ਸੱਚ ਦਾ ਪ੍ਰਤੀਕ-ਖ਼ਾਲਸਾ
ਸਵਾਲ ਇਹ ਨਹੀਂ ਕਿ ਪਾਣੀ ਗਲਾਸ
ਵਿੱਚ ਪੀਣਾ ਹੈ ਜਾਂ ਸਿਧਾ ਝਰਨੇ ਤੋਂ। ਗੱਲ ਪਿਆਸ ਮਿਟਾਉਣ ਦੀ ਹੈ। ਜੋ ਸਿਰਫ ਗਲਾਸ ਨਾਲ ਜੁੜ ਗਿਆ
ਉਹ ਪਿਆਸਾ ਵੀ ਮਰ ਸਕਦਾ ਹੈ ਕਿਉਂਕਿ ਜੰਗਲ ਬੇਲਿਆਂ ਵਿੱਚ ਪਾਣੀ ਤਾਂ ਮਿਲ ਜਾਂਦਾ ਹੈ ਪਰ ਗਲਾਸ ਜਾਂ
ਪੀਣ ਵਾਲੇ ਬਰਤਨ ਦਾ ਹੋਣਾ ਜਰੂਰੀ ਨਹੀਂ। ਇਸ ਤਰਾਂ ਸਿੱਖ ਦਾ ਪਾਣੀ ਸਿਰਫ ਗੁਰੂ ਬਾਣੀ (ਗੁਰੂ ਗਰੰਥ
ਸਹਿਬ ਜੀ ਦੀ ਬਾਣੀ) ਹੈ। ਗੁਰਦੁਆਰੇ ਵਿੱਚ ਅਨੇਕਾਂ ਚੀਜ਼ਾਂ/ਰਸਮਾਂ ਪ੍ਰਤੀਕ ਵਜੋਂ ਹਨ, ਸਿਰਫ ਤੱਤ
(ਜਲ) ਹੈ ਤਾਂ ਗੁਰਬਾਣੀ।
ਅੱਜ ਦਾ ਸਿੱਖ ਸਿਰਫ ਪ੍ਰਤੀਕਾਂ ਨਾਲ ਜੁੜ ਚੁਕਿਆ ਹੈ ਪਰ ਗੁਰਬਾਣੀ ਦੇ ਅਸਲ ਭਾਵ ਨਾਲੋਂ ਬਿਲਕੁਲ਼
ਦੂਰ ਹੈ। ਇਹ ਮੰਦਭਾਗੀ ਗੱਲ ਸਿਰਫ ਸਿਖਾਂ ਨਾਲ ਹੀ ਨਹੀਂ ਹੋ ਰਹੀ ਇਹ ਵਰਤਾਰਾ ਸਾਰੀ ਦੁਨੀਆ ਵਿੱਚ
ਹੀ ਵਰਤ ਰਿਹਾ ਹੈ। ਇੱਕ ਗੱਲ ਜਰੂਰ ਹੈ ਕਿ ਪ੍ਰਤੀਕ ਸੱਚ ਨੂੰ ਉਜਾਗਰ ਕਰਨ ਵਾਸਤੇ ਹੁੰਦੇ ਹਨ ਪਰ
ਸੱਚ ਪ੍ਰਤੀਕਾਂ ਦਾ ਅਧੀਨ ਵੀ ਨਹੀਂ ਹੁੰਦਾ। ਕਾਰਨ ਇਹ ਹੈ ਕਿ ਪ੍ਰਤੀਕ ਸਮੇਂ ਨਾਲ ਬੇਲੋੜੇ ਜਾਂ
ਪੁਰਾਣੇ ਹੋ ਸਕਦੇ ਹਨ ਪਰ ਸੱਚ ਕਦੇ ਪੁਰਾਣਾ ਨਹੀਂ ਹੁੰਦਾ। ਹਮੇਸ਼ਾ ਹੀ ਨਵਾਂ ਤੇ ਸਮੇ ਦਾ ਹਾਣੀ
ਰਹਿੰਦਾ ਹੈ।
ਜ਼ਰਾ ਸੋਚੀਏ, ਨਿਸ਼ਾਨ ਸਾਹਿਬ ਇੱਕ ਪ੍ਰਤੀਕ ਹੀ ਤਾਂ ਹੈ ਜੋ ਸੱਚ ਨੂੰ ਦਰਸਾਉਣ ਦਾ ਸਾਧਨ ਹੈ। ਪਰ
ਆਪਣੇ ਆਪ ਵਿੱਚ ਅਟੱਲ ਸੱਚ ਨਹੀਂ, ਅਟੱਲ ਸੱਚ ਗੁਰੂ ਦਾ ਸ਼ਬਦ ਹੈ। ਨਿਸ਼ਾਨ ਸਾਹਿਬ ਨੂੰ ਸਿਰਫ ਇੱਕ
ਗਲਾਸ ਮਾਤਰ ਹੀ ਜਾਣੋ ਕਿਉਂਕਿ ਇਹ ਪਾਣੀ ਨਹੀਂ। ਪਰ ਜੇ ਕੌਮ ਨਿਸ਼ਾਨ ਸਾਹਿਬ ਨਾਲ ਹੀ ਜੁੜ ਜਾਵੇ ਅਤੇ
ਗੁਰੂ ਗਰੰਥ ਸਾਹਿਬ ਜੀ ਦੇ ਵਿਚਾਰ ਨੂੰ ਖੋਜੇ ਹੀ ਨਾ ਜਾਂ ਭੁਲ ਜਾਵੇ ਤੇ ਨਿਸ਼ਾਨ ਸਾਹਿਬ ਨੂੰ ਹੀ
ਪੂਜਣਾ/ਮੱਥੇ ਟੇਕਣੇ ਸੁਰੂ ਕਰ ਦੇਵੇ ਤਾਂ ਸਮਝੋ ਉਹ ਪਾਣੀ ਨੂੰ ਰਿੜਕ ਕੇ ਮੱਖਣ ਭਾਲ ਰਹੀ ਹੈ।
ਅਜਿਹੀ ਕੌਮ ਦੀ ਹੋਰ ਬਦਕਿਸਮਤੀ ਕੀ ਹੋ ਸਕਦੀ ਹੈ।
ਗੱਲ ਤਾਂ ਸਚਿਆਰਾ (ਸਿੱਖ/ਸਿੰਘ) ਹੋਣ ਦੀ ਹੈ। ਇਹ ਕਿਸ ਤਰਾਂ ਹੋਣਾ ਹੈ ਦਾ ਜਵਾਬ ਹਰ ਸਮੇਂ/ਹਰ
ਸਥਾਨ ਵਿੱਚ ਇਕੋ ਜਿਹਾ ਨਹੀਂ ਹੋਵੇਗਾ। ਪੁਰਾਣੇ ਪ੍ਰਤੀਕ ਕੰਮ ਕਰਦੇ ਹਨ ਤਾਂ ਗੁਰੂ ਦਾ ਸੁਕਰ ਕਰੋ,
ਨਹੀ ਤਾਂ ਪ੍ਰਤੀਕਾਂ ਵਿੱਚ ਫਸ ਕੇ ਨਿਸ਼ਾਨੇ ਤੋਂ ਪਿਛੇ ਨਾ ਹਟੋ। ਨਿਸ਼ਾਨੇ ਤੋਂ ਉਕ ਗਏ ਤਾਂ
ਪ੍ਰਤੀਕਾਂ ਦਾ ਕੀ ਮੁਲ। ਨਵੇਂ ਪ੍ਰਤੀਕਾਂ ਦੀ ਭਾਲ ਕੋਈ ਬੁਰੀ ਨਹੀਂ ਹੈ ਸੋਚ ਦੇ ਦਾਇਰੇ ਨੂੰ ਅੱਗੇ
ਲਿਜਾਣਾ ਸਾਡਾ ਮਨੁੱਖੀ ਅਧਿਕਾਰ ਹੀ ਨਹੀਂ ਫਰਜ਼ ਵੀ ਹੈ। ਅਸਲ ਗੱਲ ਗੁਰੂ ਦੀ ਗੱਲ ਸੁਣਨ/ਸਮਝਣ ਅਤੇ
ਉਸ ਉਪਰ ਚੱਲਣ ਦੀ ਹੈ। ਬਹੁਤੇ ਸਿੱਖ ਵਿਦਵਾਨ ਇਹ ਗੱਲ ਕਹਿਣ ਤੋਂ ਪਾਸਾ ਵੱਟ ਰਹੇ ਹਨ ਕਿ ਜਿਆਦਾ
ਪ੍ਰਤੀਕਾਂ ਦੇ ਧਾਰਨੀ ਹੀ ਮਨਮਤੀ ਕਰਮ ਕਰ ਰਹੇ ਹਨ। ਗੁਰੂ ਨਾਨਕ ਦੇਵ ਜੀ ਪ੍ਰਤੀਕਾਂ ਵਿੱਚ ਜਕੜੇ
ਹੋਏ ਸੱਚ ਨੂੰ ਬਾਹਰ ਕੱਢਦੇ ਹਨ ਅਤੇ ਹਰ ਮਨੁੱਖ ਮਾਤਰ ਦੀ ਸੋਚ/ਮਤ ਨੂੰ ਉਚੀ ਤੇ ਅੱਗੇ ਤੋਂ ਅੱਗੇ
ਲੈ ਕੇ ਜਾਣ ਦੇ ਵਿੱਚ ਸਹਾਇਤਾ ਕਰਦੇ ਹਨ। ਪਰ ਪੁਜਾਰੀ ਜਮਾਤ, ਡੇਰੇਦਾਰ ਜਾਂ ਕਰਮਕਾਂਡੀ ਲੁਕਾਈ ਆਮ
ਕਰ ਕੇ ਪ੍ਰਤੀਕਾਂ ਦੇ ਅਧੀਨ ਹੋਣ ਨੂੰ ਹੀ ਸਿੱਖੀ ਸਮਝਦੀ ਹੈ।
ਜੇ ਕੋਈ ਮਨੁੱਖ ਪ੍ਰਤੀਕਾਂ ਦੀ ਸਹਾਇਤਾ ਨਾਲ ਸੱਚ ਵਲ ਨੂੰ ਵਧਦਾ ਹੈ ਅਤੇ ਪ੍ਰਤੀਕਾਂ ਨੂੰ ਇੱਕ ਰੇਲ
ਗੱਡੀ ਮਾਤਰ ਲੈਂਦਾ ਹੈ ਤਾਂ ਗੁਰੂ ਉਸ ਨੂੰ ਪਲਕਾਂ ਉਪਰ ਬਿਠਾਂਦਾ ਹੈ ਪਰ ਜੇ ਉਹ ਪਾਂਧੀ ਗੱਡੀ ਵਿੱਚ
ਹੀ ਬੈਠਾ ਸਟੇਸ਼ਨ ਦਰ ਸਟੇਸ਼ਨ ਹੀ ਭਟਕਦਾ ਰਹੇ ਤਾਂ ਗੁਰੂ ਕੋਲ ਪਹੁੰਚ ਕਦ ਹੋਈ, ਕਦ ਗੁਰੂ ਦੀ ਦਰਸਾਈ
ਮੰਜ਼ਲ ਨਸੀਬ ਹੋਈ?
ਗੱਲ ਤਾਂ ਗੁਰੁ ਨਾਨਕ ਕੋਲ ਪਹੁੰਚਣ ਦੀ ਹੈ; ਕਿਦਾਂ ਪਹੁੰਚਣਾ ਹੈ, ਕਿਹੜਾ ਰਾਹ ਚੁਣਨਾ ਹੈ, ਇਹ ਇੱਕ
ਵਿਅਕਤੀਗਤ ਸਮੱਸਿਆ ਹੈ। ਪ੍ਰਤੀਕ ਸਮੇਂ ਨਾਲ ਬਦਲੇ ਜਾਣੇ ਬੁਧੀਮਾਨਤਾ ਹੈ, ਨਹੀਂ ਤਾਂ ਇਹ ਕੰਮ ਸਮਾਂ
ਆਪ ਕਰਦਾ ਹੈ ਜਿਸ ਨੂੰ ਕੋਈ ਮਰਿਆਦਾ ਠੱਲ ਨਹੀਂ ਪਾ ਸਕਦੀ। ਇਹ ਇਸ ਲਈ ਕਿ ਸਮਾਂ ਸਾਡਾ ਮਹੁਤਾਜ
ਨਹੀਂ ਹੁੰਦਾ। ਦੁਨੀਆ ਦਾ ਇਤਿਹਾਸ ਦੇਖੋ ਤਾਂ ਸਾਨੂੰ ਅਜੇਹਾ ਹੀ ਮਿਲੇਗਾ।
ਪ੍ਰਤੀਕ ਤਾਂ ਰਾਮ ਰਹੀਮ ਸਿੰਘ (ਸੌਦੇ ਵਾਲਾ) ਵਰਗੇ ਵੀ ਉਹੀ ਅਪਣਾ ਰਿਹੇ ਹਨ। ਪਰ ਹਨ ਉਹ ਸੱਚ
ਤੋਂ ਕੋਹਾਂ ਦੂਰ। ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧੀ ਪ੍ਰਤੀਕਾਂ ਕਰਕੇ ਨਹੀਂ ਬਲਕਿ ਸੱਚ ਦੀ
ਪ੍ਰਾਪਤੀ ਅਤੇ ਪਾਲਣਾ ਲਈ ਕੀਤੀਆਂ ਬੇਮਿਸਾਲ ਕੁਰਬਾਨੀਆਂ ਕਰਕੇ ਹੈ। ਕਲਗੀਧਰ ਪ੍ਰਤੀਕਾਂ ਦੇ ਅਧੀਨ
ਨਹੀਂ ਸਗੋਂ ਪ੍ਰਤੀਕ ਗੁਰੂ ਦੀ ਸ਼ਰਨ ਵਿੱਚ ਹਨ। ਉਦਾਹਰਣ ਲਈ, ਖੰਡਾ ਪ੍ਰਤੀਕ ਆਪਣੇ ਆਪ ਵਿੱਚ ਤਾਂ
ਕੁੱਝ ਕਰਨ ਜੋਗਾ ਨਹੀਂ ਹੈ ਪਰ ਜਦ ਇਹ ਖੰਡਾ ਕਲਗੀਧਰ ਨੇ ਫੜਿਆ ਤਾਂ ਹਿੰਦੋਸਤਾਨ ਦੀਆਂ ਧੀਆਂ ਦੀ
ਇਜ਼ਤ ਆਬਰੂ ਸੁਰਖਿਅਤ ਹੋ ਗਈ।
ਬਲਕਿ ਸਹਿਮੇ, ਲਿਤਾੜੇ ਲੋਕ ਆਪਣੇ ਹੱਕਾਂ ਤੋਂ ਸੁਚੇਤ ਹੋ ਕੇ ਅਤੇ ਸਿਰ ਉਠਾ ਕੇ, ਸਰਦਾਰੀ
ਮਾਣਨ ਲਗ ਪਏ। ਇਹ ਚਿੜੀਆਂ ਤੋਂ ਬਾਜ਼ ਬਣਨ ਦੇ ਪ੍ਰਤੀਕ ਦੀ ਕਰਾਮਾਤ ਸੀ। ਪਰ ਇਹੀ ਖੰਡਾ ਜਦ ਰਾਮ
ਰਹੀਮ ਵਰਗਿਆਂ ਕੋਲ ਹੈ ਤਾਂ ਅਨੇਕਾਂ ਧੀਆਂ ਦੀਆਂ ਗਲਤਫਹਿਮੀ, ਮਜਬੂਰੀ ਜਾਂ ਡਰ ਦੇ ਮਾਹੌਲ ਰਾਹੀਂ
ਇਜਤਾਂ ਲੁਟੀਆਂ ਜਾਂਦੀਆਂ ਹਨ। ਲੋੜ ਹੈ ਫਰਕ ਸਮਝਣ ਦੀ, ਨਾ ਕਿ ਖੰਡੇ ਆਦਿ ਦੇ ਪ੍ਰਤੀਕਾਂ ਨਾਲ ਜੁੜਣ
ਦੀ। ਜਦ ਕੇ ਅੱਜ ਦਾ ਸਿੱਖ ਕਮੀਜਾਂ ਦੇ ਖੰਡੇ ਛਪਵਾ, ਕੰਧਾਂ ਤੇ ਖੰਡੇ ਦੇ ਚਿਤਰ ਪਾ ਕੇ, ਗਲਾਂ ਅਤੇ
ਕਾਰਾਂ ਵਿੱਚ ਖੰਡੇ ਲਟਕਾ ਕੇ ਸਿਖ ਹੋਣ ਦਾ ਦਿਖਾਵਾ ਕਰਦਾ ਹੈ ਇੱਕ ਹੋਰ ਵਿਚਾਰ ਸਮਝਣ ਦੀ ਖਾਤਰ ਇਹ
ਹੈ ਕਿ ਕਿਰਪਾਨ ਤੇ ਤਲਵਾਰ ਦੇਖਣ ਤੋਂ ਇੱਕ ਹੀ ਲਗਦੀਆਂ ਹਨ ਪਰ ਗੁਰੂ ਦੇ ਸਿੱਖ ਹੱਥ ਕਿਰਪਾਨ ਹੁੰਦੀ
ਹੈ ਪਰ ਰਾਮ ਰਹੀਮ ਕੋਲ ਤਲਵਾਰ। ਉਹ ਤਲਵਾਰ ਦੇ ਜੋਰ ਨਾਲ ਕੁਕਰਮ ਕਰਦਾ ਹੈ। ਜਦਕਿ ਕਿਰਪਾਨ ਜਦ ਗੁਰੂ
ਦੇ ਸਿੱਖ ਕੋਲ ਹੁੰਦੀ ਹੈ ਤਾਂ ਹਰ ਧੀ/ਭੈਣ ਬੇਖ਼ੌਫ ਸਿਰ ਉਪਰ ਚੁੱਕ ਕੇ ਤੁਰਦੀ ਹੈ।
ਬਹੁਤੇ ਲੋਕ ਖ਼ਾਲਸੇ ਦੇ ਸਰੂਪ ਨੂੰ ਪ੍ਰਤੀਕਾਂ ਨਾਲ ਲੱਦਿਆ ਹੋਇਆ ਮਨੁੱਖ ਹੀ ਦੇਖਦੇ ਹਨ ਅਤੇ ਇਸੇ
ਤਰਾਂ ਹੀ ਆਮ ਖ਼ਾਲਸਾ ਆਪਣੇ ਬਾਰੇ ਸੋਚਦਾ ਹੈ। ਸਾਡੀ ਸੋਚ ਵੀ ਇਹੀ ਬਣ ਚੁਕੀ ਹੈ ਕਿ ਖਾਲਸੇ ਦੀ ਹੋਂਦ
ਤੇ ਪਹਿਚਾਣ ਸਿਰਫ ਪ੍ਰਤੀਕਾਂ ਕਰਕੇ ਹੈ ਅਤੇ ਖਾਲਸਾ ਨਿਆਰਾ ਵੀ ਸਿਰਫ ਪ੍ਰਤੀਕਾਂ ਕਰਕੇ ਹੀ ਹੈ, ਪਰ
ਗੁਰੂ ਸਾਹਿਬ ਕਹਿੰਦੇ ਹਨ ਕਿ ਮੇਰਾ ਖਾਲਸਾ ਨਿਆਰਾ ਸੱਚ ਦਾ ਪ੍ਰਤੀਕ ਹੋਣ ਕਰਕੇ ਹੈ, ਨਾ ਕਿ ਸਿਰਫ
ਕਿਸੇ ਬਾਹਰੀ ਆਡੰਬਰ ਕਰਕੇ! ਕਿਉਂਕਿ ਬਾਹਰਲਾ ਆਡੰਬਰ ਕਰਨ ਨਾਲ ਭੋਲੇ ਭਾਲੇ ਲੋਕ ਜਲਦੀ ਕਾਬੂ ਵਿੱਚ
ਆ ਜਾਂਦੇ ਹਨ ਅਤੇ ਮਨੁੱਖ ਦੀ ਸਮਾਜਿਕ ਠੁੱਕ ਵੀ ਬਹੁੱਤ ਜਲਦੀ ਬਣ ਜਾਂਦੀ ਹੈ। ਇਸ ਲਈ ਇਸ ਤਰਾਂ ਦੀ
ਪਰਿਭਾਸ਼ਾ ਨੂੰ ਮੇਰੇ ਜਿਹਾ ਮਨੁੱਖ ਕਿਸੇ ਵੀ ਕੀਮਤ ਤੇ ਪਿਛੇ ਪੈਣ ਨਹੀਂ ਦਿੰਦਾ। ਮਨੁੱਖ ਆਪਣੀ ਬਣਾਈ
ਪਰਿਭਾਸ਼ਾ ਦੇ ਝੂਠੇ ਅਨੰਦ ਵਿੱਚ ਰਹਿ ਕੇ ਮਾਣ ਮਹਿਸੂਸ ਕਰਦਾ ਹੈ। ਗੁਰੂ ਦੀ ਦਿਤੀ ਸਿੱਖ/ਖ਼ਾਲਸਾ
ਬਲਕਿ ਸੰਤ ਜਾਂ ਬ੍ਰਹਮ-ਗਿਆਨੀ ਦੀ ਪਰਿਭਾਸ਼ਾ ਰੁਮਾਲਿਆਂ ਵਿੱਚ ਹੀ ਸਸ਼ੋਭਤ ਰਹਿਣ ਦਿਤੀ ਜਾਂਦੀ ਹੈ।
ਸੱਚ ਦਾ ਪ੍ਰਤੀਕ ਬਣਨ ਲਈ ਕਦੇ ਵੀ ਤੱਤੀ ਤਵੀ ਉਪਰ ਬੈਠਣ ਜਾਂ ਸਿਰ ਧਰ ਤਲੀ ਭੇਟ ਕਰਨ ਲਈ ਤਿਆਰ
ਰਹਿਣਾ ਪੈਂਦਾ ਹੈ।
ਸੱਚ ਇਹ ਹੈ ਕਿ ਸਿੱਖ ਧਰਮ ਦੀ ਪਹਿਚਾਣ ਪ੍ਰਤੀਕਾਂ ਕਰਕੇ ਨਹੀਂ ਹੈ ਬਲਕਿ ਪ੍ਰਤੀਕਾਂ ਦੀ ਪਹਿਚਾਣ
ਗੁਰੂ ਕਰਕੇ ਹੈ ਕਿਉਕਿ ਸੱਚ ਇਸ ਦੀ ਅਧਾਰਸ਼ਿਲਾ ਹੈ। ਇਹ ਕਹਿਣਾ ਕਿ ਸਿੱਖ ਧਰਮ ਦੀ ਮਹਾਨਤਾ ਸਿਰਫ
ਬਾਹਰੀ ਪ੍ਰਤੀਕਾਂ ਕਰਕੇ ਹੈ ਇੱਕ ਅਣਜਾਣਪੁੱਣਾ ਹੋਵੇਗਾ। ਹੋਰਨਾਂ ਧਰਮਾਂ ਵਾਂਗ ਇਹ ਸਿੱਖ ਧਰਮ ਦਾ
ਇੱਕ ਹਿਸਾ ਤਾਂ ਹਨ ਪਰ ਇਹ ਆਪਣੇ ਆਪ ਵਿੱਚ ਸਿੱਖ ਧਰਮ ਦਾ ਬਦਲ ਨਹੀਂ ਹਨ।
ਹਰ ਸਾਲ ਸੜਕਾਂ ਉਪਰ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਲੈ ਕੇ ਨਿਕਲਣਾ ਜਿਸਨੂੰ ਨਗਰ ਕੀਰਤਨ ਆਖਿਆ
ਜਾਣ ਲਗਾ ਹੈ ਅਤੇ ਉਸਦੀ ਸ਼ੋਭਾ ਵਿੱਚ ਕਈ ਤਰਾਂ ਨੰਗੀਆਂ ਕਿਰਪਾਨਾਂ ਦਾ ਮੁਜਾਹਰਾ ਕਰਨਾਂ ਕੋਈ ਸਿਖੀ
ਕਰਮ ਨਹੀਂ ਹੈ। ਇਹ ਤਾਂ ਹਵਾ ਨੂੰ ਗੰਢਾਂ ਦੇਣ ਦੇ ਸਮਾਨ ਹੈ।
ਕਿਰਪਾਨ ਦੇ ਪਿਛੇ ਛੁਪੇ ਭਾਵ ਨੂੰ ਸਮਝਣ ਦੀ ਲੋੜ ਹੈ ਅਤੇ ਜੇ ਇਸ ਸਮਝ ਆ ਜਾਂਦੀ ਹੈ ਤਾਂ ਜ਼ਰਾ
ਸੋਚੋ ਜਿੰਦਗੀ ਦਾ ਕਿਹੜਾ ਅਜਿਹਾ ਮੋੜ ਹੈ ਜਿਥੇ ਇਸ ਦੀ ਲੋੜ ਨਹੀਂ ਪੈਂਦੀ। ਭਾਵ ਸਮਝ ਆ ਗਿਆ ਤਾਂ
ਇਸ ਉਪਰ ਕੌਮ ਦੀ ਨਿੱਗਰ ਉਸਾਰੀ ਹੋਵੇਗੀ। ਘਰ ਦੀ ਇੱਕ ਛੋਟੀ ਜਿਹੀ ਸਮੱਸਿਆ ਤੋਂ ਲੈ ਕੇ ਦੁਨੀਆ ਦੇ
ਹਰ ਖੇਤਰ ਤੱਕ ਕਿਰਪਾਨ ਦੇ ਭਾਵ ਨੂੰ ਵਰਤਾਉਣ ਦੀ ਲੋੜ ਹੈ। ਜੇ ਸੱਚ ਤੇ ਸੱਚੇ ਆਚਾਰ ਵਲ ਰੁਖ ਹੀ
ਨਹੀਂ ਤਾਂ ਕੇਵਲ ਪ੍ਰਤੀਕ ਵਜੋਂ ਕਰਦ ਰੂਪੀ ਪਾਈਆਂ ਕਿਰਪਾਨਾਂ ਕਿਸ ਕੰਮ ਹਨ। ਇਸ ਤਰਾਂ ਆਪੇ ਤੇ
ਲੋਕਾਂ ਨੂੰ ਭੁਲੇਖੇ ਵਿੱਚ ਰੱਖ ਕੇ ਆਪਣਾ ਅਤੇ ਹੋਰਨਾ ਦਾ ਜੀਵਨ ਬਰਬਾਦ ਕਰ ਰਹੇ ਹਾਂ।
ਪਰ ਜੇ ਅਸੀਂ ਸੱਚ ਨੂੰ ਸੱਚ ਕਹਿ ਰਹੇ ਤੇ ਉਸ ਉਪਰ ਪਹਿਰਾ ਦੇ ਰਹੇ ਹਾਂ ਤਾਂ ਮਾਨੋ ਗੁਰੂ ਦੀ ਬਖਸ਼ੀ
ਕਿਰਪਾਨ ਚਲ ਰਹੀ ਹੈ। ਜੇ ਕਿਰਪਾਨਾਂ ਪਾ ਕੇ ਸਾਨੂੰ ਕਿਰਪਾਨ ਦੇ ਮਹਤਵ ਦੀ ਨਹੀਂ ਸਮਝ ਆ ਰਹੀ ਤਾਂ
ਰਹਿ ਗਈ ਕਿਸੇ ਤਰੁਟੀ ਨੂੰ ਦੂਰ ਕਰਨ ਲਈ ਵਰਤਾਰਾ ਬਦਲਣਾ ਪਵੇਗਾ। ਨਿਸ਼ਾਨਾ ਸੱਚ ਨੂੰ ਸਮਝਣ ਅਤੇ ਉਸ
ਤੋਂ ਉਗਮੀ ਸੂਰਮਗਤੀ ਵਿੱਚ ਵਿਚਰਨ ਦਾ ਹੈ। ਇਹ ਤਬਦੀਲੀ ਗੁਰੂ ਦੇ ਸ਼ਬਦ ਦੇ ਕਮਾਏ ਅਨੁਭਵ ਤੋਂ ਹੀ
ਪੈਦਾ ਹੁੰਦੀ ਹੈ।
ਸੋਰਠਿ ਮਹਲਾ 1॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ
ਗੁਰ ਪਾਹੀ ਜੀਉ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥ 1॥ ਮਨ ਰੇ ਥਿਰੁ ਰਹੁ
ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ ਰਹਾਉ॥
ਅਰਥ : —ਹੇ ਮੇਰੇ ਮਨ ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ,
ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ। ਜੇ ਤੂੰ ਬਾਹਰ ਢੂੰਢਣ ਤੁਰ ਪਿਆ,
ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿੱਚ ਹੀ ਹੈ, ਹਿਰਦੇ ਵਿੱਚ
ਹੀ ਹੈ। ਰਹਾਉ।
(ਹੇ ਭਾਈ !) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿੱਚ ਆਏ ਹੋ ਉਹ ਅੰਮ੍ਰਿਤ ਗੁਰੂ
ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ (ਬਾਹਰੋਂ ਸ਼ਕਲ
ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿੱਚ ਪਿਆਂ ਇਹ
ਅੰਮ੍ਰਿਤ-ਫਲ ਨਹੀਂ ਮਿਲ ਸਕਦਾ। 1.
ਗੁਰਿੰਦਰ ਸਿੰਘ ਬਰਾੜ
ਕੈਮਬਰਿਜ, ਉਨਟਾਰੀਓ.
ਕਨੈਡਾ।
519-653-2588