.

ਦ੍ਰਿਸਟਿਮਾਨ ਹੈ ਸਗਲ ਬਿਨਾਸੀ

ਸੁਖਮਨੀ ਦੀ ਰਚਨਾ ਕਰਨ ਉਪ੍ਰੰਤ ਸਤਿਗੁਰੂ ਜੀ ਦੀ ਜ਼ਬਾਨੀ ਵੀ ਕੇਵਲ ਸਵੇਰ ਵੇਲੇ ਪਾਠ ਕਰਨ ਦੀ ਹੀ ਗੱਲ ਦਰਸਾਈ ਹੈ, ਉਸ ਤੋਂ ਮਿਲਦੀ ਸਿਖਿਆ ਅਨੁਸਾਰ ਜੀਵਨ ਢਾਲ ਲੈਣ ਦੀ ਗੱਲ ਸਾਰੀ ਪੁਸਤਕ ਵਿਚ, ਕਿਤੇ ਨਹੀ ਮਿਲਦੀ। ਇੱਕ ਪਾਸੇ ਤਾਂ ਸੁਖਮਨੀ ਸਾਹਿਬ ਦੇ ਪਾਠ ਤੋਂ (402 ਚੌਪਈ ਤਕ)) ਸਾਰੇ ਸੁਖ ਤੇ ਪਦਾਰਥ ਮਿਲਦੇ ਦਰਸਾ ਲਏ ਫਿਰ ਝਟ ਪਟ ਨਾਲ ਹੀ ਉਸ ਬੇਰੀ ਦੀ ਮਹਿਮਾਂ ਸਗੋਂ ਸੁਖਮਨੀ ਸਾਹਿਬ ਨਾਲੋਂ ਵੀ ਅਗਾਂਹ ਟਪਾਈ ਜਾ ਰਹੀ ਹੈ, ਜਿਸ ਦੇ ਹੇਠਾਂ ਬੈਠ ਕੇ ਸੁਖਮਨੀ ਸਾਹਿਬ ਲਿਖਣ ਦੀ ਗੱਲ ਉਚੇਚੀ ਗੰਢ ਲਈ ਸੀ। ਸਤਿਗੁਰਾਂ ਨੇ ਉਸੇ ਤੰਬੂ ਵਿੱਚ ਹੀ ਸੁਖਮਨੀ ਸਾਹਿਬ ਬਾਣੀ ਕਿਉਂ ਨਹੀਂ ਸੀ ਲਿਖਣੀ ਜਿਸ ਵਿੱਚ ਬਾਕੀ ਗੁਰਬਾਣੀ ਇੱਕ ਥਾਂ ਬੈਠ ਕੇ ਲਿਖੀ ਜਾ ਰਹੀ ਸੀ? ਜਿਹੜੇ ਸਿਖ-ਸੇਵਕ ਹਾਜ਼ਰ ਸਨ, ਉਨ੍ਹਾਂ ਨੇ ਤਾਂ ਕੁੱਝ ਲਿਖਿਆ ਨਹੀਂ, ਹੁਣ ਸੈਕੜੇ ਸਾਲਾਂ ਮਗਰੋਂ ਪ੍ਰਗਟ ਹੋਇਆ ਇਹ ਲਿਖਾਰੀ ਇੱਕ ਅਕਾਲ ਦੇ ਪੁਜਾਰੀ ਖ਼ਾਲਸਾ ਜੀ ਨੂੰ ਥਾਂ ਥਾਂ ਤੇ ਰੁਖਾਂ ਦਾ, ਜਲ ਦਾ, ਅਥਵਾ ਕੰਧਾਂ ਕੋਠਿਆਂ ਦਾ ਪੁਜਾਰੀ ਬਣਾਈ ਤੁਰਿਆ ਆ ਰਿਹਾ ਹੈ। ਹੁਣ ਬੇਰੀ ਬਾਰੇ ਇਉ ਲਿਖ ਦਿੱਤਾ:-

ਸੁਖਮਨੀ ਫਲ ਤਿਹ ਪ੍ਰਾਪਤਿ ਹੋਵੈ। ਬੇਰੀ ਕੇ ਦਰਸਨ ਦੁਖ ਖੋਵੈ।

ਬੇਰੀ ਪਾਪ ਨਿਬੇਰੀ ਜਾਨੋ। ਜਾ ਕੋ ਦਰਸ ਸਗਲ ਅਘ ਹਾਨੋ॥ 404॥

ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਖੇਚਲ ਵੀ ਮੁਕਾ ਦਿੱਤੀ। ਬੇਰੀ ਦੇ ਦਰਸ਼ਨਾ ਤੋਂ ਹੀ ਸੁਖਮਨੀ ਸਾਹਿਬ ਦੇ ਪਾਠ ਦਾ ਫਲ ਅਤੇ ਵਾਧਾ ਇਹ ਕਿ, ਬੇਰੀ ਸਾਰੇ ਪਾਪਾਂ ਦਾ ਨਿਬੇੜਾ ਕਰਨ ਵਾਲੀ ਵੀ ਦਰਸਾ ਦਿੱਤੀ। ਫਿਰ ਵੱਡਾ ਵਾਧਾ ਇਹ ਕਿ, ਸਾਰੇ ਸਿਰਮੌਰ ਜਥੇਦਾਰ ਸਾਹਿਬਾਨ ਦੇ ਪ੍ਰਸੰਸਾ ਪੱਤਰ ਅਤੇ S.G.P.C. ਦੀ ਮੋਹਰ? ਕਿਵੇ ਰਹਿ ਜਾਣਗੇ ਖ਼ਾਲਸਾ ਜੀ ਏਕਤਾ ਦੇ ਪੁਜਾਰੀ?

ਇਸ ਵਿਸ਼ਵਾਸ਼ ਘਾਤੀ ਧੰਦੂਘਾਰੇ ਵਿਚੋਂ ਸਹੀ ਸਲਾਮਤ ਬਚ ਨਿਕਲਣ ਲਈ ਆ ਜਾਉ ਮੁੜ ਆਪਣੇ ਸਤਿਗੁਰੂ ਜੀ ਦੇ ਗਿਆਨ-ਛੱਤਰ ਦੀ ਛਾਂਵੇ {ਸਤਿਗੁਰੂ ਜੀ ਵਾਜਾਂ ਮਾਰ ਮਰ ਕੇ ਸਾਨੂੰ ਬੜਾ ਸਪੱਸ਼ਟ ਅਤੇ ਸਦੀਵੀ ਸਚਾਈ ਵਾਲਾ ਸਿਧਾਂਤ ਬਖ਼ਸ਼ਸ਼ ਕਰ ਰਹੇ ਹਨ, ਕਿ ਅੱਖੀਆਂ ਨਾਲ ਵੇਖੀ ਜਾਣ ਵਾਲੀ ਸੰਸਾਰ ਦੀ ਹਰ ਵਸਤੂ ਭਾਵ ਇਹ ਦਿਸਦਾ ਸੰਸਾਰ ਪਸਾਰਾ ਜੀਵ ਜੰਤ ਸਭ ਕੁੱਝ ਨਾਸਵੰਤ ਹੈ-ਦ੍ਰਿਸਟਿਮਾਨ ਹੈ ਸਗਲ ਮਿਥੇਨਾ॥ {1083॥ - ਦਿਸਦਾ ਸਾਰਾ ਸੰਸਾਰ ਆਪਣੇ ਅੰਤ ਵਲ ਨੂੰ ਨਿਰੰਤਰ ਚਾਲੇ ਪਿਆ ਘਟਦਾ ਘਟਦਾ ਆਪਣੇ ਖ਼ਾਤਮੇ ਦੇ ਨੇੜੇ ਪੁੱਜ ਰਿਹਾ ਹੈ:-

ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖ੍ਯ੍ਯਤ੍ਰ ਗਗਨੰ॥ ਘਟੰਤ ਬਸੁਧਾ ਗਿਰਿ ਤਰ ਸਿਖੰਡੰ॥

ਘਟੰਤ ਲਲਨਾ ਸੁਤ ਭ੍ਰਾਤ ਹੀਤੰ॥ ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ॥ ਨਹ ਘਟੰਤ ਕੇਵਲ

ਗੋਪਾਲ ਅਚੁਤ॥ ਅਸਥਿਰੰ ਨਾਨਕ ਸਾਧ ਜਨ॥ 9 {1354}

ਅਰਥ:-ਘਟੰਤ=ਭਾਵ, ਹਰ ਪਲ ਘਟ ਰਹੇ ਹਨ, ਨਾਸਵੰਤ ਹਨ ਸੋ, ਰੂਪ ਨਾਸਵੰਤ ਹੈ, ਦੀਪ- (ਧਰਤੀਆਂ) ਨਾਸਵੰਤ ਹਨ, ਸੂਰਜ, ਚੰਦ੍ਰਮਾ ਤਾਰੇ ਆਕਾਸ਼ ਨਾਸਵੰਤ ਹਨ, ਧਰਤੀ ਉਤਲੇ ਉਚੇ ਉਚੇ ਪਹਾੜ ਨਾਸਵੰਤ ਹਨ, ਇਸਤ੍ਰੀ ਪੁੱਤਰ ਭਰਾ ਤੇ ਸੰਬੰਧੀ ਨਾਸਵੰਤ ਹਨ, ਸੋਨਾ, ਮੋਤੀ ਮਾਇਆ ਦੇ ਸਾਰੇ ਸਰੂਪ ਨਾਸਵੰਤ ਹਨ। ਹੇ ਨਾਨਕ! ਕੇਵਲ ਅਬਿਨਾਸ਼ੀ ਪ੍ਰਭੂ ਨਾਸਵੰਤ ਨਹੀਂ ਹੈ, ਅਤੇ ਉਸ ਦੀ ਸਾਧ-ਸੰਗਤਿ ਵੀ ਥਿਰ ਹੈ। 9.

ਸਤਿਗੁਰੂ ਜੀ ਦਾ ਫ਼ੁਰਮਾਨ ਹੈ ਕਿ, ਕੇਵਲ, ਅਬਿਨਾਸ਼ੀ ਪਰਮਾਤਮਾ ਤੋਂ ਬਿਨਾ ਕਿਸੇ ਵੀ ਦ੍ਰਿਸ਼ਟਮਾਨ ਨਾਲ ਕੋਈ ਮੋਹ ਪਾਉਣਾ ਦੁਖਾਂ ਦਾ ਕਾਰਨ ਬਣਦਾ ਹੈ। ਦ੍ਰਿਸ਼ਟਮਾਨ ਪਦਾਰਥਾਂ ਦਾ ਮੋਹ ਪਰਮਾਤਮਾ ਤੋਂ ਦੂਰੀ ਦਾ ਕਰਨ ਬਣਦਾ ਹੈ। ਅਸੀ ਮੋਹ ਤੋਂ ਅਗਾਂਹ ਲੰਘ ਤੁਰੇ, ਰੁਖਾਂ, ਸਰੋਵਰਾਂ, ਕੋਠਿਆਂ ਆਦਿ ਕਈ ਤਰ੍ਹਾਂ ਦੇ ਦ੍ਰਿਸ਼ਟਮਾਨ ਪਦਾਰਥਾਂ ਨੂੰ ਸੁਖਾਂ ਦੇ ਦਾਤੇ ਥਾਪ ਰਹੇ ਹਾਂ। ਇਸ ਬਾਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੁਰਮਾਨ:-ਨਦਰੀ ਆਵੈ ਤਿਸੁ ਸਿਉ ਮੋਹੁ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ॥ ਕਰਿ ਕਿਰਪਾ ਮੋਹਿ ਮਾਰਗਿ ਪਾਵਹੁ॥ ਸਾਧਸੰਗਤਿ ਕੈ ਅੰਚਲਿ ਲਾਵਹੁ॥ 1 {801}

ਭਰਮੀ ਲੋਕਾਂ ਦੀਆਂ ਸੱਧਰਾਂ ਪੂਰੀਆਂ ਕਰਨ ਵਾਲੀ (ਸ੍ਰੀ ਦਰਬਾਰ ਸਾਹਿਬ ਅੰਮ੍ਰਿਤ) ਸਰੋਵਰ ਦੇ ਕੰਢੇ ਤੇ ਲੱਗੀ, ਕਥਿਤ ਦੁਖਭੰਜਨੀ ਬੇਰੀ 1973 ਵਿੱਚ ਸੁੱਕ ਗਈ ਸੀ। ਪਰ ਠੱਗੀਆਂ ਦੀ ਕਮਾਈ ਤੇ ਮੌਜਾਂ ਮਾਣ ਰਹਿਆਂ ਕਥਿਤ ਅੰਮ੍ਰਿਤਧਾਰੀ ਪੁਜਾਰੀਆਂ ਨੇ ਕਿਤੋਂ ਤਾਜ਼ਾ-ਦਮ ਬੇਰੀ ਹੋਰ ਲਿਆ ਗੱਡੀ। ਹੁਣ ਉਹ ਮੁਟਿਆਰ ਹੋਈ ਨਵੀਂ ਬੇਰੀ, ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲੀ-ਝੂਠ ਸੇਵਾ ਨਿਭਾ ਰਹੀ ਹੈ।

“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ” ਸਤਿਗੁਰੂ ਜੀ ਦੇ ਇਸ ਪਾਵਨ ਬਚਨ ਨੂੰ ਵਿਸਾਰ ਕੇ, ਤੁੱਛ ਜਿਹੀ ਬੇਰੀ ਨੂੰ ਅਬਿਨਾਸ਼ੀ ਪਰਮਾਤਮਾ ਦੇ ਤੁੱਲ ਦਾਤੀ ਬਣਾ ਬਹਿਣ ਵਾਲੇ ਹੇ ਅਮੋੜ ਤੇ ਭਰਮੀ ਮਨ! ਏਧਰ ਵੇਖ, ਸਤਿਗੁਰੂ ਜੀ ਕਿਸ ਕਿਸ ਪ੍ਰਕਾਰ ਦੇ ਨਾਸਵੰਤ ਸੰਸਾਰ ਦੀ ਸੋਝੀ ਬਖ਼ਸ਼ ਰਹੇ ਹਨ:-

ਪਉੜੀ॥ ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ॥ ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ॥ ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ॥ ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ॥ ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ॥ ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ॥ ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ॥ ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ॥ 17 ॥ {1100}

ਸੋ ਹੇ ਪਿਆਰੇ ਮਿੱਤਰ! ਚੰਗੀ ਤਰ੍ਹਾਂ ਜਾਣ ਲੈ ਕਿ, ਸਤਿਗੁਰੂ ਜੀ ਜਦ ਸਾਰੇ ਸੰਸਾਰ ਨੂੰ ਰੇਤ ਦੀ ਕੰਧ ਦੇ ਸਮਾਨ ਕਹਿ ਰਹੇ ਹਨ ਤਾਂ ਤੇਰੀ ਇਹ ਪੂਜਨੀਕ ਬੇਰੀ ਕਦੋਂ ਟਿਕੀ ਰਹੀਂ? ਪਤਾ ਨਹੀਂ ਵਿਚਾਰੀ ਕਿਹੜੇ ਵੇਲੇ ਢਹਿ ਢੇਰੀ ਹੋਣੀ ਹੈ- “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥ 49॥ {1429}

ਉਸ ਸਰਿਜਣਹਾਰ ਕਰਤਾਰ ਤੋਂ ਬਿਨਾ ਹੋਰ ਸਾਰੇ ਹੀ ਮੁਸਾਫ਼ਰ ਹਨ, ਸਦੀਵੀ ਟਿਕਾਣਾ ਕਿਸੇ ਦਾ ਨਹੀਂ। ਆਉ, ਲੋਕ ਪਰਲੋਕ ਦੇ ਸੁਖਾਂ ਦੇ ਸਚੇ ਦਾਤਾਰ ਦੀ ਸੋਝੀ ਕਰਾ ਰਹੇ, ਸਤਿਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਇਕਾਗਰਤਾ ਨਾਲ ਸਮਝ ਕੇ ਆਪਣਾ ਜੀਵਨ ਸੁਆਰ ਲੈਣ ਦਾ ਯਤਨ ਕਰੀਏ:--

ਸਿਰੀਰਾਗੁ ਮਹਲਾ 1॥ ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ॥ ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ॥ ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ॥ 1 ॥ ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ॥ ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ॥ 1 ॥ ਰਹਾਉ॥ ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ॥ ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ॥ ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ॥ 2 ॥ ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ॥ ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ॥ ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ॥ 3 {62} -13

ਕਹੁ ਕਬੀਰ ਮਨਿ ਭਇਆ ਅਨੰਦਾ॥

ਗਇਆ ਭਰਮੁ ਰਹਿਆ ਪਰਮਾਨੰਦਾ॥ 3 {327} -3

ਆਪਣੀ ਅਰਦਾਸ ਵਿੱਚ ਭਰੋਸਾ ਦਾਨ ਮੰਗਣ ਵਾਲੇ ਦੂਲੇ ਖ਼ਾਲਸਾ ਜੀ ਨੂੰ ਆਪਣੀ ਵਿਉਂਤ ਦੇ ਭਰਮਾਂ ਵਿੱਚ ਫਸਾਈ ਆ ਰਿਹਾ ਲਿਖਾਰੀ, ਆਪਣੇ ਲਿਖੇ ਝੂਠ-ਤੁਫ਼ਾਨ ਦੀ ਜ਼ਿੰਮੇਵਾਰੀ ਵੀ ਆਪਣੇ ਲਿਖਣ ਢੰਗ ਦੀ ਬਦੌਲਤ ਆਪਣੇ ਤੇ ਨਹੀਂ ਲੈ ਰਿਹਾ। ਪਾਠਕਾਂ ਦੀ ਗੱਲ ਦੂਰ ਰਹੀ ਸਾਡੇ ਸਰਬਰਾਹ ਵੀ ਚਕਰੀ ਖਾ ਗਏ। ਸਾਡੀ ਅਗਿਆਨਤਾ ਤੋਂ ਦਲੇਰ ਹੋ ਚੁੱਕੇ ਵੇਖੋ ਇਸ ਨਿਪੁੰਨ ਲਿਖਾਰੀ ਦੀ ਲਿਖਣ ਕਲਾ ਦਾ ਕਮਾਲ:--

ਦੋਹਰਾ॥ ਭਗਤ ਸਿੰਘ ਸ੍ਰੀ ਗੁਰ ਕਹੀ ਭਾਈ ਲਿਖੀ ਬਨਾਇ।

ਸੁਖਮਨੀ ਮਾਨੋ ਮੇਰੁ ਸਮ ਸ੍ਰੀ ਮੁਖ ਫਲ ਪ੍ਰਗਟਾਏ॥ 405॥

ਆਪਣੇ ਮੁੱਖ ਨਾਇਕ ਕਥਿਤ (ਭਾਈ) ਮਨੀ ਸਿੰਘ ਦੀ ਜ਼ਬਾਨੀ ਆਪੇ ਪੈਦਾ ਕੀਤੇ ਹੋਏ (ਝੋਲੀ-ਚੁੱਕ-) ਭਗਤ ਸਿੰਘ ਨੂੰ ਸੰਬੋਦਨ ਕਰ ਕੇ ਇਉ ਅਖਵਾ ਲਿਆ:- (ਗੁਰਮਤਿ ਵਿਰੋਧੀ ਮੇਰੀਆਂ ਗੱਲਾਂ ਨੂੰ ਚੁੱਪ ਕੀਤੇ ਸੁਣੀ ਜਾ ਰਹੇ) “ਹੇ ਭਗਤ ਸਿੰਘ ਜੀਓ! ਜੋ ਕੁੱਝ ਸਤਿਗੁਰੂ ਜੀ ਨੇ ਆਖਿਆ, ਭਾਈ ਗੁਰਦਾਸ ਜੀ ਨੇ ਸੁਆਰ ਕੇ ਲਿਖ ਲਿਆ, (ਬੇਰੀ ਨੂੰ, ਪਾਵਨ ਸੁਖਮਨੀ ਸਾਹਿਬ ਨਾਲੋਂ ਅਗ੍ਹਾਂ ਲੰਗੀ ਦਰਸਾ ਕੇ, ਇਹ ਵਿਅੰਗ?) ਸੁਖਮਨੀ ਦੇ ਪੜ੍ਹਨ ਸੁਣਨ ਤੋਂ ਮਿਲਦੇ ਫਲ਼ਾਂ ਦਾ ਪ੍ਰਗਟਾਵਾ, ਵੀ ਸਤਿਗੁਰਾਂ ਨੇ ਆਪਣੇ ਹੀ ਸ੍ਰੀ ਮੁਖਾਰਬਿੰਦ ਤੋਂ ਕੀਤਾ ਹੈ”

ਦੋਹਹੇ ਦਾ ਰਹਿੰਦਾ ਹਿੱਸਾ, ਕਿਤੇ ਇਹ ਲਿਖਾਰੀ ਦਾ ਕੋਝਾ ਵਿਅੰਗ ਤਾਂ ਨਹੀਂ ਹੈ? -

ਸ੍ਰੀ ਗੁਰ ਕੋ ਇਹ ਬਿਰਦੁ ਹੈ ਜਿਉਂ ਤਿਉ ਦਾਸ ਉਧਾਰ।

ਦਾਸ ਖੇਦ ਨਹਿ ਦਿਖਿ ਸਕੇ, ਕਰੇ ਤਾਹਿ ਭਵ ਪਾਰਿ॥ 406॥

ਅਰਥ-ਭਾਵ:- ਸਤਿਗੁਰੂ ਜੀ ਦਾ ਇਹ ਮੁਢਲਾ ਸ਼ੁਭਾਵ ਹੈ ਕਿ ਉਹ ਆਪਣੇ ਸੇਵਕਾਂ ਦਾ ਜ਼ਰਾ ਵੀ ਦੁਖ ਨਹੀ ਵੇਖ ਸਕਦੇ ਅਤੇ ਹਰ ਹੀਲੇ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ (ਭਾਵ, ਵਿਦਿਆ-ਹੀਨ ਸਿਖਾਂ ਤੋਂ ਸੁਖਮਨੀ ਸਾਹਿਬ ਪੜ੍ਹੀ ਤਾਂ ਜਾਣੀ ਹੀ ਨਹੀਂ ਸੀ ਸੋ ਬੇਰੀ ਦੇ ਦਰਸ਼ਨਾਂ ਤੋਂ ਹੀ ਪਾਰਉਤਾਰੇ ਵਾਲਾ ਪ੍ਰਬੰਦ ਕਰ ਦਿੱਤਾ, ਨਹੀਂ ਤਾਂ ਭਲਾ, ਬਾਕੀ ਗੁਰਬਣੀ ਦੇ ਨਾਲ ਤੂੰਬੁ ਵਿੱਚ ਲਿਖਣ ਦੇ ਥਾਂ ਸੁਖਮਨੀ ਸਾਹਿਬ ਦੀ ਰਚਨਾ ਉਚੇਚੇ ਤੌਰ ਤੇ ਬੇਰੀ ਹੇਠ ਬੈਠ ਕੇ ਕਿਉਂ ਕਰਨੀ ਸੀ?) “ਸਦਕੇ ਜਾਈਏ” ਲਿਖਾਰੀ ਜੀ ਦੀ ਚਪਲਤਾ ਤੋਂ ਅਤੇ ਮੁੱਖ ਜਥੇਦਾਰ ਸਾਹਿਬਾਨ ਵਲੋਂ ਪੰਥ ਤੇ ਕੀਤੇ ਇਸ ਮਹਾਨ ਉਪਕਾਰ ਤੋਂ. . ॥ ਅਜੇਹੇ ਸੱਜਣਾਂ ਦੇ ਹੁੰਦਿਆਂ ਦੁਸ਼ਮਨਾ ਦੀ ਕੀ ਲੋੜ? ਅਖੀਂ ਵੇਖ ਲਿਆ ਉਰਦੂ ਦੇ ਸ਼ਾਇਰ ਦੇ ਉਸ “ਚਿਰਾਗ਼” ਨੂੰ ਜਿਸ ਨੇ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ ਸੀ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.