ਅਖੌਤੀ ਦਸਮ-ਗ੍ਰੰਥ ਵਿੱਚ ‘ਵਾਰ ਦੁਰਗਾ ਕੀ (ਚੰਡੀ ਦੀ ਵਾਰ) ਦਾ ਵੀ ਜ਼ਿਕਰ
ਕੀਤਾ ਹੋਇਆ ਹੈ, ਜਿਸ ਦੇ (੧ ਤੋਂ ੫੫) ਪੈਰੇ ਹਨ। ਇਸ ਵਾਰ ਦੁਆਰਾ ਕਵੀ ਨੇ ਦੇਵੀ
ਭਗਉਤੀ/ਦੁਰਗਾ/ਚੰਡੀ/ਕਾਲਕਾ/ਜਗਮਾਤਾ ਦਾ ਦੈਂਤਾਂ ਨਾਲ ਝੂਠੇ/ਖ਼ਿਆਲੀ ਯੁੱਧ ਦਾ ਵਰਣਨ ਕੀਤਾ ਹੋਇਆ
ਹੈ। ਸਿੱਖ ਪ੍ਰਚਾਰਕਾਂ, ਗੁਰਦੁਆਰਾ ਪ੍ਰਬੰਧਕਾਂ ਅਤੇ ਸਾਰੇ ਸਿੱਖਾਂ ਨੂੰ ਇਹ ਵਾਰ ਆਪ ਭੀ ਪੜ੍ਹ
ਲੈਣੀ ਚਾਹੀਦੀ ਹੈ ਤਾਂ ਜੋ ਅਸਲੀਅਤ ਦਾ ਪਤਾ ਲਗ ਜਾਏ ਕਿ ਸਾਰਾ ਸਿੱਖ-ਜਗਤ ਹਰ ਰੋਜ਼ ਕਿਸ ‘ਭਗਉਤੀ’
ਅੱਗੇ ਅਰਦਾਸ ਕਰਦਾ ਆ ਰਿਹਾ ਹੈ? ਇਸ ਦੀ ਅਰਭੰਕ ਪਉੜੀ ਇੰਜ ਸ਼ੁਰੂ ਹੁੰਦੀ ਹੈ:
ਵਾਰ ਦੁਰਗਾ ਕੀ
ੴ ਸਤਿਗੁਰ ਪ੍ਰਸਾਦਿ
ਸ੍ਰੀ ਭਗਉਤੀ ਜੀ ਸਹਾਇ
ਅਥ ਵਾਰ ਦੁਰਗਾ ਕੀ ਲਿਖ੍ਹਯਤੇ
ਪਾਤਿਸਾਹੀ ੧੦
ਪਉੜੀ
ਪ੍ਰਥਮਿ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਅੰਗਦ ਗੁਰ ਤੇ ਅਮਰਦਾਸ
ਰਾਮਦਾਸੈ ਹੋਈ ਸਹਾਇ। ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸਨਿ ਧਿਆਇਐ
ਜਿਸੁ ਡਿਠੇ ਸਭੁ ਦੁਖੁ ਜਾਇ। ਤੇਗ ਬਹਾਦੁਰ ਸਿਮਰੀਐ ਘਰਿ ਨੌਨਿਧ ਆਵੈ ਧਾਇ। ਸਭ ਥਾਈ ਹੋਇ ਸਹਾਇ। ੧।
ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ (ਗੋਬਿੰਦ ਸਦਨ, ਨਵੀਂ
ਦਿਲੀ ਵਲੋਂ ਖ਼ਾਲਸਾ ਤੀਜੀ ਜਨਮ ਸ਼ਤਾਬਦੀ ੧੩ ਅਪ੍ਰੈਲ ੧੯੯੯ ਨੂੰ ਪ੍ਰਕਾਸ਼ਕ) ਅਨੁਸਾਰ ਅਰਥ ਇੰਜ ਕੀਤੇ
ਹੋਏ ਹਨ: (ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ (ਫਿਰ) ਗੁਰੂ ਨਾਨਕ ਦੇਵ ਨੂੰ ਯਾਦ
ਕਰਦਾ ਹਾਂ। (ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ
ਮੇਰੇ) ਸਹਾਈ ਹੋਣ। (ਗੁਰੂ) ਅਰਜਨ ਦੇਵ (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ
ਸਿਮਰਦਾ ਹਾਂ। (ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ
ਸਾਰੇ ਦੁਖ ਦੂਰ ਹੋ ਜਾਂਦੇ ਹਨ। (ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ
ਵਿਚ) ਭਜਦੀਆਂ ਚਲੀਆਂ ਆਉਂਦੀਆਂ ਹਨ। (ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ। ੧।
ਅੰਤਲੀ ਪਉੜੀ ੫੫ ਵਿੱਚ ਕਵੀ ਲਿਖਦਾ ਹੈ!
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੌ। ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ
ਨੌ। ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ। ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ। ਦੁਰਗਾ ਪਾਠ
ਬਣਾਇਆ ਸਭੇ ਪਉੜੀਆ। ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ। ੫੫। ਇਤਿ ਸ੍ਰੀ ਦੁਰਗਾ ਕੀ ਵਾਰ
ਸਮਾਪਤੰ ਸਤੁ ਸੁਭਮ ਸਤੁ।
ਡਾ. ਜੱਗੀ ਜੀ ਇਸ ਦੇ ਅਰਥ ਕਰਦੇ ਹਨ: (ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ
ਯਮ-ਲੋਕ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ-ਤਿਲਕ ( ‘ਅਭਿਖੇਖ’ ) ਦੇਣ ਲਈ ਸਦ ਲਿਆ। ਰਾਜੇ ਇੰਦਰ
ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ। (ਇਸ ਤਰ੍ਹਾਂ) ਚੌਦਾਂ ਲੋਕਾਂ ਵਿੱਚ ਜਗਤ-ਮਾਤਾ (ਦੁਰਗਾ) ਦਾ ਯਸ਼
ਛਾ ਗਿਆ। ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿੱਚ ਰਚਿਆ ਹੈ। ਜੋ ਇਸ
(ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿੱਚ ਨਹੀਂ ਪਏਗਾ। ੫੫।
ਪਰ ਹੈਰਾਨੀ ਦੀ ਗਲ ਤਾਂ ਇਹ ਹੈ ਕਿ ਸਿੱਖਾਂ ਦੀ “ਅਰਦਾਸ” : ‘ਵਾਰ ਦੁਰਗਾ
ਕੀ’ ਦੀ ਪਹਿਲੀ ਪਉੜੀ ਤੋਂ ਅਰੰਭ ਹੁੰਦੀ ਹੈ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ
ਅੰਮ੍ਰਿਤਸਰ ਵਲੋਂ ਪ੍ਰਕਾਸ਼ਕ ਕੀਤੇ “ਨਿਤਨੇਮ ਤੇ ਹੋਰ ਬਾਣੀਆਂ” ਅਤੇ “ਸੁੰਦਰ ਗੁਟਕੇ”। ਅਰਦਾਸ
ੴ ਵਾਹਿਗੁਰੂ ਜੀ ਕੀ ਫ਼ਤਹਿ॥
ਸ੍ਰੀ ਭਗੌਤੀ ਜੀ ਸਹਾਇ॥
ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ
ਅਮਰਦਾਸੁ ਰਾਮਦਾਸੈ ਹੋਈਂ ਸਹਾਇ॥ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕਿਸ਼ਨ
ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਈਂ ਹੋਇ
ਸਹਾਇ॥ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਈਂ ਹੋਇ ਸਹਾਇ॥ ਦਸਾਂ
ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
ਵਾਹਿਗੁਰੂ!
ਗੁਰੂ ਗਰੰਥ ਸਾਹਿਬ ਵਿੱਚ “ਅਕਾਲ ਪੁਰਖ/ਅਲਹੁ/ਪਰਮੇਸਰ” ਨੂੰ ਕਈ ਨਾਵਾਂ ਨਾਲ
ਦਰਸਾਇਆ ਹੋਇਆ ਹੈ, ਪਰ ਕਿਸੇ ਥਾਂ ਭੀ ‘ਕਾਲ, ਮਹਾਂ-ਕਾਲ, ਭਗਉਤੀ/ਭਗੌਤੀ, ਦੁਰਗਾ, ਚੰਡੀ, ਆਦਿਕ’
ਨੂੰ ਅਕਾਲ ਪੁਰਖ ਲਈ ਨਹੀਂ ਵਰਤਿਆ ਗਿਆ! ਵੈਸੇ ਵੀ, ਗੁਰਬਾਣੀ, ਦੇਵੀ-ਦੇਵਤਿਆਂ ਦੀ ਪੂਜਾ ਦਾ ਵਿਰੋਧ
ਤੇ ਖੰਡਨ ਕਰਦੀ ਹੈ। ਇਹ ਕਿੰਨੀ ਵਚਿਤ੍ਰ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਅੰਮ੍ਰਿਤਸਰ ਨੇ ਕਿਵੇਂ ‘ਵਾਰ ਦੁਰਗਾ ਕੀ’ ਅਨੁਸਾਰ ਸਿੱਖਾਂ ਨੂੰ ‘ਭਗਉਤੀ/ਭਗੌਤੀ ਦੇਵੀ’ ਅੱਗੇ
ਅਰਦਾਸ ਕਰਨ ਲਈ ਹੁਕਮ ਦਿੱਤਾ ਹੋਇਆ ਹੈ ਅਤੇ ਐਸੀ ਅਰਦਾਸ “ਗੁਰੂ ਗਰੰਥ ਸਾਹਿਬ” ਦੀ ਹਜ਼ੂਰੀ ਵਿੱਚ
ਲਗਾਤਾਰ ਕੀਤੀ ਜਾ ਰਹੀ ਹੈ? ਸਗੋਂ, ਗੁਰੂ ਨਾਨਕ ਸਾਹਿਬ (ਸੋਰਠਿ ਮਹਲਾ ੧, ਪੰਨਾ ੬੩੭) ਤਾਂ ਸਾਨੂੰ
ਉਪਦੇਸ਼ ਕਰਦੇ ਹਨ:
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ
ਜਲ ਮਹਿ ਬੁਡਹਿ ਤੇਹਿ॥ ੬॥
ਇਸ ਲਈ, ਸਾਡੀ ਅਰਦਾਸ ਗੁਰਬਾਣੀ ਅਨੁਸਾਰ ਹੀ ਹੋਣੀ ਚਾਹੀਦੀ ਹੈ, ਜਿਵੇਂ:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ॥
ਸੂਹੀ ਮਹਲਾ ੧, ਪੰਨਾ ੭੬੨॥ ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ
ਪਿਆਸਿ ਜੀਉ॥ ਕਾਰ ਸਬਦੀ ਸਹੁ ਪਾਈਆ ਸਚੁ ਨਾਨਕ ਕੀ ਅਰਦਾਸਿ ਜੀਉ॥
ਸਲੋਕ ਮਹਲਾ ੨, ਪੰਨਾ ੧੦੯੩॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ॥ ਤਿਸੁ
ਅਗੈ ਨਾਨਕਾ ਖਲਿਇ ਕੀਚੈ ਅਰਦਾਸਿ॥
ਵਡਹੰਸੁ ਮਹਲਾ ੩, ਪੰਨਾ ੫੭੧॥ ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ
ਸਰਣਾਈ ਰਾਮ॥ ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ॥
ਸੂਹੀ ਮਹਲਾ ੪, ਪੰਨਾ ੭੩੫॥ ਮੈ ਤਾਣੁ ਦੀਬਾਣੁ ਤੂਹੇ ਮੇਰੇ ਸੁਆਮੀ ਮੈ ਤੁਧੁ
ਆਗੈ ਅਰਦਾਸਿ॥ ਮੈ ਹੋਰ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ॥
ਸੋਰਠਿ ਮਹਲਾ ੫, ਪੰਨਾ ੬੧੧॥ ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ
ਆਈ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥
ਗਉੜੀ ਸੁਖਮਨੀ ਮਹਲਾ ੫, ਪੰਨਾ ੨੬੮॥ ਤੂ ਠਾਕਰ ਤੁਮ ਪਹਿ ਅਰਦਾਸਿ॥ ਜੀਉ
ਪਿੰਡ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ
ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ
ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥ ੮॥ ੪॥
ਅਰਦਾਸ ਸਮੇਂ ਅਸੀਂ ਇਹ ਭੀ ਬੇਨਤੀ ਕਰਦੇ ਹਾਂ:
“ਸ੍ਰੀ ਹਰਿਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥ ਤੇਗ ਬਹਾਦਰ ਸਿਮਰਿਐ
ਘਰ ਨਉ ਨਿਧਿ ਆਵੈ ਧਾਇ॥ ਸਭ ਥਾਈਂ ਹੋਇ ਸਹਾਇ॥”
ਪਰ, ਐਸੀ ਸ਼ਬਦਾਵਲੀ “ਗੁਰੂ ਗਰੰਥ ਸਾਹਿਬ” ਵਿੱਚ ਨਹੀਂ ਵਰਤੀ ਗਈ ਕਿਉਂਕਿ
ਸਿੱਖਾਂ ਲਈ ਸਾਰੇ ਗੁਰੂ ਸਾਹਿਬਾਨ ਇੱਕ ਸਮਾਨ ਹਨ। ਦੇਖੋ!
ਪੰਨਾ ੯੬੬॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
ਪੰਨਾ ੫੯੪॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ
ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥
ਪੰਨਾ ੯੭॥ ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ
ਭੰਡਾਰਾ॥ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ॥
ਪੰਨਾ ੨੦੫॥ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ॥ ਨਉ
ਨਿਧਿ ਨਾਮੁ ਨਿਧਾਨੁ ਇੱਕ ਠਾਈ ਤਉ ਬਾਹਰਿ ਕੈਠੈ ਜਾਇਓ॥
ਪੰਨਾ ੧੦੧੮॥ ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ॥
ਪੰਨਾ ੧੧੦੫॥ ਨਉ ਨਿਧਿ ਠਾਕੁਰਿ ਦਈ ਸੁਦਾਮੈ ਧੂਅ ਅਟਲੁ ਅਜਹੂ ਨ ਟਰਿਓ॥
ਪੰਨਾ ੩੯॥ ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ॥ ਨਾਨਕ ਨਾਮੁ
ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ॥
ਆਓ, ਅਰਦਾਸ ਦੀ ਅੰਤਲੀ ਤੁੱਕ ਭੀ ਦੇਖ ਲਈਏ:
“ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”
ਇਹ ‘ਤੁੱਕ’, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਨਹੀਂ! ਫਿਰ ਸਵਾਲ ਉਠਦਾ ਹੈ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਨੂੰ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਕਿਵੇਂ
ਪ੍ਰਚਲਤ ਕਰ ਸਕਦੀ ਹੈ? ਐਸਾ ਕੁਫਰ ਕਰਨ ਵਾਲਿਆਂ ਨੂੰ “ਰਾਮ ਰਾਏ” ਵਾਂਗ ਸਲੂਕ ਕਰਨਾ ਚਾਹੀਦਾ ਹੈ।
ਪਰ ਹੁਣ ਇਤਨੀ ਜਾਣਕਾਰੀ ਤੋਂ ਬਾਅਦ ਐਸੀ ਅਵੱਗਿਆ ਕਰੀ ਜਾਣਾ ਕਿਥੋਂ ਤੱਕ ਬਰਦਾਸ਼ਤ ਕੀਤਾ ਜਾ ਸਕਦਾ
ਹੈ? ਜੇ ਅਸੀਂ ਆਪਣੀ ਭੁੱਲ ਨੂੰ ਸੁਧਾਰ ਲਈਏ ਤਾਂ ਹੀ ਗੁਰੂ ਸਾਹਿਬ ਸਾਨੂੰ ਬਖਸ਼ ਸਕਦੇ ਹਨ! ਇਹ ਹੋਰ
ਵੀ ਹੈਰਾਨਗੀ ਹੁੰਦੀ ਹੈ ਕਿ ਪੰਜਾਬ ਦੇ ਸਕੂਲਾਂ-ਕਾਲਜਾਂ ਵਿੱਚ ਪੰਜਾਬੀ ਦੀਆਂ ਪੁਸਤਕਾਂ ਵਿੱਚ
`ਚੰਡੀ ਦੀ ਵਾਰ’ ਪੂਰੀ ਜਾਂ ਕੁੱਝ ਪਉੜੀਆਂ ਇਵੇਂ ਪੜ੍ਹਾਈਆਂ ਜਾਂਦੀਆਂ ਹਨ ਜਿਵੇਂ ਕਿ ਇਹ ਰਚਨਾਵਾਂ
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੀਆਂ ਹੋਈਆਂ ਹੋਣ? ਇਸ ਪ੍ਰਥਾਏ ਸਿੱਖ ਬੁੱਧੀਜੀਵ, ਵਿਦਵਾਨ
ਲੇਖਕ, ਪ੍ਰਚਾਰਕ, ਗਿਆਨੀ, ਗ੍ਰੰਥੀ, ਭਾਈ, ਰਾਗੀ, ਪ੍ਰੋਫੈਸਰ, ਮਾਸਟਰ, ਪ੍ਰਬੰਧਕ, ਧਰਮ ਪ੍ਰਚਾਰ
ਕਮੇਟੀ, ਮਿਸ਼ਨਰੀ/ਗੁਰਮਤਿ ਕਾਲਜ, ਸਿੱਖ ਮੈਗਜ਼ੀਨਾਂ ਦੇ ਐਡੀਟਰ ਅਤੇ ਹੋਰ ਪੰਥਕ ਜਥੇ-ਬੰਦੀਆਂ, ਆਦਿਕ
ਚੁੱਪ ਕਿਉਂ ਬੈਠੇ ਹਨ? ਜੇ ਕੋਈ ਆਵਾਜ਼ ਉਠਾਉਂਦਾ ਹੈ, ਤਾਂ ਉਸ ਨੂੰ ਸਿੱਖ ਕੌਮ ਵਿਚੋਂ ਹੀ ਕੱਢ
ਦਿੱਤਾ ਜਾਂਦਾ ਹੈ ਕਿ ਇਹ ਕੌਣ ਹੁੰਦਾ ਹੈ ਜੇਹੜਾ ਗੁਰੂ ਸਾਹਿਬ ਦੇ ਹੁਕਮ ਨੂੰ ਲਾਗੂ ਕਰਨਾ
ਚਾਹੁੰਦਾ?
ਇਸ ਲਈ, ਬਾਹਰ ਰੰਿਹੰਦੇ ਸਿੱਖਾਂ ਨੂੰ ਓਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ
ਅਸੀਂ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ “ਜਪੁ ਜੀ ਸਾਹਿਬ ਤੋਂ ਲੈ ਕੇ ਮੁੰਦਾਵਣੀ ਤੱਕ” ਦੀ ਸਿਖਿਆ
ਅਨੁਸਾਰ ਹੀ ਆਪਣਾ ਆਪਣਾ ਇਲਾਹੀ ਤੇ ਦੁਨਿਆਵੀਂ (ਪੀਰੀ-ਮੀਰੀ) ਜੀਵਨ ਸਫਲਾ ਕਰਦੇ ਰਹੀਏ। ਗੁਰੂ
ਗੋਬਿੰਦ ਸਿੰਘ ਸਾਹਿਬ ਦਾ ਫੁਰਮਾਨ ਤਾਂ ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ: “ਸਭ ਸਿੱਖਨ ਕਉ
ਹੁਕਮ ਹੈ, ਗੁਰੂ ਮਾਨਿਓ ਗ੍ਰੰਥ”। ਸਿੱਖਾਂ ਦਾ ਹੋਰ ਕੋਈ ਗ੍ਰੰਥ ਨਹੀਂ ਅਤੇ ਨਾ ਹੀ ਕੋਈ ਕੱਚੀ
ਬਾਣੀ ਪੜ੍ਹਣੀ ਚਾਹੀਦੀ!
ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
੧੦ ਫਰਵਰੀ ੨੦੧੩