ।”
ਸ਼੍ਰਮਿਕ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਫੇਰ ਬੋਲਣਾ ਸ਼ੁਰੂ ਕੀਤਾ, “ਸਰਦਾਰ ਜੀ, ਉਹ ਹਾਲੀ ਧੜਕ ਹੀ ਰਹੇ ਸਨ ਕਿ ਇੱਕ ਤੋਂ ਬਾਅਦ ਇੱਕ ਨੂੰ ਚੁੱਕ ਕੇ ਇੱਕ ਦੂਜੇ ਦੇ ਉਤੇ ਸੜਕ ਦੇ ਵਿਚਕਾਰ ਢੇਰ ਲਾ ਦਿੱਤਾ, ਉਨ੍ਹਾਂ ਉਤੇ ਘਰ ਦਾ ਟੁੱਟਾ ਭੱਜਾ ਫ਼ਰਨੀਚਰ ਤੇ ਹੋਰ ਸਮਾਨ ਜੋ ਉਨ੍ਹਾਂ ਦੇ ਕੰਮ ਦਾ ਨਹੀਂ ਸੀ ਸੁੱਟ ਦਿੱਤਾ, ਪੈਟ੍ਰੋਲ ਤੇ ਤੇਲ ਪਾ ਕੇ ਅੱਗ ਲਾ ਦਿੱਤੀ। ਅੱਗ ਅਸਮਾਨ ਛੂਹਣ ਲਗੀ ਤੇ ਪੰਦਰਾਂ ਮਿੰਟਾਂ ਵਿੱਚ ਸਾਰੀ ਖੇਡ ਖ਼ਤਮ ਹੋ ਗਈ। ਏਨੇ ਨੂੰ ਆਰਮੀਂ ਅਤੇ ਪੁਲੀਸ ਦੀਆਂ ਗੱਡੀਆਂ ਆਈਆਂ ਤੇ ਕਰਫਿਊ ਦਾ ਐਲਾਨ ਕੀਤਾ ਗਿਆ। ਪੁਲੀਸ ਨੇ ਅੱਗ ਤਾਂ ਬੁਝਾਈ, ਪਰ ਅੱਧਸੜੀਆਂ ਲਾਸ਼ਾਂ ਉਵੇਂ ਹੀ ਪਈਆਂ ਰਹਿਣ ਦਿੱਤੀਆਂ।
ਅੱਜ ਸਵੇਰੇ ਮੈਂ ਵੇਖਿਆ ਕਿ ਪੂਰੀ ਸੜਕ ਸੁੰਨਸਾਨ ਸੀ, ਪਰ ਸੂਰ ਉਹ ਚਾਰੇ ਲਾਸ਼ਾਂ ਧ੍ਰੀਕ ਰਹੇ ਸਨ ਤੇ ਖਾ ਰਹੇ ਸਨ। ਜਿੱਥੇ ਉਨ੍ਹਾਂ ਨੂੰ ਕੁੱਟਿਆ ਗਿਆ ਸੀ ਉਸ ਥਾਂ ਦੀ ਮਿੱਟੀ ਤਿੰਨ-ਚਾਰ ਇੰਚ ਤਕ ਡੂੰਘੀ ਪੁੱਟ ਕੇ ਸੂਰ ਖਾ ਗਏ ਕਿਉਂਕਿ ਉਸ ਵਿੱਚ ਉਨ੍ਹਾਂ ਦਾ ਲਹੂ ਮਿਲਿਆ ਹੋਇਆ ਸੀ। ਉਥੇ ਪੂਰਾ ਟੋਇਆ ਬਣ ਗਿਆ ਹੈ।
ਮਨਜੀਤ ਕੌਰ ਤੇ ਸੁਰਿੰਦਰ ਕੌਰ ਨੂੰ ਘਰ ਤੋਂ ਬਾਹਰ ਖਿੱਚ ਲਿਆ ਗਿਆ ਤੇ ਉਨ੍ਹਾਂ ਦੇ ਕਪੜੇ ਪਾੜ ਦਿੱਤੇ ਗਏ। ਗੁਆਂਢੀਆਂ ਨੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੋਹਾਂ ਤੇ ਬਾਕੀ ਟੱਬਰ ਨੂੰ ਬਚਾਇਆ ਤੇ ਬਾਬੂ ਪੁਰਵੇ ਥਾਣੇ ਭੇਜ ਦਿੱਤਾ। ਅਧਸੜੀਆਂ ਤੇ ਸੂਰਾਂ ਦੀਆਂ ਖਾਧੀਆਂ ਬਚੀਆਂ ਖੁਚੀਆਂ ਲਾਸ਼ਾਂ ਥਾਣੇ ਲਿਆਂਦੀਆਂ ਗਈਆਂ ਤੇ ਘਰ ਵਾਲਿਆਂ ਨੂੰ ਸ਼ਨਾਖਤ ਲਈ ਬੁਲਾਇਆ ਗਿਆ। ਲਾਸ਼ਾਂ ਦੀ ਇਹ ਦੁਰਦਸ਼ਾ ਵੇਖ ਕੇ ਦੋਹਾਂ ਔਰਤਾਂ ਨੇ ਥਾਣੇ ਦੇ ਤਿਮੰਜ਼ਲੇ ਤੋਂ ਹੇਠਾਂ ਛਾਲਾਂ ਮਾਰ ਦਿੱਤੀਆਂ। ਮੈਂ ਹੁਣੇ ਉਰਸਿਲਾ ਹਸਪਤਾਲ ਤੋਂ ਹੀ ਪਤਾ ਕਰ ਕੇ ਆਇਆ ਹਾਂ। ਮਨਜੀਤ ਕੌਰ ਦੀ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਤੇ ਸੁਰਿੰਦਰ ਕੌਰ ਦੀ ਰੀੜ ਦੀ ਹੱਡੀ ਟੁੱਟ ਗਈ ਹੈ। ਉਰਸਿਲਾ ਹਸਪਤਾਲ ਦੇ ਡਾ. ਪਾਂਡੇ ਨੇ ਉਸ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਹੈ ਅਤੇ ਹੋਰ ਕਿਸੇ ਨੂੰ ਵੀ ਨਹੀਂ ਕਰਨ ਦੇ ਰਿਹਾ। ਉਹ ਕਹਿੰਦਾ ਹੈ ਕਿ ਅਸੀਂ ਵੀ ਤਾਂ ਹਿੰਦੂ ਹਾਂ।”
ਪਤਾ ਨਹੀ ਸ਼੍ਰਮਿਕ ਦੀ ਗੱਲ ਖਤਮ ਹੋ ਗਈ ਸੀ ਯਾ ਉਸ ਕੋਲੋਂ ਹੋਰ ਬੋਲਣਾ ਔਖਾ ਹੋ ਗਿਆ ਸੀ, ਉਸ ਦੀ ਅਵਾਜ਼ ਬੰਦ ਹੋ ਗਈ ਅਤੇ ਉਸ ਨੇ ਮੂੰਹ ਨੀਵਾਂ ਪਾ ਲਿਆ, ਜਿਵੇਂ ਉਸ ਨੂੰ ਸ਼ਰਮ ਆ ਰਹੀ ਸੀ ਕਿ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਐਸੇ ਗ਼ੈਰਮਨੁੱਖੀ ਕਰਮਾਂ ਨਾਲ ਹਿੰਦੂ ਕੌਮ ਨੂੰ ਕਿਤਨਾ ਨੀਵਾਂ ਕਰ ਦਿੱਤਾ ਗਿਆ ਹੈ।
ਬਲਦੇਵ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਇੱਕ ਵੱਡਾ ਹਉਕਾ ਲੈ ਕੇ ਬੋਲਿਆ, “ਸ਼੍ਰਮਿਕ ਜੀ ਮੈਂ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ। ਸਾਡੇ ਵਾਂਗੂੰ ਇਹ ਵੀ ਪਾਕਿਸਤਾਨ ਤੋਂ ਉਜੜ ਕੇ ਆਏ ਸਨ। ਇਨ੍ਹਾਂ ਦੀ ਨਾਨੇਵਾਲ ਜ਼ਿਲਾ ਸਿਆਲਕੋਟ ਵਿੱਚ ਬਹੁਤ ਵੱਡੀ ਜ਼ਿਮੀਦਾਰੀ ਸੀ ਪਰ ਉਥੋਂ ਟੁਰਨ ਲੱਗਿਆਂ ਇਨ੍ਹਾਂ ਬੱਚਿਆਂ ਨੂੰ ਪਾਣੀ ਪਿਲਾਉਣ ਲਈ ਸਿਰਫ ਇੱਕ ਕਟੋਰਾ ਹੀ ਚੁੱਕਿਆ ਸੀ। ਇਨ੍ਹਾਂ ਦੇ ਸਾਰੇ ਪਰਿਵਾਰ ਨੇ ਇਥੇ ਕਾਨਪੁਰ ਵਿੱਚ ਬੜੀ ਮਿਹਨਤ ਕੀਤੀ ਤੇ ਲੱਖਾਂ ਰੁਪਏ ਕਮਾਏ ਤੇ ਸ਼ਾਨਦਾਰ ਰਿਹਾਇਸ਼ ਬਣਾਈ। … ਪਤਾ ਨਹੀਂ ਹੁਣ ਉਨ੍ਹਾਂ ਦੇ ਬੱਚਿਆਂ ਕੋਲ ਇੱਕ ਕਟੋਰਾ ਵੀ ਬਚਿਆ ਹੈ ਕਿ ਨਹੀਂ?” ਕਹਿੰਦਿਆਂ ਇੱਕ ਵਾਰੀ ਫੇਰ ਬਲਦੇਵ ਸਿੰਘ ਦਾ ਹਉਕਾ ਨਿਕਲ ਗਿਆ।
“ਸਰਦਾਰ ਜੀ! ਮੈਂ ਤਾਂ ਆਪ ਬਹੁਤ ਦੁਖੀ ਹਾਂ ਕਿ ਦੇਸ਼ ਵਿੱਚ ਐਸਾ ਮਹੌਲ ਬਣਾ ਦਿੱਤਾ ਗਿਆ ਹੈ ਕਿ ਜਿਹੜੇ ਕੱਲ ਤੱਕ ਆਪਣੇ ਆਪ ਨੂੰ ਭਰਾ ਕਹਿੰਦੇ ਸੀ, ਅੱਜ ਇੱਕ ਵੱਡਾ ਭਰਾ ਛੋਟੇ ਭਰਾ ਤੇ ਇੰਝ ਜ਼ੁਲਮ ਢਾਹ ਰਿਹੈ। ਮਰਦ ਤਾਂ ਮਰਦ, ਔਰਤਾਂ ਅਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਇੰਝ ਕੋਹ ਕੋਹ ਕੇ ਮਾਰ ਰਹੇ ਨੇ …। ਤੁਹਾਨੂੰ ਮੇਜਰ ਮਹਿੰਦਰ ਸਿੰਘ ਸਿੱਧੂ ਬਾਰੇ ਤਾਂ ਪਤਾ ਲੱਗ ਹੀ ਗਿਆ ਹੋਣਾ ਹੈ?” ਸ਼੍ਰਮਿਕ ਨੇ ਆਪਣੇ ਆਪ ਨੂੰ ਕੁੱਝ ਸੰਭਾਲਦੇ ਹੋਏ ਕਿਹਾ।
“ਨਹੀਂ ਸ਼੍ਰਮਿਕ ਜੀ ਦੋ ਦਿਨਾਂ ਤੋਂ ਤਾਂ ਅਸੀਂ ਆਪ ਅੰਦਰ ਡੱਕੇ ਹੋਏ ਸਾਂ। ਇਹ ਤਾਂ ਹੁਣ ਚੌਧਰੀ ਸਾਬ੍ਹ ਲੈ ਕੇ ਆਏ ਨੇ ਕਿ ਰੱਲ ਕੇ ਸ਼ਾਂਤੀ ਲਈ ਅਪੀਲ ਕਰਦੇ ਹਾਂ ਜਿਸ ਨਾਲ ਇਸ ਜ਼ੁਲਮ ਨੂੰ ਕੁੱਝ ਠੱਲ ਪਵੇ। ਮੈਨੂੰ ਤਾਂ ਬਸ ਉਹੀ ਕੁੱਝ ਪਤਾ ਲਗਦਾ ਰਿਹੈ ਜੋ ਕੋਈ ਟੈਲੀਫੋਨ ਤੇ ਦਸਦਾ ਰਿਹੈ। ਕਿਰਪਾ ਕਰ ਕੇ ਤੁਸੀਂ ਮੇਜਰ ਸਾਬ੍ਹ ਬਾਰੇ ਵੀ ਦਸ ਦਿਓ।” ਬਲਦੇਵ ਸਿੰਘ ਨੇ ਤਰਲਾ ਮਾਰਦੇ ਹੋਏ ਕਿਹਾ।
“ਕਾਹਦੀ ਸ਼ਾਂਤੀ ਅਪੀਲ ਸਰਦਾਰ ਜੀ? ਮੈਨੂੰ ਤਾਂ ਜਾਪਦੈ ਇਹ ਨਵਾਂ ਡਰਾਮਾ ਹੋਣ ਲਗੈ। ਇਹੀ ਲੋਕ ਤਾਂ ਹੁਣ ਤੱਕ ਅਗੇ ਹੋਕੇ ਸਿੱਖਾਂ ਦੀ ਲੁੱਟਮਾਰ ਅਤੇ ਕਤਲੇ ਆਮ ਕਰਾਉਂਦੇ ਰਹੇ ਨੇ ਤੇ ਹੁਣ ਉਹ ਸ਼ਾਂਤੀ ਦੀਆਂ ਗੱਲਾਂ ਕਰ ਰਹੇ ਨੇ। … ਖ਼ੈਰ ਤੁਸੀਂ ਜਾਣਦੇ ਹੀ ਹੋਵੋਗੇ ਕਿ ਮੇਜਰ ਮਹਿੰਦਰ ਸਿੰਘ ਸਿੱਧੂ ਕਿਦਵਾਈ ਨਗਰ ਵਿੱਚ ਰਹਿੰਦਾ ਸੀ ਅਤੇ ਭਾਰਤ ਪਾਕ ਯੁੱਧ ਵਿੱਚ ਬਹਾਦਰੀ ਦੇ ਕਾਰਨਾਮੇ ਵਿਖਾਉਣ `ਤੇ ਉਸ ਨੂੰ ‘ਵਾਰ ਹੀਰੋ’ ਕਿਹਾ ਗਿਆ ਸੀ”, ਸ਼੍ਰਮਿਕ ਨੇ ਅਗਲੀ ਦਾਸਤਾਨ ਸ਼ੁਰੂ ਕੀਤੀ।
“ਹਾਂ ਸ਼੍ਰਮਿਕ ਜੀ! ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਲੜਾਈ ਵਿੱਚ ਹੀ ਗੋਲੀ ਲਗਣ ਨਾਲ ਉਨ੍ਹਾਂ ਦੀ ਇੱਕ ਅੱਖ ਖ਼ਰਾਬ ਹੋ ਗਈ ਸੀ ਤੇ ਉਨ੍ਹਾਂ ਨੂੰ ਕਰਨਲ ਦਾ ਰੈਂਕ ਦੇ ਕੇ ਰਿਟਾਇਰਮੈਂਟ ਮਿਲ ਗਈ ਸੀ। ਅਸਲ ਵਿੱਚ ਉਸ ਦੇ ਬਹਾਦਰੀ ਦੇ ਇਨਾਮ ਵਜੋਂ ਹੀ ਸਰਕਾਰ ਨੇ ਉਨ੍ਹਾਂ ਨੂੰ ਪੈਟਰੋਲ ਦਾ ਕੋਟਾ ਦੇ ਦਿੱਤਾ ਸੀ। ਆਹ ਪੰਜ ਕੁ ਸਾਲ ਪਹਿਲਾਂ ਹੀ ਤਾਂ ਉਨ੍ਹਾਂ ਬਹੁਤ ਵੱਡੀ ਅਤੇ ਸ਼ਾਨਦਾਰ ਕੋਠੀ ਬਣਾਈ ਸੀ। ਉਸਦੇ ਅਗਲੇ ਹਿੱਸੇ ਵਿੱਚ ਟੈਂਕਰਾਂ ਨੂੰ ਖੜਾ ਕਰਨ ਦੀ ਜਗ੍ਹਾ ਤੇ ਤੇਲ ਦੇ ਗੁਦਾਮ ਬਣਵਾਏ ਸਨ, ਉਨ੍ਹਾਂ ਤਾਂ ਆਪਣੀ ਫਰਮ ਦਾ ਨਾਂ ਵੀ ‘ਵਾਰ ਹੀਰੋ ਆਇਲ ਕੰਪਨੀ’ ਰੱਖਿਆ ਹੋਇਆ ਸੀ ਤੇ ਆਪਣੇ ਦਫ਼ਤਰ ਵਿੱਚ ਇੰਦਰਾ ਗਾਂਧੀ ਦੀਆਂ ਵੱਡੀਆਂ ਵੱਡੀਆਂ ਫੋਟੋ ਲਾਈਆਂ ਹੋਈਆਂ ਸਨ”, ਬਲਦੇਵ ਸਿੰਘ ਨੇ ਉਸ ਦੀ ਗੱਲ ਦੀ ਪ੍ਰੋੜਤਾ ਕਰਦੇ ਹੋਏ ਆਪਣੀ ਜਾਣਕਾਰੀ ਸਾਂਝੀ ਕੀਤੀ।
“ਹਾਂ ਬਲਦੇਵ ਸਿੰਘ ਜੀ, ਬਿਲਕੁਲ ਉਹੀ। ਇੰਦਰਾ ਗਾਂਧੀ ਦੀ ਹਤਿਆ ਦਾ ਸੁਣਕੇ ਉਸ ਨੂੰ ਇਤਨਾ ਦੁੱਖ ਹੋਇਆ ਕਿ ਉਸੇ ਵੇਲੇ ਦਿੱਲੀ ਉਸ ਦੇ ਦਰਸ਼ਨਾਂ ਲਈ ਜਾਣ ਦੀ ਤਿਆਰੀ ਕਰ ਲਈ। ਪਰਸੋਂ 31 ਅਕਤੂਬਰ ਸ਼ਾਮੀ ਪੰਜ ਸਾਢੇ ਪੰਜ ਵਜੇ ਦਾ ਵਕਤ ਸੀ ਜਿਸ ਵੇਲੇ ਸੱਠ ਸੱਤਰ ਲੋਕਾਂ ਦੀ ਭੀੜ ਇੰਦਰਾ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੀ ਉਨ੍ਹਾਂ ਦੇ ਘਰ ਆਈ। ਭੀੜ ਦਾ ਅਗਵਾਈ ਕਰਨ ਵਾਲਾ ਨੇਤਾ ਰੋਜ਼ ਕਰਨਲ ਨਾਲ ਬੈਠ ਕੇ ਚਾਹ ਪੀਣ ਵਾਲਾ ਬੰਦਾ ਹੀ ਸੀ। ਉਹ ਭੀੜ ਨੂੰ ਭੜਕਾ ਰਿਹਾ ਸੀ। ਕਰਨਲ ਸਾਬ੍ਹ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਨੇਤਾ ਨੇ ਭੀੜ ਨੂੰ ਨਾਅਰੇ ਦਿੱਤੇ “ਜਿਸ ਹਿੰਦੂ ਕਾ ਖ਼ੂਨ ਨਾ ਖੌਲਾ, ਖ਼ੂਨ ਨਹੀਂ ਵੁਹ ਪਾਨੀ ਹੈ”, ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ” ਤੇ ਇਹਦੇ ਨਾਲ ਹੀ ਭੀੜ ਨੇ ਕੋਠੀ ਤੇ ਪੱਥਰਬਾਜੀ ਸ਼ੁਰੂ ਕਰ ਦਿੱਤੀ।
ਮਹਿੰਦਰ ਸਿੰਘ ਨੇ ਦੋ ਹਵਾਈ ਫ਼ਾਇਰ ਕੀਤੇ ਤੇ ਦੰਗਾਈ ਦੌੜ ਗਏ। ਕਰਨਲ ਸਾਬ੍ਹ ਨੇ ਕਾਨਪੁਰ ਪੁਲੀਸ ਕੰਟ੍ਰੋਲ ਰੂਮ ਵਿੱਚ ਫੋਨ ਕਰ ਕੇ ਸਾਰੇ ਹਾਲਾਤ ਦਸੇ ਤੇ ਮਦਦ ਲਈ ਫੋਰਸ ਮੰਗੀ। ਇੱਕ ਘੰਟੇ ਪਿਛੋਂ ਪੀ. ਏ. ਸੀ. ਦੇ ਅੱਠ ਜੁਆਨ ਆਏ ਤੇ ਸਾਰੀ ਰਾਤ ਪਹਿਰੇ ਤੇ ਰਹੇ। ਕੱਲ ਸਵੇਰੇ ਸਾਢੇ ਨੌਂ ਵਜੇ ਦੋ ਢਾਈ ਸੌ ਦੀ ਭੜਕੀ ਹੋਈ ਭੀੜ ਲੈ ਕੇ ਨੇਤਾ ਜੀ ਫੇਰ ਆ ਧਮਕੇ ਤੇ ਪੀ. ਏ. ਸੀ. ਦੀ ਮੌਜੂਦਗੀ ਵਿੱਚ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇੱਕ ਦੋ ਲਾਠੀਆਂ ਜ਼ਮੀਨ `ਤੇ ਪਟਕਣ ਤੋਂ ਬਾਅਦ ਪੀ. ਏ. ਸੀ ਦੇ ਜੁਆਨ ਚੁਪਚਾਪ ਇੱਕ ਪਾਸੇ ਖੜੇ ਹੋ ਕੇ ਤਮਾਸ਼ਾ ਵੇਖਣ ਲਗੇ। ਕਰਨਲ ਮਹਿੰਦਰ ਸਿੰਘ ਨੇ ਛੱਤ `ਤੇ ਖੜੇ ਹੋ ਕੇ ਆਤਮ ਰੱਖਿਆ ਲਈ ਹਵਾਈ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ, ਪਰ ਇਸਦੇ ਬਾਵਜੂਦ ਵੀ ਭੀੜ ਵਧਣੀ ਸ਼ੁਰੂ ਹੋ ਗਈ। ਸਾਢੇ ਬਾਰ੍ਹਾਂ ਵਜੇ ਦੇ ਕਰੀਬ ਪੀ. ਏ. ਸੀ. ਵਾਲੇ ਉਥੋਂ ਖਿਸਕ ਗਏ। ਕਈ ਵਾਰ ਫ਼ੋਨ ਕਰਨ ਤੋਂ ਬਾਅਦ ਡੇਢ ਵਜੇ ਪੁਲੀਸ ਤੇ ਪੀ. ਏ. ਸੀ. ਦੀਆਂ ਤਿੰਨ ਗਡੀਆਂ ਆਈਆਂ, ਪਰ ਨੇਤਾਵਾਂ ਨੇ ਪੁਲੀਸ ਨਾਲ ਗੰਢ ਤ੍ਰੁੱਪ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ।
ਪੁਲੀਸ ਦੇ ਹਟਦਿਆਂ ਹੀ ਭੀੜ ਨੇ ‘ਵਾਰ ਹੀਰੋ ਆਇਲ ਕੰਪਨੀ’ ਦਾ ਸ਼ਟਰ ਤੋੜ ਕੇ ਸਾਰਾ ਸਮਾਨ ਲੁੱਟ ਲਿਆ ਤੇ ਫ਼ਰਨੀਚਰ ਨੂੰ ਅੱਗ ਲਾ ਦਿੱਤੀ। ਕਰਨਲ ਨੇ ਕਈ ਗੋਲੀਆਂ ਜ਼ਮੀਨ `ਤੇ ਚਲਾ ਕੇ ਗੇਟ ਤੋੜ ਰਹੀ ਭੀੜ ਨੂੰ ਨਸਾਉਣਾ ਚਾਹਿਆ, ਪਰ ਸਭ ਵਿਅਰਥ ਸੀ। ਬਾਰ ਬਾਰ ਫ਼ੋਨ ਕਰਨ ਤੇ ਸ਼ਾਮੀਂ ਚਾਰ ਵਜੇ ਡੀ. ਐਮ. ਬ੍ਰਿਜਿੰਦਰ ਤਿੰਨ ਟਰਕ ਫ਼ੌਜੀ ਜੁਆਨਾਂ ਦੇ ਭਰਕੇ ਆ ਗਏ ਤੇ ਜੁਆਨਾਂ ਮੋਰਚਾ ਲਾ ਲਿਆ। ਭੀੜ ਦੂਰ ਹੱਟ ਗਈ। ਡੀ. ਐਮ. ਨੇ ਛੱਤ `ਤੇ ਖੜੇ ਕਰਨਲ ਨੂੰ ਅਵਾਜ਼ ਦਿੱਤੀ ਕਿ ਪਰਿਵਾਰ ਸਮੇਤ ਹੇਠਾਂ ਆ ਜਾਣ, ਪਰ ਮਹਿੰਦਰ ਸਿੰਘ ਨੇ ਕਿਹਾ ਕਿ ਗੱਡੀ ਨੂੰ ਗੇਟ ਕੋਲ ਲੈ ਆਉ, ਤੇ ਕੁੱਝ ਜੁਆਨਾਂ ਨਾਲ ਉਪਰ ਆ ਕੇ ਸਾਨੂੰ ਸੁਰੱਖਿਅਤ ਹੇਠਾਂ ਲੈ ਜਾਉ। ਪਰ ਸ੍ਰੀ ਬਰਜਿੰਦਰ ਉਤੇ ਨਹੀਂ ਗਏ ਸਗੋਂ ਫ਼ੌਜ ਨੂੰ ਲੈ ਕੇ ਵਾਪਸ ਚਲੇ ਗਏ।
ਉਸੇ ਵੇਲੇ ਸ਼ਿਵਨਾਥ ਸਿੰਘ ਕੁਸ਼ਵਾਹਾ ਦੇ ਭਤੀਜੇ ਰਾਘਵੇਂਦਰ ਨੇ ਦੋ ਬਸਾਂ ਭਰਕੇ ਪੇਸ਼ੇਵਰ ਅਪਰਾਧੀ ਤੇ ਮੰਨੇ ਹੋਏ ਡਾਕੂਆਂ ਦੀਆਂ ਲਿਆਂਦੀਆਂ। ਉਹ ਬੰਗਲੇ ਦੀ ਪਿਛਲੀ ਕੰਧ ਤੋੜ ਦਿੱਤੀ ਤੇ ਗੁਆਂਢੀਆਂ ਦੇ ਕੋਠੇ ਤੋਂ ਛਾਲਾਂ ਮਾਰਕੇ ਕੋਠੀ ਵਿੱਚ ਦਾਖਲ ਹੋ ਗਏ। ਇਨ੍ਹਾਂ ਲੋਕਾਂ ਕੋਲ ਰਾਈਫਲਾਂ, ਪਿਸਤੌਲਾਂ, ਬਰਛੀਆਂ, ਭਾਲੇ, ਤਲਵਾਰਾਂ ਤੇ ਹੱਥ ਗੋਲੇ ਸਨ। ਮਹਿੰਦਰ ਸਿੰਘ ਕੋਲ ਅਸਲਾ ਖ਼ਤਮ ਹੋ ਗਿਆ ਤਾਂ ਉਹ ਰਿਵਾਲਵਰ ਲੈ ਕੇ ਹੇਠਾਂ ਉਤਰ ਆਏ। ਕੁੱਝ ਦੂਰ ਤੱਕ ਤਾਂ ਉਨ੍ਹਾਂ ਭੀੜ ਨੂੰ ਦੌੜਾਇਆ, ਪਰ ਬਾਅਦ ਵਿੱਚ ਲੋਕੀ ਸਮਝ ਗਏ ਕਿ ਪਿਸਤੌਲ ਵਿੱਚ ਗੋਲੀ ਨਹੀਂ ਤਾਂ ਉਨ੍ਹਾਂ ਨੂੰ ਫੜਕੇ ਜੋ ਜਿਸ ਦੇ ਹੱਥ ਵਿੱਚ ਸੀ ਮਾਰ-ਮਾਰ ਕੇ ਖ਼ਤਮ ਕਰ ਦਿੱਤਾ ਤੇ ਪੈਟ੍ਰੋਲ ਛਿੜਕ ਕੇ ਸਾੜ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਘਰ ਦੇ ਸਾਰੇ ਜੀਆਂ ਨੂੰ ਮਾਰਨਾ ਕੁੱਟਣਾਂ ਤੇ ਕੋਠੇ ਤੋਂ ਥੱਲੇ ਸੁਟਣਾ ਸ਼ੁਰੂ ਕਰ ਦਿੱਤਾ। ਕੁੱਝ ਹੀ ਮਿੰਟਾਂ ਵਿੱਚ ਪਰਿਵਾਰ ਦੇ ਬਾਰ੍ਹਾਂ ਬੰਦਿਆਂ ਨੂੰ ਹਲਾਕ ਕਰ ਦਿੱਤਾ ਗਿਆ। ਉਨ੍ਹਾਂ ਦੀ ਬਾਰ੍ਹਾਂ ਸਾਲ ਦੀ ਬੱਚੀ ਜਗਜੀਤ ਨੂੰ ਵੀ ਉਨ੍ਹਾਂ ਛੱਤ ਤੋਂ ਹੇਠਾਂ ਸੁਟਿਆ ਪਰ ਲਾਸ਼ਾਂ ਦੇ ਢੇਰ `ਤੇ ਡਿਗਣ ਕਾਰਨ ਉਹ ਬੱਚ ਗਈ ਤੇ ਜਾਨ ਬਚਾਉਣ ਲਈ ਗੁਆਂਢੀਆਂ ਦੇ ਘਰ ਨਸੀ। ਭੀੜ ਵੀ ਪਿੱਛੇ ਨਸੀ, ਪਰ ਗੁਆਂਢੀਆਂ ਨੇ ਕਿਹਾ ਕਿ ਘਰ ਦੀ ਨੌਕਰਾਣੀ ਹੈ, ਇਹਨੂੰ ਛੱਡ ਦਿਓ … ਤਾਂ ਉਨ੍ਹਾਂ ਉਸ ਦੀ ਜਾਨ ਬਖ਼ਸ਼ ਦਿੱਤੀ। ਉਥੇ ਖੜੇ ਟੈਂਕਰਾਂ ਨੂੰ ਅੱਗ ਲਾ ਦਿੱਤੀ ਤੇ ਪਲਾਂ ਵਿੱਚ ਹੀ ਇੱਕ ਵਸਦੇ ਰਸਦੇ ਘਰ ਨੂੰ ਸ਼ਮਸ਼ਾਨ ਵਿੱਚ ਬਦਲਕੇ ਭੀੜ ਅਗੇ ਤੁਰ ਗਈ।” ਸ਼੍ਰਮਿਕ ਨੇ ਇੱਕ ਵਾਰੀ ਫੇਰ ਠੰਡਾ ਹਉਕਾ ਲੈ ਕੇ ਗੱਲ ਖ਼ਤਮ ਕੀਤੀ।
“ਸ਼੍ਰਮਿਕ ਜੀ, ਜਿਥੇ ਸਰਕਾਰ ਦਾ ਇਹ ਰਵਈਆ ਹੋਵੇ, ਉਥੇ ਹੋਰ ਕੀ ਹੋਣਾ ਹੈ? ਡੀ. ਐਮ. ਬ੍ਰਿਜਿੰਦਰ ਉਨ੍ਹਾਂ ਨੂੰ ਬਚਾਉਣ ਥੋੜ੍ਹਾ ਆਇਆ ਸੀ, ਉਹ ਤਾਂ ਖਾਨਾ-ਪੂਰਤੀ ਕਰਨ ਆਇਆ ਸੀ। ਬਲਕਿ ਫ਼ੌਜ ਨਾਲ ਵਾਪਸ ਜਾ ਕੇ ਉਹ ਗੁੰਡਿਆਂ ਵਾਸਤੇ ਸੁਨੇਹਾ ਛੱਡ ਗਿਆ ਕਿ ਅਸੀ ਆਪਣੀ ਖਾਨਾ-ਪੂਰਤੀ ਕਰ ਲਈ ਹੈ, ਹੁਣ ਤੁਸੀਂ ਜੋ ਮਰਜ਼ੀ ਕਰ ਲਓ”, ਬਲਦੇਵ ਸਿੰਘ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ। ਉਸ ਦਾ ਚਿਹਰਾ ਜਿਵੇਂ ਭੱਖ ਰਿਹਾ ਸੀ ਅਤੇ ਅੱਖਾਂ ਲਾਲ ਸੁਰਖ ਹੋਈਆਂ ਸਨ।
ਉਨ੍ਹਾਂ ਦੇ ਗੱਲ ਕਰਦੇ ਵਿੱਚ ਹੀ ਬੰਦਾ ਦੋ ਵਾਰੀ ਬੁਲਾਉਣ ਆਇਆ ਸੀ ਪਰ ਬਲਦੇਵ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੁਕਣ ਵਾਸਤੇ ਆਖਿਆ ਸੀ। ਹੁਣ ਵੀ ਉਹ ਆਇਆ ਖੜ੍ਹਾ ਸੀ। ਬਲਦੇਵ ਸਿੰਘ ਨੇ ਸ਼੍ਰਮਿਕ ਨਾਲ ਹੱਥ ਮਿਲਾਉਂਦੇ ਹੋਏ ਕਿਹਾ, “ਚੰਗਾ ਸ਼੍ਰਮਿਕ ਜੀ, ਬਹੁਤ ਮਿਹਰਬਾਨੀ, ਤੁਸੀਂ ਜਿਥੇ ਇਹ ਜ਼ੁਲਮ ਦੀਆਂ ਦਾਸਤਾਨਾਂ ਸੁਣਾਈਆਂ ਹਨ, ਤੁਹਾਨੂੰ ਮਿਲਣ ਨਾਲ ਇਹ ਵੀ ਤਸੱਲੀ ਹੋ ਗਈ ਹੈ ਕਿ ਇਸ ਦੇਸ਼ ਵਿੱਚੋਂ ਅਜੇ ਵੀ ਮਨੁੱਖਤਾ ਦਾ ਪੂਰਾ ਨਾਸ ਨਹੀਂ ਹੋਇਆ, ਇਸ ਦਰਿੰਦਾ ਬਣਦੇ ਜਾ ਰਹੇ ਹਿੰਦੂਸਤਾਨੀ ਸਮਾਜ ਵਿੱਚ ਅਜੇ ਵੀ ਕੁੱਝ ਇਨਸਾਨ ਬਚੇ ਹੋਏ ਹਨ।” ਤੇ ਉਹ ਪ੍ਰੈਸ ਕਾਨਫਰੰਸ ਵਾਲੇ ਕਮਰੇ ਵੱਲ ਤੁਰ ਗਿਆ।
(ਨੋਟ: ਇਸ ਨਾਵਲ ਵਿੱਚ ਦਰਸਾਈਆਂ ਜਾ ਰਹੀਆਂ ਕਾਨਪੁਰ ਦੀਆਂ ਸਾਰੀਆਂ ਮੰਦਭਾਗੀਆਂ ਦੁੱਖਦਾਈ ਘਟਨਾਵਾਂ ਬਿਲਕੁਲ ਸੱਚੀਆਂ ਹਨ ਅਤੇ ਤਾਰਨ ਗੁਜਰਾਲ ਜੀ ਦੀ ਕਿਤਾਬ, ‘ਰੱਤੁ ਕਾ ਕੁੰਗੂ’ ਵਿੱਚੋਂ ਲਈਆਂ ਗਈਆਂ ਹਨ। ਬੇਸ਼ਕ ਉਨ੍ਹਾਂ ਨੂੰ ਨਾਵਲ ਦੇ ਪਾਤਰਾਂ ਨਾਲ ਜੋੜਿਆ ਗਿਆ ਹੈ ਪਰ ਸਥਾਨ, ਵਿਅਕਤੀ ਅਤੇ ਵਾਰਦਾਤਾਂ ਬਿਲਕੁਲ ਸੱਚੀਆਂ ਹਨ। . . ਰਾਜਿੰਦਰ ਸਿੰਘ)
ਚਲਦਾ … … ….
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ +91 98761 04726




.