.

ਕੀ ਦਸਤਾਰ ਦੇ ਵਿਰੋਧੀ ਬਾਬਾ ਰਵਿਦਾਸ ਜੀ ਦੇ ਭਗਤ ਹੋ ਸਕਦੇ ਹਨ?

ਅਵਤਾਰ ਸਿੰਘ ਮਿਸ਼ਨਰੀ (5104325827)

ਬਾਬਾ ਰਵਿਦਾਸ ਜੀ ਕੁਦਰਤ ਨੂੰ ਪਿਆਰ ਕਰਨ ਵਾਲੇ ਭਗਤ ਸਨ। ਕੇਸ ਕੁਦਰਤਿ ਦੀ ਦੇਣ ਹਨ। ਉਨ੍ਹਾਂ ਨੇ ਆਪਣੀ ਬਾਣੀ ਵਿੱਚ ਵੀ ਪੱਗ ਦਾ ਜਿਕਰ ਕੀਤਾ ਹੈ-ਬੰਕੇ ਬਾਲ ਪਾਗ ਸਿਰਿ ਡੇਰੀ...(659) ਬਾਬਾ ਫਰੀਦ ਜੀ ਵੀ ਪੱਗ ਦਾ ਜਿਕਰ ਕਰਦੇ ਹਨ-ਫਰੀਦਾ ਮੈ ਭੁਲਾਵਾ ਪੱਗ ਦਾ ਮਤੁ ਮੈਲੀ ਹੋਇ ਜਾਇ॥ (1379) ਗੁਰੂ ਅਰਜਨ ਸਾਹਿਬ ਜੀ ਵੀ ਪਾਰੂ ਰਾਗ ਵਿੱਚ ਫੁਰਮਾਂਦੇ ਹਨ-ਸਾਬਤ ਸੂਰਤਿ ਦਸਤਾਰ ਸਿਰਾ (1084) ਪੁਰਾਤਨ ਭਗਤ ਅਤੇ ਰਾਜੇ ਮਹਾਂਰਾਜੇ ਸਭ ਲੰਬੇ ਕੇਸ ਰੱਖਦੇ ਅਤੇ ਦਸਤਾਰ ਬੰਨ੍ਹਦੇ ਸਨ। ਆਪਾਂ ਘੱਟ ਤੋਂ ਘੱਟ ਜਿਹੜੇ ਭਗਤਾਂ ਜਾਂ ਗੁਰੂਆਂ ਗੁਰਸਿੱਖਾਂ ਅਤੇ ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਤ ਹੈ ਉਨ੍ਹਾ ਵਿੱਚੋਂ ਅਜ ਬਾਬਾ ਰਵਿਦਾਸ ਜਿ ਬਾਰੇ ਵਿਚਾਰ ਕਰਦੇ ਹਾਂ। ਬਾਬਾ ਜੀ ਦੀ ਬਾਣੀ ਵਿੱਚ ਸੱਚ, ਭਾਣਾਂ ਕੁਦਰਤਿ, ਕਰਮਕਾਂਡ, ਵਹਿਮ ਭਰਮ ਅਤੇ ਬ੍ਰਾਹਮਣਵਾਦ ਦਾ ਖੂਬ ਜਿਕਰ ਆਉਂਦਾ ਹੈ। ਬਲਿਕ ਸਾਰੀ ਬਾਣੀ ਦਰਸਾਉਂਦੀ ਹੈ ਕਿ ਪ੍ਰਮਾਤਮਾਂ ਕੁਦਰਤਿ ਰੂਪ ਹੋ ਸੰਸਾਰ ਵਿੱਚ ਵਸਿਆ ਹੋਇਆ ਹੈ-ਬਲਿਹਾਰੀ ਕੁਦਰਤਿ ਵਸਿਆ...(469) ਪਰ ਅੱਜ ਜਿਹੜੇ ਲੋਕ ਭਗਤ ਜੀ ਦੀ ਦਸਤਾਰ ਤੇ ਸ਼ੱਕ ਕਰਦੇ ਜਾਂ ਦਸਤਾਰ ਬਾਰੇ ਸੁਣ ਕੇ ਜਾਂ ਭਗਤ ਜੀ ਦੀ ਦਸਤਾਰ ਵਾਲੀ ਫੋਟੋ ਦੇਖ ਕੇ ਅੱਗ ਬਲੂਲੇ ਹੋ ਜਾਂਦੇ ਹਨ, ਉਹ ਬਾਬਾ ਰਵਿਦਾਸ ਜੀ ਮਹਾਂਰਾਜ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਹਨ ਜੇ ਭਗਤ ਜੀ ਲੰਬੇ ਵਾਲਾਂ ਨੂੰ ਤਰਜੀਹ ਦਿੰਦੇ ਹਨ ਤਾਂ ਉਹ ਪੱਗ ਵੀ ਬੰਨ੍ਹਦੇ ਹੋਣਗੇ, ਜਿਸ ਦਾ ਜਿਕਰ ਉਨ੍ਹਾਂ ਆਪਣੀ ਰਚਣਾ ਬਾਣੀ ਵਿੱਚ ਵੀ ਕੀਤਾ ਹੈ। ਨੰਗੇ ਸਿਰ ਵਾਲੀਆਂ ਫੋਟੋਆਂ ਹਿੰਦੂ ਭਗਤਾਂ ਅਤੇ ਜੋਗੀਆਂ ਆਦਿਕ ਸਾਧੂ ਸੰਤਾਂ ਦੀਆਂ ਹੁੰਦੀਆਂ ਸਨ ਤੇ ਹਨ। ਕੇਸਾਂ ਤੇ ਦਸਤਾਰ ਦੀ ਵਿਰੋਧਤਾ ਕਰਨ ਵਾਲੇ, ਬਾਬਾ ਰਵਿਦਾਸ ਜੀ ਦੇ ਅਨੁਯਾਈ ਦੱਸਣਗੇ ਕਿ ਉਹ ਆਪ ਕੇਸ ਕਿਉਂ ਕਟਦੇ ਹਨ ਅਤੇ ਆਪ ਸਿਰ ਢੱਕ ਕੇ ਗੁਰਦੁਆਰੇ ਕਿਉਂ ਜਾਂਦੇ ਹਨ? ਜੇ ਉੱਚਕੋਟੀ ਦੇ ਮਹਾਂਪੁਰਖ ਬਾਬਾ ਰਵਿਦਾਸ ਜੀ ਦੇ ਲੰਬੇ ਸੁਹਣੇ ਕੇਸਾਂ ਵਾਲੇ ਸਨ ਅਤੇ ਕੇਸਾਂ ਦੀ ਸੰਭਾਲ ਵਾਸਤੇ ਉਹ ਦਸਤਾਰ ਵੀ ਸਜਾਉਂਦੇ ਹੋਣਗੇ। ਅੱਜ ਦਸਤਾਰ ਦੀ ਵਿਰੋਧਤਾ ਕਰਨ ਵਾਲਿਆਂ ਨੂੰ ਸਵਾਲ ਹੈ ਕਿ ਕੀ ਦਸਤਾਰ ਸਜਾਉਣਾਂ ਪਾਪ ਹੈ? ਕੀ ਦਸਤਾਰ ਸਜਾਉਣ ਨਾਲ ਬਾਬਾ ਜੀ ਦੀ ਸ਼ੋਭਾ ਘਟਦੀ ਹੈ? ਕੀ ਅਸੀਂ ਉਨ੍ਹਾਂ ਜਾਂ ਹੋਰ ਭਗਤਾਂ ਅਤੇ ਗੁਰੂਆਂ ਦੀ ਬਾਣੀ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹਨ ਬਾਹਰੋਂ ਬਾਹਰੋਂ ਹੀ ਮੱਥੇ ਟੇਕਦੇ ਅਤੇ ਮੰਨਣ ਦਾ ਢੌਂਗ ਕਰਦੇ ਹਾਂ ਜੇ ਉਸ ਤੇ ਅਮਲ ਨਹੀਂ ਕਰਦੇ? ਜੇ ਬਾਬਾ ਰਵਿਦਾਸ ਜੀ ਦੀ ਨੰਗੇ ਸਿਰ ਵਾਲੀ ਫੋਟੋ ਗੁਰਦੁਆਰੇ ਵਿਖੇ ਰੱਖੀ ਜਾ ਸਕਦੀ ਹੈ ਤਾਂ ਸ਼ੀਂ ਨੰਗੇ ਸਿਰ ਗੁਰਦੁਆਰੇ ਕਿਉਂ ਨਹੀਂ ਜਾ ਸਕਦੇ? ਬਾਬੇ ਨਾਨਕ ਨੇ ਜਪੁਜੀ ਸਾਹਿਬ ਵਿਖੇ ਇੱਕ ਸਵਾਲ ਕੀਤਾ ਹੈ ਕਿ-ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲਿ॥ (ਜਪੁਜੀ) ਇਸ ਦਾ ਨਾਲ ਹੀ ਜੁਵਾਬ ਵੀ ਦਿੱਤਾ ਹੈ-ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ (ਜਪੁਜੀ) ਸੋ ਲੰਬੇ ਕੇਸ ਰੱਖਣੇ ਰੱਬ ਦਾ ਹੁਕਮ ਹੈ ਕਿਉਂਕ ਉਸ ਨੇ ਆਪਣੇ ਹੁਕਮਿ ਵਿੱਚ ਹੀ ਸਭ ਅਕਾਰ ਬਣਾਏ ਹਨ-ਹੁਕਮੀ ਹੋਵਣਿ ਅਕਾਰ॥ (ਜਪੁਜੀ) ਇਸ ਲਈ ਲੰਬੇ ਕੇਸ ਸਾਬਤ ਸੂਰਤ ਦਸਤਾਰ ਸਿਰਾ ਰੱਬ ਦਾ ਭਾਣਾਂ ਮੰਨਣ ਵਾਲਿਆਂ ਦੀ ਨਿਸ਼ਾਨੀ ਹੈ। ਸਿਰ ਤੇ ਦਸਤਾਰ ਬੰਨ੍ਹਣ ਵਾਲੀ ਫੋਟੋ ਤੇ ਇਤਰਾਜ ਕਰਨ ਵਾਲਿਆਂ ਵੀਰਾਂ ਨੂੰ ਜਾਤ ਬਰਾਦਰੀ ਧੜੇਬੰਦੀ ਤੋਂ ਉਪਰ ਉੱਠ ਕੇ ਗੁਰਬਾਣੀ ਨੂੰ ਸਹਿਜ ਅਤੇ ਡੂੰਘੀ ਵਿਚਾਰ ਨਾਲ ਸਮਝਣਾ ਚਾਹੀਦਾ ਹੈ। ਮਨੁੱਖਤਾ ਅਤੇ ਕਿਰਤੀਆਂ ਦੇ ਵਿਰੋਧੀ ਢੌਗੀ ਬ੍ਰਾਹਮਣ ਨੇ ਪਹਿਲਾਂ ਹੀ ਮੂਰਤੀ ਪੂਜਾ, ਮਾਲਾ ਪੂਜਾ, ਤਿਲਕ ਪੂਜਾ, ਭਗਵਾ ਭੇਖ, ਮੱਥੇ ਤੇ ਟਿੱਕਾ, ਜੜਾਵਾਂ, ਨੰਗੇ ਪੈਰ ਅਤੇ ਨੰਗੇ ਸਿਰ ਵਾਲਾ ਭਰਮ ਪੈਦਾ ਕਰਕੇ ਮਨੁੱਤਾ ਨੂੰ ਲੁੱਟਿਆ ਸੀ ਅਤੇ ਸਾਡੇ ਗੁਰੂਆਂ ਭਗਤਾਂ ਨਾਲ ਵੀ ਓਹੋ ਕਰਮਕਾਂਡ ਜੋੜ ਕੇ ਸਾਨੂੰ ਵੀ ਲੁੱਟਣਾਂ ਸ਼ੁਰੂ ਕਰ ਦਿੱਤਾ। ਸਾਡੇ ਭਗਤਾਂ ਅਤੇ ਸੁਰਬੀਰ ਯੋਧਿਆਂ ਦਾ ਇਤਿਹਾਸ ਹੀ ਇਨ੍ਹਾਂ ਨੇ ਰੱਦੂ-ਬੱਦੂ ਕਰ ਦਿੱਤਾ ਅਤੇ ਮਨ ਘੜਤ ਕਹਾਣੀਆਂ ਜੋੜ ਕੇ ਸਾਨੂੰ ਵੀ ਆਪਸ ਵਿੱਚ ਲੜਦੇ ਰਹਿਣਾ ਦਾ ਭਰਮ ਪਾ ਦਿੱਤਾ। ਉੱਚੀਆਂ ਨੀਵੀਆਂ ਜਾਤਾਂ ਪਾਤਾਂ ਪੈਦਾ ਕਰ ਦਿੱਤੀਆਂ। ਬ੍ਰਾਹਮਣ ਨੂੰ ਸਾਰੇ ਅਧਿਕਾਰ ਦੇ ਕੇ ਸ਼ੂਦਰਾਂ ਨੂੰ ਸਦਾ ਗੁਲਾਮ ਤੇ ਦਾਸ ਬਿਰਤੀ ਵਾਲੇ ਬਣਾ ਦਿੱਤਾ।

ਸਤਸੰਗੀਓ! ਓਦੋਂ ਤਾਂ ਅੱਜ ਵਰਗਾ ਮੀਡੀਆ ਅਤੇ ਸਾਧਨ ਨਹੀਂ ਸਨ ਅਤੇ ਨਾਂ ਹੀ ਸਾਨੂੰ ਧਰਮ ਕਰਮ ਕਰਨ ਅਤੇ ਵਿਦਿਆ ਪੜ੍ਹਨ ਦਾ ਅਧਿਕਾਰ ਸੀ ਪਰ ਅੱਜ ਅਸੀਂ ਸਭ ਕੁਝ ਪੜ੍ਹ ਲਿਖ ਸਕਦੇ ਹਾਂ। ਸਾਡੇ ਕੋਲ ਸ਼ੁੱਧ ਰੂਪ ਵਿੱਚ ਗੁਰੂਆਂ, ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੁਭਾਇਮਾਨ ਹੈ। ਆਓ ਪਹਿਲਾਂ ਇਸ ਰੱਬੀ ਗੁਰਬਾਣੀ ਦੀ ਡੂੰਘੀ ਵਿਚਾਰ ਕਰੀਏ ਅਤੇ ਫਿਰ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖੀਏ ਜੋ ਇਤਿਹਾਸ ਗੁਰਬਾਣੀ ਦੀ ਪਰਖ ਉਪਰ ਪੂਰਾ ਉਤਰੇ ਉਹ ਹੀ ਸਾਡਾ ਅਸਲੀ ਇਤਿਹਾਸ ਹੈ ਬਾਕੀ ਮਨੁੱਖਤਾ ਦੇ ਦੋਖੀਆਂ ਨੇ ਆਪਣੇ ਹਲਵੇ ਮੰਡੇ ਚਲਦੇ ਅਤੇ ਸਾਡੇ ਲੜ੍ਹਦੇ ਰਹਿਣ ਲਈ, ਬ੍ਰਾਹਮਣਵਾਦ ਦੇ ਰਲੇ ਕਰ ਦਿੱਤੇ ਹਨ। ਅਖੀਰ ਤੇ “ਬੇਗਮ ਪੁਰੇ ਦੇ ਵਾਸੀ ਕ੍ਰਾਂਤੀਕਾਰੀ ਬਾਬਾ ਰਵਿਦਾਸ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਦਿਵਸ ਤੇ ਸ਼ਰਧਾ ਨਾਲ ਯਾਦ ਕਰਦਿਆਂ ਕੋਟਿ ਕੋਟਿ ਪ੍ਰਣਾਮ” ਜਿਨ੍ਹਾਂ ਨੇ ਬੇਖੌਫ ਹੋ ਕੇ ਬ੍ਰਾਹਮਣਵਾਦ ਦੇ ਭਿਅੰਕਰ ਦੈਂਤ ਨਾਲ ਵਿਚਾਰਧਾਰਕ ਯੁੱਧ ਲੜ੍ਹਿਆ ਅਤੇ ਭਾਰਤ ਵਾਸੀਆਂ ਨੂੰ ਮਨੁੱਖਤਾ ਵਿਰੋਧੀ ਬ੍ਰਾਹਮਣਵਾਦ ਤੋਂ ਜਾਗਰਤ ਕੀਤਾ।




.