ਪੰਜਾਬ ਵਿੱਚ ਪਹਿਲੀ ਨਾਨ ਕਾਂਗਰਸ ਸਰਕਾਰ
ਵੈਸੇ ਭਾਰਤ ਦੀਆਂ ਆਜ਼ਾਦੀ ਪਿਛੋਂ
ਪਹਿਲੀਆਂ ਚੋਣਾਂ 1952 ਵਿਚ, ਪੈਪਸੂ ਅੰਦਰ ਅਕਾਲੀਆਂ ਨੇ ਚੋਣ ਜਿੱਤ ਕੇ, ਹਿੰਦ ਵਿੱਚ ਪਹਿਲੀ ਨਾਨ
ਕਾਂਗਰਸ ਸਰਕਾਰ ਬਣਾਉਣ ਦਾ ਮਾਣ ਹਾਸਲ ਕੀਤਾ ਸੀ। ਇਸ ਸਰਕਾਰ ਦਾ ਪਹਿਲਾ ਮੁਖ ਮੰਤਰੀ ਸ. ਗਿਅਨ ਸਿੰਘ
ਰਾੜੇਵਾਲ਼ਾ ਨੂੰ ਬਣਾਇਆ ਸੀ ਪਰ ਪੰਡਤ ਨਹਿਰੂ ਨੇ ਧੱਕੇ ਨਾਲ਼ ਹੀ ਇਸ ਸਰਕਾਰ ਨੂੰ ਤੋੜ ਕੇ ਗਵਰਨਰੀ
ਰਾਜ ਲਾਗੂ ਕਰ ਦਿਤਾ ਸੀ। ਮਗਰੋਂ 1956 ਵਿੱਚ ਇਸ ਮਾਮੂਲੀ ਜਿਹੀ ਸਿੱਖ ਬਹੁ ਸੰਮਤੀ ਵਾਲ਼ੇ ਸੂਬੇ ਨੂੰ
ਤੋੜ ਕੇ, ਹਿੰਦੂ ਬਹੁ ਸੰਮਤੀ ਵਾਲੇ ਸੂਬੇ, ਪੰਜਾਬ ਵਿੱਚ ਮਿਲ਼ਾ ਕੇ, ਅਕਾਲੀਆਂ ਦੀ ਬੋਲਤੀ ਬੰਦ ਕਰ
ਦਿਤੀ ਸੀ। “ਨਾ ਨੱਕ ਰਹੇ ਤੇ ਤੇ ਨਾ ਮੱਖੀ ਬਹੇ”। ਨਾ ਸਿੱਖ ਬਹੁ ਸੰਮਤੀ ਕਿਸੇ ਥਾਂ ਰਹੇ ਤੇ ਨਾ ਹੀ
ਅਕਾਲੀ, ਕਾਂਗਰਸ ਦੀ ਅਗਵਾਈ ਵਾਲ਼ੇ ਇੱਕ ਛੱਤਰ ਰਾਜ ਨੂੰ ਕਦੀ ਚੈਲਿੰਜ ਕਰ ਸਕਣ।
ਆਜ਼ਾਦੀ ਪਿਛੋਂ ਅਕਾਲੀ ਠੱਗੇ ਗਏ ਮਹਿਸੂਸ ਕਰਨ ਲੱਗੇ। ਅਕਾਲੀਆਂ ਦਾ ਵੱਡਾ ਹਿੱਸਾ ਤਾਂ ਦਿਲ ਹਾਰ ਕੇ
ਕਾਂਗਰਸ ਵਿੱਚ ਸ਼ਾਮਲ ਹੋ ਗਿਆ ਤੇ ਕੁੱਝ ਮਾਸਟਰ ਜੀ ਦੀ ਅਗਵਾਈ ਹੇਠ ਪੰਥਕ ਆਜ਼ਾਦ ਹਸਤੀ ਲਈ ਜਦੋ ਜਹਿਦ
ਕਰਦੇ ਰਹੇ। ਸਾਂਝੀਆਂ ਚੋਣਾਂ ਹੋਣ ਕਰਕੇ ਅਕਾਲੀ ਵਿਚਾਰਧਾਰਾ ਵਾਲੇ ਸਿੱਖਾਂ ਦੀ, ਦੇਸ਼ ਦੇ ਸਿਆਸੀ ਤੇ
ਸਰਕਾਰੀ ਹਲਕਿਆਂ ਵਿੱਚ ਪੁੱਛ ਦੱਸ ਜਾਂਦੀ ਰਹੀ। ਰਹਿੰਦੀ ਕਸਰ ਆਰੀਆ ਸਮਾਜ ਦੀ ਅਗਵਾਈ ਹੇਠ ਪੰਜਾਬ
ਦੇ ਕੁੱਝ ਹਿੰਦੂਆਂ ਦੀ ਫਿਰਕਾਪ੍ਰਸਤੀ ਨੇ ਪੂਰੀ ਕਰ ਦਿਤੀ ਜੋ ਕਿ ਸਿੱਖ ਦੁਸ਼ਮਣੀ ਵਿੱਚ ਏਥੋਂ ਤੱਕ
ਚਲੇ ਗਏ ਕਿ ਆਪਣੀ ਮਾਂ ਬੋਲੀ ਪੰਜਾਬੀ ਤੋਂ ਵੀ, ਇਹ ਮੰਨ ਕੇ ਮੁਨਕਰ ਹੋ ਗਏ ਕਿ ਇਹ ਸਿੱਖਾਂ ਦੀ
ਬੋਲੀ ਹੈ। ਹਰੇਕ ਵਿਅਕਤੀ ਇਹ ਗੱਲ ਜਾਣਦਾ ਹੈ ਕਿ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਤੋਂ ਬਿਨਾ ਹੋਰ
ਕੇਹੜੀ ਹੋ ਸਕਦੀ ਹੈ!
ਇਕ ਦਿਲਚਸਪ ਵਾਕਿਆ: ਪ੍ਰਿੰਸੀਪਲ ਕਨਹਈਆ ਲਾਲ ਕਪੂਰ, ਜੋ ਕਿ ਪੰਜਾਬੀ, ਹਿੰਦੀ, ਉਰਦੂ, ਅੰਗ੍ਰੇਜ਼ੀ
ਦੇ ਵਿਦਵਾਨ ਲਿਖਾਰੀ ਹੋਏ ਨੇ, ਦੱਸਦੇ ਨੇ ਕਿ ਇੱਕ ਵਾਰ ਉਹਨਾਂ ਨੇ ਇੱਕ ਫਾਰਮ ਭਰ ਕੇ ਸਰਕਾਰੀ
ਕਰਮਚਾਰੀ ਨੂੰ ਫੜਾਇਆ। ਮਾਤ ਭਾਸ਼ਾ ਵਾਲ਼ੇ ਖ਼ਾਨੇ ਵਿੱਚ ਕਪੂਰ ਜੀ ਨੇ ਪੰਜਾਬੀ ਲਿਖ ਦਿਤੀ। ਬਾਰੀ ਪਿਛੇ
ਬੈਠੇ ਬਾਬੂ ਨੇ ਹੈਰਾਨੀ ਨਾਲ਼ ‘ਕਿੰਤੂ’ ਕੀਤਾ ਤਾਂ ਕਪੂਰ ਜੀ ਨੇ ਆਖਿਆ, “ਸੁਣ ਬਾਬੂ, ਮੇਰੀ ਮਾਂ
ਪੰਜਾਬਣ ਸੀ ਤੇ ਅੱਗੋਂ ਉਸ ਨੇ ਵਿਆਹ ਵੀ ਪੰਜਾਬੀ ਖੱਤਰੀ ਨਾਲ਼ ਕਰਵਾਇਆ ਸੀ ਤੇ ਉਹਨਾਂ ਦੋਹਾਂ
ਪੰਜਾਬੀ ਖੱਤਰੀਆਂ ਦੇ ਘਰ ਮੈ ਵੀ ਪੰਜਾਬ ਵਿੱਚ ਹੀ ਜੰਮਿਆ ਸੀ। ਤੂੰ ਦੱਸ ਕਿ ਮੇਰੀ ਮਾਂ ਬੋਲੀ ਫਿਰ
ਚੀਨੀ ਜਾਂ ਜਾਪਾਨੀ ਕਿਵੇਂ ਹੋ ਸਕਦੀ ਹੈ! “
ਐਸੇ ਹਾਲਾਤ ਵਿੱਚ ਅਕਾਲੀ ਸੋਚ ਵਾਲ਼ੇ ਸਿੱਖਾਂ ਦੀ ਕੋਈ ਗੱਲ ਤਾਂ ਹੀ ਬਣ ਸਕਦੀ ਸੀ ਜੇਕਰ ਸਿਆਸੀ
ਘੇਰਾਬੰਦੀ ਕਰਕੇ ਕੋਈ ਅਜਿਹਾ ਇਲਾਕਾ ਉਲੀਕਿਆ ਜਾਵੇ ਜਿਥੇ ਸਿੱਖਾਂ ਦੀ ਬਹੁਸੰਮਤੀ ਹੋਵੇ। ਸਿਧਾ ਤਾਂ
ਸਿੱਖ ਬਹੁਸੰਮਤੀ ਵਾਲ਼ਾ ਸੂਬਾ ਮੰਗਿਆ ਨਹੀ ਸੀ ਜਾ ਸਕਦਾ। ਇਸ ਲਈ ਪੰਜਾਬੀ ਬੋਲੀ ਦੇ ਆਧਾਰ ਤੇ ਸੂਬੇ
ਦੀ ਮੰਗ ਅਕਾਲੀਆਂ ਵੱਲੋਂ ਸ਼ੁਰੂ ਹੋਈ। ਆਖਰ ਲੰਮੀ ਜਦੋ ਜਹਿਦ ਪਿਛੋਂ, 1 ਨਵੰਬਰ 1966 ਨੂੰ, ਇੱਕ
ਟੁੱਟਾ ਭੱਜਾ ਜਿਹਾ ਸੂਬਾ, ਮੌਜੂਦਾ ਪੰਜਾਬ ਦੇ ਰੂਪ ਵਿੱਚ ਬਣਾਉਣ ਲਈ, ਹਿੰਦ ਸਰਕਾਰ ਨੂੰ ਕਈ
ਕਾਰਨਾਂ ਕਰਕੇ, ਮਜਬੂਰ ਹੋਣਾ ਹੀ ਪਿਆ। ਦਿੱਲੀਉਂ ਗਿ. ਗੁਰਮੁਖ ਸਿੰਘ ਮੁਸਾਫਰ ਨੂੰ ਇਸ ਦਾ ਮੁਖ
ਮੰਤਰੀ ਬਣਾ ਕੇ ਭੇਜਿਆ ਗਿਆ ਜਿਸ ਦੀ ਅਗਵਾਈ ਹੇਠ ਮਾਰਚ 1967 ਦੀਆਂ ਚੋਣਾਂ ਹੋਈਆਂ, ਤੇ ਨਾ ਕੇਵਲ
ਕਾਂਗਰਸ ਪਾਰਟੀ ਹੀ ਬਹੁਸੰਮਤੀ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੀ ਬਲਕਿ ਇਸ ਦਾ ਲੀਡਰ, ਮੁਖ ਮੰਤਰੀ ਗਿ.
ਗੁਰਮੁਖ ਸਿੰਘ ਮੁਸਾਫ਼ਰ ਵੀ, ਅੰਮ੍ਰਿਤਸਰ ਦੇ ਪੱਛਮੀ ਹਲਕੇ ਵਿਚੋਂ, ਸੱਜੇ ਕਮਿਊਨਿਸਟ, ਕਾਮਰੇਡ
ਸੱਤਪਾਲ ਡਾਂਗ ਦੇ ਹੱਥੋਂ ਹਾਰ ਗਿਆ।
ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਨੇ ਇਹ ਚੋਣਾਂ ਤਕਰੀਬਨ ਸਾਰੀਆਂ ਹੀ
ਕਾਂਗਰਸ ਵਿਰੋਧੀ ਪਾਰਟੀਆਂ ਨਾਲ਼, ਸੀਟਾਂ ਦੀ ਐਡਜੈਸਟਮੈਟ ਕਰਕੇ, ਕਾਂਗਰਸ ਦੇ ਖ਼ਿਲਾਫ਼ ਲੜੀਆਂ ਸਨ।
ਜਦੋਂ ਚੋਣ ਪ੍ਰਚਾਰ ਦਾ ਸਮਾ ਸਮਾਪਤ ਹੋਇਆ ਤਾਂ ਸੰਤ ਜੀ ਅਕਾਲੀ ਆਗੂਆਂ ਦੀ, ਇਹਨਾਂ ਚੋਣਾਂ ਦੌਰਾਨ
ਵਿਖਾਈ ਗਈ ਹੱਦੋਂ ਵਧ ਸਵਾਰਥੀ ਬਿਰਤੀ ਤੋਂ ਤੰਗ ਆ ਕੇ, ਗੁੱਸੇ ਨਾਲ਼ ਬੁਢੇ ਜੌਹੜ (ਗੰਗਾਨਗਰ) ਆ ਗਏ।
ਮੈ ਓਹਨੀਂ ਦਿਨੀਂ ਓਥੇ ਦੇ ਵਿਦਿਆਲੇ ਦੇ ਸੰਗੀਤ ਟੀਚਰ ਨੂੰ ਕਲਾਸੀਕਲ ਗੁਰਮਤਿ ਸੰਗੀਤ ਦੀ ਅਗਲੇਰੀ
ਸਿਖਿਆ ਦੇਣ ਵਾਸਤੇ ਭੇਜਿਆ ਗਿਆ ਹੋਇਆ ਸਾਂ। ਮੇਰੀ ਸਟੇਜੀ ਯੋਗਤਾ ਤੋਂ ਪ੍ਰਭਾਵਤ ਹੋ ਕੇ ਸੰਤ ਜੀ
ਮੈਨੂੰ ਆਪਣੇ ਨਾਲ਼ ਹੀ ਲੈ ਆਏ ਤੇ ਚੁੱਪ ਚਾਪ ਆ ਕੇ ਗੰਗਾਨਗਰ ਦੇ ਨੇੜੇ, ਸੈਂਟਰਲ ਗੁਰਦੁਆਰਾ 19
ਜ਼ੈਡ, ਵਿਖੇ ਟਿਕ ਗਏ। ਪੰਜਾਬ ਦੀਆਂ ਚੋਣਾਂ ਦੇ ਨਤੀਜੇ ਨਿਕਲ਼ਨੇ ਸ਼ੁਰੂ ਹੋਏ। ਜਲੰਧਰ ਸਟੇਸ਼ਨ ਦੇ
ਪ੍ਰਦੇਸ਼ਕ ਸਮਾਚਾਰ ਬੁਲਿਟਨ ਤੋਂ ਅਸੀਂ ਸੁਣ ਰਹੇ ਸਾਂ। ਸੰਤ ਜੀ ਇਕੱਲੇ ਹੀ ਸਨ ਤੇ ਕੋਲ਼ ਸਿਰਫ ਮੈ ਹੀ
ਸੀ; ਹੋਰ ਕੋਈ ਉਸ ਸਮੇ ਓਥੇ ਮੌਜੂਦ ਨਹੀ ਸੀ। ਇੱਕ ਤੋਂ ਬਾਅਦ ਇਕ, ਵਾਰੀ ਵਾਰੀ ਸੀਟਾਂ ਦੇ ਨਤੀਜੇ
ਆਉਣੇ ਸ਼ੁਰੂ ਹੋਏ। ਸੰਤ ਜੀ ਨਤੀਜਿਆਂ ਤੋਂ ਮਾਯੂਸ ਜਿਹੇ ਹੋਈ ਜਾਣ। ਦਹਾਕਿਆਂ ਦੀਆਂ ਕੁਰਬਾਨੀਆਂ
ਪਿਛੋਂ ਬਣਾਏ ਗਏ ਸੂਬੇ ਵਿੱਚ ਵੀ ਅਕਾਲੀਆਂ ਨੂੰ ਬਹੁਸੰਮਤੀ ਨਾ ਮਿਲ਼ ਸਕੀ। ਮੋਰਚੇ ਦੌਰਾਨ ਸੰਤ ਜੀ
ਦੇ ਨਾਲ਼ ਸੜ ਮਰਨ ਲਈ ਤਿਆਰ ਪੰਜ ‘ਜਿੰਦਾ ਸ਼ਹੀਦਾਂ’ ਵਿਚੋਂ ਵੀ ਤਿੰਨ ਜਣੇ ਚੋਣ ਹਾਰ ਗਏ। ਹਲਕਾ ਬਿਆਸ
ਤੋਂ ਸੰਤ ਜੀ ਦੇ ਸਭ ਤੋਂ ਵਧ ਵਿਸ਼ਵਾਸ਼ ਪਾਤਰ, ਜ. ਜੀਵਨ ਸਿੰਘ ਉਮਰਾਨੰਗਲ ਦੇ ਹਾਰ ਜਾਣ ਦੀ ਜਦੋਂ
ਖ਼ਬਰ ਆਈ ਕਿ ਓਥੋਂ ਕਾਂਗਰਸੀ, ਜ. ਸੋਹਣ ਸਿੰਘ ਜਲਾਲ ਉਸਮਾ, ਆਪਣੇ ਨਿਕਟ ਵਿਰੋਧੀ, ਡਾ. ਕਰਤਾਰ ਸਿੰਘ
ਦੌਲੋ ਨੰਗਲ ਨੂੰ ਹਰਾ ਕੇ, ਚੋਣ ਜਿਤ ਗਏ ਹਨ ਤਾਂ ਸੰਤ ਜੀ ਬੋਲੇ, “ਸਾਡਾ ਜਥੇਦਾਰ ਨਿਕਟ ਵਿਰੋਧੀ ਵੀ
ਨਹੀ ਬਣ ਸਕਿਆ! “
ਦਿਲਚਸਪ ਗੱਲ ਇਹ ਹੋਈ ਕਿ ਜਦੋਂ ਹੀ ਖ਼ਬਰਾਂ ਪੜ੍ਹਨ ਵਾਲ਼ੀ ਬੀਬੀ ਨੇ ਇਹ ਉਚਾਰਿਆ, “ਹੁਣ ਕਾਂਗਰਸ ਨੂੰ
ਬਹੁਮੱਤ ਪ੍ਰਾਪਤ ਕਰਨ ਲਈ ਬਾਕੀ ਬਚੀਆਂ ਸਾਰੀਆਂ ਸੀਟਾਂ ਜਿੱਤਣੀਆਂ ਪੈਣਗੀਆਂ। “ਤਾਂ ਸੰਤ ਜੀ ਨੇ
ਆਖਿਆ, “ਹੁਣ ਕਾਂਗਰਸ ਨੂੰ ਬਹੁਮੱਤ ਵਿੱਚ ਆਉਣ ਤੋਂ ਰੋਕਣ ਲਈ ਬਾਕੀ ਸਾਰੀਆਂ ਸੀਟਾਂ ਸਾਨੂੰ
ਜਿੱਤਣੀਆਂ ਪੈਣਗੀਆਂ। “ਹੈਰਾਨੀ ਹੋਵੇਗੀ ਇਹ ਜਾਣ ਕੇ ਕਿ ਉਸ ਤੋਂ ਬਾਅਦ ਕਾਂਗਰਸ ਨੂੰ ਇੱਕ ਵੀ ਸੀਟ
ਪ੍ਰਾਪਤ ਨਹੀ ਹੋਈ। ਰਹਿੰਦੀਆਂ ਸੀਟਾਂ ਸਾਰੀਆਂ ਹੀ ਵਿਰੋਧੀ ਲੈ ਗਏ। ਕੁੱਲ 104 ਸੀਟਾਂ ਵਿਚੋਂ: 24
ਸੰਤ ਅਕਾਲੀ ਦਲ, 2 ਮਾਸਟਰ ਅਕਾਲੀ ਦਲ, 48 ਕਾਂਗਰਸ, 3 ਰੀਪਬਲਿਕਨ, 5 ਸੱਜੇ ਤੇ 3 ਖੱਬੇ
ਕਮਿਊਨਿਸਟ, 9 ਜਨ ਸੰਘੀ, 9 ਆਜ਼ਾਦ, 1 ਸੰ. ਸੋ. ਪਾ. ਨੂੰ ਸੀਟਾਂ ਮਿਲ਼ੀਆਂ। ਸਰਕਾਰ ਬਣਾਉਣ ਲਈ 53
ਮੈਬਰਾਂ ਦੀ ਲੋੜ ਸੀ। ਸੰਤ ਜੀ ਕਹਿਣ ਲੱਗੇ, “ਜੇ ਅੱਜ ਸਾਡੇ ਵਿੱਚ ਗਿਆਨੀ ਕਰਤਾਰ ਸਿੰਘ ਹੁੰਦਾ ਤਾਂ
ਅਸੀਂ ਸਰਕਾਰ ਬਣਾ ਸਕਦੇ ਸੀ। ਮੈ ਅਜੇ ਇਸ ਗੱਲ ਤੇ ਆਪਣੇ ਮਨ ਹੀ ਮਨ ਵਿਚਾਰ ਹੀ ਕਰ ਰਿਹਾ ਸਾਂ ਕਿ
ਇਹ ਕਿੱਦਾਂ ਹੋ ਸਕਦਾ ਹੈ; ਤੇ ਸੰਤ ਜੀ ਬੋਲੇ, “ਜੇ ਮੈਂ ਓਥੇ ਹੁੰਦਾ ਤਾਂ ਵੀ ਅਸੀਂ ਸਰਕਾਰ ਬਣਾ
ਲੈਣੀ ਸੀ। ਮੇਰੇ ਸੰਘੋਂ ਇਹ ਗੱਲ ਉਤਰੇ ਨਾ। ਮੈ ਤਾਂ ਕਿਤਾਬੀ ਤੇ ਅਖ਼ਬਾਰੀ ਗਿਆਨ ਹੀ ਸਰਕਾਰ ਬਣਨ
ਬਣਾਉਣ ਬਾਰੇ ਰੱਖਦਾ ਸਾਂ; ਪ੍ਰੈਕਟੀਕਲੀ ਕੀ ਹੁੰਦਾ ਹੈ, ਇਹ ਜਾਣੇ ਮੇਰੀ ਬਲ਼ਾ! ਸੋਚਾਂ ਕਿ ਪਿੰਡ ਦੀ
ਪੰਚਾਇਤ ਤੋਂ ਲੈ ਕੇ ਦੇਸ਼ ਦੀ ਪਾਰਲੀਮੈਟ ਤੱਕ ਕਾਂਗਰਸ ਦਾ ਕਬਜਾ। ਕੌਂਸਲ ਵਿੱਚ ਇੱਕ ਵੀ ਅਕਾਲੀ
ਮੈਂਬਰ ਨਹੀ। ਇਸ ਤੋਂ ਇਲਾਵਾ ਹੁਣ ਤੱਕ ਤਾਂ ਏਹੀ ਵੇਖਦੇ ਆਏ ਸਾਂ ਕਿ ਅਕਾਲੀ ਤੇ ਹੋਰ ਜਿੱਤ ਕੇ
ਕਾਂਗਰਸ ਵਿੱਚ ਜਾਂਦੇ ਸਨ; ਕਦੀ ਕੋਈ ਕਾਂਗਰਸ ਵੱਲੋਂ ਜਿੱਤ ਕੇ ਅਕਾਲੀਆਂ ਵੱਲ ਨਹੀ ਸੀ ਆਇਆ। ਇਹ
ਕਿਵੇਂ ਹੋ ਸਕਦਾ ਹੈ ਕਿ 24 ਸਰਕਾਰ ਬਣਾ ਜਾਣ ਤੇ 48 ਮੂੰਹ ਵੇਖਦੇ ਰਹਿ ਜਾਣ! ਏਸੇ ਦੌਰਾਨ ਰੋਪੜ
ਤੋਂ ਜਿਤਣ ਵਾਲ਼ਾ ਇੱਕ ਅਕਾਲੀ, ਮਾਸਟਰ ਬਲਦੇਵ ਸਿੰਘ ਤੇ ਸਮਾਣੇ ਤੋਂ ਜਿੱਤਣ ਵਾਲ਼ਾ ਆਜ਼ਾਦ ਭਜਨ ਲਾਲ,
ਕਾਂਗਰਸ ਵਿੱਚ ਜਾ ਵੜੇ ਤੇ ਇਸ ਤਰ੍ਹਾਂ ਕਾਂਗਰਸੀਆਂ ਦੀ ਗਿਣਤੀ ਅਠਤਾਲ਼ੀ ਤੋਂ ਪੰਜਾਹ ਹੋ ਗਈ ਅਤੇ
ਅਕਾਲੀ 24 ਤੋਂ 23 ਰਹਿ ਗਏ।
ਵੈਸੇ ਓਥੇ ਸੈਂਟਰਲ ਗੁਰਦੁਆਰਾ 19 ਜ਼ੈਡ ਵਿੱਚ ਹੀ ਬੈਠਿਆਂ ਪੂਰੇ ਨਤੀਜੇ ਨਿਕਲਣ ਉਪ੍ਰੰਤ, ਸੰਤ ਜੀ
ਨੇ ਮੈਨੂੰ ਆਖਿਆ ਕਿ ਪੰਜਾਬ ਦਾ ਲਾਭ ਇਸ ਗੱਲ ਵਿੱਚ ਹੈ ਕਿ ਅਕਾਲੀ-ਕਾਂਗਰਸ ਕੁਲੀਸ਼ਨ ਸਰਕਾਰ ਬਣੇ।
ਇਸ ਤਰ੍ਹਾਂ ਸਿੱਖ ਸਰਕਾਰ ਟਕਰਾ ਦੀ ਨੀਤੀ ਦਾ ਖ਼ਾਤਮਾ ਹੋਵੇਗਾ ਤੇ ਪੰਜਾਬ ਨਾਲ਼ ਕੀਤੀਆਂ ਗਈਆਂ
ਬੇਇਨਸਾਫੀਆਂ ਵੀ ਦੂਰ ਹੋਣ ਦੇ ਹਾਲਾਤ ਪੈਦਾ ਹੋ ਸਕਦੇ ਹਨ। ਬਿਨਾ ਸੋਚੇ ਵਿਚਾਰੇ ਮੈ ਇੱਕ ਦਮ ਆਖ
ਦਿਤਾ, “ਫਿਰ ਇਉਂ ਕਰ ਲੈਣਾ ਚਾਹੀਦਾ ਹੈ। “ਸੰਤ ਜੀ ਨੇ ਕਿਹਾ, “ਇਸ ਤਰ੍ਹਾਂ ਹੋ ਜਾਣ ਨਾਲ਼ ਫਿਰ
ਅਸੀਂ ਕਾਂਗਰਸੀ ਠੱਪੇ ਵਾਲ਼ੇ ਬਣ ਜਾਵਾਂਗੇ ਤੇ ਪੰਥਕ ਅਗਵਾਈ ਫਿਰ ਮਾਸਟਰ ਧੜੇ ਦੇ ਹੱਥ ਚਲੀ ਜਾਵੇਗੀ।
“
ਅਗਲੇ ਦਿਨ ਕੀ ਪਿਆ ਵੇਖਦਾ ਹਾਂ ਕਿ ਪੰਜਾਬ ਤੋਂ ਤਕਰੀਬਨ ਸਾਰੇ ਨਵੇ ਚੁਣੇ ਅਕਾਲੀ ਮੈਬਰ, ਮੁਖੀ
ਅਕਾਲੀ ਆਗੂ ਆਦਿ ਰੌਲਾ ਪਾਉਂਦੇ, ਸੈਂਟਰਲ ਗੁਰਦੁਆਰਾ ਉਨੀ ਜ਼ੈਡ ਵੱਲ ਨੂੰ ਵਹੀਰਾਂ ਘੱਤੀ, ਇੱਕ ਦੂਜੇ
ਨੂੰ ਪਛਾੜਦੇ ਹੋਏ ਚਲੇ ਆ ਰਹੇ ਹਨ। ਇੱਕ ਦਿਨ ਤੇ ਇੱਕ ਰਾਤ ਸੰਤਾਂ ਦੀਆਂ ਲੱਤਾਂ ਨੂੰ ਚੰਬੜੇ ਰਹੇ
ਤੇ ਬੇਨਤੀਆਂ ਕਰੀ ਜਾਣ ਸੰਤਾਂ ਨੂੰ ਪ੍ਰੇਰਨ ਲਈ ਕਿ ਉਹ ਪੰਜਾਬ ਚੱਲਣ ਤੇ ਜਾ ਕੇ ਗੰਢ ਤਰੁਪ ਕਰਕੇ
ਕਾਂਗਰਸ ਵਿਰੋਧੀ ਸਰਕਾਰ ਬਣਾਉਣ।
ਆਖਰ ਸੰਤ ਜੀ ਵਾਰ ਵਾਰ ਕੀਤੀਆਂ ਜਾ ਰਹੀਆਂ ਬੇਨਤੀਆਂ ਮੰਨ ਕੇ, ਉਹਨਾਂ ਦੇ ਅੱਗੇ ਲੱਗ ਕੇ ਤੁਰ ਪਏ
ਤੇ ਇਹ ਸਾਰਾ ਕਾਫ਼ਲਾ ਖੰਨੇ ਵਿਖੇ, ਸ. ਮਹਿੰਦਰ ਸਿੰਘ ਖੰਨਾ ਦੇ ਘਰ ਆ ਕੇ ਡੇਰੇ ਲਾ ਬੈਠਾ। ਫਿਰ
ਸ਼ੁਰੂ ਹੋਈ ਸਾਰੇ ਕਾਂਗਰਸ ਵਿਰੋਧੀ ਮੈਬਰਾਂ ਨੂੰ ਇਕੱਠੇ ਕਰਨ ਦੀ ਮੁਹਿਮ। 23+2+9+5+3+3+1+7+=53
ਮੈਬਰ ਇਕੱਠੇ ਕਰ ਲਏ ਗਏ। ਇੱਕ ਖਾਲੀ ਕਾਗਜ਼ ਉਪਰ ਉਹਨਾਂ ਦੇ ਦਸਤਖ਼ਤ ਲੈ ਲਏ ਗਏ। ਉਸ ਕਾਗਜ਼ ਦੇ ਉਪਰ
ਛੱਡੇ ਗਏ ਖਾਲੀ ਥਾਂ ਉਪਰ ਬਾਅਦ ਵਿੱਚ ਗਵਰਨਰ ਨੂੰ ਦੇਣ ਵਾਲ਼ੀ ਚਿੱਠੀ ਦੀ ਇਬਾਰਤ ਲਿਖ ਲਈ ਗਈ। ਇਹ
ਦਸਤਖ਼ਤਾਂ ਵਾਲ਼ਾ ਕਾਗਜ਼ ਮੇਰੇ ਕੋਲ਼ ਸੀ। ਬਾਕੀ ਦਸਤਖ਼ਤਾਂ ਤੋਂ ਤਾਂ ਮੈ ਸਾਰਿਆਂ ਦੀ ਪਛਾਣ ਕਰ ਲਈ ਪਰ
ਇੱਕ ਨਾਂ ਦੀ ਮੈਨੂੰ ਪਛਾਣ ਨਾ ਆਵੇ ਕਿ ਉਹ ਕੇਹੜਾ ਸੱਜਣ ਹੈ। ਕਾਰਨ ਇਹ ਸੀ ਕਿ ਉਸ ਨੇ ਆਪਣੇ ਨਾਂ
ਦੇ ਪਿਛੇ ਗੋਤ ਵੀ ਲਿਖੀ ਸੀ ਜੋ ਕਿ ਉਸ ਦੇ ਨਾਂ ਨਾਲ਼ ਮੇਰੇ ਸੁਣਨ ਵਿੱਚ ਨਹੀ ਸੀ ਪਹਿਲਾਂ ਕਦੇ ਆਈ।
ਉਤੋਂ ਹੋਰ ਸਿਤਮ ਇਹ ਕਿ ਉਸ ਨੇ ਆਪਣੇ ਨਾਂ ਦੇ ਵਿਚਕਾਹੇ ਜਿਹੇ ਪੈਣ ਵਾਲ਼ੀ ‘ਕੇ’ ਦੇ ਥਾਂ ‘ਸੀ’
ਅੱਖਰ ਅੰਗ੍ਰੇਜ਼ੀ ਦਾ ਵਰਤਿਆ ਹੋਇਆ ਸੀ। ਇੱਕ ਸੱਜਣ ਨੂੰ ਮੈ ਪੁਛ ਲਿਆ ਕਿ ਇਹ ਕਿਸ ਦਾ ਨਾਂ ਹੋਇਆ;
ਮੇਰੀ ਸਮਝ ਵਿੱਚ ਨਹੀ ਆ ਰਿਹਾ। ਕੁਦਰਤੀਂ ਉਹ ਸੱਜਣ ਖ਼ੁਦ ਆਪ ਹੀ ਸਨ; ਸ. ਪ੍ਰਕਾਸ਼ ਸਿੰਘ ਮਜੀਠਾ।
ਮੇਰੇ ਹੈਰਾਨੀ ਪਰਗਟ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਦੀ ਗੋਤ ਗਿੱਲ ਹੈ ਤੇ ਉਹ ਆਪਣੇ ਦਸਤਖ਼ਤ ਕਰਨ
ਸਮੇ ਹਮੇਸ਼ਾਂ ਆਪਣੀ ਗੋਤ ਦਾ ਨਾਂ ਵਰਤਦੇ ਹਨ ਤੇ ਦਸਤਖ਼ਤ ਕਰਨ ਸਮੇ ਕੇ ਦੇ ਥਾਂ ਸੀ ਹੀ ਲਿਖਦੇ ਹਨ।
ਜਿਵੇਂ ਕਿ ਰਾਜਸੀ ਪਾਰਟੀਆਂ ਵਿੱਚ ਆਮ ਪ੍ਰੈਕਟਿਸ ਹੀ ਹੈ; ਪਾਰਟੀ ਲੀਡਰ, ਜਿਸ ਨੇ ਫੇਰ ਮੁਖ ਮੰਤਰੀ
ਬਣਨਾ ਸੀ, ਚੁਣਨ ਦੇ ਅਧਿਕਾਰ ਦਲ ਦੇ ਪ੍ਰਧਾਨ, ਸੰਤ ਫ਼ਤਿਹ ਸਿੰਘ ਜੀ, ਨੂੰ ਸੌਂਪ ਦਿਤੇ ਗਏ। ਸੰਤ ਜੀ
ਨੇ ਆਪਣੇ ਕਮਰੇ ਵਿੱਚ ਇਕੱਲੇ ਇਕੱਲੇ ਐਮ. ਐਲ. ਏ. ਨੂੰ ਸੱਦ ਕੇ ਉਹਨਾਂ ਦੀ ਗੁਪਤ ਰਾਇ ਪੁਛੀ ਕਿ
ਕਿਸ ਨੂੰ ਲੀਡਰ ਬਣਾਇਆ ਜਾਵੇ। ਹਰੇਕ ਨੇ ਪਹਿਲਾਂ ਆਖਣਾ, “ਜਿਸ ਨੂੰ ਮਰਜੀ ਹੈ ਬਣਾ ਦਿਓ। “ਫੇਰ
ਪੁਛਣ ਤੇ ਆਖਣਾ, “ਮੈਨੂੰ ਬਣਾ ਦਿਓ। “ਤੀਜੀ ਵਾਰੀ ਜੋਰ ਦੇ ਕੇ ਪੁਛਣ ਤੇ ਫੇਰ ਇੱਕ ਦਾ ਨਾਂ ਲੈ
ਦੇਣਾ। ਸ. ਹਜਾਰਾ ਸਿੰਘ ਗਿੱਲ ਦੀ ਰਾਇ ਸ. ਹਰਚਰਨ ਸਿੰਘ ਹੁਡਿਆਰਾ ਦੇ ਹੱਕ ਵਿੱਚ ਤੇ ਸ. ਕਰਨੈਲ
ਸਿੰਘ ਮਰ੍ਹੜੀ ਦੀ ਸ. ਲਛਮਣ ਸਿੰਘ ਗਿੱਲ ਦੇ ਹੱਕ ਵਿੱਚ ਸੀ ਤੇ ਬਾਕੀ ਸਾਰਿਆਂ ਦੀ ਜਸਟਿਸ ਗੁਰਨਾਮ
ਸਿੰਘ ਦੇ ਹੱਕ ਵਿੱਚ ਸੀ। ਸੋ ਸੰਤ ਫ਼ਤਿਹ ਸਿੰਘ ਜੀ ਨੇ ਸੰਤ ਚੰਨਣ ਸਿੰਘ ਜੀ ਨੂੰ ਦੱਸ ਦਿਤਾ ਤੇ
ਉਹਨਾਂ ਨੇ ਅੱਗੋਂ ਸਾਰਾ ਕੁੱਝ ਰਸਮੀ ਤੌਰ ਤੇ ਅਮਲ ਵਿੱਚ ਲੈ ਆਂਦਾ।
ਮੁਕਦੀ ਗੱਲ ਕਿ ਸੰਤ ਚੰਨਣ ਸਿੰਘ ਜੀ (ਪ੍ਰਧਾਨ ਸ਼੍ਰੋਮਣੀ ਗੁ. ਪ੍ਰ. ਕਮੇਟੀ) ਦੀ ਪ੍ਰਧਾਨਗੀ ਹੇਠਾਂ
ਓਥੇ 53 ਐਮ. ਐਲ. ਏਜ਼ ਦੀ ਮੀਟਿੰਗ ਹੋਈ। ‘ਪੀਪਲਜ਼ ਯੂਨਾਈਟਡ ਫ਼ਰੰਟ’ ਨਾਂ ਦੀ ਪਾਰਟੀ ਬਣਾ ਕੇ ਉਸ ਦਾ
ਲੀਡਰ ਜਸਟਿਸ ਗੁਰਨਾਮ ਸਿੰਘ ਤੇ ਡਿਪਟੀ ਲੀਡਰ ਡਾ. ਬਲਦੇਵ ਪ੍ਰਕਾਸ਼ ਨੂੰ ਚੁਣ ਕੇ, ਅਗਲੇ ਦਿਨ 53
ਮੈਬਰ ਉਹ ਚਿਠੀ ਲੈ ਕੇ, 8 ਮਾਰਚ ਨੂੰ ਗਵਰਨਰ ਦੇ ਜਾ ਪੇਸ਼ ਹੋਏ। ਗਵਰਨਰ ਨੇ ਅਗਲੇ ਦਿਨ 9 ਮਾਰਚ ਨੂੰ
ਨਵੀ ਵਜ਼ਾਰਤ ਨੂੰ ਸਹੁੰ ਚੁਕਵਾ ਦਿਤੀ ਤੇ ਇਸ ਤਰ੍ਹਾਂ ਨਵੇ ਪੰਜਾਬ ਦੀ ਪਹਿਲੀ ਬਣੀ, ਗਿ. ਗੁਰਮੁਖ
ਸਿੰਘ ਮੁਸਾਫ਼ਰ ਵਾਲ਼ੀ ਕਾਂਗਰਸ ਸਰਕਾਰ ਦਾ, ਪੂਰੇ ਚਾਰ ਮਹੀਨੇ ਤੇ ਅਠ ਦਿਨ ਪਿਛੋਂ ਭੋਗ ਪੈ ਕੇ,
ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲ਼ੀ ਪਹਿਲੀ ਗ਼ੈਰ ਕਾਂਗਰਸੀ ਸਰਕਾਰ, ਜਿਸ ਨੂੰ ਲੋਕ ‘ਫ਼ਰੰਟ
ਸਰਕਾਰ’ ਆਖਦੇ ਸੀ, ਹੋਂਦ ਵਿੱਚ ਆ ਗਈ। ਜੱਜ ਸਾਹਿਬ ਦੇ ਨਾਲ਼ ਹੀ ਬਾਕੀ ਮੰਤਰੀਆਂ: ਡਾ. ਬਲਦੇਵ
ਪ੍ਰਕਾਸ਼ (ਜਨਸੰਘ), ਲਛਮਣ ਸਿੰਘ ਗਿੱਲ (ਅਕਾਲੀ ਦਲ), ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ (ਆਜ਼ਾਦ)
ਕਾਮਰੇਡ ਸੱਤਪਾਲ ਡਾਂਗ (ਸੱਜਾ ਕਮਿਊਨਿਸਟ), ਪਿਆਰਾ ਰਾਮ ਧੰਨੋਵਾਲ਼ੀ (ਰੀਪਬਲਿਕਨ), ਨੇ ਵੀ ਸਹੁੰ
ਚੁੱਕੀ। ਖੱਬਿਆਂ ਦੇ ਆਗੂ, ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ, ਨੇ ਮੰਤਰੀ ਬਣਨ ਦੀ ਥਾਂ ਫਰੰਟ ਵਿੱਚ
ਸ਼ਾਮਲ ਪਾਰਟੀਆਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਕਨਵੀਨਰੀ ਲੈਣੀ ਹੀ ਠੀਕ ਸਮਝੀ।
ਆਜ਼ਾਦ ਨੌਂ ਮੈਬਰ ਜਿੱਤੇ ਸਨ। ਇੱਕ ਤਾਂ ਕਾਂਗਰਸ ਵਿੱਚ ਚਲਿਆ ਗਿਆ ਤੇ ਦੂਜੇ, ਹਲਕਾ ਡਕਾਲ਼ਾ ਤੋਂ
ਆਜ਼ਾਦ ਜਿੱਤੇ, ਮਹਾਰਾਜਾ ਯਾਦਵਿੰਦਰ ਸਿੰਘ ਜੀ ਪਟਿਆਲਾ, ਕਿਸੇ ਪਾਸੇ ਵੀ ਨਾ ਆਏ ਤੇ ਨਾ ਅਸੈਂਬਲੀ
ਵਿੱਚ ਸਹੁੰ ਚੁੱਕਣ ਹੀ ਗਏ। ਦਰ ਅਸਲ ਮਹਾਰਾਜਾ ਸਾਹਿਬ ਰੋਮ ਵਿਚੋਂ ਐਂਬੈਸਡਰ ਦੀ ਪੋਸਟ ਛੱਡ ਕੇ,
ਪੰਜਾਬ ਦੀ ਚੀਫ਼ ਮਨਿਸਟਰੀ ਦੀ ਆਸ ਲੈ ਕੇ ਆਏ ਸਨ। ਕਾਂਗਰਸ ਦੀ ਹਾਲਤ ਪਤਲੀ ਵੇਖ ਕੇ ਉਹਨਾਂ ਨੇ
ਕਾਂਗਰਸ ਦੀ ਅੰਦਰੋਂ ਸਹਿਮਤੀ ਨਾਲ਼ ਇਸ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਕਿ ਕਾਂਗਰਸ ਤਾਂ
ਉਹਨਾਂ ਨੂੰ ਮੰਨ ਲਵੇਗੀ ਤੇ ਆਜ਼ਾਦ ਹੋਣ ਕਰਕੇ ਬਾਕੀ ਪਾਰਟੀਆਂ ਵੀ ਉਹਨਾਂ ਨੂੰ ਮੰਨ ਲੈਣਗੀਆਂ ਤੇ ਇਸ
ਤਰ੍ਹਾਂ ਉਹ ਨਿਰਵਿਵਾਦ ਪੰਜਾਬ ਦੇ ਮੁਖ ਮੰਤਰੀ ਬਣ ਜਾਣਗੇ। ਕਾਂਗਰਸ ਨੇ ਜਾਣ ਬੁਝ ਕੇ ਆਪਣੇ
ਉਮੀਦਵਾਰ, ਗਿ. ਜ਼ੈਲ ਸਿੰਘ, ਦੇ ਕਾਗਜ਼ ਰੱਦ ਕਰਵਾ ਕੇ ਮਹਾਰਾਜਾ ਜੀ ਲਈ ਸੀਟ ਖਾਲੀ ਛੱਡ ਦਿਤੀ ਪਰ
ਅਕਾਲੀਆਂ ਨੇ ਮੁਲਾਜ਼ਮ ਆਗੂ, ਸ. ਰਣਬੀਰ ਸਿੰਘ ਢਿੱਲੋਂ, ਆਜ਼ਾਦ ਦੀ ਸਹਾਇਤਾ ਕੀਤੀ। ਮਹਾਰਾਜਾ ਸਾਹਿਬ
ਰੀਕਾਰਡ ਤੋੜ ਵੋਟਾਂ ਲੈ ਕੇ ਜਿੱਤ ਗਏ ਪਰ ਚੀਫ਼ ਮਿਨਿਸਟਰੀ ਦੇ ਜੋੜ ਤੋੜ ਵਿੱਚ ਪਿਛੇ ਰਹਿ ਗਏ। ਉਹ
ਐਮ. ਐਲ. ਏ. ਬਣਨ ਵਾਸਤੇ ਤਾਂ ਐਂਬੈਸਡਰੀ, ਜੋ ਕਿ ਸੈਂਟਰ ਦੇ ਕੈਬਿਨੈਟ ਮਿਨਿਸਟਰ ਦੇ ਬਰਾਬਰ ਪੋਸਟ
ਹੁੰਦੀ ਹੈ, ਛੱਡ ਕੇ ਨਹੀ ਸਨ ਆਏ। ਜਦੋਂ ਮੁਖ ਮੰਤਰੀ ਵਾਲ਼ੀ ਸਕੀਮ ਉਹਨਾਂ ਦੀ ਸਿਰੇ ਨਾ ਚੜ੍ਹੀ ਤਾਂ
ਉਹਨਾਂ ਨੇ ਸੰਤ ਫ਼ਤਿਹ ਸਿੰਘ ਜੀ ਨੂੰ ਸਪੀਕਰੀ ਲੈਣ ਲਈ ਪਹੁੰਚ ਕੀਤੀ ਪਰ ਇਸ ਪਦਵੀ ਵਾਸਤੇ ਸ.
ਸਿਮਰਨਜੀਤ ਸਿੰਘ ਮਾਨ ਦੇ ਪਿਤਾ, ਸ. ਜੋਗਿੰਦਰ ਸਿੰਘ ਮਾਨ ਜੀ, ਦੇ ਹੱਕ ਵਿੱਚ ਪਹਿਲਾਂ ਹੀ ਫੈਸਲਾ
ਹੋ ਚੁੱਕਿਆ ਸੀ।
“ਫਿਰ ਤਾਂ ਉਲ਼ਟੀ ਗੰਗਾ ਪਿਹੇਵੇ ਨੂੰ” ਵਾਲ਼ੀ ਲੋਕੋਕਤੀ ਸੱਚੀ ਸਾਬਤ ਹੋ ਗਈ। ਕਾਂਗਰਸੀ ਸਿੱਖ ਐਮ. ਐਲ਼
ਏ. ਕਾਂਗਰਸ ਵਿਚੋਂ ਅਕਾਲੀ ਦਲ ਵੱਲ ਵਹੀਰਾਂ ਘੱਤ ਕੇ ਆਉਣੇ ਸ਼ੁਰੂ ਹੋ ਗਏ। ਮੈ ਹੈਰਾਨ ਹੁੰਦਾ ਸਾਂ
ਕਿ ਦਹਾਕਿਆਂ ਤੋਂ ਕਾਂਗਰਸ ਵਿੱਚ ਬੈਠੇ ਸਿੱਖ, ਹੁਣ ਇੱਕ ਟੁੱਟੀ ਭੱਜੀ ਜਿਹੀ ਅਕਾਲੀਆਂ ਦੀ ਅਗਵਾਈ
ਵਾਲ਼ੀ ਸਰਕਾਰ, ਜੋ ਕਿ ਕੁੱਝ ਦਿਨਾਂ ਦੀ ਹੀ ਪ੍ਰਾਹੁਣੀ ਹੈ, ਬਣਨ ਸਾਰ ਹੀ, ਏਧਰ ਭੱਜਣੇ ਸ਼ੁਰੂ ਹੋ ਗਏ
ਨੇ। ਇਉਂ ਲੱਗਦਾ ਹੈ ਕਿ ਉਹ ਕੇਵਲ ਮਜਬੂਰੀ ਵਿੱਚ ਹੀ ਕਾਂਗਰਸ ਵਿੱਚ ਬੈਠੇ ਹੋਏ ਸਨ। ਹੁਣ ਤੱਕ ਦਾ
ਇਤਿਹਾਸ ਤੇ ਏਹੀ ਦੱਸਦਾ ਸੀ ਕਿ ਕਦੀ ਵੀ ਕਾਂਗਰਸ ਵਿਚੋਂ ਏਧਰ ਨਹੀ ਸੀ ਕੋਈ ਆਇਆ; ਹਰ ਸਮੇ ਏਧਰੋਂ
ਹੀ ਓਧਰ ਜਾਂਦੇ ਰਹੇ ਸਨ। ਸ. ਬਲਵੰਤ ਸਿੰਘ, ਸ. ਗੁਰਮੀਤ ਸਿੰਘ. ਸ. ਸ਼ਿੰਗਾਰਾ ਸਿੰਘ, ਟਿੱਕਾ ਜਗਤਾਰ
ਸਿੰਘ ਆਦਿ ਆ ਵੜੇ ਅਕਾਲੀਆਂ ਵਿਚ। ਗੁਰਨਾਮ ਸਿੰਘ ਦੀ ਸਰਕਾਰ ਤੋੜ ਕੇ ਬਣਾਈ, ਸ. ਗਿੱਲ ਦੀ ਸਰਕਾਰ
ਦਾ ਭੋਗ ਪੈਣ ਪਿੱਛੋਂ, ਕਾਂਗਰਸ ਦਾ ਲੀਡਰ ਸ. ਗਿਆਨ ਸਿੰਘ ਰਾੜੇਵਾਲ਼ਾ ਵੀ ਆ ਗਿਆ। ਅਗਲਾ ਪਾਰਟੀ
ਲੀਡਰ, ਮੇਜਰ ਹਰਿੰਦਰ ਸਿੰਘ ਵੀ, ਸੰਤ ਚੰਨਣ ਸਿੰਘ ਜੀ ਨਾਲ਼, ਦਲ ਵਿੱਚ ਆਉਣ ਲਈ ਗੱਲ ਬਾਤ ਕਰ ਰਿਹਾ
ਸੀ ਪਰ ਉਸ ਦੀਆਂ ਸ਼ਰਤਾਂ ਜਸਟਿਸ ਗੁਰਨਾਮ ਸਿੰਘ ਨੂੰ ਨਾ ਮਨਜੂਰ ਹੋਣ ਕਰਕੇ, ਗੱਲ ਸਿਰੇ ਨਾ ਚੜ੍ਹੀ।
ਮੇਜਰ ਸਾਹਿਬ ਗ੍ਰਿਹ ਵਿਭਾਗ ਨਾਲ਼ ਉਪ ਮੁਖ ਮੰਤਰੀ ਦਾ ਅਹੁਦਾ ਮੰਗਦੇ ਸਨ। ਜ. ਗੁਰਨਾਮ ਸਿੰਘ ਜੀ
ਗ੍ਰਿਹ ਵਿਭਾਗ ਛੱਡਣ ਲਈ ਤਿਆਰ ਨਾ ਹੋਏ। ਬਾਅਦ ਵਿੱਚ ਬਣਨ ਵਾਲ਼ੇ ਮੁਖ ਮੰਤਰੀ, ਸ. ਹਰਚਰਨ ਸਿੰਘ
ਬਰਾੜ ਵੀ ਅਕਾਲੀਆਂ ਵਿੱਚ ਆ ਰਲ਼ੇ। ਅਗਲੀ 1969 ਵਾਲ਼ੀ ਇਲੈਕਸ਼ਨ ਪਿੱਛੋਂ, 1992 ਵਿੱਚ ਬਣਨ ਵਾਲ਼ਾ ਤੇ
ਸਿੱਖ ਜੁਝਾਰੂਆਂ ਦੇ ਆਹੂ ਲਾਉਣ ਵਾਲ਼ਾ ਮੁਖ ਮੰਤਰੀ, ਬੇਅੰਤ ਸਿੰਘ ਪਹਿਲਾਂ ਹੀ ਅਕਾਲੀਆਂ ਵੱਲੋਂ
ਟਿਕਟ ਨਾ ਮਿਲਣ ਤੇ, ਗੁਰਨਾਮ ਸਿੰਘ ਦੀ ਅੰਦਰੋਂ ਸਹਿਮਤੀ ਨਾਲ਼, ਆਜ਼ਾਦ ਖਲੋ ਕੇ, ਅਕਾਲੀ ਉਮੀਦਵਾਰ,
ਸ. ਗਿਅਨ ਸਿੰਘ ਰਾੜੇਵਾਲ਼ਾ, ਨੂੰ ਹਰਾ ਕੇ, ਜਿੱਤ ਕੇ, ਅਕਾਲੀ ਦਲ ਵਿੱਚ ਆ ਗਿਆ ਸੀ। ਅਜਿਹੀ ਹਾਲਤ
ਵੇਖ ਕੇ ਬਟਾਲਾ ਕਾਨਫ਼੍ਰੰਸ ਵਿੱਚ ਸਵਾਗਤੀ ਭਾਸ਼ਨ ਕਰਦਿਆਂ ਸੰਤ ਚੰਨਣ ਸਿੰਘ ਜੀ ਨੇ ਆਖਿਆ, “ਜਦੋਂ
ਜਹਾਜ ਡੁੱਬਣ ਲੱਗਦਾ ਹੈ ਤਾਂ ਚੂਹੇ ਬਾਹਰ ਨੂੰ ਭੱਜਦੇ ਹਨ। ਕਾਂਗਰਸ ਦਾ ਜਹਾਜ ਡੁੱਬ ਰਿਹਾ ਹੈ; ਏਸੇ
ਲਈ ਕਾਂਗਰਸੀ ਬਾਹਰ ਨੂੰ ਭੱਜ ਰਹੇ ਹਨ। ਜਨਸੰਘੀਓ, ਆਪਣਾ ਬੇੜਾ ਡੁੱਬ ਰਹੇ ਜਹਾਜ ਦੇ ਨੇੜੇ ਲਾ ਕੇ,
ਤੁਸੀਂ ਹਿੰਦੂਆਂ ਨੂੰ ਚੜ੍ਹਾ ਲਓ ਤੇ ਅਸੀਂ ਸਿੱਖਾਂ ਨੂੰ ਚੜ੍ਹਾ ਲੈਂਦੇ ਹਾਂ। “ਸੰਤ ਜੀ ਦੇ ਅਜਿਹੇ
ਬਚਨ ਕਾਂਗਰਸ ਵਿਚੋਂ ਨਵੇ ਆਏ ਸੱਜਣਾਂ ਨੂੰ ਚੰਗੇ ਤਾਂ ਨਾ ਲੱਗੇ ਪਰ ਕਰ ਕੁੱਝ ਨਹੀ ਸਨ ਸਕਦੇ; ਚੁੱਪ
ਕਰ ਰਹੇ ਵਿਚਾਰੇ!
ਉਸ ਸਮੇ ਤੋਂ ਲੈ ਕੇ ਹੁਣ ਤੱਕ, “ਉਤਰ ਕਾਟੋ ਮੈ ਚੜ੍ਹਾਂ”। ਦੀ ਲੋਕੋਕਤੀ ਅਨੁਸਾਰ, ਪੰਜਾਬ ਦੇ
ਲੋਕੀਂ, ਇੱਕ ਵਾਰ ਕਾਂਗਰਸ ਨੂੰ ਤੇ ਦੂਜੀ ਵਾਰ ਅਕਾਲੀਆਂ ਨੂੰ ਮੌਕਾ ਦਿੰਦੇ ਹਨ। ਪਰ ਅਸਲੀ ਗੱਲ ਇਹ
ਹੈ ਕਿ ਮੁਖ ਮੰਤਰੀ ਦੀ ਕੁਰਸੀ ਤੇ ਚਾਹੇ ਨੀਲੀ ਪੱਗ ਵਾਲ਼ਾ ਬੈਠ ਜਾਵੇ ਚਾਹੇ ਚਿੱਟੀ ਪੱਗ ਵਾਲ਼ਾ,
ਪਰਨਾਲ਼ਾ ਓਥੇ ਦਾ ਓਥੇ ਹੀ ਰਹਿਣਾ ਹੈ। ਲੋਕਾਂ ਦੇ ਚਿੱਤੜ ਠਾਣੇ ਵਾਲ਼ਿਆਂ ਨੇ ਵੀ ਓਵੇਂ ਹੀ ਕੁੱਟੀ
ਜਾਣੇ ਨੇ ਤੇ ਪਟਵਾਰਖਾਨੇ ਵਾਲ਼ਿਆਂ ਨੇ ਲੁੱਟੀ ਵੀ ਓਵੇਂ ਹੀ ਜਾਣਾ ਹੈ। ਕੰਮ ਤਾਂ ਲੋਕਾਂ ਦੇ ਚਾਂਦੀ
ਦੇ ਛਿੱਤਰ ਨਾਲ਼ ਹੀ ਹੋਣੇ ਨੇ। ਇਹ ਲੋਕਾਂ ਦੀ ਮਰਜੀ ਹੈ ਕਿ ਉਹਨਾਂ ਨੇ ‘ਨੀਲਿਆਂ ਪੀਲ਼ਿਆਂ’ ਹੱਥੋ
ਲੁੱਟ ਖਾਣੀ ਹੈ ਜਾਂ ਫਿਰ ‘ਚਿੱਟਿਆਂ’ ਹੱਥੋਂ। ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸਦੀਆਂ ਪਹਿਲਾਂ
ਉਚਾਰੇ ਗਏ ਬਚਨ, “ਰਾਜੇ ਸੀਹ ਮੁਕਦਮ ਕੁਤੇ॥” ਅੱਜ ਵੀ ਹਾਕਮਾਂ ਉਪਰ ਪੂਰੇ ਢੁਕਦੇ ਹਨ।
ਗਿ: ਸੰਤੋਖ ਸਿੰਘ ਅਸਟ੍ਰੇਲੀਆ