. |
|
ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ॥ ……
ਗੁਰਮਤਿ ਅਨੁਸਾਰ ਮਨੁੱਖ ਦਾ ਜੀਵਨ-ਮਨੋਰਥ ਹੈ ਸਚਿਆਰ ਹੋ ਕੇ ਸੱਚੇ ਅਕਾਲ
ਪੁਰਖ ਵਿੱਚ ਅਭੇਦਤਾ ਪ੍ਰਾਪਤ ਕਰਨੀ। ਸਚਿਆਰਤਾ ਦੇ ਲਕਸ਼ ਦੀ ਪ੍ਰਾਪਤੀ ਕੇਵਲ ਮਨ-ਸਾਧਨਾ ਨਾਲ ਹੀ
ਕੀਤੀ ਜਾ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਸਰੀਰਕ-ਸਾਧਨਾ ਨਾਲ ਕਤਈ ਨਹੀਂ! ਮਨ ਨੂੰ ਸਾਧਨ ਵਾਸਤੇ
ਗੁਰਮਤਿ ਦੇ ਸਿੱਧਾਂਤਾਂ/ਨਿਯਮਾਂ ਦੀ ਸੱਚੇ ਦਿਲੋਂ ਪਾਲਣਾ ਕਰਨ ਦੀ ਜ਼ਰੂਰਤ ਹੈ। ਗੁਰਬਾਣੀ ਵਿੱਚ
ਬਹੁਤ ਸਾਰੀਆਂ ਤੁਕਾਂ ਹਨ ਜੋ ਸਾਨੂੰ ਉਨ੍ਹਾਂ ਗੁਣਾਂ ਨੂੰ ਧਾਰਨ ਕਰਨ ਵੱਲ ਪ੍ਰੇਰਦੀਆਂ ਹਨ ਜਿਨ੍ਹਾਂ
ਦੇ ਧਾਰਨ ਕਰਨ ਸਦਕਾ ਅਸੀਂ ਸਚਿਆਰ ਬਣਕੇ ਮਨੁੱਖਾ ਜੀਵਨ ਦੇ ਮਨੋਰਥ ਦੀ ਪ੍ਰਾਪਤੀ ਕਰ ਸਕਦੇ ਹਾਂ।
ਉਂਜ ਤਾਂ ਸਾਰੀ ਬਾਣੀ ਹੀ ਉਨ੍ਹਾਂ ਗੁਣਾਂ, ਨਿਯਮਾਂ, ਸਿੱਧਾਂਤਾਂ ਦਾ ਖੁਲਾਸਾ ਹੈ, ਪਰੰਤੂ ਇਸ ਲਿਖਤ
ਵਿੱਚ ਅਸੀਂ ਗੁਰੂ ਤੇਗ ਬਹਾਦੁਰ ਜੀ ਦੇ ਉਚਾਰੇ ਕੇਵਲ ਇੱਕ ਸ਼ਬਦ ਉੱਤੇ ਹੀ ਵਿਚਾਰ ਕਰਾਂਗੇ। ਗੁਰੂ ਜੀ
ਫ਼ੁਰਮਾਉਂਦੇ ਹਨ:
ਸੋਰਠਿ ਮਹਲਾ ੯॥ ਜੋ ਨਰੁ ਦੁਖ ਮਹਿ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ ੧॥ ਰਹਾਉ॥
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨੁ ਅਪਮਾਨਾ॥ ੧॥
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਿਨ ਤਿਹ ਘਟਿ ਬ੍ਰਹਮ ਨਿਵਾਸਾ॥ ੨॥
ਗੁਰਿ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥ ੩॥
ਸ਼ਬਦ ਅਰਥ:- ਨਰੁ: ਮਨੁੱਖ {ਇਸਤ੍ਰੀ/ਪੁਰਖ
(person/human being)}।
ਮਾਨੈ: ਮੰਨਦਾ, ਮਹਿਸੂਸ ਕਰਦਾ। ਸਨੇਹੁ: ਲਗਾਓ, ਪਿਆਰ।
ਭੈ: ਡਰ। ਕੰਚਨ: ਸੋਨਾ, ਕੀਮਤੀ ਪਦਾਰਥਕ ਸੰਪਤੀ। ਨਿੰਦਿਆ: ਦੂਸਰਿਆਂ ਦੇ
ਗੁਣਾਂ ਨੂੰ ਨਜ਼ਰ-ਅੰਦਾਜ਼ ਕਰਕੇ ਦੋਸ਼ ਦਰਸਾਉਣ ਦੀ ਕ੍ਰਿਆ; ਬਦਨਾਮ ਕਰਨ ਦਾ ਕਰਮ। ਉਸਤਤਿ: (ਸੁਆਰਥ
ਵਾਸਤੇ ਕੀਤੀ ਝੂਠੀ) ਵਡਿਆਈ, (ਮਤਲਬ ਵਾਸਤੇ ਕੀਤੀ) ਤਾਰੀਫ਼, ਚਾਪਲੂਸੀ। ਹਰਖ: ਖ਼ੁਸ਼ੀ, ਸੁਖਾਵੀਆਂ
ਪਰਿਸਥਿਤੀਆਂ (favourable circumstances)।
ਸੋਗ: ਗ਼ਮੀ/ਦੁੱਖ, ਅਣਸੁਖਾਵੀਆਂ ਪਰਿਸਥਿਤੀਆਂ
(unfavourable circumstances)। ਨਿਆਰਉ:
ਅਲੱਗ, ਪਰ੍ਹੇ, ਅਪ੍ਰਭਾਵਿਤ ਰਹੇ। ਆਸਾ: ਪਦਾਰਥਕ ਪ੍ਰਾਪਤੀ ਦੀ ਉਮੀਦ। ਮਨਸਾ: ਮਨ ਦੀ ਇੱਛਾ,
ਮਨੋਕਾਮਨਾ। ਨਿਰਾਸਾ: ਉਪਰਾਮ, ਵਿਰਕਤ, ਲਗਾਓ ਨਾ ਰੱਖੇ। ਪਰਸੈ ਨਾਹਿਨ: ਛੂਹੇ ਨਾ, ਮੁਕਤ ਰਹੇ।
ਘਟਿ: ਹਿਰਦੇ/ਅੰਤਹਕਰਣ ਵਿੱਚ। ਬ੍ਰਹਮ: ਪਰਮਾਤਮਾ, ਕਰਤਾਰ। ਤਿਹ: ਤਿਸ ਦੇ/ਨੇ, ਉਸ ਦੇ/ਨੇ। ਜੁਗਤਿ:
ਜੀਵਨ-ਜਾਚ, ਢੰਗ, ਰਹਿਤ ਮਰਯਾਦਾ। ਲੀਨ: ਅਭੇਦ ਹੋਣਾ, ਮਿਲ ਜਾਣਾ। ਗੋਬਿੰਦ: ਜਗਤ ਦਾ ਪਾਲਣਹਾਰ
ਪਰਮਾਤਮਾ। ਸਿਉ: ਨਾਲ, ਵਿੱਚ।
ਭਾਵ ਅਰਥ: ਜਿਹੜਾ ਮਨੁੱਖ
(person)
ਦੁੱਖ ਦੀਆਂ ਘੜੀਆਂ ਵਿੱਚ ਮਨ ਨੂੰ ਡੋਲਣ ਨਹੀਂ ਦਿੰਦਾ ਅਤੇ ਜਿਸ ਦੇ ਹਿਰਦੇ ਵਿੱਚ ਸੰਸਾਰਕ ਸੁੱਖਾਂ
(ਕਿਰਤ ਤੋਂ ਕਤਰਾਉਣ ਵਾਲੇ ਹੱਡ-ਰੱਖਾਂ ਦਾ ਆਰਾਮਦੇਹ ਜੀਵਨ) ਨਾਲ ਮੋਹ ਨਹੀਂ, ਦੁਨਿਆਵੀ ਦੁੱਖਾਂ
ਤੋਂ ਡਰਦਾ ਨਹੀਂ ਅਤੇ ਸੋਨਾ ਆਦਿ ਕੀਮਤੀ ਪਦਾਰਥਾਂ ਨੂੰ ਨਿਰਾਰਥਕ ਮੰਨਦਾ ਹੈ। ੧। ਰਹਾਉ।
ਜੋ ਮਨੁੱਖ (ਈਰਖਾ-ਵੱਸ) ਦੂਸਰਿਆਂ ਨੂੰ ਭੰਡਣ ਤੋਂ ਸੰਕੋਚ ਕਰਦਾ ਹੈ,
(ਸੁਆਰਥ ਵਾਸਤੇ) ਕਿਸੇ ਦੀ ਝੂਠੀ ਤਾਰੀਫ਼ ਨਹੀਂ ਕਰਦਾ, ਅਤੇ ਲਾਲਚ, ਸੰਸਾਰਕ ਪਦਾਰਥਾਂ ਨਾਲ ਲਗਾਓ
ਅਤੇ (ਮਾਇਆਵੀ/ਦੁਨਿਆਵੀ ਵਡੱਪਣ ਦਾ) ਹੰਕਾਰ ਨਹੀਂ ਕਰਦਾ। ੧।
ਜੋ ਮਨੁੱਖ ਪਦਾਰਥਕ-ਪ੍ਰਾਪਤੀ ਦੀਆਂ ਉਮੀਦਾਂ ਤੇ ਮਨ ਦੀਆਂ ਹੋਰ ਸਭ ਇੱਛਾਵਾਂ
ਤਿਆਗ ਕੇ ਸੰਸਾਰਕਤਾ ਤੋਂ ਉਪਰਾਮ ਰਹਿੰਦਾ ਹੈ; ਹਵਸ ਅਤੇ ਗੁੱਸੇ ਆਦਿ ਵਿਕਾਰਾਂ ਤੋਂ ਅਛੋਹ ਰਹਿੰਦਾ
ਹੈ, ਉਸ ਵਿਅਕਤੀ ਦੇ ਹਿਰਦੇ ਵਿੱਚ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ। ੨।
ਨਾਨਕ! (ਵਿਚਾਰ ਕਰਦਾ ਹੈ) ਜਿਸ ਮਨੁੱਖ ਉੱਤੇ ਸਤਿਗੁਰੂ (ਪਰਮਾਤਮਾ) ਦੀ
ਬਖ਼ਸ਼ਿਸ਼ ਹੁੰਦੀ ਹੈ, ਉਸ ਨੂੰ ਇਸ ਜੀਵਨ-ਜੁਗਤੀ ਦਾ ਗਿਆਨ ਹੋ ਜਾਂਦਾ ਹੈ। ਉਹ ਮਨੁੱਖ (ਇਸ ਜੀਵਨ-ਜਾਚ
ਨੂੰ ਅਪਣਾ ਕੇ ਆਪਣੇ ਸ੍ਰੋਤ) ਪਰਮਾਤਮਾ ਨਾਲ ਇਉਂ ਅਭੇਦ ਹੋ ਜਾਂਦਾ ਹੈ ਜਿਵੇਂ ਪਾਣੀ ਦਾ ਕੱਤਰਾ
ਸਾਗਰ ਵਿੱਚ ਮਿਲ ਕੇ ਸਾਗਰ ਹੀ ਹੋ ਜਾਂਦਾ ਹੈ। ੩।
ਉਕਤ ਵਿਚਾਰੇ ਸ਼ਬਦ ਨੂੰ ਜੇ ਬਾਰੀਕੀ ਨਾਲ ਵਾਚੀਏ ਤਾਂ ਸਪਸ਼ਟ ਹੁੰਦਾ ਹੈ ਕਿ
ਇਸ ਵਿੱਚ ਗੁਰੂ ਤੇਗ ਬਹਾਦੁਰ ਜੀ ਉਸ ਰਹਿਤ ਨੂੰ ਦ੍ਰਿੜਾਉਂਦੇ ਹਨ ਜਿਸ ਦਾ ਸੰਬੰਧ ਕੇਵਲ ਤੇ ਕੇਵਲ
ਸੁਭਾਅ/ਸੀਰਤ ਅਥਵਾ ਮਨ ਨਾਲ ਹੈ, ਕਿਸੇ ਬਾਹਰੀ ਲਿਬਾਸ, ਚਿੰਨ੍ਹ ਜਾਂ ਕਰਮਕਾਂਡ ਨਾਲ ਨਹੀਂ। ਮਨੁੱਖ
ਨੇ ਮਨ ਨੂੰ ਨਿਰਮੈਲ ਰੱਖਣ ਵਾਸਤੇ ਰੱਬ ਵਿੱਚ ਵਿਸ਼ਵਾਸ ਰੱਖਦਿਆਂ ਮਨ ਨੂੰ ਮਲੀਨ ਕਰਨ ਵਾਲੀਆਂ
ਵਿਕਾਰੀ ਰੁਚੀਆਂ ਤੋਂ ਅਭਿੱਜ ਰਹਿਣਾ ਹੈ। ਇਹ ਰੁਚੀਆਂ ਹਨ: ਮਾਈ ਮਾਇਆ ਦੀ ਕੁੱਖੋਂ ਜਨਮੇ ਕਾਮ,
ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ-ਨਿੰਦਾ, ਚਾਪਲੂਸੀ ਅਤੇ ਕਾਮਚੋਰੀ (ਹਰਾਮਖ਼ੋਰੀ) ਆਦਿ। ਇਹ ਸੱਚ
ਵੀ ਧਿਆਨ-ਯੋਗ ਹੈ ਕਿ ਇਸ ਸ਼ਬਦ ਵਿੱਚ ਹੀ ਨਹੀਂ ਸਗੋਂ ਸਾਰੀ ਬਾਣੀ ਵਿੱਚ ਇਨ੍ਹਾਂ ਕੁਰੁਚੀਆਂ ਨੂੰ
ਕੱਜਣ ਵਾਸਤੇ ਰੰਗ-ਬਿਰੰਗੇ ਭੇਖਾਂ ਤੇ ਚਿਨ੍ਹਾਂ ਦੇ ਮੁਲੱਮੇ ਦਾ ਵਰਣਨ ਤਕ ਨਹੀਂ! ਅਤੇ ਨਾ ਹੀ
ਧਰਮ-ਕਰਮ ਅਥਵਾ ਕਰਮਕਾਂਡਾ ਦਾ ਕੋਈ ਜ਼ਿਕਰ ਹੈ!
ਪਾਠਕ ਸਜਨੋਂ! ਸਾਡੇ ਜੀਵਨ ਦਾ ਘੋਰ ਦੁਖਾਂਤ ਇਹ ਹੈ ਕਿ ਧਰਮ ਦੇ ਖੇਤਰ ਵਿੱਚ
ਸਾਡੀ ਅਗਵਾਈ ਕਰਨ ਵਾਲੇ ਸਾਡੇ ਨੇਤਾਵਾਂ ਦੇ ਮਨ, ਗੁਰੂਆਂ ਦੁਆਰਾ ਵਿਵਰਜਿਤ, ਵਿਕਾਰਾਂ ਵਾਸਤੇ
ਇਨਕਿਊਬੇਟਰ (incubator)
ਹਨ, ਜਿੱਥੇ ਮਾਇਆ-ਮੋਹ ਦੀ ਗਰਮੀ ਨਾਲ ਵਿਕਾਰ ਉਗਮ ਕੇ ਸਮਾਜ ਵਿੱਚ ਬਿਖਰ ਰਹੇ ਹਨ। ਇਹੀ ਕਾਰਣ ਹੈ
ਕਿ ਸਾਰੇ ਧਰਮ-ਸਥਾਨਾਂ ਉੱਤੇ ਗੁਰੁ-ਗਿਆਨ ਦੀ ਬਜਾਏ ਅੰਧਵਿਸ਼ਵਾਸ ਅਤੇ ਕਰਮਕਾਂਡਾਂ ਦਾ ਸਬਕ ਸਿਖਾਇਆ
ਜਾ ਰਿਹਾ ਹੈ। ਅਸੀਂ ਇਹ ਸਬਕ ਪੂਰੀ ਤਰ੍ਹਾਂ ਰਟ ਲਿਆ ਹੈ ਤੇ ਪੱਕੇ ਅੰਧਵਿਸ਼ਵਾਸੀ ਬਣ ਗਏ ਹਾਂ।
ਪਾਠਕ ਸੱਜਨੋਂ! ਮਨ/ਆਤਮਾ ਦੀ ਖੋਟ ਉੱਤੇ ਰੰਗ-ਬਿਰੰਗੇ ਭੇਖਾਂ ਤੇ ਚਿੰਨ੍ਹਾਂ
ਦਾ ਮੁਲੱਮਾ ਅਤੇ ਕਰਮਕਾਂਡਾਂ ਪ੍ਰਤਿ ਵਫ਼ਾਦਾਰੀ ਸਿੱਖੀ ਨਹੀਂ ਹੈ! ਸੋ, ਸਾਨੂੰ ਸੁਚੇਤ ਹੋ ਕੇ ਮਾਇਆ
ਦੇ ਭੇਖੀ ਪੁਜਾਰੀਆਂ ਦੇ ਵਿਛਾਏ ਪਾਖੰਡ-ਜਾਲ ਵਿੱਚੋਂ ਨਿਕਲਣਾ ਹੋਵੇਗਾ। ਇਸ ਮੰਤਵ ਵਾਸਤੇ ਅਸੀਂ
ਗੁਰੂ (ਗ੍ਰੰਥ) ਦੇ ਲੜ ਲੱਗੀਏ, ਗੁਰਬਾਣੀ ਨੂੰ ਵਿਚਾਰ ਕੇ ਗੁਰੁ-ਹੁਕਮਾਂ ਦਾ ਸੁਹਿਰਦਤਾ ਨਾਲ ਪਾਲਣ
ਕਰਦੇ ਹੋਏ ਜੀਵਨ-ਯਾਤ੍ਰਾ ਦੀ ਪਰਮਾਰਥੀ ਮੰਜ਼ਿਲ ਵੱਲ ਵਧੀਏ! ! ਇਹੋ ਸੱਚੀ ਸਿੱਖੀ ਹੈ!
ਗੁਰਇੰਦਰ ਸਿੰਘ ਪਾਲ
ਫ਼ਰਵਰੀ
24, 2013.
|
. |