.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਤੀਜਾ

ਕੀ ਅਕਾਲ ਪੁਰਖ ਮਨੁੱਖਾਂ ਵਾਂਗ ਜਨਮ ਲੈਂਦਾ ਹੈ?

ਮਨੁੱਖੀ ਸੁਭਾਅ ਦੀ ਬਹੁਤ ਵੱਡੀ ਇੱਕ ਕਮਜ਼ੋਰੀ ਹੈ, ਕਿ ਮੈਨੂੰ ਕੋਈ ਵੀ ਮਿਹਨਤ ਨਾ ਕਰਨੀ ਪਏ, ਪਰ ਪ੍ਰਾਪਤ ਸਭ ਕੁੱਝ ਹੋ ਜਾਣਾ ਚਾਹੀਦਾ ਹੈ। ਮਨੁੱਖੀ ਸੁਭਾਅ ਦੀ ਇਸ ਕਮਜ਼ੋਰੀ ਦਾ ਚਲਾਕ ਪੁਜਾਰੀ ਨੇ ਬਹੁਤ ਲਾਭ ਉਠਾਇਆ ਹੈ। ਮਨ ਦੀ ਹਰ ਇੱਛਾ ਦੀ ਪੂਰਤੀ ਲਈ ਪੁਜਾਰੀ ਨੇ ਪੱਥਰ ਦੀਆਂ ਬਣੀਆਂ ਹੋਈਆਂ ਮੂਰਤੀਆਂ ਨੂੰ ਭਗਵਾਨ ਕਹਿ ਕੇ ਉਸ ਦੀ ਪੂਜਾ ਕਰਾਈ। ਦੂਸਰੇ ਪਾਸੇ ਜਿਨ੍ਹਾਂ ਰਾਜਿਆਂ ਪਾਸੋਂ ਪੁਜਾਰੀਆਂ ਨੂੰ ਖੁਲ੍ਹਾ ਦਾਨ ਮਿਲਦਾ ਰਿਹਾ ਹੈ, ਪੁਜਾਰੀ ਨੇ ਉਹਨਾਂ ਰਾਜਿਆਂ ਨੂੰ ਵੀ ਰੱਬ ਦਾ ਦਰਜਾ ਦੇ ਦਿੱਤਾ ਹੈ। ਫਿਰ ਸਮੇਂ ਸਮੇਂ ਪੁਜਾਰੀਆਂ ਦੇ ਕਹੇ ਤੇ ਲੋਕਾਂ ਨੇ ਰਾਜਿਆਂ ਨੂੰ ਭਗਵਾਨ ਸਮਝ ਕੇ ਉਹਨਾਂ ਦੀ ਅਰਾਧਣਾ ਕਰਨੀ ਸ਼ੂਰੂ ਕਰ ਦਿੱਤੀ। ਦਰ ਅਸਲ ਰਾਜੇ ਆਪਣੀ ਮਨ ਮਰਜ਼ੀ ਕਰਦੇ ਸਨ। ਉਹਨਾਂ ਦੁਆਰਾ ਕੀਤੇ ਗਲਤ ਕੰਮਾਂ ਨੂੰ ਸਹੀ ਠਹਿਰਾਉਣ ਲਈ ਧਾਰਮਕ ਆਗੂ ਉਹਨਾਂ ਦੀ ਲਿਪਾ ਪੋਚੀ ਕਰਦੇ ਸਨ। ਧਾਰਮਕ ਬਿਰਤੀ ਨੇ ਆਮ ਲੋਕਾਂ ਨੂੰ ਇਹ ਪਰਪੱਕ ਕਰਾ ਦਿੱਤਾ ਕਿ ਅਸਲ ਭਗਵਾਨ ਇਹ ਰਾਜੇ ਹੀ ਹਨ। ਇਹ ਜੇ ਗਲਤ ਕੰਮ ਵੀ ਕਰਦੇ ਹਨ ਤਾਂ ਇਹਨਾਂ ਨੂੰ ਕੋਈ ਪਾਪ ਨਹੀਂ ਲੱਗਦਾ। ਇਸ ਲਈ ਇਹਨਾਂ ਦੇ ਕਾਲੇ ਕਾਰਨਾਮਿਆਂ ਵਲ ਤੁਹਾਨੂੰ ਜਾਣ ਦੀ ਲੋੜ ਨਹੀਂ ਸਗੋਂ ਇਹਨਾਂ ਦੀ ਪੂਜਾ ਕਰਨ ਵਿੱਚ ਹੀ ਸਾਡਾ ਤੇ ਤੁਹਾਡਾ ਭਲਾ ਹੈ। ਇੰਜ ਰਾਜੇ ਵੀ ਪੁਜਾਰੀ ਪਾਸੋਂ ਭਗਵਾਨ ਦਾ ਦਰਜਾ ਪ੍ਰਾਪਤ ਕਰ ਗਏ।

ਅੱਜ ਵੀ ਮੇਰੇ ਮਹਾਨ ਭਾਰਤ ਵਿੱਚ ਕਈ ਅਲਪ ਬੁੱਧੀ ਵਾਲਿਆਂ ਨੇ ਕਈ ਕਲਾਕਾਰਾਂ ਨੂੰ ਹੀ ਭਗਵਾਨ ਸਮਝ ਲਿਆ ਹੋਇਆ ਹੈ। ਕਈਆਂ ਨੇ ਧਾਰਮਕ ਮਨੁੱਖਾਂ ਨੂੰ ਰੱਬ ਸਮਝ ਕੇ ਉਹਨਾਂ ਦੇ ਮੰਦਰ ਉਸਾਰ ਦਿੱਤੇ ਹਨ। ਬਹੁਤ ਸਾਰੇ ਬਾਬੇ ਐਸੇ ਹਨ ਜਿੰਨਾਂ ਨੂੰ ਰੱਬ ਸਮਝਿਆ ਗਿਆ ਹੈ। ਮਨੁੱਖੀ ਮਾਨਸਕਤਾ ਦੀ ਕਮਜ਼ੋਰੀ ਰਹੀ ਹੈ, ਕਿ ਸ਼ਾਇਦ ਇਹ ਇਨਸਾਨ ਹੀ ਰੱਬ ਜੀ ਹਨ ਤੇ ਇਹਨਾਂ ਦੀ ਹਰ ਕਹੀ ਹੋਈ ਗੱਲ ਸਹੀ ਹੁੰਦੀ ਹੈ। ਮਨੁੱਖ ਸਮਝਦਾ ਹੈ ਕਿ ਇਹਨਾਂ ਦੇ ਪ੍ਰਵਚਨਾਂ ਦੁਆਰਾ ਕੁਦਰਤ ਦਾ ਨਿਯਮ ਤਬਦੀਲ ਹੋ ਜਾਂਦਾ ਹੈ। ਤੇ ਸਾਡੀ ਮਨੋ ਕਾਮਨਾ ਪੂਰੀ ਹੁੰਦੀ ਹੈ। ਦੁਨਿਆਵੀ ਗਰਜਾਂ ਦੇ ਮਾਰੇ ਹੋਏ ਮਨੁੱਖ ਨੂੰ ਕਿਤੋਂ ਕੋਈ ਪਦਾਰਥ ਦੀ ਖੈਰ ਮਿਲ ਜਾਂਦੀ ਹੈ ਤਾਂ ਇਹ ਖੈਰ ਦੇਣ ਵਾਲੇ ਨੂੰ ਭਗਵਾਨ ਸਮਝ ਲੈਂਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਵੀ ਅਜੇਹੀ ਮਾਨਸਕਤਾ ਤੋਂ ਬਾਹਰ ਨਹੀਂ ਨਿਕਲ ਸਕੇ। ਦਿਨ ਦੀਵੀਂ ਕਈ ਬੂਬਨੇ ਸਾਧੜਿਆਂ ਨੂੰ ਇਹਨਾਂ ਲੋਕਾਂ ਨੇ ਰੱਬ ਦਾ ਦਰਜਾ ਦਿੱਤਾ ਹੋਇਆ ਹੈ। ਕਈ ਅਜੇਹੇ ਪਰਵਾਰ ਵੀ ਗਏ ਗੁਜ਼ਰੇ ਦੇਖੇ ਗਏ ਹਨ, ਜੋ ਮਰ ਚੁੱਕੇ ਬੂਬਨਿਆਂ ਸਾਧੜਿਆਂ ਨੂੰ ਭਗਵਾਨ ਸਮਝ ਕੇ ਉਹਨਾਂ ਲਈ ਅੱਜ ਵੀ ਮੰਜੇ ਵੱਖਰੇ ਬਣਾਏ ਹੋਏ ਹਨ ਤੇ ਘਰਾਂ ਵਿੱਚ ਉਹਨਾਂ ਦੀ ਧੂਪ ਬੱਤੀ ਕਰ ਰਹੇ ਹਨ। ਗੁਰਬਾਣੀ ਦਾ ਸਪੱਸ਼ਟ ਫਰਮਾਣ ਹੈ ਕਿ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ। ਇਸ ਸਿਧਾਂਤ ਨੂੰ ਸਮਝਣ ਲਈ ਗੁਰੂ ਅਰਜਨ ਪਾਤਸ਼ਾਹ ਜੀ ਦੁਆਰਾ ਉਚਾਰਣ ਕੀਤੇ ਹੋਏ ਇੱਕ ਸ਼ਬਦ ਨੂੰ ਵਿਚਾਰਾਂਗੇ—

ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾਸੀ॥ ੧॥

ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ੧॥ ਰਹਾਉ॥

ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥ ੨॥

ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ੩॥

ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥ ੪॥

ਭੈਰਉ ਮਹਲਾ ੫ ਪੰਨਾ ੧੧੩੬

ਰਹਾਉ ਦੀਆਂ ਤੁਕਾਂ ਵਿੱਚ ਭਾਰਤੀ ਲੋਕਾਂ ਦੇ ਬਣੇ ਵਹਿਮ ਭਰਮ ਨੂੰ ਤੋੜਿਆ ਹੈ। ਜਦੋਂ ਕਿਸੇ ਬੰਦੇ ਨੂੰ ਕਿਸੇ ਵਿਸ਼ੇ ਬਾਰੇ ਗਿਆਨ ਨਾ ਹੋਵੇ ਤਾਂ ਸਿਆਣੇ ਲੋਕ ਕਹਿ ਦੇਂਦੇ ਨੇ, ਭਈ ਜੇ ਤੈਨੂੰ ਇਸ ਵਿਸ਼ੇ ਬਾਰੇ ਗਿਆਨ ਨਹੀਂ ਹੈ ਤਾਂ ਤੂੰ ਕੱਚੀਆਂ ਗੱਲਾਂ ਕਿਉਂ ਕਰਦੈਂ। ਪਰੇ ਪੰਚਾਇਤ ਵਿੱਚ ਬੈਠਿਆਂ ਦਲੀਲ ਤੋਂ ਬਿਨਾ ਕੋਈ ਵਿਚਾਰ ਦੇਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਬਈ ਤੁੰ ਕੱਚੀਆਂ ਗੱਲਾਂ ਨਾ ਕਰ ਜੇ ਤੇਰੇ ਪਾਸ ਕੋਈ ਸਬੂਤ ਹੈ ਤਾਂ ਉਹ ਦੇਣ ਦਾ ਯਤਨ ਕਰ। ਜਿਸ ਤਰ੍ਹਾਂ ਭਾਰਤੀ ਪੁਜਾਰੀ ਕਹਿੰਦਾ ਹੈ ਕਿ ਭਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ (ਭਗਵਾਨ) ਨੇ ਮਾਂ ਦੇ ਪੇਟ ਤੋਂ ਜਨਮ ਲਿਆ। ਪਰ ਪ੍ਰਮਾਤਮਾ ਤਾਂ ਜੂਨਾਂ ਵਿੱਚ ਹੀ ਨਹੀਂ ਆਉਂਦਾ। ਰੱਬ ਜੀ ਤਾਂ ਜਨਮ ਮਰਣ ਤੋਂ ਰਹਿਤ ਹਨ। ਜਦੋਂ ਮਨੁੱਖ ਰਾਹ ਤੋਂ ਭਟਕ ਜਾਂਦਾ ਹੈ ਤਾਂ ਅਜੇਹੀਆਂ ਕੱਚੀਆਂ ਗੱਲਾਂ ਕਰਦਾ ਹੈ, “ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ” ਪੁਜਾਰੀ ਨੇ ਰਾਜਿਆਂ ਨੂੰ ਭਗਵਾਨ ਸਮਝ ਕੇ ਲੋਕਾਂ ਕੋਲੋਂ ਉਹਨਾਂ ਦੀ ਪੂਜਾ ਸ਼ੁਰੂ ਕਰਾ ਦਿੱਤੀ।

ਅਜੇਹੇ ਵਹਿਮ ਸਾਡੇ ਮੁਲਕ ਵਿੱਚ ਬਹੁਤ ਵੱਡੀ ਪੱਧਰ `ਤੇ ਹਨ। ਇਹਨਾਂ ਭਰਮਾਂ ਵਹਿਮਾਂ ਵਿਚੋਂ ਹੀ ਇੱਕ ਵਹਿਮ ਇਹ ਵੀ ਕਿ ਹੈ ਕਿ ਕ੍ਰਿਸ਼ਨ ਭਗਾਵਨ ਜੀ ਨੇ ਸਾਰੀਆਂ ਥਿੱਤਾਂ ਨੂੰ ਇੱਕ ਪਾਸੇ ਰੱਖ ਕੇ ਭਾਦਰੋਂ ਸੁਦੀ ਨੂੰ ਜਨਮ ਲਿਆ। ਇਹ ਮੰਨਿਆਂ ਜਾਂਦਾ ਹੈ ਕਿ ਮਹਾਂ ਪੁਰਸ਼ਾਂ ਦੇ ਜਨਮ ਅਕਸਰ ਇਹਨਾਂ ਥਿੱਤਾਂ ਵਿੱਚ ਹੀ ਆਉਂਦੇ ਹਨ। ਲੋਕਾਂ ਨੂੰ ਭਰਮਾਉਣ ਲਈ ਪੁਜਾਰੀ ਨੇ ਮਨੁੱਖਤਾ ਨਾਲ ਖਿਲਵਾੜ ਕਰਦਿਆਂ ਪ੍ਰਪੱਕਤਾ ਨਾਲ ਕਿਹਾ, ਕਿ ਪੂਰਨਮਾਸ਼ੀ ਦੇ ਮਗਰੋਂ ਆਉਣ ਵਾਲੇ ਦਿਨ ਬਹੁਤ ਪਵਿੱਤਰ ਹਨ। ਇਹਨਾਂ ਦਿਨਾਂ ਵਿੱਚ ਹੀ ਮਹਾਂਪੁਰਸ਼ ਜਨਮ ਲੈਂਦੇ ਹਨ। ਭਾਰਤ ਵਿੱਚ ਪੂਰਨਮਾਸ਼ੀ ਵਾਲੇ ਦਿਨ ਨੂੰ ਮਹਾਨ ਦਿਹਾੜਾ ਸਮਝਿਆ ਜਾਂਦਾ ਹੈ। ਸਿੱਖੀ ਵਿੱਚ ਘੁੱਸਪੈਠ ਕਰ ਚੁੱਕੇ ਸਾਧ ਵੀ ਪੂਰਨਮਾਸ਼ੀ ਨੂੰ ਪਵਿੱਤ੍ਰ ਦਿਹਾੜਾ ਮੰਨਦੇ ਹਨ। ਇਹਨਾਂ ਦਿਆਂ ਡੇਰਿਆਂ `ਤੇ ਪੂਰਨਮਾਸ਼ੀ ਨੂੰ ਉਚੇਚੀਆਂ ਭੀੜਾਂ ਇਕੱਠੀਆਂ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ।

ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪੁਜਾਰੀ ਤੂੰ ਕਿਉਂ ਕੱਚੀਆਂ ਗੱਲਾਂ ਕਰਦੈਂ ਕਿ ਪ੍ਰਮਾਤਮਾ ਨੇ ਬਾਕੀ ਸਾਰੀਆਂ ਥਿੱਤਾਂ ਇੱਕ ਪਾਸੇ ਰਹਿਣ ਦਿੱਤੀਆਂ ਤੇ ਪੂਰਨਮਾਸ਼ੀ ਤੋਂ ਅਠਵੇਂ ਦਿਨ ਕ੍ਰਿਸ਼ਨ ਭਗਵਾਨ ਦੇ ਰੂਪ ਵਿੱਚ ਪ੍ਰਮਾਤਮਾ ਨੇ ਜਨਮ ਲਿਆ—

ਸਗਲੀ ਥੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾਸੀ॥

ਗੁਰਬਾਣੀ ਦਾ ਤੇ ਸਪੱਸ਼ਟ ਸਿਧਾਂਤ ਹੈ ਕਿ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ। ਇਹ ਤੇ ਬਹੁਤ ਕੱਚੀ ਗੱਲ ਹੈ ਕਿ ਰੱਬ (ਕਿਸ਼ਨ) ਨੇ ਮਾਂ ਦੇ ਪੇਟ ਤੋਂ ਜਨਮ ਲਿਆ।

ਪੁਜਾਰੀ ਲੋਕਾਂ ਨੂੰ ਕਹਿੰਦਾ ਹੈ ਕਿ ਭਗਵਾਨ ਜੀ ਨੇ ਰੋਟੀ ਖਾਣੀ ਹੈ ਇਸ ਲਈ ਪੰਜੀਰੀ ਇਤਿਆਦਕ ਬਣਾ ਕਿ ਲਿਆਓ। ਫਿਰ ਲੋਕ ਪੰਜੀਰੀ ਦਾ ਪ੍ਰਸ਼ਾਦ ਵੀ ਚਾੜਦੇ ਹਨ ਕਿ ਸਾਡੇ ਵਲੋਂ ਚੜ੍ਹਾਈ ਹੋਈ ਪੰਜੀਰੀ ਭਗਵਾਨ ਜੀ ਛੱਕਦੇ ਹਨ। ਪੰਜੀਰੀ ਖੁਆਲਣੀ ਤਾਂ ਇੱਕ ਬਹਾਨਾ ਹੈ। ਪੰਜੀਰੀ ਦੇ ਨਾਂ `ਤੇ ਅਸਲ ਵਿੱਚ ਇਹ ਪੇਟ ਪੂਰਤੀ ਦਾ ਸਾਧਨ ਹੈ।

ਕਰਿ ਪੰਜੀਰੁ ਖਵਾਇਓ ਚੋਰ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ॥

ਪੱਥਰ ਦੀ ਮੂਰਤੀ ਨੂੰ ਭਗਵਾਨ ਬਣਾ ਕਿ ਉਸ ਨੂੰ ਉਲ੍ਹੇ ਨਾਲ ਪੰਜੀਰੀ ਛਕਾਉਣੀ ਸਵਾਏ ਭਰਮ ਦੇ ਹੋਰ ਕੁੱਝ ਵੀ ਨਹੀਂ ਹੈ। ਲੋਕਾਂ ਨੂੰ ਧਰਮ ਦੇ ਨਾਂ `ਤੇ ਮੂਰਖ ਬਣਾੳਣ ਵਾਲੇ ਮੂਰਖ ਭਾਊ ਜੀ! ਰੱਬ ਜੀ ਜਨਮ ਮਰਣ ਦੇ ਗੇੜ ਵਿੱਚ ਨਹੀਂ ਆਉਂਦੇ।

ਤੇਰੇ ਕੀਤੇ ਕੰਮਾਂ `ਤੇ ਤਰਸ ਆਉਂਦਾ ਹੈ। ਤੂੰ ਰੱਬ ਜੀ ਨੂੰ ਬੱਚਿਆਂ ਵਾਂਗ ਲੋਰੀਆਂ ਦੇ ਰਿਹਾ ਏਂ ਇਹ ਕੋਈ ਸਿਆਣਪ ਵਾਲਾ ਕੰਮ ਨਹੀਂ ਹੈ---

ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥

ਕਿੱਡਾ ਵਿਆਰਥ ਵਾਲਾ ਕੰਮ ਕਰ ਰਿਹਾ ਏਂ, ਤੇ ਕਹਿ ਰਿਹਾ ਏਂ ਮੈਂ ਰੱਬ ਜੀ ਨੂੰ ਲੋਰੀਆਂ ਦੇ ਰਿਹਾ ਹਾਂ। ਧਰਮ ਦੇ ਆਗੂ ਜੀ ਤੂਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਮਾਂ ਨੇ ਬੱਚੇ ਨੂੰ ਸਵਾਉਣਾ ਹੁੰਦਾ ਹੈ ਜਾਂ ਰੋਂਦੇ ਨੂੰ ਚੁੱਪ ਕਰਾਉਣਾ ਹੁੰਦਾ ਹੈ ਤਾਂ ਮਾਂ ਓਦੋਂ ਲੋਰੀ ਦੇਂਦੀ ਹੈ ਕਿ ਮੇਰਾ ਬੱਚਾ ਸੌਂ ਜਾਏ। ਜਾਂ ਮਾਂ ਪੰਗੂੜੇ ਵਿੱਚ ਪਾ ਕੇ ਝੂਟਾ ਦੇਂਦਾ ਹੈ ਕਿ ਮੇਰਾ ਬੱਚਾ ਅਰਾਮ ਨਾਲ ਸੌਂ ਜਾਏ ਤੇ ਮੈਂ ਘਰ ਦੇ ਕੰਮ ਅਰਾਮ ਨਾਲ ਕਰ ਲਵਾਂ। ਹੇ ਪੁਜਾਰੀ ਤੂੰ ਤਾਂ ਰੱਬ ਜੀ ਨੂੰ ਬੱਚਿਆਂ ਵਾਂਗ ਦੁੱਧ ਪੀਦਾਂ ਲੋਰੀਆਂ ਲੈਂਦਾ ਦਿਖਾ ਦਿੱਤਾ ਹੈ। ਗੁਰੂ ਸਾਹਿਬ ਜੀ ਨੇ ਕਰੜੇ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਮੂੰਹ ਸੜ ਜਾਏ ਜੋ ਇਹ ਕਹਿੰਦਾ ਹੈ ਕਿ ਰੱਬ ਜੀ ਮਨੁੱਖਾਂ ਵਾਂਗ ਜਨਮ ਲੈਂਦੇ ਹਨ। ਕਈ ਭੋਲ਼ੇ ਸਿੱਖ ਵੀ ਇਹ ਮੰਨ ਕੇ ਚੱਲ ਰਹੇ ਹਨ ਕਿ ਰੱਬ ਜੀ ਦੇ ਫਲਾਣੇ ਬਾਬੇ ਨੇ ਪ੍ਰਤੱਖ ਦਰਸ਼ਨ ਕੀਤੇ ਹਨ। ਜਾਂ ਫਲਾਣੇ ਬਾਬਾ ਜੀ ਨੇ ਰੱਬ ਪਾਸੋਂ ਆਪਣੇ ਕੰਮ ਕਰਾਏ।

ਭਗਤ ਧੰਨਾ ਜੀ, ਭਗਤ ਨਾਮਦੇਵ ਜੀ, ਕਬੀਰ ਜੀ ਜਾਂ ਭਗਤ ਰਵਿਦਾਸ ਜੀ ਦੇ ਸਬੰਧ ਵਿੱਚ ਕਈ ਸਾਖੀਆਂ ਬੂਬਨੇ ਸਾਧਾਂ ਨੇ ਜੋੜੀਆਂ ਹੋਈਆਂ ਹਨ ਕਿ ਰੱਬ ਜੀ ਨੇ ਇਹਨਾਂ ਭਗਤਾਂ ਦੀ ਭਗਤੀ `ਤੇ ਖੁਸ਼ ਹੋ ਕੇ ਸ਼ਾਖਸ਼ਾਤ ਰੂਪ ਵਿੱਚ ਦਰਸ਼ਨ ਦਿੱਤੇ। ਭਗਤ ਮਾਲਾ ਲਿਖਣ ਵਾਲਾ ਤਾਂ ਏਥੋਂ ਤੱਕ ਲਿਖ ਗਿਆ ਹੈ ਕਿ ਭਗਤ ਧੰਨੇ ਜੀ ਨੇ ਰੱਬ ਜੀ ਪਾਸੋਂ ਆਪਣੇ ਘਰ ਦੇ ਸਾਰੇ ਕੰਮ ਕਰਾਏ ਹਨ। ਪਰ ਗੁਰਬਾਣੀ ਸਾਨੂੰ ਪ੍ਰਤੱਖ ਕਹਿ ਰਹੀ ਹੈ ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਹੈ ਕਿ ਰੱਬ ਜੀ ਜਨਮ ਲੈਂਦੇ ਹਨ।

ਅੱਜ ਸਿੱਖ ਧਰਮ ਵਿੱਚ ਇਸ ਤਰ੍ਹਾਂ ਦੀ ਭਗਤੀ ਨੇ ਜਨਮ ਲਿਆ ਹੈ ਕਿ ਏਨੇ ਘੰਟੇ ਨਾਮ ਜੱਪਣ ਨਾਲ ਰੱਬ ਜੀ ਦੇ ਪਰਤੱਖ ਦਰਸ਼ਨ ਹੁੰਦੇ ਹਨ। ਏਥੋਂ ਤੱਕ ਵੀ ਜੱਕੜ ਮਾਰੇ ਹਨ ਕਿ ਫਲਾਣੇ ਸਾਧ ਨੇ ਤਾਂ ਜੀ ਰੋਟੀ ਉਤਨਾ ਚਿਰ ਖਾਧੀ ਹੀ ਨਹੀਂ ਸੀ ਜਿੰਨਾ ਚਿਰ ਰੱਬ ਜੀ ਨੇ ਪ੍ਰਸ਼ਾਦਾ ਨਹੀਂ ਛੱਕਿਆ ਸੀ।

ਗੁਰਬਾਣੀ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਭਲਿਆ! ਰੱਬ ਜੀ ਸਰਬ ਵਿਆਪਕ ਹਨ ਤੇ ਉਸ ਕਰਤੇ ਦੀ ਕੁਦਰਤੀ ਨਿਯਮਾਵਲੀ ਹਰੇਕ ਥਾਂ ਬਰਾਬਰ ਕੰਮ ਕਰ ਰਹੀ ਹੈ—

ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥

ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਰੱਬ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ ਤੇ ਨਾ ਕਿਤੇ ਜਾਂਦਾ ਹੈ। ਰੱਬੀ ਨਿਯਮਾਵਲੀ ਕੁਦਰਤ ਦੇ ਰੂਪ ਵਿੱਚ ਹਰ ਥਾਂ `ਤੇ ਇਕਸਾਰ ਕੰਮ ਕਰ ਰਹੀ ਹੈ।

ਇਕ ਹੋਰ ਵਾਕ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ--

ਦੁਖ ਭੰਜਨ ਨਿਧਾਨ ਅਮੋਲੇ॥ ਨਿਰਭਉ ਨਿਰਵੈਰ ਅਥਾਹ ਅਤੋਲੇ॥

ਅਕਾਲ ਮੂਰਤਿ ਅਜੂਨੀ ਸੰਭੌ ਮਨਿ ਸਿਮਰਤ ਠੰਢਾ ਥੀਵਾਂ ਜੀਉ॥

ਮਾਝ ਮਹਲਾ ੫ ਪੰਨਾ ੯੯

ਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ ! ਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ ! ਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿੱਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ। (ਤੇਰਾ ਨਾਮ) ਮਨ ਵਿੱਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ।

ਵਿਚਾਰ—ਰੱਬ ਜੀ ਆਪਣੇ ਆਪ ਤੋਂ ਹੀ ਪ੍ਰਗਟ ਹੋ ਰਹੇ ਹਨ। ਜਨੀ ਕਿ ਸਾਰੀ ਦੁਨੀਆਂ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੀ ਹੈ। ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ ਤੇ ਮੌਤ ਤੋਂ ਵੀ ਰਹਿਤ ਹਨ।

ਜਿਹੜੀ ਹਸਤੀ ਜੰਮਦੀ ਨਹੀਂ ਮਰਦੀ ਨਹੀਂ ਜੂਨਾਂ ਵਿੱਚ ਨਹੀਂ ਆਉਂਦੀ ਉਹਦੀ ਸਾਰ ਕੇਵਲ ਗੁਰ-ਗਿਆਨ ਵਿਚੋਂ ਹੀ ਪ੍ਰਾਪਤ ਹੋ ਸਕਦੀ ਹੈ ਤੇ ਕਿਹਾ ਜਾ ਸਕਦਾ ਹੈ ਕਿ ਰੱਬ ਜੀ ਗੁਰੂ ਦੇ ਗਿਆਨ ਰਾਂਹੀ ਸਾਡੀ ਸਮਝ ਵਿੱਚ ਆ ਸਕਦੇ ਹਨ---

ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ॥

ਰਾਮਕਲੀ ਮਹਲਾ ੫ ਪੰਨਾ ੯੧੬

(ਹੇ ਭਾਈ ! ਜਿਹੜਾ) ਪਰਮਾਤਮਾ ਮੌਤ-ਰਹਿਤ ਹਸਤੀ ਵਾਲਾ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਪਰਗਟ ਹੁੰਦਾ ਹੈ, ਉਹ ਪ੍ਰਭੂ (ਗੁਰੂ ਦੀ) ਰਾਹੀਂ ਜਗਤ ਦੇ (ਮਾਇਆ ਦੇ ਮੋਹ ਦੇ) ਹਨੇਰੇ ਨੂੰ (ਦੂਰ ਕਰ ਕੇ ਆਤਮਕ ਜੀਵਨ ਦਾ ਚਾਨਣ ਕਰਦਾ ਹੈ।

ਬਹੁਤ ਹੀ ਸਰਲ ਸ਼ਬਦਾਂ ਵਿੱਚ ਗੁਰੂ ਸਾਹਿਬ ਜੀ ਰੱਬ ਸਬੰਧੀ ਸਮਝਾ ਰਹੇ ਹਨ ਕਿ ਉਹ ਜੂਨਾਂ ਵਿੱਚ ਨਹੀਂ ਆਉਂਦਾ ਤੇ ਏਦ੍ਹੀ ਸਮਝ ਗੁਰੂ ਦੇ ਸਿਧਾਂਤ ਨੂੰ ਸਮਝ ਕੇ ਆ ਸਕਦੀ ਹੈ। ਅਕਾਲ ਪੁਰਖ ਦੀ ਪ੍ਰਾਪਤੀ ਲਈ ਕਈ ਤਰ੍ਹਾਂ ਦੇ ਭਰਮ ਭੁਲੇਖੇ ਪਾਏ ਗਏ ਹਨ ਕਿ ਉਹ ਤੱਪ ਕੀਤਿਆਂ ਮਿਲਦਾ ਹੈ। ਕਈਆਂ ਨੇ ਰਿਧੀਆਂ ਸਿਧੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ। ਕੋਈ ਰੱਬ ਦੇ ਦਿਨੇ ਤੇ ਕੋਈ ਰਾਤ ਨੂੰ ਦਰਸ਼ਨ ਕਰਾ ਰਿਹਾ ਹੈ। ਸਤਿਗੁਰ ਜੀ ਦਾ ਅਗੰਮੀ ਵਾਕ ਹੈ—

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ॥

ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ॥

ਹੇ ਪ੍ਰਭੂ ! ਤੂੰ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ । ਤੂੰ ਸਰਬ-ਵਿਆਪਕ ਹੈਂ । ਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿੱਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿੱਚ (ਟਿਕ ਕੇ) ਤੇਰੇ ਚਰਨਾਂ ਵਿੱਚ ਸੁਰਤਿ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ 

ਇਹਨਾਂ ਤੁਕਾਂ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਸੇਵਾ ਸੰਤੋਖ ਵਾਲੇ ਜੀਵਨ ਨੂੰ ਅਪਨਾਏਂਗਾ ਤੇ ਇਹਨਾਂ ਸਿਧਾਂਤਾਂ ਨੂੰ ਧਿਆਨ ਵਿੱਚ ਲਿਆ ਕਿ ਚੱਲੇਂਗਾ ਤਾਂ ਤੇਰੇ ਹਿਰਦੇ ਵਿੱਚ ਸੀਤਲਤਾ ਤੇ ਟਿਕਾ ਆਏਗਾ। ਤੇਰੇ ਮਨ ਵਿਚੋਂ ਭੜਕਾਹਟ ਖਤਮ ਹੋਏਗੀ।

ਕਿੰਨੀ ਵਾਰ ਗੁਰਬਾਣੀ ਵਿੱਚ ਅਜੂਨੀ ਸ਼ਬਦ ਆਇਆ ਹੈ ਜਿਸਦਾ ਦਾ ਅਰਥ ਹੈ ਕਿ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ। ਗੁਰੂ ਨਾਨਕ ਸਾਹਿਬ ਜੀ ਨੇ ਅਰੰਭਕ ਮੰਗਲਾ ਚਰਣ ਵਿੱਚ ਹੀ ਇਹ ਪ੍ਰਪੱਕ ਕਰਾ ਦਿੱਤਾ ਹੈ ਕਿ ਰੱਬ ਜੀ ਅਜੂਨੀ ਹਨ ਜੋ ਜੂਨਾਂ ਤੋਂ ਰਹਿਤ ਹਨ।

ਜਦੋਂ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ ਤਾਂ ਫਿਰ ਦਰਸ਼ਨ ਕਿਸ ਦੇ ਕਰਨੇ ਹਨ? ਇਹ ਇੱਕ ਬਹੁਤ ਵੱਡਾ ਭੁਲੇਖਾ ਖੜਾ ਹੈ। ਉਪੋਰਕਤ ਤੁਕਾਂ ਵਿੱਚ ਸਤ ਸੰਤੋਖਿ ਸ਼ਬਦ ਦੀ ਵਿਚਾਰ ਵਿੱਚ ਆਪਣੀ ਸੁਰਤ ਜੋੜਨ ਨਾਲ ਜੀਵਨ ਦੇ ਮਹੱਤਵ ਦੀ ਸਮਝ ਆਉਂਦੀ ਹੈ ਜੋ ਰੱਬ ਦੀ ਨੇੜਤਾ ਜਾਂ ਉਸ ਦੀ ਪ੍ਰਾਪਤੀ ਮੰਨੀ ਗਈ ਹੈ।

ਪ੍ਰਭੂ ਦੇ ਸਿਰ `ਤੇ ਹੋਰ ਕੋਈ ਨਹੀਂ ਹੈ ਤੇ ਉਸ ਦੀ ਪ੍ਰਾਪਤੀ ਗੁਰੂ ਅਨੁਸਾਰੀ ਹੋ ਕੇ ਚੱਲਿਆਂ ਹੀ ਹੋ ਸਕਦੀ ਹੈ ਜੇਹਾ ਕਿ---

ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ॥

ਮਾਝ ਮਹਲਾ ੩ ਪੰਨਾ ੧੧੮

ਸਤਿਗੁਰ ਤੋਂ ਭਾਵ ਗੁਰ-ਗਿਆਨ ਦੀ ਰੋਸ਼ਨੀ ਵਿੱਚ ਤੁਰਨ ਨੂੰ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਣ ਬੜਾ ਪਿਆਰਾ ਹੈ----

ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ॥

ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ॥

ਸੋਰਠਿ ਮਹਲਾ ੧ ਪੰਨਾ ੬੯੭

(ਹੇ ਭਾਈ ! ਜਿਸ ਮਨੁੱਖ ਉੱਤੇ) ਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਉਸ ਨੂੰ ਉਸ ਨੇ ਧਰਤੀ ਆਕਾਸ਼ ਪਾਤਾਲ (ਸਾਰਾ ਜਗਤ ਪਰਮਾਤਮਾ ਦੀ ਹੋਂਦ ਨਾਲ ਭਰਪੂਰ) ਵਿਖਾ ਦਿੱਤਾ। ਉਹ ਪਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, (ਹੇ ਭਾਈ !) ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿੱਚ (ਵੱਸਦਾ) ਵੇਖ।

ਇਸ ਦਾ ਅਰਥ ਹੈ ਕਿ ਪਰਮਾਤਮਾ ਨੂੰ ਆਪਣੇ ਹਿਰਦੇ ਵਿਚੋਂ ਦੇਖਣਾ ਹੈ। ਗੁਰ-ਉਪਦੇਸ਼ ਨੂੰ ਹਿਰਦੇ ਵਿੱਚ ਵਸਾਇਆਂ ਰੱਬੀ ਗਿਆਨ ਦੀਆਂ ਪ੍ਰਾਪਤੀਆਂ ਹਨ ਜੋ ਜ਼ਿੰਦਗੀ ਦੀਆਂ ਉਚਾਈਆਂ ਨੂੰ ਛੋਂਹਦੀ ਹੈ।

ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ॥

ਸੋਰਠਿ ਮਹਲਾ ੧ ਪੰਨਾ ੬੯੭

ਉਸ ਪ੍ਰਭੂ ਦੀ ਕੋਈ ਜਾਤਿ ਨਹੀਂ, ਉਹ ਜੂਨਾਂ ਵਿੱਚ ਨਹੀਂ ਪੈਂਦਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਨਾਹ ਉਸ ਨੂੰ ਕੋਈ ਮੋਹ ਵਿਆਪਦਾ ਹੈ, ਨਾਹ ਉਹਨੂੰ ਕੋਈ ਭਟਕਣਾ ਹੈ।

ਵਾਹਿਗੁਰੂ ਜੀ ਨੂੰ ਕੋਈ ਭਟਕਣਾ ਨਹੀਂ ਹੈ ਭਾਵ ਉਸ ਦੇ ਨਿਯਮ ਸਦੀਵ ਕਾਲ ਚੱਲਦੇ ਹਨ।

ਰੱਬ ਜੀ ਆਪਣੇ ਆਪ ਤੋਂ ਪ੍ਰਗਟ ਹੁੰਦੇ ਹਨ। ਜਦੋਂ ਰਬ ਜੀ ਸਰਬ ਵਿਆਪਕ ਹਨ ਤਾਂ ਫਿਰ ਉਸ ਦਾ ਖਿਲਾਰਾ ਵੀ ਆਪਣੇ ਆਪ ਖਿਲਰਦਾ ਹੈ। ਜਿਸ ਤਰ੍ਹਾਂ ਇੱਕ ਕਣਕ ਦਾ ਦਾਣਾ ਹੈ ਉਸ ਨੂੰ ਜ਼ਮੀਨ ਵਿੱਚ ਬੀਜਦੇ ਹਾਂ ਤਾਂ ਉਸ ਕਣਕ ਦੇ ਦਾਣੇ ਤੋਂ ਅਗਾਂਹ ਹੋਰ ਦਾਣੇ ਪੈਦਾ ਹੁੰਦੇ ਹਨ। ਜਦੋਂ ਕਣ ਕਣ ਵਿੱਚ ਰੱਬ ਜੀ ਵੱਸੇ ਹਨ ਤਾਂ ਉਸਦਾ ਪਸਾਰਾ ਵੀ ਉਸੇ ਤਰ੍ਹਾਂ ਹੁੰਦਾ ਜਾ ਰਿਹਾ ਹੈ।

ਇਸ ਰੱਬੀ ਖੇਡ ਦਾ ਪਤਾ ਗੁਰੂ ਦੀ ਮਤ ਨੂੰ ਸਮਝਿਆਂ ਹੀ ਆ ਸਕਦਾ ਹੈ। ਜੇਹਾ ਕਿ ਰੱਬੀ ਫਰਮਾਣ ਹੈ----

ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ॥

ਮਾਰੂ ਮਹਲਾ ੧ ਪੰਨਾ ੧੦੪੨

ਪ੍ਰਮਾਤਮਾ ਮਨੁੱਖਾਂ ਵਾਂਗ ਜੂਨਾਂ ਵਿੱਚ ਨਹੀਂ ਆਉਂਦਾ ਬਲ ਕੇ ਉਸ ਦੀ ਕੁਦਰਤ ਦਾ ਓਦ੍ਹੇ ਸਦੀਵ ਕਾਲ ਨਿਯਮਾਂ ਦਾ ਭਾਵ ਰੱਬੀ ਹੁਕਮ ਦਾ ਹੀ ਹਰ ਥਾਂ `ਤੇ ਵਿਸਥਾਰ ਹੁੰਦਾ ਹੈ। ਗੁਰੂ ਜੀ ਦੀ ਮਤ ਵਿੱਚ ਰਹਿ ਕੇ ਹੀ ਉਸ ਦੀ ਪ੍ਰਾਪਤੀ ਹੈ।

ਕੀ ਦੇਵਤੇ, ਕੀ ਦੈਂਤ, ਕੀ ਮਨੁੱਖ, ਗਣ-ਗੰਧਰਬ ਇਤ ਆਦਕ ਸਾਰੇ ਹੀ ਰੱਬ ਜੀ ਨੂੰ ਆਪਣੇ ਆਪਣੇ ਢੰਗ ਨਾਲ ਖੋਜਦੇ ਫਿਰਦੇ ਹਨ ਪਰ ਉਸ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ। ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ ਆਪਣੇ ਆਪ ਤੋਂ ਪੈਦਾ ਹੋਇਆ ਹੈ ਉਸ ਦੀ ਸਮਝ ਗੁਰੂ ਉਪਦੇਸ਼ ਵਿੱਚ ਹੈ—

ਪਾਯਉ ਨਹੀ ਅੰਤੁ, ਸੁਰੇ ਅਸੁਰਹ ਨਰ, ਗਣ ਗੰਧ੍ਰਬ ਖੋਜੰਤ ਫਿਰੇ॥

ਅਬਿਨਾਸੀ ਅਚਲੁ ਅਜੋਨੀ ਸੰਭਉ, ਪੁਰਖੋਤਮੁ ਅਪਾਰ ਪਰੇ॥

ਪੰਨਾ ੧੪੦੫

ਮੁਕਦੀ ਗੱਲ ਵਾਹਿਗੁਰੂ ਜੀ ਮਨੁੱਖਾਂ ਵਾਂਗ ਜੂਨਾਂ ਵਿੱਚ ਨਹੀਂ ਆਉਂਦੇ। ਫਿਰ ਵਾਹਿਗੁਰੂ ਜੀ ਦੀ ਪ੍ਰਾਪਤੀ ਗੁਰ-ਉਪਦੇਸ਼ ਵਿੱਚ ਤੁਿਰਆਂ ਹੀ ਹੋ ਸਕਦੀ ਹੈ। --

ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ॥

ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ॥

ਸਾਰਗ ਮਹਲਾ ੧ ਪੰਨਾ ੧੨੩੩




.