.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਅਠਵਾਂ

ਸਾਰਾ ਕੁੱਝ ਰੱਬੀ ਹੁਕਮ ਵਿੱਚ ਚੱਲ ਰਿਹਾ ਹੈ ਤਾਂ ਉਹ ਹੁਕਮ ਕਿਸ ਤਰ੍ਹਾਂ ਦਾ ਹੈ?

ਉਸ ਦੇ ਹੁਕਮ ਜਾਂ ਸਦੀਵ ਕਾਲ ਨਿਯਮ ਨੂੰ ਅਸਾਂ ਜੀਵਾਂ ਨੇ ਕਿਸ ਤਰ੍ਹਾਂ ਸਮਝਣਾ ਹੈ?

ਕੀ ਰੱਬ ਜੀ ਮਨੁੱਖਾਂ ਵਾਂਗ ਹੁਕਮ ਕਰਦੇ ਹਨ?

ਰੱਬ ਸਬੰਧੀ ਮਨੁੱਖ ਦੇ ਢੇਰ ਸਾਰੇ ਸਵਾਲ ਹਨ। ਅਸਲ ਵਿੱਚ ਹਰ ਮਨੁੱਖ ਰੱਬ ਜੀ ਨੂੰ ਆਪਣੇ ਪੱਧਰ ਅਨੁਸਾਰ ਸਮਝਣ ਦਾ ਯਤਨ ਕਰ ਰਿਹਾ ਹੈ ਜਾਂ ਕਿਸੇ ਸੰਪਰਦਾਈ ਸੋਚ ਅਧੀਨ ਰੱਬ ਜੀ ਸਬੰਧੀ ਜਾਣਕਾਰੀ ਰੱਖਦਾ ਹੈ। ਅਕਾਲ ਪੁਰਖ ਨੂੰ ਸਮਝਣ ਲਈ ਅਸਾਂ ਬ੍ਰਹਾਮਣੀ ਵਿਚਾਰਧਾਰਾ ਦਾ ਗਲਬਾ ਦੂਰ ਨਹੀਂ ਕੀਤਾ। ਗੁਰਬਾਣੀ ਤੋਂ ਅਣਜਾਣ ਹੁਣ ਦੀ ਸਿੱਖੀ ਵਿੱਚ ਕਈ ਵਾਰੀ ਰੱਬ ਜੀ ਨੂੰ ਵੱਖ ਵੱਖ ਧਰਮਾਂ ਦੇ ਸਾਂਚੇ ਅਨੁਸਾਰ ਵੀ ਦੇਖਣ ਦਾ ਯਤਨ ਕੀਤਾ ਗਿਆ ਹੈ। ਮਿਸਾਲ ਦੇ ਤੌਰ `ਤੇ ਮੁਸਲਮਾਨ ਵੀਰ ਕਹਿੰਦੇ ਹਨ ਕਿ ਰੱਬ ਜੀ ਸਤਵੇਂ ਅਸਮਾਨ `ਤੇ ਰਹਿੰਦਾ ਹੈ ਤਾਂ ਆਮ ਸਿੱਖ ਵੀ ਬਹੁਤੀ ਦਫ਼ਾ ਉੱਪਰ ਨੂੰ ਹੱਥ ਕਰਕੇ ਕਹੇਗਾ ਕਿ ਉੱਪਰ ਵਾਲਾ ਹੀ ਜਾਣੇ। ਸਾਡੇ ਮੁਲਕ ਵਿੱਚ ਬ੍ਰਹਾਮਣੀ ਵਿਚਾਰਧਾਰਾ ਅਨੁਸਾਰ ਦੇਵੀ ਦੇਵਤੇ ਹੀ ਰੱਬ ਜੀ ਹਨ ਤੇ ਇਹਨਾਂ ਦੇਵੀ ਦੇਵਤਿਆਂ ਦੇ ਪ੍ਰਭਾਵ ਤੋਂ ਸਿੱਖ ਦੀ ਮਾਨਸਕਤਾ ਮੁਕਤ ਨਹੀਂ ਹੋਈ। ਭਾਰਤ ਦੇ ਬਹੁਤੇ ਖਿਢਾਰੀ ਅਸਮਾਨ ਵਲ ਨੂੰ ਹੱਥ ਕਰਕੇ ਰੱਬ ਪਾਸੋਂ ਤਾਕਤ ਮੰਗਣਗੇ। ਕੋਈ ਦੇਵੀ ਦੇਵਤਿਆਂ ਨੂੰ ਸਰਬ-ਵਿਆਪਕ ਰੱਬ ਜੀ ਮੰਨ ਕੇ ਉਸ ਦੀ ਪੂਜਾ ਕਰ ਰਹੇ ਹਨ। ਅਜੇਹੀ ਪੂਜਾ ਸਿੱਖਾਂ ਵਿੱਚ ਵੀ ਦੇਖੀ ਜਾ ਸਕਦੀ ਹੈ। ਗੁਰਬਾਣੀ ਅਨੁਸਾਰ ਹੁਣ ਤੀਕ ਸਮਝਣ ਦਾ ਯਤਨ ਕੀਤਾ ਹੈ ਕਿ ਰੱਬ ਜੀ ਦਾ ਮਨੁੱਖਾਂ ਵਾਂਗ ਜਨਮ ਨਹੀਂ ਲੈਂਦੇ। ਰੱਬ ਜੀ ਅਜੂੰਨੀ ਹਨ। ਦੂਸਰਾ ਇਹ ਵੀ ਵਿਚਾਰਣ ਦਾ ਯਤਨ ਕੀਤਾ ਹੈ ਕਿ ਰੱਬ ਜੀ ਦੀ ਕੋਈ ਮਨੁੱਖਾਂ ਵਾਂਗ ਰੂਪ-ਰੇਖਾ ਨਹੀਂ ਹੈ। ਇੱਕ ਨੁਕਤਾ ਇਹ ਵੀ ਵਿਚਾਰਿਆ ਹੈ ਕਿ ਰੱਬ ਜੀ ਦੀ ਹੋਂਦ ਲਕੜੀ ਵਿੱਚ ਅੱਗ ਤੇ ਦੁੱਧ ਵਿੱਚ ਘਿਓ ਵਾਂਗ ਹੈ। ਇਹ ਹੋਂਦ ਦਿਸਦੇ ਅਣ-ਦਿਸਦੇ ਸੰਸਾਰ ਵਿੱਚ ਸਰਬ-ਵਿਆਪਕ ਹੈ।

ਡਾ. ਗੁਰਸ਼ਰਨਜੀਤ ਸਿੰਘ ਜੀ ‘ਗੁਰਮਤ ਨਿਰਣਯ ਕੋਸ਼` ਨਾਮੀ ਪੁਸਤਕ ਵਿੱਚ ਪ੍ਰਭੂ, ਰੱਬ, ਪਰਮਾਤਮਾ, ਅਕਾਲ ਪੁਰਖ ਦੇ ਸਿਰਲੇਖ ਹੇਠ ਸਤਵੇਂ ਨੰਬਰ `ਤੇ ਬਹੁਤ ਮਹੱਤਵ ਪੂਰਨ ਲਿਖਦੇ ਹਨ ਕਿ “ਕਾਦਰ ਕੁਦਰਤ ਤੋਂ ਭਿੰਨ ਨਹੀਂ--ਕੁਦਰਤ ਰਾਂਹੀ ਹੀ ਕਾਦਰ ਪ੍ਰਗਟ ਹੋ ਰਿਹਾ ਹੈ। ਉਸ ਨੂੰ ਕੁਦਰਤ ਵਿੱਚ ਅਨੁਭਵ ਕੀਤਾ ਜਾ ਸਕਦਾ ਹੈ। ਇਹ ਕੁਦਰਤ ਜਿਸ ਅਧੀਨ ਵਿਚਰਦੀ ਹੈ, ਉਸ ਨਿਯਮ ਦਾ ਨਾਂ ਪਰਮਾਤਮਾ ਹੈ। ਇਸ ਨਿਯਮ ਦੇ ਅਧੀਨ ਹੀ ਕਰਮ ਸਿਧਾਂਤ ਅਨੁਸਰ ਜੀਵ ਸੁੱਖ--ਦੁੱਖ ਪਉਂਦੇ ਹਨ”। ਅਗਲੇ ਨੰਬਰ `ਤੇ ਹੋਰ ਵੀ ਭਾਵਪੂਰਤ ਲਿਖਦੇ ਹਨ, “ਉਸ ਦੀ ਪ੍ਰਾਪਤੀ ਨਹੀਂ ਸੋਝੀ ਹੋ ਸਕਦੀ ਹੈ- ਉਸ ਦੀ ਪ੍ਰਾਪਤੀ ਦਾ ਹੱਠ ਕਰਨ ਵਾਲੇ ਜਪ-ਤਪ ਕਰਦੇ ਹਨ, ਵਰਤ ਰੱਖਦੇ ਹਨ, ਕਰਮ-ਕਾਂਡ ਕਰਦੇ ਹਨ, ਗ੍ਰੰਥਾਂ ਦੇ ਪਾਠ ਆਦਿ ਕਰਦੇ ਹਨ-ਪਰ ਇਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ। ਉਸ ਦਾ ਭੌਤਿਕ ਸਰੀਰ ਹੈ ਹੀ ਨਹੀਂ ਤਾਂ ਉਸ ਦੀ ਪ੍ਰਾਪਤੀ ਵੀ ਸੰਭਵ ਨਹੀਂ। ਹਾਂ ਇਹ ਸੋਝੀ ਹੋ ਸਕਦੀ ਹੈ। ਇਹ ਸੋਝੀ ਵੀ ਕਿਸੇ ਯਤਨ ਜਾਂ ਚਤਰਾਈ ਦੁਆਰਾ ਨਹੀਂ, ਸਗੋਂ ਅਚਨਚੇਤ ਤੇ ਸਹਿਜ ਵਿੱਚ ਹੁੰਦੀ ਹੈ”।

ਡਾ. ਸਰਬਜੀਤ ਸਿੰਘ ਜੀ ਦੇ ‘ਹੁਕਮ` ਵਾਲੇ ਲੇਖ ਵਿੱਚ ਜੋ ਸਿੱਖ ਮਾਰਗ `ਤੇ ਛਪਿਆ ਹੈ ਦੇ ਪਹਿਲੇ ਪਹਿਰੇ ਬੜਾ ਪਿਆਰਾ ਖਿਆਲ ਹੈ---ਆਮ ਤੌਰ ਤੇ ਅਸੀਂ ਹੁਕਮ ਬਾਰੇ ਇਹ ਸਮਝਦੇ ਹਾਂ ਕਿ ਕਿਸੇ ਬਜ਼ੁਰਗ, ਵੱਡੇ ਮਾਲਕ, ਅਫ਼ਸਰ ਜਾਂ ਅਧਿਆਪਕ ਨੇ ਜਿਹੜਾ ਵੀ ਕੰਮ ਕਿਹਾ ਹੈ, ਉਸ ਦਾ ਕਿਹਾ ਹੀ ਹੁਕਮ ਹੈ। ਪਰੰਤੂ ਗੁਰਬਾਣੀ ਵਿੱਚ ਹੁਕਮੁ ਦਾ ਸਬੰਧ ਅਕਾਲ ਪੁਰਖ ਦੇ ਨਿਯਮ, ਧਰਮ, ਅਸੂਲ ਜਾਂ ਸਿਸਟਮ ਨਾਲ ਹੈ। ਇਹ ਸੀਮਤ ਨਹੀਂ ਹੈ ਕਿਉਂ ਕਿ ਅਕਾਲ ਪੁਰਖ ਦਾ ਅਸੂਲ ਕੁਦਰਤ ਅਤੇ ਜੀਵਨ ਦੇ ਹਰ ਪਹਿਲੂ ਨਾਲ ਸਬੰਧਤ ਹੈ, ਇਸ ਵਿੱਚ ਅਨੇਕਤਾ ਹੈ। ਗੁਰਬਾਣੀ ਵਿੱਚ ਹੁਕਮੁ, ਡਰ, ਭੈ, ਭਉ ਆਦਿ ਨਾਵਾਂ ਨਾਲ ਵੀ ਵਰਤਿਆ ਗਿਆ ਹੈ।

ਹੁਣ ਇਹ ਨੁਕਤਾ ਵਿਚਾਰਿਆ ਜਾਏਗਾ ਕਿ ਰੱਬ ਜੀ ਦਾ ਹੁਕਮ ਜਾਂ ਉਸ ਦਾ ਸਦੀਵ ਕਾਲ ਨਿਯਮ ਸਾਡੇ ਵਿੱਚ ਕਿਸ ਤਰ੍ਹਾਂ ਚਲ ਰਿਹਾ ਹੈ? ਦੂਜਾ ਅਸੀਂ ਇਸ ਹੁਕਮ ਨੂੰ ਸਮਝ ਕੇ ਹੁਕਮ ਅਨੁਸਾਰੀ ਹੋ ਕੇ ਚੱਲਣਾ ਹੈ। ਜਪੁ ਬਾਣੀ ਦੀ ਪਹਿਲੀ ਪਉੜੀ ਦੀਆਂ ਅਖੀਰਲੀਆਂ ਤੁਕਾਂ ਵਿੱਚ ਬੜਾ ਪਿਆਰਾ ਉਪਦੇਸ਼ ਦਿੱਤਾ ਹੈ ਕਿ ਅਸੀਂ ‘ਸਚਿਆਰ ਮਨੁੱਖ` ਕਿਸ ਤਰ੍ਹਾਂ ਦੇ ਬਣਨਾ ਹੈ ਤਾਂ ਕੇ ਸਾਡੇ ਅੰਦਰੋਂ ਕੂੜ ਦੀ ਕੰਧ ਟੁੱਟ ਜਾਏ। ਇਸ ਦਾ ਉੱਤਰ ਦਿੱਤਾ ਹੈ ਕਿ ਰੱਬੀ ਹੁਕਮ ਵਿੱਚ ਤੁਰਿਆਂ ਹੀ ਸਾਡੇ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ---

ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ ॥੧॥

ਜਪੁ ਬਾਣੀ ਪੰਨਾ ੧

(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ- (ਇਹੀ ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।। ੧।

ਭਾਵ:- ਪ੍ਰØਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿੱਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿੱਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।

ਸਮੁੱਚੇ ਤੌਰ `ਤੇ ਇਹ ਸਮਝਣਾ ਹੋਵੇ ਕਿ ਗੁਰੂ ਨਾਨਕ ਸਾਹਿਬ ਜੀ ਸੰਸਾਰ ਨੂੰ ਕੀ ਸੁਨੇਹਾਂ ਦਿੱਤਾ ਹੈ ਤਾਂ ਇਸ ਦਾ ਉੱਤਰ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਦੁਨੀਆਂ ਨੂੰ ‘ਸਚਿਆਰ ਮਨੁੱਖ` ਬਣਨ ਦਾ ਸੁਨੇਹਾ ਦਿੱਤਾ ਹੈ ਜੋ ਪ੍ਰਮਾਤਮਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਤੇ ਰੱਬ ਜੀ ਮਨੁੱਖੀ ਭਾਈਚਾਰੇ ਦਾ ਉੱਚ-ਭਾਵੀ ਅਦਰਸ਼ ਹੈ। ਇਸ ਦਾ ਉੱਤਰ ਵੀ ਨਾਲ ਹੀ ਦੇਂਦੇ ਹਨ ਕਿ ਜੇ ਸਚਿਆਰ ਬਣਨਾ ਹੈ ਤਾਂ ਸਾਨੂੰ ਰੱਬੀ ਹੁਕਮ ਵਿੱਚ ਤੁਰਨਾ ਪਏਗਾ। ਮਹਾਨ ਕੋਸ਼ ਅਨੁਸਾਰ ਹੁਕਮ ਦੇ ਅਰਥ “ਆਗਿਯਾ” ਹਨ। ਪਿਤਾ ਦੇ ਕਹੇ ਵਿੱਚ ਪੁੱਤਰ ਤੁਰੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਪੁੱਤਰ ਹੁਕਮ ਮੰਨਦਾ ਹੈ ਜੇ ਹੁਕਮ ਵਿੱਚ ਨਾ ਤੁਰੇ ਤਾਂ ਵਿੱਥ ਪੈਂਦੀ ਹੈ। ਪਿਤਾ ਦਾ ਹੁਕਮ ਮੰਨਣ ਦਾ ਭਾਵ ਅਰਥ ਹੈ ਪਿਤਾ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਚੱਲਣਾ। ਰੱਬੀ ਨਿਯਮ ਕਿਹੜੇ ਹਨ ਜਿੰਨਾਂ ਦੀ ਅਸਾਂ ਪਾਲਣਾ ਕਰਕੇ ਰੱਬ ਜੀ ਦਾ ਰੂਪ ਬਣਨਾ ਹੈ ਇਸ ਦੀ ਵਿਚਾਰ ਅਗਲੇਰਿਆਂ ਭਾਗਾਂ ਵਿੱਚ ਕੀਤੀ ਜਾਏਗੀ ਜਪੁ ਬਾਣੀ ਦੀ ਦੂਜੀ ਪਉੜੀ ਵਿੱਚ ਰੱਬੀ ਹੁਕਮ ਦਾ ਵਿਸਥਾਰ ਆਇਆ ਹੈ---

ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ, ਹੁਕਮਿ ਮਿਲੈ ਵਡਿਆਈ ॥

ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ `ਤੇ) ਸ਼ੋਭਾ ਮਿਲਦੀ ਹੈ।

ਹੁਕਮੀ ਉਤਮੁ ਨੀਚੁ, ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ, ਇਕਿ ਹੁਕਮੀ ਸਦਾ ਭਵਾਈਅਹਿ ॥

ਰੱਬ ਦੇ ਹੁਕਮ ਵਿੱਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿੱਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ। ਹੁਕਮ ਵਿੱਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿੱਚ ਭਵਾਈਦੇ ਹਨ।

ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ ॥੨॥ ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ)। ੨।

ਭਾਵ- ਪ੍ਰØਭੂ ਦੇ ਹੁਕਮ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਉਹ ਥੋੜ੍ਹ-ਵਿਤਾ ਨਹੀਂ ਰਹਿੰਦਾ।

ਕਿਸੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਪੁੱਛੋ ਅੱਜ ਜਲਦੀ ਆ ਗਿਆ ਏਂ? ਤਾਂ ਅੱਗੋਂ ਉੱਤਰ ਮਿਲੇਗਾ ਸਾਹਿਬ ਦਾ ਹੁਕਮ ਸੀ ਜਲਦੀ ਆਉਣਾ ਹੈ ਮੈਂ ਆਪਣੇ ਸਾਹਿਬ ਦਾ ਹੁਕਮ ਮੰਨਿਆ ਹੈ। ਸਮਾਜ ਵਿੱਚ ਹੁਕਮ ਦਾ ਭਾਵ ਅਰਥ ਲਿਆ ਜਾਂਦਾ ਹੈ ਕਿ ਕੋਈ ਸਰੀਰਕ ਤਲ `ਤੇ ਬੈਠਾ ਹੋਇਆ ਮਨੁੱਖ ਦੂਜਿਆਂ ਨੂੰ ਹੁਕਮ ਕਰ ਰਿਹਾ ਹੈ। ਜਦੋਂ ਕੋਈ ਆਦਮੀ ਚੜ੍ਹਾਈ ਕਰ ਜਾਏ ਤਾਂ ਅਸੀਂ ਓਦੋਂ ਵੀ ਕਹਿ ਦੇਂਦੇ ਹਾਂ ਕਿ ਰੱਬ ਜੀ ਦਾ ਹੁਕਮ ਆ ਗਿਆ। ਹੁਣ ਅਸਾਂ ਇਹ ਤੇ ਦੇਖ ਲਿਆ ਹੈ ਕਿ ਰੱਬ ਜੀ ਮਨੁੱਖਾਂ ਵਾਂਗ ਸਰੀਰਕ ਤਲ਼ `ਤੇ ਨਹੀਂ ਵਿਚਰ ਰਹੇ ਤਾਂ ਫਿਰ ਉਸ ਦਾ ਹੁਕਮ ਕੀ ਹੈ? ਫਿਰ ਕਿਹਾ ਜਾ ਸਕਦਾ ਹੈ ਕਿ ਸਦੀਵ ਕਾਲ ਰੱਬੀ ਨਿਯਮਾਵਲੀ ਦਾ ਨਾਂ ਹੁਕਮ ਹੈ ਤੇ ਜਿਸ ਦੇ ਤਹਿਤ ਅਸਾਂ ਚੱਲਣਾ ਹੈ।

ਸਦੀਵ ਕਾਲ ਰੱਬੀ ਨਿਯਮ ਦੇ ਤਹਿਤ ਖੰਡ-ਬ੍ਰਹਿਮੰਡ ਸਭ ਆਪਣੀ ਚਾਲ ਚੱਲੀ ਜਾ ਰਹੇ ਹਨ। ਕਿਤੇ ਕੁੱਝ ਡਾਇਨਾਸੋਰ ਵਾਂਗ ਖਤਮ ਹੁੰਦਾ ਜਾ ਰਿਹਾ ਹੈ ਕਿਤੇ ਨਵੀਂਆਂ ਲੱਭਤਾਂ ਲੱਭੀਆਂ ਜਾ ਰਹੀਆਂ ਹਨ। ਸਦੀਵ ਕਾਲ ਨਿਯਮ ਦੇ ਤਹਿਤ ਹੀ ਸਾਰੇ ਸਰੀਰ ਹੋਂਦ ਵਿੱਚ ਆਏ ਹਨ। ਰੱਬੀ ਨਿਯਮ ਇਕਸਾਰ ਹੈ ਪਰ ਇਸ ਵਿੱਚ ਕਰਮ ਮਨੁੱਖ ਦਾ ਹੈ। ਮਨੁੱਖ ਆਪਣੇ ਕੀਤੇ ਕਰਮ ਅਨੁਸਾਰ ਚੰਗਾ ਜਾਂ ਮਾੜਾ ਹੈ। ਇੱਕ ਮਿਸਾਲ ਸਮਝਣ ਲਈ, ਜਿਸ ਤਰ੍ਹਾਂ ਇੱਕ ਸਕੂਲ ਵਿੱਚ ਸਰਕਾਰ ਦਾ ਹੁਕਮ ਹੈ ਕਿ ਬੱਚਿਆਂ ਨੂੰ ਪੜ੍ਹਾਇਆ ਜਾਏ। ਇਸ ਹੁਕਮ ਦੀ ਪਾਲਣਾ ਪ੍ਰਿੰਸੀਪਲ ਅਤੇ ਸਾਰਾ ਸਟਾਫ਼ ਕਰਦਾ ਹੈ। ਜਮਾਤਾਂ ਸਮੇਂ ਅਨੁਸਾਰ ਲੱਗਦੀਆਂ ਹਨ। ਬੱਚੇ ਸਮੇਂ ਅਨੁਸਾਰ ਸਕੂਲ ਵਿੱਚ ਆਉਂਦੇ ਹਨ ਤੇ ਆਪਣੀ ਪੂਰੀ ਪੜ੍ਹਾਈ ਧਿਆਨ ਨਾਲ ਕਰਦੇ ਹਨ। ਤੇ ਇਹ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦੇ ਹਨ। ਪਰ ਏਸੇ ਸਕੂਲ ਵਿੱਚ ਕੁੱਝ ਅਜੇਹੇ ਬੱਚੇ ਵੀ ਹਨ ਜੋ ਸਮੇਂ ਦੀ ਪਬੰਦੀ ਦਾ ਕੋਈ ਧਿਆਨ ਨਹੀਂ ਰੱਖਦੇ ਤੇ ਨਾ ਹੀ ਸਕੂਲ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਕਰਦੇ ਹਨ। ਭਾਵ ਸਕੂਲ ਮੁੱਖੀ ਦੇ ਹੁਕਮ ਨੂੰ ਨਹੀਂ ਮੰਨਦੇ। ਜਮਾਤਾਂ ਵਿੱਚ ਬੈਠ ਕੇ ਪੜ੍ਹਾਈ ਧਿਆਨ ਪੂਰਵਕ ਨਹੀਂ ਕਰਦੇ ਅਜੇਹੇ ਬੱਚੇ ਫੇਲ੍ਹ ਹੋ ਜਾਂਦੇ ਹਨ। ਸਾਰੇ ਸਕੂਲ ਵਿੱਚ ਸਰਕਾਰ ਦਾ ਹੁਕਮ ਇਕਸਾਰ ਹੈ ਪਰ ਕਰਮ ਵਿਦਿਆਰਥੀਆਂ ਦਾ ਹੈ ਕਿ ਉਹ ਸਕੂਲੀ ਹੁਕਮ ਨੂੰ ਕਿੰਜ ਮੰਨਦੇ ਹਨ। ਇਹ ਵਿਦਿਆਰਥੀ `ਤੇ ਹੀ ਨਿਰਭਰ ਕਰਦਾ ਹੈ ਕਿ ਉਸ ਨੇ ਹੁਕਮ ਅਨੁਸਾਰ ਹੋਣਾ ਹੈ ਜਾਂ ਆਪਣੀ ਮਨ ਮਰਜ਼ੀ ਕਰਨੀ ਹੈ।

ਰੱਬੀ ਹੁਕਮ ਦੇ ਨੁਕਤੇ ਨੂੰ ਸਮਝਣ ਲਈ ਇੱਕ ਮਿਸਾਲ ਹੋਰ ਸਮਝੀਏ—ਜਿਸ ਤਰ੍ਹਾਂ ਸਾਡੇ ਸਮਾਜ ਵਿੱਚ ਕੋਈ ਆਦਮੀ ਚੋਰੀ ਕਰਦਾ ਹੈ। ਪੁਲੀਸ ਉਸ ਨੂੰ ਪਕੜ ਲੈਂਦੀ ਹੈ। ਚੋਰੀ ਦਾ ਕੇਸ ਦਰਜ ਹੋ ਜਾਂਦਾ ਹੈ। ਪੁਲੀਸ ਅਜੇਹੇ ਵਿਆਕਤੀ ਨੂੰ ਅਦਾਲਤ ਵਿੱਚ ਲਿਜਾ ਕੇ ਜੱਜ ਅੱਗੇ ਪੇਸ਼ ਕਰਦੀ ਹੈ। ਜੱਜ ਚੋਰੀ ਕਰਨ ਵਾਲੇ ਵਿਆਕਤੀ ਨੂੰ ਪੁੱਛਦਾ ਹੈ, ਕਿ “ਤੂੰ ਚੋਰੀ ਕਿਉਂ ਕੀਤੀ ਹੈ” ਤਾਂ ਅੱਗੋਂ ਚੋਰ ਕਹਿੰਦਾ ਹੈ, ਕਿ “ਜਨਾਬ ਮੈਂ ਚੋਰੀ ਥੋੜੀ ਕੀਤੀ ਹੈ, ਮੇਰੇ ਪਾਸੋਂ ਤਾਂ ਰੱਬ ਜੀ ਨੇ ਚੋਰੀ ਕਰਾਈ ਹੈ ਭਾਵ ਮੈਂ ਰੱਬ ਜੀ ਦੇ ਹੁਕਮ ਵਿੱਚ ਹੀ ਚੋਰੀ ਕੀਤੀ ਹੈ”। ਅੱਗੋਂ ਜੱਜ ਵੀ ਬੜਾ ਸਿਆਣਾ ਸੀ, “ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਜੇ ਤੂੰ ਰੱਬ ਜੀ ਦੇ ਹੁਕਮ ਵਿੱਚ ਚੋਰੀ ਕੀਤੀ ਹੈ ਤਾਂ ਹੁਣ ਮੈਂ ਵੀ ਤੈਨੂੰ ਰੱਬ ਜੀ ਦੇ ਹੁਕਮ ਅਨੁਸਾਰ ਪੰਜ ਸਾਲ ਕੈਦ ਦੀ ਸਜਾ ਦੇਂਦਾ ਹਾਂ”। ਰੱਬ ਜੀ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਜਿਹੜਾ ਮਨੁੱਖ ਰੱਬੀ ਹੁਕਮ ਭਾਵ ਸਦੀਵ ਕਾਲ ਨਿਯਮਾਵਲੀ ਨੂੰ ਸਮਝ ਲੈਂਦਾ ਹੈ ਉਹ ਕਦੇ ਵੀ ਹਉਮੇ ਵਿੱਚ ਨਹੀਂ ਆਉਂਦਾ, ਉਹ ਹੁਕਮ ਦੀ ਪਾਲਣਾ ਕਰਨ ਵਿੱਚ ਆਪਣੀ ਭਲਾਈ ਸਮਝਦਾ ਹੈ।

ਆਗਿਆ ਵਿੱਚ ਤੁਰਨ ਵਾਲਾ ਭਾਵ ਹੁਕਮੀ ਬੰਦਾ ਹਮੇਸ਼ਾਂ ਅਨੰਦ ਵਿੱਚ ਵਿਚਰਦਾ ਹੈ। ਅਜੇਹੀ ਅਵਸਥਾ ਵਿੱਚ ਸਹਿਜ ਦਾ ਰਾਜ ਸਥਾਪਤ ਹੁੰਦਾ ਹੈ—

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥

ਸਿਰੀ ਰਾਗੁ ਮਹਲਾ ੫ ਪੰਨਾ ੭੪

(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿੱਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ। ਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ ਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।

ਜ਼ਰਾ ਕੁ ਧਿਆਨ ਨਾਲ ਦੇਖਿਆ ਜਾਏ ਤਾਂ ਵਿਕਸਤ ਮੁਲਕਾਂ ਦੀ ਤਰੱਕੀ ਦਾ ਰਾਜ਼ ਹੀ ਨਿਯਮਬੱਧ ਹੋਣਾ ਹੈ। ਸਰਕਾਰੀ ਹੁਕਮ ਨੂੰ ਤਰਜੀਹ ਦਿੱਤੀ ਜਾਂਦੀ ਹੈ। ਭਾਵ ਨਿਯਮ ਪਾਲਣ ਵਿੱਚ ਆਪਣਾ ਤੇ ਦੂਸਰਿਆਂ ਦਾ ਭਲਾ ਹੁੰਦਾ ਹੈ। ਜਿੱਥੇ ਬੰਦਾ ਬਣਾਏ ਹੋਏ ਕਨੂੰਨਾਂ ਦੀ ਪਾਲਣਾ ਕਰਦਾ ਹੈ ਓੱਥੇ ਕੁਦਰਤੀ ਸੁੱਖ ਜਨਮ ਲੈਂਦਾ ਹੈ। ਹੁਕਮ ਨੂੰ ਨਾ ਸਮਝਣ ਵਾਲਾ ਆਪਣੇ, ਆਪ ਨੂੰ ਨਿਯਮਬੱਧ ਨਾ ਕਰਨ ਵਾਲਾ ਕਿਸੇ ਵੀ ਤਲ਼ `ਤੇ ਤਰੱਕੀ ਨਹੀਂ ਕਰ ਸਕਦਾ—

ਹੁਕਮੁ ਨਾ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥

ਮਨ ਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥

ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥

ਸਿਰੀ ਰਾਗੁ ਮਹਲਾ ੩ ਪੰਨਾ ੬੬

ਕਈ ਐਸੇ ਵਿਚਾਰੇ ਮੂਰਖ ਹਨ ਜੋ ਪਰਮਾਤਮਾ ਦਾ ਹੁਕਮ ਨਹੀਂ ਸਮਝਦੇ, ਉਹ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਭਟਕਦੇ ਫਿਰਦੇ ਹਨ। ਉਹ (ਗੁਰੂ ਦਾ ਆਸਰਾ ਛੱਡ ਕੇ ਆਪਣੇ) ਮਨ ਦੇ ਹਠ ਨਾਲ (ਕਈ ਕਿਸਮ ਦੇ ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਵਿਕਾਰਾਂ ਵਿੱਚ ਫਸੇ ਹੋਏ) ਸਦਾ ਖ਼ੁਆਰ ਹੁੰਦੇ ਰਹਿੰਦੇ ਹਨ। ਉਹਨਾਂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ, ਨਾਹ ਹੀ ਉਹਨਾਂ ਦਾ ਸਦਾ-ਥਿਰ ਪ੍ਰਭੂ ਵਿੱਚ ਪਿਆਰ ਬਣਦਾ ਹੈ। ਕੋਈ ਵਿਦਿਆਰਥੀ ਹਰ ਰੋਜ਼ ਸਕੂਲੇ ਜਾਂਦਾ ਹੈ ਪਰ ਉਹ ਸਕੂਲੇ ਜਾ ਕੇ ਗਮਲਿਆਂ ਨੂੰ ਪਾਣੀ ਹੀ ਦਈ ਜਾਏ ਪਰ ਜਮਾਤ ਵਿੱਚ ਜਾ ਕੇ ਪੜ੍ਹਾਈ ਨਾ ਕਰੇ ਉਹ ਬੱਚਾ ਕਦੇ ਵੀ ਚੰਗੇ ਨੰਬਰ ਲੈ ਕੇ ਪਾਸ ਨਹੀਂ ਹੋ ਸਕਦਾ। ਏਸੇ ਤਰ੍ਹਾਂ ਹੀ ਅਸੀਂ ਰੱਬੀ ਹੁਕਮ ਨੂੰ ਸਮਝਣ ਦੀ ਬਜਾਏ, ਆਪਣੇ ਜੀਵਨ ਨੂੰ ਨਿਯਮਬੱਧ ਕਰਨ ਦੀ ਬਜਾਏ ਫੋਕਟ ਦੇ ਕਰਮ ਨਿਭਹੁੰਣ ਲੱਗ ਪਈਏ ਤਾਂ ਫੋਕਟ ਦੇ ਕੰਮਾਂ ਦੀ ਭਟਕਣਾ ਵਿਚੋਂ ਸਾਨੂੰ ਕੁੱਝ ਵੀ ਪ੍ਰਾਪਤ ਨਹੀਂ ਹੋ ਸਕਦਾ।

ਸਾਡਿਆਂ ਘਰਾਂ ਦੇ ਬਹੁਤੇ ਕਲੇਸ਼ ਹੀ ਇਸ ਗੱਲ `ਤੇ ਖੜੇ ਹਨ ਕਿ ਇਹਨਾਂ ਮੇਰੀ ਗੱਲ ਨਹੀਂ ਮੰਨੀ। ਦੂਜਾ ਜੇ ਇਹ ਮੇਰੀ ਕਹੀ ਹੋਈ ਗੱਲ ਨੂੰ ਇਨ-ਬਿਨ ਮੰਨ ਲੈਂਦੇ ਤਾਂ ਆ ਨੁਕਸਾਨ ਨਹੀਂ ਸੀ ਹੋਣਾ। ਮੰਨ ਲਓ ਕਿਸੇ ਮੋੜ ਤੇ ਲਿਖਿਆ ਹੋਇਆ ਹੈ ਕਿ ਮੋੜ ਮੁੜਨ ਲਈ ਸਪੀਡ ਕੇਵਲ ਚਾਲੀ ਕਿਲੋਮੀਟਰ ਦੀ ਹੈ ਪਰ ਬੰਦਾ ਨੰਬ੍ਹੇ ਕਿਲੋਮੀਟਰ `ਤੇ ਗੱਡੀ ਦਾ ਮੋੜ ਕੱਟੇਗਾ ਤਾਂ ਅਵੱਸ਼ ਐਕਸੀਡੈਂਟ ਹੋਏਗਾ ਹੀ ਹੋਏਗਾ।

ਹੁਕਮੁ ਨ ਜਾਣੈ ਬਹੁਤਾ ਰੋਵੈ ॥ ਅੰਦਰਿ ਧੋਖਾ ਨੀਦ ਨ ਸੋਵੈ ॥

ਸਲੋਕ ਮ: ੩ ਪੰਨਾ ੮੫

ਰੱਬੀ ਹੁਕਮ ਦੀ ਵਿਚਾਰ ਨੂੰ ਅਸੀਂ ਆਪਣੇ ਰੋਜ਼-ਮਰਾ ਦੇ ਜੀਵਨ ਵਿੱਚ ਲੈ ਕੇ ਆਈਏ ਤਾਂ ਮਨੁੱਖ ਦਾ ਸਰਵ ਉੱਚ ਅਦਰਸ਼ ਪੈਦਾ ਹੁੰਦਾ ਹੈ। ਇੰਜ ਕਹਿ ਲਿਆ ਜਾਏ ਕਿ ਪ੍ਰਮਾਤਮਾ ਮਨੁੱਖ ਦਾ ਸਰਵ-ਉੱਚ ਅਦਰਸ਼ ਹੈ। ਜਿੱਥੇ ਹੁਕਮ ਮੰਨਣ ਦੀ ਆਦਤ ਨਹੀਂ ਹੈ ਉੱਥੇ ਲੜਾਈ ਝਗੜੇ ਕਲੇਸ਼ ਜਨਮ ਲੈਂਦੇ ਹਨ। ਹੁਕਮ ਨਾ ਮੰਨਣ ਵਾਲੇ ਨੂੰ ਗੁਰਬਾਣੀ ਕੂੜਿਆਰ ਕਹਿੰਦੀ ਹੈ---

ਵੇਸ ਕਰੈ ਕੁਰੂਪਿ ਕੁਲਖਣੀ, ਮਨਿ ਖੋਟੈ ਕੂੜਿਆਰਿ ॥

ਪਿਰ ਕੈ ਭਾਣੈ ਨਾ ਚਲੈ, ਹੁਕਮੁ ਕਰੇ ਗਾਵਾਰਿ ॥

ਸਲੋਕ ਮ: ੩ ਪੰਨਾ ੮੯

ਅਤੇ

ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥

ਗੁਰਮੁਖਿ ਜਿਨਿ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥

ਨਿਯਮ ਬੱਧ ਨਾ ਹੋਣ ਵਾਲਾ ਆਦਮੀ ਜ਼ਲੀਲ ਹੁੰਦਾ ਹੈ ਤੇ ਆਪਣੇ ਆਪ ਨੂੰ ਨਿਯਮਬੱਧ ਕਰ ਲੈਣ ਵਾਲਾ ਉੱਚ-ਭਾਵੀ ਅਦਰਸ਼ਕ ਹੁੰਦਾ ਹੈ। ਹੁਕਮੀ ਬੰਦੇ ਨੂੰ ਸਿਆਣਾ ਤੇ ਪਤਿਵੰਤਾ ਕਿਹਾ ਗਿਆ ਹੈ—

ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥

ਮਾਝ ਮਹਲਾ ੫ ਪੰਨਾ ੧੦੮

ਮੰਨ ਲਓ ਕੋਈ ਆਦਮੀ ਸਵਿਧਾਨ ਦੀ ਕਾਪੀ ਖਰੀਦ ਕਿ ਲਿਆਉਂਦਾ ਹੈ ਤੇ ਇਹ ਕਹੇ ਮੈਂ ਇਸ ਵਿਚੋਂ ਹੁਣ ਸਵਿਧਾਨ ਦੇ ਦਰਸ਼ਨ ਕਰਨੇ ਹਨ ਤਾਂ ਦਰਸ਼ਨ ਨਹੀਂ ਹੋਣਗੇ ਕਿਉਂਕਿ ਸਵਿਧਾਨ ਸਮਝਣ ਵਾਲੀ ਕਾਪੀ ਹੈ ਨਾ ਕਿ ਦਰਸ਼ਨ ਕਰਨ ਵਾਲੀ। ਗੁਰੂ ਨਾਨਕ ਸਾਹਿਬ ਜੀ ਇੱਕ ਪਉੜੀ ਵਿੱਚ ਇਸ ਪ੍ਰਥਾਏ ਵਿਚਾਰ ਬੜਾ ਪਿਆਰਾ ਹੈ—

ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥ ਗੁਰਮਤੀ ਆਪੁ ਗਵਾਇ, ਸਚੁ ਪਛਾਣਿਆ ॥

ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ ਸਚਾ ਸਬਦੁ ਵੀਚਾਰਿ, ਸਚਿ ਸਮਾਣਿਆ ॥

ਮਨਮੁਖ ਸਦਾ ਕੂੜਿਆਰ ਭਰਿਮ ਭੁਲਾਣਿਆ ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥

ਵਿਣੁ ਨਾਵੈ ਦੁਖਿ ਪਾਇ ਆਵਣ ਜਾਣਿਆ ॥

ਨਾਨਕ ਪਾਰਖੁ ਆਪਿ, ਜਿਨਿ ਖੋਟਾ ਖਰਾ ਪਛਾਣਿਆ ॥੧੩॥

ਪਉੜੀ ੧੩ ਪੰਨਾ ੧੪੪

ਇਸ ਪਉੜੀ ਵਿੱਚ ਅਵਸਥਾ ਰੱਖੀ ਗਈ ਹੈ ਕਿ ਰੱਬੀ ਹੁਕਮ ਜਾਂ ਨਿਯਮਾਲਵੀ ਦੀ ਪੂਰਨ ਸਮਝ ਕੇਵਲ ਗੁਰਬਾਣੀ ਉਪਦੇਸ਼ ਵਿੱਚ ਹੈ ਤੇ ਗੁਰੂ ਦੀ ਮਤ ਹੀ ਸਾਡੇ ਮਨ ਵਿਚੋਂ ਹੰਕਾਰ ਨੂੰ ਦੂਰ ਕਰਦੀ ਹੈ। ਸ਼ਬਦ ਦੀ ਵਿਚਾਰ ਉੱਚ-ਭਾਵੀ ਅਦਰਸ਼ਕ ਬਣਾਉਦੀ ਹੈ ਜੋ ਰੱਬੀ ਗੁਣਾਂ ਦੀ ਲਖਾਇਕ ਹੈ। ਦੂਸਰੇ ਪਾਸੇ ਅਜੇਹੇ ਰੱਬੀ ਹੁਕਮ ਨੂੰ ਨਾ ਸਮਝਣ ਵਾਲਾ ਜਾਂ ਨਿਯਮ ਵਿਚੋਂ ਬਾਹਰ ਨਿਕਲਿਆ ਹੋਇਆ ਜ਼ਲੀਲਤਾ ਵਾਲਾ ਨਰਕ ਭੋਗਣ ਲਈ ਮਜ਼ਬੂਰ ਹੁੰਦਾ ਹੈ। ਅਜੇਹੇ ਜੀਵਨ ਨੂੰ ਕੂੜਿਆਰ ਕਿਹਾ ਗਿਆ ਹੈ।

ਸਵਿਧਾਨ ਦੀ ਕਾਪੀ ਵਿਚੋਂ ਸਵਿਧਾਨ ਦੀ ਮੂਰਤ ਨਹੀਂ ਲੱਭਣੀ, ਇਹ ਤਾਂ ਸਗੋਂ ਸਵਿਧਾਨ ਨੂੰ ਸਮਝਣ ਦਾ ਯਤਨ ਕਰਨਾ ਹੈ। ਅਸੀਂ ਰੱਬੀ ਹੁਕਮ ਵਿਚੋਂ ਰੱਬ ਜੀ ਦਾ ਦੀਦਾਰ ਕਰਨ ਦਾ ਯਤਨ ਕਰ ਰਹੇ ਹਾਂ ਨਾ ਕੇ ਹੁਕਮ ਨੂੰ ਪਛਾਣ ਕੇ ਉਸ ਅਨੁਸਾਰ ਤੁਰਨ ਦਾ ਉਪਰਾਲਾ ਕਰ ਰਹੇ ਹਾਂ। ਇਹ ਸਾਡਾ ਮਨ ਉਸ ਪੰਖੀ ਵਰਗਾ ਹੈ ਜੋ ਕਦੇ ਚੰਦਨ ਵਰਗੀ ਉੱਚੀ ਸੁਗੰਧੀ `ਤੇ ਬੈਠਦਾ ਹੈ ਤੇ ਕਦੇ ਆਪਣੀ ਸੋਚ ਕਰਕੇ ਨੀਵੇਂ ਤਲ਼ `ਤੇ ਬੈਠਦਾ ਹੈ—ਇਹ ਪ੍ਰਮਾਤਮਾ ਦਾ ਸਦੀਵ ਕਾਲ ਨਿਯਮ ਹੈ ਕਿ ਬੰਦਾ ਆਪਣੇ ਕਰਮ ਕਰਕੇ ਉੱਚਾ ਨੀਵਾਂ ਹੈ---

ਮਤਿ ਪੰਖੇਰੁ, ਕਿਰਤੁ ਸਾਥਿ, ਕਬ ਉਤਮ ਕਬ ਨੀਚ ॥

ਕਬ ਚੰਦਨਿ ਕਬ ਆਕਿ ਡਾਲਿ, ਕਬ ਉਚੀ ਪਰੀਤਿ ॥

ਨਾਨਕ ਹੁਕਮਿ ਚਲਾਈਐ ਸਾਹਿਬ ਰੀਤਿ॥

ਸਲੋਕ ਮ: ੧ ਪੰਨਾ ੧੪੮

ਤਪਿਆ, ਸੜਿਆ ਹੋਇਆ ਜਿਹੜਾ ਮਨੁੱਖ ਰੱਬੀ ਹੁਕਮ ਨੂੰ ਸਮਝ ਲੈਂਦਾ ਹੈ ਉਹ ਦਿਨੇ ਰਾਤ ਆਤਮਕ ਸੁੱਖਤਾ ਦੀ ਪਹੁੰਚ ਵਿੱਚ ਹੁੰਦਾ ਹੈ---

ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥

ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥

ਗਉੜੀ ਚੇਤੀ ਮਹਲਾ ੧ ਪੰਨਾ ੧੫੬

ਅਤੇ

ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥ ਹੁਕਮੁ ਬੂਝੈ ਸੋ ਸਚਿ ਸਮਾਣਾ ॥੩॥

ਗਉੜੀ ਮਹਲਾ ੫ ਪੰਨਾ ੧੯੩

ਦੁਨੀਆਂ ਦੀ ਉਤਪਤੀ ਜਾਂ ਸਾਰਾ ਬ੍ਰਹਿਮੰਡ ਇੱਕ ਪੱਕੇ ਨਿਯਮ ਤਹਿਤ ਹੀ ਪੈਦਾ ਹੋਇਆ ਹੈ। ਧਰਤੀ ਆਪਣੀ ਚਾਲ ਚੱਲ ਰਹੀ ਹੈ ਤਾਰੇ ਆਪਣੇ ਥਾਂ ਚੱਲ ਰਹੇ ਹਨ। ਹਵਾ ਧੁੱਪ ਸਭ ਕੁੱਝ ਇੱਕ ਬੱਝਵੇਂ ਨਿਯਮ ਵਿੱਚ ਹੀ ਚੱਲ ਰਿਹਾ ਹੈ---

ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥੭॥

ਗੁੳੜੀ ਚੇਤੀ ਮਹਲਾ ੧ ਪੰਨਾ ੨੨੩

ਜੰਮਣਾ ਜਾਂ ਮਰਣਾ ਇਹ ਸਾਰਾ ਇੱਕ ਨਿਯਮ ਤਹਿਤ ਹੀ ਚੱਲ ਰਿਹਾ ਹੈ ਜੇ ਇਸ ਦੀ ਪਹਿਛਾਣ ਹੋ ਜਾਏ ਤਾਂ ਘੱਟੋ ਘੱਟ ਜਿਉਂਦੇ ਜੀ ਜਨਮ ਮਰਣ ਦੇ ਗੇੜ ਵਿਚੋਂ ਤਾਂ ਮੁਕਤ ਹੋ ਸਕਦਾ ਹੈ—

ਐਸਾ ਸਾਚਾ ਤੂੰ ਏਕੋ ਜਾਣੁ ॥ ਜੰਮਣੁ ਮਰਣਾ ਹੁਕਮੁ ਪਛਾਣੁ ॥੧॥

ਆਸਾ ਮਹਲਾ ੧ ਪੰਨਾ ੪੧੩

ਅਤੇ—

ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥ ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥

ਆਸਾ ਮਹਲਾ ੧ ਪੰਨਾ ੪੨੦

ਗੁਰਬਾਣੀ ਵਿੱਚ ਇਹ ਬਾਰ ਬਾਰ ਜ਼ਿਕਰ ਆਉਂਦਾ ਹੈ ਕਿ ਇੱਕ ਬੱਝਵੀਂ ਨਿਯਮਾਲਵੀ ਵਿੱਚ ਤੁਰਨ ਵਾਲਾ ਹੀ ਜ਼ਿੰਦਗੀ ਦੇ ਮਹੱਤਵ ਨੂੰ ਸਮਝਦਾ ਹੈ ਜੋ ਉੱਚ-ਭਾਵੀ ਪਦਵੀ ਦਾ ਲਖਾਇਕ ਹੈ ਜੋ ਰੱਬੀ ਅਦਰਸ਼ ਦੀ ਪਹੁੰਚ ਵਿੱਚ ਪ੍ਰਗਟ ਹੁੰਦਾ ਹੈ---

ਸੇਵਕ ਕਉ ਸੇਵਾ ਬਨਿ ਆਈ ॥ ਹੁਕਮੁ ਬੂਝਿ ਪਰਮ ਪਦੁ ਪਾਈ ॥

ਇਸ ਤੇ ਊਪਰਿ ਨਹੀ ਬੀਚਾਰੁ ॥ ਜਾ ਕੈ ਮਨਿ ਬਸਿਆ ਨਿਰੰਕਾਰੁ॥

ਸੁਖਮਨੀ ਪੰਨਾ ੨੯੨

ਸਾਰਾ ਕੁੱਝ ਰੱਬੀ ਹੁਕਮ ਭਾਵ ਰੱਬੀ ਨਿਯਮਾਵਲੀ ਵਿੱਚ ਹੋ ਰਿਹਾ ਹੈ। ਜਦੋਂ ਅਸੀਂ ਰੱਬੀ ਹੁਕਮ ਵਿੱਚ ਵਿੰਗੇ ਟੇਢੇ ਕੰਮ ਕਰਾਂਗੇ ਤਾਂ ਉਸ ਦਾ ਖਮਿਆਜ਼ਾ ਵੀ ਸਾਨੂੰ ਹੀ ਭੁਗਤਣਾ ਪੈਣਾ ਹੈ। ਜਿਸ ਤਰ੍ਹਾਂ ਝੋਨਾ ਪੰਜਾਬ ਦੀ ਖੇਤੀ ਨਹੀਂ ਸੀ। ਇਹ ਖੇਤੀ ਓੱਥੇ ਹੀ ਫੱਬਦੀ ਹੈ ਜਿੱਥੇ ਕੁਦਰਤ ਵਲੋਂ ਮੀਂਹ ਬਹੁਤ ਪੈਂਦੇ ਹਨ। ਪੰਜਾਬ ਦਾ ਪਾਣੀ ਜ਼ਮੀਨ ਵਿਚੋਂ ਅਸਾਂ ਆਪਣਾ ਜ਼ੋਰ ਲਗਾ ਕੇ ਲੋੜ ਨਾਲੋਂ ਜ਼ਿਆਦਾ ਕੱਢਿਆ ਹੈ ਜਿਸਾ ਦਾ ਨਤੀਜਾ ਵੀ ਸਾਨੂੰ ਹੀ ਭੁਗਤਣਾ ਪੈਣਾ ਹੈ। ਹੁਣ ਮਨੁੱਖ ਇਹ ਕਹੇ ਕਿ ਜੀ ਪਾਣੀ ਰੱਬ ਜੀ ਨੇ ਘਟਾ ਦਿੱਤਾ ਹੈ ਤਾਂ ਇਸ ਦੀ ਇਹ ਮੂਰਖਤਾ ਹੀ ਹੋਏਗੀ। ਦਰੱਖਤ ਪੰਜਾਬ ਵਿਚੋਂ ਅਸਾਂ ਕੱਟ ਦਿੱਤੇ ਹਨ ਕਸੂਰ ਰੱਬ ਜੀ ਦਾ ਕੱਢ ਰਹੇ ਹਾਂ ਕਿ ਵਾਤਾਵਰਣ ਵਿਗੜ ਗਿਆ ਹੈ। ਰੱਬੀ ਹੁਕਮ ਵਿੱਚ ਜਿਹੜਾ ਅਸੀਂ ਕਰਮ ਕਰ ਰਹੇ ਹਾਂ ਉਸ ਦਾ ਫਲ਼ ਵੀ ਸਾਨੂੰ ਰੱਬੀ ਹੁਕਮ ਵਿੱਚ ਹੀ ਮਿਲਣਾ ਹੈ। ਜਨੀ ਕਿ ਸਾਰਾ ਕੁੱਝ ਰੱਬੀ ਨਿਯਮ ਤਹਿਤ ਹੀ ਚੱਲ ਰਿਹਾ ਹੈ। ਫਿਰ ਇਸ ਰੱਬੀ ਨੂੰ ਹੁਕਮ ਭਾਵ ਰੱਬੀ ਨਿਯਮਵਲੀ ਨੂੰ ਸਮਝ ਲਵਾਂਗੇ ਤਾਂ ਕੁਦਰਤੀ ਸੁੱਖ ਦੀ ਮੰਜ਼ਿਲ ਤਹਿ ਹੈ—

ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥

ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥

ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥

ਜਿਨੀ ਪਛਾਤਾ ਹੁਕਮੁ ਤਿਨ ਕਦੇ ਨ ਰੋਵਣਾ ॥

ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥

ਗੂਜਰੀ ਕੀ ਵਾਰ ਮਹਲਾ ੫ ਪੰਨਾ ੫੨੩

“ਜਪਿ ਜਪਿ ਨਿਰੰਕਾਰ ਭਰਮੁ ਭਉ ਖੋਵਣਾ” ਜਿਸ ਦਾ ਸਰੂਪ ਨਹੀਂ ਭਾਵ ਨਿਰਾਅਕਾਰ ਹੈ ਉਸ ਨੂੰ ਜਪਿਆ ਕਿਵੇਂ ਜਾ ਸਕਦਾ ਹੈ ਤਾਂ ਸਾਡੇ ਭਰਮ ਭਉ ਖਤਮ ਹੋ ਜਾਣ ਇਸ ਦਾ ਉੱਤਰ ਹੈ ਕਿ ਨਿਰੰਕਾਰੀ ਗੁਣਾਂ ਨੂੰ ਸਮਝ ਕੇ ਜੀਵਨ ਵਿੱਚ ਧਾਰਨ ਕਰਨ ਨਾਲ ਸਾਡੇ ਆਪਣੇ ਬਣਾਏ ਹੋਏ ਭਰਮ ਦੂਰ ਹੋ ਸਕਦੇ ਹਨ। ਜਿੰਨ੍ਹਾਂ ਨੂੰ ਸਮਝ ਆ ਗਈ ਉਹਨਾਂ ਦੀ ਜ਼ਿੰਦਗੀ ਵਿੱਚ ਪਛਤਾਵਾ ਨਹੀਂ ਰਹਿੰਦਾ ਤੇ ਸਦਾ ਲਈ ਰੋਣੇ ਧੋਣੇ ਮੁੱਕ ਜਾਂਦੇ ਹਨ—” ਜਿਨੀ ਪਛਾਤਾ ਹੁਕਮੁ ਤਿਨ ਕਦੇ ਨ ਰੋਵਣਾ” ਰੱਬੀ ਗੁਣਾਂ ਨੂੰ ਆਪਣੀ ਸੋਚ ਵਿੱਚ ਬੈਠਾ ਲਿਆ ਹੈ ਭਾਵ ਹੁਕਮ ਦੀ ਪਹਿਛਾਣ ਆ ਗਈ ਉਹਨਾਂ ਦੇ ਜੀਵਨ ਵਿੱਚ ਕੁਦਰਤੀ ਸੁੱਖ ਦੀ ਭਰਮਾਰ ਹੁੰਦੀ ਹੈ।

ਹੁਕਮ ਵਿੱਚ ਤੁਰਨ ਵਾਲਾ ਹੀ ਜ਼ਿੰਦਗੀ ਦੀ ਅਸਲ ਰਮਜ਼ ਨੂੰ ਪਹਿਛਾਣਦਾ ਹੈ।

ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥

ਰਾਮਲਕੀ ਮਹਲਾ ੫ ਪੰਨਾ ੮੮੫

ਰੱਬੀ ਹੁਕਮ ਦੀ ਪੂਰਨ ਸਮਝ ਗੁਰਬਾਣੀ ਨਾਲ ਇਕਸਾਰਤਾ ਬਣਾਉਣ ਵਿੱਚ ਰੱਖੀ ਗਈ ਹੈ। ਇਹ ਇਕਸਾਰਤਾ ਨਾਮ ਦੇ ਨਾਮ ਨਾਲ ਪ੍ਰਗਟ ਹੁੰਦੀ ਹੈ। ਨਾਮ ਦੀ ਸਮਝ ਸਤਿਗੁਰ ਦੁਆਰਾ ਆਉਣੀ ਹੈ ਜੋ ਵਿਚਾਰ ਤੋਂ ਉਤਪੰਨ ਹੁੰਦੀ ਹੈ। ਜਿਹਾ ਕਿ ਗੁਰੂ ਸਾਹਿਬ ਜੀ ਫਰਮਾਉਂਦੇ--

ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਸਿਰੀ ਰਾਗ ਮਹਲਾ ੧ ਪੰਨਾ ੭੧

ਕਬੀਰ ਸਾਹਿਬ ਜੀ ਨੇ ਅਸਲੀ ਮਨੁੱਖ ਭਾਵ ‘ਸਚਿਆਰ ਮਨੁੱਖ` ਓਸੇ ਨੂੰ ਕਿਹਾ ਹੈ ਜੋ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਕੇ ਜ਼ਿੰਦਗੀ ਦੇ ਮਹੱਤਵ ਵਿੱਚ ਅਪਨਾਉਂਦਾ ਹੈ—

ਸਭ ਮਹਿ ਸਚਾ ਏਕੋ ਸੋਈ, ਤਿਸ ਕਾ ਕੀਆ ਸਭੁ ਕਛੁ ਹੋਈ ॥

ਹੁਕਮੁ ਪਛਾਨੈ ਸੁ ਏਕੋ ਜਾਨੈ, ਬੰਦਾ ਕਹੀਐ ਸੋਈ ॥੩॥

ਰਾਗ ਪ੍ਰਭਾਤੀ ਬਾਣੀ ਕਬੀਰ ਜੀ ਪੰਨਾ ੧੩੫੦

ਰੱਬੀ ਰਜ਼ਾ ਭਾਵ ਹੁਕਮ ਨੂੰ ਪਛਾਨਣ ਵਾਲਾ ਹੀ ਇਨਸਾਨੀਅਤ ਦੇ ਤਲ਼ `ਤੇ ਜੀਊ ਰਿਹਾ ਹੈ। ਅਜੇਹੇ ਮਨੁੱਖ ਨੂੰ ਹੁਕਮੀ ਬੰਦਾ ਕਿਹਾ ਗਿਆ ਹੈ।




.