.

“ਅੰਮ੍ਰਿਤ ਸਰਿ ਅਤੇ ਅੰਮ੍ਰਿਤ ਸਰੁ ਬਾਰੇ” : ਗੁਰਬਾਣੀ ਅਨੁਸਾਰ ਜਾਣਕਾਰੀ

ਸਿੱਖ ਪਰਿਵਾਰਾਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ, ਪ੍ਰਚਾਰਕਾਂ ਅਤੇ ਲੇਖਕਾਂ ਨੂੰ ਹਰ ਸਮੇਂ ਯਾਦ ਰੱਖਣਾ ਚਾਹੀਦਾ ਹੈ ਕਿ “ਗੁਰੂ ਗਰੰਥ ਸਾਹਿਬ” ਦਾ ਪਹਿਲਾ ਪ੍ਰਕਾਸ਼ “ਦਰਬਾਰ ਸਾਹਿਬ”, ਅੰਮ੍ਰਿਤਸਰ ਸ਼ਹਿਰ ਜਿਸ ਦਾ ਪਹਿਲਾ ਨਾਂ ‘ਗੁਰੂ ਕਾ ਚੱਕ’ ਅਤੇ ਫਿਰ ‘ਰਾਮਦਾਸਪੁਰ’, ਵਿਖੇ ੧੬ ਅਗਸਤ ੧੬੦੪ ਨੂੰ ਕੀਤਾ ਸੀ ਅਤੇ ੭ ਅਕਤੂਬਰ ੧੭੦੮ ਨੂੰ ਆਪਣੇ ਅਖੀਰਲੇ ਸੁਆਸਾਂ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰੇ ਸਿੱਖਾਂ ਨੂੰ ਫੁਰਮਾਨ ਕੀਤਾ ਸੀ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”। ਇਵੇਂ ਹੀ, ਜਿੱਥੇ ਜਿੱਥੇ ਸਿੱਖ ਪਰਿਵਾਰ ਰਹਿੰਦੇ ਹਨ, ਉਹ “ਗੁਰੂ ਗਰੰਥ ਸਾਹਿਬ” ਦੀ ਸਿਖਿਆ ਅਨੁਸਾਰ ਜੀਵਨ ਬਤੀਤ ਕਰਨਾ ਲੋਚਦੇ ਹਨ। ਇਸ ਲਈ, ਇਹ ਵੀ ਜ਼ਰੂਰੀ ਹੈ ਕਿ ਜਦੋਂ ਕਦੇ ਕੋਈ ਦੁਬਿਧਾ ਮਹਿਸੂਸ ਹੁੰਦੀ ਹੋਵੇ ਜਾਂ ਕਿਸੇ ਸ਼ਬਦਾਵਲੀ ਬਾਰੇ ਸਮਝ ਨ ਆ ਰਹੀ ਹੋਵੇ ਤਾਂ ਸਾਨੂੰ ਗੁਰਬਾਣੀ ਤੋਂ ਹੀ ਸੇਧ ਲੈਣ ਲਈ ਓਪਰਾਲਾ ਕਰਨਾ ਚਾਹੀਦਾ ਹੈ। ਇਸ ਲੇਖ ਦੁਆਰਾ ਆਓ, “ਅੰਮ੍ਰਿਤ ਸਰਿ/ਸਰੁ” ਬਾਰੇ ਜਾਣਕਾਰੀ ਲਈਏ। ਬੇਨਤੀ ਹੈ ਕਿ ਸਾਰੇ ਸ਼ਬਦ ਆਪ ਪੜ੍ਹਣ ਦੀ ਖ਼ੇਚਲ ਕਰਨੀ ਜੀ ਤਾਂ ਜੋ ਅਸੀਂ ਇਲਾਹੀ ਗਿਆਨ ਦਾ ਪੂਰੀ ਤਰ੍ਹਾਂ ਲਾਹਾ ਲੈ ਸਕੀਏ: {ਅਰਥਾਂ ਲਈ ਦੇਖੋ: ਟੀਕਾਕਾਰ ਡਾ: ਸਾਹਿਬ ਸਿੰਘ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ; Website: www.gurugranthdarpan.com}

ਗੁਰੂ ਗਰੰਥ ਸਾਹਿਬ ਪੰਨਾ ੬੯੨-੯੩, ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ॥ ਦਸ ਬੈਰਾਗਨਿ ਮੋਹਿ ਬਸਿ ਕੀਨ੍ਹੀ ਪੰਚਹੁ ਕਾ ਮਿਟ ਨਾਵਉ॥ ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ॥ ੧॥

ਅਰਥ: ਭਗਤ ਨਾਮਦੇਉ ਜੀ (੧੨੭੦-੧੩੫੦ ਏ. ਡੀ.) ਬਿਆਨ ਕਰਦੇ ਹਨ ਕਿ (ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ); ਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ। ੧।

ਮਾਰੂ ਮਹਲਾ ੧, ਪੰਨਾ ੧੦੧੧॥ ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ॥ ਨਾਮੁ ਪਦਾਰਥੁ ਅਮਰੁ ਹੈ ਹਿਰਦੈ ਮੰਨਿ ਵਸਾਏ॥ ਗੁਰ ਸੇਵਾ ਸਦਾ ਸੁਖ ਹੈ ਜਿਸ ਨੋ ਹੁਕਮੁ ਮਨਾਏ॥ ੭॥

ਅਰਥ: {ਗੁਰੂ ਨਾਨਕ ਸਾਹਿਬ (੧੪੬੯-੧੫੩੯) ਬਿਆਨ ਕਰਦੇ ਹਨ ਕਿ} ਗੁਰੂ ਸਮੁੰਦਰ ਹੈ, ਗੁਰੂ ਅੰਮ੍ਰਿਤ ਨਾਲ ਭਰਿਆ ਹੋਇਆ ਸਰੋਵਰ ਹੈ ( ‘ਅੰਮ੍ਰਿਤ ਸਰੁ’ ਹੈ। ਸੇਵਕ ਇਸ ਅੰਮ੍ਰਿਤ ਦੇ ਸਰੋਵਰ ਗੁਰੂ ਦੀ ਸ਼ਰਨ ਪੈਂਦਾ ਹੈ, ਫਿਰ ਇਥੋਂ) ਜੋ ਕੁੱਝ ਮੰਗਦਾ ਹੈ ਉਹ ਫਲ ਲੈ ਲੈਂਦਾ ਹੈ। (ਗੁਰੂ ਦੀ ਮੇਹਰ ਨਾਲ ਸੇਵਕ ਆਪਣੇ) ਹਿਰਦੇ ਵਿੱਚ ਮਨ ਵਿੱਚ ਪਰਮਾਤਮਾ ਦਾ ਨਾਮ ਵਸਾਂਦਾ ਹੈ ਜੋ (ਅਸਲ) ਸਰਮਾਇਆ ਹੈ ਤੇ ਜੋ ਕਦੇ ਮੁੱਕਣ ਵਾਲਾ ਨਹੀਂ। ਗੁਰੂ ਜਿਸ ਸੇਵਕ ਤੋਂ ਪਰਮਾਤਮਾ ਦਾ ਹੁਕਮ ਮਨਾਂਦਾ ਹੈ ਉਸ ਸੇਵਕ ਨੂੰ ਗੁਰੂ ਦੀ (ਇਸ ਦੱਸੀ) ਸੇਵਾ ਨਾਲ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ। ੭।

ਮਾਰੂ ਮਹਲਾ ੧, ਪੰਨਾ ੧੦੪੩॥ ਸੇਵਹੁ ਸਤਿਗੁਰ ਸਮੁੰਦੁ ਅਥਾਹਾ॥ ਪਾਵਹੁ ਨਾਮੁ ਰਤਨੁ ਧਨੁ ਲਾਹਾ॥ ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ॥ ੮॥

ਅਰਥ: {ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ) (ਹੇ ਭਾਈ!) ਸਤਿਗੁਰੂ ਅਥਾਹ ਸਮੁੰਦਰ ਹੈ (ਉਸ ਵਿੱਚ ਪ੍ਰਭੂ ਦੇ ਗੁਣਾਂ ਦੇ ਰਤਨ ਭਰੇ ਪਏ ਹਨ), ਗੁਰੂ ਦੀ ਸੇਵਾ ਕਰੋ॥ ਗੁਰੂ ਪਾਸੋਂ ਨਾਮ-ਰਤਨ ਨਾਮ-ਧਨ ਹਾਸਲ ਕਰ ਲਵੋਗੇ (ਇਹੀ ਮਨੁੱਖਾ ਜੀਵਨ ਦਾ) ਲਾਭ (ਹੈ)। (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ) ਨਾਮ-ਅੰਮ੍ਰਿਤ ਦੇ ਸਰੋਵਰ ਵਿੱਚ (ਆਤਮਕ) ਇਸ਼ਨਾਨ ਕਰੋ, (ਇਸ ਤਰ੍ਹਾਂ) ਮਾਇਆ (ਦੇ ਮੋਹ) ਦੀ ਮੈਲ (ਮਨ ਤੋਂ) ਧੁਪ ਜਾਇਗੀ (ਤ੍ਰਿਸ਼ਨਾ ਮੁੱਕ ਜਾਇਗੀ ਤੇ) ਗੁਰੂ-ਸਰੋਵਰ ਦਾ ਸੰਤੋਖ (-ਜਲ) ਪ੍ਰਾਪਤ ਹੋ ਜਾਇਗਾ। ੮।

ਮਾਝ ਮਹਲਾ ੩, ਪੰਨਾ ੧੧੩॥ ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ॥ ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ॥ ੧॥ ਰਹਾਉ॥

ਅਰਥ: {ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ} ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ। ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ, (ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ। ੧। ਰਹਾਉ।

ਆਸਾ ਮਹਲਾ ੩, ਪੰਨਾ ੩੬੩॥ ਗੁਰ ਪੂਰੇ ਤੇ ਪੂਰਾ ਪਾਏ॥ ਹਿਰਦੈ ਸਬਦੁ ਸਚੁ ਨਾਮੁ ਵਸਾਏ॥ ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ॥ ਸਦਾ ਸੂਚੇ ਸਾਚਿ ਸਮਾਏ॥ ੨॥

ਗੂਜਰੀ ਕੀ ਵਾਰ ਮਹਲਾ ੩॥ ਪੳੇੁੜੀ, ਪੰਨਾ ੫੧੦॥ ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ॥ ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ॥ ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ॥ ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ॥ ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ॥ ੬॥

ਵਡਹੰਸ ਕੀ ਵਾਰ ਮ: ੩, ਪੰਨਾ ੫੮੭॥ ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ॥ ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ॥ ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ॥ ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ॥ ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ॥ ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ॥ ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ॥ ੨॥

ਮਾਰੂ ਮਹਲਾ ੩, ਪੰਨਾ ੧੦੪੬॥ ਸਬਦਿ ਮਰੈ ਸੋਈ ਜਨੁ ਪੂਰਾ॥ ਸਤਿਗੁਰੁ ਆਖਿ ਸੁਣਾਏ ਸੂਰਾ॥ ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ॥ ੪॥

ਮਹਲਾ ੩, ਪੰਨਾ ੧੪੧੨॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ ੨੮॥

ਸਿਰੀਰਾਗੁ ਮਹਲਾ ੪, ਪੰਨਾ ੪੦॥ ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ॥ ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ॥ ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ॥ ੪॥ ੨॥ ੬੬॥

ਅਰਥ: {ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ} (ਪਰ ਇਹ ਵਿਕਾਰਾਂ ਦਾ ਗੰਦ, ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ ਤੀਰਥਾਂ ਤੇ ਨ੍ਹਾਤਿਆਂ ਦੂਰ ਨਹੀਂ ਹੋ ਸਕਦਾ) ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵਡੇ ਭਾਗਾਂ ਵਾਲੇ ਹਨ, (ਗੁਰੂ ਦੀ ਸ਼ਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿੱਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। ਹੇ ਦਾਸ ਨਾਨਕ! (ਆਖ-) ਸਤਿਗੁਰੂ ਦੀ ਸਿੱਖਿਆ ਵਿੱਚ ਸੁਰਤਿ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ। ੪। ੨। ੬੬।

ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ, ਪੰਨਾ ੨੩੪॥ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ॥ ਹਰਿ ਅੰਮ੍ਰਿਤਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ॥ ੭॥

ਗਉੜੀ ਕੀ ਵਾਰ ਮਹਲਾ ੪, ਪੰਨਾ ੩੦੫॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥ ਜਿਸ ਨੋ ਦਇਆਲੁ ਹੋਵੇ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ ੨॥

ਗੂਜਰੀ ਮਹਲਾ ੪, ਪੰਨਾ ੪੯੩॥ ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥ ੪॥ ੨॥

ਸੂਹੀ ਮਹਲਾ ੪, ਪੰਨਾ ੭੩੨॥ ਹਮੁ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ॥ ਗੁਰਿ ਅੰਮ੍ਰਿਤ ਸਰਿ ਨਵਲਾਇਆ ਸਭਿ ਲਾਥੇ ਕਿਲਵਿਖ ਪੰਙੁ॥ ੩॥

ਨਟ ਮਹਲਾ ੪, ਪੰਨਾ ੯੮੧॥ ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ॥ ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ॥ ੧॥ ਰਹਾਉ॥

ਇਨ੍ਹਾਂ ਸ਼ਬਦਾਂ ਦੀ ਵਿਚਾਰ ਕਰਨ ਓਪਰੰਤ ਸਾਨੂੰ ਜਾਣਕਾਰੀ ਪਰਾਪਤ ਹੁੰਦੀ ਹੈ ਕਿ “ਅੰਮ੍ਰਿਤ ਸਰਿ, ਅੰਮ੍ਰਿਤ ਸਰੁ” ਦੀ ਵਰਤੋਂ ਤਾਂ ਭਗਤ ਨਾਮਦੇਵ ਜੀ (੧੨੭੦-੧੩੫੦) ਅਤੇ ਗੁਰੂ ਨਾਨਕ ਸਾਹਿਬ (੧੪੬੯-੧੫੩੯) ਨੇ ਵੀ ਅਪਣੀ ਬਾਣੀ ਵਿੱਚ ਕੀਤੀ ਹੋਈ ਹੈ, ਜਦੋਂ ਕਿ ਸਰੋਵਰ ਅਤੇ ਦਰਬਾਰ ਸਾਹਿਬ ਦੀ ਇਮਾਰਤ ਦਾ ਨਾਂ-ਨਿਸ਼ਾਨ ਭੀ ਨਹੀਂ ਸੀ! ਗੁਰਬਾਣੀ ਦੇ ਇਲਾਹੀ ਓਪਦੇਸ਼ ਅਨੁਸਾਰ ਵੀ ਇਸ ਨੂੰ ਕਿਸੇ ਜਗਾਹ ਨਾਲ ਨਹੀਂ ਜੋੜਿਆ ਸਕਦਾ ਭਾਵੇਂ ਕਿ ਸ਼ਹਿਰ ਅੰਮ੍ਰਿਤਸਰ ਦਾ ਨਾਂ ਗੁਰੂ ਗਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ (੧੬ ਅਗਸਤ ੧੬੦੪) ਤੋਂ ਬਾਅਦ ਹੀ ਪ੍ਰਚਲਤ ਹੋਇਆ। ਪਰ, ਸਿੱਖ ਕੌਮ ਦਾ ਇਹ ਦੁਖਾਂਤ ਹੈ ਕਿ ਇਸ ਦੇ ਚੌਧਰੀਆਂ, ਪ੍ਰਚਾਰਕਾਂ, ਲੇਖਕਾਂ, ਆਦਿਕ ਨੇ ਗੁਰਬਾਣੀ ਵਿੱਚ “ਅੰਮ੍ਰਿਤ ਸਰਿ/ਸਰੁ” ਨੂੰ ਸਮਝਣ ਦੀ ਥਾਂ, ਇਸ ਤੋਂ ਕੋਹਾਂ ਦੂਰ ਹੀ ਹੁੰਦੇ ਜਾ ਰਹੇ ਹਾਂ। ਜਿਵੇਂ, “ਦਰਬਾਰ ਸਾਹਿਬ” ਨੂੰ ਗੋਲਡਨ ਟੈਂਮਪਲ ਤੇ ਹਰਿਮੰਦਰ ਸਾਹਿਬ; ਸਰੋਵਰ ਨੂੰ ਕਰਾਮਾਤੀ ਤੀਰਥ ਬਣਾਅ ਦਿੱਤਾ ਹੈ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਵੀ ਸੈਰ-ਸਿਪਾਟੇ ਵਾਲੀ ਥਾਂ ਨਾਲ ਮਸ਼ਹੂਰ ਕਰ ਦਿੱਤਾ ਹੋਇਆ ਹੈ। ਇਵੇਂ ਹੀ, ਇਸ ਨੂੰ ਹਿੰਦੂ-ਤੀਰਥਾਂ ਵਾਂਗ ਸੰਗਰਾਂਦਾਂ, ਪੁੰਨਿਆਂ, ਮੱਸਿਆਂ, ਦੁਸਿਹਰਾ-ਦਿਵਾਲੀ, ਆਦਿਕ ਨਾਲ ਜੋੜ ਦਿੱਤਾ ਗਿਆ!

ਗੁਰਬਾਣੀ ਅਨੁਸਾਰ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਹੀ “ਅੰਮ੍ਰਿਤ ਸਰਿ/ਸਰੁ” ਫੁਰਮਾਨ ਕੀਤਾ ਹੋਇਆ ਹੈ। ਇਸ ਲਈ, “ਗੁਰੂ ਗਰੰਥ ਸਾਹਿਬ” ਹੀ ਇੱਕ ਮਹਾਨ ਅੰਮ੍ਰਿਤ-ਸਰੋਵਰ/ਸਾਗਰ ਹੈ ਕਿਉਂਕਿ ਜਿਸ ਥਾਂ `ਤੇ “ਗੁਰੂ ਗਰੰਥ ਸਾਹਿਬ” ਦਾ ਪ੍ਰਕਾਸ਼ ਹੁੰਦਾ ਹੈ, ਉਹੀ ਥਾਂ ਸਿੱਖਾਂ ਲਈ ਸੋਹਣਾ ਬਣ ਜਾਂਦਾ ਹੈ ਜਿਵੇਂ ਜਿਨ੍ਹਾਂ ਗੁਰਮੁੱਖ ਪ੍ਰਾਣੀਆਂ ਦੇ ਹਿਰਦੇ ਵਿੱਚ ਅਕਾਲ ਪੁਰਖ ਦਾ ਅੰਮ੍ਰਿਤ-ਮਈ ਨਾਮ ਵਸ ਜਾਂਦਾ ਹੈ, ਉਹੀ ਲੋਕ ਸੁਚੱਜੇ ਅਤੇ ਸਿਆਣੇ ਮੰਨੇ ਜਾਂਦੇ ਹਨ। ਆਓ, ਅਸੀਂ ਸਾਰੇ ਸਿੱਖ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਗੁਰਬਾਣੀ “ੴ + ਜਪੁ ਤੋਂ ਲੈ ਕੇ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥” ਤੱਕ, ਆਪ ਪਾਠ ਅਤੇ ਵਿਚਾਰ ਕਰਕੇ ਸਿੱਖ ਮਾਰਗ ਦੇ ਪਾਂਧੀ ਬਣੀਏ ਤਾਂ ਜੋ ਅਸੀਂ ਅਪਣਾ ਜੀਵਨ ਸਫਲ ਕਰ ਸਕੀਏ।

ਅਕਾਲ ਪੁਰਖ ਸਾਨੂੰ ਸੁਮਤਿ ਬਖ਼ਸ਼ੇ।

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੦ ਮਾਰਚ ੨੦੧੩




.