.

(ਸੰਪਾਦਕੀ ਨੋਟ:- ਡੇਰੇ ਨਾਲ ਸੰਬੰਧਿਤ ਇੱਕ ਕਥਾਕਾਰ ਜਿਹੜਾ ਕਿ ਇੱਕ ਗੱਪੀ ਕਥਾਕਾਰ ਹੋਣ ਕਰਕੇ ਕਾਫੀ ਮਸ਼ਹੂਰ ਹੈ। ਕੁੱਝ ਸਮਾ ਪਹਿਲਾਂ ਇਸ ਕਥਾਕਾਰ ਦੇ ਪ੍ਰਭਾਵ ਕਬੂਲਣ ਵਾਲੇ ਇੱਕ ਵਿਆਕਤੀ ਦਾ ਫੂਨ ਆਇਆ ਅਤੇ ਪੁੱਛਣ ਲੱਗਾ ਕਿ ਤੂੰ ਕਰਾਮਾਤਾਂ ਨੂੰ ਮੰਨਦਾ ਹੈਂ? ਆਹ ਫਲਾਨੇ –ਫਲਾਨੇ ਗੁਰਦੁਆਰੇ ਦੇਖੇ ਹਨ? ਜਿਹੜੇ ਦੇਖੇ ਸੀ ਉਹ ਮੈਂ ਦੱਸ ਦਿੱਤੇ ਅਤੇ ਜਿਹੜੇ ਨਹੀਂ ਸੀ ਦੇਖੇ ਉਹ ਵੀ ਦੱਸ ਦਿੱਤੇ। ਜਿਹੜੇ ਨਹੀਂ ਸੀ ਦੇਖੇ ਉਹਨਾ ਵਿਚੋਂ ਇੱਕ ਇਹ ‘ਝੂਲਣੇ ਮਹਿਲ’ ਵੀ ਸੀ। ਸ: ਗੁਰਇੰਦਰ ਸਿੰਘ ਪਾਲ ਜੀ ਪਿਛਲੇ ਸਾਲ 2012 ਦੇ ਅਖੀਰ ਵਿੱਚ ਜਦੋਂ ਆਪਣੇ ਕੰਮ ਲਈ ਇੰਡੀਆ ਗਏ ਸੀ ਤਾਂ ਮੈਂ ਉਹਨਾ ਨੂੰ ਆਪਣੇ ਰੁਝੇਵੇਂ ਵਿਚੋਂ ਸਮਾ ਕੱਢ ਕੇ ਇਸ ਨੂੰ ਦੇਖਣ ਅਤੇ ਇਸ ਬਾਰੇ ਸੰਖੇਪ ਜਿਹੀ ਰਿਪੋਰਟ ਤਿਆਰ ਕਰਕੇ ਲਿਆਉਣ ਲਈ ਕਿਹਾ ਸੀ। ਜੋ ਕਿ ਫੋਟੋਆਂ ਸਮੇਤ ਪਾਠਕਾਂ ਦੀ ਜਾਣਕਾਰੀ ਲਈ ਹਾਜ਼ਰ ਹੈ। ਇਸ ਤੋਂ ਪਹਿਲਾਂ ਵੀ ਇੱਕ ਖਾਸ ਰਿਪੋਰਟ ਮਿੱਠੇ ਰੀਠਿਆਂ ਬਾਰੇ ਪ੍ਰਕਾਸ਼ਤ ਹੋ ਚੁੱਕੀ ਹੈ। ਜਿਹੜੀ ਕਿ ਆਪਣੇ ਆਪ ਇੱਕ ਵੱਖਰੀ ਕਿਸਮ ਦੀ ਸੀ। ਕਿਉਂਕਿ ਉਸ ਤੋਂ ਪਹਿਲਾਂ ਅੱਜ ਤੀਕ ਕਿਸੇ ਵੀ ਵਿਦਵਾਨ, ਇਤਿਹਾਸਕਾਰ, ਕਥਾਕਾਰ, ਪ੍ਰਚਾਰਕ ਜਾਂ ਕਿਸੇ ਯੂਨੀਵਰਸਿਟੀ ਵਲੋਂ ਫੋਟੋਆਂ ਸਮੇਤ ਅਸਲੀਅਤ ਦੱਸਦੀ ਪ੍ਰਕਾਸ਼ਤ ਨਹੀਂ ਸੀ ਹੋਈ ਜਿਹੜੀ ਕਿ ਪਹਿਲੀ ਵਾਰੀ ‘ਸਿੱਖ ਮਾਰਗ’ ਤੇ ਪ੍ਰਕਾਸ਼ਤ ਕੀਤੀ ਗਈ ਸੀ। ਜਿਹਨਾ ਪਾਠਕਾਂ ਨੇ ਹਾਲੇ ਨਹੀਂ ਪੜ੍ਹੀ ਉਹ ਉਹਨਾ ਦੇ ਪੁਰਾਣੇ ਲੇਖਾਂ ਵਿੱਚ ਪੜ੍ਹ ਸਕਦੇ ਹਨ)

ਝੂਲਣੇ ਮਹਿਲ

ਗੁ: ਜਾਂ ਗੁਰੂਆਂ ਦੇ ਨਾਮ ਤੇ ਠੱਗੀ ਦਾ ਅੱਡਾ?

‘ਸਿੱਖ ਮਾਰਗ’ ਦੇ ਸੰਪਾਦਕ ਨੂੰ ਕਿਸੇ ਸਜਨ ਨੇ ਗੁ: ‘ਝੂਲਣੇ ਮਹਿਲ’ ਦੀ ਦੱਸ ਪਾਈ ਅਤੇ ਕਿਹਾ ਕਿ ਅਸੀਂ ਉਸ ਸਥਾਨ ਦੇ ‘ਦਰਸ਼ਨ’ ਜ਼ਰੂਰ ਕਰੀਏ। ਇਸ ਦੇ ਸੰਪਾਦਕ ਸ: ਮੱਖਣ ਸਿੰਘ ਨੇ ਇੱਕ ਲਿਖਤ ਤੇ ਫੋਟੋਆਂ ਰਾਹੀਂ ਪਾਠਕਾਂ ਨੂੰ ਉਸ ਗੁਰੁ-ਸਥਾਨ ਅਤੇ ਉੱਥੇ ਸਥਿਤ ‘ਝੂਲਣੇ ਮਹਿਲ’ ਦੇ ਦਰਸ਼ਨ ਕਰਵਾਉਣ ਵਾਲੀ ਇੱਕ ਰਿਪੋਰਟ ਤਿਆਰ ਕਰਕੇ ਲਿਆਉਣ ਲਈ ਕਿਹਾ। ਇਸੇ ਮਕਸਦ ਲਈ ਅਸੀਂ ਆਪਣੀ ਇਸ ਫੇਰੀ ਦੌਰਾਨ ਦੋ ਵਾਰ ਉੱਥੇ ਉਚੇਚਾ ਗਏ। ਜੋ ਅਸੀਂ ਉੱਥੇ ਵੇਖਿਆ ਸੁਣਿਆ, ਉਸ ਦਾ ਸੰਖੇਪ ਵਰਣਨ ਹੀ ਇਸ ਲੇਖ ਦਾ ਵਿਸ਼ਾ ਹੈ।

ਇਹ ‘ਗੁਰੂਦਵਾਰਾ’ (ਦਰਅਸਲ ਡੇਰਾ) ਤਰਨਤਾਰਨ ਤੋਂ ਅੰਮ੍ਰਿਤਸਰ ਜਾਣ ਵਾਲੀ ਸੜਕ `ਤੇ ਤਰਨਤਾਰਨ ਤੋਂ ਪੰਜ ਕਿ: ਮੀ: ਦੇ ਫ਼ਾਸਲੇ `ਤੇ ਠੱਠੀ ਨਾਮਕ ਪਿੰਡ ਵਿੱਚ ਸਥਿਤ ਹੈ। ਪਰੰਤੂ ਦੋ ਪਿੰਡਾਂ, ਠੱਠੀ ਤੇ ਖਾਰਾ ਵਿਚਾਲੇ ਹੋਣ ਕਾਰਣ ਇਸ ‘ਗੁਰੂਦਵਾਰੇ’ ਦੇ ਨਾਮ ਨਾਲ ਠੱਠੀ-ਖਾਰਾ ਲਿਖਿਆ ਜਾਂਦਾ ਹੈ। ਪਿੰਡ ਠੱਠੀ ਵੱਲੋਂ ਇਸ ਦਾ ਫ਼ਾਸਲਾ ਤਕਰੀਬਨ ਇੱਕ ਕਿ: ਮੀ: ਹੈ ਅਤੇ ਪਿੰਡ ਖਾਰਾ ਵੱਲੋਂ ਇਹ ਸਥਾਨ ਮੁੱਖ ਮਾਰਗ ਤੋਂ ਤਕਰੀਬਨ ਦੋ ਕੁ ਕਿ: ਮੀ: ਹਟ ਕੇ ਹੈ। ਦੋਹਾਂ ਪਾਸਿਆਂ ਤੋਂ ਪਹੁੰਚ ਸੜਕ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਤੇ ਡੂੰਘੇ ਟੋਇਆਂ ਦੀ ਵੀ ਕੋਈ ਕਮੀ ਨਹੀਂ। ਕਈ ਥਾਈਂ ਇਨ੍ਹਾਂ ਟੋਇਆਂ ਵਿੱਚ ਪਾਣੀ ਤੇ ਚਿੱਕੜ ਭਰਿਆ ਹੋਇਆ ਹੈ। ਕਾਰ ਉੱਤੇ 1-2 ਕਿ: ਮੀ: ਦਾ ਇਹ ਫ਼ਾਸਲਾ ਤੈਅ ਕਰਨ ਨੂੰ 15-20 ਮਿੰਟ ਲੱਗੇ। ਓਦਾਂ ਤਾਂ, ਭ੍ਰਸ਼ਟਾਚਾਰ ਕਾਰਣ, ਪੰਜਾਬ ਦੇ ਸਾਰੇ ਪਿੰਡਾਂ ਦੀਆਂ ਸੜਕਾਂ ਦੀ ਮੰਦੀ ਹਾਲਤ ਹੈ, ਪਰੰਤੂ ਇਸ ਲਿੰਕ ਰੋਡ ਦੇ ਵਧੇਰੇ ਟੁੱਟੇ ਹੋਣ ਦਾ ਕਾਰਣ ਅੱਗੇ ਚੱਲ ਕੇ ਲਿਖਾਂ ਗੇ।

ਪਹਿਲਾਂ ਇਸ ਸਥਾਨ ਨਾਲ ਜੋੜੀ ਗਈ ਮਿੱਥਿਆ ਕਹਾਣੀ, ਜੋ ਉੱਥੇ ਗਿਆਂ ਨੂੰ ਸੁਣਾਈ ਜਾਂਦੀ ਹੈ, ਦਾ ਸੰਖੇਪ ਵਰਣਨ ਕਰ ਲੈਣਾ ਠੀਕ ਰਹੇ ਗਾ:

“……ਇਸ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 7 ਸਾਲ 7 ਮਹੀਨੇ 7 ਦਿਨ ਰਹੇ, ਜੋ ਕਿ ਸ੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਤਾਂ ਰਾਤ ਵੇਲੇ ਇਥੇ ਆ ਕੇ ਬਿਸਰਾਮ ਕਰਦੇ ਸਨ। ………” (ਇਹ ਇਤਿਹਾਸਕ ਸੱਚ ਨਹੀਂ ਸਗੋਂ ਲੋਕਾਂ ਨੂੰ ਇਸ ਸਥਾਨ ਵੱਲ ਆਕ੍ਰਸ਼ਿਤ ਕਰਨ ਵਾਸਤੇ ਮਨ-ਘੜੰਤ ਕਹਾਣੀ ਹੈ। ਇਸ ਮਿੱਥ ਦਾ ਕੋਈ ਪ੍ਰਮਾਣ ਨਹੀਂ ਹੈ। ਉੱਥੇ ਕੋਈ ਪੁਰਾਤਨ ਰਿਹਾਇਸ਼ਗਾਹ ਨਜ਼ਰ ਨਹੀਂ ਆਂਉਂਦੀ ਜਿੱਥੇ ਗੁਰੂ ਜੀ ਨੇ ਰਿਹਾਇਸ਼ ਕੀਤੀ ਹੋਵੇ! ਉਸ ਜ਼ਮਾਨੇ ਵਿੱਚ ਜਦੋਂ ਆਵਾ-ਜਾਈ ਦੇ ਸਾਧਨ ਨਹੀਂ ਸਨ ਹੁੰਦੇ, ਤਰਨ ਤਾਰਨ ਦੇ ਸਰੋਵਰ ਦੀ ਸੇਵਾ ਕਰਵਾਉਣ ਵਾਸਤੇ ਗੁਰੁ ਜੀ ਦੁਆਰਾ 6-7 ਕਿ: ਮੀ: ਦੀ ਦੂਰੀ `ਤੇ ਰਿਹਾਇਸ਼ ਰੱਖਣ ਪਿੱਛੇ ਕੋਈ ਤਰਕ ਨਜ਼ਰ ਨਹੀਂ ਆਉਂਦਾ!)

“……ਇਕ ਵਾਰ ਇੱਥੋਂ ਜਹਾਂਗੀਰ ਬਾਦਸ਼ਾਹ ਲੰਘ ਰਿਹਾ ਸੀ। ਉਸ ਦੇ ਦੋ ਹਾਥੀ ਝੂਮਦੇ ਹੋਏ ਆਏ। ਗੁਰੂ ਜੀ ਨੇ ਕਿਹਾ ਕਿ ਤੇਰੇ ਹਾਥੀ ਜਿਨ੍ਹਾਂ ਦਾ ਤੂੰ ਹੰਕਾਰ ਕਰਦਾ ਹੈਂ ਸਦਾ ਨਹੀਂ ਰਹਿਣੇ ਪਰ ਸਾਡੇ ਮਹਿਲ ਹਮੇਸ਼ਾ ਝੂਲਦੇ ਰਹਿਣ ਗੇ। ਉਨ੍ਹਾਂ (ਗੁਰੁ ਜੀ ਨੇ) ਦੋ ਕੰਧਾਂ ਉਸਰਵਾਈਆਂ ਜੋ ਝੂਲਦੀਆਂ ਹਨ। ………” (ਕੀ ਕੰਧਾਂ ਨੂੰ ਮਹਿਲ ਕਹਿਣਾ ਠੀਕ ਹੈ? ਇਨ੍ਹਾਂ ਕੰਧਾਂ ਦੇ ਝੂਲਣ ਦਾ ਸੱਚ ਅੱਗੇ ਚੱਲ ਕੇ ਲਿਖਾਂ ਗੇ।)

“……ਉਨ੍ਹਾਂ (ਗੁਰੂ ਜੀ ਨੇ) ਨੇੜੇ ਹੀ ਇੱਕ ਸਰੋਵਰ ਦੀ ਸੇਵਾ ਕਰਵਾਈ ਜਿੱਥੇ ਇਸ਼ਨਾਨ ਕਰਕੇ ਕੁਸ਼ਟੀਆਂ ਦੇ ਕੁਸ਼ਟ ਦੂਰ ਹੁੰਦੇ ਹਨ! … … “(ਪੀੜਤ ਲੋਕਾਂ ਨੂੰ ਲੁਭਾਉਣ ਵਾਸਤੇ ਇਹ ਝੂਠੀ ਕਹਾਣੀ ਹਰ ਉਸ ਸਥਾਨ ਨਾਲ ਜੋੜੀ ਜਾਂਦੀ ਹੈ ਜਿੱਥੇ ਪਾਣੀ/ਤਾਲਾਬ ਹੈ! ਜੇ ਇਸ ਕਹਾਣੀ ਵਿੱਚ ਰਤਾ ਵੀ ਸੱਚ ਹੁੰਦਾ ਤਾਂ ਦੇਸ਼ ਦੇ ਸਾਰੇ ਪਿੰਗਲਵਾੜੇ ਕਦੋਂ ਦੇ ਬੰਦ ਹੋ ਗਏ ਹੁੰਦੇ! ਡੇਰੇ `ਤੇ ਇੱਕ ਅਜਿਹਾ ਵਿਅਕਤੀ ਹੈ ਜਿਸ ਦੀ ਲੱਤ ਨੂੰ ਕੁਸ਼ਟ ਵਰਗੀ ਇੱਕ ਅਜੀਬ ਜਿਹੀ ਬਿਮਾਰੀ ਹੈ, ਉਸ ਦੇ ਇਲਾਜ ਵਾਸਤੇ ਉਸ ਨੂੰ ਕਿਸੇ ਸਿਆਣੇ ਡਾਕਟਰ ਕੋਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ!)

ਛੋਟੀਆਂ ਇੱਟਾਂ ਲੱਗੀਆਂ ਹੋਣ ਕਾਰਣ ਤਾਲਾਬ (ਸਰੋਵਰ) ਕਾਫ਼ੀ ਪੁਰਾਣਾ ਲੱਗਦਾ ਹੈ, ਪਰੰਤੂ ਇਤਨਾ ਪੁਰਾਣਾ ਵੀ ਨਹੀਂ ਕਿ ਇਸ ਨੂੰ ਗੁਰੂ ਅਰਜਨ ਦੇਵ ਜੀ ਦਾ ਬਣਵਾਇਆ ਕਿਹਾ ਜਾ ਸਕੇ! ਇਹ ‘ਸਰੋਵਰ’ ਉਸਾਰੀ-ਕਲਾ ਦਾ ਇੱਕ ਸੁੰਦਰ ਨਮੂਨਾ ਹੈ। ਇਸ ਦੀਆਂ ਦੋ ਬਾਹੀਆਂ ਉੱਤੇ ਮਹਿਰਾਬਦਾਰ ਛੱਤਾਂ ਵਾਲੇ ਕੋਠੜੇ ਹਨ ਅਤੇ ਦੂਜੀਆਂ ਦੋ ਵੱਖੀਆਂ ਵਾਲੇ ਕੋਠੜਿਆਂ ਉੱਤੇ ਪੱਧਰੀ ਛੱਤ ਹੈ। ਖ਼ੂਬਸੂਰਤ ਡਾਟਾਂ ਇਨ੍ਹਾਂ ਕੋਠੜਿਆਂ ਦਾ ਸ਼ਿੰਗਾਰ ਹਨ। ਇਨ੍ਹਾਂ ਨਿੱਕੜੇ ਕਮਰਿਆਂ ਦੀ ਕੀ ਵਰਤੋਂ ਹੁੰਦੀ ਹੋਵੇਗੀ? ਕੁਛ ਕਿਹਾ ਨਹੀਂ ਜਾ ਸਕਦਾ! ਛੋਟੀਆਂ ਸੁੰਦਰ ਮਹਿਰਾਬਾਂ ‘ਸਰੋਵਰ’ ਦੁਆਲੇ ਬਣੀ ਦੀਵਾਰ ਦਾ ਸ਼ਿੰਗਾਰ ਹਨ। ਸਰੋਵਰ ਦੀ ਪਰਕਰਮਾ ਦੀਆਂ ਚਾਰੇ ਗੁੱਠਾਂ ਉੱਤੇ ਬਣੀਆਂ ਗੁੰਬਦਦਾਰ ਚਬੂਤਰੀਆਂ ਇਸ ਸਥਾਨ ਨੂੰ ਚਾਰ ਚੰਨ ਲਾਉਂਦੀਆਂ ਹਨ। ‘ਸਰੋਵਰ’ ਦੀ ਪਰਕਰਮਾ ਵਿੱਚ ਬਣੀ ਇੱਕ ਅਜੀਬ ਪਰ ਸੁੰਦਰ ਬੁਰਜੀ ਜਿਹੀ ਨੂੰ ਅਸੀਂ ਕੋਈ ਨਾਮ ਨਹੀਂ ਦੇ ਸਕੇ। ਇਹ ਕੀ ਹੈ ਅਤੇ ਇਸ ਦੀ ਕੀ ਵਰਤੋਂ ਹੁੰਦੀ ਹੋਵੇਗੀ? ਕੁਛ ਕਿਹਾ ਨਹੀਂ ਜਾ ਸਕਦਾ!

ਸਰੋਵਰ ਤੋਂ ਕਾਫ਼ੀ ਫ਼ਾਸਲੇ `ਤੇ ਇੱਕ ਪੋਣਾ (ਬੀਬੀਆਂ ਦੇ ਨਹਾਉਣ ਵਾਸਤੇ ਪਰਦੇ ਵਾਲੀ ਜਗ੍ਹਾ) ਹੈ, ਜੋ ਕਿ ਨਵਾਂ ਹੀ ਉਸਾਰਿਆ ਗਿਆ ਹੈ, ਉਸ ਬਾਰੇ ਦੱਸਿਆ ਜਾਂਦਾ ਹੈ: “……ਇੱਥੇ ਨਹਾਉਣ ਵਾਲੀਆਂ ਬੀਬੀਆਂ ਨੂੰ ਪੁੱਤਰ ਦੀ ਦਾਤ ਦੀ ਬਖ਼ਸ਼ਿਸ਼ ਹੁੰਦੀ ਹੈ। ……” (ਕਹਿਤ ਕਮਲੇ ਸੁਣਤ ਬਾਵਲੇ!)

ਸਾਡੇ ਪੁੱਛਣ ਤੇ ਦੱਸਿਆ ਗਿਆ ਕਿ, “ਸਰੋਵਰ ਵਿੱਚ ਪਾਣੀ ਮੋਟਰ ਨਾਲ ਭਰਿਆ ਜਾਂਦਾ ਹੈ; ਅਤੇ ਬੀਬੀਆਂ ਦੇ ਪੋਣੇ ਵਾਸਤੇ ਪਾਣੀ ਲਈ ਅਲੱਗ ਮੋਟਰ ਹੈ!”

(ਸਰੋਵਰ ਦਾ ਪਾਣੀ ਬਹੁਤ ਗੰਧਲਾ ਹੈ ਜਿਸ ਨੂੰ ‘ਅੰਮ੍ਰਿਤ’ ਕਹਿ ਕੇ ਪ੍ਰਚਾਰਿਆ ਜਾਂਦਾ ਹੈ! ਪੋਣੇ ਵਿੱਚ ਸਾਬਣ ਤੇਲ ਵਰਤਣ ਜਾਂ ਮਲ ਕੇ ਨਹਾਉਣ ਦੀ ਮਨਾਹੀ ਹੈ, ਕਿਉਂਕਿ ਉਹ ਪਾਣੀ ਵੀ ‘ਅੰਮ੍ਰਿਤ’ ਗਰਦਾਨਿਆ ਜਾਂਦਾ ਹੈ!)

“……ਸ੍ਰੀ ਦਰਬਾਰ ਸਾਹਿਬ ਜੀ ਦੀ ਨਵੀਂ ਬਿਲਡਿੰਗ ਦੀ ਕਾਰ ਸੇਵਾ ਚਲ ਰਹੀ ਹੈ। 24 ਘੰਟੇ ਗੁਰੂ ਕਾ ਲੰਗਰ ਵਰਤਦਾ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸੇਵਾ ਦੇ ਇਸ ਮਹਾਨ ਕੁੰਭ ਵਿੱਚ ਤਨ, ਮਨ, ਧਨ ਨਾਲ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ ਜੀ। ……”

(ਕੀ ਸਮਾਧ ਨੂੰ ‘ਸ੍ਰੀ ਦਰਬਾਰ ਸਾਹਿਬ’ ਕਹਿਣ/ਲਿਖਣ ਪਿੱਛੇ ਡੇਰੇਦਾਰਾਂ ਦੀ ਕੁਟਿਲ ਚਾਲ ਨਹੀਂ?)

ਸਾਡੇ ਪੁੱਛਣ `ਤੇ ਕਿ ਇਸ ਸਥਾਨ `ਤੇ ਕਿਹੜੇ ਵਿਸ਼ੇਸ਼ ਦਿਹਾੜੇ ਮਨਾਏ ਜਾਂਦੇ ਹਨ ਤੇ ਕਿਵੇਂ? ਦੱਸਿਆ ਗਿਆ ਕਿ ਇੱਥੇ ‘ਬਾਬਿਆਂ’ ਦੀ ‘ਪਵਿੱਤਰ ਯਾਦ’ ਵਿੱਚ ਇੱਕ ਸਾਲਾਨਾ ਜੋੜ ਮੇਲਾ ਹੁੰਦਾ ਹੈ! ਦਸੰਬਰ 2012 ਵਿੱਚ ਮਨਾਏ ਗਏ ਇਸ ਦਿਹਾੜੇ ਦਾ ਇਸ਼ਤਿਹਾਰ ਅਜੇ ਵੀ ਥਾਂ ਥਾਂ ਉੱਤੇ ਲੱਗਿਆ ਹੋਇਆ ਸੀ ਜਿਸ ਤੋਂ ਜੋ ਜਾਣਕਾਰੀ ਮਿਲੀ ਉਹ ਪਾਠਕਾਂ ਨਾਲ ਸਾਂਝੀ ਕਰਨੀ ਉਚਿਤ ਹੋਵੇਗੀ:

ਇਹ ਸਾਲਾਨਾ ਜੋੜ-ਮੇਲਾ 6-7 ਡੇਰੇਦਾਰ ਬਾਬਿਆਂ ਨੂੰ ਸਮਰਪਿਤ ਹੁੰਦਾ ਹੈ। ਇਨ੍ਹਾਂ ਸਾਰੇ ਬਾਬਿਆਂ ਦੀਆਂ ਫੋਟੋਆਂ ਇਸ਼ਤਿਹਾਰ ਉੱਤੇ ਸਸ਼ੋਭਤ ਹਨ! ਬਾਬਿਆਂ ਦੇ ਨਾਵਾਂ ਨਾਲ ‘ਸ਼੍ਰੀ ਮਾਨ ਸੰਤ ਬਾਬਾ’ ਜਾਂ ‘ਸੱਚਖੰਡ ਵਾਸੀ ਸੰਤ ਬਾਬਾ’ ਲਿਖਿਆ ਹੋਇਆ ਹੈ। ਪਹਿਲੇ ‘ਬਾਬੇ’ ਦਾ ਨਾਮ ਇਉਂ ਲਿਖਿਆ ਹੈ: ‘ਸੱਚ ਖੰਡ ਵਾਸੀ 108 ਸੰਤ ਬਾਬਾ ਸ਼ਾਮ ਸਿੰਘ ਜੀ’! ਵਰਤਮਾਨ ‘ਬਾਬੇ’ ਦਾ ਨਾਮ ਹੀਰਾ ਸਿੰਘ ਹੈ, ਜਿਸ ਦੇ ‘ਦਰਸ਼ਨ’ ਸਾਨੂੰ ਨਹੀਂ ਹੋ ਸਕੇ ਕਿਉਂਕਿ ਉਹ ਦੁਪਹਿਰ ਤਕ ਆਪਣੇ ਚੁਬਾਰੇ ਉੱਤੋਂ ਅਜੇ ਉਤਰੇ ਹੀ ਨਹੀਂ ਸਨ! ਪੋਸਟਰ ਉੱਤੇ ਇਸ ਬਾਬੇ ਦੇ ਇੱਕ ਨੌਜਵਾਨ ਹੋਣਹਾਰ ਬੇਟੇ ਹਰਬਰਿੰਦਰ ਸਿੰਘ ਦੀ ਫੋਟੋ ਵੀ ਹੈ ਜੋ ਕਿਸੇ ਹਾਦਸੇ ਵਿੱਚ ਮਾਰਿਆ ਗਿਆ ਸੀ। ਸਾਲਾਨਾ ਜੋੜ ਮੇਲੇ ਦੇ ਇਸ਼ਤਿਹਾਰ ਵਿੱਚੋਂ ਕੁੱਝ ਹੋਰ ਲਾਈਨਾਂ ਹੇਠ ਲਿਖੇ ਅਨੁਸਾਰ ਹਨ:

“……ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਉਹਨਾਂ ਦੇ ਸਪੁੱਤਰ ਜਥੇਦਾਰ ਬਾਬਾ ਹੀਰਾ ਸਿੰਘ ਜੀ ਦੂਖ ਨਿਵਾਰਨ ਸਮਾਧ ਝੂਲਣੇ ਮਹਿਲ, ਠੱਠੀ ਖਾਰਾ (ਤਰਨ ਤਾਰਨ) ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ……ਇਸ ਮਹਾਨ ਸਮਾਗਮ ਵਿੱਚ ਸੰਤ ਮਹਾਂਪੁਰਸ਼ ਅਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਰਹੀਆਂ ਹਨ। ……ਬਾਬਾ ਹਰਬਰਿੰਦਰ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਝੂਲਣੇ ਮਹਿਲ ਯੂਥ ਵੈਲਫੇਅਰ ਸਪੋਰਟਸ ਕਲੱਬ ਵੱਲੋਂ ਪਿੰਡ ਠੱਠੀ ਖਾਰਾ (ਠੱਠੀ) ਵਿਖੇ ਮਿਤੀ 5-6-7-8 ਦਸੰਬਰ, 2012 ਨੂੰ ਪਹਿਲਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ……ਕਬੱਡੀ ਦਾ ਉੱਚ ਪੱਧਰ ਦਾ ਮੈਚ ਕਰਵਾਇਆ ਜਾਵੇਗਾ। ……ਜਲੇਬਾਂ ਦਾ ਲੰਗਰ ਅਤੁੱਟ ਵਰਤੇਗਾ। ……ਨੋਟ: ਸਟੇਜ ਸੈਕਟਰੀ ਦੀ ਆਗਿਆ ਤੋਂ ਬਿਨਾਂ ਸਟੇਜ ਤੇ ਬੋਲਣ ਦਾ ਸਮਾਂ ਨਹੀਂ ਮਿਲੇਗਾ। ……ਗੁਰੂ ਪੰਥ ਦੇ ਦਾਸ – ਜਥੇਦਾਰ ਬਾਬਾ ਹੀਰਾ ਸਿੰਘ ਜੀ ਝੂਲਣੇ ਮਹਿਲ ਵਾਲੇ ਦੂਖ ਨਿਵਾਰਨ ਸਮਾਧ ਝੂਲਣੇ ਮਹਿਲ ਠੱਠੀ ਖਾਰਾ, ਜ਼ਿਲਾ ਤਰਨ ਤਾਰਨ। ……”

ਇਸ ਤੋਂ ਬਿਨਾਂ ਜੋੜ ਮੇਲੇ ਵਿੱਚ ਕਰਾਏ ਜਾਣ ਵਾਲੇ ਅਖੰਡ ਪਾਠ ਦਾ ਜ਼ਿਕਰ ਅਤੇ ਹਾਜ਼ਰੀ ਭਰਨ ਵਾਲੇ ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆਂ ਦਾ ਨਾਮ ਵੀ ਹੈ।

ਪਾਠਕ ਸਜਨੋਂ! ਉਪਰੋਕਤ ਵਿੱਚ ਗੁਰੂ ਅਤੇ ਗੁਰਮਤਿ ਦਾ ਲਗ ਪਗ ਅਭਾਵ ਹੀ ਹੈ! ਗੁਰੂਆਂ ਅਤੇ ਗੁਰਮਤਿ ਨੂੰ ਨਜ਼ਰ ਅੰਦਾਜ਼ ਕਰਕੇ ਸਾਰਾ ਜ਼ੋਰ ਡੇਰੇਦਾਰ ਬਾਬਿਆਂ ਦੀ ਫ਼ੋਟੋ-ਪ੍ਰਦਰਸ਼ਨੀ ਕਰਕੇ ਉਨ੍ਹਾਂ ਨੂੰ ਵਡਿਆਉਣ ਅਤੇ ਉਨ੍ਹਾਂ ਦੇ ਗੁਣ-ਗਾਇਣ ਕਰਕੇ ਉਨ੍ਹਾਂ ਨੂੰ ਗੁਰੂਆਂ ਤੋਂ ਵੀ ਉਚੇਰਾ ਸਾਬਤ ਕਰਨ’ ਤੇ ਹੀ ਹੈ! ਗੁਰੂ ਦੇ ਬਹਾਨੇ ਡੇਰੇਦਾਰਾਂ ਦੀਆਂ ਸਮਾਧਾਂ (ਮੜ੍ਹੀਆਂ) ਦੀ ਪੂਜਾ ਕੀਤੀ/ਕਰਵਾਈ ਜਾ ਰਹੀ ਹੈ!

ਸੰਸਾਰ ਦੇ ਸਾਰੇ ਗੁਰੂਦਵਾਰਿਆਂ ਵਾਂਗ ਇਹ ਸਥਾਨ ਵੀ ਗੋਲਕ ਦੀ ਖਿੱਚ-ਖੋਹ ਕਾਰਣ ਝਗੜੇ ਦਾ ਕੇਂਦਰ ਹੈ! ਇਹ ਝਗੜਾ ਤੇ ਮੁਕੱਦਮੇਬਾਜ਼ੀ ਡੇਰੇ ਉੱਤੇ ਕਾਬਿਜ਼ ‘ਬਾਬੇ’ ਤੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦਰਮਿਆਨ ਦੱਸਿਆ ਜਾਂਦਾ ਹੈ। ਡੇਰੇ ਨਾਲ ਕਾਫ਼ੀ ਵੋਟਾਂ ਜੁੜੀਆਂ ਹੋਣ ਕਾਰਣ ਇਲਾਕੇ ਦਾ ਐਮ: ਐਲ: ਏ: ਡੇਰੇਦਾਰ ਦਾ ਪੱਖ ਪੂਰਦਾ ਹੈ, ਅਤੇ ਉਸ ਦੇ ਰਸੂਖ ਸਦਕਾ ਉੱਥੋਂ ਦੇ ਪੁਲਿਸ ਅਧਿਕਾਰੀ ਵੀ ‘ਬਾਬੇ’ ਦੀ ਤਰਫ਼ਦਾਰੀ ਕਰਦੇ ਹਨ। ਕਮੇਟੀ ਦਾ ਕਹਿਣਾ ਹੈ ਕਿ ਜੇ ਇਹ ਇਤਿਹਾਸਕ ਗੁਰੂਦਵਾਰਾ ਹੈ ਤਾਂ ਇਹ ਕਮੇਟੀ ਦੇ ਅਧਿਕਾਰ ਅਧੀਨ ਹੋਣਾ ਚਾਹੀਦਾ ਹੈ! ਇਹੀ ਕਾਰਣ ਹੈ ਕਿ ਇਸ ਸਥਾਨ ਦਾ ਨਾਮ ਗੁਰੂਦਵਾਰਾ ਨਹੀਂ ਸਗੋਂ ‘ਦੂਖ ਨਿਵਾਰਨ ਸਮਾਧ ਝੂਲਣੇ ਮਹਿਲ’ ਹੈ! ਪਰੰਤੂ ਡੇਰੇ ਦੇ ਪ੍ਰਬੰਧਕਾਂ ਵੱਲੋਂ ਇਸ ਨੂੰ ਗੁਰੂਦਵਾਰਾ ਹੋਣ ਦਾ ਭੁਲੇਖਾ ਪਾਉਣ ਵਾਸਤੇ ਕਈ ਯਤਨ ਕੀਤੇ ਜਾਂਦੇ ਹਨ। ਮੁੱਖ ਮਾਰਗ ਉੱਤੇ ਬਣਾਏ ਗੇਟ ਅਤੇ ਮਾਰਗ-ਸੂਚਕ ਫੱਟਿਆਂ ਉੱਤੇ ਲਿਖਿਆ ਹੈ: ‘ਗੁ: ਦੁੱਖ ਨਿਵਾਰਨ ਸਮਾਧ ਝੂਲਣੇ ਮਹਿਲ’! ਗੋਲਕ ਦੀ ਲੜਾਈ ਵਿੱਚ ਸ਼ਾਮਿਲ ਇੱਕ ਪਾਰਟੀ ਦੇ ਸਮਰਥਕਾਂ ਨੇ ਸਮਾਧ ਸ਼ਬਦ ਉੱਤੇ ਕਾਲਾ ਪੇਂਟ ਕਰਕੇ ਇਸ ਸਥਾਨ ਨੂੰ ਗੁਰੂਦਵਾਰਾ ਸਾਬਤ ਕਰਨ ਦਾ ਯਤਨ ਕੀਤਾ ਹੋਇਆ ਹੈ। ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ ਇਹ ਵਿਵਾਦ ਅਜੇ ਵੀ ਜਾਰੀ ਹੈ! ਗੁਰੂਦਵਾਰਾ ਨੁਮਾ ਇਸ ਇਮਾਰਤ ਅੰਦਰ ਸ਼ੀਸ਼ੇ ਦੇ ਘੇਰੇ ਵਿੱਚ ਦੋ ਜੁੜਵੇਂ ਉੱਭਾਰ ਲਾਲ ਰੁਮਾਲਿਆਂ ਨਾਲ ਢਕੇ ਹੋਏ ਸਨ। ਲੱਗਦਾ ਇਉਂ ਸੀ ਜਿਵੇਂ ਇਹ ਦੋ ਸਮਾਧਾਂ (ਮੜ੍ਹੀਆਂ) ਹੋਣ! ਪਰੰਤੂ ਸਾਨੂੰ ਇਹ ਦੱਸਿਆ ਗਿਆ ਕਿ ਇਹ ਗੁ: ਗ੍ਰੰਥ ਦੇ ਹੀ ਦੋ ਜੁੜਵੇਂ ਪ੍ਰਕਾਸ਼ ਹਨ! ਸ਼ੀਸ਼ੇ ਦੀ ਵਲਗਣ ਤੋਂ ਇਉਂ ਲੱਗਦਾ ਸੀ ਜਿਵੇਂ ਤਾਅਬੇ ਬੈਠਣ ਦੀ ਜਗ੍ਹਾ ਵੀ ਨਹੀਂ ਹੈ!

ਸੜਕ `ਤੇ ਜਾ ਰਿਹਾ ਇੱਕ ਸਿੱਧੜ ਜਿਹਾ ਪੇਂਡੂ ਬਬੁੜਬੁੜਾ ਰਿਹਾ ਸੀ, “ਪਹੁੰਚ ਸੜਕ ਦੇ ਟੁੱਟੇ ਹੋਣ ਦਾ ਕਾਰਣ ਵੀ ਡੇਰਦਾਰਾਂ ਅਤੇ ਕਮੇਟੀ ਦਾ ਆਪਸੀ ਝਗੜਾ ਹੀ ਹੈ!”

ਇਕ ਹੋਰ ਤੱਥ ਜੋ ਸੱਚੇ ਗੁਰਸਿੱਖ ਨੂੰ ਹਜ਼ਮ ਨਹੀਂ ਹੋ ਸਕਦਾ: ਜੇ ਇਹ ਸਮਾਧ ਹੀ ਹੈ ਤਾਂ ਪਰਤੱਖ ਹੈ ਕਿ ਸ਼੍ਰੱਧਾਲੂਆਂ ਤੋਂ ਸਮਾਧ (ਮੜ੍ਹੀ) ਦੀ ਪੂਜਾ ਕਰਵਾਈ ਜਾ ਰਹੀ ਹੈ! ਗੁਰੁ-ਹੁਕਮ ਹੈ:

ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ॥

ਮੜੀ ਮਸਾਣੀ ਮੂੜੇ ਜੋਗੁ ਨਾਹਿ॥

ਇਸ ਸਥਾਨ `ਤੇ ਇੱਕ ਨਹੀਂ ਤਿੰਨ ਨਿਸ਼ਾਨ ‘ਸਾਹਿਬ’ ਹਨ! ਤਿੰਨ ਕਿਉਂ? ਪਤਾ ਨਹੀਂ!

ਆਓ! ਹੁਣ ਉਨ੍ਹਾਂ ਦੋ ਕੰਧਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ‘ਝੂਲਣੇ ਮਹਿਲ’ ਦਾ ਨਾਮ ਦਿੱਤਾ ਗਿਆ ਹੈ। ਇਹ ਦੋਵੇਂ ਕੰਧਾਂ ਸਰੋਵਰ ਦੀ ਪਰਕਰਮਾ ਤੋਂ ਬਾਹਰ ਦੋ ਬਾਹੀਆਂ `ਤੇ ਉਸਾਰੀਆਂ ਗਈਆਂ ਹਨ ਅਤੇ ਅਜੋਕੀਆਂ ਪ੍ਰਤੀਤ ਹੁੰਦੀਆਂ ਹਨ! ਕੰਧ ਜਿਸ ਉੱਤੇ ਲੋਕਾਂ ਨੂੰ ਬਿਠਾ ਕੇ ਚਿੱਟੇ ਝੂਠ ਨੂੰ ਸੱਚ ਸਾਬਤ ਕਰਨ ਦਾ ਅਸਫ਼ਲ ਯਤਨ ਕੀਤਾ ਜਾਂਦਾ ਹੈ, ਉਸ ਉੱਪਰ ਇੱਕ ਸੁੰਦਰ ਕੈਨੋਪੀ (canopy) ਉਸਾਰੀ ਜਾ ਰਹੀ ਹੈ। ਇੱਟਾਂ ਦੇ ਇਸ ਢਾਂਚੇ ਵਿੱਚ ਤਿੰਨ ਡਾਟਾਂ ਹਨ, ਇਸ ਲਈ ਇਸ ਨੂੰ ਕੰਧ ਕਹਿਣਾ ਵੀ ਗ਼ਲਤ ਹੈ। ਇਹ ‘ਦੀਵਾਰ’ ਅੱਠ ਕੁ ਫ਼ੁੱਟ ਉੱਚੀ, 12 ਕੁ ਫ਼ੁੱਟ ਚੌੜੀ ਅਤੇ ਚਾਰ ਕੁ ਫ਼ੁੱਟ ਮੋਟੀ ਹੈ। ਇਸ ਦੇ ਇੱਕ ਪਾਸਿਓਂ ਪੌੜੀ ਚੜ੍ਹਦੀ ਹੈ। ਜਦ 10-12 ਯਾਤ੍ਰੀ ਇਕੱਠੇ ਹੋ ਜਾਣ ਤਾਂ ਉਨ੍ਹਾਂ ਨੂੰ ਦੀਵਾਰ `ਤੇ ਬਿਠਾ ਕੇ ਇੱਕ ‘ਸੇਵਾਦਾਰ’ ਉਰਲੇ ਸਿਰੇ ਪੌੜੀ `ਤੇ ਖਲੋ ਕੇ ਆਦੇਸ਼ ਦਿੰਦਾ ਹੈ: “ਸਾਰੇ ਪੰਜ ਵਾਰ ਆਖੋ ਸਤਿਨਾਮ ਵਾਹਿਗੁਰੂ”। ਇਸ ਦੌਰਾਨ ਉਹ ਸਿਧਾਇਆ ਹੋਇਆ ‘ਸੇਵਾਦਾਰ’ ਕੰਧ ਦੇ ਸਿਰੇ ਨੂੰ ਦੋਹਾਂ ਹੱਥਾਂ ਨਾਲ ਪੂਰੇ ਜ਼ੋਰ ਨਾਲ ਹਲੂਣਦਾ ਹੈ। ਉਸ ਦੇ ਦਿੱਤੇ ਝਟਕਿਆਂ ਸਦਕਾ ਕੰਧ ਦਾ ਇਹ ਸਿਰਾ ਮਾਮੂਲੀ ਜਿਹਾ ਲਰਜ਼ਦਾ ਹੈ। ਉਸ ਦੇ ਝਟਕਿਆਂ ਦਾ ਬਾਕੀ ਕੰਧ ਉੱਤੇ ਕੋਈ ਅਸਰ ਨਹੀਂ ਹੁੰਦਾ! ਸਾਰੇ ਉਤਸੁਕ ਯਾਤ੍ਰੀਆਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਜਾਂਦਾ ਹੈ। ਉਨ੍ਹਾਂ ਦੇ ਨਿਰਾਸ਼ਾ ਦਾ ਪ੍ਰਗਟਾਵਾ ਕਰਨ `ਤੇ ਸੇਵਾਦਾਰ ਕੁਰੱਖਤ ਆਵਾਜ਼ ਵਿੱਚ ਕਹਿੰਦਾ ਹੈ, “ਬਸ ਇਤਨਾ ਹੀ! ਹੋਰ ਤੁਹਾਡੇ ਲਈ ਭੁਚਾਲ ਲਿਆਈਏ?” ਇਹ ਸਾਰਾ ਵਿਸਥਾਰ ਸੁਣੀ-ਸੁਣਾਈ ਵਾਰਤਾ ਨਹੀਂ ਸਗੋਂ ਲੇਖਕ ਦੀ ਆਪ-ਬੀਤੀ ਹੈ। ਪਹਿਲੀ ਵਾਰ ਕੰਧ ਉੱਤੇ ਬੈਠਣ ਵਾਲਿਆਂ ਵਿੱਚ ਲੇਖਕ ਅਤੇ ਉਸ ਨਾਲ ਗਿਆ ਰਿਸ਼ਤੇਦਾਰ ਪਰਿਵਾਰ ਵੀ ਸੀ। ਸਾਰੇ ਕਹਿ ਰਹੇ ਸਨ, “ਸਾਨੂੰ ਤਾਂ ਕੰਧ ਭੋਰਾ ਵੀ ਝੂਲਦੀ ਮਸੂਸ ਨਹੀਂ ਹੋਈ”। ਹੋਰ ਤਸੱਲੀ ਕਰਨ ਲਈ ਅਸੀਂ ਦੁਬਾਰਾ ਉੱਥੇ ਗਏ। ਇਸ ਵਾਰ ਫ਼ਿਰ ਉਹੀ ਕੁੱਝ ਹੋਇਆ। ਕੰਧ ਉੱਤੇ ਚੜ੍ਹੇ ਸਾਰੇ ਯਾਤ੍ਰੀ ਨਿਰਾਸ਼ਾ ਵਿੱਚ ਸਿਰ ਮਾਰਦੇ ਤੇ ਬੁੜ ਬੁੜ ਕਰਦੇ ਨੀਚੇ ਉੱਤਰੇ! ਮਨ ਦੀ ਪੂਰੀੇ ਤਸੱਲੀ ਕਰਨ ਵਾਸਤੇ ਇੱਕ ਨੌਜਵਾਨ ਨੇ ਦੂਸਰੀ ਕੰਧ ਉੱਤੇ ਚੜ੍ਹ ਕੇ ਉਸ ਨੂੰ ਪੂਰੇ ਤਾਣ ਨਾਲ ਝਟਕੇ ਦਿੱਤੇ, ਪਰੰਤੂ ਕੰਧ ਟਸ ਤੋਂ ਮਸ ਵੀ ਨਹੀਂ ਹੋਈ!

ਪਾਠਕ ਸਜਨੋਂ! ਭਾਰਤ ਵਿੱਚ ਜਿਤਨੇ ਵੀ ਗੁਰੂਦਵਾਰੇ ਹਨ, ਉਨ੍ਹਾਂ ਵਿੱਚੋਂ ਕਈ ਡੇਰੇ ਹਨ ਜਿਨ੍ਹਾਂ ਦੀ ਗਿਣਤੀ ਹੁਣ ਹਜ਼ਾਰਾਂ ਵਿੱਚ ਕਹੀ ਜਾਂਦੀ ਹੈ। ਇਨ੍ਹਾਂ ਡੇਰਿਆਂ `ਤੇ ਗੁਰੂਆਂ ਦਾ ਪਵਿੱਤਰ ਨਾਮ ਵਰਤ ਕੇ ਡੇਰਿਆਂ ਦੇ ਨਾਮ-ਧਰੀਕ ਸੰਤ ਬਾਬੇ ਅਤੇ ਉਨ੍ਹਾਂ ਦੇ ਚਾਪਲੂਸ ਸੁਆਰਥੀ ਸਮਰਥਕ ਅਗਿਆਨੀ ਤੇ ਅੰਧਵਿਸ਼ਵਾਸੀ ਲੋਕਾਂ ਦੀ ਕਿਰਤ-ਕਮਾਈ ਨਿਰਦਯਤਾ ਨਾਲ ਲੁੱਟ ਲੁੱਟ ਕੇ ਉਨ੍ਹਾਂ ਨੂੰ ਮੰਦਹਾਲੀ ਦੀ ਦਲਦਲ ਵਿੱਚ ਧੱਕ ਕੇ ਆਪ ਮੌਜ-ਮੇਲਿਆਂ ਵਾਲਾ ਜੀਵਨ ਵਿਤੀਤ ਕਰ ਰਹੇ ਹਨ। ‘ਝੂਲਣੇ ਮਹਿਲ’ ਵੀ ਇੱਕ ਅਜਿਹਾ ਹੀ ਡੇਰਾ ਹੈ।

ਗੁਰਇੰਦਰ ਸਿੰਘ ਪਾਲ

ਫ਼ਰਵਰੀ 10, 2013.

ਨੋਟ:- ਹੋਰ ਫੋਟੋਆਂ ਪੀ. ਡੀ. ਐਫ. ਫਾਈਲ ਵਿਚ ਦੇਖਣ ਲਈ ਇਥੇ ਕਲਿਕ ਕਰੋ ਜੀ।




.