ਇਹ ਤਾਂ ਸਭ ਨੂੰ ਨਾਸਤਿਕ ਬਣਾਕੇ ਹੀ ਛੱਡਣਗੇ???
ਕਿਸੇ ਪੰਥਕ ਸਟੇਜ ਤੇ ਵਿਚਾਰ
ਵਟਾਂਦਰਾ ਹੋ ਰਿਹਾ ਹੈ ।
......ਇਕ ਵਿਚਾਰ ਆਉਂਦਾ ਹੈ ਕਿ ਰਾਗਮਾਲਾ ਗੁਰੂ ਕਿਰਤ ਨਹੀਂ ਹੈ ਨਾਂ ਹੀ ਇਹ ਗੁਰੂ ਗ੍ਰੰਥ ਸਾਹਿਬ
ਦੇ ਰਾਗਾਂ ਦਾ ਠੀਕ/ਅਸਲੀ ਤਤਕਰਾ ਹੈ, ਇਹੋ ਜਿਹੀ ਗੁਮਰਾਹਕੁੰਨ ਰਚਨਾ ਗੁਰੂ ਗ੍ਰੰਥ ਸਾਹਿਬ ਵਰਗੇ
ਆਨੰਤ ਕਾਲ ਤੱਕ ਸੱਚ/ਸਥਾਈ ਰਹਿਣ ਵਾਲੇ ਗੁਰੂ ਵਿੱਚ ਨਹੀਂ ਚਾਹੀਦੀ।
........ਜਵਾਬ ਆਉਂਦਾ ਹੈ ਸੰਗਤ ਜੀ ਦੇਖੋ ਇਹ ਲੋਕ ਅੱਜ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਚੋਂ ਕੱਢਣ
ਦੀ ਗਲ ਕਰਦੇ ਨੇ, ਕੱਲ ਨੂੰ ਭੱਟ ਬਾਣੀ ਕੱਢਣਗੇ, ਫੇਰ ਭਗਤਾਂ ਦੀ ਬਾਣੀ ਫੇਰ ਬਾਕੀ ਗੁਰੂਆਂ ਦੀ
ਬਾਣੀ, ਹੌਲੀ ਹੌਲੀ ਸਭ ਨੂੰ ਨਾਸਤਿਕ ਬਣਾਕੇ ਹੀ ਛੱਡਣਗੇ।
......ਇੱਕ ਵਿਚਾਰ ਆਉਂਦਾ ਹੈ ਬਚਿਤਰ ਨਾਟਕ ਗੁਰੂ ਕਿਰਤ ਨਹੀਂ ਹੈ, ਇਸ ਵਿੱਚ ਗੈਰ ਕੁਦਰਤੀ ਅਤੇ
ਅਸ਼ਲੀਲ ਮਨੁੱਖ ਨੂੰ ਇਖਲਾਕੋਂ ਗੇਰਨ ਵਾਲੇ ਵਿਪਰੀ ਪ੍ਰਸੰਗ ਹਨ, ਇਸਦੀਆਂ ਰਚਨਾਵਾਂ ਨੂੰ ਗੁਰਬਾਣੀ
ਬਰਾਬਰ ਖੜਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਨ ਦੀ ਬਚਿੱਤਰ ਚਾਲ ਹੈ ।
.........ਜਵਾਬ ਆਉਂਦਾ ਹੈ ਸੰਗਤ ਜੀ ਇਹ ਲੋਕ ਅੱਜ ਵਚਿੱਤਰ ਨਾਟਕ ਨੂੰ ਰੱਦ ਕਰਦੇ ਹਨ ਕੱਲ ਨੂੰ
ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨਗੇ, ਹੌਲੀ ਹੌਲੀ ਸਭ ਨੂੰ ਨਾਸਤਿਕ ਬਣਾਕੇ ਹੀ ਛੱਡਣਗੇ।
.........ਇੱਕ ਵਿਚਾਰ ਆਉਂਦਾ ਹੈ ਰਹਿਤ ਮਰਿਆਦਾ ਵਿੱਚ ਵਚਿਤਰ ਨਾਟਕ ਦੀਆਂ ਰਚਨਾਵਾਂ ਗੁਰਮਤਿ
ਅਨੁਕੂਲ ਨਹੀਂ ਹਨ, ਹੋਰ ਵੀ ਕਈ ਕੁਝ ਗੁਰਮਤਿ ਅਨਕੂਲ ਨਹੀਂ ਹੈ, ਸਿਖਾਂ ਦੀ ਮਰਿਆਦਾ ਕੇਵਲ ਗੁਰੂ
ਗ੍ਰੰਥ ਸਾਹਿਬ ਅਨਕੂਲ ਹੋਣੀ ਚਾਹੀਦੀ ਹੈ। ਨਿਤਨੇਮ ਅਤੇ ਅਮ੍ਰਿਤ ਸੰਸਕਾਰ ਵੀ ਕੇਵਲ ਗੁਰੂ ਗ੍ਰੰਥ
ਸਾਹਿਬ ਜੀ ਦੀ ਸਿਖਿਆ ਅਨੁਸਾਰ ਹੋਣੇ ਚਾਹੀਦੇ ਹਨ।
.........ਜਵਾਬ ਆਉਂਦਾ ਹੈ ਦੇਖੋ ਸੰਗਤ ਜੀ ਇਹ ਲੋਕ ਅੱਜ ਮਰਿਆਦਾ ਤੇ ਕਿੰਤੂ ਕਰਦੇ ਹਨ ਕਲ ਨੂੰ ਸਭ
ਕਾਸੇ ਤੇ ਕਿੰਤੂ ਕਰਨਗੇ ਇਹ ਲੋਕ ਵਚਿਤਰ ਨਾਟਕ ਨੂੰ ਬਾਹਰ ਕਰਕੇ ਅਮ੍ਰਿਤ ਤੇ ਹਮਲਾ ਕਰ ਰਹੇ ਨੇ।
ਵਚਿਤਰਨਾਟਕ ਤੋਂ ਬਿਨਾਂ ਅਮ੍ਰਿਤ ਤਿਆਰ ਹੀ ਨਹੀਂ ਹੋ ਸਕਦਾ। ਜਿਨਾਂ ਲੋਕਾਂ ਨੇ ਮਰਿਆਦਾ ਬਣਾਉਣ
ਵਿੱਚ ਹਿੱਸਾ ਲਿਆ ਸੀ ਕੀ ਉਹ ਕਮਲੇ ਸਨ । ਇਹ ਤਾਂ ਸਭ ਨੂੰ ਨਾਸਤਕ ਬਣਾਕੇ ਹੀ ਛੱਡਣਗੇ।
.........ਇਕ ਵਿਚਾਰ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਉਲਥਿਆਂ ਵੇਲੇ ਕਾਤਬਾਂ ਵੱਲੋਂ ਹੋਈਆਂ
ਤਰੁਟੀਆਂ ਠੀਕ ਕਰ ਲੈਣੀਆਂ ਚਾਹੀਦੀਆਂ ਹਨ ਅਤੇ ਭਵਿੱਖ ਲਈ ਸ਼ੁੱਧ ਰੂਪ ਵਿੱਚ ਬਾਣੀ ਸ਼ਾਂਭ ਲੈਣੀ
ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਕੋਈ ਅਜਿਹਾ ਸਵਾਲ ਨਾ ਉੱਠੇ।
...........ਜਵਾਬ ਆਉਂਦਾ ਹੈ ਸੰਗਤ ਜੀ ਇਹ ਲੋਕ ਚਾਹੁੰਦੇ ਹਨ ਕਿ ਇਕ ਵਾਰ ਬੀੜ ਦੀ ਜਿਲਦ ਖੁਲ
ਜਾਵੇ ਫਿਰ ਹੌਲੀ ਹੌਲੀ ਸਭ ਬਾਹਰ ਕਰ ਦਿਆਂਗੇ ਇਸ ਲਈ ਸਭ ਤਰੁੱਟੀਆਂ ਸਾਂਭ ਕੇ ਹੀ ਰੱਖਣੀਆਂ
ਚਾਹੀਦੀਆਂ ਹਨ। ਇਹ ਤਾਂ ਸਭ ਨੂੰ ਨਾਸਤਿਕ ਬਣਾਕੇ ਹੀ ਛੱਡਣਗੇ।
.........ਵਿਚਾਰ ਆਉਂਦਾ ਹੈ ਕਿ ਸਾਰੀ ਕੌਮ ਨਾਨਕ ਸ਼ਾਹੀ ਨਾਮੀ ਸਿਖਾਂ ਦੀ ਨਿਆਰੀ ਤੇ ਆਜਾਦ ਹਸਤੀ
ਦੇ ਪ੍ਰਤੀਕ ਨਵੇਕਲੇ ਘੱਟ ਤੋਂ ਘੱਟ ਮਿਣਤੀ ਦੀਆਂ ਤਰੁਟੀਆਂ ਵਾਲੇ ਸੂਰਜੀ ਕਲੈਂਡਰ ਨੂੰ ਅਪਣਾਵੇ ।
........ਜਵਾਬ ਆਉਂਦਾ ਹੈ ਸੰਗਤ ਜੀ ਇਹਨਾਂ ਲੋਕਾਂ ਨੂੰ ਬ੍ਰਾਹਮਣ ਫੋਬੀਆ ਹੋ ਗਿਆ ਹੈ ਇਹ ਹਿੰਦੂ
ਸਿੱਖਾਂ ਦਾ ਨੰਹੁ-ਮਾਸ ਦਾ ਰਿਸ਼ਤਾ ਤੋੜਨ ਨੂੰ ਫਿਰਦੇ ਹਨ। ਇਹ ਹਿੰਦੂਆਂ ਨਾਲ ਸਾਂਝਾ ਕੈਲੰਡਰ ਵੀ
ਨਹੀਂ ਰੱਖਣਾ ਚਾਹੁੰਦੇ। ਇਹ ਪਹਿਲਾਂ ਸਾਨੂੰ ਸਾਡੇ ਆਪਣੇ ਹਿੰਦੂਆਂ ਨਾਲੋਂ ਤੋੜਨਗੇ ਫਿਰ ਸਭ ਨੂੰ
ਨਾਸਤਿਕ ਬਣਾਕੇ ਛੱਡਣਗੇ।
.......ਵਿਚਾਰ ਆਉਂਦਾ ਹੈ ਕਿ ਰੱਬ ਦਾ ਅਸਮਾਨਾ ਤੇ ਕੋਈ ਵੱਖਰਾ ਡਿਪਾਟਮੈਂਟ ਨਹੀਂ ਹੈ ਨਾ ਹੀ ਕੋਈ
ਸੁਰਗ ਨਰਕ ਜਮਦੂਤ ਰੂਹਾਂ ਭੂਤਾਂ ਆਵਾਗਵਣ ਵਗੈਰਾ ਗੁਰਮਤਿ ਅਨਕੂਲ ਹਨ। ਕਿਸੇ ਡਰ ਜਾਂ ਲਾਲਚ ਨਾਲ
ਬਣਿਆਂ ਧਾਰਮਿਕ ਆਦਮੀ ਧਾਰਮਿਕ ਨਹੀਂ ਹੁੰਦਾ । ਸਿਰਫ ਪਿਆਰ ਭਾਵਨਾ ਨਾਲ ਸਭ ਪਾਸੇ ਰੱਬ ਨੂੰ ਦੇਖਣ
ਵਾਲਾ ਹੀ ਅਸਲ ਰੱਬ ਦਾ ਪੁਜਾਰੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਰੱਬ ਤਾਂ ਪੂਰੀ ਕਾਇਨਾਤ ਵਿੱਚ
ਕੁਦਰਤ ਦੇ ਅਟੱਲ ਨਿਯਮ ਵਾਂਗ ਇਕਸਾਰ ਵਿਚਰਦਾ ਹੈ ਉਸਤੇ ਕਿਸੇ ਪੂਜਾ ਦਾ ਕੋਈ ਅਸਰ ਨਹੀਂ ਹੈ।
..........ਜਵਾਬ ਆਉਂਦਾ ਹੈ ਸੰਗਤ ਜੀ ਇਹੀ ਹੈ ਨਾਸਤਿਕਾਂ ਦੀ ਬੋਲੀ ਜੋ ਰੱਬ ਨੂੰ ਕੇਵਲ ਕੁਦਰਤ ਦਾ
ਨਿਯਮ ਸਮਝਦੇ ਹਨ । ਜੇ ਭਲਾਂ ਬੰਦਾ ਰੱਬ ਤੋਂ ਡਰੂ ਨਾਂ ਤਾਂ ਮੰਨੂ ਕਿੱਦਾਂ? ਇਹ ਤਾਂ ਸਭ ਨੂੰ
ਨਾਸਤਕ ਬਣਾਕੇ ਹੀ ਛੱਡਣਗੇ।
...........ਵਿਚਾਰ ਆਉਂਦਾ ਹੈ ਕਿ ਬਿਨਾਂ ਵਿਚਾਰੇ ਤੋਂ ਪਾਠਾਂ ਨੂੰ ਕਰਮਕਾਂਢ ਬਣਾਕੇ ਪੇਸ਼ ਕਰਨਾ
ਗੁਰ ਉਪਦੇਸ਼ਾਂ ਦੀ ਬੇ ਇਜਤੀ ਕਰਨ ਤੁਲ ਹੈ ਅਖੰਡ ਪਾਠ ਬੰਦ ਹੋਣੇ ਚਾਹੀਦੇ ਹਨ ਸਭ ਸਿੱਖ ਆਪਣੀ ਯੋਗਤਾ
ਅਨੁਸਾਰ ਸਹਿਜ ਪਾਠ ਵਿਚਾਰ ਕੇ ਕਰਿਆ ਕਰਨ।
...........ਜਵਾਬ ਆਉਂਦਾ ਹੈ ਲਓ ਜੀ ਇਹ ਲੋਕ ਅਖੰਡਪਾਠ ਵਿਰੋਧੀ ਹਨ ਇਹ ਹੁਣ ਪਾਠ ਕਰਨ ਨੂੰ ਵੀ
ਕਰਮ ਕਾਂਢ ਕਹਿੰਦੇ ਹਨ ਇਹ ਤਾਂ ਪੱਕੇ ਨਾਸਤਿਕ ਹਨ ਸਭ ਨੂੰ ਨਾਸਤਿਕ ਬਣਾਕੇ ਹੀ ਛੱਡਣਗੇ।
..........ਵਿਚਾਰ ਆਉਂਦਾ ਹੈ ਕਿ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਤੋੜਕੇ ਕੇਵਲ
ਆਪਦੇ ਡੇਰੇ ਨਾਲ ਜੋੜਦੇ ਹਨ ਸੋ ਸਿੱਖਾਂ ਨੂੰ ਕਿਸੇ ਸਾਧ ਬਾਬੇ ਸੰਤ ਮਹੰਤ ਦੇ ਚੱਕਰ ਵਿੱਚ ਨਹੀਂ
ਫਸਣਾ ਚਾਹੀਦਾ।
...........ਜਵਾਬ ਆਉਂਦਾ ਹੈ ਕਿ ਮਹਾਂਪੁਰਸ਼ ਵੀ ਗੁਰਬਾਣੀ ਹੀ ਪੜਦੇ ਹਨ। ਜੋ ਲੋਕ ਸੰਤਾਂ
ਮਹਾਂਪੁਰਸ਼ਾਂ ਨਾਲ ਜੁੜੇ ਹਨ ਉਹਨਾਂ ਨੂੰ ਸੰਤ ਮਹਾਂਪੁਰਸ਼ ਆਪੇ ਹੀ ਤਾਰ ਲੈਣਗੇ ।ਇਹ ਲੋਕ
ਮਹਾਂਪੁਰਸ਼ਾਂ ਨਾਲ ਈਰਖਾ ਕਰਦੇ ਹਨ । ਬਾਬੇ ਦਸਦੇ ਹਨ ਕਿ ਸੁਖਮਣੀ ਸਾਹਿਬ ਵਿੱਚ ਲਿਖਿਆ ਹੈ ਕਿ
ਸੰਤਾਂ ਦੇ ਨਿੰਦਕਾਂ ਦਾ ਬੁਰਾ ਹਾਲ ਹੁੰਦਾ ਹੈ । ਜੇ ਇਹਨਾਂ ਦੀ ਗਲ ਮੰਨ ਲਈ ਤਾਂ ਸਭ ਨੂੰ ਨਾਸਤਿਕ
ਬਣਾਕੇ ਹੀ ਛੱਡਣਗੇ।
..........ਵਿਚਾਰ ਆਉਂਦਾ ਹੈ ਕਿ ਸਾਨੂੰ ਹਰ ਤਰਾਂ ਦੇ ਕਰਮ-ਕਾਂਢ, ਅੰਧਵਿਸ਼ਵਾਸ ਛੱਡਕੇ ਗੁਰਬਾਣੀ
ਦੇ ਉਪਦੇਸ਼ਾ ਅਨੁਸਾਰ ਜੀਵਨ ਵਿੱਚ ਅੱਗੇ ਵਧਣਾ ਚਾਹੀਦਾ ਹੈ। ਹਰ ਹੋਏ ਜਾਂ ਕਰੇ ਜਾ ਰਹੇ ਫੈਸਲੇ ਨੂੰ
ਮੰਨਣ ਤੋਂ ਪਹਿਲਾਂ ਗੁਰਬਾਣੀ ਉਪਦੇਸ਼ਾਂ ਦੀ ਕਸਵੱਟੀ ਤੇ ਪਰਖ ਲੈਣਾ ਚਾਹੀਦਾ ਹੈ।
...........ਜਵਾਬ ਆਉਂਦਾ ਹੈ ਕਿ ਸੰਗਤ ਜੀ ਇਹ ਲੋਕ ਸਾਡੀਆਂ ਪਰੰਪਰਾਵਾਂ ਨੂੰ ਖਤਮ ਕਰ ਰਹੇ ਹਨ।
ਇਹੀ ਤਾਂ ਹੈ ਸਭ ਨੂੰ ਨਾਸਤਿਕ ਬਣਾਉਣ ਦੀ ਚਾਲ।
..........ਵਿਚਾਰ ਆਉਂਦਾ ਹੈ ਕਿ ਚੰਗੇ ਗੁਣ ਰੱਟੇ ਲਾਉਣ ਲਈ ਨਹੀਂ ਧਾਰਨ ਕਰਨ ਲਈ ਹੁੰਦੇ ਹਨ ।
ਗੁਰਬਾਣੀ ਕੇਵਲ ਪੜ੍ਹ ਪੜ੍ਹ ਕੇ ਆਪਣੇ ਆਪ ਨੂੰ ਧਰਮੀ ਹੋਣ ਦਾ ਧਰਵਾਸ ਦੇਣ ਲਈ ਨਹੀਂ ਹੈ । ਇਸਨੂੰ
ਸਮਝਕੇ ਜੀਵਨ ਵਿੱਚ ਢਾਲਣਾ ਹੈ ਇਹ ਸਮੁੱਚੀ ਮਨੁੱਖਤਾ ਲਈ ਹੈ।
...........ਜਵਾਬ ਆਉਂਦਾ ਹੈ ਦੇਖਿਆ ਇਹੀ ਤਾਂ ਨਾਸਤਿਕਾਂ ਦੀ ਭਾਸ਼ਾ ਹੈ, ਉਹ ਵੀ ਗੁਰਬਾਣੀ ਪੜ੍ਹਨ
ਤੋਂ ਰੋਕਦੇ ਹਨ, ਇਹ ਵੀ । ਦੇਖੋ ਇਹ ਸਿੱਖਾਂ ਤੋਂ ਹਟਕੇ ਮਨੁੱਖਤਾ ਤੇ ਆ ਗਏ ਹਨ ਇਹ ਤਾਂ ਸਭ ਨੂੰ
ਨਾਸਤਿਕ ਬਣਾਕੇ ਹੀ ਛੱਡਣਗੇ। ਅਸੀਂ ਨਾਸਤਕਾਂ ਨਾਲ ਵਿਚਾਰ ਨਹੀਂ ਕਰਨੀ ।.........ਰੌਲੇ ਰੱਪੇ ਤੋਂ
ਬਾਅਦ ਵਿਚਾਰ ਬੰਦ ਹੋ ਜਾਂਦੀ ਹੈ ।
ਗੁਰਮੀਤ ਸਿੰਘ ਬਰਸਾਲ (ਸੈਨਹੋਜੇ)