.

ਲਿਖਾਰੀ ਦਾ ਹੋਰ ਵੀ ਵੱਧ ਕਾਲਾ ਰੂਪ?

ਸਤਿਗੁਰੂ ਜੀ ਨੂੰ ਦੇਵੀ ਦੇਵਤਿਆਂ ਵਰਗੇ ਚਰਿਤਰ ਵਿਖਾਉਣ ਵਾਲੇ ਬਣਾ ਦਿੱਤਾ:-

ਸਵੱਯਾ॥ ਕ੍ਰਿਪਾਸਿੰਧ ਚਰਿਤ ਦਿਖਲਾਵਨ ਹੇਤਿ, ਮਹਾ ਸੁਖ ਕੇਤ ਸੁ ਬਯੋਂਤ ਬਨਾਯੋ।

ਗਉੜੀ ਰਾਗ ਨਿਕੇਤ ਸੁ, ਰਾਗ ਕੋ, ਪਾਇ ਕੈ ਭੋਗ ਗੁਰੂ ਹਰਖਾਯੋ।

ਸ੍ਰੀ ਮੁਖਿ ਪਾਛੇ ਸੁ ਸਬਦ ਰਰੈਂ, ਸਭਿ ਭਗਤਨ ਕੋ ਜੋਊ ਚਰਿਤ ਕਮਾਯੋ। ਬਿਸਮੈ ਮਨਿ ਪਾਇ ਸੁ ਭਾਈ ਲਿਖੈ।

ਮਾਯਾ ਬਾਜੀਗਰ ਹਰੀ ਤਬ ਤਾਹਿ ਭੁਲਾਯੋ॥ 407॥

ਪਦ ਅਰਥ:-ਮਹਾ … =ਮਹਾਂ ਸੁਖ, ਭਾਵ ਆਤਮਿਕ ਸੁਖ ਦਾ ਕੇਤ (-ਘਰ)। ਬਯੋਤ=ਤਰਤੀਬ ਬਣਾਈ ਹੈ, (ਕਿ ਜਾਂ ਵਿਉਂਤ ਬਣਾਈ, ਸਕੀਮ ਘੜੀ?) ਹਰਖਾਯੋ=ਪ੍ਰਸੰਨ ਹੋਏ। ਬਿਸਮੇ=ਮਨ ਵਿੱਚ ਹੈਰਾਨਗੀ ਧਾਰਨ ਕਰਕੇ। ਮਾਯਾ, , … ਭੁਲਾਯੋ=ਆਦਿ ਸ਼ਕਤੀ ਦੁਆਰਾ ਭਰਮ ਵਿੱਚ ਪਾ ਦਿੱਤਾ।

ਮਹਾਨ ਕੋਸ਼ ਦੇ ਦੇ 458 ਸਫ਼ੇ ਤੇ ਚਰਿਤ ਪਦ ਦੇ ਅਰਥ=ਆਚਰਣ, ਕਰਤੂਤ। 2. ਕਰਮ. ਕਿਰਯਾ। 3. ਰੀਤਿ ਰਸਮ। 4. ਵ੍ਰਿਤਾਂਤ, ਹਾਲ। ਲਿਖੇ ਹਨ। ਅਤੇ ਮਹਾਨ: ਕੋਸ਼: ਦੇ ਹੀ 851 ਸਫ਼ੇ ਤੇ ਬਾਜੀਗਰ ਦੇ ਅਰਥ=ਖੇਲ ਕਰਨ ਵਾਲਾ “ਬਾਜੀ ਖੇਲਿ ਗਏ ਬਾਜੀਗਰ.” (ਮਾਰੂ ਸੋਲਹੇ)। 2. ਨਟ। 3-ਜਾਦੂਗਰ। 4. ਕਰਤਾਰ ਜਿਸ ਨੇ ਜਗਤਰੂਪ ਬਾਜੀ ਰਚੀ ਹੈ। ਲਿਖੇ ਹਨ॥

(*Foot note:-ਲਿਖੀ ਜਾ ਰਹੀ ਏਸੇ ਪੁਸਤਕ ਦੇ ਪਹਿਲੇ ਅਧਿਆਇ ਦੇ 15ਵੇਂ ਲੇਖ ਵਿੱਚ ਅਤੇ ਤੀਜੇ ਅਧਿਆਇ ਦੇ ਛੇਵੇਂ ਲੇਖ ਵਿੱਚ ‘ਉਸਤਤਿ’ ਤੇ ‘ਨਿੰਦਾ’ ਪਦਾਂ ਬਾਰੇ ਗੁਰਮਿਤ ਵਿਚਾਰਾਰਾਂ ਲਿਖੀਆਂ ਜਾ ਚੁਕੀਆਂ ਹਨ। ਵਧਾ ਚੜਾ ਕੇ ਸੋਭਾ ਉਸਤਤਿ ਅਤੇ ਝੂਠੀ ਊਜ, ਨਿੰਦਾ ਹੈ- “ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥” ਸਤਿਗੁਰੂ ਜੀ ਨੂੰ “ਮਾਯਾ ਬਾਜੀਗਰ ਹਰੀ” ਲਿਖਣਾ ਉਸਤਤਿ ਹੈ। ਸ਼ਰਧਾ ਅਤੇ ਸਤਿਕਾਰ ਵਸਿ ਹੋ ਕੇ ਸਤਿਗੁਰੂ ਜੀ ਲਈ ਅਜੇਹੇ ਸ਼ਬਦ ਵਰਤਨੇ ਹੋਰ ਗੱਲ ਹੈ, ਪਰ ਇਸ ਲਿਖਾਰੀ ਦੇ ਇਹ ਸ਼ਬਦ ਸੁਹਿਰਦਤਾ ਨਹੀਂ ਦਰਸਾਉਂਦੇ, ਸਗੋਂ ਕੋਝਾ ਵਿੰਅਗ ਹੈ। ਕਿਉਂਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਕੇ ਉਸ ਨੇ ਸਤਿਗੁਰੂ ਜੀ ਦੇ ਜ਼ਿੰਮੇ, `ਚਰਿਤ’ ਅਤੇ, ‘ਤਾਹਿ ਭੁਲਾਯੋ ‘ਬ੍ਰਾਹਮਣੀ ਭਗਵਾਨਾ ਵਾਲਾ ਕੁਫ਼ਰ ਮੜ੍ਹਿਆ ਹੈ}

ਉਪ੍ਰੋਕਤ ਪਦ ਅਰਥਾਂ ਦੇ ਅਧਾਰ ਤੇ ਇਸ ਸਵੱਯੇ ਦੇ ਅਰਥ - “ਗਉੜੀ ਰਾਗ ਦਾ ਭੋਗ ਪਿਆ ਤਾਂ ਕਿਰਪਾਂ ਦੇ ਸਾਗਰ, ਮਹਾਂ ਸੁਖਾਂ ਦੇ ਘਰ (ਸਤਿਗੁਰੁ ਜੀ) ਨੇ ਪ੍ਰਸੰਨ ਹੋ ਕੇ ਕੋਈ ਕੌਤਕ (ਚਲਿੱਤਰ, ਕਰਤੂਤ, ਤਮਾਸ਼ਾ) ਵਿਖਾਉਣ ਦੀ ਵਿਉਂਤ ਬਣਾਈ। ਬਾਜੀਗਰ ਹਰੀ ਨੇ ਆਪਣੀ ‘ਆਦਿ ਸ਼ਕਤੀ’ (-ਮਾਯਾ) ਦੁਅਰਾ ਭਾਈ ਗੁਰਦਾਸ ਜੀ ਦੇ ਮਨ ਵਿੱਚ ਇਹ ਹੈਰਾਨੀ ਵਰਤਾ ਦਿੱਤੀ ਕਿ, ਭਗਤਾਂ ਨੇ ਜਿਹੜੇ ਚਰਿਤ ਕਮਾਏ ਸਨ ਉਹ (ਸਤਿਗੁਰੂ ਜੀ) ਆਪਣੇ ਸ੍ਰੀ ਮੁਖ ਤੋਂ ਬੋਲਦੇ ਹਨ (ਉਚਾਰ ਕੇ ਵੇਰਵੇ ਸਹਿਤ ਲਿਖਾਈ ਜਾਂਦੇ ਹਨ)”।

ਅਗਲੇ ਦੋਹਰੇ ਵਿੱਚ ਲਿਖਾਰੀ ਇਹ ਪ੍ਰਭਾਵ ਦਿੰਦਾ ਹੈ ਕਿ, ਭਾਈ ਗੁਰਦਾਸ ਦੇ ਮਨ ਵਿੱਚ ਇਹ ਚਿੰਤਾ ਵਰਤ ਗਈ ਕਿ, ਚਹੁਆਂ ਸਤਿਗੁਰਾਂ ਦੀ ਬਾਣੀ ਤਾਂ ਲਿਖੀ ਹੋਈ ਕੋਲ ਹੀ ਹੈ ਸੀ ਅਤੇ ਆਪਣੀ ਬਾਣੀ ਉਹ ਆਪ ਹੀ ਲਿਖਾ ਸਕਦੇ ਸਨ ਪਰ. ਭਗਤ ਤਾਂ ਕਿਤੇ ਦਿਸਦੇ ਨਹੀਂ ਸਨ। ਫਿਰ ਗੁਰ ੂਜੀ ਉਨ੍ਹਾਂ ਦੀ ਬਾਣੀ ਕਿਵੇਂ ਲਿਖਾ ਰਹੇ ਸਨ?

‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਨੂੰ ਧਿਆਨ ਨਾਲ ਪੜ੍ਹਿਆਂ ਗੁਰੂ ਬਾਣੀ ਤੋਂ ਹੀ ਸਪੱਸ਼ਟ ਹੋ ਹੁੰਦਾ ਹੈ ਕਿ, ਭਗਤਾਂ ਦੀ ਬਾਣੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਹੀ ਸੇਵਾ ਵਿੱਚ ਪੁੱਜ ਚੁੱਕੀ ਸੀ। ਇਹ ਹੋ ਹੀ ਨਹੀਂ ਸਕਦਾ ਕਿ ਭਾਈ ਗੁਰਦਾਸ ਇਸ ਸਚਾਈ ਤੋਂ ਅਣਜਾਣ ਹੋਣ। ਭਗਤਾਂ ਦੀ ਬਾਣੀ, ਸ੍ਰੀ ਗੁਰੂ ਨਾਨਕ ਸਾਹਿਬ ਤੋਂ ਗੁਰਿਆਈ ਦੇ ਨਾਲ ਹੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਸਪੁਰਦ ਹੋ ਜਾਣ ਤੋਂ ਅੱਗੇ ਤੋਂ ਅੱਗੇ ਸਤਿਗੁਰਾਂ ਕੋਲ ਪੁੱਜਦੀ ਆ ਰਹੀ ਸੀ। ਕੀ ਭਾਈ ਸਾਹਿਬ ਇਹ ਵੀ ਨਹੀਂ ਸਨ ਜਾਣਦੇ ਕਿ, ਭਗਤ ਤਾਂ ਇੱਕ ਸਦੀ ਪਹਿਲਾਂ ਦੇ ਪਰਲੋਕ ਸਿਧਾਰ ਚੁੱਕੇ ਸਨ? ਗੁਰਮਤਿ ਦੇ ਗਿਆਤਾ ਭਾਈ ਸਾਹਿਬ ਇਹ ਵੀ ਜਾਣਦੇ ਸਨ, ਕਿ ਲੋੜ ਅਨੁਸਾਰ ਪਰਲੋਕ ਵਿਚੋਂ ਪਰਤ ਆਉਣ ਦੀ ਗੱਲ, ਕੇਵਲ ਪੁਰਾਣਕ ਕਥਾ ਕਹਾਣੀਆਂ ਦਾ ਹੀ ਸ਼ਿੰਗਾਰ ਹੈ। ਗੁਰਮਤਿ ਵਿੱਚ ਅਜੇਹੀ ਬਕੜ-ਵਾਹ ਨੂੰ ਕੋਈ ਥਾਂ ਨਹੀਂ ਹੈ।

ਦਾਸ ਨੇ ਪਹਿਲਾਂ ਵੀ ਲਿਖਆ ਹੈ ਕਿ, ਵੇਦਾਂ ਸ਼ਾਸਤ੍ਰਾਂ, ਸਿਮ੍ਰਿਤੀਆਂ ਪੁਰਾਣਾਂ ਆਦਿ ਹਿੰਦੂਆਂ ਦੇ ਗ੍ਰੰਥਾ ਦਾ ਗਿਆਤਾ ਹੋਣ ਦੇ ਨਾਲ ਵਿਚਾਰ ਅਧੀਨ ਪੁਸਤਕ ਦਾ ਲਿਖਾਰੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਪੂਰਨ ਗਿਆਤਾ ਹੈ। ਗੁਰਬਾਣੀ-ਗੁਰਮਤਿ ਦੀ ਰੂਪ ਰੇਖਾ ਵਿਗਾੜ ਕੇ ਇਸ ਦਾ ਹਰ ਪੱਖ ਪੁਰਾਣਕ ਝੂਠ-ਕਹਾਣੀਆਂ ਜਿਹਾ ਬਣਾਉਣ ਵਿੱਚ ਜ਼ਰਾ ਵੀ ਉਕਾਈ ਨਹੀਂ ਖਾ ਰਿਹਾ। ਲੋਹੜੇ ਦਾ ਹੁਸ਼ਿਆਰ ਲਿਖਾਰੀ ਗੁਰੂ ਇਤਿਹਾਸ ਨੂੰ ਅਜੇਹੀ ਚਤੁਰਾਈ ਨਾਲ ਵਿਗਾੜ ਰਿਹਾ ਹੈ ਕਿ, ਸਾਰੀ ਗੁਰਬਾਣੀ ਸਿਖਾਂ ਲਈ ਵਿਅਰਥ ਬਣ ਕੇ ਰਹਿ ਜਾਵੇ। ਗੁਰਮਤਿ ਵਿਰੋਧੀ, ਮਨਮੋਹਣੇ ਝੂਠ-ਬੋਲਾਂ ਦਾਂ ਭੰਡਾਰ- “ਮੁਖਿ ਝੂਠ ਬਿਭੂਖਣ ਸਾਰੰ॥” ਇਹ ਕੁਫ਼ਰ-ਕਹਾਣੀਆਂ (ਮਾਇਆਂ ਉਗਰਾਹੁਣ ਲਈ ਬਣੇ ਰਾਗੀ, ਢਾਡੀ, ਸਾਡੇ ਆਪਣੇ ਪਰਚਾਰਕਾਂ ਦੀ ਕ੍ਰਿਪਾ ਸਦਕਾ) ਹੌਲੀ ਹੌਲੀ (ਗੁਰਬਾਣੀ ਤੋਂ ਅਗਿਆਨੀ) ਸਿੱਖਾਂ ਦੇ ਮਨਾ ਵਿੱਚ ਅਜੇਹੀ ਸ਼ਰਧਾ ਬਣਾ ਲੈਂਦੀਆਂ ਹਨ ਕਿ, ਉਹ ਇਨ੍ਹਾਂ ਗ੍ਰੰਥਾਂ ਦੀਆਂ ਝੂਠ ਕਹਾਣੀਆਂ ਨੂੰ ਰੱਦ ਕਰਨ ਵਾਲੇ ਗੁਰਬਾਣੀ-ਸ਼ਬਦ ਸੁਣਨਾ ਵੀ ਪਸੰਦ ਨਹੀਂ ਕਰਦੇ। ਤਜਰਬੇਕਾਰ ਲਿਖਾਰੀ ਸਮਝਦਾ ਹੈ ਕਿ ਉਸ ਦਾ ਲਿਖਿਆ ਹੀ ਇੱਕ ਦਿਨ ਸਿਖਾਂ ਦਾ ਧਰਮ ਬਣ ਜਾਣਾ ਹੈ।

ਕਈਆਂ ਸਾਲਾਂ ਤੋਂ (ਲਗ-ਪਗ 18ਵੀਂ ਸਦੀ ਦੇ ਅੱਧ ਤੋਂ) ਖੱਜਲ ਹੋ ਰਹੀ ਇਸ ‘ਗੁਰਬਿਲਾਸ’ ਪੁਸਤਕ ਦੀ ਉਚੇਚੀ ਸੰਪਾਦਨਾ ਕੀਤੀ ਜਾਣੀ ਅਤੇ ਪੰਥਕ ਸਰਮਾਏ ਤੋਂ ਪੰਥਕ ਛਾਪੇਖ਼ਾਨੇ ਤੋਂ ਛਾਪੀ ਜਾਣੀ, ਅਤੇ ਛੇਵੇਂ ਪਾਤਸ਼ਾਹ ਜੀ ਦੇ 400 ਸਾਲਾ ਆਗਮਨ ਪੁਰਬ ਤੇ ਪੰਥਕ ਤੌਰ ਤੇ Release ਕੀਤੀ ਜਾਣੀ, (ਜ਼ਰੂਰੀ ਨਹੀਂ, ਦਾਸ ਦਾ ਸ਼ੰਕਾ ਖੁਨਾਮੀ ਰਹਿਤ ਸਚੁ ਹੋਵੇ, ਪਰ ਗੁਰਬਣੀ ਦੀ ਕਸਵੱਟੀ ਦੀ ਪਰਖ ਤੋਂ,’ ਦਾਸ ਦੀ ਬੁੱਧੀ ਨੇ ਜੋ ਕਬੂਲਿਆ ਹੈ ਉਸ ਗੁਰਬਿਲਾਸ ਦੀ ਸੰਪਾਦਨਾ ਦਾ ਸਾਰਾ ਯਤਨ) ਬ੍ਰਾਹਮਣੀ ਛੜਯੰਤਰ ਦਾ ਸਾਕਾਰ ਰੂਪ ਹੋ ਦਿਸਿਆ ਹੈ?

ਸ਼ੰਕਿਆਂ ਦਾ ਵੇਰਵਾ ਇਸ ਪ੍ਰਕਾਰ ਹੈ:--

(ੳ) ਜਿਹੋ ਜਿਹੇ ਚਰਿਤਰਾਂ ਦੇ ਮਾਇਆ ਜਾਲ ਦੁਆਰਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਬਿੱਪ੍ਰ ਜੀ ਨੇ ਆਪਣੇ (ਕਥਿਤ) ਭਗਵਾਨਾ ਦਾ ਅਤੇ ਦੇਵੀ ਦੇਵਤਿਆਂ ਦਾ ਪ੍ਰਭਾਵ ਲੋਕਾਂ ਦੇ ਮਨਾ ਵਿੱਚ ਬਣਾ ਰਖਿਆ ਹੈ, ਉਵੇਂ ਹੀ ਇਹ ਲਿਖਾਰੀ ਬੜੀ ਦਲੇਰੀ ਨਾਲ ਸਤਿਗੁਰੂ ਜੀ ਦੇ ਸਚੁ ਇਤਿਹਾਸ ਨੂੰ ਝੂਠ (-ਮਿਥਿਹਾਸ) ਬਣਾਈ ਜਾ ਰਿਹਾ ਹੈ। ਜਗਤ ਨੂੰ ਸਚੁ ਦੀ ਸੋਝੀ ਕਰਾਉਣ ਆਏ “ਆਦਿ ਸਚੁ” ਨਾਲ ਲੋਕਾਂ ਨੂੰ ਜੋੜ ਰਹੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਵਿਹਾਰ ਵਿੱਚ ਮਾੜੀ ਜਿਹੀ ਗੱਲ ਵੀ ਪਰਦੇ ਵਾਲੀ ਕਿਉਂ ਹੋਵੇ? ਸਤਿਗੁਰੂ ਜੀ ਦਾ ਹਰ ਸੁਆਸ ਲੋਕਾਂ ਲਈ ਖੁੱਲੀ ਪੁਸਤਕ ਨਾ ਹੁੰਦਾ ਤਾਂ ਉਸ ਦਾ ਖ਼ਾਲਸਾ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਭਰੋਸਾ ਦਾਨ ਦੀ ਮੰਗ ਕਦੇ ਨਾ ਕਰਦਾ ਹੁੰਦਾ- “ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥” {ਪੰਨਾ 488} ਅਤੇ ਫਿਰ- “ਹਮੂੰ ਮਰਦ ਬਾਇਅਦ ਸ਼ਵੱਦ ਸੁਖ਼ਨਵਰ। ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ” - {ਜ਼ਫ਼ਰ ਨਾਮਾ} ਹਿਰਦੇ ਦੀ ਗੱਲ, ਦੂਜਿਆਂ ਨੂੰ ਸਾਫ਼ ਸਾਫ਼ ਕਹਿਣ ਦੀ ਦਲੇਰੀ ਨਾ ਰੱਖਣ ਵਾਲਾ ਮਨੁੱਖ, ਜਾਂ ਦੂਜਿਆਂ ਨੂੰ ਭਰੋਸੇ ਦੇ ਕਾਬਲ ਨਹੀਂ ਸਮਝਦਾ ਜਾਂ ਉਸ ਦੇ ਆਪਣੇ ਮਨ ਵਿੱਚ ਖੋਟ ਹੁੰਦਾ ਹੈ। ਅਜੇਹੇ ਜਿਸ ਮਨੁੱਖ ਦੇ ਆਪਣੇ ਹੀ ਹਿਰਦੇ ਵਿੱਚ ਇਹ-ਗੁਰਮਤਿ ਇਹਸਾਸ- “ਹਮ ਨਹੀ ਚੰਗੇ ਬੁਰਾ ਨਹੀ ਕੋਇ॥” ਅਥਵਾ- “ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ॥” ਪੈਦਾ ਨਹੀਂ ਹੋ ਸਕਦਾ ਉਸ ਨੇ ਕਿਸੇ ਦੂਜੇ ਬਚਨਾ ਦਾ ਸੱਚਾ ਕਹਿਣੀ ਕਥਣੀ ਦਾ ਸੂਰਾ ਕਿਥੋਂ ਬਨਾਉਣਾ ਹੋਇਆ? ਸਤਿਗੁਰੂ ਨਾਨਕ ਸਾਹਿਬ ਜੀ ਤਾਂ ਜਗਤ ਦੇ ਮਨੁੱਖ ਮਾਤ੍ਰ ਦੇ ਹਿਰਦੇ ਵਿੱਚ ਇਹ ਸਚਾਈ- “ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥” ਦ੍ਰਿੜ ਕਰਾ ਕੇ ਉਸ ਨੂੰ ਹਰ ਵੇਲੇ ਸੱਚੇ ਹਿਰਦੇ ਤੋ ‘ਸਰਬੱਤ ਦਾ ਭਲਾ” ਮੰਗਣ ਦੀਆਂ ਸੱਧਰਾਂ ਵਾਲਾ ਬਣਾਉਣ ਆਏ ਸਨ, ਉਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਹਿਰਦੇ ਵਿੱਚ ਭਰਮ ਪਾਉਣ ਦੀ ਲੋਚਨਾ ਕਿਉਂ ਕਰਨੀ ਸੀ? ਆਪਣੇ ਕਿਸੇ ਵੀ ਸਿੱਖ ਕੋਲੋਂ ਕਿਸੇ ਪ੍ਰਕਾਰ ਦਾ ਭੇਤ ਰੱਖਣਾ, ਸਤਿਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਯਾਦਾ ਨਹੀਂ ਸੀ। ਫਿਰ ਕਥਿਤ ਆਦਿ ਸ਼ਕਤੀ ਭ੍ਰਾਹਮਾਹਮਣੀ ਮਾਇਆ ਰਾਹੀ, ਗੁਰੂ-ਘਰ ਦੇ ਪਰਮ ਸ਼ਰਧਾਲੂ, ਸਿਦਕੀ ਸਿੱਖ, ਵਿਦਵਾਨ ਗੁਰਮੁਖ ਪਿਆਰੇ ਆਪਣੇ ਮਾਮਾ ਜੀ ਨੂੰ ਕੋਈ ਚਕਰੀ ਦੇਣ ਦੀ ਵਿਚਾਰ? ਇੱਕ ਦਮ, ਸਾਰਾ ਕੁਫ਼ਰ ਹੈ, ਲਿਖਾਰੀ ਦੇ ਆਪਣੇ ਮਨ ਦੇ ਅੰਦਰ ਦੀ ਕੁਟਲਤਾ ਉਬਾਲੇ ਮਾਰ ਮਾਰ ਬਾਹਰ ਆ ਰਹੀ ਹੈ।

ਗਲ ਬਦਲੀ ਦਾ ਕਮਾਲ

ਦੋਹਰਾ॥ ਤਬ ਗੁਰਦਾਸ ਚਿੰਤਾ ਕਰੀ ਮਨ ਮੈ ਐਸ ਵਿਚਾਰਿ। ਚਤੁਰ ਗੁਰ ਬਾਣੀ ਰਚੀ, ਪੰਚਮ ਆਪਿ ਸਵਾਰਿ॥ 408॥

ਬਹੁਰਿ ਸਬਦ ਸ੍ਰੀ ਮੁਖਿ ਰਰੈਂ ਭਗਤ ਨਾਮੁ ਧਰਿ ਦੇਂਹ। ਆਪ ਕਹੈਂ ਹਮ ਲਿਖੈ, ਭਗਤ ਨ ਕੋ ਦ੍ਰਿਸਟੇਹਿ॥ 409॥

ਪਦ ਅਰਥ:-ਚਤੁਰ … =ਚਾਰ ਗੁਰੂਆਂ ਦੀ ਜੋ ਬਾਣੀ ਰਚੀ ਹੋਈ ਸੀ। 408. ਨਾਮੁ … =ਨਾਮ ਪਾ ਦਿੰਦੇ ਹਨ। ਆਪ ਕਹੈਂ. . = (ਗੁਰੂ ਜੀ ਆਪ) ਉਚਾਰਦੇ ਹਨ ਤੇ ਮੈਂ ਲਿਖਦਾ ਹਾਂ। ਭਗਤ …. ਦ੍ਰਿਸਟੇਹਿ=ਭਗਤ ਤਾਂ ਕਿਤੇ ਨਜ਼ਰ ਨਹੀਂ ਆਉਂਦੇ।। 409॥

ਇਸ ਦੋਹਰੇ ਵਿਚਲੀ ਲਿਖਤ ਬਾਰੇ ਉਤੇ ਵਿਚਾਰ ਹੋ ਚੁੱਕੀ ਹੈ। ਭਾਈ ਜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਪਰਲੋਕ ਵਿਚੋਂ ਪਰਤ ਆਉਣ ਦੀ ਗੱਲ ਬ੍ਰਾਹਮਣੀ ਗ੍ਰੰਥ ਦਾ ਹੀ ਕੁਫ਼ਰ ਹੈ।

ਚੋਪਈ॥ ਸ੍ਰੀ ਸਤਿਗੁਰ ਤਿਹ ਮਨ ਕੀ ਜਾਨੀ। ਮਾਯਾ ਸਮਝਿ ਮਨਿ ਬੰਦਨ ਠਾਨੀ

ਪੁਨਿ ਭਾਈ ਕੋ ਆਗਯਾ ਕੀਨੀ। ਪ੍ਰਾਤ ਸਮੈ ਆਵੋ ਚਿਤਿ ਚੀਨੀ॥ 410॥

ਪਦ ਅਰਥ:-ਤਿਹ=ਭਾਈ ਗੁਰਦਾਸ ਜੀ ਦੇ। ਬੰਦਨ ਠਾਨੀ=ਉਸ ਤੇ ਪ੍ਰਭੂ ਦੀ ਮਾਇਆ ਦਾ ਪ੍ਰਭਾਵ ਜਾਣ ਕੇ ਪ੍ਰਭੂ ਨੂੰ ਨਮਸਕਾਰ ਕੀਤੀ। (ਗੁਰ ਪੰਥ ਦੇ ਮੁਖੀ, ਸੰਪਾਦਕ ਮਹਾਂਪੁਰਖ ਜੀ, ਗੁਰਮਤਿ ਦੇ ਵੈਰੀ ਬਿੱਪ੍ਰ ਦੇ ਸਾਥੀ? ਲਖਾਰੀ ਨੇ ਕੇਵਲ ‘ਮਾਯਾ’ ਲਿਖਿਆ ਹੈ, ਨਿਰਸੰਦੇ ਇਹ ਉਹੀ ਮਾਇਆ ਹੈ ਜਿਸ ਨੂੰ ਬਿੱਪਰ ਜੀ ਨੇ ਵਿਸ਼ਨੂੰ ਭਗਵਾਨ ਦੀ ਇਸਤਰੀ ਲਿਖ ਕੇ ਵਿਸ਼ਨੂੰ-ਰੱਬ ਜੀ ਨੂੰ ਮਾਇਆ-ਪਤੀ ਘੋਸ਼ਤ ਕੀਤਾ ਹੋਇਆ ਹੈ। ਪਰ, ਟੂਕ ਵਿਚ, ਸੰਪਦਕ ਮਹਾਂਨ ਪੁਰਖਾਂ ਨੇ ਨਮਸਕਾਰ ਪ੍ਰਭੂ ਨੂੰ ਕੀਤੀ ਲਿਖਆ? ਕੀ, ਲਿਖਾਰੀ ਦੀ ਕੁਟਲ-ਚਾਲਾਂ ਦੀ ਭਾਈਵਾਲੀ ਨਿਬਾਹੀ ਹੈ?)। ਆਵੋ … =ਅੰਮ੍ਰਿਤ ਵੇਲੇ ਸਮਝ ਸੋਚ ਕੇ ਆਉਣਾ ਹੈ। 33

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.