.

ਮਿਤ੍ਰ ਪਿਆਰੇ ਨੂੰ … …!

ਜਿਵੇਂ ਬਹੁਤ ਸਾਰੇ ਭਾਈ ਅਤੇ ਰਾਗੀ ਜੱਥੇ ‘ਦੇਹ ਸਿਵਾ ਬਰ ਮੋਹਿ’ ਵਾਲਾ ਗੀਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹਿੰਦੇ ਹਨ, ਇਵੇਂ ਹੀ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ’ ਵੀ ਪ੍ਰਚਲਤ ਕੀਤਾ ਹੋਇਆ ਹੈ। ਪਰ, ਇਸ ਨਗਮੇਂ ਬਾਰੇ ਇਹ ਕਦੀ ਜਾਣਕਾਰੀ ਨਹੀਂ ਦਿੰਦੇ ਕਿ ਇਹ ਕਿਸ ਕਿਤਾਬ ਵਿੱਚ ਅੰਕਿਤ ਹੈ ਅਤੇ ਕਿਸ ਲਿਖਾਰੀ ਨੇ ਲਿਖਿਆ ਹੋਇਆ ਹੈ?

ਖ਼ਾਲਸਾ ਜਸਬਿੰਦਰ ਸਿੰਘ (ਦੁਬਈ) ਨੇ ਇੱਕ ਕਿਤਾਬ: “ਦਸਮ ਗ੍ਰੰਥ ਦਾ ਲਿਖਾਰੀ ਕੌਣ?” (ਭਾਗ ਪਹਿਲਾ ੨੦੦੬ ਅਤੇ ਭਾਗ ਦੂਜਾ ੨੦੦੭) ਲਿਖੀ, ਜਿਸ ਵਿੱਚ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਬਾਰੇ ਬਹੁਤ ਜਾਣਕਾਰੀ ਦਿੱਤੀ ਹੋਈ ਹੈ ਅਤੇ ਕਈ ਸਾਲਾਂ ਤੋਂ ਵਿਬਸਾਈਟ: “ਖ਼ਾਲਸਾ ਨਿਯੂਜ਼” ਵਿਖੇ ਇੱਕ ਨੋਟਿਸ ਭੀ ਦਿੱਤਾ ਹੋਇਆ ਹੈ ਕਿ: “ਜੇ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ ਇਸ ਗ੍ਰੰਥ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਿਤ ਕਰ ਦੇਣ, ਤਾਂ ਸ੍ਰ. ਜਸਬਿੰਦਰ ਸਿੰਘ ਦੁਬਈ ਵਲੋਂ ੫ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ” ! ਆਓ, ਇਸ ਬਾਰੇ ਬਚਿਤ੍ਰ ਨਾਟਕ ਵਿਚੋਂ ਜਾਣਕਾਰੀ ਲਈਏ:

ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਿੱਚ ‘ਸ਼ਬਦ’ ਸਿਰਲੇਖ ਹੇਠ ਰਾਗ ਰਾਮਕਲੀ ਪਾਤਸ਼ਾਹੀ ੧੦ ਦੇ (੧੦) ਸ਼ਬਦਾਂ ਦੇ ਸੰਗ੍ਰਹਿ ਵਿਚੋਂ ਛੇਵਾਂ ਸ਼ਬਦ ਇੰਜ ਲਿਖਿਆ ਹੋਇਆ ਹੈ:

ਖ੍ਹਯਾਲ ਪਾਤਿਸਾਹੀ ੧੦

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਣਾ। ਤੁਧੁ ਬਿਨੁ ਰੋਗੁ ਰਜਾਇਯਾ ਦਾ ਓਢਣੁ ਨਾਗੁ ਨਿਵਾਸਾ ਦਾ ਰਹਿਣਾ। ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਇਯਾ ਦਾ ਸਹਣਾ। ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆ ਦਾ ਰਹਣਾ। ੧। ੧। ੬।

ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਨੇ ਇਸ ਦੇ ਅਰਥ ਕੀਤੇ ਹੋਏ ਹਨ, ਵੇਖੋ ਕਿਤਾਬ ‘ਸ੍ਰੀ ਦਸਮ-ਗ੍ਰੰਥ ਸਾਹਿਬ, ਪਾਠ-ਸੰਪਾਦਾਨ ਅਤੇ ਵਿਆਖਿਆ’ ਪ੍ਰਕਾਸ਼ਕ: ਗੋਬਿੰਦ ਸਦਨ ਗਦਾਈਪੁਰ, ਮਹਿਰੌਲੀ, ਨਵੀਂ ਦਿੱਲੀ-੧੧੦੦੩੦

ਖਿਆਲ ਪਾਤਿਸ਼ਾਹੀ ੧੦

ਅਰਥ: ਪਿਆਰੇ ਮਿਤਰ (ਪ੍ਰਭੂ) ਨੂੰ (ਅਸਾਂ) ਮੁਰੀਦਾਂ ਦਾ ਹਾਲ (ਜਾ ਕੇ) ਕਹਿਣਾ। ਤੇਰੇ ਬਿਨਾ ਰਜ਼ਾਈਆਂ ਦਾ ਓੜਨਾ ਰੋਗ ਦੇ ਸਮਾਨ ਹੈ ਅਤੇ ਨਿਵਾਸ ਸਥਾਨਾਂ ਵਿੱਚ ਰਹਿਣਾ ਨਾਗਾਂ ਵਿੱਚ (ਰਹਿਣਾ ਹੈ)। (ਤੁਹਾਡੇ ਬਿਨਾਂ) ਸੁਰਾਹੀ ਸੂਲ ਵਰਗੀ, ਪਿਆਲਾ ਖੰਜਰ ਦੇ ਸਮਾਨ ਅਤੇ (ਵਿਯੋਗ) ਕਸਾਈਆਂ ਦੇ ਵਿੰਗੇ ਛੁਰੇ (ਦੀ ਸਟ ਨੂੰ) ਸਹਿਨ ਕਰਨ ਦੇ ਸਮਾਨ ਹਨ। ਯਾਰ (ਮਿਤਰ) ਦਾ ਦਿੱਤਾ ਹੋਇਆ ਸਥਰ (ਭੂਮੀ-ਆਸਨ) ਸਾਨੂੰ ਚੰਗਾ ਹੈ, (ਪਰ ਉਸ ਤੋਂ ਵਿਛੜ ਕੇ ਸੁਖ ਪੂਰਵਕ) ਪਿੰਡ ਵਿੱਚ ਸੌਣਾ ਭਠ ਵਿੱਚ ਰਹਿਣ ਵਰਗਾ ਹੈ। ੧। ੧। ੬।

ਇਸ ਪ੍ਰਥਾਏ ਇੱਕ ਹੋਰ ਕਿਤਾਬ: “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਦਸਮ ਗ੍ਰੰਥ ਦੀ ਵਿਚਾਰ” (ਮਾਰਚ ੨੦੦੮) ਲੇਖਕ ਡਾ. ਗੁਰਮੁਖ ਸਿੰਘ ਜੀ ਬਿਆਨ ਕਰਦੇ ਹਨ ਕਿ “ਯਾਰੜੇ ਦਾ ਸਾਨੂੰ ਸੱਥਰ ਚੰਗਾ” ਵਾਲਾ ਖ਼ਿਆਲ ਕਿਸ ਵਿਅਕਤੀ ਨੇ ਦਰਸਾਇਆ ਹੋਵੇਗਾ? ਇਸ ਦੇ ਜਵਾਬ ਵਿੱਚ ਲੇਖਕ ਆਪ ਹੀ ਲਿਖਦੇ ਹਨ ਕਿ ਉਹ ਵਿਅਕਤੀ ਹੀਰ ਹੈ, ਜਿਸਨੇ ਰਾਂਝੇ ਦੇ ਵਿਛੋੜੇ ਵਿਚ, ਉਪ੍ਰੋਕਤ ਖਿਆਲ ਪ੍ਰਗਟ ਕੀਤਾ ਹੈ, ਜਿਸ ਸਬੰਧੀ ‘ਵਾਰਸਸ਼ਾਹ’ ਅਤੇ ‘ਦਮੋਦਰ’ ਆਦਿਕਾਂ ਵਲੋਂ ਕਿੱਸੇ ਵੀ ਬਣੇ ਹੋਏ ਹਨ ਅਤੇ ਭਾਈ ਗੁਰਦਾਸ ਜੀ ਨੇ ਵੀ ਦ੍ਰਿਸ਼ਟਾਂਤ ਵਜੋਂ ਲਿਖਿਆ ਹੈ ਕਿ: ‘ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਿਰਾਤੀ’ {ਵਾਰ ੨੭, ਪਉੜੀ ੧}

ਇਹ ਹੀਰ-ਰਾਂਝੇ ਦਾ ਪ੍ਰਸੰਗ, ਅਖੌਤੀ ਦਸਮ-ਗ੍ਰੰਥ ਵਿੱਚ ਸਿਰਲੇਖ `ਚਰਿਤ੍ਰੋਪਾਖਿਆਨ’ ਵਿਖੇ ੯੮ਵਾਂ ਚਰਿਤ੍ਰ ਪੜ੍ਹਿਆ ਜਾ ਸਕਦਾ ਹੈ, ਜਿਸ ਦੇ (੩੧) ਪੈਰੇ ਹਨ। ਇਸ ਵਿਚੋਂ ਕੁੱਝ ਕੁ ਜਾਣਕਾਰੀ ਇੰਜ ਹੈ:

ਦੋਹਰਾ: ਚੰਦ੍ਰਭਗਾ ਸਰਿਤਾ ਨਿਕਟਿ ਰਾਂਝਨ ਨਾਮਾ ਜਾਟ। ਜੋ ਅਬਲਾ ਨਿਰਖੈ ਤਿਸੈ ਜਾਤ ਸਦਨ ਪਰਿ ਖਾਟ। ੧।

ਡਾ. ਰਤਨ ਸਿੰਘ ਜੱਗੀ ਜੀ ਅਰਥ ਕਰਦੇ ਹਨ ਕਿ ਚੰਦ੍ਰਭਗਾ (ਚਨਾਬ) ਨਦੀ ਦੇ ਕੰਢੇ ਰਾਂਝਾ ਨਾਂ ਦਾ ਜੱਟ ਰਹਿੰਦਾ ਸੀ। ਜੋ ਵੀ ਅਬਲਾ ਉਸ ਨੂੰ ਵੇਖਦੀ, ਘਰ ਜਾਂਦਿਆਂ ਹੀ ਮੰਜੇ ਉਤੇ ਪੈ ਜਾਂਦੀ। ੧।

ਚੌਪਈ: ਮੋਹਤ ਤਿਹ ਤ੍ਰਿਯਨੈਨ ਨਿਹਾਰੇ। ਜਨੁ ਸਾਵਕ ਸਾਯਕ ਕੇ ਮਾਰੇ। ਚਿਤ ਮੈ ਅਧਿਕ ਰੀਝ ਕੇ ਰਹੈ। ਰਾਂਝਨ ਰਾਂਝਨ ਮੁਖ ਤੇ ਕਹੈ। ੨।

ਡਾ. ਜੱਗੀ ਵਲੋਂ ਕੀਤੇ ਅਰਥ: ਉਸ ਨੂੰ ਅੱਖਾਂ ਨਾਲ ਵੇਖ ਕੇ ਇਸਤਰੀਆਂ ਮੋਹਿਤ ਜੋ ਜਾਂਦੀਆਂ, (ਇੰਜ ਪ੍ਰਤੀਤ ਹੁੰਦਾ) ਮਾਨੋ ਹਿਰਨ ਦਾ ਬੱਚਾ ਤੀਰ ਦੇ ਮਾਰੇ ਜਾਣ ਤੇ (ਡਿਗ ਪੈਂਦਾ ਹੋਵੇ)। (ਉਹ) ਚਿਤ ਵਿੱਚ ਅਧਿਕ ਪ੍ਰਸੰਨ ਹੋ ਕੇ ਰਹਿੰਦੀਆ ਹਨ ਅਤੇ ਮੂੰਹ ਤੋਂ ‘ਰਾਂਝਾ ਰਾਂਝਾ’ ਕਹਿੰਦੀਆਂ ਹਨ। ੨।

ਕਰਮ ਕਾਲ ਤਹ ਐਸੇ ਭਯੋ। ਤੌਨੇ ਦੇਸ ਕਾਲ ਪਰ ਗਯੋ। ਜਿਯਤ ਨ ਕੌ ਨਰ ਬਚਿਯੋ ਨਗਰ ਮੈ। ਸੋ ਉਬਰਿਯੋ ਜਾ ਕੇ ਧਨੁ ਘਰ ਮੈ। ੩।

ਅਰਥ: ਕਾਲ ਦਾ ਅਜਿਹਾ ਚਕਰ ਚਲਿਆ ਕਿ ਉਸ ਦੇ ਦੇਸ਼ ਵਿੱਚ ਕਾਲ ਪੈ ਗਿਆ। ਕੋਈ ਵੀ ਬੰਦਾ ਜੀਉਂਦਾ ਨਗਰ ਵਿੱਚ ਨ ਬਚਿਆ। ਉਹੀ ਬਚਿਆ ਜਿਸ ਦੇ ਘਰ ਵਿੱਚ ਧਨ ਸੀ। ੩।

ਤਹਾ ਏਕ ਰਾਂਝਾ ਹੀ ਉਬਰਿਯੋ। ਔਰ ਲੋਗ ਸਭ ਤਹ ਕੋ ਮਰਿਯੋ। ਰਾਂਝੇ ਜਾਟ ਹੇਤ ਤਿਨ ਪਾਰਿਯੋ। ਪੂਤ ਭਾਵ ਤੇ ਤਾਹਿ ਜਿਯਾਰਿਯੋ॥ ੭॥

ਅਰਥ: ਉਥੇ ਇੱਕ ਰਾਂਝਾ ਹੀ ਬਚਿਆ ਸੀ। ਉਸ ਦੇ ਹੋਰ ਸਾਰੇ ਲੋਕ ਮਰ ਗਏ ਸਨ। ਰਾਂਝੇ ਨੂੰ (ਖਰੀਦਣ ਵਾਲੇ) ਜੱਟ ਨੇ ਹਿਤ ਨਾਲ ਪਾਲਿਆ ਅਤੇ ਉਸ ਨੂੰ ਪੁੱਤਰਾਂ ਵਾਂਗ ਜਿਵਾਇਆ (ਭਾਵ-ਵੱਡਾ ਕੀਤਾ)। ੭।

ਪੂਤ ਜਾਟ ਕੋ ਸਭ ਕੋ ਜਾਨੈ। ਤਿਸ ਤੇ ਕੋਊ ਨ ਰਹਿਯੋ ਪਛਾਨੈ। ਐਸੇ ਕਾਲ ਬੀਤ ਕੈ ਗਯੋ। ਤਾ ਮੈ ਮਦਨ ਦਮਾਮੇ ਦਯੋ। ੮।

ਅਰਥ: (ਹੁਣ) ਸਭ ਕੋਈ (ਉਸ ਨੂੰ) ਜੱਟ ਦਾ ਪੁੱਤਰ ਸਮਝਦਾ। ਉਸ ਨੂੰ ਕੋਈ ਪਛਾਣਨ ਵਾਲਾ ਨ ਰਿਹਾ। ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਉਸ ਵਿੱਚ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ। ੮।

ਮਹਿਖੀ ਚਾਰਿ ਨਿਤਿ ਗ੍ਰਿਹ ਆਵੈ। ਰਾਂਝਾ ਅਪਨੋ ਨਾਮ ਸਦਾਵੈ। ਪੂਤ ਜਾਟ ਕੋ ਤਿਹ ਸਭ ਜਾਨੈ। ਰਾਜਪੂਤੁ ਕੈ ਕੋ ਪਹਿਚਾਨੈ। ੯।

ਅਰਥ: ਉਹ ਮੱਝਾਂ ਚਰਾ ਕੇ ਰੋਜ਼ ਘਰ ਆਉਂਦਾ ਸੀ ਅਤੇ ਆਪਣਾ ਨਾਂ ਰਾਂਝਾ ਅਖਵਾਉਂਦਾ ਸੀ। ਸਭ ਉਸ ਨੂੰ ਜਟ ਦਾ ਪੁੱਤਰ ਸਮਝਦੇ ਸਨ ਅਤੇ ਰਾਜਪੂਤ ਵਜੋਂ ਪਛਾਣਦੇ ਸਨ। ੯।

ਇਤੀ ਬਾਤ ਰਾਂਝਾ ਕੀ ਕਹੀ। ਅਬ ਚਲਿ ਬਾਤ ਹੀਰ ਪੈ ਰਹੀ। ਤੁਮ ਕੌ ਤਾ ਕੀ ਕਥਾ ਸੁਨਾਊ। ਤਾ ਤੇ ਤੁਮਰੋ ਹ੍ਰਿਦੈ ਸਿਰਾਊ। ੧੦।

ਅਰਥ: ਇੰਨੀ ਗੱਲ ਰਾਂਝੇ ਬਾਰੇ ਕਹੀ ਹੈ। ਹੁਣ ਗੱਲ ਹੀਰ ਵਲ ਮੁੜਦੀ ਹੈ। (ਹੁਣ) ਤੁਹਾਨੂੰ ਉਸ ਦੀ ਕਥਾ ਸੁਣਾਉਂਦਾ ਹਾਂ। ਜਿਸ ਕਰ ਕੇ ਤੁਹਾਡਾ ਮਨ ਪ੍ਰਸੰਨ ਕਰਦਾ ਹਾਂ। ੧੦।

ਅੜਿਲ ਇੰਦ੍ਰ ਰਾਇ ਕੇ ਨਗਰ ਅਪਸਰਾ ਇੱਕ ਰਹੈ। ਮੈਨ ਕਲਾ ਤਿਹ ਨਾਮ ਸਕਲ ਜਗ ਯੌ ਕਹੈ। ਤਾ ਕੌ ਰੂਪ ਨਰੇਸ ਜੋ ਕੋਊ ਨਿਹਾਰਹੀ। ਹੋ ਗਿਰੈ ਧਰਨਿ ਪਰ ਝੂਮਿ ਮੈਨ ਸਰ ਮਾਰਹੀ। ੧੧।

ਅਰਥ: ਇੰਦਰ ਰਾਇ ਦੇ ਨਗਰ (ਇੰਦਰਪੁਰੀ) ਵਿੱਚ ਇੱਕ ਅਪੱਛਰਾ ਰਹਿੰਦੀ ਸੀ। ਸਾਰਾ ਜਗਤ ਉਸ ਦਾ ਨਾਂ ਮੈਨ ਕਲਾ ਕਹਿੰਦਾ ਸੀ। ਉਸ ਦਾ ਰੂਪ ਜੋ ਕੋਈ ਰਾਜਾ ਵੇਖਦਾ ਉਹ ਕਾਮ ਦੇ ਬਾਣ ਦਾ ਵਿੰਨ੍ਹਿਆ ਹੋਇਆ ਭਵਾਟਣੀ ਖਾ ਕੇ ਧਰਤੀ ਉਤੇ ਡਿਗ ਪੈਂਦਾ। ੧੧।

ਚੌਪਈ ਤੌਨੋ ਸਭਾ ਕਪਿਲ ਮੁਨਿ ਆਯੋ। ਔਸਰ ਜਹਾ ਮੈਨਕਾ ਪਾਯੋ। ਤਿਹ ਲਖਿ ਮੁਨਿ ਬੀਰਜ ਗਿਰਿ ਗਯੋ। ਚਪਿ ਚਿਤ ਮੈ ਸ੍ਰਾਪਤ ਤਿਹ ਭਯੋ। ੧੨।

ਅਰਥ: (ਡਾ. ਜੱਗੀ ਅਨੁਸਾਰ): ਉਸ ਦੀ ਸਭਾ ਵਿੱਚ ਕਪਿਲ ਮੁਨੀ ਆਇਆ। (ਉਸ ਨੂੰ) ਉਥੇ ਮੈਨਕਾ ਨੂੰ (ਵੇਖਣ ਦਾ ਅਵਸਰ) ਮਿਲਿਆ। ਉਸ ਨੂੰ ਵੇਖ ਕੇ ਮੁਨੀ ਦਾ ਵੀਰਜ ਡਿਗ ਗਿਆ। (ਉਸ ਨੋ) ਚਿਤ ਵਿੱਚ ਕ੍ਰੋਧਿਤ ਹੋ ਕੇ ਉਸ ਨੂੰ ਸਰਾਪ ਦਿੱਤਾ। ੧੨।

ਤੁਮ ਗਿਰਿ ਮਿਰਤ ਲੋਕ ਮੈ ਪਰੋ। ਜੂਨਿ ਸਯਾਲ ਜਾਟ ਕੀ ਧਰੋ। ਹੀਰ ਆਪਨੋ ਨਾਮ ਸਦਾਵੋ। ਜੂਠ ਕੂਠ ਤੁਰਕਨ ਕੀ ਖਾਵੋ। ੧੩।

ਅਰਥ: ਤੂੰ ਡਿਗ ਕੇ ਮਿਰਤ ਲੋਕ ਵਿੱਚ ਜਾ ਪੈ ਅਤੇ ਸਿਆਲ ਜੱਟ ਦੀ ਜੂਨ ਧਾਰਨ ਕਰ। ਆਪਣਾ ਨਾਮ ਹੀਰ ਸਦਵਾ ਅਤੇ ਤੁਰਕਾਂ ਦੇ ਘਰ ਦੀ ਤਿਰਸਕਾਰੀ ਹੋਈ ਜੂਠ ਖਾ। ੧੩।

ਦੋਹਰਾ: ਤਬ ਅਬਲਾ ਕੰਪਤਿ ਭਈ ਤਾ ਕੋ ਪਰਿ ਕੈ ਪਾਇ। ਕ੍ਹਯੋਹੂ ਹੋਇ ਉਧਾਰ ਮਮ ਸੋ ਦਿਜ ਕਹੋ ਉਪਾਇ। ੧੪।

ਅਰਥ: ਤਦ ਉਹ ਅਬਲਾ ਕੰਬਣ ਲਗੀ ਅਤੇ ਉਸ ਦੇ ਪੈਰੀ ਪੈ ਕੇ ਕਹਿਣ ਲਗੀ, ਹੇ ਬ੍ਰਾਹਮਣ! ਮੇਰੇ ਉੱਧਾਰ ਕਿਵੇਂ ਹੋਵੇਗਾ, ਇਸ ਦਾ ਕੋਈ ਉਪਾ ਦਸੋ। ੧੪।

ਚੌਪਈ: ਇੰਦ੍ਰ ਸੁ ਮ੍ਰਿਤ ਮੰਡਲ ਜਬ ਜੈਹੈ। ਰਾਂਝਾ ਅਪਨੋ ਨਾਮੁ ਕਹੈ ਹੈ। ਤੋ ਸੌ ਅਧਿਕ ਪ੍ਰੀਤਿ ਉਪਜਾਵੈ। ਅਮਰਵਤੀ ਬਹੁਰਿ ਤੁਹਿ ਲ੍ਹਯਾਵੈ। ੧੫।

ਅਰਥ: ਜਦੋਂ ਇੰਦਰ ਮ੍ਰਿਤ ਲੋਕ ਵਿੱਚ ਜਾਏਗਾ ਤਾਂ ਆਪਣਾ ਨਾਂ ਰਾਂਝਾ ਅਖਵਾਏਗਾ। ਤੇਰੇ ਨਾਲ ਅਧਿਕ ਪ੍ਰੇਮ ਕਰੇਗਾ ਅਤੇ ਤੈਨੂੰ ਫਿਰ ਅਮਰਾਵਤੀ ਲੈ ਆਇਗਾ। ੧੫।

ਦੋਹਰਾ: ਜੂਨਿ ਜਾਟ ਕੀ ਤਿਨ ਧਰੀ ਮ੍ਰਿਤ ਮੰਡਲ ਮੈ ਆਇ। ਚੂਚਕ ਕੇ ਉਪਜੀ ਭਵਨ ਹੀਰ ਨਾਮ ਧਰਵਾਇ। ੧੬।

ਅਰਥ: ਉਸ ਨੇ ਆ ਕੇ ਮ੍ਰਿਤ ਮੰਡਲ ਵਿੱਚ ਜੱਟ ਦੀ ਜੂਨ ਧਾਰਨ ਕੀਤੀ ਅਤੇ ‘ਹੀਰ’ ਨਾਂ ਧਾਰਨ ਕਰ ਕੇ ਚੂਚਕ ਦੇ ਘਰ ਪੈਦਾ ਹੋਈ। ੧੬।

ਚੌਪਈ: ਰਾਂਝਾ ਚਾਰਿ ਮਹਿਖਿਯਨ ਆਵੈ। ਤਾ ਕੋ ਹੇਰਿ ਹੀਰ ਬਲਿ ਜਾਵੈ। ਤਾ ਸੌ ਅਧਿਕ ਨੇਹੁ ਉਪਜਾਯੋ। ਭਾਤਿ ਭਾਤਿ ਸੌ ਮੋਹ ਬਢਾਯੋ। ੧੮।

ਅਰਥ: ਰਾਂਝਾ ਮੱਝਾਂ ਚਰਾ ਕੇ ਵਾਪਸ ਆਉਂਦਾ। ਉਸ ਨੂੰ ਵੇਖ ਕੇ ਹੀਰ ਬਲਿਹਾਰੀ ਜਾਂਦੀ। ਉਸ ਨਾਲ ਬਹੁਤ ਪ੍ਰੇਮ ਪੈਦਾ ਕਰ ਲਿਆ ਅਤੇ ਭਾਂਤ ਭਾਂਤ ਨਾਲ ਮੋਹ ਵਧਾ ਲਿਆ। ੧੮।

ਚੌਪਈ: ਐਸੀ ਪ੍ਰੀਤਿ ਪ੍ਰਿਯਾ ਕੀ ਭਈ। ਸਿਗਰੀ ਬਿਸਰਿ ਤਾਹਿ ਸੁਧਿ ਗਈ। ਰਾਂਝਾ ਜੂ ਕੇ ਰੂਪ ਉਰਝਾਨੀ। ਲੋਕ ਲਾਜ ਤਜਿ ਭਈ ਦਿਵਾਨੀ। ੨੭।

ਅਰਥ: ਪ੍ਰਿਯਾ (ਹੀਰ) ਦੀ ਪ੍ਰੀਤ ਅਜਿਹੀ ਹੋ ਗਈ ਕਿ ਉਸ ਨੂੰ ਸਾਰੀ ਸੁੱਧ ਬੁੱਧ ਭੁਲ ਗਈ। ਉਹ ਰਾਂਝੇ ਦੇ ਰੂਪ ਵਿੱਚ ਉਲਝ ਗਈ ਅਤੇ ਲੋਕ-ਲਾਜ ਨੂੰ ਛਡ ਕੇ ਦਿਵਾਨੀ ਹੋ ਗਈ। ੨੭।

ਤਬ ਚੂਚਕ ਇਹ ਭਾਤਿ ਬਿਚਾਰੀ। ਯਹ ਕੰਨ੍ਹਯਾ ਨਹਿ ਜਿਯਤ ਹਮਾਰੀ। ਅਬ ਹੀ ਯਹ ਖੇਰਾ ਕੋ ਦੀਜੈ। ਯਾ ਮੈ ਤਨਿਕ ਢੀਲ ਨਹਿ ਕੀਜੈ। ੨੮।

ਅਰਥ: ਤਦ ਚੂਚਕ ਨੇ ਇਸ ਤਰ੍ਹਾਂ ਸੋਚਿਆ ਕਿ ਇਹ ਕੰਨਿਆ ਜੀਉਂਦੀ ਨਹੀਂ ਰਹੇਗੀ। ਹੁਣ ਹੀ ਇਹ ਖੇੜਿਆਂ ਨੂੰ ਦੇ ਦੇਈਏ। ਇਸ ਵਿੱਚ ਜ਼ਰਾ ਜਿੰਨੀ ਢਿਲ ਨਹੀਂ ਕਰਨੀ ਚਾਹੀਦੀ। ੨੮।

ਖੇਰਹਿ ਬੋਲ ਤੁਰਤੁ ਤਿਹ ਦਯੋ। ਰਾਂਝਾ ਅਤਿਥ ਹੋਇ ਸੰਗ ਗਯੋ। ਮਾਗਤ ਭੀਖ ਘਾਤ ਜਬ ਪਾਯੋ। ਲੈ ਤਾ ਕੋ ਸੁਰ ਲੋਕ ਸਿਧਾਯੋ। ੨੯।

ਅਰਥ: ਉਨ੍ਹਾਂ ਨੇ ਖੇੜਿਆਂ ਨੂੰ ਤੁਰਤ ਬੁਲਾ ਲਿਆ (ਅਤੇ ਹੀਰ ਦਾ ਵਿਆਹ ਕਰ ਕੇ) ਉਨ੍ਹਾਂ ਨਾਲ ਤੋਰ ਦਿੱਤੀ। ਰਾਂਝਾ ਉਨ੍ਹਾਂ ਨਾਲ ਫ਼ਕੀਰ ਬਣ ਕੇ ਗਿਆ। ਜਦੋਂ ਭਿਖ ਮੰਗਦੇ ਦਾ ਦਾਓ ਲਗਿਆ ਤਾਂ ਉਹ ਉਸ ਨੂੰ ਲੈ ਕੇ ਸਵਰਗ ਚਲਿਆ ਗਿਆ। ੨੯।

ਰਾਂਝਾ ਹੀਰ ਮਿਲਤ ਜਬ ਭਏ। ਚਿਤ ਕੇ ਸਕਲ ਸੋਕ ਮਿਟਿ ਗਏ। ਹਿਯਾ ਕੀ ਅਵਧਿ ਬੀਤਿ ਜਬ ਗਈ। ਬਾਟਿ ਦੁਹੁੰ ਸੁਰ ਪੁਰ ਕੀ ਲਈ। ੩੦।

ਅਰਥ: ਜਦੋਂ ਹੀਰ ਅਤੇ ਰਾਂਝਾ ਮਿਲੇ ਤਾਂ (ਉਨ੍ਹਾਂ ਦੇ) ਮਨ ਦੇ ਸਾਰੇ ਦੁਖ ਦੂਰ ਹੋ ਗਏ। ਇਥੋਂ ਦੀ ਮਿਆਦ ਜਦੋਂ ਪੂਰੀ ਹੋ ਗਈ ਤਾਂ ਦੋਹਾਂ ਨੇ ਸਵਰਗ ਦਾ ਮਾਰਗ ਪਕੜ ਲਿਆ। ੩੦।

ਦੋਹਰਾ: ਰਾਂਝਾ ਭਯੋ ਸੁਰੇਸ ਤਹ ਭਈ ਮੈਨਕਾ ਹੀਰ। ਯਾ ਜਗ ਮੈ ਗਾਵਤ ਸਦਾ ਸਭ ਕਬਿ ਕੁਲ ਜਸ ਧੀਰ। ੩੧। ੧।

ਅਰਥ: ਉਥੇ ਰਾਂਝਾ ਇੰਦਰ ਬਣ ਗਿਆ ਅਤੇ ਹੀਰ ਮੈਨਿਕਾ ਬਣ ਗਈ। ਇਸ ਜਗਤ ਵਿੱਚ ਸਾਰੇ ਕਵੀ-ਕੁਲ (ਇਨ੍ਹਾਂ ਦਾ) ਸਦਾ ਧੀਰਜ ਨਾਲ ਜਸ ਗਾਉਂਦੇ ਹਨ। ੩੧। ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਅ ਚਰਿਤ੍ਰ ਦੇ ਮੰਤਰੀ ਭੂਪ ਸੰਵਾਦ ਦੇ ੯੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ। ੯੮। ੧੮੨੮। ਚਲਦਾ।

ਸਿੱਖ-ਪਰਿਵਾਰਾਂ ਨੂੰ ਐਸੇ ਗਾਣੇ ਗਉਣਾ ਜਾਂ ਐਸੀਆਂ ਕਹਾਣੀਆਂ ਪੜ੍ਹਣਾ/ਸੁਣਨਾ ਮਨਮਤਿ ਦੇ ਬਰਾਬਰ ਹੈ। ਸਿੱਖਾਂ ਲਈ ਇਲਾਹੀ ਅਤੇ ਦੁਨਿਆਵੀਂ ਜੀਵਨ ਸਫਲਾ ਕਰਨ ਲਈ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” ਦਾ ਸੋਮਾ ਇੱਕ “ਗੁਰੂ ਗਰੰਥ ਸਾਹਿਬ” ਹੀ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”।

ਗੁਰਮੀਤ ਸਿੰਘ (ਸਿਡਨੀ, ਅਸਟ੍ਰੇਲੀਆ) ੩ ਫਰਵਰੀ ੨੦੧੩




.