.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਲਕਪ

ਭਾਗ ਸਤਵਾਂ

ਜੇ ਰੱਬ ਜੀ ਦਾ ਕੋਈ ਰੂਪ-ਰੇਖ ਨਹੀਂ ਹੈ ਤਾਂ ਉਸ ਦੀ ਹੋਂਦ ਕਿਦਾਂ ਹੈ?

ਕੀ ਰੱਬ ਜੀ ਜ਼ਰੇ ਜ਼ਰੇ ਵਿੱਚ ਵਿਅਪਕ ਹਨ?

ਛੋਟੇ ਹੁੰਦਿਆਂ ਕਈ ਵਾਰੀ ਦੇਖਿਆ ਸੀ, ਕਿ ਜਦੋਂ ਹਾੜ ਦੇ ਮਹੀਨੇ ਤੀਕ ਮੀਂਹ ਨਾ ਪੈਣਾ, ਤਾਂ ਪਿੰਡਾਂ ਦੇ ਕੀ ਨਿਆਣੇ ਕੀ ਸਿਆਣੇ ਟਾਕੀਆਂ ਦੀਆਂ ਗੁੱਡੀਆਂ ਬਣਾ ਕਿ ਸਾੜਿਆ ਕਰਦੇ ਸਨ ਤੇ ਨਾਲ ਕਹਿੰਦੇ ਹੁੰਦੇ ਸਨ ਕਿ “ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ”। ਮੀਂਹ ਨੂੰ ਪਵਾਉਣ ਲਈ ਪਿੰਡਾਂ ਵਿੱਚ ਜੱਗ ਵੀ ਕਰਾਏ ਜਾਂਦੇ ਹਨ। ਲੋਕਾਂ ਦਾ ਯਕੀਨ ਹੈ ਕਿ ਇੰਜ ਕਰਨ ਨਾਲ ਰੱਬ ਜੀ ਖੁਸ਼ ਹੁੰਦੇ ਹਨ। ਗੁੱਡੀਆਂ ਸਾੜਨ ਦੀ ਪੁੱਠੀ ਰੀਤ ਅੱਜ ਦੀ ਤਰੀਕ ਤੱਕ ਵੀ ਕਈ ਥਾਂਈ ਹੁੰਦੀ ਦੇਖੀ ਸੁਣੀ ਜਾ ਸਕਦੀ ਹੈ। ਮੀਂਹ ਨਾ ਪੈਣ `ਤੇ ਲੋਕ ਸੁਭਾਵਕ ਹੀ ਕਹਿ ਦੇਂਦੇ ਹਨ ਕਿ ਰੱਬਾ ਕਿੱਥੇ ਦੂਰ ਚਲਾ ਗਿਆ ਏਂ ਐਤਕੀ ਤੂੰ ਮੀਂਹ ਹੀ ਨਹੀਂ ਪਾ ਰਿਹਾ। ਹੁਣ ਤਾਂ ਮੀਂਹਾਂ ਦੀ ਔਸਤ ਹੀ ਘੱਟ ਹੈ ਪਰ ਛੇਵੇਂ ਦਹਾਕੇ ਵਿੱਚ ਮੀਂਹ ਬਹੁਤ ਪਏ ਸਨ। ਮਕਾਨ ਕੱਚੇ ਹੁੰਦੇ ਸਨ। ਚੁੱਲਿਆਂ ਦਾ ਬਾਲਣ ਮੁੱਕ ਜਾਣਾ। ਪੁਸ਼ੂਆਂ ਦੇ ਚਾਰੇ ਦੀ ਮੁਸਬੀਤ ਖੜੀ ਹੋਣੀ, ਹਰ ਪਾਸਿਓਂ ਔਖਿਆਈ ਮਹਿਸੂਸ ਕਰਦਿਆਂ ਇਹ ਸ਼ਬਦ ਵੀ ਕਹਿਣ ਸੁਣਨ ਨੂੰ ਮਿਲਦੇ ਸਨ ਕਿ ਰੱਬਾ ਹੁਣ ਬੱਸ ਵੀ ਕਰ, ਸਾਨੂੰ ਰੋੜ ਕੇ ਹੀ ਛੱਡਣਾ ਈ।

ਆਮ ਲੁਕਾਈ ਇੰਜ ਮਹਿਸੂਸ ਕਰਦੀ ਹੈ ਕਿ ਰੱਬ ਜੀ ਮਨੁੱਖਾਂ ਵਾਂਗ ਸਰੀਰਕ ਤਲ਼ `ਤੇ ਕਿਸੇ ਉਪਰਲੇ ਅਸਥਾਨ `ਤੇ ਬੈਠੇ ਹਨ। ਉਸ ਦਾ ਜਦੋਂ ਜੀ ਕਰਦਾ ਹੈ ਉਹ ਮੀਂਹ ਪਾ ਦੇਂਦਾ ਹੈ ਤੇ ਜਦੋਂ ਉਸ ਦਾ ਜੀ ਕਰਦਾ ਹੈ ਉਹ ਸੋਕਾ ਪਾ ਦੇਂਦਾ ਹੈ। ਤੇਜ਼ ਗਰਮੀ ਵਿੱਚ ਕਦੇ ਮਿੱਠੀ ਹਵਾ ਦੇ ਝੋਕੇ ਆਉਣੇ ਤਾਂ ਮਾਵਾਂ ਅਕਸਰ ਕਹਿ ਦੇਂਦੀਆਂ ਸਨ ਕਿ ਅੱਜ ਕੋਈ ਧਰਮੀ ਬੰਦਾ ਰਾਜ ਚਲਾ ਰਿਹਾ ਹੈ।

ਬਹੁਤੀਆਂ ਗੱਲਾਂ ਸਮਾਜ ਦੇ ਵਰਤਾਰੇ ਵਿਚੋਂ ਦੇਖ ਕੇ ਅਸਾਂ ਉਹ ਗੱਲਾਂ ਹੀ ਰੱਬ ਨਾਲ ਜੋੜ ਕੇ ਦੇਖਣ ਦਾ ਯਤਨ ਕੀਤਾ ਹੈ। ਜਿਸ ਤਰ੍ਹਾਂ ਸਮਾਜ ਵਿੱਚ ਕਈ ਦਫ਼ਾ ਬੇ-ਇਨਸਾਫ਼ੀ ਹੁੰਦੀ ਦਿਸਦੀ ਹੈ ਤਾਂ ਅਸੀਂ ਵੀ ਸਮਝਦੇ ਹਾਂ ਕਿ ਰੱਬ ਜੀ ਵੀ ਸ਼ਾਇਦ ਮਨੁੱਖਾਂ ਵਾਂਗ ਸਾਡੇ ਨਾਲ ਬੇ-ਇਨਸਾਫ਼ੀ ਕਰਦੇ ਹਨ। ਜਦੋਂ ਸਾਡਾ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਅਸੀਂ ਰੱਬ ਜੀ ਨੂੰ ਤਾਅਨੇ-ਮਿਹਣੇ ਮਾਰਨੇ ਸ਼ੁਰੂ ਕਰ ਦੇਂਦੇ ਹਾਂ ਕਿ ਰੱਬ ਜੀ ਨੇ ਸਾਡੇ ਨਾਲ ਬੇ-ਇਨਸਾਫ਼ੀ ਕੀਤੀ ਹੈ। ਹੇ ਰੱਬਾ! ਸਾਡਾ ਨੁਕਸਾਨ ਕਰਨ ਲਈ ਤੈਨੂੰ ਸਾਡਾ ਹੀ ਘਰ ਲੱਭਾ ਸੀ। ਅਦਾਲਤ ਵਿਚੋਂ ਕੇਸ ਹਾਰਨ `ਤੇ ਵੀ ਅਸੀਂ ਕਸੂਰ ਰੱਬ ਜੀ ਦਾ ਹੀ ਕੱਢਦੇ ਹਾਂ।

ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਰੱਬ ਜੀ ਨੂੰ ਸਮਝਣ ਦੀ ਥਾਂ `ਤੇ ਅਸੀਂ ਵੀ ਦੂਜਿਆਂ ਵਾਂਗ ਰੱਬ ਜੀ ਨੂੰ ਮਨੁੱਖੀ ਸਰੀਰ ਸਮਝ ਕੇ ਉਸ ਦੀ ਪੂਜਾ ਕਰ ਰਹੇ ਹਾਂ। ਅਸੀਂ ਵੀ ਇਹ ਭਰਮ ਪਾਲਿਆ ਹੋਇਆ ਹੈ ਕਿ ਰੱਬ ਜੀ ਦੀ ਕੋਈ ਖਾਸ ਕਚਹਿਰੀ ਹੈ ਜਿੱਥੇ ਬੈਠ ਕੇ ਉਹ ਫੈਸਲੇ ਕਰਦਾ ਹੈ। ਆਮ ਕਰਕੇ ਇੰਜ ਹੀ ਸਮਝਿਆ ਜਾ ਰਿਹਾ ਹੈ ਕਿ ਰੱਬ ਜੀ ਆਪਣੀ ਮਰਜ਼ੀ ਅਨੁਸਾਰ ਕਿਸੇ ਥਾਂ `ਤੇ ਸੋਕਾ ਪਾਉਂਦੇ ਹਨ ਤੇ ਕਿਸੇ ਥਾਂ ਵਾਧੂ ਮੀਂਹ ਪਾਈ ਜਾਂਦੇ ਹਨ। ਜੇ ਕੋਈ ਮਨ ਚਾਹੀ ਭਾਵਨਾ ਪੂਰੀ ਹੁੰਦੀ ਤਾਂ ਅਸੀਂ ਫੱਟ ਕਹਿ ਦੇਂਦੇ ਹਾਂ ਕਿ ਪ੍ਰਮਾਤਮਾ ਨੇ ਸਾਡੀ ਨੇੜੇ ਹੋ ਸੁਣੀ ਹੈ ਤੇ ਸਾਡਾ ਕੰਮ ਕਰ ਦਿੱਤਾ ਹੈ। ਇਸ ਦੇ ਵਿਰੁੱਧ ਜਦੋਂ ਸਾਡੀ ਭਾਵਨਾ ਪੂਰੀ ਨਹੀਂ ਹੁੰਦੀ ਤਾਂ ਅਸੀਂ ਇਹ ਵੀ ਕਹਿ ਦੇਂਦੇ ਹਾਂ ਕਿ ਰੱਬ ਜੀ ਨੂੰ ਏਦਾਂ ਹੀ ਭਉਂਦਾ ਸੀ।

ਪਿੱਛਲੇ ਭਾਗ ਵਿੱਚ ਇਹ ਜਾਨਣ ਦਾ ਯਤਨ ਕੀਤਾ ਹੈ ਕਿ ਰੱਬ ਜੀ ਦਾ ਕੋਈ ਰੂਪ ਰੇਖ ਨਹੀਂ ਹੈ ਤੇ ਨਾ ਹੀ ਉਹ ਮਨੁੱਖੀ ਤਲ਼ `ਤੇ ਮਨੁੱਖਾਂ ਵਾਂਗ ਵਿਚਰ ਰਹੇ ਹਨ। ਅਸੀਂ ਪਾਠ ਪੂਜਾ ਰੱਬ ਜੀ ਨੂੰ ਖੁਸ਼ ਕਰਨ ਲਈ ਕਰ ਰਹੇ ਹਾਂ, ਅਸੀਂ ਇਹ ਸਮਝ ਲਿਆ ਹੈ ਕਿ ਜਿਵੇਂ ਕਿਸੇ ਅਫ਼ਸਰ ਨੂੰ ਝੂਠੀ ਸੱਚੀ ਖੁਸ਼ਾਮਦ ਕਰਕੇ ਖੁਸ਼ ਕਰ ਲਈਦਾ ਹੈ ਏਸੇ ਤਰ੍ਹਾਂ ਜੇ ਰੱਬ ਜੀ ਨੂੰ ਅਸਾਂ ਖੁਸ਼ ਕਰ ਲਿਆ ਤਾਂ ਫਿਰ ਸਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਰਹੇਗੀ। ਰੱਬ ਜੀ, ਬਿਨ੍ਹਾਂ ਕੰਮ ਕੀਤਿਆਂ ਸਾਡੀਆਂ ਲੋੜਾਂ ਪੂਰੀਆਂ ਕਰਦੇ ਰਹਿਣਗੇ ਬੱਸ ਦੱਸੀ ਹੋਈ ਵਿਧੀ ਮੂਜਬ ਕੇਵਲ ਪਾਠ ਪੂਜਾ ਹੀ ਕਰਨੀ ਹੈ। ਬਾਕੀ ਜ਼ਿੰਮੇਵਾਰੀ ਰੱਬ ਜੀ ਦੀ ਹੈ ਉਹ ਆਪੇ ਸਾਡੇ ਕਾਰਜ ਕਰਨਗੇ। ਅਸੀਂ ਇਹ ਚਾਹੁੰਦੇ ਹਾਂ ਬੇ-ਸ਼ੱਕ ਕਾਰ ਤੇਜ਼ ਅਸੀਂ ਚਲਾਈਏ ਪਰ ਰੱਬ ਜੀ ਕ੍ਰਿਪਾ ਕਰਕੇ ਸਾਡਾ ਟਕਰਾਅ ਨਾ ਕਰਾਉਣ। ਜਨੀ ਕਿ ਤੇਜ਼ ਕਾਰ ਚਲਾਉਣ ਦੀ ਜ਼ਿੰਮੇਵਾਰੀ ਸਾਡੀ, ਬਚਾ ਦੀ ਜ਼ਿੰਮੇਵਾਰੀ ਰੱਬ ਜੀ ਦੀ। ਰੱਬ ਜੀ ਦਾ ਹੁਕਮ ਕੁਦਰਤ ਵਿੱਚ ਇਕਸਾਰ ਚੱਲ ਰਿਹਾ ਹੈ। ਇਸ ਸਦੀਵ ਕਾਲ ਹੁਕਮ ਵਿੱਚ ਕਰਮ ਸਾਡਾ ਹੈ। ਜੇ ਅਸੀਂ ਕਾਰ ਤੇਜ਼ ਚਲਾਵਾਂਗੇ, ਸੜਕ ਦੇ ਨਿਯਮਾਂ ਦੀ ਅਣਦੇਖੀ ਕਰਾਂਗੇ ਤਾਂ ਟਕਰਾਅ ਦਾ ਵੀ ਖਤਰਾ ਨਾਲ ਹੀ ਚਲਣਾ ਹੈ। ਦਰ-ਅਸਲ ਅਸੀਂ ਆਪਣੀਆਂ ਗਲਤੀਆਂ ਰੱਬ ਜੀ ਦੇ ਖਾਤੇ ਵਿੱਚ ਪਾ ਕੇ ਆਪ ਸਰਖੁਰੂ ਹੋਣਾ ਚਾਹੁੰਦੇ ਹਾਂ।

ਜੇ ਰੱਬ ਜੀ ਦਾ ਕੋਈ ਰੂਪ ਰੰਗ ਨਹੀਂ ਹੈ ਤਾਂ ਉਹ ਸਾਡੇ ਤਥਾ ਸੰਸਾਰ ਵਿੱਚ ਵਿਆਪਕ ਕਿਦਾਂ ਹੈ? ਜੇ ਉਹ ਮਨੁੱਖਾਂ ਵਾਂਗ ਸਰੀਰਕ ਤਲ਼ `ਤੇ ਨਹੀਂ ਹੈ ਤਾਂ ਫਿਰ ਉਸ ਦੀ ਹੋਂਦ ਕਿਸ ਤਰ੍ਹਾਂ ਦੀ ਹੈ? ਇਹ ਇੱਕ ਬਹੁਤ ਅਹਿਮ ਸਵਾਲ ਹੈ ਜਿਸ ਨੂੰ ਗੁਰਬਾਣੀ ਦੀ ਲੋਅ ਵਿੱਚ ਸਮਝਣ ਦਾ ਯਤਨ ਕਰਨਾ ਹੈ।

ਜੋ ਦਿਸਦਾ ਤੇ ਅਣਦਿਸਦਾ ਸੰਸਾਰ ਹੈ ਇਹ ਸਾਰਾ ਪ੍ਰਮਾਤਮਾ ਦੀ ਹੋਂਦ ਹੈ। ਇਸ ਹੋਂਦ ਵਿੱਚ ਉਸ ਦੀ ਹੋਂਦ ਹੈ।

ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥

ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥

ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥

ਪੰਨਾ ੪੬੪

ਪਉਣ, ਪਾਣੀ, ਅੱਗ, ਧਰਤੀ ਦੀ ਖ਼ਾਕ (ਆਦਿਕ ਤੱਤ), ਇਹ ਸਾਰੇ ਤੇਰਾ ਹੀ ਤਮਾਸ਼ਾ ਹਨ। (ਹੇ ਪ੍ਰਭੂ !) ਸਭ ਤੇਰੀ ਕਲਾ ਵਰਤ ਰਹੀ ਹੈ, ਤੂੰ ਕੁਦਰਤ ਦਾ ਮਾਲਕ ਹੈਂ, ਤੂੰ ਹੀ ਇਸ ਖੇਲ ਦਾ ਰਚਨਹਾਰ ਹੈਂ, ਤੇਰੀ ਵਡਿਆਈ ਸੁੱਚੀ ਤੋਂ ਸੁੱਚੀ ਹੈ, ਤੂੰ ਆਪ ਪਵਿੱਤਰ (ਹਸਤੀ ਵਾਲਾ) ਹੈਂ। ਹੇ ਨਾਨਕ ! ਪ੍ਰਭੂ (ਇਸ ਸਾਰੀ ਕੁਦਰਤ ਨੂੰ) ਆਪਣੇ ਹੁਕਮ ਵਿੱਚ (ਰੱਖ ਕੇ) (ਸਭ ਦੀ) ਸੰਭਾਲ ਕਰ ਰਿਹਾ ਹੈ, (ਤੇ ਸਭ ਥਾਈਂ, ਇਕੱਲਾ) ਆਪ ਹੀ ਆਪ ਮੌਜੂਦ ਹੈ।

ਜਿਸ ਤਰ੍ਹਾਂ ਇੱਕ ਕਣਕ ਦੇ ਦਾਣੇ ਨੂੰ ਆਟਾ ਬਣਾ ਖਾਣ ਨਾਲ ਸਰੀਰ ਵਿੱਚ ਬਣਨ ਵਾਲਾ ਖੂਨ ਵੀ ਛੁਪਿਆ ਹੋਇਆ ਹੈ ਤੇ ਉਸ ਕਣਕ ਦੇ ਦਾਣੇ ਵਿੱਚ ਇੱਕ ਬੂਟੇ ਦੀ ਹੋਂਦ ਵੀ ਛੁੱਪੀ ਹੋਈ ਹੈ। ਜੇ ਕਣਕ ਦੇ ਦਾਣਿਆਂ ਦਾ ਆਟਾ ਖਾਵਾਂਗੇ ਤਾਂ ਅਵੱਸ਼ ਖੂਨ ਬਣੇਗਾ ਜੇ ਕਣਕ ਦੇ ਦਾਣਿਆਂ ਨੂੰ ਜ਼ਮੀਨ ਵਿੱਚ ਬੀਜ ਦੇਵਾਂਗੇ ਤਾਂ ਅਵੱਸ਼ ਬੂਟੇ ਵੀ ਪ੍ਰਗਟ ਹੋਣਗੇ। ਇਹ ਕਣਕ ਦੇ ਦਾਣੇ ਦਾ ਮੂਲ ਅਧਾਰ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਨਾ ਤਾਂ ਸਾਨੂੰ ਕਣਕ ਦੇ ਦਾਣੇ ਵਿਚੋਂ ਖੂਨ ਦਿੱਸਦਾ ਹੈ ਤੇ ਨਾ ਹੀ ਸਾਨੂੰ ਇਸ ਦਾਣੇ ਵਿਚੋਂ ਬੂਟਾ ਦਿੱਸਦਾ ਹੈ। ਕਣਕ ਦੇ ਦਾਣੇ ਵਿੱਚ ਖੂਨ ਤਥਾ ਬੂਟੇ ਦੀ ਹੋਂਦ ਛੁਪੀ ਹੋਈ ਹੈ ਜੋ ਇੱਕ ਨਿਯਮ ਦੇ ਤਹਿਤ ਹੀ ਪ੍ਰ੍ਰਗਟ ਹੁੰਦੀ ਹੈ। ਏਸੇ ਤਰ੍ਹਾਂ ਹੀ ਰੱਬ ਜੀ ਸਾਰੀ ਕਾਇਨਾਤ ਵਿੱਚ ਵਿਆਪਕ ਹੈ। ਗੁਰੂ ਅਰਜਨ ਪਾਤਸ਼ਾਹ ਜੀ ਇਸ ਪ੍ਰਥਾਏ ਸੋਰਠਿ ਰਾਗ ਇੱਕ ਬੜਾ ਪਿਆਰਾ ਖ਼ਿਆਲ ਦੇਂਦੇ ਹਨ—

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥

ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥

ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥

ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥

ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥

ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥

ਰਾਗ ਸੋਰਠਿ ਮਹਲਾ ੫ ਪੰਨਾ ੬੧੭

ਰਹਾਉ ਦੀਆਂ ਤੁਕਾਂ ਵਿੱਚ ਰੱਬ ਜੀ ਹਰੇਕ ਸਰੀਰ ਵਿੱਚ ਮੌਜੂਦ ਹਨ। ਉਹ ਮੁਕੰਮਲ ਤੌਰ `ਤੇ ਜਿੱਥੇ ਹਰੇਕ ਸੀਰਰ ਵਿੱਚ ਮੌਜੂਦ ਹੈ ਓੱਥੇ ਧਰਤੀ ਤੇ ਪਾਣੀ ਵਿੱਚ ਵੀ ਰੱਬ ਜੀ ਦੀ ਹੋਂਦ ਮੌਜੂਦ ਹੈ—

ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥

ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥।

ਰੱਬ ਜੀ ਦੀ ਹੋਂਦ ਸਬੰਧੀ ਉਪੋਰਕਤ ਸ਼ਬਦ ਵਿੱਚ ਬਨਾਸਪਤੀ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਬਨਸਪਤੀ ਵਿੱਚ ਅੱਗ ਮੌਜੂਦ ਹੈ ਪਰ ਸਾਨੂੰ ਦਿੱਸਦੀ ਨਹੀਂ ਹੈ। ਇਹ ਅੱਗ ਦਿੱਸਦੀ ਓਦੋਂ ਹੀ ਹੈ ਜਦੋਂ ਤੇਜ਼ ਹਨੇਰੀਆਂ ਨਾਲ ਜੰਗਲ਼ ਦੇ ਦਰੱਖਤ ਆਪਸ ਵਿੱਚ ਟਕਰਾਉਂਦੇ ਤਾਂ ਮੀਲਾਂ ਬੱਧੀ ਜੰਗਲ਼ ਅੱਗ ਦੀ ਭੇਟ ਹੋ ਜਾਂਦੇ ਹਨ। ਦੂਰੋਂ ਅੱਗ ਦੀਆਂ ਲਾਟਾਂ ਦਿੱਸਦੀਆਂ ਹਨ ਪਰ ਉਹਨਾਂ ਲਾਟਾਂ ਵਿੱਚ ਸਿੱਖਰ ਦੀ ਗਰਮੀ ਹੁੰਦੀ ਹੈ। ਦੂਸਰੀ ਉਦਾਹਰਣ ਗੁਰੂ ਪਾਤਸ਼ਾਹ ਜੀ ਦੁੱਧ ਦੀ ਦੇਂਦੇ ਹਨ ਕਿ ਜਿਸ ਤਰ੍ਹਾਂ ਦੁਨੀਆਂ ਦੇ ਹਰ ਪ੍ਰਕਾਰ ਦੇ ਦੁੱਧ ਵਿੱਚ ਘਿਉ ਹੈ ਪਰ ਘਿਓ ਦੀ ਪ੍ਰਾਪਤੀ ਲਈ ਦੁੱਧ ਨੂੰ ਵਿਸ਼ੇਸ਼ ਨਿਯਮ ਦੇ ਵਿੱਚ ਦੀ ਲੰਘਣਾ ਪਏਗਾ ਤਾਂ ਜਾ ਕੇ ਘਿਓ ਦੀ ਪ੍ਰਾਪਤੀ ਹੁੰਦੀ ਹੈ—

ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥

ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥

ਕੀ ਚੰਗਾ ਕੀ ਮੰਦਾ ਹਰੇਕ ਸਰੀਰ ਵਿੱਚ ਉਸ ਦੀ ਜੋਤ ਸਮਾਈ ਹੋਈ ਹੈ। ਪ੍ਰਮਾਤਮਾ ਹਰੇਕ ਸਰੀਰ ਵਿੱਚ ਹੈ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ। ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮੈਂ ਉਸ ਸਰਬ ਵਿਆਪਕ ਪ੍ਰਾਪਤਮਾ ਦੇ ਗੁਣਾਂ ਨੂੰ ਗਾਉਂਦਾ ਹਾਂ ਭਾਵ ਸਦੀਵ ਕਾਲ ਪ੍ਰਭੂ ਦੇ ਗੁਣਾਂ ਦੀ ਵਰਤੋਂ ਕਰਦਾ ਹਾਂ—

ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥

ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥

ਅਕਾਲ ਪਰਖ ਸਭ ਜੀਵਾਂ ਵਿੱਚ ਸਮਾਇਆ ਹੋਇਆ ਹੈ ਪਰ ਉਹ ਮਾਇਕ ਪਦਾਰਥਾਂ ਤੋਂ ਨਿਰਲੇਪ ਹੈ। ਰੱਬ ਜੀ ਦੀ ਪ੍ਰਾਪਤੀ ਸਤਿਗੁਰ ਦੇ ਉਪਦੇਸ਼ ਵਿੱਚ ਸਮਝਾਈ ਗਈ। ਸਤਿਗੁਰ ਦਾ ਉਪਦੇਸ਼ ਸਾਡੇ ਆਪਣੇ ਬੁਣੇ ਹੋਏ ਭਰਮ ਜਾਲ ਨੂੰ ਤੋੜਦਾ ਹੈ। ਇਸ ਦਾ ਭਾਵ ਅਰਥ ਹੈ ਕਿ ਜੇ ਸਾਡੇ ਮਨ ਵਿਚਲੇ ਭਰਮ ਖਤਮ ਹੋ ਜਾਣ ਤਾਂ ਸਹਿਜੇ ਹੀ ਰੱਬ ਜੀ ਦੇ ਗੁਣਾਂ ਵਿੱਚ ਅਭੇਦ ਹੋ ਸਕਦੇ ਹਾਂ। ਰੱਬ ਜੀ ਦੈਵੀ ਗੁਣਾਂ ਦੇ ਖ਼ਜ਼ਾਨੇ ਹਨ ਜੋ ਸਾਡੇ ਜੀਵਨ ਦਾ ਅਧਾਰ ਹਨ।

ਰੱਬ ਜੀ ਦੀ ਹੋਂਦ ਤੇ ਉਸ ਦੀ ਸਰਬ ਵਿਆਪਕਤਾ ਸਬੰਧੀ ਗੁਰੂ ਤੇਗ ਬਹਾਦਰ ਜੀ ਰਾਗ ਧਨਾਸਰੀ ਵਿੱਚ ਇੱਕ ਅਗੰਮੀ ਫਰਮਾਣ ਹੈ--

ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥

ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥

ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥

ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥ ਧਨਾਸਰੀ ਮਹਲਾ ੯ ਪੰਨਾ ੬੮੪

ਰੱਬ ਜੀ ਦੀ ਪ੍ਰਾਪਤੀ ਸਬੰਧੀ ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਰਿਹਾ ਹੈ। ਕੋਈ ਇਹ ਸਮਝਦਾ ਹੈ ਕਿ ਰੱਬ ਜੀ ਸਤਵੇਂ ਅਸਮਾਨ `ਤੇ ਰਹਿੰਦੇ ਹਨ। ਕੋਈ ਕਹਿੰਦਾ ਹੈ ਕਿ ਰੱਬ ਜੀ ਦੇ ਵੱਖਰੇ ਵੱਖਰੇ ਵਿਭਾਗ ਹਨ ਤੇ ਅੱਗੇ ਉਸ ਦੇ ਵੱਖਰੇ ਵੱਖਰੇ ਕਰਿੰਦੇ ਹਨ ਜੋ ਅਗਾਂਹ ਦੁਨੀਆਂ ਦਾ ਕਾਰ-ਵਿਹਾਰ ਚਲਾਉਂਦੇ ਹਨ। ਕਿਸੇ ਮਨੁੱਖ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਰੱਬ ਜੀ ਜੰਗਲ਼ਾਂ ਵਿੱਚ ਰਹਿੰਦੇ ਹਨ। ਰੱਬ ਸਬੰਧੀ ਜਿੰਨੇ ਮੂੰਹ ਓਨੀਆਂ ਗੱਲਾਂ ਬਣਾਈਆਂ ਹੋਈਆਂ ਹਨ।

ਜਿਹੜੇ ਲੋਕ ਜੰਗਲ਼ਾਂ ਵਿੱਚ ਜਾ ਕੇ ਰੱਬ ਜੀ ਨੂੰ ਲੱਭਣ ਲਈ ਆਪਣੀਆਂ ਜ਼ਿੰਦਗੀਆਂ ਗਾਲ਼ ਰਹੇ ਉਹਨਾਂ ਨੂੰ ਗੁਰੂ ਸਾਹਿਬ ਜੀ ਸਮਝਾ ਰਹੇ ਹਨ, ਕਿ “ਐ ਬੰਦਿਆ! ਤੂੰ ਕਿਉਂ ਜੰਗਲ਼ਾਂ ਵਿੱਚ ਜਾ ਕੇ ਆਪਣੇ ਕੀਮਤੀ ਜੀਵਨ ਨੂੰ ਬਰਬਾਦ ਕਰ ਰਿਹਾ ਏਂ? ਰੱਬ ਜੀ ਤਾਂ ਸਰਬ ਵਿਆਪਕ ਹਨ। ਮਾਇਆ ਤੋਂ ਨਿਰਲੇਪ ਰਹਿਣ ਵਾਲਾ ਤੇਰੇ ਹਿਰਦੇ ਵਿੱਚ ਵੀ ਵੱਸ ਰਿਹਾ ਹੈ ਪਰ ਤੂੰ — “ਕਾਹੇ ਰੇ ਬਨ ਖੋਜਨ ਜਾਈ ॥ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ” ॥

ਗੁਰੂ ਸਾਹਿਬ ਜੀ ਫੁੱਲ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਇੱਕ ਫੁੱਲ ਵਿੱਚ ਸੁਗੰਧੀ ਹੈ ਪਰ ਉਹ ਸਾਨੂੰ ਦਿੱਸਦੀ ਨਹੀਂ ਹੈ। ਦੂਜੀ ਉਦਾਹਰਣ ਸ਼ੀਸ਼ੇ ਦੀ ਦੇਂਦੇ ਹਨ ਕਿ ਜਿਸ ਤਰ੍ਹਾਂ ਸ਼ੀਸ਼ਾ ਦੇਖਣ ਨਾਲ ਸਾਨੂੰ ਆਪਣਾ ਪ੍ਰਛਾਵਾਂ ਦਿੱਸਦਾ ਹੈ, ਏਸੇ ਤਰ੍ਹਾਂ ਹੀ ਰੱਬ ਜੀ ਸਾਡੇ ਨਾਲ ਹਨ ਜਦੋਂ ਸ਼ਬਦਾਂ ਦੀ ਵਿਚਾਰ ਦੁਆਰਾ ਸਮਝਣ ਦਾ ਯਤਨ ਕਰਾਂਗੇ ਤਾਂ ਅਵੱਸ਼ ਸਾਨੂੰ ਆਪਣੇ ਫ਼ਰਜ਼ ਦੀ ਪਹਿਚਾਣ ਹੋਏਗੀ। ਆਪਣੇ ਮੂਲ ਦੀ ਪਹਿਚਾਣ ਹੋਵੇਗੀ। ਇੱਕ ਵਿਦਵਾਨ ਜੀ ਹੁਰਾਂ ਮੁੱਕਰ ਦੇ ਅਰਥ ਲਕੜੀ ਵੀ ਕੀਤੇ ਹਨ ਕਿ ਜਿਸ ਤਰ੍ਹਾਂ ਲਕੜੀ ਵਿੱਚ ਛਾਈ ਭਾਵ ਸੁਆਹ ਭਾਵ ਅਗਨੀ ਹੈ ਏਸੇ ਤਰ੍ਹਾਂ ਪ੍ਰਭੂ ਜੀ ਸਾਡੇ ਹਿਰਦੇ ਵਿੱਚ ਹਨ। ਫੁੱਲ ਦੀ ਸੁਗੰਧੀ ਵਾਂਗ ਰੱਬ ਜੀ ਸਾਡੇ ਹਿਰਦੇ ਵਿੱਚ ਸਮਾਏ ਹੋਏ ਹਨ। ਫੁੱਲ ਸੁਗੰਧੀ ਦੇਂਦਾ ਹੈ ਤੇ ਰੱਬੀ ਗੁਣ ਵੀ ਸਾਡੇ ਜੀਵਨ ਵਿਚੋਂ ਸੁਗੰਧੀ ਦੇਂਦੇ ਹਨ। ਜਿਸ ਤਰ੍ਹਾਂ ਸ਼ੀਸ਼ੇ ਵਿਚੋਂ ਆਪਣਾ ਮੂੰਹ ਦਿੱਸਦਾ ਹੈ, ਲਿਹਾਜਾ ਏਸੇ ਤਰ੍ਹਾਂ ਅਸੀਂ ਆਪਣੇ ਅੰਦਰੋਂ ਗੁਣਾਂ ਰੂਪੀ ਰੱਬ ਜੀ ਦੇਖਣਾ ਹੈ— “ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ” ॥

ਸਾਡੀ ਅੰਦਰਲੀ ਚੇਤਨਤਾ ਤੇ ਗਿਆਨ ਇੰਦ੍ਰਿਆਂ ਵਿੱਚ ਤੇ ਬਾਹਰ ਹਰ ਥਾਂ `ਤੇ ਰੱਬ ਜੀ ਨੂੰ ਵੱਸਦਾ ਦੇਖਣ ਦਾ ਯਤਨ ਕਰਨਾ ਹੈ। ਜਿਨਾਂ ਚਿਰ ਆਪਣੇ ਆਪ ਨੂੰ ਪਰਖਣ ਦੀ ਕੋਸ਼ਿਸ ਨਹੀਂ ਕਰਦਾ ਉਨ੍ਹਾ ਚਿਰ ਇਸ ਨੂੰ ਆਪਣੇ ਅੰਦਰ ਬੈਠੇ ਰੱਬ ਦਾ ਅਹਿਸਾਸ ਨਹੀਂ ਹੋ ਸਕਦਾ। ਮਨ ਦੀ ਭਟਕਣਾ ਦਾ ਜਾਲਾ ਗੁਰ-ਗਿਆਨ ਦੁਆਰਾ ਹੀ ਉੱਤਰਨਾ ਹੈ--- ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ ਲੰਬਾ ਸਮਾਂ ਇੱਕ ਜਗ੍ਹਾ ਪਾਣੀ ਖੜਾ ਰਹੇ ਤਾਂ ਉਸ ਵਿੱਚ ਹਰੇ ਰੰਗ ਦਾ ਜਾਲਾ ਜੰਮ ਜਾਂਦਾ ਹੈ। ਇਹ ਜਾਲਾ ਪਾਣੀ ਨੂੰ ਜ਼ਮੀਨ ਵਿੱਚ ਰਚਣ ਨਹੀਂ ਦੇਂਦਾ। ਏਸੇ ਤਰ੍ਹਾਂ ਹੀ ਜੇ ਵਿਕਾਰਾਂ ਦੀ ਤਹਿ ਮਨੁੱਖੀ ਮਨ `ਤੇ ਚੜ੍ਹੀ ਹੋਈ ਹੈ ਤਾਂ ਇਸ ਦੀ ਚੇਤਨਤਾ ਵਿੱਚ ਰੱਬੀ ਗੁਣਾਂ ਦਾ ਟਿਕਾਅ ਨਹੀਂ ਹੋ ਸਕਦਾ।

ਹਜ਼ਾਰਾਂ ਮਣਕਿਆਂ ਨੂੰ ਇੱਕ ਧਾਗੇ ਨੇ ਇੱਕ ਥਾਂ ਬੰਨ ਕੇ ਰੱਖਿਆ ਹੁੰਦਾ ਹੈ। ਇੱਕ ਕਪੜਾ ਤਾਂ ਹੀ ਤਿਆਰ ਹੁੰਦਾ ਹੈ ਜੇ ਉਸ ਵਿੱਚ ਤਾਣਾ ਤੇ ਪੇਟਾ ਪਾਇਆ ਜਾਏ। ਏਸੇ ਤਰ੍ਹਾਂ ਹੀ ਪ੍ਰਾਮਤਮਾ ਸਾਰੇ ਜੀਵਾਂ ਵਿੱਚ ਤਥਾ ਸਾਰੇ ਸੰਸਾਰ ਵਿੱਚ ਰਵਿਆ ਹੋਇਆ ਹੈ ਜੇਹਾ ਭਗਤ ਨਾਮਦੇਵ ਜੀ ਆਸਾ ਰਾਗ ਵਿੱਚ ਫਰਮਾਉਂਦੇ ਹਨ—

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥

ਸੂਤੁ ਏਕੁ ਮਣਿ ਸਤ ਸਹੰਸ ਜੈਸੇ, ਓਤਿ ਪੋਤਿ ਪ੍ਰਭੁ ਸੋਈ ॥੧॥

ਰਾਗ ਆਸਾ ਬਾਣੀ ਭਗਤ ਨਾਮਦੇਵ ਜੀ ਕੀ ਪੰਨਾ ੪੮੫

ਸਮੁੰਦਰ ਦੇ ਕਿਨਾਰੇ `ਤੇ ਖਲੋ ਕੇ ਦੇਖਿਆਂ ਪਤਾ ਚੱਲਦਾ ਹੈ ਕਿੰਨੇ ਬੁਲਬਲੇ, ਕਿੰਨੀਆਂ ਪਾਣੀ ਦੀਆਂ ਲਹਿਰਾਂ ਜਨਮ ਲੈਂਦੀਆਂ ਹਨ `ਤੇ ਨਾਲ ਹੀ ਪਾਣੀ ਵਿੱਚ ਰਲ਼ਦੀਆਂ ਜਾਂਦੀਆਂ ਹਨ। ਦੇਖਣ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਪਾਣੀਆਂ ਦੇ ਬੁਲਬਲੇ ਤੇ ਲਹਿਰਾਂ ਵੱਖੋ ਵੱਖਰੀ ਹੋਂਦ ਰੱਖਦੀਆਂ ਹੋਣ, ਪਰ ਅਸਲ ਵਿੱਚ ਇਹ ਪਾਣੀ ਦਾ ਹੀ ਮੂਲ ਰੂਪ ਹਨ ਕੁੱਝ ਏਸੇ ਤਰ੍ਹਾਂ ਸੰਸਾਰ `ਤੇ ਪ੍ਰਮਾਤਮਾ ਦੇਖਣ ਨੂੰ ਵੱਖਰੀ ਵੱਖਰੀ ਹਸਤੀ ਲੱਗਦੀ ਹੈ। ਅਸਲ ਵਿੱਚ ਇਹ ਸਾਰਾ ਰੱਬ ਜੀ ਦਾ ਹੀ ਖਿਲਾਰਾ ਹੈ `ਤੇ ਇਸ ਖਿਲਾਰੇ ਵਿੱਚ ਸਦੀਵ ਨਿਯਮ ਦੇ ਰੂਪ ਉਹ ਆਪ ਬੈਠਾ ਹੋਇਆ ਹੈ—

ਜਲ ਤਰੰਗ ਅਰੁ ਫੇਨ ਬੁਦਬੁਦਾ, ਜਲ ਤੇ ਭਿੰਨ ਨ ਹੋਈ ॥

ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ, ਬਿਚਰਤ ਆਨ ਨ ਹੋਈ ॥

ਰਾਗ ਆਸਾ ਬਾਣੀ ਭਗਤ ਨਾਮਦੇਵ ਜੀ ਕੀ ਪੰਨਾ ੪੮੫

ਭਗਤ ਨਾਮਦੇਵ ਜੀ ਨੇ ਵਿਚਾਰਣ ਦੇ ਵਿਸ਼ੇ `ਤੇ ਜ਼ੋਰ ਦੇਂਦਿਆਂ ਸਮਝਾਇਆ ਹੈ ਰੱਬ ਜੀ ਦੀ ਰਚੀ ਹੋਈ ਰਚਨਾ ਇੱਕ ਖੇਲ ਹੈ ਜੋ ਸਦੀਵ ਕਾਲ ਇੱਕ ਬੱਝਵੇਂ ਨਿਯਮ ਵਿੱਚ ਚਲ ਰਹੀ ਦਿੱਸਦੀ ਹੈ। ਜੇ ਵਿਚਾਰਵਾਨ ਬਣ ਕੇ ਦੇਖਾਂਗੇ ਤਾਂ ਸਾਨੂੰ ਸਾਰਿਆਂ ਵਿੱਚ ਉਸ ਦਾ ਹੀ ਰੂਪ ਨਜ਼ਰ ਆਏਗਾ—

ਕਹਤ ਨਾਮਦੇਉ ਹਰਿ ਕੀ ਰਚਨਾ, ਦੇਖਹੁ ਰਿਦੈ ਬੀਚਾਰੀ ॥

ਘਟ ਘਟ ਅੰਤਰਿ ਸਰਬ ਨਿਰੰਤਰਿ, ਕੇਵਲ ਏਕ ਮੁਰਾਰੀ॥

ਰਾਗ ਆਸਾ ਬਾਣੀ ਭਗਤ ਨਾਮਦੇਵ ਜੀ ਕੀ ਪੰਨਾ ੪੮੫

ਰੱਬ ਜੀ ਦੀ ਸਰਬ ਵਿਆਪਕਤਾ ਸਬੰਧੀ ਗੁਰੂ ਨਾਨਕ ਸਾਹਿਬ ਜੀ ਇੱਕ ਬੜੀ ਪਿਆਰੀ ਉਦਾਹਰਣ ਦੇਂਦਿਆਂ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਚਾਦਨੀ ਰਾਤ ਵਿੱਚ ਸੈਂਕੜੇ ਘੜੇ ਪਾਣੀ ਨਾਲ ਭਰੇ ਹੋਣ ਤਾਂ ਹਰੇਕ ਘੜੇ ਵਿਚੋਂ ਚੰਦ੍ਰਮਾ ਦਾ ਪ੍ਰਛਾਵਾਂ ਦਿਸੇਗਾ---

ਹਭ ਸਮਾਣੀ ਜੋਤਿ, ਜਿਉ ਜਲ ਘਟਾਊ ਚੰਦ੍ਰਮਾ ॥

ਪਰਗਟੁ ਥੀਆ ਆਪਿ, ਨਾਨਕ ਮਸਤਕਿ ਲਿਖਿਆ ॥੨॥

ਸਲੋਕ ਮ: ੫ ਪੰਨਾ ੧੦੯੯ ੁ

ਹੇ ਨਾਨਕ ! ਪ੍ਰਭੂ ਦੀ ਜੋਤਿ ਤਾਂ ਹਰ ਥਾਂ ਸਮਾਈ ਹੋਈ ਹੈ (ਮੌਜੂਦ ਹੈ) ਜਿਵੇਂ ਪਾਣੀ ਦੇ ਘੜਿਆਂ ਵਿੱਚ ਚੰਦ੍ਰਮਾ (ਦਾ ਪ੍ਰਤਿਬਿੰਬ) ਹੈ । (ਪਰ ਮਾਇਆ-ਵੇੜ੍ਹੇ ਜੀਵ ਨੂੰ ਆਪਣੇ ਅੰਦਰ ਉਸ ਦਾ ਦੀਦਾਰ ਨਹੀਂ ਹੁੰਦਾ)। ਜਿਸ ਮਨੁੱਖ ਦੇ ਮੱਥੇ ਉਤੇ (ਪੂਰਬਲਾ) ਲਿਖਿਆ ਲੇਖ ਜਾਗਦਾ ਹੈ, ਉਸ ਦੇ ਅੰਦਰ ਪ੍ਰਭੂ ਦੀ ਜੋਤਿ ਪਰਤੱਖ ਹੋ ਪੈਂਦੀ ਹੈ।

ਏੱਥੇ ਸਵਾਲ ਪੈਦਾ ਹੁੰਦਾ ਹੈ ਕਿ ਮੱਥੇ `ਤੇ ਜੋ ਪੂਰਬਲੇ ਕਰਮ ਲਿਖੇ ਹਨ ਕੀ ਉਸ ਦੇ ਅਧਾਰਤ ਰੱਬ ਦੀ ਜੋਤ ਪ੍ਰਗਟ ਹੋਣੀ ਹੈ। ਇਸ ਦੀ ਇੱਕ ਮਿਸਾਲ ਸਮਝਦੇ ਹਾਂ ਜਿਸ ਤਰ੍ਹਾਂ ਕੋਈ ਵਿਦਿਆਰਥੀ ਛੇਵੀਂ ਜਮਾਤ ਵਿੱਚ ਪੜ੍ਹਦਾ ਹੋਇਆ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦਾ ਹੈ ਤਾਂ ਉਸ ਨੂੰ ਸੱਤਵੀਂ ਜਮਾਤ ਵਿੱਚ ਦਾਖਲਾ ਮਿਲ ਜਾਏਗਾ। ਉਹਦੀ ਅੰਦਰਲੀ ਪ੍ਰਤਿਭਾ ਉਸ ਨੂੰ ਸਤਵੀਂ ਜਮਾਤ ਵਿੱਚ ਲੈ ਗਈ। ਓਦ੍ਹੇ ਮੱਥੇ `ਤੇ ਛੇਵੀਂ ਜਮਾਤ ਦੀ ਵਿਦਿਆ ਲਿਖੀ ਗਈ ਭਾਵ ਛੇਵੀਂ ਜਮਾਤ ਦਾ ਗਿਆਨ ਹਾਸਲ ਕਰ ਲਿਆ ਤੇ ਸਤਵੀਂ ਵਿੱਚ ਚਲਾ ਗਿਆ। ਏਸੇ ਤਰ੍ਹਾਂ ਜੇ ਰੱਬ ਜੀ ਦੇ ਗੁਣ ਜੋ ਗੁਰਬਾਣੀ ਦੱਸਦੀ ਹੈ ਉਹਨਾਂ ਨੂੰ ਜਿਸ ਦਿਨ ਤੋਂ ਧਾਰਨ ਕਰਦਾ ਹੈ ਉਸ ਤੋਂ ਅਗਲੇ ਸਮੇਂ ਵਿੱਚ ਉਸ ਦਾ ਉਹ ਪੂਰਬਲਾ ਕਰਮ ਬਣਦਾ ਹੈ। ਭਾਵ ਕੇ ਏਸੇ ਜੀਵਨ ਵਿੱਚ ਜਦੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਰੱਬੀ ਗੁਣ ਪ੍ਰਗਟ ਹੋਣੇ ਸ਼ੁਰੂ ਹੁੰਦੇ ਹਨ।

ਧਨਾਸਰੀ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮੈਂ ਜਿਸ ਪਾਸੇ ਵੀ ਦੇਖਦਾ ਹਾਂ ਰੱਬ ਜੀ ਦਾ ਹੀ ਪਸਾਰਾ ਲੱਗਦਾ ਹੈ—

ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥

ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥

ਆਪਣੇ ਮਨ ਨੂੰ ਸਲਾਹ ਦੇਂਦਿਆਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਮਨ ਤੂੰ ਉਸ ਸਰਬ ਵਿਆਪਕ ਰੱਬ ਜੀ ਨੂੰ ਸਦਾ ਧਿਆਇਆ ਕਰ। ਭਾਵ ਉਸ ਦੇ ਗੁਣਾਂ ਨੂੰ ਸਮਝ ਕੇ ਉਸ ਦੀ ਸਦੀਵ ਕਾਲ ਨਿਯਮਾਵਲੀ ਵਿੱਚ ਚੱਲਣ ਦਾ ਯਤਨ ਕਰ।

ਗੁਰੂ ਤੇਗ ਬਹਾਦਰ ਜੀ ਦਾ ਫੁਰਮਾਣ ਹੈ ਕਿ ਪ੍ਰਮਾਤਮਾ ਹਰੇਕ ਸਰੀਰ ਵਿੱਚ ਵੱਸਿਆ ਹੋਇਆ ਹੈ। ਉਸ ਦੇ ਸਦੀਵ ਕਾਲ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਸਕੀਦਾ ਹੈ---

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥

ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥ ਸਲੋਕ ਮ: ੯ ਪੰਨਾ ੧੪੨੭

ਗੁਰੂ ਅਰਜਨ ਪਾਤਸ਼ਾਹ ਜੀ ਰਾਗ ਦੇਵ ਗੰਧਾਰੀ ਵਿੱਚ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਲਕੜੀ ਵਿੱਚ ਅੱਗ ਹੈ ਤੇ ਜੁਗਤ ਤੋਂ ਬਿਨਾਂ ਕਾਰਜ ਨਹੀਂ ਸਵਾਰ ਸਕਦੀ ਕੁੱਝ ਏਸੇ ਤਰ੍ਹਾਂ ਹੀ ਰੱਬ ਜੀ ਸਾਡੇ ਹਿਰਦੇ ਵਿੱਚ ਬੈਠੈ ਹਨ ਪਰ ਗੁਰੂ-ਜੁਗਤ ਤੋਂ ਬਿਨ੍ਹਾਂ ਰੱਬੀ ਗੁਣਾਂ ਨੂੰ ਸਮਝਣਾ ਔਖਾ ਹੈ—

ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥

ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥ ਪੰਨਾ ੫੩੫

ਰੱਬੀ ਹੋਂਦ ਸਰਬ ੁਵਿਆਪਕ ਹੈ ਜੋ ਇੱਕ ਸਦੀਵ ਕਾਲ ਬੱਝਵੇਂ ਨਿਯਮ ਤਹਿਤ ਚੱਲ ਰਹੀ ਹੈ ਜਿਸ ਨੂੰ ਗੁਰਬਾਣੀ ਹੁਕਮ ਫਰਮਾਉਂਦੀ ਹੈ ਕਿ ਸਾਰਾ ਸੰਸਾਰ ਹੀ ਰੱਬ ਜੀ ਦੇ ਹੁਕਮ ਵਿੱਚ ਚੱਲ ਰਿਹਾ ਹੈ—

ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ ॥੨ ਪੰਨਾ ੧




.