‘ਅਕਾਲ ਤਖ਼ਤ ਦੇ ਨਾਮ ਤੇ ਜਾਰੀ ਹੋਏ ਸਿੱਕੇ’
ਹਰਦੇਵ ਸਿੰਘ, ਜੰਮੂ
ਸੰਨ 1765 ਵਿੱਚ ਅੰਮ੍ਰਿਤਸਰ ਤੇ ਖ਼ਾਲਸਾ ਪ੍ਰਭੁੱਤਵ ਦੀ ਸਥਾਪਨਾ ਦੇ ਬਾਦ
ਖ਼ਾਲਸਾ ਪ੍ਰਭੁਸੱਤਾ ਦੇ ਨਿਸ਼ਾਨ ਵਜੋਂ ਸਿੱਕੇ ਜਾਰੀ ਕੀਤੇ ਗਏ ਸੀ। ਇਹ ਪਹਿਲਾ ਮੌਕਾ ਸੀ ਕਿ ਬੰਦਾ
ਸਿੰਘ ਬਹਾਦਰ ਉਪਰੰਤ ਲੱਗਭਗ 50 ਸਾਲ ਬਾਦ ਸਿੱਖ ਸ਼ਕਤੀ ਦਾ ਪੁਨਰਜਾਗਰਨ ਹੋਇਆ ਸੀ। ਇਹ ਉਹ ਸਮਾਂ ਸੀ
ਜਿਸ ਵਿੱਚ ਸਿੱਖ ਕੌਮ ਦੇ ਮਾਹਨ ਜਨਰੈਲ ਸ. ਜੱਸਾ ਸਿੰਘ ਆਹਲੂਵਾਲਿਆ ਦੇ 35 ਸਾਲਾ ਜੰਗਜੂ ਜੀਵਨ ਦੀ
ਅਹਿਮ ਭੂਮਿਕਾ ਸੀ। ਇਸ ਸਮੇਂ ਕਿਸੇ ਸ਼ਕਤੀ ਵਲੋਂ ਸਿੱਕੇ (ਕਰੰਸੀ) ਜਾਰੀ ਕਰਨਾ, ਉਸ ਸ਼ਕਤੀ ਦੀ
ਪ੍ਰਭੁਸੱਤਾ ਦੀ ਨਿਸ਼ਾਨੀ ਸੀ ਅਤੇ ਸਿੱਕੇ ਰਾਜਸੀ ਪ੍ਰਭੁਸੱਤਾ ਦਾ ਇੱਕ ਅਹਿਮ ਸਿਧਾਂਤ ਸਨ।
ਸੰਮਤ 1832 (ਸੰਨ 1775) ਤੋਂ ਲੇਕੇ ਸੰਮਤ 1845 (ਸੰਨ 1788) ਦੇ ਮਿਸਲ
ਸਮੇਂ ਕਾਲ ਅੰਦਰ ਅੰਮ੍ਰਿਤਸਰ ਟਕਸਾਲ ਤੋਂ ਜਾਰੀ ਮਿਲਦੇ ਸਿੱਖ ਰਾਜ ਦੇ ਸਿੱਕੇਆਂ ਦੇ ਪਿੱਛਲੇ ਪਾਸੇ
‘ਅਕਾਲ ਤਖ਼ਤ’
ਸ਼ਬਦ ਜੁੱਟ ਦੀ ਵਰਤੋਂ ਹੁੰਦੀ ਰਹੀ। ਹੇਠ
ਦਿੱਤੀਆਂ ਤਿੰਨ ਪਲੇਟਾਂ ਤੇ ਖ਼ਾਲਸਾ ਰਾਜ ਦੇ ਮਿਲਦੇ ਸਿੱਕੇਆਂ ਦੇ ਕੁੱਝ ਸਕੈਚ ਹਨ। ਇਨ੍ਹਾ ਵਿੱਚ
ਸਿੱਕੇਆਂ ਦਾ ਸ੍ਹਾਮਣੇ ਵਾਲਾ ਭਾਗ ਦਰਸਾਇਆ ਗਿਆ ਹੈ ਅਤੇ ਸਿੱਕੇਆਂ ਦੇ ਪਿੱਛਲੇ ਭਾਗ ਤੇ ਲਿਖੀ
ਇਬਾਰਤ ਦੀ ਸੂਚਨਾ ਵੀ ਦਿੱਤੀ ਹੈ।
ਅਕਾਲ ਤਖ਼ਤ ਦੇ ਵਿਰੌਧ ਲਈ, ਮਿਸਲ ਕਾਲ ਦੇ ਅਧਾਰ ਤੇ ਗੁਰਮਤੇ ਦੇ ਵਿਧੀ
ਵਿਧਾਨ ਦੀ ਦੁਹਾਈ ਪਾਉਂਣ ਵਾਲੇ ਸੱਜਣ, ਮਿਸਲ ਕਾਲ ਦੇ ਸ਼ਿਖਰ ਵਿਚ, ਕੋਮੀ ਕਾਰ ਚਲਾਉਂਣ ਲਈ ਪ੍ਰਗਟ
ਹੁੰਦੀ, ਅਕਾਲ ਤਖ਼ਤ ਦੀ ਪ੍ਰਭੂਸੱਤਾ ਦੀ ਗਵਾਹੀ ਤੋਂ ਇਨਕਾਰੀ ਕਿਵੇਂ ਹੁੰਦੇ ਹਨ?
ਇਤਹਾਸ ਵਿੱਚ ਰੂਚੀ ਅਤੇ ਇਤਹਾਸਕ ਪੜਚੋਲ ਕਰਨ ਵਾਲੇ ਸੁਹਿਰਦ ਸੱਜਣ ਸਮਝ
ਸਕਦੇ ਹਨ ਕਿ ਇਤਹਾਸ ਦੇ ਅਧਿਐਨ ਵਿੱਚ ਸਿੱਕੇਆਂ ਦਾ ਕੀ ਮਹੱਤਵ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ
ਦੇ ਅਕਾਲ ਚਲਾਣੇ ਉਪਰੰਤ ਸਿੱਖ ਰਾਜ ਕਰੰਸੀ ਤੇ ‘ਅਕਾਲ ਤਖ਼ਤ’ ਦੇ ਪਵਿੱਤਰ ਨਾਮ ਦੀ ਵਰਤੋਂ ਦਾ ਮੁੱਖ
ਕਾਰਨ ਖ਼ਾਲਸੇ ਦੀ ਵਿਰਾਸਤ ਵਿੱਚ ਗੁਰੂ ਹਰਗੋਬਿੰਦ ਜੀ ਵਲੋਂ ਉਸਾਰੇ ਅਕਾਲ ਤਖ਼ਤ ਦੀ ਮੌਜੂਦਗੀ ਸੀ।
ਇਸੇ ਲਈ ਅੰਮ੍ਰਿਤਸਰ ਤੇ ਖ਼ਾਲਸੇ ਦੇ ਪ੍ਰਭੂਤਵ ਸਥਾਪਤ ਹੋਂਣ ਦੇ ਨਾਲ ਹੀ ਜਾਰੀ ਸਿੱਕੇਆਂ ਵਿੱਚ ਗੁਰੂ
ਨਾਨਕ ਅਤੇ ਖ਼ਾਲਸਾ ਮੀਰੀ-ਪੀਰੀ ਸਿਧਾਂਤ ਦੇ ਪ੍ਰਤੀਕ
‘ਅਕਾਲ ਤਖ਼ਤ’
ਨੂੰ ਵੀ ਪ੍ਰਮੁੱਖਤਾ ਦਿੱਤੀ ਗਈ। ਐਸੇ ਸਿੱਕੇਆਂ
ਵਿੱਚ ਗੁਰੂ ਦੀ ਸਥਿਤੀ ਸ੍ਹਾਮਣੇ ਵਾਲੇ ਹਿੱਸੇ ਤੇ ਸੀ ਅਤੇ ਉਸ ਦੇ ਹੇਠ (ਪਿੱਛਲੇ ਪਾਸੇ) ਅਕਾਲ ਤਖ਼ਤ
ਦੀ ਪ੍ਰਭੂਸੱਤਾ ਦਾ ਪ੍ਰਗਟਾਵਾ ਸੀ।
ਅਕਾਲ ਤਖ਼ਤ ‘ਨਾਨਕਸ਼ਾਹੀ’ ਦੇ ‘ਜਲਾਲ’ ਦਾ ਪ੍ਰਤੀਕ ਹੈ ਜਿਸਦੇ ਕਲਾਵੇ ਅੰਦਰ
ਰੁਹਾਨੀਅਤ, ਇਕਤਦਾਰ ਅਤੇ ਅਧਿਕਾਰ ਦਾ ਸੁਮੇਲ ਹੈ। ਨਾਨਕਸ਼ਾਹੀ ਦੇ ਇਸ ਜਲਾਲ ਨੂੰ ਬੰਦੇਆਂ ਦੀ ਨਹੀਂ
ਬਲਕਿ ਗੁਰੂ ਸਾਹਿਬਾਨ ਦੀ ਨਿਗਾਹ ਨਾਲ ਵੇਖਣ ਦੀ ਲੋੜ ਹੈ। ਇਹ ਗੁਰੂ ਨਾਨਕ ਦੀ ਦੇਂਣ ਹੈ!
ਇਸ ਲਈ ਇਹ ਸ਼ੌਸ਼ਾ ਪਾਉਂਣਾ ਕਿ
‘ਅਕਾਲ ਤਖ਼ਤ’
19 ਸ਼ਤਾਬਦੀ ਦੇ ਉੱਤਰਾਧ ਦੀ ਦੇਂਣ ਹੈ ਇੱਕ ਕੋਰਾ
ਝੂਠ ਹੈ!
ਹਰਦੇਵ ਸਿੰਘ, ਜੰਮੂ-10. 3. 2013