. |
|
ਸਿੱਖੀ ਸੰਭਾਲ ਸਿੰਘਾ!
(ਕਿਸ਼ਤ ਪੰਜਵੀਂ)
ਸਿੱਖ ਧਰਮ
ਸਿਖ-ਧਰਮ ਵੀ ਹੈ ਅਤੇ ਲਹਿਰ ਵੀ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
ਇਸੇ ਸੱਚ ਦਾ ਸਬੂਤ ਹਨ ਬੇਅੰਤ ਇਤਿਹਾਸਕ ਘਟਨਾਵਾਂ ਜਿੰਨਾਂ `ਚੋਂ:-
ਸਰਸਾ ਨਦੀ ਦਾ ਵਿਛੋੜਾ ਅਤੇ ਚਾਲੀ ਮੁਕਤੇ-
ਵਿਸ਼ੇ ਨਾਲ ਸਬੰਧਤ ਇਥੇ ਇੱਕ ਇਤਿਹਾਸਕ ਘਟਨਾ ਦਾ ਜ਼ਿਕਰ ਕਰ
ਰਹੇ ਹਾਂ। ਸੰਨ ੧੭੦੪ ਦਿਸੰਬਰ ਮਹੀਨੇ ਦੀ ਕਾਲੀ ਠੰਡੀ ਤੇ ਕੱਕਰ ਰਾਤ। ਗੁਰਦੇਵ ਨੇ ਅਨੰਦ ਪੁਰ
ਸਾਹਿਬ ਦਾ ਕਿਲਾ ਖਾਲੀ ਕਰ ਦਿੱਤਾ। ਉਪ੍ਰੰਤ ਸਰਸਾ ਨਦੀ `ਤੇ ਭਿਆਨਕ ਜੰਗ ਹੋਈ। ਇਸ ਜੰਗ `ਚ ਬੇਸ਼ੱਕ
ਵੈਰੀ ਦੀਆਂ ਫ਼ੌਜਾਂ ਦਾ ਵੀ ਭਾਰੀ ਜਾਨੀ ਨੁਕਸਾਨ ਹੋਇਆ। ਪਰ ਇਧਰ ਗੁਰਦੇਵ ਦਾ ਪ੍ਰਵਾਰ ਵੀ ਤਿੰਨ
ਭਾਗਾਂ `ਚ ਵੰਡਿਆ ਗਿਆ। ਸਿੰਘਾਂ `ਚੋਂ ਵੀ ਬਹੁਤੇ ਸਿੰਘ ਸ਼ਹੀਦ ਹੋ ਗਏ ਤੇ ਕਈ ਸਰਸਾ ਨਦੀ ਦੇ ਠੰਡੇ
ਪਾਣੀ `ਚ ਵੀ ਬਹਿ ਗਏ। ਕੁਲ ੪੦ ਸਿੰਘ, ਗੁਰਦੇਵ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਕੇ ਚਮਕੌਰ ਦੀ
ਗੜ੍ਹੀ `ਚ ਫ਼ਿਰ ਤੋਂ ਮੋਰਚਾਬੰਦ ਹੋਏ। ਜਦਕਿ ਸਰਸਾ `ਚ ਬਹਿ ਗਏ ਸਿੰਘਾਂ `ਚੋਂ ਕੁੱਝ ਅੱਗੇ ਜਾ ਕੇ
ਸੰਭਲ ਤਾਂ ਗਏ, ਪਰ ਜਦ ਤੱਕ ਹੋਸ਼ ਆਈ ਤਾਂ ਖ਼ਬਰਾਂ ਇਹ ਵੀ ਸਨ ਕਿ ਗੁਰਦੇਵ ਚਮਕੌਰ ਦੀ ਗੜ੍ਹੀ `ਚ
ਸ਼ਹੀਦ ਹੋ ਚੁੱਕੇ ਹਨ। ਇਸ ਤਰ੍ਹਾਂ ਗੁਰਦੇਵ ਤੋਂ ਵਿਛੜ ਚੁੱਕੇ ਇਹ ਸਿੰਘ ਉਸ ਸਮੇਂ ਕਰਦੇ ਵੀ ਤਾਂ
ਕੀ? ਉਦੋਂ ਤਾਂ ਅੱਜ ਵਾਲੇ ਸਾਧਨ ਤੇ ਮੀਡੀਆ ਵੀ ਨਹੀਂ ਸੀ ਤਾ ਕਿ ਸਚਾਈ ਦਾ ਪਤਾ ਲੱਗ ਸਕੇ। ਹੋਰ
ਕੋਈ ਢੰਗ ਨਾ ਬਣਦਾ ਦੇਖ, ਆਖ਼ਿਰ ਇਹ ਸਿੰਘ ਮਾਲਵੇ-ਮਾਝੇ ਵੱਲ ਆਪਣੇ ਘਰਾਂ ਨੂੰ ਪਰਤਣ ਲਈ ਮਜਬੂਰ ਹੋ
ਗਏ।
ਇਹ ਵੱਖਰੀ ਗੱਲ ਹੈ ਕਿ ਉਥੇ ਚਮਕੌਰ ਦੀ ਗੜ੍ਹੀ `ਚ ਸ਼ਹੀਦ ਹੋਣ ਵਾਲੇ,
ਕਲਗੀਧਰ ਜੀ ਦੇ ਬਾਣੇ `ਚ ਭਾਈ ਸੰਗਤ ਸਿੰਘ ਸਨ। ਗੁਰਦੇਵ ਤਾਂ ਉਥੋਂ ਵੀ ਵੈਰੀਆਂ ਦੇ ਮੂੰਹ `ਤੇ
ਕਾਲਖ ਪੋਤ ਕੇ, ਮਾਛੀਵਾੜੇ ਦੇ ਜੰਗਲ `ਚ ਪਹੁੰਚ ਚੁੱਕੇ ਸਨ। ਦਰਅਸਲ ਅਰੰਭ ਤੋਂ ਹੁਣ ਤੱਕ ਵੈਰੀਆਂ
ਦਾ ਇਕੋ ਨਿਸ਼ਾਨਾ ਸੀ ਤੇ ਉਹ ਸੀ ਗੁਰਦੇਵ ਨੂੰ ਜੀਵਤ ਜਾਂ ਸ਼ਹੀਦ ਕਰਕੇ ਪਕੜਣਾ। ਵੈਰੀ ਨੇ ਅਨੰਦ ਪੁਰ
ਸਾਹਿਬ, ਸਰਸਾ ਨਦੀ ਦੀ ਜੰਗ ਤੋਂ ਬਾਅਦ ਇਥੇ ਚਮਕੌਰ ਦੀ ਗੜ੍ਹੀ `ਚ ਇਸ ਬੇਜੋੜ ਜੰਗ ਸਮੇਂ ਵੀ ਇਸ
ਪੱਖੋਂ ਉਸੇ ਤਰ੍ਹਾਂ ਮੂੰਹ ਦੀ ਖਾਧੀ। ਇਸ ਇਤਿਹਾਸਕ ਘਟਨਾ ਦਾ ਵਿਸ਼ੇਸ਼ ਪੱਖ ਹੋਰ ਵੀ ਚਮਕੀਲਾ ਤੇ
ਵੱਡਾ ਹੈਰਾਣਕੁਣ ਹੈ। ਇਹ ਇਤਿਹਾਸਕ ਘਟਨਾ ਤਾਂ ਸਿੱਖਾਂ ਵੱਲੋਂ ਆਪਣੇ ਗੁਰੂ ਤੋਂ ਵਾਰੇ ਵਾਰੇ ਜਾਣ
ਸੰਬੰਧੀ ਆਪਣੀ ਮਿਸਾਲ ਆਪ ਹੈ।
ਇਸ ਤਰ੍ਹਾਂ ਸਰਸਾ ਨਦੀ ਦੀ ਜੰਗ ਸਮੇਂ ਉਨ੍ਹਾਂ ਵਿਛੜੇ ਸਿੰਘਾਂ ਤੱਕ ਜਦੋਂ
ਇਹ ਖ਼ਬਰਾਂ ਪੁੱਜੀਆਂ ਕਿ ਗੁਰਦੇਵ, ਚਮਕੌਰ ਦੀ ਗੜ੍ਹੀ `ਚ ਸ਼ਹੀਦ ਨਹੀਂ ਹੋਏ, ਉਹ ਗੁਰਦੇਵ ਨਾਲ ਮਿਲਾਪ
ਲਈ ਬੇਚੈਨ ਹੋ ਉੱਠੇ। ਕਿਉਂਕਿ ਖ਼ਬਰਾਂ ਇਹ ਵੀ ਸਨ ਕਿ ਗੁਰਦੇਵ ਦੇ ਪਿਛੇ ਅਜੇ ਵੀ ਵੈਰੀ ਦਲ ਲੱਗਾ
ਹੋਇਆ ਹੈ। ਵਿਚਾਰਨ ਦਾ ਖਾਸ ਪੱਖ ਇਹ ਵੀ ਹੈ ਕਿ ਜਿਹੜੇ ਪਹਿਲਾਂ ਤਾਂ ਛੇ ਮਹੀਨੇ ਤੱਕ ਅਨੰਦਪੁਰ
ਸਾਹਿਬ ਦੇ ਘੇਰੇ ਸਮੇਂ ਕਈ ਦਿਨ ਭੁਖੇ-ਤਿਹਾਏ ਰਹਿ ਚੁੱਕੇ ਸਨ। ਉਪ੍ਰੰਤ ਸਰਸਾ ਨਦੀ ਦੀ ਜੰਗ ਸਮੇਂ
ਵੀ ਇਹ ਗੁਰਦੇਵ ਦੇ ਨਾਲ ਹੋ ਕੇ, ਵੈਰੀਆਂ ਵਿਰੁਧ ਬਰਾਬਰ ਦੀ ਲੜਾਈ ਲੜ ਚੁੱਕੇ ਸਨ। ਇਸ ਤਰ੍ਹਾਂ ਜੇ
ਚਾਹੁੰਦੇ ਤਾਂ ਇਹ ਹੁਣ ਘਰਾਂ `ਚ ਪੁਜਣ ਤੋਂ ਬਾਅਦ ਆਰਾਮ ਨਾਲ ਸੁੱਖ-ਆਰਾਮ ਦੀ ਜ਼ਿੰਦਗੀ ਵੀ ਬਤੀਤ ਕਰ
ਸਕਦੇ ਸਨ। ਉਨ੍ਹਾਂ ਕੋਲ ਤਾਂ ਗੁਰਦੇਵ ਪਾਸ ਵਾਪਿਸ ਪੁਜਣ ਤੇ ਜੂਝਣ ਲਈ, ਗੁਰਦੇਵ ਦਾ ਹੁਕਮਨਾਮਾ ਵੀ
ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਅਜਿਹੀ ਕੋਈ ਮਜਬੂਰੀ ਹੀ ਸੀ। ਫ਼ਿਰ ਵੀ ਉਨ੍ਹਾਂ ਨੂੰ ਚਿੰਤਾ ਸੀ
ਤਾਂ ਇਹ ਕਿ ਉਹ ਤਾਂ ਆਰਾਮ ਨਾਲ ਆਪਣੇ ਘਰਾਂ-ਪ੍ਰਵਾਰਾਂ `ਚ ਪੁੱਜੇ ਹੋਏ ਹਨ, ਜਦਕਿ ਉਨ੍ਹਾਂ ਦੇ
ਦਿਲਾਂ ਦੇ ਸਾਈਂ, ਗੁਰਦੇਵ ਪਿੱਛੇ ਦਿਨ-ਰਾਤ, ਵੈਰੀ ਦਲ ਲਗਾ ਹੋਇਆ ਹੈ। ਜਦਕਿ ਇਹ ਵੀ ਨਹੀਂ ਸੀ ਪਤਾ
ਕਿ ਇਸ ਸਮੇਂ ਗੁਰਦੇਵ ਹੈਣ ਕਿੱਥੇ? ਇਹ ਵੀ ਕਿ ਘਰਾਂ ਤੋਂ ਚਲਣ ਬਾਅਦ ਉਨ੍ਹਾਂ ਦਾ ਗੁਰਦੇਵ ਨਾਲ
ਮਿਲਾਪ ਹੋਵੇਗਾ ਵੀ ਜਾਂ ਨਹੀਂ? ਉਪ੍ਰੰਤ, ਜੇ ਮਿਲਾਪ ਹੋਇਆ ਵੀ ਤਾਂ ਉਹ ਮਿਲਾਪ ਵੀ ਕਿਹੜੇ ਹਾਲਾਤਾਂ
`ਚ ਹੋਵੇਗਾ?
ਇਸ ਤਰ੍ਹਾਂ ਉਸ ਸਮੇਂ ਉਨ੍ਹਾਂ ਦੇ ਮਨਾਂ `ਚ ਕਈ ਸੁਆਲ ਹੋਣਗੇ। ਫ਼ਿਰ ਹੁਣ
ਕੇਵਲ ਉਹੀ ਤੇ ਉਤਨੇ ਹੀ ਸਿੰਘ ਨਹੀਂ ਸਨ, ਬਲਕਿ ਨਵੇਂ ਸਿਰਿਉਂ ਜਥੇਬੰਦ ਹੋਏ ਹੋਏ ਸਨ; ਉਨ੍ਹਾਂ ਦੇ
ਉਸ ਨਵੇਂ ਜਥੇ `ਚ ਬੀਬੀਆਂ ਵੀ ਸਨ। ਉਹ ਸਾਰੇ ਫ਼ਿਰ ਤੋਂ ਆਪਣੇ ਮਾਹੀ ਦੇ ਦੀਦਾਰ ਤੇ ਉਸ ਦੇ ਚਰਨਾਂ
`ਚ ਸ਼ਹੀਦ ਹੋਣ ਲਈ ਆਪਣੇ ਘਰਾਂ ਤੋਂ ਚੱਲੇ ਸਨ। ਜਦਕਿ ਇਹ ਸਭ ਹੋ ਰਿਹਾ ਸੀ ਤਾਂ ਅਜਿਹੇ ਬਿਖੜੇ ਤੇ
ਜੰਗਾਂ-ਜੁਧਾਂ ਦੇ ਹਾਲਾਤ `ਚ, ਜਦੋਂ ਆਰਾਮ ਤਾਂ ਦੂਰ, ਜੀਉਂਦੇ ਜੀਅ ਵਾਪਿਸ ਮੁੜਣ ਦੀ ਵੀ ਕਿਸੇ ਨੂੰ
ਆਸ ਨਹੀਂ ਸੀ। ਹੁਣ ਇਸ ਨਵੇਂ ਜੱਥੇ `ਚ ਬੀਬੀਆਂ ਦੀ ਕਮਾਨ ਮਾਈ ਭਾਗ ਕੌਰ (ਮਾਈ ਭਾਗੋ) ਕੋਲ ਤੇ
ਸਿੰਘਾਂ ਦੀ ਕਮਾਨ ਭਾਈ ਮਹਾਂ ਸਿੰਘ ਪਾਸ ਸੀ। ਜੱਥੇ ਦਾ ਰਾਮਿਆਣੇ ਦੇ ਸਥਾਨ `ਤੇ ਗੁਰਦੇਵ ਨਾਲ
ਮਿਲਾਪ ਹੋਇਆ। ਉਪ੍ਰੰਤ ਖ਼ਦਰਾਣੇ ਦੀ ਢਾਬ, ਮੌਜੂਦਾ ਮੁਕਤਸਰ ਸਾਹਿਬ ਦੇ ਸਥਾਨ `ਤੇ, ਇਨ੍ਹਾਂ ਨੇ
ਗੁਰਦੇਵ ਤੋਂ ਅੱਗੇ ਹੋ ਕੇ ਮੌਰਚੇ ਨੂੰ ਸੰਭਾਲੇ ਤੇ ਸ਼ਹੀਦੀਆਂ ਨੂੰ ਪ੍ਰਾਪਤ ਹੋ ਗਏ। ਮੂਲ ਰੂਪ `ਚ
ਯੁਧ ਦੀ ਕਮਾਨ ਗੁਰਦੇਵ ਪਾਸ ਹੀ ਸੀ ਅਤੇ ਇਹ ਵਿਉਂਤਬੰਦੀ ਵੀ ਉਨ੍ਹਾਂ ਆਪ ਕੀਤੀ ਸੀ। ਇਸ ਜੰਗ `ਚ ਵੀ
ਜਿੱਤ ਗੁਰਦੇਵ ਦੀ ਹੀ ਹੋਈ। ਯੁਧ ਤੋਂ ਬਾਅਦ ਗੁਰਦੇਵ ਢਾਬ ਤੋਂ ਉਤਰੇ ਤੇ ਇੱਕ ਇੱਕ ਸ਼ਹੀਦ ਨੂੰ
ਪਿਆਰਿਆ, ਨਾਲ ਨਾਲ “ਇਹ ਮੇਰਾ ਪੰਜ ਹਜ਼ਾਰੀ” “ਇਹ ਮੇਰਾ ਦਸ ਹਜ਼ਾਰੀ” ਵਾਲੇ ਖਿਤਾਬਾਂ ਨਾਲ ਵੀ
ਨਿਵਾਜਿਆ। ਇਸ ਧਰਤੀ ਨੂੰ ਮੁਕਤਸਰ ਦਾ ਨਾਮ ਬਖ਼ਸ਼ਿਆ। ਇਸ ਜਥੇ `ਚੋਂ ਭਾਈ ਮਹਾਂ ਸਿੰਘ ਦੇ ਸੁਆਸ ਅਜੇ
ਬਾਕੀ ਸਨ ਜਦਕਿ ਮਾਈ ਭਾਗ ਕੌਰ ਵੀ ਜੀਵਿਤ ਸਨ। ਭਾਈ ਮਹਾਂ ਸਿੰਘ ਨੂੰ ਇੱਕੋ ਮਲਾਲ ਸੀ ਕਿ ਇਨੀਂ
ਭੀੜਾ ਸਮੇਂ, ਜਦੋਂ ਗੁਰਦੇਵ ਨੂੰ ਸਾਡੀ ਲੋੜ ਸੀ ਤੇ ਅਸੀਂ ਗੁਰਦੇਵ ਤੋਂ ਟੁੱਟੇ ਰਹੇ। ਗੁਰਦੇਵ ਨੇ
ਧੀਰਜ ਦਿੱਤੀ ਤੇ ਸਮਝਾਇਆ, “ਮਹਾਂ ਸਿੰਘ! ਤੁਸੀਂ ਮੇਰੇ ਤੋਂ ਟੁੱਟੇ ਨਹੀਂ ਸੀ। ਤੁਸੀਂ ਤਾਂ ਮਨ
ਕਰਕੇ ਮੇਰੇ ਨਾਲ ਹੀ ਸੀ”। ਉਸ ਸਥਾਨ `ਤੇ ਉਨ੍ਹਾਂ ਚਾਲੀ ਮੁਕਤਿਆਂ ਦੀ ਯਾਦ `ਚ ਅੱਜ ਗੁਰਦੁਆਰਾ
‘ਟੁਟੀ ਗੰਢੀ ਸਾਹਿਬ’ ਕਾਇਮ ਹੈ।
ਸਾਕਾ ਚਮਕੌਰ ਸਬੰਧੀ ਵੀ?
ਇਸ ਤਰ੍ਹਾਂ ਸਰਸਾ ਨਦੀ ਦੇ ਵਿਛੋੜੇ ਵਾਲੀ ਕੇਵਲ ਇਹੀ
ਅਦੁੱਤੀ ਘਟਨਾ ਹੀ ਨਹੀਂ ਬਲਕਿ ਅਜਿਹੀਆਂ ਬਹੁਤੇਰੀਆਂ ਘਟਨਾਵਾਂ ਨਾਲ ਗੁਰ ਇਤਿਹਾਸ ਤੇ ਮਗਰਲਾ ਸਿੱਖ
ਇਤਿਹਾਸ ਭਰਿਆ ਪਿਆ ਹੈ। ਜਿਵੇਂ ਇੱਕ ਹੋਰ ਮਿਸਾਲ ਜਿਹੜੀ ਕਿ ਦਸਮੇਸ਼ ਜੀ ਦੇ ਹੀ ਸਮੇਂ ਨਾਲ ਹੀ
ਸਬੰਧਤ ਹੈ। ਇਹ ਹੈ ਇਤਿਹਾਸਕ ਸਾਕਾ ਚਮਕੌਰ ਦੀ ਗੜ੍ਹੀ ਵਾਲੀ ਬੇਜੋੜ ਜੰਗ। ਇੱਕ ਪਾਸੇ, ਬਾਹਿਰ
ਗੜ੍ਹੀ ਨੂੰ ਲਖਾਂ ਦਾ ਘੇਰਾ ਪਰ ਅੰਦਰ ਭੁਖੇ ਭਾਣੇ ਤੇ ਤਿਹਾੲ, ਸਰਸਾ ਦੀ ਜੰਗ ਸਮੇਂ ਫ਼ਟੜ, ਗਿਣਤੀ
ਦੇ ਚਾਲੀ ਸਿੰਘ। ਤਾਂ ਵੀ ਕਿਸੇ ਵੱਲੋਂ ਸਮਰਪਣ ਨਹੀਂ ਅਤੇ ਸ਼ਹੀਦੀਆਂ ਨੂੰ ਪ੍ਰਾਪਤ ਹੋਏ। ਉਸ ਦੌਰਾਨ,
ਪੰਥ ਵੱਲੋਂ ਜਦੋਂ ਦਸਮੇਸ਼ ਜੀ ਨੂੰ, ਚਮਕੌਰ ਦੀ ਗੜ੍ਹੀ ਗੜ੍ਹੀ ਛਡਣ ਦਾ ਹੁਕਮ ਹੋਇਆ। ਉਸ ਸਮੇਂ,
ਸਪਸ਼ਟ ਹੈ ਕਿ ਗੁਰਦੇਵ ਨੂੰ ਗੜ੍ਹੀ `ਚੋਂ ਇਕਲਿਆਂ ਤਾਂ ਕਿਸੇ ਜਾਣ ਨਹੀਂ ਸੀ ਦੇਣਾ ਅਤੇ ਕੁੱਝ
ਸਿੰਘਾਂ ਦਾ ਗੁਰਦੇਵ ਨਾਲ ਜਾਣਾ ਵੀ ਨਿਸ਼ਚਤ ਸੀ।
ਇਹ ਵੀ ਨਿਸ਼ਚਤ ਸੀ ਕਿ ਜਿਹੜਾ, ਗੁਰਦੇਵ ਨਾਲ ਗੜ੍ਹੀ `ਚੋ ਬਾਹਿਰ ਨਿਕਲ
ਜਾਵੇਗਾ, ਉਸਦਾ ਤਾਂ ਫ਼ਿਰ ਵੀ ਬੱਚ ਜਾਣਾ ਸੰਭਵ ਸੀ ਜਦਕਿ ਗੜ੍ਹੀ `ਚ ਰਹਿਣ ਵਾਲਿਆਂ ਦੀ ਸ਼ਹਾਦਤ
ਯਕੀਣੀ ਹੀ ਸੀ। ਫ਼ਿਰ ਵੀ ਗੁਰਦੇਵ ਨਾਲ ਗੜ੍ਹੀ ਤੋਂ ਬਾਹਿਰ ਜਾਣ ਨੂੰ ਕੋਈ ਤਿਆਰ ਨਹੀਂ ਸੀ ਬਲਕਿ
ਗੜ੍ਹੀ `ਚ ਰਹਿ ਕੇ ਸ਼ਹੀਦੀਆਂ ਪਾਉਣ ਨੂੰ ਹੀ ਸਾਰੇ ਤਿਆਰ ਹਨ। ਉਪ੍ਰੰਤ ਇਥੇ ਵੀ ਪੰਥ ਨੂੰ ਫ਼ੈਸਲਾ
ਕਰਣਾ ਪਿਆ ਅਤੇ ਭਾਈ ਦਿਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਗੁਰਦੇਵ ਦੇ ਨਾਲ ਜਾਣ ਦਾ
ਹੁਕਮ ਹੋਇਆ। ਇਸੇ ਤਰ੍ਹਾਂ ਅਜੋਕੇ ਅੰਗ੍ਰੇਜ਼ ਰਾਜ ਸਮੇਂ ਵੀ ਸਾਰਾਗੜ੍ਹੀ ਦੇ ਸ਼ਹੀਦਾਂ ਸਬੰਧੀ ਮਿਸਾਲ,
ਇਹ ਵੀ ਲਗਭਗ ਇਸੇ ਤਰ੍ਹਾਂ ਹੀ ਹੈ। ਇਸ ਤੋਂ ਇਲਾਵਾ “ਮਨੂੰ ਸਾਡੀ ਦਾਤਰੀ… “ਵਾਲੀ ਮਿਸਾਲ ਵੀ ਦੇ
ਚੁੱਕੇ ਹਾਂ ਤੇ ਹੋਰ ਬੇਅੰਤ ਘਟਨਾਵਾਂ ਤੇ ਮਿਸਾਲਾਂ। ਜਦਕਿ ਭਿੰਨ ਭਿੰਨ ਮੋਰਚਿਆਂ ਸਮੇਂ
ਬੇਅੰਤ ਸਿੱਖ ਸ਼ਹੀਦਾਂ ਦਾ ਜ਼ਿਕਰ ਵੀ ਕਰ ਚੁੱਕੇ ਹਾਂ। ਇਸੇ ਤਰ੍ਹਾਂ ੧੯੮੪ `ਚ ਭਾਰਤੀ ਫ਼ੋਜਾਂ ਰਾਹੀਂ
ਕੀਤਾ ਗਿਆ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ `ਤੇ ਤੋਪਾਂ-ਟੈਂਕਾ ਨਾਲ ਕੀਤਾ ਗਿਆ ਘਿਨਾਉਣਾ
ਹਮਲਾ ਅਤੇ ਮਰਜੀਵੜੇ ਨੌਜੁਆਨਾਂ ਵੱਲੋਂ ਉਨ੍ਹਾਂ ਫ਼ੋਜਾਂ ਦਾ ਟਾਕਰਾ।
ਸਿੱਖ ਇਤਿਹਾਸ ਦੀ ਚਮਕ? -
ਬੇਸ਼ੱਕ ਅਤੀ ਸੰਖੇਪ ਪਰ ਹੁਣ ਤੱਕ ਦਿੱਤੇ ਵੇਰਵਿਆਂ ਤੋਂ ਸਾਫ਼ ਹੈ ਕਿ ਸਮਾਜ `ਚ ਬਿਨਾ ਭੇਦ ਭਾਵ,
ਸੰਸਾਰ ਭਰ `ਚ ਮਜ਼ਲੂਮਾਂ, ਦੱਬਿਆਂ, ਕੁਚਲਿਆਂ ਦੀ ਸੰਭਾਲ ਕਰਣ ਵਾਲਾ ਕੇਵਲ ਤੇ ਕੇਵਲ ਸਿੱਖ ਧਰਮ ਹੀ
ਹੈ। ਹੋਰ ਤਾਂ ਹੋਰ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤਾਂ ਹੈ ਹੀ ਦੂਜਿਆਂ ਭਾਵ ਉਸ ਸਮੇਂ ਦੇ ਮਜ਼ਲੂਮ
ਹਿੰਦੂਆਂ ਲਈ, ਜਿਨ੍ਹਾਂ ਦੀ ਜੀਵਨ ਬ੍ਰਾਹਮਣੀ ਸੋਚ ਤੇ ਰਹਿਣੀ ਨਾਲ ਗੁਰੂ ਦਰ ਦਾ ਕੁੱਝ ਵੀ ਲੈਣਾ
ਦੇਣਾ ਨਹੀਂ। ਇਸ ਤਰ੍ਹਾਂ ਸਿੱਖ ਧਰਮ ਹੀ ਕੇਵਲ ਇਕੋ ਕਿ ਅਤੇ ਅਜਿਹਾ ਧਰਮ ਹੈ, ਜਿਸ ਧਰਮ `ਚ ਅਣਖ ਤੇ
ਗ਼ੈਰਤ ਭਰਿਆ ਜੀਵਨ ਬਲਕਿ ਦੂਜਿਆਂ ਦੀ ਲੋੜ ਲਈ ਵੀ ਅੱਗੇ ਹੋ ਕੇ ਤਸੀਹੇ ਭਰਪੂਰ ਸ਼ਹੀਦੀਆਂ ਤੱਕ ਨੂੰ
ਗਲੇ ਲਗਾ ਲੈਣਾ ਤੇ ਪਿਛੇ ਨਾ ਹਟਣਾ। ਇਸ ਤਰ੍ਹਾਂ ਸਿੱਖ ਧਰਮ, ਬਿਨਾ ਵਿਤਕਰਾ ਧਰਮ, ਦੇਸ਼, ਲਿੰਗ,
ਰੰਗ, ਨਸਲ ਹਰੇਕ ਨੂੰ ਬਰਾਬਰ ਦਾ ਸਤਿਕਾਰ ਦੇਣ ਤੇ ਦੁਆਉਣ ਵਾਲਾ ਸੰਸਾਰ ਤਲ ਦਾ ਇੱਕੋ ਇੱਕ ਧਰਮ ਹੈ।
ਜਦਕਿ ਇਨ੍ਹਾਂ ਕਾਰਨਾਮਿਆਂ `ਚ ਸਦਾ ਤੋਂ ਸ਼ਾਮਿਲ ਰਹੀਆਂ ਹਨ ਬਹੁਤਾ ਕਰਕੇ ‘ਖੰਡੇ ਦੀ ਪਾਹੁਲ
ਪ੍ਰਾਪਤ’ ਗੁਰੂ ਕੇ ਲਾਲ ਤੇ ਉਨ੍ਹਾਂ ਦੇ ਨਾਲ ਨਾਲ ਸਿੱਖ ਲਹਿਰ `ਚ ਨਿੱਤ ਸ਼ਾਮਿਲ ਹੋ ਰਹੀਆਂ
ਸ਼੍ਰਧਾਲੂਆਂ ਦੀਆਂ ਕਤਾਰਾਂ। ਆਖ਼ਿਰ ਭਾਈ ਮੋਤੀ ਲਾਲ ਮਹਿਰਾ, ਦਿਵਾਨ ਟੋਡਰ ਮਲ, ਪੀਰ ਬੁਧੂ ਸ਼ਾਹ, ਨਬੀ
ਖਾਂ-ਗ਼ਨੀ ਖਾਂ ਆਦਿ ਵੀ ਗੁਰੂ ਦਰ ਤੋਂ ਆਪਣਾ ਆਪ ਨਿਛਾਵਰ ਕਰ ਰਹੀਆਂ ਗੁਰੂ ਦੀਆਂ ਗ਼ੈਰ ਸਿੱਖ ਬੇਅੰਤ
ਸ਼੍ਰਧਾਲੂ ਸੰਗਤਾਂ ਵਿੱਚੋਂ ਹੀ ਸਨ।
ਇਸ ਤਰ੍ਹਾਂ ਦਇਆ, ਸੰਤੋਖ, ਪਰਉਪਕਾਰ ਆਦਿ ਇਲਾਹੀ ਗੁਣਾਂ ਨਾਲ ਭਰਪੂਰ;
ਸੰਸਾਰ ਭਰ ਦੇ ਲੋਕਾਂ ਨੂੰ ਸਾਂਝੀ ਸੰਗਤ, ਸਾਂਝੀ ਪੰਗਤ ਤੇ ਸਾਂਝੇ ਸਰੋਵਰਾਂ `ਚ ਇਸ਼ਨਾਨ ਕਰਣ ਤੇ
ਕਰਵਾਉਣ ਦਾ ਮਾਨ ਬਖ਼ਸ਼ਣ ਵਾਲਾ ਹੈ ਸਿੱਖ ਧਰਮ ਤੇ ਇਸਦਾ ਸੁਨਿਹਰੀ ਇਤਿਹਾਸ। ਇਥੇ ਹੀ ਬੱਸ ਨਹੀਂ,
ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਇਹ ਸਿੱਖ ਧਰਮ ਤੇ ਇਸਦਾ ਇਤਿਹਾਸ ਸੰਸਾਰ ਭਰ ਦੇ ਮਨੁੱਖ ਮਾਤ੍ਰ
ਲਈ ਇਕੋ ਇੱਕ ਅਕਾਲਪੁਰਖ, ਇਕੋ ਗੁਰੂ, ਇਕੋ ਆਦਿ ਜੁਗਾਦੀ ਸੱਚ ਧਰਮ ਤੇ ਇਕੋ ਇੱਕ ਮਨੁੱਖੀ ਭਾਈਚਾਰੇ
ਦਾ ਪ੍ਰਤੀਕ ਵੀ ਹੈ। ਦਰਅਸਲ ਇਸ ਹੱਥਲੀ ਪੁਸਤਕ ਦਾ ਦੂਜਾ ਖੰਡ ਭਾਵੇਂ ਸੰਪੂਰਣ ਸਿੱਖ ਇਤਿਹਾਸ ਵੱਲ
ਕੇਵਲ ਇਸ਼ਾਰਾ ਮਾਤ੍ਰ ਹੀ ਹੈ। ਇਹ ਕੇਵਲ ਤੇ ਕੇਵਲ ਗੁਰਬਾਣੀ ਵਿਚਾਰਧਾਰਾ ਦੀ ਵਰਤੋਂ
(Implimentation)
ਦਾ ਹੀ ਪ੍ਰਗਟਾਵਾ ਹੈ। ਉਂਜ ਇਹ ਸਿੱਖ ਇਤਿਹਾਸ
ਇਤਨਾ ਵਿਰਾਟ ਹੈ ਕਿ ਇਸ ਵਿਸ਼ੇ `ਤੇ ਗ੍ਰੰਥਾਂ ਦੇ ਗ੍ਰੰਥ ਵੀ ਲਿਖੇ ਜਾ ਸਕਦੇ ਹਨ। ਇਸ ਤਰ੍ਹਾਂ ਇੱਕ
ਪਾਸੇ ਹੈ ਕੇਵਲ ਕੁੱਝ ਸਦੀਆਂ ਤੋਂ ਅਰੰਭ ਹੋਇਆ ਸਿੱਖ ਇਤਿਹਾਸ ਤੇ ਦੂਜੇ ਪਾਸੇ ਹਜ਼ਾਰਾਂ ਸਾਲ ਪੁਰਾਨਾ
ਅਤੇ ਅਰਬਾਂ-ਖਰਬਾਂ ਦੀ ਗਿਣਤੀ ਨੂੰ ਸੰਭਾਲੀ ਬੈਠਾ ਤੇ ਫ਼ਿਰ ਵੀ ਸਮੇਂ ਦੇ ਹਨੇਰੇ `ਚ ਪਿਆ ਸਮੂਚਾ
ਇਤਿਹਾਸ।
ਗੁਰਬਾਣੀ ਵਿਚਾਰਧਾਰਾ ਦਾ ਜਾਦੂ-
ਦਰਅਸਲ ਇਹ ਹੈ ਗੁਰਬਾਣੀ ਵਿਚਾਰਧਾਰਾ ਦਾ ਜਾਦੂ ਜਿਸ ਨੇ ਥੋੜੇ ਜਿਹੇ ਸਮੇਂ `ਚ ਹੀ ਸਾਰੇ ਮਨੁੱਖ
ਮਾਤ੍ਰ ਦੇ ਜੀਵਨ `ਚ ਇੱਕ ਨਵੀਂ ਚਮਕ, ਹਿਲਜੁਲ ਤੇ ਸਿੱਖ ਧਰਮ ਲਈ ਭਰਵੀਂ ਖਿੱਚ ਪੈਦਾ ਕਰ ਦਿੱਤੀ।
ਹੋਰ ਤਾਂ ਹੋਰ, ਜੇ ਓਪਰੀ ਨਜ਼ਰੇ ਵੀ ਦੇਖਿਆ ਜਾਵੇ ਤਾਂ ਸੰਸਾਰ ਭਰ ਦੇ ਕਿਸੇ ਵੀ ਧਰਮ, ਵਿਚਾਰਧਾਰਾ
ਜਾਂ ਸਭਿਅਤਾ ਦੇ ਮੁਕਾਬਲੇ ਜੇਕਰ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੇ ਇਤਿਹਾਸ, ਸੋਚਣੀ ਤੇ ਰਹਿਣੀ
ਆਦਿ ਦੀ ਵੰਡ ਕਰਕੇ ਦੇਖੀਏ ਤਾਂ ਇਸ ਸਚਾਈ ਦੇ ਸਪਸ਼ਟ ਹੁੰਦੇ ਦੇਰ ਨਹੀਂ ਲਗਦੀ। ਸਪਸ਼ਟ ਹੈ ਕਿ ਗੁਰੂ
ਨਾਨਕ ਪਾਤਸ਼ਾਹ ਤੋਂ ਪਹਿਲਾਂ ਸੰਸਾਰ ਭਰ ਦੇ ਲੋਕਾਂ ਦਾ ਇਤਿਹਾਸ, ਸੋਚਣੀ ਤੇ ਰਹਿਣੀ ਕੀ ਸੀ ਅਤੇ
ਗੁਰੂ ਨਾਨਕ ਪਾਤਸ਼ਾਹ ਦੇ ਸੰਸਾਰ `ਚ ਆਉਣ ਤੋਂ ਬਾਅਦ ਇਸ ਅੰਦਰ ਕਿਸ ਤਰ੍ਹਾਂ ਦੀ ਤਬਦੀਲੀ, ਹਿਲਜੁਲ
ਤੇ ਜਵਾਰਭਾਟਾ ਆਈ ਅਥਵਾ ਸਿੱਖ ਲਹਿਰ ਤਿਆਰ ਹੋ ਗਈ। ਇਸ ਵਿਸ਼ੇ `ਤੇ ਨਿਰਪੱਖਤਾ ਦੀ ਨਜ਼ਰ ਹੀ ਇਸ ਸਚਾਈ
ਦਾ ਸਬੂਤ ਹੈ ਕਿ ਇਨ੍ਹਾਂ ਕੁੱਝ ਹੀ ਸਦੀਆਂ ਦੋਹਰਾਨ, ਪੂਰੇ ਸੰਸਾਰ ਦੀ ਰਹਿਣੀ, ਸੋਚਣੀ ਬਲਕਿ
ਇਤਿਹਾਸ ਤੱਕ ਦਾ ਝੁਕਾਅ, ਬਦੋਬਦੀ ਗੁਰੂ ਨਾਨਕ ਵਿਚਾਰਧਾਰਾ ਅਤੇ ਗੁਰਦੇਵ ਦੇ ਚਰਨਾਂ ਵੱਲ ਆ ਗਿਆ।
ਜਦਕਿ ਇਸ ਸਾਰੇ ਦਾ ਸ਼੍ਰੇਅ ਤੇ ਮਾਨ ਜਾਂਦਾਂ ਹੈ ਤਾਂ ਦੋਨਾਂ ਨੂੰ ਭਾਵ ਸਿੱਖ ਇਤਿਹਾਸ ਤੇ ਇਸ ਦੇ
ਨਾਲ ਬਾਲ ਨਿੱਤ ਵਾਧਾ ਖਾਂਦੀ ਜਾਂਦੀ ਸਿੱਖ ਲਹਿਰ ਨੂੰ। ਇਸ ਲਈ ਚੇਤੇ ਰਖਣਾ ਹੈ ਕਿ ਜਦੋਂ ਜਦੋਂ ਵੀ
ਸਿੱਖ ਦਾ ਜੀਵਨ ਗੁਰਬਾਣੀ ਆਧਾਰਿਤ ਹੋਵੇਗਾ, ਸਿੱਖ ਲਹਿਰ `ਚ ਵੀ ਦਿਨ ਦੁਗਣਾ ਤੇ ਚੌਗਣਾ ਵਾਧਾ
ਹੋਵੇਗਾ। ਇਸ ਦੇ ਉਲਟ ਜਦੋਂ ਜਦੋਂ ਵੀ ਸਿੱਖ ਦੇ ਜੀਵਨ ਪੱਖੋਂ ਗੁਰਬਾਣੀ ਦੀ ਖੁਸ਼ਬੂ ਘਟੇਗੀ ਤਾਂ ਇੱਕ
ਪਾਸੇ ਸਿੱਖ ਲਹਿਰ ਮੁੱਕੇ ਤੇ ਦੱਬੇ ਗੀ ਨਾਲ ਨਾਲ ਸਿੱਖ ਧਰਮ ਦੀ ਹੋਂਦ ਵੀ ਖਤਰੇ `ਚ ਪਾਵੇਗੀ। ਗਹੁ
ਨਾਲ ਦੇਖਿਆ ਜਾਵੇ ਤਾਂ ਅੱਜ ਸਿੱਖ ਕੌਮ ਦੀ ਇਹੀ ਹਾਲਤ ਬਣੀ ਪਈ ਹੈ। ਇੱਕ ਪਾਸੇ ਨਾ ਹੀ ਤਾਂ ਸਿੱਖ
ਦੇ ਜੀਵਨ ਅੰਦਰ ਗੁਰਬਾਣੀ ਦੀ ਖੁਸ਼ਬੂ ਰਹਿ ਰਹੀ ਹੈ ਤਾ ਨਾ ਹੀ ਸਿੱਖ ਲਹਿਰ ਦਾ ਵਜੂਦ ਹੀ ਨਜ਼ਰ ਆ
ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਸਮੂਚੇ ਤੌਰ `ਤੇ ਸਿੱਖ ਧਰਮ ਦੀ ਆਪਣੀ ਹੋਂਦ ਵੀ ਖਤਰੇ `ਚ ਪਈ
ਹੋਈ ਹੈ।
ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਏ
ਜੀਵਨ ਦੀ ਉੱਚਤਾ-
ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਗੁਰਬਾਣੀ ਵਿਚਾਰਧਾਰਾ ਤੇ ਜੀਵਨ `ਚੋਂ ਪ੍ਰਗਟ ਹੋਏ ਇਲਾਹੀ
ਗੁਣਾਂ ਦਾ ਹੀ ਨਤੀਜਾ ਸੀ ਕਿ:
(ੳ) ਇਸਲਾਮੀ ਕਚਹਿਰੀ
`ਚ ਵੀ ਸਿੱਖ ਦੇ ਬਿਆਣ ਤੇ ਗਵਾਹੀ ਨੂੰ ਹੀ ਸੱਚਾ ਤੇ ਅੱਵਲ-ਆਖ਼ਿਰ ਮੰਨਿਆਂ ਜਾਂਦਾ ਰਿਹਾ।
(ਅ) ਇਸਲਾਮੀ ਰਾਜ
ਸਮੇਂ ਵੀ ਜੇ ਕਰ ਹਿੰਦੂ ਬਹੂ-ਬੇਟੀਆਂ ਜਰਵਾਣਿਆਂ ਦੇ ਚੁੰਗਲ `ਚ ਫ਼ਸ ਜਾਂਦੀਆਂ। ਉਪ੍ਰੰਤ ਜੇ ਉਨ੍ਹਾਂ
ਬੱਚੀਆਂ ਨੂੰ ਸੂਹ ਮਿਲ ਜਾਂਦੀ ਕਿ ਇਥੇ ਨੇੜੇ ਤੇੜੇ ਸਿਘਾਂ ਦਾ ਜੱਥਾ ਹੈ ਤਾਂ ਉਨ੍ਹਾਂ ਬੱਚੀਆਂ ਦੀ
ਇਕੋ ਹੀ ਕੂਕ-ਫ਼ਰਿਆਦ ਹੁੰਦੀ। ਇਹ ਕੂਕ-ਫ਼ਰਿਆਦ ਹੁੰਦੀ ਸੀ
“ਰਣ ਬਸਰੇ ਨੂੰ ਚੱਲੀ, ਤੇ ਮੋੜੀਂ
ਬਾਬਾ ਕੱਛ ਵਾਲਿਆ”।
(ੲ) ਸਿਖਾਂ ਦੇ ਉੱਚੇ
ਸੁਚੇ ਆਚਰਣ ਤੇ ਚਲਣ ਦਾ ਇਤਨਾ ਵਧ ਪ੍ਰਭਾਵ ਸੀ ਕਿ ਜਦੋਂ ਦੇਸ਼ ਦੇ ਅਜਿਹੇ ਵਿਗੜੇ ਹਾਲਾਤ ਸਮੇਂ
ਇਲਾਕੇ `ਚ ਜੇ ਕਿਧਰੇ ਸਿੰਘ ਪੁੱਜ ਜਾਂਦੇ ਤਾਂ ਉਸ ਸਮੇਂ ਇਲਾਕੇ ਦੀਆਂ ਬੀਬੀਆਂ ਦੀ ਸ਼ਬਦਾਵਲੀ ਹੁੰਦੀ
“ਹੁਣ ਤਾਂ ਆਏ ਨੇ ਨਿਹੰਗ,
ਬੁਹੇ ਖੋਲ ਦਿਓ ਨਿਸੰਗ”। ਇਸ ਦਾ ਮਤਲਬ
ਹੁੰਦਾ ਸੀ, ਕਿ ਹੁਣ ਇਲਾਕੇ `ਚ ਸਿੰਘ ਆ ਗਏ ਹਨ ਤੇ ਹੁਣ ਸਾਡੀ ਭਾਵ ਇਲਾਕੇ ਦੀਆਂ ਬੀਬੀਆਂ ਦੀ
ਇਜ਼ਤ-ਅਬਰੂ ਤੇ ਪਤਿ ਨੂੰ ਕੋਈ ਖ਼ਤਰਾ ਨਹੀਂ। ਇਸ ਲਈ ਹੁਣ ਸਾਨੂੰ ਘਰਾਂ ਅੰਦਰ ਦੱਬ ਕੇ ਬੈਠਣ ਦੀ ਲੋੜ
ਨਹੀਂ ਰਹੀ।
(ਸ) ਅਬਦਾਲੀ, ਭਾਰਤ `ਚ
ਆਪਣੇ ਹਮਲੇ ਸਮੇਂ ਬੇਅੰਤ ਖ਼ੂਨ-ਖ਼ਰਾਬਾ ਤੇ ਕਤਲੋ-ਗ਼ਾਰਤ ਤੋਂ ਬਾਅਦ ਬੇਫ਼ਿਕਰ ਲੁੱਟ ਦੇ ਮਾਲ ਤੇ ਭਾਰਤ
ਦੀ ਜੁਆਨੀ ਨਾਲ ਗੱਡੇ ਭਰ ਕੇ ਆਪਣੇ ਦੇਸ਼ ਨੂੰ ਵਾਪਿਸ ਪਰਤ ਰਿਹਾ ਸੀ। ਜਦਕਿ ਸਿੱਖਾਂ ਨੇ ਜੁਆਬੀ
ਹਮਲਾ ਕਰਕੇ ਉਸ ਕੋਲੋਂ ਸਾਰਾ ਲੁੱਟ ਦਾ ਮਾਲ ਤੇ ਉਸ ਨਾਲ ਗਡਿਆਂ `ਚ ਲਿਜਾਏ ਜਾ ਰਹੇ ਭਾਰਤ ਦੇ ੨੦.
੦੦੦ ਬੱਚੇ-ਬੱਚੀਆਂ ਨੂੰ ਵੀ ਆਜ਼ਾਦ ਕਰਵਾ ਲਿਆ।
(ਹ) ਇਹ ਵੀ ਗੁਰਬਾਣੀ
ਜੀਵਨ ਦਾ ਹੀ ਕ੍ਰਿਸ਼ਮਾ ਸੀ ਜੋ ਕਿ ਉਨ੍ਹਾਂ ੨੦. ੦੦੦ ਬੱਚੀਆਂ ਸਮੇਤ ਸਭਕੁਝ ਵਾਪਿਸ ਖੋਹ ਲਿਆ; ਪਰ
ਕਿਸੇ ਇੱਕ ਵੀ ਬੱਚੀ ਵੱਲ ਉਂਗਲ ਤੇ ਮਾੜੀ ਨਜ਼ਰ ਨਹੀਂ ਕੀਤੀ। ਬਲਕਿ ਇਨ੍ਹਾਂ ਬੱਚੀਆਂ ਨੂੰ ਸਤਿਕਾਰ
ਸਹਿਤ ਉਨ੍ਹਾਂ ਦੇ ਘਰੋਂ ਘਰੀਂ ਵੀ ਪਹੁਚਾਇਆ ਗਿਆ।
(ਕ) ਇਹ ਵੀ ਵੱਖਰੀ ਗੱਲ
ਕਿ ਜਦੋਂ ਉਨ੍ਹਾਂ ਬੱਚੇ-ਬੱਚੀਆਂ `ਚੋਂ ਹੀ ਕਈ ਬੱਚਿਆਂ ਤੇ ਬੱਚੀਆਂ ਨੇ ਵਾਪਿਸ ਆਪਣੇ ਘਰੀਂ ਜਾਣ
ਤੋਂ ਹੀ ਇਨਕਾਰ ਕਰ ਦਿੱਤਾ ਅਤੇ ‘ਖੰਡੇ ਪਾਹੁਲ ਲੈ ਕੇ ਸਿੰਘਾਂ ਦੇ ਜਥਿਆਂ `ਚ ਸ਼ਾਮਿਲ ਹੋ ਗਏ। ਇਸ
ਵਾਸਤੇ ਕਿ ਉਨ੍ਹਾਂ ਅਨੁਸਾਰ ਵੀ ਗੁਰਬਾਣੀ ਵਿਚਾਰਧਾਰਾ ਤੋਂ ਪੈਦਾ ਹੋਣ ਵਾਲਾ ਅਣਖ ਤੇ ਗ਼ੈਰਤ ਵਾਲਾ
ਜੀਵਨ ਹੀ ਅਸਲ ਮਨੁੱਖਾ ਜੀਵਨ ਸੀ।
(ਖ) ਮਹਾਰਾਜਾ ਰਣਜੀਤ
ਸਿੰਘ ਦੇ ਰਾਜ ਸਮੇਂ, ਜਮਰੌਦ ਦੀ ਲੜਾਈ ਦੌਰਾਨ ਇੱਕ ਅਜਿਹੀ ਘਟਨਾ ਦਾ ਜ਼ਿਕਰ ਆਉਂਦਾ ਹੈ ਜਿਹੜੀ ਖਾਸ
ਧਿਆਨ ਮੰਗਦੀ ਹੈ। ਉਹ ਇਸ ਤਰ੍ਹਾਂ ਕਿ ਇੱਕ ਹਿੰਦੂ ਬੱਚੀ ਦਾ ਡੋਲਾ ਜਾ ਰਿਹਾ ਸੀ। ਡੋਲੇ ਨਾਲ ਲਾੜੇ
ਤੋਂ ਇਲਾਵਾ ੧੫੦ ਦੇ ਆਸ-ਪਾਸ ਬਰਾਤੀ ਵੀ ਸਨ। ਕੇਵਲ ਦੋ ਪਠਾਨਾਂ ਨੇ ਹਮਲਾ ਕਰ ਦਿੱਤਾ। ਲਾੜੇ ਸਮੇਤ
ਸਾਰੇ ਬਰਾਤੀ, ਡੋਲਾ ਉਥੇ ਹੀ ਛੱਡ ਕੇ ਦੌੜ ਗਏ। ਉਨ੍ਹਾਂ ਦਿਨਾਂ `ਚ ਜਮਰੌਦ ਦੇ ਕਿਲੇ `ਤੇ ਸਿੱਖ
ਫ਼ੌਜਾਂ ਦਾ ਕਬਜ਼ਾ ਸੀ। ਇਸ ਤਰ੍ਹਾਂ ਇਨ੍ਹਾਂ ਬਰਾਤੀਆਂ ਨੇ ਨੇੜੇ ਜਮਰੌਦ ਦੇ ਕਿਲੇ `ਚ ਸਿੰਘਾਂ ਕੋਲ
ਪੁੱਜ ਕੇ, ਜਰਨੈਲ ਹਰੀ ਸਿੰਘ ਨਲੁਏ ਅੱਗੇ ਆਪਣਾ ਦੁਖੜਾ ਰੋਇਆ ਤੇ ਸੁਨਾਇਆਂ ਅਤੇ ਡੋਲਾ ਛੁਡਵਾਉਣ ਲਈ
ਫ਼ਰਿਆਦ ਕੀਤੀ।
ਜਰਨੈਲ ਹਰੀ ਸਿੰਘ ਨਲੁਏ ਵੱਲੋਂ ਭੇਜੇ ਸਿੰਘਾਂ ਨੇ ਜੁਆਬੀ ਹਮਲਾ ਕਰਕੇ,
ਬੱਚੀ ਨੂੰ ਜਰਵਾਣਿਆਂ ਤੋਂ ਛੁਡਵਾ ਲਿਆਂਦਾ ਤੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਇਹ ਵੱਖਰੀ ਗੱਲ ਹੈ
ਕਿ ਇਥੇ ਵੀ ਬੱਚੀ ਨੇ ਉਨ੍ਹਾਂ ਬਰਾਤੀਆਂ ਨਾਲ ਵਾਪਿਸ ਜਾਣ ਤੋਂ ਇਨਕਾਰ ਕਰ ਦਿੱਤਾ। ਕਾਰਨ, ਉਥੇ ਵੀ
ਇਹੀ ਸੀ, ਉਹ ਇਹ ਕਿ ਇੱਕ ਪਾਸੇ ਤਾਂ ਡਰ ਸਹਿਮ `ਚ ਬੀਤ ਰਹੀ ਆਤਮ ਗਿਲਾਨੀ ਭਰੀ ਜ਼ਿੰਦਗੀ ਸੀ। ਜਦਕਿ
ਦੂਜੇ ਪਾਸੇ ਕੇਵਲ ਇੱਕ ਅਕਾਲ ਪੁਰਖ ਦੇ ਨਿਰਮਲ ਭਉ ਤੇ ਵਿਸ਼ਵਾਸ `ਚ ਬਿਤਾਈ ਜਾ ਰਹੀ ਅਣਖ ਤੇ ਗ਼ੈਰਤ
ਵਾਲੀ ਜ਼ਿੰਦਗੀ ਸੀ।
ਬੱਚੀ ਤੇ ਬੱਚਾ ਦੋਨਾਂ ਨੇ ਪਾਹੁਲ ਲੈ ਲਈ ਤੇ ਖਾਲਸਾ ਫ਼ੌਜਾਂ `ਚ ਸ਼ਾਮਿਲ ਹੋ
ਗਏ। ਇਹੀ ਬੱਚੀ ਬਾਅਦ `ਚ ਇਤਿਹਾਸ `ਚ ‘ਸ਼ਰਨੀ’ ਤੋਂ ‘ਬਹਾਦੁਰ ਸ਼ਰਨ ਕੌਰ’ ਹੋ ਕੇ ਉਭਰੀ ਤੇ ਖੂੰਖਾਰ
ਵੈਰੀਆਂ ਵਿਰੁਧ ਸਿੱਖਾਂ ਵੱਲੋਂ ਬਹਾਦੁਰ ਸੂਹੀਏ ਦੀ ਜ਼ਿੰਮੇਵਾਰੀ ਨਿਭਾਈ। ਉਪ੍ਰੰਤ ਜਦੋਂ ਜਮਰੌਦ ਦੇ
ਕਿਲੇ ਦੁਆਲੇ ਵੈਰੀਆਂ ਨੇ ਤੋਪਾਂ ਬੀੜ ਦਿੱਤੀਆਂ ਤਾਂ ਵੈਰੀਆਂ ਦੀਆ ਫ਼ੌਜਾਂ ਨੂੰ ਚੀਰਦੇ ਹੋਏ ਸੂਹੀਏ
ਦੇ ਰੂਪ `ਚ ਜਰਨੈਲ ਹਰੀ ਸਿੰਘ ਨਲੁਏ ਨੂੰ ਇਸ ਦੀ ਸੂਚਨਾ ਪਹੁੰਚਾਉਣ ਵਾਲੀ, ਇਹ ਬਹਾਦੁਰ ਬੱਚੀ,
ਬੀਬੀ ਸ਼ਰਨ ਕੌਰ ਹੀ ਸੀ।
(ਗ) ਦਰਅਸਲ ਅਜਿਹਾ ਹੀ
ਬਹਦੁਰੀ ਤੇ ਸੂਰਮਤਾਈ ਵਾਲਾ ਕਾਰਨਾਮਾ ਜਰਵਾਣਿਆਂ ਹੱਥੋਂ ਇੱਕ ਮੁਸਲਮਾਨ ਬੱਚੀ ਨੂੰ ਛੁਡਵਾਉਣ ਦਾ
ਸੀ, ਜਿਹੜਾ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦਾ ਕਾਰਨ ਬਣਿਆ। ਬੇਸ਼ੱਕ ਇਸ ਦੇ ਲਈ ਬਹਾਨਾ, ਜ਼ਿਕਰੀਆਂ
ਖਾਂ ਰਾਹੀਂ ਉਸ ਵਿਰੁਧ ਬਦੋਬਦੀ ਦੇ ਘੜੇ ਗਏ ਕਾਰਨ ਹੀ ਸਨ।
(ਘ) ਇਹ ਤਾਂ ਫ਼ਿਰ ਵੀ
ਕੁੱਝ ਸਮਾਂ ਪਹਿਲਾਂ ਦੀਆਂ ਇਤਿਹਾਸਕ ਘਟਨਾਂਵਾਂ ਕਹੀਆਂ ਜਾ ਸਕਦੀਆਂ ਹਨ। ਅੱਜ ਦੀ ਗੱਲ ਕਰੀਏ ਤਾਂ
ਭਾਰਤ ਪਾਕ ਜੰਗ ਜਿਹੜੀ ਕਿ ਸੰਨ ੧੯੭੨ `ਚ ਹੋਈ। ਇਸੇ ਜੰਗ ਦਾ ਨਤੀਜਾ ਸੀ ਪਾਕ ਤੋਂ ਕੱਟ ਕੇ ਨਵੇਂ
ਬੰਗਲਾ ਦੇਸ਼ ਦੀ ਸਿਰਜਣਾ। ਉਸ ਸਮੇਂ, ਹਾਰੇ ਹੋਏ ਬੰਗਲਾ ਦੇਸ਼ ਦੀ ਧਰਤੀ `ਤੇ ਵੀ ਇਸੇ ਤਰ੍ਹਾਂ ਹੀ
ਹੋਇਆ। ਜੰਗ ਦੇ ਦੌਰਾਨ ਬੰਗਲਾ ਦੇਸ਼ ਦੀਆਂ ਬੇਬਸ ਬੱਚੀਆਂ ਦੀ ਆਬਰੂ ਤੇ ਪਤ ਦੀ ਵੀ ਪੂਰੀ ਰਾਖੀ ਕੀਤੀ
ਗਈ। ਕਿਸੇ ਬੱਚੀ ਵੱਲ ਕਿਸੇ ਭਾਰਤੀ ਫ਼ੌਜੀ ਨੇ ਮਾੜੀ ਨਜ਼ਰ ਵੀ ਨਹੀਂ ਕੀਤੀ। ਬਲਕਿ, ਇੱਕ ਸੂਚਨਾ
ਅਨੁਸਾਰ, ਉਨ੍ਹਾਂ ਦਾ ਨੰਗੇਜ ਨੂੰ ਢਕਣ ਲਈ, ਕਈ ਬਹਾਦੁਰ ਸਿੱਖ ਫ਼ੋਜੀਆਂ ਨੇ ਆਪਣੀਆਂ ਦਸਤਾਰਾਂ ਤੱਕ
ਨੂੰ ਵਰਤੋਂ `ਚ ਲਿਆਂਦਾ। ਇਹ ਸਭ ਵੀ ਗੁਰੂ ਕੇ ਸਿੱਖ, ਜਨਰਲ ਜਗਜੀਤ ਸਿੰਘ ਅਰੋਰਾ ਦੀ ਕਮਾਨ ਦਾ ਹੀ
ਨਤੀਜਾ ਸੀ। ਨਹੀਂ ਤਾਂ ਜੰਗ ਦੇ ਮੈਦਾਨ ਅੰਦਰ ਅਤੇ ਹਾਰੇ ਲੋਕਾਂ ਨਾਲ ਇਤਨਾ ਸਦਾਚਾਰਕ ਵਤੀਰਾ, ਜਦਕਿ
ਅਜਿਹੇ ਸਦਾਚਾਰਕ ਵਤੀਰੇ ਦੇ ਉਲਟ ਵੀ ਤਾਂ ਸਭ ਕੁੱਝ ਸੰਭਵ ਸੀ।
(ਙ) ਇਹ ਵੀ ਗੁਰਬਾਣੀ
ਵਿਚਾਰਧਾਰਾ `ਤੇ ਅਮਲ ਤੇ ਉਸਦੇ ਪ੍ਰਭਾਵ ਕਾਰਨ ਹੀ ਹੋਇਆ, ਜਦੋਂ ਮਹਾਰਾਜਾ ਰਣਜੀਤ ਸਿੰਘ ਰਾਹੀਂ
ਸਥਾਪਤ ਚਾਲੀ ਸਾਲਾਂ ਦੇ ਲੰਮੇਂ ਖਾਲਸਾ ਰਾਜ ਦੌਰਾਨ, ਨਾ ਤਾਂ ਕਿਸੇ ਨੂੰ ਫਾਂਸੀ ਚੜਾਉਣ ਦੀ ਨੋਬਤ
ਆਈ, ਤੇ ਨਾ ਹੀ ਕਿਸੇ ਦੇ ਹੱਥ ਕਟਣ ਦੀ। ਜਦਕਿ ਮਹਾਰਾਜਾ ਦੇ ਰਾਜਕਾਲ `ਚ ਮੁਲਜ਼ਮ ਨੂੰ ਫਾਂਸੀ ਦੀ
ਸਜ਼ਾ ਦਾ ਕਾਨੂੰਨ ਵੀ ਹੈ ਸੀ। ਇਸੇ ਤਰ੍ਹਾਂ ਪਹਿਲਾਂ ਤੋਂ ਚਲਦੇ ਆ ਰਹੇ ਇਸਲਾਮੀ ਸ਼ਰ੍ਹਾ ਦੇ ਕਾਨੂਨਾਂ
ਅਨੁਸਾਰ ਚੋਰ ਦੇ ਹੱਥ ਕੱਟਣ ਦਾ ਕਾਨੂਨ ਵੀ ਚੱਲ ਰਿਹਾ ਸੀ।
(ਚ) ਮਹਾਰਾਜਾ ਰਣਜੀਤ
ਸਿੰਘ ਦੇ ਹੀ ਰਾਜ ਸਮੇਂ ਕੇਵਲ ਸਿੱਖ ਹੀਂ ਨਹੀਂ, ਬਿਨਾ ਵਿਤਕਰਾ ਹਿੰਦੂ, ਮੁਸਲਮਾਨ ਆਦਿ ਅਣ-ਧਰਮੀ
ਹਰੇਕ ਮਨੁੱਖ ਨੇ ਵੀ ਸਹੀ ਅਰਥਾਂ `ਚ, ਆਜ਼ਾਦੀ ਦਾ ਆਨੰਦ ਮਾਣਿਆ ਤੇ ਸੁਖ ਦਾ ਸਾਹ ਲਿਆ। ਉਸ ਦੇ ਰਾਜ
`ਚ ਨਾ ਕੋਈ ਪਛੜੀਆਂ ਸ਼੍ਰੇਣੀਆਂ ਸਨ ਤੇ ਨਾ ਦਲਿਤਾਂ-ਮਜ਼ਲੂਮਾਂ ਵਾਲਾ ਵਿਸ਼ਾ। ਮਹਾਰਾਜਾ ਰਣਜੀਤ ਸਿੰਘ
ਦਾ ਰਾਜ, ਉਸ ਦੀ ਪ੍ਰਜਾ ਲਈ ਸਹੀ ਅਰਥਾਂ `ਚ ਭਾਰਤ ਦਾ ਸੁਅਰਣ ਯੁਗ ਸੀ। ਇਸ ਦਾ ਮੁੱਖ ਕਾਰਨ ਵੀ
ਮਹਾਰਾਜੇ ਦੇ ਮਨ `ਚ ਗੁਰਬਾਣੀ ਰਾਹੀਂ ਪ੍ਰਗਟ ਇਲਾਹੀ ਗੁਣ ਤੇ ਉਨ੍ਹਾਂ ਦੀ ਵਰਤੋਂ ਹੀ ਸੀ। {ਇਹ
ਵੱਖਰੀ ਗੱਲ ਹੈ ਕਿ ਸਿੱਖੀ ਅਥਵਾ ਗੁਰਬਾਣੀ ਤੋਂ ਪ੍ਰਗਟ ਜੀਵਨ-ਰਹਿਣੀ ਤੇ ਸੋਝੀ ਪੱਖੋਂ ਮਹਾਰਾਜੇ ਦੇ
ਜੀਵਨ ਅੰਦਰ ਘਾਟਾਂ ਵੀ ਬਹੁਤ ਸਨ, ਪਰ ਉਹ ਵਿਸ਼ਾ ਫ਼ਿਰ ਵੀ ਬਿਲਕੁਲ ਵੱਖਰਾ ਤੇ ਭਿੰਨ ਹੈ}
ਜਦਕਿ, ਚਲਦੇ ਵਿਸ਼ੇ `ਤੇ ਇਹ ਸਭ ਫ਼ਿਰ ਵੀ ਕੇਵਲ ਕੁੱਝ ਮਿਸਾਲਾਂ ਤੇ ਇਸ਼ਾਰਾ
ਮਾਤ੍ਰ ਹੀ ਹੈ ਜੋ ਸਾਬਤ ਕਰਦਾ ਹੈ, ਜੇਕਰ ਸਹੀ ਅਰਥਾਂ `ਚ ਮਨੁੱਖ ਦੇ ਜੀਵਨ ਅੰਦਰੋਂ ਗੁਰਬਾਣੀ
ਵਿਚਾਰਧਾਰਾ ਦਾ ਪ੍ਰਗਟਾਵਾ ਹੋਵੇ ਤਾਂ ਜ਼ਿੰਦਗੀ ਦੇ ਹਰੇਕ ਖੇਤ੍ਰ `ਚ ਮਨੁੱਖ ਦਾ ਨਿਜੀ, ਧਾਰਮਿਕ,
ਸਾਮਾਜਿਕ, ਰਾਜਸੀ ਜੀਵਨ ਕਿਸ ਤਰ੍ਹਾਂ ਸੰਵਰ ਸਕਦਾ ਹੈ? ਇਤਨਾ ਹੀ ਨਹੀਂ ਉਸ ‘ਤੋਂ ਕੁਦਰਤੀ ਤੌਰ
`ਤੇ, ਪੂਰੇ ਸੰਸਾਰ ਨੂੰ ਕਿਸ ਤਰ੍ਹਾਂ ਦੇ ਵੱਡੇ ਵੱਡੇ ਲਾਭ ਹੋ ਸਕਦੇ ਹਨ? ਇਸ ਤਰ੍ਹਾਂ ਸਮਾਜ `ਚੋਂ
ਬੁਰਾਈਆਂ, ਜਹਾਲਤਾਂ, ਜੁਰਮਾਂ, ਨਸ਼ਿਆਂ, ਵਿਤਕਰਿਆਂ ਆਦਿ ਦਾ ਵੀ ਸਹਿਜੇ ਹੀ ਸਫ਼ਾਇਆਂ ਹੋ ਸਕਦਾ ਹੈ।
ਤਾਂ ਵੀ ਇਹ ਸਭ ਤਾਂ ਇਸ ਸਬੰਧ `ਚ ਕੇਵਲ ਕੁੱਝ ਸਦੀਆਂ ਦੇ ਸਿੱਖ ਇਤਿਹਾਸ `ਚੋਂ ਕੁੱਝ ਟੂਕਾਂ ਤੇ
ਝਲਕ ਮਾਤ੍ਰ ਹੀ ਹੈ। ਉਪ੍ਰੰਤ ਦੂਜੇ ਪਾਸੇ ਹੈ ਸੰਸਾਰ ਭਰ ਦਾ ਹਜ਼ਾਰਾਂ ਸਾਲਾਂ ਤੋਂ ਚਲਦਾ ਆ ਰਿਹਾ
ਇਤਿਹਾਸ। ਉਸ `ਚ ਅਰਬਾਂ ਖਰਬਾਂ ਦੀ ਗਿਣਤੀ `ਚ ਵਸਦੀ ਲੋਕਾਈ ਤੇ ਉਸ ਲੋਕਾਈ ਵਿਚਕਾਰ ਫੈਲੀਆਂ
ਅਣਗਿਣਤ ਵਿਚਾਰਧਾਰਾਵਾਂ, ਵਿਸ਼ਵਾਸ ਤੇ ਧਰਮ। ਜੋ ਮਾਨਵ ਸਮਾਜ ਦੀਆਂ ਕਦਰਾਂ-ਕੀਮਤਾਂ ਤੇ ਚਾਲ-ਚਲਣ
ਨੂੰ ਕੁੱਝ ਵੀ ਨਾ ਦੇ ਸਕੀਆਂ। ਦਰਅਸਲ ਸਿੱਖ ਦੇ ਗੁਰਬਾਣੀ ਆਧਾਰਤ ਜੀਵਨ ਦਾ ਹੀ ਨਤੀਜਾ ਸੀ ਤੇ
ਹੋਵੇਗੀ, ਸਦਾ ਤੋਂ ਨਵੀਂ ਨਰੋਈ ਤੇ ਤਾਜ਼ੀ ਸਿੱਖ ਲਹਿਰ ਤੇ ਉਸ `ਚ ਪ੍ਰਗਟ ਹੋਣ ਵਾਲਾ ਨਿਰੋਲ
ਗੁਰਬਾਣੀ ਆਧਾਰਤ ਸਿੱਖ ਧਰਮ।
ਦਰਅਸਲ ਇਹੀ ਹੈ ਸਿੱਖ ਧਰਮ ਦਾ ਦੂਜਾ ਖੰਡ, ਜਿਸ ਬਾਰੇ ਅਰੰਭ `ਚ ਸ਼ਬਦਾਵਲੀ
ਵਰਤੀ ਗਈ ਹੈ “ਗੁਰਬਾਣੀ
ਵਿਚਾਰਧਾਰਾ ਤੋਂ ਤਿਆਰ ਹੋਇਆ ਇਲਾਹੀ ਗੁਣਾਂ ਨਾਲ ਉਤ-ਪ੍ਰੋਤ ਸਿੱਖ ਜੀਵਨ”।
ਉਪ੍ਰੰਤ ਇਹੀ ਤੇ ਅਜਿਹੇ ਹੀ ਹਨ ਗੁਰਬਾਣੀ ਵਿਚਾਰਧਾਰਾ ਤੋਂ
ਤਿਆਰ ਹੋਏ ਇਲਾਹੀ ਗੁਣਾਂ ਨਾਲ ਉਤ-ਪ੍ਰੋਤ ਜੀਵਨ ਤੋਂ ਨਿਜੀ, ਪ੍ਰਵਾਰਕ, ਵਿਉਪਾਰਕ, ਸਮਾਜਿਕ,
ਧਾਰਮਿਕ, ਆਰਥਿਕ, ਰਾਜਸੀ ਤੇ ਸੰਸਾਰ ਤਲ ਦੇ ਹਰੇਕ ਖੇਤ੍ਰ `ਚ ਪ੍ਰਗਟਾਵੇ।
ਫ਼ਿਰ ਵੀ ਸੰਖੇਪ `ਚ ਸਿੱਖ ਧਰਮ ਬਾਰੇ ਹੁਣ ਤੱਕ ਦੀ ਵਿਚਾਰ ਦਾ ਸਿੱਟਾ ਹੈ ਕਿ ਗੁਰਬਾਣੀ ਦਾ ਮੂਲ
ਗਿਆਨ (ਜੋਤ)
ਅਤੇ ਉਸ ਗਿਆਨ ਤੋਂ ਪ੍ਰਾਪਤ ਹੋਣ ਵਾਲੀ ਜੀਵਨ ਸੇਧ
(ਜੁਗਤ)।
ਇਸੇ ਤਰ੍ਹਾਂ ਸਿੱਖ ਧਰਮ ਦਾ
ਦੂਜਾ ਖੰਡ
ਹੈ ਗੁਰਬਾਣੀ ਤੋਂ ਪ੍ਰਾਪਤ ਹੋਣ ਵਾਲੀ ਜੀਵਨ ਸੇਧ
(ਜੋਤ)
ਨੂੰ ਜੀਵਨ ਅੰਦਰ ਢਾਲਣਾ
(ਜੁਗਤ)।
ਦੂਜੇ ਲਫ਼ਜ਼ਾਂ `ਚ ਗੁਰਬਾਣੀ
ਜੋਤ
ਤੋਂ ਪ੍ਰਗਟ ਹੋਣ ਵਾਲੀ
‘ਜੀਵਨ ਜੁਗਤ’
ਅਨੁਸਾਰ ਸਿੱਖ ਦੇ ਜੀਵਨ ਦਾ ਨਿਜੀ, ਪ੍ਰਵਾਰਕ, ਰਾਜਸੀ,
ਸੰਸਾਰਕ ਭਾਵ ਸਮਾਜ ਦੇ ਹਰੇਕ ਤਲ ਤੇ ਆਪਣੇ ਸ਼ੁਧ ਸਰੂਪ `ਚ ਉਸਦਾ ਪ੍ਰਗਟਾਵਾ।
ਇਤਨਾ ਹੀ ਨਹੀਂ ਬਲਕਿ ਇਹ ਵੀ ਅੰਦਾਜ਼ਾ ਲਗਾ ਚੁੱਕੇ ਹਾਂ ਕਿ ਗੁਰਬਾਣੀ ਤੋਂ
ਜੋ ‘ਜੋਤ’
ਭਾਵ ਗੁਰਬਾਣੀ ਗਿਆਨ ਪ੍ਰਗਟ ਹੁੰਦਾ ਹੈ ਉਹ ਆਪਣੇ ਆਪ `ਚ
ਇਕੋ ਇੱਕ ਤੇ ਸਰਬਉੱਚ ਗਿਆਨ ਹੈ। ਉਪ੍ਰੰਤ ਉਸੇ ਗੁਰਬਾਣੀ ਗਿਆਨ ਤੋਂ ਤਿਆਰ ਹੋਈ ਜੀਵਨ ਜਾਚ ਤੇ ਜੁਗਤ
ਦੇ ਪ੍ਰਗਟਾਵੇ ਦਾ ਹੀ ਨਤੀਜਾ ਹੈ ਸਿੱਖ ਇਤਿਹਾਸ ਦੀ ਚਮਕ। ਇਸੇ ਤੋਂ ਗੁਰਬਾਣੀ ਅਤੇ ਗੁਰਮੱਤ ਆਧਾਰਤ
ਸਿੱਖ ਇਤਿਹਾਸ ਨੇ ਕੇਵਲ ਕੁੱਝ ਸਦੀਆਂ `ਚ ਹੀ ਹਜ਼ਾਰਾਂ ਤੇ ਲਖਾਂ ਸਾਲ ਪੁਰਾਨੇ ਇਤਿਹਾਸ ਦਾ ਵੀ ਰੁਖ
ਹੀ ਬਦਲ ਦਿੱਤਾ।
ਕੋਈ ਮਨੁੱਖ ਪਹਿਲਾਂ ਤੋਂ ਭਾਵੇਂ ਕਿਸੇ ਵੀ ਦੇਸ਼ ਜਾਂ ਧਰਮ ਨਾਲ ਸਬੰਧਤ ਸੀ
ਪਰ ਜਿਉਂ ਜਿਉਂ ਗੁਰਬਾਣੀ ਵਿਚਾਰਧਾਰਾ ਦੇ ਨੇੜੇ ਆਉਂਦਾ ਗਿਆ ਜਾਂ ਜਿਨ੍ਹਾਂ ਲੋਕਾਂ ਤੱਕ ਗੁਰਬਾਣੀ
ਦੀ ਖੁਸ਼ਬੂ ਪਹੁੰਚਦੀ ਗਈ, ਬਿਨਾ ਵਿਤਕਰਾ ਰੰਗ, ਨਸਲ, ਲਿੰਗ, ਭਾਸ਼ਾ ਸਭ ਦੇ ਜੀਵਨ ਅੰਦਰ ਰੱਬੀ ਗੁਣਾਂ
ਦਾ ਇਕੋ ਜਿਹਾ ਉਜਾਲਾ ਹੁੰਦਾ ਗਿਆ। ਸਾਰਿਆਂ ਦੇ ਜੀਵਨ ਅੰਦਰ ਉੱਚਾ-ਸੁੱਚਾ ਆਦਰਸ਼ਕ ਜੀਵਨ, ਸੁੱਅਛ
ਆਚਰਣ, ਅਣਖ ਤੇ ਗ਼ੈਰਤ ਵਾਲੀ ਜ਼ਿੰਦਗੀ ਅਤੇ ਮਨੁੱਖੀ ਏਕਤਾ ਤੇ ਪਿਆਰ ਵਾਲੀ ਜ਼ਿੰਦਗੀ ਉਜਾਗਰ ਹੁੰਦੀ
ਗਈ। ਸੰਸਾਰ ਭਰ ਨੂੰ ਮਨੁੱਖ ਮਾਤ੍ਰ ਦੇ ਇੱਕ ਅਕਾਲਪੁਖ, ਇੱਕ ਗੁਰੂ, ਇੱਕ ਧਰਮ ਤੇ ਇੱਕ ਮਨੁੱਖੀ
ਭਾਈਚਾਰੇ ਦੀ ਸਮਝ ਵੀ ਆਉਣ ਲੱਗ ਪਈ। ਇਹ ਜਾਦੂ ਤੇ ਕ੍ਰਿਸ਼ਮਾ ਸੀ ਗੁਰਬਾਣੀ ਰਾਹੀਂ ਪ੍ਰਗਟ
ਜੋਤ
ਤੇ
ਜੁਗਤ
ਦੇ ਆਪਸੀ ਮਿਲਾਪ ਤੋਂ ਪਣਪਣ ਵਾਲੇ ਇਕੋ ਇੱਕ ਇਲਾਹੀ ਤੇ ਰੱਬੀ
ਸੱਚ ਧਰਮ
ਭਾਵ ਸਿੱਖ ਧਰਮ ਤੇ ਉਸਦਾ ਮੂਲ ਸਿੱਖ ਲਹਿਰ ਦਾ।
|
. |