. |
|
ਸਿੱਖੀ ਸੰਭਾਲ ਸਿੰਘਾ!
(ਕਿਸ਼ਤ ਸਤਵੀਂ)
ਸਿੱਖ ਧਰਮ
ਸਿਖ-ਧਰਮ ਵੀ ਹੈ ਅਤੇ ਲਹਿਰ ਵੀ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)
ਸਿੱਖ ਤਾਂ ਦਿਸਦੇ ਹਨ…ਪਰ ਸਿੱਖੀ ਅਲੋਪ ਹੈ- ਇਨਾਂ
ਸਭਕੁਝ ਹੋਣ ਦੇ ਬਾਵਜੂਦ, ਜਿਵੇਂ ਕਿ ਅੱਜ ਗੁਰੂ ਪਾਤਸ਼ਾਹ ਦੀ
239
ਵਰ੍ਹਿਆਂ ਦੀ ਘਾਲਣਾ ਤੇ ਸਿਆਹੀ ਫਿਰ ਚੁੱਕੀ ਹੈ। ਵਿਸ਼ਵ ਪੱਧਰ `ਤੇ ਅੱਜ ਸਿੱਖਾਂ ਦੇ ਹੋ ਰਹੇ
ਅਨੰਦਕਾਰਜ, ਜੰਮਣ-ਮਰਨ, ਖੁਸ਼ੀ-ਗ਼ਮੀ ਆਦਿ ਸਾਰੇ ਕਾਰਜਾਂ ਅੰਦਰ ਬ੍ਰਾਹਮਣੀ, ਅਨਮੱਤੀ, ਹੂੜਮੱਤੀ,
ਮਨਮਤੀ ਰਸਮਾਂ-ਰੀਤਾਂ ਤੇ ਗੁਰਮੱਤ ਵਿਹੂਣੇ ਵਿਸ਼ਵਾਸਾਂ ਦਾ ਬੋਲਬਾਲਾ ਹੈ। ਦੂਜੇ ਪਾਸੇ ਖੰਡੇ ਦੀ
ਪਾਹੁਲ ਵਾਲੀ ਲੋੜ ਹੀ ਮੁੱਕੀ ਪਈ ਹੈ। ਸ਼ਰਾਬ ਦੇ ਹੜ ਤੇ ਬਾਰਾਂ, ਵੱਡੀਆਂ ਤੋਂ ਵੱਡੀਆਂ ਦੁਰਮੱਤਾਂ,
ਜੁਰਮ ਉਪ੍ਰੰਤ ਫ਼ਹਿਸ਼ ਨਾਚ ਗਾਨੇ, ਸਰੂਪ ਪੱਖੋਂ ਕੇਸਾਂ-ਦਾੜ੍ਹੀ ਦੀ ਬੇਅਦਬੀ ਇਹ ਸਭ, ਅਜੋਕੇ ਸਿੱਖ
ਜੀਵਨ ਦਾ ਸ਼ਿੰਗਾਰ ਬਣ ਚੁੱਕੇ ਹਨ। ਉਪ੍ਰੰਤ ਜੇ ਅਜੋਕੇ ਸਿੱਖਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ
ਪੜ੍ਹੋ ਜਾਂ ਸਿੱਖਾਂ ਰਾਹੀਂ ਮਨਾਏ ਜਾ ਰਹੇ ਤਿਉਹਾਰਾਂ ਨੂੰ ਤੱਕ ਲਵੋ! ਅਜੋਕਾ ਸਿੱਖ ਇਹ ਵੀ ਭੁੱਲ
ਚੁੱਕਾ ਹੈ ਕਿ ਕਿਹੜੇ ਤਿਉਹਾਰ ਉਸ ਦੇ ਆਪਣੇ ਹਨ ਤੇ ਕਿਹੜੇ ਅਨਮੱਤੀ ਹਨ। ਫ਼ਿਰ ਉਸਨੇ ਆਪਣੇ ਤਿਉਹਾਰ
ਮਨਾਉਣੇ ਕਿਵੇਂ ਤੇ ਕਿਉਂ ਹਨ? ਇਹ ਵੱਖਰੀ ਗੱਲ ਹੈ ਕਿ ਗੁਰਬਾਣੀ ਜੀਵਨ ਵਾਲੇ ਹੁਕਮੀ ਬੰਦੇ ਵੀ
ਦਿਖਾਈ ਦਿੰਦੇ ਹਨ ਪਰ ਉਹ ਗਿਣਤੀ ਦੇ ਹੀ ਹਨ। ਕੇਸਾਂ ਬਦਲੇ ਖੋਪਰੀ ਉਤਰਵਾ ਕੇ ਸ਼ਹੀਦ ਹੋਣ ਵਾਲੀ ਕੌਮ
`ਚ ਪਤਿੱਤ ਹੋਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਪਈਆਂ ਹਨ; ਜਿਵੇਂ ਕਿ ਸਿੱਖੀ ਸਰੂਪ ਹੀ ਸੰਸਾਰ
`ਚੋਂ ਅਲੋਪ ਹੋ ਰਿਹਾ ਹੋਵੇ, ਅਜਿਹਾ ਕਿਉਂ? ਕੌਣ ਸੋਚੇਗਾ ਸਿੱਖ ਧਰਮ ਨਾਲ ਸਬੰਧਤ ਅਜੋਕੇ ਇਸ ਮੂਲ
ਵਿਸ਼ੇ `ਤੇ?
ਅਜੋਕੇ ਸਿੱਖ ਮਾਨਸ ਅੰਦਰ ਸਿੱਖੀ ਲਈ ਫੋਕਾ ਜਜ਼ਬਾ ਤੇ ਸ਼ਰਧਾ ਤਾਂ ਬੇਅੰਤ ਹੈ
ਪਰ ਜੀਵਨ ਪਖੋਂ ਸਿੱਖ, ਲਗਭਗ ਪੂਰੀ ਤਰ੍ਹਾਂ ਕੱਟ ਚੁੱਕਾ ਹੈ, ਆਖਿਰ ਅਜਿਹਾ ਕਿਉਂ? ਮੋਟੇ ਤੌਰ `ਤੇ
ਇਸ ਵਿਸ਼ੇ ਨੂੰ ਸਮਝਣ ਲਈ ਸਾਨੂੰ ਸਿੱਖ ਧਰਮ ਦੇ ਪ੍ਰਚਾਰ ਪ੍ਰਬੰਧ ਦੇ ਉਨ੍ਹਾਂ ਮੂਲ ਰਸਤਿਆਂ ਚੋਂ ਵੀ
ਨਿਕਲਣਾ ਪਵੇਗਾ ਜਿਥੋਂ ਸਿੱਖੀ ਤੇ ਸਿੱਖ ਧਰਮ ਨੇ ਪਣਪਣਾ ਹੈ, ਪਰ ਬੰਦ ਪਏ ਹਨ। ਪਤਾ ਲੱਗ ਜਾਵੇਗਾ
ਕਿ ਸਿੱਖੀ ਪ੍ਰਚਾਰ ਦੇ ਅੱਜ ਉਹ ਕਿਹੜੇ ਤੇ ਮੁੱਖ ਨਿਕਾਸ ਬੰਦ ਪਏ ਹਨ, ਜਿੱਥੋਂ ਕਿ ਸਿੱਖ ਤੇ ਸਿੱਖ
ਲਹਿਰ ਨੇ ਪਣਪਣਾ ਹੈ। ਇਹ ਵੀ ਪਤਾ ਲੱਗ ਜਾਵੇਗਾ ਕਿ ਸਾਡਾ ਅਜੋਕਾ ਸਿੱਖੀ ਦਾ ਪ੍ਰਚਾਰ, ਅਸਲੋਂ ਸਿੱਖ
ਧਰਮ ਦਾ ਪ੍ਰਚਾਰ ਹੈ ਹੀ ਨਹੀਂ। ਉਪ੍ਰੰਤ ਜਿਹੜਾ ਹੈ ਵੀ ਤਾਂ ਉਹ ਪ੍ਰਚਾਰ ਹੀ ਸਿੱਖੀ ਨੂੰ ਫੈਲਾਅ
ਨਹੀਂ ਟਿਹਾ ਉਲਟਾ ਉਹੀ ਸਿੱਖ ਧਰਮ ਤੇ ਸਿੱਖ ਲਹਿਰ ਨੂੰ ਖ਼ਤਮ ਵੀ ਕਰ ਰਿਹਾ ਹੈ। ਸਪਸ਼ਟ ਹੈ ਕਿ ਅਜਿਹੇ
ਹਾਲਾਤ `ਚ ਸਿੱਖੀ ਵਧੇ ਫੁਲੇ ਵੀ ਤਾਂ ਕਿਵੇਂ ਤੇ ਕਿਹੜੇ ਪਾਸਿਉਂ? ਤਾਂ ਤੇ ਸਿੱਖੀ ਪ੍ਰਚਾਰ ਪ੍ਰਸਾਰ
ਦੇ ਉਹ ਜੋ ਕੁੱਝ ਮੁੱਖ ਨਿਕਾਸ ਹਨ, ਉਹ ਕਿਹੜੇ ਸਨ ਤੇ ਜਿਹੜੇ ਅੱਜ ਬੰਦ ਪਏ ਹਨ:-
ਸਿੱਖੀ ਨਿਕਾਸ ਦਾ ਅਜੋਕਾ ਸਰਬ ਪ੍ਰਮੁੱਖ ਧੁਰਾ? -
ਅੱਜ ਸਿੱਖੀ ਪ੍ਰਚਾਰ ਦਾ ਪਹਿਲਾ ਤੇ ਪ੍ਰਮੁੱਖ ਢੰਗ ਹੈ ਸਾਡੇ ਅਜੋਕੇ ਗੁਰਦੁਆਰੇ। ਫ਼ਿਰ ਇਨ੍ਹਾਂ
ਗੁਰਦੁਆਰਿਆਂ `ਚ ਮੋਟੇ ਤੌਰ `ਤੇ, ਪ੍ਰਬੰਧਕ ਤੇ ਪ੍ਰਚਾਰਕ, ਦੋ ਧਿਰਾਂ ਹੀ ਪ੍ਰਮੁੱਖ ਹਨ। ਬਦਕਿਸਮਤੀ
ਨਾਲ ਅੱਜ ਸਾਡੀਆਂ ਇਨ੍ਹਾਂ ਦੋਨਾਂ ਧਿਰਾਂ ਉਪਰ ਕੋਈ ਕੁੰਡਾ ਹੈ ਹੀ ਨਹੀਂ। ਮੂਲ ਰੂਪ `ਚ ਗੁਰਦੁਆਰੇ
`ਚ ‘ਪ੍ਰਬੰਧ ਤੇ ‘ਗੁਰਮੱਤ ਦਾ ਪ੍ਰਚਾਰ’ ਦੋਵੇਂ ਵੱਖ ਵੱਖ ਵਿਸ਼ੇ ਹਨ। ਉਪ੍ਰੰਤ ਇਨ੍ਹਾਂ ਦੋਨਾਂ
ਦੇ ਯੌਗ ਮਿਲਾਪ ਤੋਂ ਹੋਣਾ ਹੈ ‘ਸਿੱਖ ਧਰਮ ਦਾ ਪ੍ਰਚਾਰ’। ਇਸਦੇ ਉਲਟ ਜੇਕਰ ਇਨ੍ਹਾਂ ਦੋਨਾਂ
`ਚੋਂ ਇੱਕ ਪਖ ਵੀ ਅਯੋਗ ਹੈ ਤਾਂ ਉਸੇ ਤੋਂ ਹੋਣੀ ਹੈ ਸਿੱਖ ਧਰਮ ਦੀ ਤਬਾਹੀ। ਜਦਕਿ ਜੇਕਰ ਇਸ ਪਾਸੇ
ਇਮਾਨਦਾਰੀ ਨਾਲ ਨਜ਼ਰ ਮਾਰੋ ਤਾਂ ਅਜੋਕੇ ਸਮੇਂ ਗੁਰਦੁਆਰਿਆਂ ਇਨ੍ਹਾਂ `ਚੋਂ ਇੱਕ ਨਹੀਂ ਬਲਕਿ ਇਨ੍ਹਾਂ
ਦੋਨਾਂ ਪੱਖਾਂ ਦੀ ਹਾਲ ਕੀ ਹੈ? ਉਸ ਦੇ ਲਈ ਕਿਸੇ ਹੋਰ ਵੇਰਵੇ ਦੀ ਲੋੜ ਨਹੀਂ।
ਧਿਆਣ ਨਾਲ ਦੇਖਿਆ ਪਰਖਿਆ ਜਾਵੇ ਤਾਂ ਅੱਜ ਇਹ ਦੋਵੇਂ ਵਿਸ਼ੇ, ਅਜੋਕੇ
ਗੁਰਦੁਆਰਾ ਪ੍ਰਬੰਧਕਕ ਦੀ ਮਜ਼ਬੂਤ ਮੁੱਠੀ `ਚ ਹਨ। ਦੂਜੇ ਲਫ਼ਜ਼ਾਂ `ਚ ਅੱਜ ਇਥੇ ‘ਸਾਧਨ’ ਭਾਵ ਗੁਰਮੱਤ
ਪ੍ਰਚਾਰ ਪੂਰੀ ਤਰ੍ਹਾਂ ਪ੍ਰਬੰਧ ਦੇ ਰਹਿਮ ਤੇ ਤਰਸ ਕਰਮ `ਤੇ ਹੈ। ਇਸ ਲਈ ਜੇ ਕਰ ਸਤਿਗੁਰਾਂ ਦੀ
ਕ੍ਰਿਪਾ ਨਾਲ ਕਿਧਰੇ ਪ੍ਰਬੰਧਕ ਯੋਗ ਹਨ ਤਾਂ ਤੇ ਯੋਗ ਪ੍ਰਚਾਰਕ ਨੂੰ ਅਵਸਰ ਮਿਲੇਗਾ। ਇਸ ਦੇ ਉਲਟ,
ਜੇ ਪ੍ਰਬੰਧਕ ਹੀ ਅਯੋਗ ਹੈ ਤਾਂ ਪ੍ਰਚਾਰਕ ਵੀ ਉਹੀ ਹੋਵੇਗਾ ਜਿਹੜਾ ਵੱਧ ਤੋਂ ਵੱਧ ਚਾਪਲੂਸ ਅਤੇ
ਸਿੱਖੀ ਪ੍ਰਚਾਰ ਵਾਸਤੇ ਨਹੀਂ ਬਲਕਿ ਆਪਣੇ ਹਲਵੇ ਮਾਂਡੇ ਦੀ ਚਿੰਤਾ ਵਾਲਾ ਹੀ ਹੋਵੇਗਾ, ਦੂਜੇ ਬੰਨੇ
ਸਿੱਖੀ ਦਾ ਭਾਂਵੇਂ … …।
ਇਸੇ ਲਈ ਅੱਜ ਸਿੱਖ ਧਰਮ `ਚ ਜਿੰਨੀਂਆਂ ਵੀ ਬਿਪਰਨ (ਬ੍ਰਾਹਮਣੀ),
ਅਨਮਤੀ ਤੇ ਹੂੜਮੱਤੀ ਰੀਤਾਂ ਪਣਪ ਰਹੀਆਂ ਹਨ, ਉਹ ਦੂਜਿਆਂ ਦੇ ਧਰਮ ਸਥਾਨਾਂ ਤੋਂ ਨਹੀਂ ਬਲਕਿ
ਗੁਰਦੁਆਰਿਆਂ `ਚ ਕੀਤੇ ਤੇ ਸਵੀਕਾਰੇ ਜਾ ਰਹੇ ਪ੍ਰਚਾਰ ਤੇ ਪ੍ਰਬੰਧ ਦਾ ਹੀ ਸਿੱਟਾ ਹਨ। ਕਿੰਨੇ ਦੁਖ
ਦੀ ਗੱਲ ਹੈ, ਅੱਜ ਦੇ ਯੁਗ `ਚ ਜਦੋਂ ਕੇ. ਜੀ. , ਨਰਸਰੀ ਦੀਆਂ ਕਲਾਸਾਂ ਲਈ ਤਾਂ ਬੀ. . ਐਡ. ਟੀਚਰ
ਜ਼ਰੂਰੀ ਹੈ. . ਪਰ ਗੁਰੂ ਨਾਨਕ ਦੀ ਆਲਮਗੀਰੀ ਸਿੱਖੀ ਨੂੰ ਪੜ੍ਹਾਉਣ, ਸਮਝਾਉਣ, ਪ੍ਰਚਾਰਣ ਤੇ
ਪ੍ਰਸਾਰਣ ਲਈ ਨਾ ਪੜ੍ਹਾਈ ਦੀ ਲੋੜ ਹੈ ਤੇ ਨਾ ਸਿੱਖੀ ਜੀਵਨ ਦੀ। ਬਲਕਿ ਅੱਜ ਸਾਡੇ ਕੋਲ ਤਾਂ ਅਜਿਹੇ
ਪ੍ਰਚਾਰਕ ਵੀ ਹਨ ਜਿਨ੍ਹਾਂ ਸੰਸਾਰਿਕ ਵਿਦਿਆ ਦੀਆਂ ਦੋ ਜਮਾਤਾਂ ਵੀ ਨਹੀਂ ਲੀਤੀਆਂ ਹੋਈਆਂ, ਜਾਂ
ਉਨ੍ਹਾਂ ਕਦੇ ਸਕੂਲ ਦੀ ਸ਼ਕਲ ਵੀ ਨਹੀਂ ਦੇਖੀ। ਪ੍ਰਚਾਰਕ ਤੋਂ ਭਾਵ, ਰਾਗੀ, ਢਾਡੀ, ਕਥਾਵਾਚਕ,
ਲੈਕਚਰਾਰ, ਗ੍ਰੰਥੀ, ਸੇਵਾਦਾਰ ਆਦਿ।
ਇਸੇ ਤਰ੍ਹਾਂ ਪ੍ਰਚਾਰਕ ਤੋਂ ਬਾਅਦ ਪ੍ਰਬੰਧਕ ਵੀਰਾਂ `ਚ ਕਿਹੋ ਜਿਹੀ ਯੋਗਤਾ
ਤੇ ਉਨ੍ਹਾਂ ਅੰਦਰ ਕਿਹੋ ਜਿਹਾ ਜੀਵਨ ਹੋਣਾ ਜ਼ਰੂਈ ਹੈ, ਅਜਿਹਾ ਵੀ ਸਾਡੇ ਪਾਸ ਕੋਈ ਮਾਪਡੰਡ ਨਹੀਂ।
ਦੂਜੇ ਪਾਸੇ ਦੁਨਿਆਵੀ ਪੱਧਰ `ਤੇ, ਮਾਮੂਲੀ ਤੋਂ ਮਾਮੂਲੀ ਅਦਾਰੇ ਲਈ ਪ੍ਰਬੰਧਕ ਤੇ ਮੈਨੇਜਮੈਂਟ ਉਹ
ਹੁੰਦਾ ਹੈ ਜਿਸ ਪਾਸ ਪ੍ਰਬੰਧਕ ਹੋਣ ਲਈ ਡਿਪਲੋਮੇ-ਡਿਗਰੀਆਂ ਤੇ ਤਜੁਰਬੇ ਹੋਣ। ਪਰ ਇਥੇ…? ? ? ਬਾਕੀ
ਰਹਿੰਦੀ ਕਸਰ ਗੁਰਦੁਆਰਾ ਚੋਣਾਂ ਨੇ ਪੂਰੀ ਕੀਤੀ ਹੋਈ ਹੈ। ਯੋਗਤਾ ਦੇ ਆਧਾਰ `ਤੇ ਪਰਖਿਆ ਜਾਣ ਵਾਲਾ
ਧਰਮ, ਅੱਜ ਚੋਣਾਂ ਦੀ ਗੰਦਗੀ `ਚ ਡੁੱਬਾ ਤੇ ਤਬਾਹ ਹੋਇਆ ਪਿਆ ਹੈ।
ਸਪਸ਼ਟ ਹੈ ਜੇਕਰ ਟੀਚਰ ਹੀ ਨਿਕੰਮਾ ਤੇ ਅਯੋਗ ਹੈ ਤਾਂ ਉਹ ਹਜ਼ਾਰਾਂ
ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰੇਗਾ। ਇਸੇ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰਕ ਵੀ ਤਾਂ
ਸਿੱਖ ਧਰਮ ਦਾ ਟੀਚਰ ਹੈ ਬਲਕਿ ਇਸ ਤੋਂ ਵੀ ਵੱਧ ਉਸਨੇ ਤਾਂ ਦੂਜਿਆਂ ਲਈ ਗੁਰਮੱਤ ਪੱਖੋਂ ਮਾਨਸਿਕ
ਡਾਕਟਰ ਵੀ ਹੋਣਾ ਹੈ। ਉਸ ਨੇ ਤਾਂ ਸੰਗਤਾਂ ਦੇ ਜੀਵਨ ਦੇ ਨਾਲ ਨਾਲ ਆਪਣੇ ਜੀਵਨ ਨੂੰ ਵੀ ਗੁਰਬਾਣੀ
ਅਨੁਸਾਰ ਤਿਆਰ ਕਰਣਾ ਹੈ। ਇਹ ਵੀ ਕਿ ਗੁਰਬਾਣੀ ਮੰਤ੍ਰ ਰਟਣ ਨਹੀਂ ਬਲਕਿ ਜੀਵਨ ਜਾਚ ਹੈ। ਜੇ
ਪ੍ਰਚਾਰਕ ਹੀ ਗੁਰਬਾਣੀ ਦੇ ਅਰਥ-ਬੋਧ ਤੋਂ ਕੋਰਾ ਹੈ ਅਤੇ ਉਸ ਦੇ ਆਪਣੇ ਅੰਦਰ ਹੀ ਗੁਰਬਾਣੀ ਜੀਵਨ
ਨਹੀਂ, ਤਾਂ ਉਹ ਸੰਗਤਾਂ ਦੀ ਤਿਆਰੀ ਕਰਵਾਏਗਾ ਵੀ ਤਾਂ ਕਿਵੇਂ?
ਪਾਤਸ਼ਾਹ ਨੇ ਇਸ ਵਿਸ਼ੇ ਵੱਲ ਪੂਰਾ ਧਿਆਨ ਦਿੱਤਾ। ਗੁਰੂ ਨਾਨਕ ਪਾਤਸ਼ਾਹ ਲਾਹੌਰ
ਵਿਖੇ ਛੇ ਮਹੀਨੇ ਟਿਕੇ। ਫ਼ਿਰ ਜਦੋਂ ਤੀਕ ਉਥੋਂ ਦੀਆਂ ਸੰਗਤਾਂ ਦੀ ਤਿਆਰੀ ਲਈ, ਭਾਈ ਮਨਸੁਖ ਤਿਆਰ
ਨਹੀਂ ਹੋਇਆ, ਪਾਤਸ਼ਾਹ ਨੇ ਅਗਲਾ ਪੜਾਅ ਨਹੀਂ ਲਿਆ। ਤੀਜੇ ਪਾਤਸ਼ਾਹ ਨੇ ਉਸ ਸਮੇਂ ਦੇ ਬਾਈ ਪ੍ਰਾਂਤਾਂ
ਲਈ 22
ਮੰਜੀਆਂ ਤੇ 52
ਪੀੜ੍ਹੇ ਥਾਪੇ। ਚੌਥੇ ਤੇ ਪੰਜਵੇਂ ਪਾਤਸ਼ਾਹ ਨੇ ਮਸੰਦ (ਪ੍ਰਚਾਰਕ) ਥਾਪੇ। ਉਹ ਪ੍ਰਚਾਰਕ ਕਦੇ ਵੀ ਆਪ
ਹੁੱਦਰੇ ਤੇ ਅਯੋਗ ਨਹੀਂ ਸਨ ਲਏ ਜਾਂਦੇ। ਦਸਵੇਂ ਪਾਤਸ਼ਾਹ ਦੇ ਸਮੇਂ ਤੱਕ ਜਦੋਂ ਮਸੰਦਾਂ `ਚ ਗਿਰਾਵਟ
ਆ ਗਈ ਤਾਂ ਗੁਰਦੇਵ ਨੇ ਅਜਿਹੇ ਮਸੰਦਾਂ ਦੇ ਦਿਲਖਿੱਚਵੇਂ ਸਰੂਪ, ਲੰਮੇ ਦਾੜ੍ਹੇ, ਉਨ੍ਹਾਂ ਦੇ ਗਲਾਂ
`ਚ ਕ੍ਰਿਪਾਨਾਂ ਵਾਲੇ ਸਰੂਪ ਦਾ ਵੀ ਲਿਹਾਜ਼ ਨਹੀਂ ਕੀਤਾ। ਉਨ੍ਹਾਂ ਦਾ ਕੀ ਹਸ਼ਰ ਹੋਇਆ? ਇਤਿਹਾਸ ਸਾਖੀ
ਹੈ; ਬਲਕਿ ਦਸਮੇਸ਼ ਜੀ ਨੇ ਤਾਂ ਮਸੰਦ ਪ੍ਰਥਾ ਹੀ ਖ਼ਤਮ ਕਰ ਦਿੱਤੀ।
ਜਦਕਿ ਅਜਿਹੀ ਕਰੜੀ ਸਜ਼ਾ ਸੰਗਤਾਂ `ਚੋਂ ਕਦੇ ਤੇ ਕਿਸੇ ਨੂੰ ਵੀ ਨਹੀਂ ਦਿੱਤੀ
ਗਈ। ਕਾਰਨ ਸੀ ਕਿ ਪ੍ਰਚਾਰਕ ਦੀ ਰਹਿਣੀ ਕਰਣੀ ਦਾ ਪ੍ਰਭਾਵ, ਹਜ਼ਾਰਾਂ ਦੇ ਜੀਵਨ ਨਾਲ ਜੁੜਿਆ ਹੁੰਦਾ
ਹੈ। ਅੱਜ ਇਸਾਈ, ਮੁਸਲਮਾਨ ਪ੍ਰਚਾਰਕਾਂ ਲਈ ਤਾਂ ਨੌਂ ਤੋਂ ਪੰਦਰਾਂ ਸਾਲ ਦੀ ਪੜ੍ਹਾਈ, ਤਿਆਰੀ ਤੇ
ਭਿੰਨ ਭਿੰਨ ਧਰਮਾਂ ਦੀ ਤੁਲਨਾਤਮਕ ਸਟੱਡੀ ਵੀ ਜ਼ਰੂਰੀ ਹੈ, ਪਰ ਅਸੀਂ ਇਹ ਸਭ ਕੁੱਝ ਛੱਡ ਤੇ ਪੂਰੀ
ਤਰ੍ਹਾਂ ਭੁਲਾਅ ਚੁੱਕੇ ਹਾਂ। ਕਾਸ਼! ਅਸਾਂ ਆਪਣੇ ਇਤਿਹਾਸ ਤੋਂ ਹੀ ਸਬਕ ਲਿਆ ਹੁੰਦਾ।
ਸੱਚ ਇਹ ਹੈ ਕਿ ਅੱਜ ਸਾਡੇ ਬਹੁਤੇ ਪ੍ਰਚਾਰਕ ਸਾਖੀ ਪ੍ਰਮਾਣਾਂ `ਚੋਂ ਜਾਂ
ਇਧਰੋਂ-ਉਧਰੋਂ, ਦੋ-ਚਾਰ ਕੱਚੀਆਂ ਚੀਜ਼ਾਂ ਪੜ੍ਹ ਕੇ ੳੇੁਪ੍ਰੰਤ ਕੁੱਝ ਕੁੱਝ ਕਹਾਣੀਆਂ ਤੇ ਚੁਟਕਲੇ
ਸੁਣ-ਸੁਣਾ ਕੇ ਹੀ ਸਮਾਂ ਟਪਾ ਲੈਂਦੇ ਹਨ। ਇਸ ਤੋਂ ਬਾਅਦ ਇਹ ਵੀ ਕਿ ਜੇ ਕਿਸੇ ਨੂੰ ਕੁੱਝ ਬੋਲਣਾ ਆ
ਗਿਆ; ਵਾਜੇ `ਤੇ ਦੋ ਉਂਗਲੀਆਂ ਨਾਲ ਗਲਾ ਚੱਲ ਗਿਆ ਤਾਂ ਪੌਂ ਬਾਰਾਂ। ਇਸ ਤਰ੍ਹਾਂ ਅਸੀਂ ਰਾਤੋ ਰਾਤ
ਵੱਡੇ ਪ੍ਰਚਾਰਕ, ਕਥਾਵਾਚਕ ਤੇ ਰਾਗੀ ਸਿੰਘ ਵੀ ਬਣ ਜਾਂਦੇ ਹਾਂ। ਇਹੀ ਅਤੇ ਅਜਿਹੇ ਸੱਜਨ ਫ਼ਿਰ ਜਦੋਂ
ਬੇਸਿਰਪੈਰ ਦੀਆਂ ਫਰਜ਼ੀ ਕਹਾਣੀਆਂ ਸੁਣਾਉਂਦੇ ਹਨ, ਕੀਰਤਨ ਰਾਹੀਂ ਬਾਣੀ ਦਾ ਅਸ਼ੁਧ ਅਤੇ ਬੇਵਕਤ ਉਚਾਰਣ
ਕਰਦੇ ਹਨ ਤਾਂ ਸਾਹਮਣੇ ਬੈਠਾ ਅੱਜ ਦਾ ਐਮ. ਏ, ਡਬਲ ਐਮ. ਏ. ਤੇ ਡਿਗਰੀਆਂ ਹੋਲਡਰ ਨੌਜੁਆਨ
ਬੱਚਾ-ਬੱਚੀ ਵੀ, ਕੇਵਲ ਉਸ ਪ੍ਰਚਾਰਕ ਤੋਂ ਹੀ ਨਹੀਂ ਬਲਕਿ ਗੁਰਦੁਆਰੇ ਤੋਂ ਹੀ ਆਕੀ ਹੋ ਜਾਂਦਾ ਹੈ।
ਅਜਿਹੀ ਪ੍ਰਚਾਰੀ ਜਾ ਰਹੀ ਬੇ-ਸਿਰ ਪੈਰ ਦੀ ਸਿੱਖੀ, ਉਨ੍ਹਾਂ ਨੌਜੁਆਨਾਂ ਨੂੰ ਜਾਂ ਤਾਂ ਸਿੱਖੀ ਤੋਂ
ਬਾਗ਼ੀ ਕਰ ਦਿੰਦੀ ਹੈ ਜਾਂ ਉਨ੍ਹਾਂ ਦੀ ਸਿੱਖੀ ਕੇਵਲ ਕਿਸੇ ਖੁਸ਼ੀ-ਗ਼ਮੀ, ਘਰੇਲੂ ਜਾਂ ਸਮਾਜਿਕ ਸਮੇਂ
ਦੀ ਲੋੜ ਬਣ ਕੇ ਹੀ ਰਹਿ ਜਾਂਦੀ ਹੈ। ਅੰਤ ਜੀਵਨ ਪਖੋਂ ਇਹੀ ਵਿਰਾਸਤ ਉਹ ਛੱਡ ਕੇ ਜਾਂਦੇ ਹਨ, ਆਪਣੀ
ਔਲਾਦ ਦੇ ਪਤਿੱਤ ਹੋਣ ਲਈ।
ਇਸ ਤਰ੍ਹਾਂ ਅਜਿਹੇ ਵਿਗੜੇ ਹੋਏ ਵਾਤਾਵਰਣ `ਚ ਕੀਤੇ ਜਾ ਰਹੇ ਸਿੱਖੀ ਪ੍ਰਚਾਰ
ਤੋਂ ਇਹ ਮੰਨ ਲੈਣਾ ਕਿ ਸਿੱਖੀ ਵਧੇ ਫੁਲੇਗੀ ਜਾਂ ਪਣਪੇਗੀ, ਨਿਰਾ ਪੁਰਾ ਆਪਣੇ ਆਪ ਨੂੰ ਧੋਖਾ ਦੇਣਾ
ਹੀ ਹੈ। ਇਸ ਤਰ੍ਹਾਂ ਸਿੱਖੀ ਪ੍ਰਚਾਰ ਦਾ ਇਹ ਵੱਡਾ ਧੁਰਾ, ਜਿਸ ਨੂੰ ਅੱਜ ਦੇ ਸਮੇਂ ਅਸੀਂ ਸਿੱਖੀ
ਪ੍ਰਚਾਰ ਦਾ ਥੰਬ ਤੇ ਸਭ ਤੋਂ ਵੱਡਾ ਨਿਕਾਸ ਮੰਨੀ ਬੈਠੇ ਹਾਂ, ਅੱਜ ਸਿੱਖੀ ਪ੍ਰਚਾਰ ਤੋਂ ਕੋਰਾ ਤੇ
ਬਿਲਕੁਲ ਖਾਲੀ ਪਿਆ ਹੈ। ਇਸ ਲਈ ਇਹ ਸਚਾਈ ਹੈ ਕਿ ਅੱਜ ਸਿੱਖੀ ਪ੍ਰਚਾਰ ਨੂੰ ਬਹੁਤੀ ਢਾਅ ਤਾਂ
ਗੁਰਦੁਆਰਿਆਂ ਵਿਚਲੇ ਪ੍ਰਬੰਧ ਤੇ ਹੋ ਰਹੇ ਪ੍ਰਚਾਰ ਤੋਂ ਹੀ ਲੱਗ ਰਹੀ ਹੈ। ਸਪਸ਼ਟ ਹੈ, ਅਜਿਹੇ ਤੇ ਇਸ
ਤਰ੍ਹਾਂ ਦੇ ਸਿੱਖੀ ਪ੍ਰਚਾਰ ਦਾ ਦਾਇਰਾ ਜਿਤਨਾ ਵੱਡਾ ਹੁੰਦਾ ਅਤੇ ਫੈਲਦਾ ਜਾ ਰਿਹਾ ਹੈ, ਉਤਨੀ ਹੀ
ਤੇਜ਼ੀ ਨਾਲ ਸਿੱਖੀ ਵੀ ਸੁੰਗੜਦੀ ਜਾ ਰਹੀ ਹੈ। ਅੱਜ ਜਿਤਨਾ ਡੇਰਾਵਾਦ, ਗੁਰੂ ਡੰਮ, ਨਾਸਤਿਕਤਾ,
ਪਤਿੱਤਪੁਣਾ, ਸਿੱਖੀ ਜੀਵਨ ਤੋਂ ਉਪਰਾਮਤਾ, ਬਲਕਿ ਸਿੱਖ ਧਰਮ ਪ੍ਰਤੀ ਸ਼ੰਕੇ-ਸੁਆਲ ਤੇ ਅਗਿਆਨਤਾ,
ਸਿੱਖ ਧਰਮ `ਚ ਤੇਜ਼ੀ ਨਾਲ ਵਧ ਰਹੇ ਹਨ, ਇਸ ਸਾਰੇ ਦਾ ਮੁੱਖ ਕਾਰਨ ਹੀ ਸਿਖ ਧਰਮ ਦੀ ਅਜੋਕੀ
ਗੁਰਦੁਆਰਾ ਸਟੇਜ ਦੀ ਕੁਵਰਤੋਂ ਤੇ ਅਯੋਗ ਵਰਤੋਂ ਹੈ।
ਇਹ ਸਭ ਤਾਂ ਇਸ ਪਾਸੇ ਫ਼ਿਰ ਵੀ ਕੇਵਲ ਇਸ਼ਾਰਾ ਮਾਤ੍ਰ ਹੀ ਹੈ, ਜਦਕਿ ਹੱਥਲੇ
ਵਿਸ਼ੇ ਨੂੰ ਹੋਰ ਵੇਰਵੇ ਸਹਿਤ ਸਮਝਣ ਲਈ, ਸਾਡੀ ਵਿਸ਼ੇ ਬੰਧ ਗੁਰਮੱਤ ਪਾਠਾਂ ਦੀ ਲੜੀ `ਚੋਂ “ਸਿੱਖ
ਸਟੇਜ ਦਾ ਸਤਿਕਾਰ”, “ਗੁਰਦੁਆਰਿਆਂ ਦਾ ਮਨੋਰਥ ਅਤੇ ਅਸੀਂ”, “ਸੁਆਸ ਕੀਮਤੀ ਹਨ ਧਨ ਪਦਾਰਥ ਨਹੀਂ”,
“ਪਵਿਤ੍ਰ ਗੁਰਦੁਆਰਿਆਂ ਨੂੰ ਅੰਨ੍ਹੀ ਸ਼ਰਧਾ ਤੋਂ ਕਿਵੇਂ ਬਚਾਈਏ”, “ਸਿੱਖੀ ਪ੍ਰਚਾਰ ਦੇ ਤਿੰਨੇ ਪਿੜ
ਖਾਲੀ” ਨੰਬਰ ਵਾਰ 42, 28,
23, 89, 06
ਤੇ
13 ਪ੍ਰਾਪਤ ਹਨ। ਗੁਰੂ ਕੀਆਂ ਸੰਗਤਾਂ
ਇਨ੍ਹਾਂ ਪਾਠਾਂ ਨੂੰ ਸੈਂਟਰ ਪਾਸੋਂ ਲਾਗਤ ਤੋਂ ਵੀ ਘੱਟ ਭੇਟਾ `ਤੇ ਮੰਗਵਾ ਕੇ ਆਪ ਵੀ ਪੜ੍ਹਣ
ਉਪ੍ਰੰਤ ਸੰਗਤਾਂ ਵਿਚਕਾਰ ਵੰਡਣ ਦਾ ਲਾਭ ਵੀ ਲੈਣ।
ਸਿੱਖੀ ਦੇ ਪ੍ਰਚਾਰ ਦਾ ਦੂਜਾ ਨਿਕਾਸ? -
ਗੁਰੂ ਨੇ ਜਿਸ ਨੂੰ ਵੀ ਸਿੱਖ ਪ੍ਰਵਾਰ `ਚ ਜਨਮ ਦਿੱਤਾ ਜਾਂ ਗੁਰੂਦਰ ਨਾਲ ਸਾਂਝ ਬਖ਼ਸ਼ੀ ਹੈ। ਇਹ ਪੰਥ
ਦਾ ਫਰਜ਼ ਬਣਦਾ ਹੈ ਕਿ ਉਹ ਉਸ ਅੰਦਰ ਸਿੱਖੀ ਜੀਵਨ ਤੇ ਵਿਚਾਰਧਾਰਾ ਦੀ ਸਿੰਚਾਈ ਕਰੇ। ਅੱਜ ਹਾਲਤ
ਬਿਲਕੁਲ ਇਸਦੇ ਉਲਟ ਹੈ। ਪੰਥ ਪਾਸ ਅਜਿਹਾ ਕੋਈ ਪ੍ਰਬੰਧ ਹੈ ਹੀ ਨਹੀਂ। ਅੱਜ ਸਾਡੇ ਸਿੱਖੀ ਪ੍ਰਚਾਰ
ਦੀ ਪਹੁੰਚ ਕੇਵਲ ਉਸ ਤੀਕ ਹੈ ਜੋ ਕਿਸੇ ਵੀ ਢੰਗ ਆਪ ਸਿੱਖੀ ਜਾਂ ਗੁਰਦੁਆਰੇ ਨਾਲ ਜੁੜਿਆ ਹੋਇਆ ਹੈ
ਜਾਂ ਜਿਸ ਅੰਦਰ ਸਿੱਖੀ ਦੀ ਕੋਈ ਮੈਗਜ਼ੀਨ-ਲਿਟ੍ਰੇਚਰ ਪ੍ਰਾਪਤ ਕਰਣ ਲਈ ਚਾਹ ਹੈ।
ਜਿਹੜਾ ਸੱਜਨ, ਚਾਹੇ ਕਿਸੇ ਵੀ ਕਾਰਨ ਮੌਜੂਦਾ ਸਿੱਖੀ ਪ੍ਰਚਾਰ ਤੋਂ ਦੋ
ਕਦਮ ਪਿਛੇ ਚਲਾ ਗਿਆ, ਪੰਥ ਦਾ ਉਸ ਨਾਲ ਰਿਸ਼ਤਾ ਵੀ ਰਾਤੋ ਰਾਤ ਮੁੱਕ ਜਾਂਦਾ ਹੈ। ਸਾਡੇ ਸਿੱਖੀ
ਪ੍ਰਚਾਰ ਦੀ ਪਹੁੰਚ ਉਸ ਤੱਕ ਰਹਿੰਦੀ ਹੀ ਨਹੀਂ। ਸਿੱਖੀ ਪ੍ਰਚਾਰ `ਤੇ ਲੱਗ ਰਹੇ ਅਰਬਾਂ-ਖਰਬਾਂ ਤੇ
ਬੇਅੰਤ ਤਾਕਤ ਦੀ ਸੀਮਾਂ ਕੇਵਲ ਉਸ ਵੀਰ ਜਾਂ ਬੀਬੀ ਤੱਕ ਹੈ ਜੋ ਕਿਸੇ ਵੀ ਢੰਗ ਆਪ ਸਿੱਖੀ ਨਾਲ ਸਾਂਝ
ਰੱਖਣ ਦਾ ਚਾਹਵਾਨ ਹੈ।
ਇਸ ਤਰ੍ਹਾਂ ਇਸ ਪਾਸਿਓਂ ਵੀ ਸਿੱਖ ਧਰਮ ਦੀ ਜ਼ਮੀਨ ਪੂਰੀ ਤਰ੍ਹਾਂ ਬੰਜਰ ਤੇ
ਕਲਰਾਠੀ ਹੋਈ ਪਈ ਹੈ। ਸਿੱਖ ਧਰਮ ਦਾ ਉਹ ਭਾਗ ਜਿਸ ਦਾ ਕਿ ਮੂਲ ਹੀ ਸਿੱਖੀ ਹੈ ਪਰ ਅੱਜ ਸਿੱਖੀ ਜੀਵਨ
ਤੋਂ ਪੂਰੀ ਤਰ੍ਹਾਂ ਕੱਟ ਚੁੱਕਾ ਹੈ। ਸਿੱਖੀ ਪ੍ਰਚਾਰ ਦਾ ਉਹ ਪਹਿਲਾ ਤੇ ਮੁੱਖ ਨਿਕਾਸ ਜਿਸ ਦੀ ਅਸਾਂ
ਇਸ ਤੋਂ ਪਹਿਲਾਂ ਗੱਲ ਕੀਤੀ ਹੈ, ਉਸੇ ਘਾਟ ਦਾ ਹੀ ਨਤੀਜਾ ਹੈ ਕਿ ਅੱਜ ਸਾਡੀ ਇਹ ਹਰੀ ਭਰੀ ਜ਼ਮੀਨ ਵੀ
ਤੇਜ਼ੀ ਨਾਲ ਬੰਜਰ ਹੁੰਦੀ ਜਾ ਰਹੀ ਹੈ। ਇਸ ਦੇ ਬਾਵਜੂਦ ਸਾਡੇ ਪੰਥਕ ਆਗੂ ਅਤੇ ਸਾਡਾ ਪ੍ਰਬੰਧਕ ਤੇ
ਪ੍ਰਚਾਰਕ ਤੱਬਕਾ ਇਸ ਪੱਖੋਂ ਘੂਕ ਸੁੱ ‘ਤਾ ਪਿਆ ਹੈ।
ਉਹ ਵੀ ਸਮਾਂ ਸੀ, ਜਦੋਂ ਸਿੱਖੀ ਲਹਿਰ ਦੀ ਖੁਸ਼ਬੂ ਨੇ ਕਰੋੜਾਂ ਨੂੰ ਆਪਣੇ
ਵੱਲ ਖਿੱਚਿਆ ਸੀ। ਮੁਸਲਮਾਨ ਲਿਖਾਰੀ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਬਾਰੇ ਤਾਂ ਅਸੀਂ ਦੱਸ ਹੀ
ਚੁੱਕੇ ਹਥ ਕਿ ਉਸ ਅਨੁਸਾਰ, ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਤਿੰਨ ਕਰੋੜ ਲੋਕਾਂ ਨੂੰ ਸਿੱਖ ਧਰਮ
`ਚ ਪ੍ਰਵੇਸ਼ ਕਰਵਾਇਆ ਸੀ। ਜਦਕਿ ਇੱਕ ਹੋਰ ਸੂਚਨਾ ਅਨੁਸਾਰ ਪੰਜਵੇਂ ਪਾਤਸ਼ਾਹ ਦੇ ਸਮੇਂ ਤੱਕ ਤਾਂ
ਇਹ ਆਂਕੜਾਂ ਹੋਰ ਵੀ ਬਹੁਤ ਅੱਗੇ ਚਲਾ ਗਿਆ ਸੀ। ਫ਼ਿਰ ਵਿਸਾਖੀ ਸੰਨ ੧੬੯੯ ਦੀ ਪਾਹੁਲ ਵਾਲੇ ਸਮਾਗਮ
ਦੀ ਅਤੇ ਮੀਰ ਮਨੂੰ ਦੇ ਰਾਜਕਾਲ ਦੀ ਮਿਸਾਲ ਵੀ ਇਸ ਪੁਸਤਕ ਦੇ ਪਹਿਲੇ ਖੰਡ `ਚ ਆ ਚੁੱਕੀ ਹੈ। ਭਾਵ
ਜਦੋਂ ਪੰਥ `ਤੇ ਅਤਿ ਭੀੜਾ ਦਾ ਸਮਾਂ ਆਇਆ ਤਾਂ ਵੀ ਸਾਡੀ ਗਿਣਤੀ `ਚ ਲਗਾਤਾਰ ਵਾਧਾ ਹੋਇਆ। ਉਦੋਂ ਵੀ
“ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਕੱਟਦਾ ਅਸੀਂ ਦੂਣ ਸਵਾਏ ਹੋਏ”
ਵਾਲੀ ਗੱਲ ਸਾਡੇ `ਤੇ ਲਾਗੂ ਰਹੀ। ਇਹ ਸਭ ਇਸ ਲਈ ਕਿ ਸਿੱਖ ਧਰਮ ਦੇ ਪ੍ਰਚਾਰ ਦਾ ਉਹ ਪਹਿਲਾ
ਤੇ ਮੁੱਖ ਨਿਕਾਸ ਵਾਲਾ ਰਾਹ ਹੀ ਵੱਡਾ ਮਜ਼ਬੂਤ ਸੀ। ਉਦੋਂ ਕਦੇ ਕਿਸੇ ਸੁਪਨੇ `ਚ ਵੀ ਨਹੀਂ ਸੀ
ਸੋਚਿਆ ਕਿ ਸਿੱਖੀ ਦੀ ਭੂਮੀ ਕਦੇ ਕਲਰਾਠੀ ਵੀ ਹੋ ਸਕਦੀ ਹੈ। ਉਦੋਂ ਤਾਂ ਸਰੂਪ ਦੀ ਰਾਖੀ ਲਈ ਭਾਈ
ਤਾਰੂ ਸਿੰਘ ਵਰਗੇ ਸਿੱਖੀ ਲਈ ਖੋਪੜੀ ਤੱਕ ਲੁਹਾ ਰਹੇ ਸਨ ਅਤੇ ਸ਼ਾਹਬਾਜ਼ ਸਿੰਘ ਸੁਭੇਗ ਸਿੰਘ ਵਰਗੇ
ਖਿੜੇ ਮੱਥੇ ਚਰਖੜੀਆਂ ਤੇ ਚੜ੍ਹ ਰਹੇ ਪ੍ਰਵਾਣਿਆਂ ਦੀਆਂ ਕਤਾਰਾ ਲਗੀਆਂ ਹੋਈਆਂ ਸਨ।
ਉਪ੍ਰੰਤ ਅੱਜ ਸਾਡੀ ਹਾਲਤ ਉਸ ਸਾਰੇ ਦੇ ਬਿਲਕੁਲ ਉਲਟ ਹੋਈ ਪਈ ਹੈ। ਦੂਜੀਆਂ
ਕੌਮਾਂ ਦਾ ਸੋਚ ਪੱਧਰ ਤਾਂ ਇਹ ਹੈ ਕਿ ਆਉਂਦੇ ਸੌ ਸਾਲ ਬਾਅਦ ਉਨ੍ਹਾਂ ਦਾ ਬੱਚਾ ਕਿੱਥੇ ਖੜਾ
ਹੋਵੇਗਾ? ਉਸ ਦੇ ਲਈ ਉਨ੍ਹਾਂ ਦੀ ਪਲਾਨਿੰਗ ਅੱਜ ਤੋਂ ਹੀ ਚੱਲ ਰਹੀ ਹੈ। ਦੂਜੇ ਪਾਸੇ ਧੰਨ ਹਨ ਸਾਡੀ
ਕੌਮ ਦੇ ਮਲਾਹ ਨੇਤਾ ਗਣ ਤੇ ਗੁਰਦੁਆਰਾ ਪ੍ਰਬੰਧਕ…ਅੱਜ ਪਤਿੱਤਪੁਣਾ ਸ਼ਿਖਰਾਂ `ਤੇ ਹੈ, ਹੋਰ ਦੋ-ਤਿੰਨ
ਪੀੜ੍ਹੀਆਂ ਬਾਅਦ ਕੌਮ ਦਾ ਸਰੂਪ ਬਚੇਗਾ ਵੀ ਜਾਂ ਨਹੀਂ, ਪਰ ਇਹ ਆਪਣੀ ਹੀ ਡਫਲੀ ਵਜਾ ਰਹੇ ਹਨ, ਆਪਣੇ
ਦਮਗਜੇ ਮਾਰ ਰਹੇ ਹਨ, ਆਪਣੇ ਸੋਹਿਲੇ ਗਾ ਰਹੇ ਹਨ। ਸਿੱਖ ਧਰਮ ਦੇ ਮੌਜੂਦਾ ਪ੍ਰਚਾਰ ਪ੍ਰਬੰਧ ਨੂੰ
ਘੋਖਣ ਲਈ ਕੋਈ ਤਿਆਰ ਨਹੀਂ।
ਵਿਦੇਸ਼ਾਂ `ਚ ਗੁਰਮੱਤ ਪ੍ਰਚਾਰ ਦੇ ਦੌਰੇ ਸਮੇਂ ਤਾਂ ਇਹ ਦੁਖਾਂਤ ਹੋਰ ਵੀ
ਉਘੜ ਕੇ ਸਾਹਮਣੇ ਆਇਆ, ਜਦੋਂ ਖੁਲ੍ਹਮਖੁੱਲ੍ਹਾ ਸਾਡੇ ਅਨੇਕਾਂ ਵੀਰ ਤੇ ਭੈਣਾਂ ਇਹ ਹੱਠ ਵੀ ਕਰ ਰਹੇ
ਹਨ ਕਿ ‘ਸਿੱਖੀ `ਚ ਕੇਸਾਂ ਵਾਲੇ ਸਰੂਪ ਦੀ ਲੋੜ ਹੀ ਕੀ ਹੈ? ਸਚਾਈ ਇਹ ਹੈ ਕਿ ਅੱਜ ਜਿਤਨੇ ਵੀ ਸਾਡੇ
ਵੀਰ ਤੇ ਭੈਣਾਂ ਪਤਿੱਤਪੁਣੇ ਵੱਲ ਵਧ ਰਹੇ ਹਨ; ਇਹ ਉਹੀ ਹਨ ਜਿੰਨ੍ਹਾਂ ਦੇ ਪੂਰਵਜਾਂ ਨੇ ਕਦੇ
ਝੋਲੀਆਂ ਟੱਡ ਕੇ, ਘਾਲਣਾ ਘਾਲ ਕੇ, ਗੁਰੂਦਰ ਤੋਂ ਸਿੱਖੀ ਵਾਲੀ ਦਾਤ ਪ੍ਰਾਪਤ ਕੀਤੀ ਸੀ। ਸੱਚ ਹੈ,
ਜੇਕਰ ਕਿਸੇ ਵੀ ਪ੍ਰਵਾਰ ਦਾ ਕੇਵਲ ਇੱਕ ਮੈਂਬਰ, ਭਾਵੈ ਕਿਸੇ ਵੀ ਕਾਰਨ ਤੋਂ ਟੁੱਟ ਜਾਵੇ ਤਾਂ ਉਸ
ਪ੍ਰਵਾਰ `ਚ ਹਾਏ ਤੋਬਾ ਮੱਚ ਜਾਂਦੀ ਹੈ। ਜਦਕਿ ਅੱਜ ਪੰਥਕ ਪ੍ਰਵਾਰ `ਚੋਂ ਨਿੱਤ ਲਖਾਂ ਟੁੱਟ ਰਹੇ
ਹਨ, ਪੰਥ ਫ਼ਿਰ ਵੀ ਘੂਕ ਤੁ ਕੁੰਭਕਰਣੀ ਨੀਂਦਰੇ ਸੁੱਤਾ ਪਿਆ ਹੈ।
ਇਹ ਹੈ ਸਿੱਖੀ ਪ੍ਰਚਾਰ ਦਾ ਉਹ ਰਸਤਾ ਜਿਹੜਾ ਪਹਿਲੇ ਤੇ ਉਸ ਮੁੱਖ ਰਸਤੇ
ਤੋਂ ਵੀ ਕਈ ਗੁਣਾ ਵੱਧ ਖ਼ਾਲੀ ਪਿਆ ਹੈ। ਉਂਜ “ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ” ਨੇ ਇਸ ਪਾਸੇ
ਮਾੜਾ ਜਿਹਾ ਉੱਦਮ ਅਰੰਭਿਆ ਹੋਇਆ ਹੈ। ਇਹ ਪ੍ਰਾਜੈਕਟ ਹੈ “ਸੰਗਤਾਂ ਦੇ ਸਹਿਯੋਗ ਨਾਲ ਘਰ ਘਰ `ਚ
ਬਿਨਾ ਮੰਗੇ-ਮੰਗਵਾਏ ‘ਵਿਸ਼ੇਬੰਧ (by self learning
Topicwise gurmat Lessons) ਗੁਰਮੱਤ ਦੀ ਮੁਫ਼ਤ
ਪੜ੍ਹਾਈ ਵਾਲਾ ਚਲਦਾ ਫਿਰਦਾ ਪ੍ਰਾਜੈਕਟ”। ਇਸ ਲਈ ਦੇਸ਼-ਵਿਦੇਸ਼ਾਂ `ਚ ਗੁਰੂ ਕੀਆਂ ਸੰਗਤਾਂ ਇਨ੍ਹਾਂ
ਵਿਸ਼ੇਬੰਧ ਗੁਰਮੱਤ ਪਾਠਾਂ ਨੂੰ ਸੈਂਟਰ ਪਾਸੋਂ ਮੰਗਵਾ ਕੇ ਅੱਗੋਂ ਫ਼ਿਰ ਗੁਰੂ ਕੀਆਂ ਸੰਗਤਾਂ ਵਿਚਕਾਰ
ਵੰਡ ਵੀ ਰਹੀਆਂ ਹਨ। ਬੇਨਤੀ ਹੈ ਕਿ ਆਪ ਵੀ ਇਸ ਪਾਸੇ ਆਪਣਾ ਸਹਿਯੋਗ ਬਖ਼ਸ਼ੋ। ਇਸ ਸਾਰੇ ਦੇ ਬਾਵਜੂਦ,
ਅਜੋਕੇ ਸਾਰੇ ਗੁਰਮੱਤ ਪ੍ਰਚਾਰ ਪ੍ਰਬੰਧ ਨੂੰ ਪੰਥਕ ਤਲ `ਤੇ ਫ਼ਿਰ ਤੋਂ ਪੂਰੀ ਤਰ੍ਹਾਂ ਘੋਖਣ ਤੇ
ਨਿਯਮਿਤ ਕਰਣ ਦੀ ਵੱਡੀ ਲੋੜ ਹੈ, ਇਸ ਤੋਂ ਬਿਨਾ ਸਿੱਖੀ ਦਾ ਭਵਿੱਖ ਅਤੀ ਧੁੰਦਲਾ ਹੈ।
ਸਿੱਖੀ ਪ੍ਰਚਾਰ ਦਾ ਤੀਜਾ ਧੁਰਾ, ਸਿੱਖ ਲਹਿਰ ਦੀ ਮਜ਼ਬੂਤੀ -
ਹੁਣ ਤੱਕ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਸਿੱਖ
ਧਰਮ ਅਤੇ ਸਿੱਖ ਲਹਿਰ, ਦੋਵੇਂ ਇੱਕ ਦੂਜੇ ਦੀਆਂ ਤਾਕਤਾਂ ਵੀ ਹਨ ਤੇ ਪੂਰਕ ਵੀ। ਇਸ ਤਰ੍ਹਾਂ ਇੱਕ ਦਾ
ਵਜੂਦ ਦੂਜੇ `ਤੇ ਹੈ ਨਹੀਂ ਤਾਂ ਦੋਨਾਂ ਦੀ ਹੋਂਦ ਖੱਤਰੇ `ਚ ਚਲੀ ਜਾਂਦੀ ਹੈ। ਇਹ ਵੀ ਸੱਚ ਹੈ ਕਿ
ਗ਼ੈਰਸਿੱਖ ਭਾਰਤੀ ਤੇ ਵਿਦੇਸ਼ੀ ਵਿਦਵਾਨਾਂ ਅਨੁਸਾਰ ਵੀ “ਕੇਵਲ ਸਿੱਖ ਧਰਮ ਹੀ ਸਰਬ-ਦੇਸ਼ੀ,
ਸਰਬ-ਕਾਲੀ ਤੇ ਪੂਰੇ ਸੰਸਾਰ ਦੇ ਮਨੁੱਖਾਂ ਦਾ ਮੂਲ ਧਰਮ ਹੈ”। ਇਸ ਤਰ੍ਹਾਂ ਅਜਿਹਾ ਮਨੁੱਖ
ਜਿਹੜਾ ਆਪਣਾ ਜੀਵਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿੱਖਿਆ ਨੂੰ ਅਰਪਣ ਕਰ
ਦਿੰਦਾ ਹੈ, ਦਰਅਸਲ ਉਹੀ ਮਨੁੱਖ ਅੰਤ ਇੱਕ ਦਿਨ ਸਿੱਖ ਵੀ ਹੋ ਨਿੱਬੜਦਾ ਹੈ।
ਇਹ ਵੀ ਦੇਖ ਚੁੱਕੇ ਹਾਂ ਕਿ ਸਿੱਖ ਧਰਮ ਦੀ ਜ਼ਮੀਨ ਹੀ ਸੰਪੂਰਨ ਮਨੁੱਖ ਸਮਾਜ
ਹੈ। ਇਹੀ ਇੱਕੋ ਇੱਕ ਸੰਸਾਰ ਪੱਧਰ ਦਾ ਧਰਮ ਹੈ ਜਿਸ `ਚ ਪ੍ਰਵੇਸ਼ ਲਈ ਕਾਲੇ-ਗੋਰੇ, ਬ੍ਰਾਹਮਣ-ਸ਼ੂਦਰ,
ਇਸਤ੍ਰੀ-ਪੁਰਖ, ਬੱਚਾ-ਬਿਰਧ, ਦੇਸ਼ੀ-ਵਿਦੇਸ਼ੀ ਸਭ ਨੂੰ ਇਕੋ ਜਿਹਾ ਸੱਦਾ ਹੈ। ਹਿੰਦੂ, ਮੁਸਲਮਾਨ,
ਈਸਾਈ, ਯਹੂਦੀ, ਪਾਰਸੀ ਭਾਵ ਸੰਸਾਰ ਦੇ ਕਿਸੇ ਵੀ ਧਰਮ ਦਾ ਧਾਰਣੀ ਕੋਈ ਵੀ ਇਸਤ੍ਰੀ ਭਾਵੇਂ ਪੁਰਖ,
ਇਸ ਇਲਾਹੀ ਤੇ ਰੱਬੀ ਧਰਮ `ਚ ਪ੍ਰਵੇਸ਼ ਕਰਣ ਦਾ ਹੱਕਦਾਰ ਹੈ। “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ” ਤੋਂ ਪ੍ਰਗਟ ਹੋਣ ਵਾਲੀ ਜੀਵਨ ਜਾਚ ਹੀ ਅਜਿਹੀ ਜੀਵਨ ਜਾਚ ਹੈ ਜਿਸਦੀ ਮਨੁੱਖਾ ਜੀਵਨ ਲਈ
ਹਜ਼ਾਰਾਂ ਵਰ੍ਹੇ ਪਹਿਲਾਂ ਵੀ ਉਨੀਂ ਹੀ ਲੋੜ ਸੀ ਅਤੇ ਲੱਖਾਂ ਵਰ੍ਹੇ ਬਾਅਦ ਵੀ ਉਨੀਂ ਹੀ ਰਹੇਗੀ। ਇਸ
ਜੀਵਨ ਜਾਚ ਤੋਂ ਬਿਨਾ ਤਾਂ ਸਾਡੇ ਮਨੁੱਖਾ ਜੀਵਨ `ਚ ਚਮਕ ਆਉਣੀ ਹੀ ਸੰਭਵ ਨਹੀਂ। ਇਹੀ ਜੀਵਨ ਜਾਚ,
ਸਚਮੁਚ ਜੀਵਨ ਸਫ਼ਲਤਾ ਦੀ ਕੁੰਜੀ ਵੀ ਹੈ। ਮਨੁੱਖ, ਜੀਂਉਦੇ ਜੀਅ ਵੀ ਇਲਾਹੀ ਗੁਣਾਂ ਨਾਲ ਭਰਪੂਰ ਹੋ
ਜਾਂਦਾ ਹੈ ਅਤੇ ਮੌਤ ਤੋਂ ਬਾਅਦ ਵੀ ਜਨਮ-ਮਰਨ ਦੇ ਗੇੜ `ਚ ਨਹੀਂ ਪੈਂਦਾ, ਆਪਣੇ ਅਸਲੇ ਪ੍ਰਭੂ `ਚ ਹੀ
ਸਮਾਅ ਜਾਂਦਾ ਹੈ।
ਪਰ ਅੱਜ ਕੀ ਹੋ
ਰਿਹਾ ਹੈ? - ਅੱਜ ਸਾਡੇ ਕੋਲ ਇੱਕ ਵੀ ਅਜਿਹਾ
ਪ੍ਰਚਾਰ ਪ੍ਰਬੰਧ ਨਹੀਂ ਜੋ ਗੁਰਦੁਆਰੇ ਤੋਂ ਬਾਹਿਰ, ਆਮ ਲੋਕਾਈ ਤੱਕ ਗੁਰਬਾਣੀ ਦੀ ਖੁਸ਼ਬੂ ਨੂੰ
ਪਹੁੰਚਾ ਸਕੇ। ਅਜਿਹੇ ਹਾਲਾਤ `ਚ ਸਿੱਖ ਲਹਿਰ ਉਜਾਗਰ ਹੋਵੇਗੀ ਵੀ ਤਾਂ ਕਿਸ ਰਸਤੇ? ਗੁਰੂ ਨਾਨਕ
ਪਾਤਸ਼ਾਹ ਨੇ ਜਗਨਨਾਥ ਪੁਰੀ, ਬਨਾਰਸ, ਹਰਦੁਆਰ, ਮੱਕੇ-ਮਦੀਨੇ ਦੇ ਵੱਡੇ ਇਕੱਠਾਂ ਤੇ ਸੁਮੇਰ ਪਰਬਤ
ਆਦਿ ਦੀਆਂ ਅਤਿ ਠੰਡੀਆਂ ਉਚਾਈਆਂ `ਤੇ ਪੁੱਜ ਕੇ ਵੀ ਇਸ ਜੀਵਨ ਜਾਚ ਨੂੰ ਵੰਡਿਆ ਸੀ। ਦਰਖਤਾਂ ਦੀ
ਛਾਂ ਹੇਠ ਬੈਠ ਕੇ, ਰੋੜਾਂ-ਕੰਡਿਆਲੀਆਂ ਭੂਮੀਆਂ `ਤੇ ਚੱਲ ਕੇ, ਜੰਗਲਾਂ-ਬੀਆਬਾਨਾਂ `ਚ ਖੂੰਖਾਰ
ਦਰਿੰਦਿਆਂ ਵਿਚਕਾਰੋਂ ਲੰਘ ਕੇ, ਇਸ ਅਕਾਲਪੁਰਖੀ ਸੱਚ ਨੂੰ ਆਮ ਮਨੁੱਖ ਤੀਕ ਪਹੁੰਚਾਇਆ ਸੀ। ਦਸਮੇਸ਼
ਪਿਤਾ ਤੀਕ ਇਹ ਸਿਲਸਲਾ ਚਾਲੂ ਰਿਹਾ ਪਰ ਅੱਜ ਅਸੀਂ ਕਿੱਥੇ ਖੜੇ ਹਾਂ? ਲੋੜ ਹੈ ਤਾਂ, ਸੁਲਝੇ
ਤੇ ਸਿੱਖੀ ਜੀਵਨ ਜਾਚ ਨਾਲ ਭਰਪੂਰ ਜੀਵਨ ਵਾਲੀਆਂ ਬੀਬੀਆਂ ਤੇ ਦੇ ਗੁਰਮੱਤ ਪ੍ਰਚਾਰਕ ਵੀਰਾਂ ਰਾਹੀਂ
ਚੁਰਸਤਿਆਂ, ਮੈਦਾਨਾਂ `ਚ ਖਲੋ ਕੇ, ਆਡੀਟੋਰੀਅਮਾਂ ਰਾਹੀਂ, ਇਲੈਕਟ੍ਰਾਨਿਕ-ਟੈਕਨਾਲੋਜੀ,
ਇੰਟਰਨੈਟ-ਇਨਸੈਟ ਅਤੇ ਹਰੇਕ ਨਵੀਨਤਮ ਮੀਡੀਏ ਨੂੰ ਵਰਤ ਕੇ, ਸੰਪੂਰਣ ਲੋਕਾਈ ਤੀਕ ਇਸ ਸੱਚ ਧਰਮ ਨੂੰ
ਪਹੁੰਚਾਉਣ ਦੀ।
ਵਿਚਾਰਣਾ ਇਹ ਵੀ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ, ਜਿੱਥੇ “ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਪ੍ਰਕਾਸ਼ ਹੈ ਉਥੋਂ ਦੀ ਮਰਿਆਦਾ ਤੇ ਸਤਿਕਾਰ ਦੇ ਢੰਗ ਹੋਰ
ਹਨ। ਇਸ ਤੋਂ ਬਾਅਦ ਜਦੋਂ ਅਸਾਂ ਮੈਦਾਨਾਂ, ਚੌਂਕਾਂ ਤੇ ਖੁਲ੍ਹੇ ਇਕੱਠਾਂ `ਚ, ਲੋਕਾਈ ਨੂੰ ਸਿੱਖੀ
ਦੇ ਨੇੜੇ ਲਿਆਉਣਾ ਹੈ, ਗੁਰਬਾਣੀ ਸੱਚ ਦਾ ਸੁਨੇਹਾ ਦੇਣਾ ਹੈ ਤੇ ਉਸ ਦੇ ਨਾਲ ਵਾਜੇ `ਤੇ ਉਂਗਲੀ ਰੱਖ
ਕੇ ਸ਼ਬਦ ਦਾ ਗਾਇਨ ਵੀ ਕਰਣਾ ਹੈ ਤਾਂ ਉਥੇ ਸਾਨੂੰ ਖੁੱਲ੍ਹੀ ਡੁੱਲ੍ਹੀ ਮਰਿਆਦਾ ਦੀ ਵੀ ਲੋੜ ਹੈ। ਕੋਈ
ਸੁਨਣ ਵਾਲਾ ਰੁੱਕ ਗਿਆ, ਉਸ ਦੇ ਜੋੜੇ ਉਤਰਵਾਉਣ ਦੀ ਲੋੜ ਨਹੀਂ, ਉਸ ਦੀ ਜੇਬ `ਚ ਕੀ ਹੈ, ਉਸ ਦੀ
ਚਿੰਤਾ ਨਾ ਕਰੋ। ਉਸ ਨੇ ਸਿਰ ਢੱਕਿਆ ਹੈ ਕਿ ਨਹੀਂ ਇਨ੍ਹਾਂ ਗੱਲਾਂ ਲਈ ਵਾਤਾਵਰਣ ਤਾਂ ਤਿਆਰ ਕਰੋ ਪਰ
ਸਖ਼ਤੀ ਨਹੀਂ ਕਰਣੀ। ਕਿਉਂਕਿ ਉਥੇ ਅਸਲ ਵਿਸ਼ਾ ਤਾਂ ਬਾਣੀ ਵਾਲੇ ਸੱਚ ਦਾ ਢਿੰਡੋਰਾ ਪਿਟਣਾ ਹੀ ਹੋਣਾ
ਹੈ। ਇਹੀ ਨਹੀਂ ਅਜੋਕੇ ਯੁਗ ਦੀ ਟੈਕਨਾਲੋਜੀ ਤੇ ਮੀਡੀਏ ਦੀ ਵਰਤੋਂ ਵੀ ਬੜੇ ਸੁਲਝੇ ਤੇ ਨਿਯਮਤ ਢੰਗ
ਨਾਲ ਕਰਣ ਦੀ ਲੋੜ ਹੈ।
ਯਕੀਨਣ ਜਿਹੜੇ ਸੱਜਨ ਉਥੋਂ ਤਿਆਰੀ ਕਰਕੇ, ਮਨਾਂ `ਚ ਬਾਣੀ ਲਈ ਪਿਆਰ ਤੇ
ਸਤਿਕਾਰ ਲੈ ਕੇ ਇਸ ਸੋਚ ਦੇ ਪਹਿਰੇਦਾਰ ਬਣਨਗੇ, ਸਿੱਖੀ `ਚ ਪ੍ਰਵੇਸ਼ ਕਰਣਗੇ; ਸ਼ਾਇਦ ਉਹ ਸਾਡੇ ਤੋਂ
ਵੱਧ ਦਰਦੀ ਤੇ ਪਿਆਰ ਵਾਲੇ ਹੋਣਗੇ; ਤਨੋਂ, ਮਨੋਂ ਸਰੂਪ ਦੀ ਸੰਭਾਲ ਵੀ ਕਰਣਗੇ। ਉਨ੍ਹਾਂ ਦੀਆਂ
ਜੇਬਾਂ `ਚੋਂ ਵਾਧੂ ਤਤਵ ਵੀ ਆਪ ਹੀ ਨਿਕਲ ਚੁੱਕੇ ਹੋਣਗੇ। ਉਹ ਆਪ ਜੋੜੇ ਉਤਾਰ ਕੇ ਗੁਰੂਦਰ ਦੀਆਂ
ਹਾਜ਼ਰੀਆਂ ਭਰਣਗੇ। ਲੋੜ ਹੈ, ਪਹਿਲਾਂ ਲੋਕਾਈ ਨੂੰ ਇਸ ਯੋਗ ਬਣਾਇਆ ਤਾਂ ਜਾਵੇ। ਗੁਰਬਾਣੀ ਦੀ ਖੁਸ਼ਬੂ
ਇਹ ਸਾਰੇ ਘਾਟੇ ਨੂੰ ਆਪ ਸਾਰ ਲਵੇਗੀ; ਇਸ ਪਾਸੇ ਟੁਰ ਕੇ ਤਾਂ ਦੇਖੀਏ।
ਇਹ ਹੈ ਸਿੱਖੀ ਪ੍ਰਚਾਰ ਦਾ ਤੀਜਾ ਧੁਰਾ ਭਾਵ ਸਿੱਖ ਲਹਿਰ ਜੋ ਅੱਜ ਪਿੂਰੀ
ਤਰ੍ਹਾਂ ਮੁੱਕੀ ਪਈ ਹੈ। ਇਸ ਲਈ ਇਸ ਵਿਸ਼ੇ ਵੱਲ ਧਿਆਨ ਦਿੱਤੇ ਬਿਨਾ, ਸਿੱਖ ਧਰਮ ਅੱਗੇ ਨਹੀਂ ਵਧ
ਸਕਦਾ। ਜਦਕਿ ਇਥੇ ਖਾਸ ਤੌਰ `ਤੇ ਸੁਲਝੇ ਹੋਏ, ਸਿੱਖੀ ਜੀਵਨ ਵਾਲੇ, ਤਜ਼ੁਰਬੇਕਾਰ, ਮਿੱਠਬੋਲੜੇ
ਪ੍ਰਚਾਰਕਾਂ ਦੀ ਲੋੜ ਹੈ। ਚੇਤੇ ਰਹੇ! ਸੰਪੂਰਣ ਮਾਨਵਤਾ ਸਿੱਖੀ ਦੀ ‘ਜ਼ਮੀਨ’ ਹੈ, ਉਸ ਜ਼ਮੀਨ `ਚੋਂ
ਸਾਧਸੰਗਤ ਪੈਦਾ ਹੋਣ ਵਾਲਾ ‘ਪੌਦਾ’ ਤੇ ਸਿੱਖੀ ਉਸ ਪੌਦੇ ਨੂੰ ਲੱਗਣ ਵਾਲਾ ਫੁਲ ਤੇ ਫ਼ਿਰ ‘ਫਲ’। ਇਹ
ਹਨ ਸਿੱਖੀ ਪ੍ਰਚਾਰ ਦੇ ਤਿੰਨੇ ਧੁਰੇ ਜਿਹੜੇ ਅੱਜ ਪੂਰੀ ਤਰ੍ਹਾਂ ਬੰਦ ਹੋਏ ਪਏ ਹਨ। ਇਸ ਲਈ ਇਸ ਬਾਰੇ
ਬੜੀ ਦੂਰ ਦ੍ਰਿਸ਼ਟੀ ਤੇ ਬਹੁਤ ਵੱਡੇ ਉੱਦਮ ਦੀ ਵੱਡੀ ਲੋੜ ਹੈ, ਜਿਸ ਤੋਂ ਬਿਨਾ ਸਿੱਖ ਧਰਮ ਤੇ ਸਿੱਖ
ਲਹਿਰ ਹੋਰ ਪਿਛੇ ਤਾਂ ਜਾ ਸਕਦੇ ਹਨ ਪਰ ਇਨ੍ਹਾਂ ਦਾ ਅੱਗੇ ਵਧਣਾ ਸੰਭਵ ਹੀ ਨਹੀਂ।
#07 SDSLs01.013#
(ਚਲਦਾ)
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ
ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ
ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
EXCLUDING THIS BOOK
“Sikh, Dharm Vi Hai Ate
Lehar Vi.01.13
BEING LOADED IN ISTTS. Otherwise
about All the Self Learning Gurmat Lessons already loaded on
www.sikhmarg.com
it is to clarify that:-
---------------------------------------------
For all the Gurmat Lessons written upon Self Learning based
by ‘Principal Giani Surjit Singh’ Sikh Missionary, Delhi, all the rights are
reserved with the writer, but easily available for Distribution within ‘Guru Ki
Sangat’ with an intention of Gurmat Parsar, at quite a nominal printing cost
i.e. mostly Rs 300/- to 400/- (in rare cases these are 500/-) per hundred
copies for further Free distribution or otherwise. (+P&P.Extra) From ‘Gurmat
Education Centre, Delhi’, Postal Address- A/16 Basement, Dayanand Colony,
Lajpat Nagar IV, N. Delhi-24 Ph 91-11-26236119, 46548789& ® J-IV/46 Old D/S
Lajpat Nagar-4 New Delhi-110024 Ph. 91-11-26487315 Cell 9811292808
web site-
www.gurbaniguru.org
|
. |