.

ਆਖ਼ਰ, ਭਾਈ ਗੁਰਦਾਸ ਜੀ ਦੀ ਕਲਮ ਚਲ ਹੀ ਪਈ

ਚੌਪਈ॥ ਮਨੀ ਸਿੰਘ ਤਬ ਕਥਾ ਉਚਾਰੀ। ਭਗਤ ਸਿੰਘ ਸੁਨੀਏ ਨਿਰਧਾਰੀ।

ਅਥਯੋ ਦਿਵਸ ਗੁੰਬਦ ਵਿਸਿ ਆਈ। ਸਭ ਸੰਗਤਿ ਨਿਜ ਘਰੇ ਸਿਧਾਈ॥ 336॥ ਪਦ ਅਰਥ:-ਨਿਰਧਾਰੀ=ਨਿਸਚੇ ਪੂਰਵਕ। ਗੁੰਬਦ=ਅਕਾਸ਼ ਤੇ ਰਾਤ ਛਾ ਗਈ।

ਰਾਤ ਦਾ ਹਨੇਰਾ ਪੱਸਰਿਆ ਦਰਸਾ ਕੇ ਲਿਖਾਰੀ ਨੇ (ਆਪਣੇ) ਭਾਈ ਮਨੀ ਸਿਘ ਦੀ ਜ਼ਬਾਨੀ, ਬਾਬਾ ਬੁਢਾ ਜੀ, ਭਾਈ ਗੁਰਦਾਸ ਜੀ ਅਤੇ ਇੱਕ ਦੋ ਸੇਵਕਾਂ ਤੋਂ ਬਿਨਾ, ਸਾਹਿਬਜ਼ਾਦਾ ਹਰਿਗੋਬਿੰਦ ਸਮੇਤ, ਬਾਕੀ ਸਾਰੀ ਸੰਗਤਿ ਘਰਾਂ ਨੂੰ ਤੋਰ ਦਿੱਤੀ। ਪ੍ਰਸ਼ਾਦ ਪਾਣੀ ਛਕਿਆ ਤੇ ਸਤਿਗੁਰੂ ਜੀ ਬਿਸਰਾਮ ਲਈ ਬਿਰਾਜ ਗਏ।

ਦੋ ਘੜੀਆਂ ਰਾਤ ਰਹਿੰਦੀ ਸੀ ਕਿ ਸਤਿਗੁਰੂ ਜੀ ਨੇ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਕੋਲ ਬੁਲਾ ਕੇ ਸਮਝਾਇਆ ਕਿ, ਇਸ ਥਾਂ ਦੀ ਇਕਾਂਤ ਭੰਗ ਨਹੀਂ ਹੋਣੀ ਚਾਹੀਦੀ। ਸੰਗਤਾਂ ਨੂੰ ਸਦਾ ਸੁਧਾ-ਸਰੋਵਰ ਹੀ ਟਿਕਾਈ ਰੱਖਣ ਲਈ ਬਾਬਾ ਬੁੱਢਾ ਜੀ ਨੂੰ ਤੋਰ ਦਿੱਤਾ। ਸੇਵਕਾਂ ਨੂੰ ਦੂਰ ਲੱਗੀ ਕਨਾਤ ਵਿੱਚ ਰਹਿਣ ਦੀ ਅਗਿਆ ਕਰਕੇ, ਆਪਣੇ ਤੰਬੂ ਵਿੱਚ ਕੇਵਲ ਭਾਈ ਗੁਰਦਾਸ ਦੀ ਹਾਜ਼ਰੀ, ਉਸ ਟਿਕਾਣੇ (Camp) ਦਾ ਪੱਕਾ ਨਿਯਮ ਮਿਥ ਦਿੱਤਾ ਗਿਆ। ਲਿਖਣ ਦੀ ਸੇਵਾ ਕਰਨ ਲਈ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਜੀ ਨੇ ਇਉਂ ਅਖਿਆ:-

ਰਚੋ ਬੀੜ ਤੁਮ ਗ੍ਰਿੰਥ ਅਪਾਰਾ। ਗੁਰਮੁਖੀ ਅੱਖਰ ਮਾਹਿ ਸੁਧਾਰਾ।

ਮੈਂ ਭਾਖੋਂ ਤੁਮ ਲਿਖੋ ਬਨਾਏ। ਚਤੁਰ ਗੁਰੂ ਬਾਣੀ ਸੁਖਦਾਇ॥ 350॥

ਪਦ ਅਰਥ:-ਅਪਾਰਾ=ਜਿਸ ਦਾ ਕੋਈ ਪਾਰਾਵਾਰ ਨਹੀ। ਗੁਰਮੁਖੀ … =ਗੁਰਮੁਖੀ ਅੱਖਰਾਂ ਵਿੱਚ ਚੰਗੀ ਤਰ੍ਹਾਂ ਸਹੀ ਕਰਕੇ। ਭਾਖੋਂ=ਮੈਂ ਉਚਾਰਨ ਕਰਾਂਗਾ। ਲਿਖੋ ਬਨਾਏ=ਉਸ ਨੂੰ ਠੀਕ ਲਿਖੋ। ਸੁਖਦਾਇ=ਸੁਖ ਦੇਣ ਵਾਲੀ, (ਸਰੀਰਕ ਸੁਖ ਕਿ ਆਤਮਕ? ਸੁਖ ਦੇਣ ਵਾਲੀ ਦੇ ਥਾਂ ਗਿਆਨ ਦੀ ਸੁਗੰਦੀ ਨਾਲ ਮੁਨੁੱਖ ਨੂੰ ‘ਅੱਕ’ ਤੋਂ `ਚੰਦਨ’ ਬਣਾਉਣ ਵਾਲੀ ਲਿਖਣਾ …. . ?),

ਪੋਥੀਆਂ ਇਹ ਗੁਰ ਬੇਦ ਸੁ ਬਾਣੀ। ਹਮ ਜੋ ਕਹੀ ਤੁਮ ਪਹਿ ਇਕਠਾਣੀ।

ਜਥਾ ਸਮਝਿ ਅਸਥਾਨ ਬਨਾਏ। ਹਮ ਭਾਖੇਂ ਤੁਮ ਲਿਖੋ ਸੁਹਾਏ॥ 351॥

ਬੇਦ … =ਚਾਰ ਗੁਰੂ ਸਾਹਿਬਾਨ ਦੀ ਬਾਣੀ। ਇਕਠਾਣੀ=ਇਕ ਥਾਂ ਇਕੱਠੀਆਂ ਕਰਕੇ। ਜਥਾ ਸਮਝ=ਜਿਤਨੀ ਕੁ ਸਮਝ ਹੈ।

ਇਸ ਤਰ੍ਹਾਂ ਲਿਖਾਈ ਦਾ ਕੰਮ ਅਰੰਭ ਹੋ ਗਿਆ। ਸਤਿਗੁਰੂ ਜੀ ਦੇ ਤੰਬੂ ਤੋਂ ਥੋਹੜੀ ਦੂਰ ਭਾਈ ਗੁਰਦਾਸ ਜੀ ਆਪਣੇ ਤੰਬੂ ਵਿੱਚ ਬਿਸਰਾਮ ਕਰਦੇ ਅਤੇ ਸਮੇ ਸਿਰ ਤਿਆਰ ਹੋ ਕੇ ਲਿਖਾਈ ਲਈ ਸਤਿਗੁਰੂ ਜੀ ਦੇ ਤੰਬੂ ਵਿੱਚ ਹਾਜ਼ਰ ਹੋ ਜਾਂਦੇ। ਇਸ ਤਰ੍ਹਾਂ ਲਿਖਾਈ ਦਾ ਕੰਮ ਹੋ ਰਿਹਾ ਸੀ ਕਿ- “ਏਕੁ ਦਿਵਸ ਗੁਰ ਚਰਿਤ ਬਿਚਾਰੇ। ਤਰੈਂ ਸੁਖੇਨ ਸਿੰਧੁ ਨਰ ਪਾਰੇ”॥ 369॥ ਇਕ, ਦਿਨ ਸਤਿਗੁਰੂ ਜੀ ਨੇ ਮਨੁੱਖ ਲਈ, ਸੰਸਾਰ ਸਮੁੰਦਰ ਤੋਂ ਸੌਖਿਆਂ ਪਾਰ ਲੰਘਾਉਂਣ ਦਾ ਸਾਧਨ ਬਣਾਉਣ ਲਈ ਵਿਚਾਰਿਆ ਤੇ, ‘ਜਾਮ ਦਿਵਸੁ ਜਬ ਹੀ ਰਹਯੋ ਗਏ ਰਾਮਸਰ ਆਪਿ। ਬਾਵਨ ਅਖਰੀ ਤਬ ਰਚੀ ਸ੍ਰੀ ਮੁਖਿ ਸ੍ਰੀ ਗੁਰ ਜਾਪਿ’॥ 372॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਪ੍ਰਸੰਗ ਲਿਖ ਰਿਹਾ ਲਿਖਾਰੀ, ਇਸ ਪਾਵਨ ਪਵਿੱਤਰ ਇਕਾਂਤ ਥਾਂ ਵਿੱਚ ਪੁਰਾਣਾ ਦੇ ਝੂਠ ਨੂੰ ਲਿਆ ਵਾੜਨਾ ਨਾ ਭੁੱਲਿਆ। ਗਉੜੀ ਰਾਗ ਵਿੱਚ ‘ਬਾਵਨ ਅੱਖਰੀ’ ਬਾਣੀ ਦੀ ਰਚਨਾ ਕੀਤੀ ਅਤੇ ਨਾਲ ਹੀ ਗੁਰਮਤਿ ਵਿਰੋਧੀ ਵਰ? --

ਚੌਪਈ॥ ਸ੍ਰੀ ਮੁੀਖ ਤਾਂ ਕੀ ਉਪਮਾ ਕਈ। ਗਉੜੀ ਰਾਗ ਮਹਿ ਇਹ ਭਈ।

ਤੀਨਿ ਲੋਕ ਮਧਿ ਜੋ ਨਰ ਪੜ੍ਹੈ। ਜਨਮ ਜਨਮ ਅਘ ਛਿਨ ਮਹਿ ਸੜੈ॥ 372॥

ਬਾਵਨ ਅੱਖਰੀ ਨੂੰ ਕੇਵਲ ਪੜ੍ਹਨ ਨਾਲ ਹੀ ਬੇੜੇ ਪਾਰ? ਬਾਕੀ ਗਰਬਾਣੀ ਬਾਰੇ ਕੀ ਫ਼ੁਰਮਾਨ ਹੋਇਆ?

ਦੋਹਰਾ॥ ਜਾਮ ਨਿਸਾ ਜਬ ਹੀ ਗਈ ਮਨਿ ਵਿਚਾਰ ਗੁਰ ਕੀਨ। ਸਮਾ ਘੋਰ ਕਲਿ ਆਯੋ ਨਰ ਵਿਖਿਅਨ ਲੀਨ॥ 376॥

ਏਕ ਘਰੀ ਨਹਿ ਹਰਿ ਭਜੈ ਨਹਿ ਧਨ ਦਾਨ ਕਰੇਹਿ। ਅਤਿ ਅਚਰਜ ਮੋ ਮਨਿ ਭਯੋ ਮੁਕਤਿ ਕੈਸ ਬਿਧਿ ਲੇਹ॥ 377॥

(ਗੁੰਮਨਾਮ ਲਿਖਾਰੇ ਦੀ ਕਲਪਣਾ ਦੀ ਉਪਜ) ਹੇ ਭਾਈ ਮਨੀ ਸਿੰਘ ਜੀਓ! ਅਜੇ ਹੁਣੇ ਤਾਂ ਤਸੀ ਇਹ ਲਿਖ ਕੇ ਹਟੇ ਹੀ ਹੋ, ਕਿ, ਤਿੰਨਾ ਲੋਕਾਂ ਵਿੱਚ ਜਿਹੜਾ ਪ੍ਰਾਣੀ ਵੀ ਬਾਵਨ ਅੱਖਰੀ ਦਾ ਪਾਠ ਕਰਦਾ ਹੈ ਇੱਕ ਛਿਣ ਵਿੱਚ ਉਸ ਦੇ ਜਨਮਾ ਜਮਾਂਤਰਾਂ ਦੇ ਪਾਪ ਸੜ ਕੇ ਸੁਆਹ ਹੋ ਜਾਂਦੇ ਹਨ, ਪਰ ਏਥੇ ਮੁੜ ਉਹੀ ਚਿੰਤਾ ਕਿ, ਕਲਿਜੁਗ ਵਿੱਚ ਜਦ ਕਿ ਮਨੁੱਖ ਵਿਕਾਰਾਂ ਵਿੱਚ ਪ੍ਰਵਿਰਤ ਹੈ ਅਤੇ ਨਾ ਹਰੀ ਦਾ ਭਜਨ ਕਰਦਾ ਹੈ ਅਤੇ ਨਾ ਆਪਣਾ ਧਨਾ-ਦੌਲਤ ਹੀ (ਬ੍ਰਾਹਮਣਾ ਨੂੰ) ਦਾਨ ਕਰਦਾ ਹੈ ਤਾਂ ਇਸ ਦਾ ਪਾਰ ਉਤਾਰਾ ਕਿਵੇ ਹੋਵੇ?

ਚੌਪਈ॥ ਸਿੰਮ੍ਰਿਤਿ ਸਾਸਤ੍ਰ ਬੇਦ ਬਖਾਨੇ। ਚਵੀ ਹਜ਼ਾਰ ਸ੍ਵਾਸ ਨਰ ਠਾਨੇ।

ਅਸ ਉਪਾਵ ਕਰੀਏ ਕੋ ਤਾ ਤੇ। ਸ੍ਵਾਸ ਸਫ਼ਲ ਹੋਵੈ ਸਭਿ ਯਾ ਤੇ॥ 378॥

ਏਥੇ ਵਾਧਾ ਇਹ ਹੈ ਕਿ ਹੁਣ ਸਵਾਸਾਂ ਦੇ ਹਿਸਾਬ ਨਾਲ ਮਨੁੱਖ ਦੀ ਕਲਿਆਣ ਦੀ ਤਿਆਰੀ ਹੋ ਰਹੀ ਹੈ।

ਲਿਖਾਰੀ ਦੀ ਅਜੀਬ ਹੁਸ਼ਿਆਰੀ?

ਲੋਹੜੇ ਦਾ ਕੁਟਲ, ਵਿਦਵਾਨ ਲਿਖਾਰੀ ਚੰਗੀ ਤਰ੍ਹਾਂ ਜਾਣਦਾ ਸੀ ਕਿ, ਪੰਚਮ ਪਾਤਸਾਹ ਜੀ ਨੇ ਸੁਖਮਨੀ ਸਾਹਿਬ ਦੀ ਨੌਵੀਂ ਅਸਟਪਦੀ ਦੇ ਅਰੰਭਕ ਬਚਨਾਂ ਵਿੱਚ ਸਿਮ੍ਰਿਤੀਆਂ ਸ਼ਾਸਤ੍ਰਾਂ ਬਾਰੇ ਸਪੱਸ਼ਟ ਲਿਖ ਦਿੱਤਾ ਹੋਇਆ ਹੈ ਕਿ- “ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ॥ 1॥” ਤੋਂ ਪੰਚਮਪਾਤਸ਼ਾ ਜੀ ਦੀ ਹੀ ਜ਼ਬਾਨੀ ਹੁਣ ਇਹ ਲਿਖ ਲਿਆ ਕਿ ਸੁਖਮਨੀ ਸਾਹਿਬ ਦੀ ਰਚਨਾ ਦੀ ਪ੍ਰੇਰਨਾ ਉਨ੍ਹਾਂ ਨੇ ਸਿਮ੍ਰਿਤੀਆਂ ਆਦਿ ਤੋਂ ਹੀ ਲਈ ਸੀ। ਗੁਰਬਾਣੀ ਵਿਚਲੇ ਸਪੱਸ਼ਟ ਫ਼ੁਰਮਾਨ ਦੀ ਪਰਵਾਹ ਨਾ ਕਰਦਿਆਂ ਸਾਡੇ ਪਰਚਾਰਕ ਸਾਹਿਬਾਨ ਇਸ ਲਿਖਾਰੀ ਦੀ ਲਿਖਤ ਅਨੁਸਾਰ ਹੀ ਗੁਰੂ ਦਰਬਾਰਾਂ ਵਿੱਚ 24 ਹਜ਼ਾਰ ਸਵਾਸਾਂ ਦੀ ਕਲਿਆਣ ਦੀ ਗਲ ਸਮਝਾ ਰਹੇ ਹੁੰਦੇ ਹਨ। ਏਸੇ ਤਰ੍ਹਾਂ ਥਾਂ ਥਾਂ ਤੇ ਲਿਖਾਰੀ ਦੀ ਇਹ ਲਿਖਤ ਗੁਰਮਤਿ ਤੋਂ ਸਾਨੂੰ ਨਿਰੰਤਰ ਤੋੜੀ ਜਾਂਦੀ ਰਹੀ ਪਰ ਸਾਡੇ ਜਥੇਦਾਰ ਸਾਹਿਬਾਨ ਨੂੰ ਨਜ਼ਰ ਨਾ ਆਈ?

ਜਦੋਂ ਤਿੰਨ ਪਹਿਰ ਰਾਤ ਬੀਤ ਗਈ ਤਾਂ ਸਤਿਗੁਰ ਜੀ ਨੇ ਭਾਈ ਗੁਰਦਾਸ ਜੀ ਨੂੰ ਨਾਲ ਲਿਆ ਅਤੇ ਇਸ਼ਨਾਨ ਕਰਕੇ ਸਰੋਵਰ ਦੀ ਪੂਰਬ ਉਤਰ ਦੀ ਨੁੱਕਰੇ ਇੱਕ ਸੁਖਦਾਇਕ ਬੇਰੀ ਦਾ ਰੁੱਖ ਵੇਖਿਆ। ਉਸ ਦੇ ਹੇਠਾਂ ਕਿਰਪਾ ਦੇ ਸਾਗਰ ਸਤਿਗੁਰੂ ਜੀ ਬੈਠ ਗਏ। ਭਾਈ ਜੀ ਵੀ ਜਦ ਉਨ੍ਹਾਂ ਦੇ ਸਾਹਮਣੇ ਜ਼ਮੀਨ ਦੇ ਅਸਣ ਜਮਾ ਬੈਠੇ ਤਾਂ ਸਤਿਗੁਰੂ ਜੀ ਨੇ ਭਾਈ ਜੀ ਨੂੰ ਸਮਝਾਇਆ ਕਿ ਪਾਪਾਂ ਦੇ ਕਾਰਨ ਮਨੁੱਖ ਮਾਂ ਦੇ ਪੇਟ ਵਿਚਲੇ ਗੰਦ ਮੂਤ ਵਿੱਚ ਉਲਟੇ ਸਿਰ ਲਟਕਦਾ ਹੈ ਅਤੇ ਉਸ ਨੂੰ ਧੁੱਨੀ ਰਸਤੇ ਖ਼ੁਰਾਕ ਮਿਲਦੀ ਹੈ (-387 ਤੱਕ) ਤਾਂ:-

ਗਰੁੜ ਪੁਰਾਣ ਵਾਲਾ ਬੇ ਦਲੀਲਾ ਕੁਫ਼ਰ? :-

ਦੋਹਰਾ॥ ਅਨਿਕ ਦੁੱਖ ਤਿਹ ਠਾਂ ਧਰੇ ਜਾ ਤੇ ਵਾਰ ਨ ਪਾਰ। ਜਠਰਾਗਨੀ ਸਾੜੈ ਪ੍ਰਬਲ ਬਡੋ ਦੁੱਖ ਚਿਤਿ ਧਾਰਿ॥ 388॥

ਸਹੰਸ੍ਰ ਜਨਮ ਸੁਧਿ ਹੋਇ ਤਬ, ਪਾਪ ਪੁੰਨ ਜੋ ਕੀਨ। ਸੋ ਵਿਚਾਰ ਲੱਜ ਧਰੈ ਤਬ ਭਗਵੰਤ ਚਿਤਿ ਚੀਨ॥ 389॥ ।

ਪਦ ਅਰਥ:-ਠਾਂ. . =ਮਾਤਾ ਦੇ ਪੇਟ ਵਿਚ। ਵਾਰ ਨ ਪਾਰ=ਕੋਈ ਹਦ ਬੰਨਾ ਨਹੀ। ਜਠਰਾਗਨਿ=ਪੇਟ ਦੀ ਅਗਨੀ। ਪ੍ਰਬਲ. . =ਬਹੁਤ ਦੁਖੀ ਕਰਦੀ ਹੈ। ਸਹੰਸ੍ਰ ਜਨਮ. . =ਪਹਿਲੇ ਹਜ਼ਾਰ ਜਨਮਾਂ ਦੀ। ਪਾਪ ਪੁੰਨ …. =ਚੰਗੇ ਮਾੜੇ ਕਰਮਾਂ ਦਾ ਪਤਾ ਲੱਗਦਾ ਹੈ ਜੋ ਇਸ ਨੇ ਕੀਤੇ ਹੁੰਦੇ ਹਨ। ਲੱਜਾ=ਸ਼ਰਮਿੰਦਾ ਹੁੰਦਾ ਹੈ। ਚੀਨ. . =ਮਨ ਵਿੱਚ ਯਾਦ ਕਰਦਾ ਹੈ।

“ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਪੁਸਤਕ ਦੇ ਚੌਥੇ ਭਾਗ ਦੇ ਤੀਜੇ ਕਾਂਡ ਵਿੱਚ ਪਾਪ-ਪੁੰਨ ਬਾਰੇ ਗੁਰਮੀਤ ਦਾ ਸਿਧਾਂਤ ਗੁਰੂ ਸ਼ਬਦਾਂ ਦੇ ਅਧਾਰ ਤੇ ਬੜੇ ਵਿਸਥਾਰ ਨਾਲ ਸਪੱਸ਼ਟ ਕੀਤਾ ਹੋਇਆ ਹੈ। ਗੁਰਦੇਵ ਜੀ ਦੀ ਨਜ਼ਰ ਵਿੱਚ ਪਾਪ ਅਤੇ ਪੁੰਨ ਦੇ ਹਿਸਾਬ ਦਾ ਅਨੁਭਵ ਇੱਕ ਭਰਮ ਹੇ- (1) - “ਸੂਖ ਦੂਖ ਜਨ ਸਮ ਦ੍ਰਿਸਟੇਤਾ॥ ਨਾਨਕ ਪਾਪ ਪੁੰਨ ਨਹੀ ਲੇਪਾ॥” {266} -3 (2) -ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ॥ ਪਾਪ ਪੁੰਨ ਤਬ ਕਹ ਤੇ ਹੋਤਾ॥ {290} - (3) - ਪਾਪ ਪੁੰਨ ਦੁਇ ਏਕ ਸਮਾਨ॥ ਨਿਜ ਘਰਿ ਪਾਰਸੁ ਤਜਹੁ ਗੁਨ ਆਨ॥ 3॥ {325} - (4) -ਪਾਪ ਪੁੰਨ ਕੀ ਸਾਰ ਨ ਜਾਣੀ॥ ਦੂਜੈ ਲਾਗੀ ਭਰਮਿ ਭੁਲਾਣੀ॥ ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ॥ 5॥ {110} -1-2 ਗੁਰਦੇਵ ਜੀ ਦਾ ਫ਼ਤਵਾ ਹੈ ਕਿ ਪਾਪਾਂ ਅਤੇ ਪੁੰਨਾਂ ਦੇ ਹਿਸਾਬ-ਕਿਤਾਬ ਦਾ ਅਤੇ ਨਰਕਾਂ ਤੋਂ ਬਚ ਕੇ ਸੁਰਗਾਂ ਵਿੱਚ ਪੁੱਜਣ ਦਾ ਝਮੇਲਾ ਅਵੇਦਾਂ ਸ਼ਾਸਤ੍ਰਾਂ ਤੋਂ ਖੜਾ ਹੋਇਆ ਜੋ ਬ੍ਰਾਹਮਣ ਲਈ ਭਿਆਨਟ ਲੁੱਟ ਦਾ ਸਾਧਨ ਬਣਿਆ। (5) -ਸਾਸਤ੍ਰ ਬੇਦ ਪਾਪ ਪੁੰਨ ਵੀਚਾਰ॥ ਨਰਕਿ ਸੁਰਗਿ ਫਿਰਿ ਫਿਰਿ ਅਉਤਾਰ॥ 2॥ {385} - (6) -ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ॥ ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ॥ {949} -ਪਉ-7 (7) - ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ॥ ਵਿਛੋੜਾ ਭਉ ਵੀਸਰੈ ਪੂਰਾ ਰਖਵਾਲਾ॥ 4॥ {1012} -6- (8) -ਪਾਪ ਪੁੰਨ ਵਰਤੈ ਸੰਸਾਰਾ॥ ਹਰਖੁ ਸੋਗੁ ਸਭੁ ਦੁਖੁ ਹੈ ਭਾਰਾ॥ ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ॥ 6॥ {1052} -9 (9) - ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥ {1243} -16 (10) ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ॥ ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ॥ 1॥ {1329} -10 ਸੋ ਪਾਪ-ਪੁੰਨ ਦੁਖ-ਸੁਖ ਰੂਪ ਸੁਰਗ ਨਰਕ ਆਦਿ ਬ੍ਰਾਹਮਣੀ ਮਾਇਆ ਜਾਲ ਦੇ ਸਭ ਕੁੱਝ ਨੂੰ ਗੁਰਮਤਿ ਗਿਆਨ ਤਾਰ ਤਾਰ ਕਰ ਰਿਹਾ ਸੀ, ਪਰ ਅਫ਼ਸੋਸ ਸਾਡੇ ਜਥੇਦਾਰ ਰੂਪ ਧਰਮ ਆਗੂਆਂ ਨੇ ਸਤਿਗੁਰੂ ਜੀ ਦੇ ਇਸ ਉਪਕਾਰ ਨੂੰ ਮਿਟੀ-ਘੱਟੇ ਵਿੱਚ ਰੋਲ ਦਿੱਤਾ:-

ਗੁਰਦੇਵ ਜੀ ਨੇ ਬੜੇ ਸਾਫ਼ ਤੇ ਸਰਲ ਸ਼ਬਧਾਂ ਵਿੱਚ ਸਮਝਾਇਆ ਹੋਇਆ ਹੈ ਕਿ, ਪਾਪ-ਪੁੰਨ ਸੁਰਗ ਨਰਕ, ਮੁਹ-ਮਾਇਆ ਆਦਿ ਦੇ ਬੰਧਨ ਮਨੁੱਖ ਨੇ ਆਪ ਆਪਣੇ ਲਈ ਬਣਾਏ ਹਨ। ਗੁਰਮਤਿ ਗਿਆਨ ਇਨ੍ਹਾਂ ਬੰਧਨਾ ਤੋਂ ਮੁਕਤ ਕਰਦਾ ਸੀ। ਪਰ ਕਿਉਂਕਿ ਇਸ ਨਾਲ ਬ੍ਰਾਹਮਣ ਦੀ ਅਥਾਹ ਆਮਦਨ ਬੰਦ ਹੋਣ ਦਾ ਭੈ ਸੀ, ਸੋ ਉਸ ਨੇ ਗੁਰਮਤਿ ਦਾ ਇਹ ਵਡਮੁੱਲਾ ਗਿਆਨ ਪੰਬਮਪ ਪਾਤਸ਼ਾਹ ਜੀ ਦੀ ਜ਼ਬਾਨੀ ਹੀ ਖ਼ਤਮ ਕਰ ਲਿਆ:-

49- ਸਲੋਕ ਮਃ 3॥ ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ॥ ਮਮਤਾ ਮੋਹੁ

ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ॥ ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ॥

ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ॥ 1॥ {551} -ਪਉ:-7

ਲਿਖਾਰੀ ਦੀ ਹੋਰ ਨਿਰਾਰਥ ਬਕੜ-ਵਾਹ

ਚੌਪਈ॥ ਤੁਹੀ ਤੁਹੀ ਤਬ ਮੁਖੋ ਉਚਾਰੇ। ਹੇ ਪ੍ਰਭ ਕਾਟੋ ਖੇਦ ਹਮਾਰੇ।

ਨਾਮ ਅਧਾਰ ਦੁਹ ਤਹ ਰਹੈ। ਜਠਰਾਗਨਿ ਤਾਹਿ ਨਾਹਿ ਦਹੈ॥ 390॥

ਸ੍ਵਾਸ ਸ੍ਵਾਸ ਤਹ ਤੁਹੀ ਉਚਾਰੇ। ਹੇ ਪ੍ਰਭ ਛਿਮਹੁ ਭੂਲ ਇਹ ਵਾਰੇ। ਤਬ ਤਕਰਾਰ ਐਸ ਇਹ ਕਰੈ। ਕਾਢੋ ਪ੍ਰਭੂ ਦੇਹ ਮਮ ਜਰੈ॥ 391॥

ਇਹ ਗਲ ਕਿ ਬਚਾ ਮਾਂ ਦੇ ਪੇਟ ਵਿਚੋਂ ਬਾਹਰ ਆਉਣ ਲਈ ਅਰਦਾਸਾਂ ਕਰ ਰਿਹਾ ਹੁੰਦਾ ਹੈ, ਸੰਸਾਰ ਵਿਚੋਂ ਅੱਜ ਦੇ ਉਹ ਵਗਿਆਨਕ ਵੀ ਪਤਾ ਨਹੀਂ ਕਰ ਸਕੇ ਜੋ ਵੀਰਜ ਦੇ ਗ੍ਰਭ ਵਿੱਚ ਟਿਕਣ ਦੇ ਸਮੇ ਤੋਂ ਬੱਚੇ ਦੇ ਵਿਕਾਸ ਦੀ ਹਰ ਗਲ ਬੜੇ ਗਹੁ ਨਾਲ ਵੇਖਦੇ ਸੁਣਦੇ ਅਤੇ ਰੀਕਾਰਡ ਕਰਦੇ ਰਹਿੰਦੇ ਹਨ। ਅੱਜ ਸਾਰੀਆਂ ਮਾਤਾਵਾਂ ਪਤਾ ਕਰ ਸਕਦੀਆਂ/ਲੈਂਦੀਆਂ ਹਨ ਕਿ ਉਨ੍ਹਾਂ ਦੇ ਗ੍ਰਭ ਵਿੱਚ ਲੜਕਾ ਹੈ ਕਿ ਲੜਕੀ? ਜੋ ਕੁੱਝ ਲਿਖਾਰੀ ਨੇ ਲਿਖਿਆ ਹੈ ਉਹ ਅਜੋਕੀ ਸਾਇੰਸ ਲਈ ਸਤਰਤ ਕੂੜ-ਕਬਾੜ ਹੀ ਹੈ।

ਚਵੀ ਹਜ਼ਾਰ ਸ੍ਵਾਸ ਨਰੁ ਲੇਈ। ਆਠ ਪਹਰ ਪ੍ਰਭ ਕਾ ਬਿਸਰੇਈ।

ਨਿਸਿ ਦਿਨ ਮਾਯਾ ਕੇ ਮਦ ਰਾਤਾ। ਜਪੈ ਨ ਤਾਹਿ ਉਦਰ ਜੋ ਤ੍ਰਾਤਾ॥ 393॥

ਦੋਹਰਾ॥ ਤਾ ਤੇ ਜਤਨ ਕਰੀਜੀਏ ਸ੍ਵਾਸ ਸਫਲ ਜਿਹ ਹੋਇ। ਆਠ ਮਹਿਰ ਕੇ ਸ੍ਵਾਸ ਜੋ ਜਾਹਿ ਪੜੈ ਢਲੁ ਹੋਇ॥ 394॥

ਕੋਈ ਐਸੀ ਬਾਣੀ ਰਚੀ ਜਾਏ ਜਿਸ ਦੇ ਪੜ੍ਹਨ ਨਾਲ ਸਾਰੇ ਸਵਾਸ ਸਫ਼ਲ ਹੋ ਜਾਣ। ਕੇਵਲ ਬਾਣੀ ਪੜ੍ਹਨ ਤੋਂ ਹੀ ਅਨੇਕਾਂ ਫਲਾਂ ਦੀ ਪ੍ਰਾਪਤੀ ਦੀ ਗੱਲ ਕਰਨੀ ਨਾ ਭੁਲਣ ਵਾਲਾ ਲਿਖਾਰੀ ਉਹੀ ਬ੍ਰਾਮਣ ਹੈ ਜੋ ਸਾਨੂੰ ਗੁਰਬਾਣੀ ਦੇ ਗਿਆਨ ਤੋਂ ਦੂਰ ਰੱਖ ਕੇ ਸਾਡਾ ਜੀਵਨ ਮੁੜ ਉਹੀ ਬਣਾ ਰਿਹਾ ਹੈ ਜਿਸ ਵਿਚੋਂ ਸਤਿਗੁਰੂ ਜੀ ਨੇ ਕੱਢ ਕੇ ਸਾਨੂੰ ਤੇਜ ਪ੍ਰਤਾਪ ਦੇ ਮਾਲਕ ਬਣਾਇਆ ਸੀ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.