. |
|
“ਅਕਾਲ ਤਖਤ” ਕਿੱਥੇ ਹੈ?
ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਦੇ ਪ੍ਰਚਲਤ ‘ਲੋਕਤੰਤਰ ਰਾਜ’ ਤੋਂ ਪਹਿਲਾਂ
ਸੰਸਾਰ ਵਿਖੇ ਰਾਜੇ/ਰਾਣੀਆਂ ਜਾਂ ਤਾਨਾਸ਼ਾਹੀ ਡਿਕਟੇਟਰਾਂ ਦੇ ਰਾਜ ਹੁੰਦੇ ਸਨ (ਭਾਵੇਂ ਅਜ-ਕਲ ਭੀ ਕਈ
ਦੇਸ਼ਾਂ ਵਿਖੇ ਐਸੀਆਂ ਸਰਕਾਰਾਂ ਚਲ ਰਹੀਆਂ ਹਨ)। ਇਵੇਂ ਹੀ ਉਨ੍ਹਾਂ ਦੇ ਆਪਣੇ ਆਪਣੇ ‘ਤਖਤ’ ਹੁੰਦੇ
ਸਨ, ਜਿਥੇ ਉਹ ਬੈਠ ਕੇ ਹੁਕਮ ਜ਼ਾਰੀ ਕਰਦੇ ਹੁੰਦੇ ਸਨ ਅਤੇ ਲੋਕਾਈ ਕੋਈ ਕਿੰਤੂ-ਪ੍ਰੰਤੂ ਕਰਨ ਵਿੱਚ
ਅਸਮਰਥ ਹੁੰਦੀ ਸੀ। ਅਜ-ਕਲ ਤਾਂ ਸਰਕਾਰੀ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਦੇਸ਼
ਦੀ ਸੱਭ ਤੋਂ ਉਚੀ ਅਦਾਲਤ ਪੂਰੀ ਤਰ੍ਹਾਂ ਸੋਚ-ਵਿਚਾਰ ਕਰਕੇ, ਆਪਣਾ ਫੈਸਲਾ ਦੇ ਦਿੰਦੀ ਹੈ। ਪਰ, ਧਰਮ
ਖੇਤਰ ਵਿੱਚ ਐਸੀ ਵਿਵਸਥਾ ਬਹੁਤ ਘੱਟ ਹੀ ਦੇਖਣ ਵਿੱਚ ਆ ਰਹੀ ਹੈ, ਜਿਸ ਸਦਕਾ ਕਈ ਪ੍ਰਾਣੀਆਂ ਨੂੰ
ਇਨਸਾਫ ਨਹੀਂ ਮਿਲਦਾ ਅਤੇ ਉਹ ਵਿਚਾਰੇ ਸਾਰੀ ਉਮਰ ਨਿਰਾਸ਼ ਹੋ ਕੇ ਇਸ ਸੰਸਾਰ ਤੋਂ ਕੂਚ ਕਰ ਜਾਂਦੇ
ਹਨ। ਪਰ, ਗੁਰੂ ਨਾਨਕ ਸਾਹਿਬ ਨੇ “ਸਿੱਖ ਧਰਮ” ਦੀ ਨੀਂਹ ਰੱਖੀ, ਜਿਸ ਅਨੁਸਾਰ ਸੱਭ ਨੂੰ ਇਕ-ਸਾਰਤਾ
ਦਾ ਉਪਦੇਸ਼ ਦਿੱਤਾ ਅਤੇ ਹਰੇਕ ਨੂੰ “ਸ਼ਬਦ ਗੁਰੂ” ਨਾਲ ਜੋੜਿਆ। ਇਸ ਲਈ, ਸਿੱਖ ਧਰਮ ਨੂੰ ਮੰਨਣ
ਵਾਲਿਆਂ ਲਈ “ਗੁਰੂ ਗਰੰਥ ਸਾਹਿਬ” ਦੀ ਸਿਖਿਆ ਅਨੁਸਾਰ ਹੀ ਜੀਵਨ ਬਤੀਤ ਕਰਨ ਦਾ ਹੁਕਮ ਹੈ: “ਸੱਭ
ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”। ਗੁਰਬਾਣੀ ਅਨੁਸਾਰ “ਰਾਜ ਤੇ ਤਖਤ” ਬਾਰੇ ਕੁੱਝ ਕੁ
ਸ਼ਬਦ ਸਾਂਝੇ ਕਰਨ ਦਾ ਯੱਤਨ ਕੀਤਾ ਹੈ, ਤਾਂ ਜੋ ਸਾਨੂੰ “ਗੁਰਬਾਣੀ ਅਤੇ ਗੁਰਮਤਿ” ਦੀ ਹੋਰ ਜਾਣਕਾਰੀ
ਪਰਾਪਤ ਹੋ ਸਕੇ:
ਗੁਰੂ ਗਰੰਥ ਸਾਹਿਬ-ਪੰਨਾ ੧੩੮੯, ਸਵਈਏ ਮਹਲੇ ਪਹਿਲੇ ਕੇ ੧॥ ਕਬਿ ਕਲ ਸੁਜਸੁ
ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ ; ਪੰਨਾ ੧੩੯੦॥ ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ
ਤੈ ਮਾਣਿਓ॥ ੬॥ ; ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ॥ ੯॥ ; ਪੰਨਾ ੧੩੯੧, ਸਵਈਏ
ਮਹਲੇ ਦੂਜੇ ਕੇ ੨॥ ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ॥ ੫॥ ; ਪੰਨਾ ੧੩੯੯, ਸਵਈਏ
ਮਹਲੇ ਚਉਥੇ ਕੇ ੪॥ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ ; ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ
ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ ੪॥ ; ਪੰਨਾ ੧੪੦੪॥ ਬਿਦ੍ਹਮਾਨ ਗੁਰਿ ਆਪਿ ਥਪ੍ਹਉ
ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ॥ ੬॥ ; ਪੰਨਾ ੧੪੦੬॥ ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ
ਬਲਿ॥ ਗੁਰ ਰਾਮਦਾਸ ਸਚੁ ਸਲ੍ਹ ਭਣਿ ਤੂ ਅਟਲੁ ਰਾਜਿ ਅਭਗੁ ਦਲਿ॥ ੧॥ ; ਪੰਨਾ ੧੪੦੭, ਸਵੀਏ ਮਹਲੇ
ਪੰਜਵੇ ਕੇ ੫॥ ਗੁਰ ਅਰਜੁਨ ਕਲ੍ਹਚਰੈ ਤੈ ਰਾਜ ਜੋਗ ਰਸੁ ਜਾਣਿਅਉ॥ ੭॥
ਭਾਵੇਂ ਇਨ੍ਹਾਂ ਭੱਟਾਂ ਦੇ ਸਵਈਏ ਦੁਆਰਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ
ਗੁਰੂ ਅਰਜਨ ਸਾਹਿਬ ਦੇ ਰਾਜ, ਜੋਗ, ਤਖਤ ਬਾਰੇ ਵਰਣਨ ਕੀਤਾ ਹੋਇਆ ਹੈ, ਪਰ ‘ਅਕਾਲ ਤਖਤ’ ਦੀ ਹੋਂਦ
ਬਾਰੇ ਕੋਈ ਜ਼ਿਕਰ ਨਹੀਂ ਮਿਲਦਾ ਅਤੇ ਨਾ ਹੀ ਹੋਰ ਕਿਸੇ ਥਾਂ ਦਾ ਜਿਵੇਂ ਨਨਕਾਣਾ ਸਾਹਿਬ, ਕਰਤਾਰਪੁਰ
ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਲਾਹੌਰ ਚੂਨਾ ਮੰਡੀ, ਅੰਮ੍ਰਿਤਸਰ ਸਾਹਿਬ ਅਤੇ ਤਰਨ ਤਾਰਨ
ਸਾਹਿਬ! ਇਵੇਂ ਹੀ, “ਗੁਰੂ ਗਰੰਥ ਸਾਹਿਬ ਵਿੱਚ ਤਖਤਿ, ਤਖਤੁ, ਤਖਤ, ਤਖਤੈ” ਦਾ ਹਵਾਲਾ ਕਈ ਸ਼ਬਦਾਂ
ਦੁਆਰਾ ਮਿਲਦਾ ਹੈ, ਜਿਵੇਂ
ਪੰਨਾ ੧੪: ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧॥ ਸੁਲਤਾਨੁ ਹੋਵਾ ਮੇਲਿ
ਲਸਕਰ ਤਖਤਿ ਰਾਖਾ ਪਾਉ॥ ; ਪੰਨਾ ੧੭੯: ਗਉੜੀ ਗੁਆਰੇਰੀ ਮਹਲਾ ੫॥ ਤਖਤੁ ਸਭਾ ਮੰਡਨ ਦੋਲੀਚੇ॥ ਸਗਲ
ਮੇਵੇ ਸੁੰਦਰ ਬਾਗੀਚੇ॥ ; ਪੰਨਾ ੩੫੫: ਆਸਾ ਮਹਲਾ ੧॥ ਸਚੈ ਤਖਤਿ ਬੁਲਾਵੈ ਸੋਇ॥ ਦੇ ਵਡਿਆਈ ਕਰੇ ਸੁ
ਹੋਇ॥ ੨॥ ; ਪੰਨਾ ੪੧੧: ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨: ਤਖਤ ਨਿਵਾਸੀ ਪੰਚ ਸਮਾਇ॥ ਕਾਰ ਕਮਾਈ
ਖਸਮ ਰਜਾਇ॥ ; ਪੰਨਾ ੫੧੫: ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ
ਵਸੀਜੈ॥ (੧੬); ਪੰਨਾ ੫੬੨: ਵਡਹੰਸੁ ਮਹਲਾ ੫॥ ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ॥ ਆਇ ਨ ਜਾਵੈ
ਮੇਰਾ ਪ੍ਰਭੁ ਅਬਿਨਾਸੀ॥ (੩); ਪੰਨਾ ੫੮੦: ਵਡਹੰਸੁ ਮਹਲਾ ੧ ਦਖਣੀ॥ ਕੁਦਰਤਿ ਤਖਤੁ ਰਚਾਇਆ ਸਚਿ
ਨਿਬੇੜਣਹਾਰੋ॥ (੨); ਪੰਨਾ ੭੦੭: ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ॥ ਅਨਿਕ ਲੀਲਾ ਰਾਜ ਰਸ ਰੂਪੰ
ਛਤ੍ਰ ਚਮਰ ਤਖਤ ਆਸਨੰ॥ ; ਪੰਨਾ ੭੬੨: ਸੂਹੀ ਮਹਲਾ ੧ ਸੁਚਜੀ॥ ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ
ਜੀਉ॥ ; ਪੰਨਾ ੭੮੫: ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩॥ ਪਉੜੀ॥ ਆਪੇ ਤਖਤੁ ਰਚਾਇਓਨੁ ਆਕਾਸ
ਪਤਾਲਾ॥ ; ਪੰਨਾ ੮੪੦: ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ॥ ਤਖਤਿ ਨਿਵਾਸੁ ਸਚੁ ਮਨਿ ਭਾਣੈ॥
(੧੭); ਪੰਨਾ ੯੦੭: ਰਾਮਕਲੀ ਦਖਣੀ ਮਹਲਾ ੧॥ ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ॥ (੮);
ਪੰਨਾ ੯੨੪: ਰਾਮਕਲੀ ਮਹਲਾ ੫ ਛੰਤ॥ ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ॥ (੩);
ਪੰਨਾ ੯੪੭: ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਸਚੈ ਤਖਤੁ ਰਚਾਇਆ ਬੈਸਣ ਕਉ ਜਾਈ॥ ; ਪੰਨਾ ੯੪੯:
ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ॥ ; ਪੰਨਾ ੯੬੪:
ਰਾਮਕਲੀ ਕੀ ਵਾਰ ਮਹਲਾ ੩॥ ਪਉੜੀ॥ ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ॥ ; ਪੰਨਾ ੯੬੬: ਰਾਮਕਲੀ ਕੀ
ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ॥ ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ॥ ;
ਪੰਨਾ ੯੬੭: ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥ ; ਪੰਨਾ ੯੬੮: ਤਖਤਿ ਬੈਠਾ ਅਰਜਨ
ਗੁਰੂ ਸਤਿਗੁਰ ਕਾ ਖਿਵੈ ਚੰਦੋਆ॥ ; ਪੰਨਾ ੯੯੨: ਮਾਰੂ ਮਹਲਾ ੧॥ ਰਾਜਾ ਤਖਤਿ ਟਿਕੈ ਗੁਣੀ ਭੈ
ਪੰਚਾਇਣ ਰਤੁ॥ ੧॥ ; ਪੰਨਾ ੧੦੨੨: ਮਾਰੂ ਮਹਲਾ ੧॥ ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ
ਜਾਈ ਹੇ॥ ੧੦॥ ; ਪੰਨਾ ੧੦੨੩: ਮਾਰੂ ਮਹਲਾ ੧॥ ਤਿਨ ਕਉ ਤਖਤਿ ਮਿਲੀ ਵਡਿਆਈ॥ ; ਸਾਚੀ ਨਗਰੀ ਤਖਤੁ
ਸਚਾਵਾ॥ ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ॥ ; ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ
ਹੇ॥ ੧੧॥ ; ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ॥ ; ਪੰਨਾ ੧੦੨੬: ਮਾਰੂ ਮਹਲਾ ੧॥ ਓਹੁ
ਨਿਰਮਲੁ ਹੈ ਨਾਹੀ ਅੰਧਿਆਰਾ॥ ਓਹੁ ਆਪੇ ਤਖਤਿ ਬਹੈ ਸਚਿਆਰਾ॥ ; ਗੁਰ ਕੇ ਸੇਵਕ ਸਤਿਗੁਰ ਪਿਆਰੇ॥ ਓਇ
ਬੈਸਹਿ ਤਖਤਿ ਸੁ ਸਬਦੁ ਵੀਚਾਰੇ॥ ; ਪੰਨਾ ੧੦੩੯: ਮਾਰੂ ਮਹਲਾ ੧॥ ਤਖਤਿ ਬਹੈ ਤਖਤੈ ਕੀ ਲਾਇਕ॥ ਪੰਚ
ਸਮਾਏ ਗੁਰਮਤਿ ਪਾਇਕ॥ ; ਤਖਤਿ ਸਲਾਮੁ ਹੋਵੈ ਦਿਨੁ ਰਾਤੀ॥ ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ॥ ;
ਪੰਨਾ ੧੦੫੦: ਮਾਰੂ ਮਹਲਾ ੩॥ ਸਚੈ ਸਚਾ ਤਖਤੁ ਰਚਾਇਆ॥ ਨਿਜ ਘਰਿ ਵਸਿਆ ਤਿਥੈ ਮੋਹੁ ਨਾ ਮਾਇਆ॥ ;
ਪੰਨਾ ੧੦੭੩: ਮਾਰੂ ਸੋਲਹੇ ਮਹਲਾ ੫॥ ਸਾਚਾ ਤਖਤੁ ਸਚੀ ਪਾਤਿਸਾਹੀ॥ ਸਚੁ ਖਜੀਨਾ ਸਾਚਾ ਸਾਹੀ॥ ;
ਪੰਨਾ ੧੦੮੭: ਮਾਰੂ ਵਾਰ ਮਹਲਾ ੩॥ ਪਉੜੀ॥ ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ॥ ;
ਪੰਨਾ ੧੦੮੮: ਮਾਰੂ ਵਾਰ ਮਹਲਾ ੩॥ ਪਉੜੀ॥ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ; ਪੰਨਾ
੧੦੯੨: ਮਾਰੂ ਵਾਰ ਮਹਲਾ ੩॥ ਪਉੜੀ॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥ ; ਪੰਨਾ ੧੦੯੮: ਡਖਣੇ
ਮ: ੫॥ ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ॥ ; ਪੰਨਾ ੧੧੫੬: ਭੈਰਉ ਮਹਲਾ ੫ ਅਸਟਪਦੀਆ ਘਰੁ ੨॥
ਜਿਸ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ॥ ; ਪੰਨਾ ੧੧੭੨: ਬਸੰਤੁ ਹਿੰਡੋਲ ਮਹਲਾ ੧॥ ਜਿਨ ਕਉ ਤਖਤਿ
ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ॥ ; ਪੰਨਾ ੧੧੮੮: ਬਸੰਤੁ ਮਹਲਾ ੧॥ ਏਕੋ ਤਖਤੁ ਏਕੋ
ਪਾਤਿਸਾਹੁ॥ ਸਰਬੀ ਥਾਈ ਵੇਪਰਵਾਹੁ॥ ; ਪੰਨਾ ੧੨੧੧: ਸਾਰਗ ਮਹਲਾ ੫॥ ਜੇ ਤਖਤਿ ਬੈਸਾਲਹਿ ਤਉ ਦਾਸ
ਤੁਮ੍ਹਾਰੇ ਘਾਸੁ ਬਢਾਵਹਿ ਕੇਤਕ ਬੋਲਾ॥ ; ਪੰਨਾ ੧੨੭੯: ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਸਚੈ ਤਖਤਿ
ਨਿਵਾਸੁ ਹੋਰ ਆਵਣ ਜਾਣਿਆ॥ ੧॥ ; ਪੰਨਾ ੧੨੮੦: ਵਾਰ ਮਲਾਰ ਕੀ ਮਹਲਾ ੧॥ ਪਉੜੀ॥ ਸਚੀ ਕੀਮਤਿ ਪਾਇ
ਤਖਤੁ ਰਚਾਇਆ॥
ਭਾਈ ਗੁਰਦਾਸ ਜੀ (੧੫੫੧-੧੬੩੬ ਏ. ਡੀ.) ਨੇ ਆਪਣੀਆਂ ਵਾਰਾਂ ਦੁਆਰਾ “ਗੁਰੂ
ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਤਕ” ਗੁਰਬਾਣੀ ਅਤੇ ਇਤਿਹਾਸਕ ਬਾਰੇ ਅਪਣੇ
ਵਿਚਾਰ ਤਾਂ ਸਾਂਝੇ ਕੀਤੇ ਹੋਏ ਹਨ, ਪਰ ‘ਅਕਾਲ ਤਖਤ’ ਦੀ ਉਸਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਹਾਂ, ਗੁਰਬਾਣੀ ਵਾਂਗ ‘ਤਖਤ’ ਬਾਰੇ ਜ਼ਰੂਰ ਵਰਣਨ ਕੀਤਾ ਹੋਇਆ ਹੈ, ਜਿਵੇਂ
ਵਾਰ ੧, ਪਉੜੀ ੪੫/੪੬: ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
; ਸੋ ਟਿਕਾ ਸੋ ਛਤ੍ਰ ਸਿਰਿ ਸੋਈ ਸਚਾ ਤਖਤੁ ਟਿਕਾਈ। ; ਵਾਰ ੩, ਪਉੜੀ ੫: ਨਿਜ ਘਰਿ ਤਖਤਿ ਅਡੋਲੁ ਨ
ਡੋਲੁ ਡੁਲਾਈਐ। ; ਵਾਰ ੬, ਪਉੜੀ ੧: ਪੂਰੇ ਪੂਰਾ ਬੈਹਿਣਾ ਪੂਰੇ ਪੂਰਾ ਤਖਤੁ ਰਚਾਇਆ। ; ਵਾਰ ੧੧,
ਪਉੜੀ ੫: ਸਹਿਜ ਸਰੋਵਰਿ ਸਚਖੰਡਿ ਸਾਧ ਸੰਗਤਿ ਸਚ ਤਖਤਿ ਸਰੀੜੀ। ; ਵਾਰ ੧੮, ਪਉੜੀ ੧੨: ਕੇਵਡੁ
ਤਖਤੁ ਵਖਾਣੀਐ ਕੇਵਡੁ ਮਹਲੁ ਕੇਵਡੁ ਦਰਗਾਹੀ। ; ਵਾਰ ੧੮, ਪਉੜੀ ੨੦: ਸਤਿਗੁਰ ਸਚਾ ਪਾਤਿਸਾਹੁ ਸਾਧ
ਸੰਗਤਿ ਸਚੁ ਤਖਤੁ ਸੁਹੇਲਾ। ; ਵਾਰ ੨੦, ਪਉੜੀ ੯: ਸਚਾ ਤਖਤੁ ਬਣਾਇ ਸਲਾਮੁ ਕਰਾਇਆ। ਵਾਰ ੨੪, ਪਉੜੀ
੮: ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਨ ਹਲੈ ਹਲਿਆ। ; ਵਾਰ ੨੪, ਪਉੜੀ ੧੪: ਤਖਤੁ ਬਖਤੁ ਪਰਗਟੁ
ਪਾਹਾਰਾ। ; ਵਾਰ ੨੬, ਪਉੜੀ ੩੧: ਮਾਲੁ ਮੁਲਕੁ ਅਪਣਾਇਦਾ ਤਖਤ ਬਖਤਿ ਚੜਿ ਬੇਪਰਵਾਹੀ।
ਇੰਜ ਪ੍ਰਤੀਤ ਹੋ ਰਿਹਾ ਹੈ ਕਿ (੧੧੦ ਸਾਲ ਬਾਅਦ) ਇੱਕ ਅਗਿਆਤ/ਗੁਮਨਾਮ ਕਵੀ
ਵਲੋਂ ੧੭੧੮ ਈਸਵੀ ਦੇ ਨੇੜੇ-ਤੇੜੇ ਲਿਖੀ ਇੱਕ ਕਿਤਾਬ “ਗੁਰ ਬਿਲਾਸ ਪਾਤਸ਼ਾਹੀ ੬’ ਅਨੁਸਾਰ ਹੀ ‘ਅਕਾਲ
ਤਖਤ’ ਦੀ ਹੋਂਦ ਨੂੰ ਮਾਣਤਾ ਦਿੱਤੀ ਹੋਈ ਹੈ ਜਿਵੇਂ ਬਚਿਤ੍ਰ ਨਾਟਕ ਨੂੰ! ਇਸ ਵਿਚੋਂ ਕੁੱਝ ਕੁ
ਲਾਈਨਾਂ ਪੜ੍ਹ ਕੇ ਦੇਖੋ, ਭਾਵੇਂ ਕਿ ਇਸ ਕਿਤਾਬ `ਤੇ ਬੰਦਸ਼ ਲਾਈ ਹੋਈ ਹੈ:
ਅਧਿਆਇ ਸੱਤਵਾਂ: ਚੌਪਈ: ਤਾ ਤੇ ਇਹ ਠਾਂ ਤਖਤ ਸਵਾਰੋ। ਮੇਰੋ ਨਾਮੁ ਤਾਹਿ ਮੈ
ਧਾਰੋ। ਤਖਤ ਅਕਾਲ ਨਾਮੁ ਤਿਹ ਕੀਜੈ। ਤਾਹਿ ਬੈਠ ਪਿਤ ਬਦਲਾ ਲੀਜੈ। ੩੫੮।
ਅਧਿਆਇ ਅੱਠਵਾਂ: ਚੌਪਈ: ਭਗਤ ਸਿੰਘ ਇਮ ਪ੍ਰਸ਼ਨੁ ਅਲਾਯੋ। ਅਕਾਲ ਤਖਤ ਗੁਰ
ਕੈਸ ਬਨਾਯੋ। ੩। ਚੌਪਈ: ਗੁਰਦਾਸ ਬੁੱਢੇ ਕੋ ਲੈ ਨਿਜ ਸਾਥਿ। ਤਖਤ ਅਰੰਭ ਕਰਿ ਦੀਨਾ ਨਾਥ। ਜਹ ਭਗਵੰਤ
ਥੀ ਆਗਿਆ ਦਈ। ਤਹਾਂ ਅਰੰਭ ਗੁਰੂ ਜੀ ਕਈ। ੩੬। ਹੋਰ ਦੇਖੋ ੩੮, ੩੯, ੪੧, ੪੬, ੪੮, ੪੯,
ਦੋਹਰਾ: ਕਹਿ ਭਗਵੰਤ ਨਿਜ ਮੋਹਿ ਮੈ ਭੇਦ ਕਛੂ ਨਹਿ ਚੀਨ। ਅਕਾਲ ਤਖਤ ਯਹ
ਨਾਮੁ ਧਰਿ ਤੋਹਿ ਨਾਮੁ ਨਹਿ ਕੀਨ। ੫੦। ; ਹੋਰ ਪੜ੍ਹੋ ੫੨, ੫੯, ੬੧, ੬੨, ੯੩, ੯੭, ੯੯, ੧੦੩,
੧੦੭, ੧੧੧, ੧੧੩, ੧੧੪, ੧੧੯, ੧੭੬, ੧੯੬, ੧੯੭, ੧੯੯, ੨੨੭, ੨੫੦, ਆਦਿਕ!
ਗੁਰਬਾਣੀ ਅਨੁਸਾਰ, ਸਿੱਖ ਪ੍ਰਚਾਰਕ ਸੰਗਤਾਂ ਨੂੰ ਇਹ ਵੀ ਜਾਣਕਾਰੀ ਦਿੰਦੇ
ਰਹਿੰਦੇ ਹਨ ਕਿ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਅਤੇ ਹਰ ਥਾਂ ਵਿਖੇ ਵਿਚਰਦਾ ਹੈ ਪਰ ਉਸ ਦੀ ਹੋਂਦ ਨੂੰ
ਕਿਸੇ ਇੱਕ ਜਗਹ ਨਹੀਂ ਥਾਪਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਦੀ ਮੱਕੇ ਵਿਖੇ ਪ੍ਰਚਾਰ ਫੇਰੀ ਸਮੇਂ
ਦੀ ਸਾਖੀ ਆਮ ਸੁਣਾਈ ਜਾਂਦੀ ਹੈ ਕਿ ਜਦੋਂ ਰਾਤ ਨੂੰ ਸੌਂਣ ਸਮੇਂ ਗੁਰੂ ਨਾਨਕ ਸਾਹਿਬ ਦੇ ਪੈਰ
‘ਕਾਬੇ’ ਵਲ ਹੋ ਗਏ ਤਾਂ ਹਾਜੀ ਨੇ ਬਹੁਤ ਬੁਰਾ ਮਨਾਇਆ ਕਿ ਇਹ ਕਿਹੜਾ ਕਾਫਰ ਖ਼ੁਦਾ ਦੇ ਘਰ ਵਲ ਪੈਰ
ਪਸਾਰ ਕੇ ਪਿਆ ਹੈ? ਗੁਰੂ ਨਾਨਕ ਸਾਹਿਬ ਨੇ ਹਾਜੀ ਨੂੰ ਕਿਹਾ ਕਿ ਭਾਈ! ਤੂੰ ਮੇਰੇ ਪੈਰ ਉਸ ਪਾਸੇ ਕਰ
ਦੇਹ, ਜਿਧਰ ਖ਼ੁਦਾ ਦਾ ਘਰ ਨਹੀਂ ਹੈ!
ਕੀ ਕੋਈ ਕਮੇਟੀ, ਜਥੇਬੰਦੀ, ਸੰਸਥਾ,
ਸਿੱਖ ਪ੍ਰਚਾਰਕ ਜਾਂ ਲੇਖਕ ਇਹ ਜਾਣਕਾਰੀ ਦੇਣ ਦੀ ਖ਼ੇਚਲ ਕਰੇਗਾ ਕਿ ੧੪੬੯ ਤੋਂ ਲੈ ਕੇ ੧੬੦੬ ਈਸਵੀ
ਤੱਕ ‘ਅਕਾਲ ਤਖਤ’ ਦੀ ਹੋਂਦ ਕਿੱਥੇ ਸੀ ਜਾਂ ਕੀ “ਅਕਾਲ ਪੁਰਖ” ਸਿਰਫ ਸਿੱਖਾਂ ਦਾ ਹੀ ਹੈ, ਜਿਸ ਦਾ
ਤਖਤ ਅੰਮ੍ਰਿਤਸਰ ਵਿਖੇ ਹੀ ਬਣਾਇਆ ਗਿਆ? ੧੬੦੬ ਤੋਂ ਹੁਣ ਤੱਕ “ਅਕਾਲ ਪੁਰਖ” ਕਿਸ ਸਰੂਪ ਵਿੱਚ ਇੱਥੇ
ਦਰਸ਼ਨ ਦਿੰਦਾ ਰਿਹਾ ਹੈ ਜਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਗਏ ਹੈੱਡ
ਮਨਿਸਟਰਜ਼ ਨੂੰ “ਅਕਾਲ ਪੁਰਖ” ਕਿਹਾ ਜਾ ਸਕਦਾ ਹੈ?
“ਗੁਰੂ ਗਰੰਥ ਸਾਹਿਬ” ਦਾ ਪ੍ਰਕਾਸ਼ ਹੋਣ ਕਰਕੇ, ਇਸ ਸਥਾਨ ਨੂੰ ਵੀ ਦੂਜੇ ਗੁਰਦੁਆਰਿਆਂ ਵਾਂਗ,
ਗੁਰਦੁਆਰਾ ਹੀ ਸਮਝਣਾ ਚਾਹੀਦਾ ਹੈ ਅਤੇ ਉਸ ਦਾ ਪ੍ਰਬੰਧਕ ਵੀ ਭਾਈ, ਗ੍ਰੰਥੀ ਦੀ ਜ਼ੁਮੇਵਾਰੀ ਨਿਭਾਏ।
ਇੰਜ ਹੀ ਉਹ ਕਿਸੇ ਸਿੱਖ ਨੂੰ ਨਾ ਤੇ ਕੋਈ ਹੁਕਮਨਾਮਾ ਭੇਜ ਸਕਦਾ ਹੈ ਅਤੇ ਨਾ ਹੀ ਪੰਥ ਵਿਚੋਂ ਛੇਕ
ਸਕਦਾ ਹੈ! ਵੈਸੇ ਵੀ ਉਹ ਕਮੇਟੀ ਦੇ ਮੁਲਾਜ਼ਮ ਹੋਣ ਕਰਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ
ਗੁਰਬਾਣੀ ਦੇ ਆਧਾਰ `ਤੇ ਆਪਣੀ ਸਲਾਹ ਦੇ ਸਕਦੇ ਹਨ।
ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ੧੮ ਮਾਰਚ ੧੮੮੭ ਈਸਵੀ ਨੂੰ ਪੰਥ
ਖਾਲਸਾ ਸੇ ਅਲਹਿਦਾ ਕੀਆ ਗਿਆ, ਤਾਂ ਉਸ ਅਖੌਤੀ ਹੁਕਮਨਾਮੇ ਵਿੱਚ ‘ਅਕਾਲ ਤਖਤ, ਅਕਾਲ ਤਖਤ ਦੇ
ਜਥੇਦਾਰ ਜਾਂ ਪੰਜਾਂ ਪਿਆਰਿਆਂ’ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ?
ਇੰਜ ਹੀ, ਅਨੰਦ ਮੈਰਿਜ ਐਕਟ ੧੯੦੯ ਵਿੱਚ ਵੀ ਅਕਾਲ ਤਖਤ ਜਾਂ ਕਿਸੇ ਜਥੇਦਾਰ
ਦੀ ਹੋਂਦ ਨਹੀਂ ਦਰਸਾਈ ਹੋਈ!
ਇਵੇਂ ਹੀ, ਸਿੱਖ ਗੁਰਦੁਆਰਾਜ਼ ਐਕਟ ੧੯੨੫ ਵਿੱਚ ਵੀ ਅਕਾਲ ਤਖਤ ਅਤੇ ਉਸ ਦੇ
ਜਥੇਦਾਰ ਬਾਰੇ ਕੋਈ ਖ਼ਾਸ ਵੇਰਵਾ ਨਹੀਂ ਦਿੱਤਾ ਹੋਇਆ। ਸਿਰਫ ਧਾਰਾ ੪੩ ਅਤੇ ੪੩ ਏ ਅਨੁਸਾਰ ਪੰਜਾਂ
ਤਖਤਾਂ ਦੇ ਹੈੱਡ ਮਨਿਸਟਰਜ਼ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਬਾਰੇ ਹੀ ਜ਼ਿਕਰ
ਹੈ! ਇਸ ਐਕਟ ਤੋਂ ਇਹ ਵੀ ਜਾਣਕਾਰੀ ਪਰਾਪਤ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
ਅਧਿਕਾਰ ਖੇਤਰ “ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ” ਤੱਕ ਹੀ ਸੀਮਤ ਹੈ। ਇਸ ਦਾ
ਭਾਵ ਕਿ ਇਹ ਇੰਡੀਆ ਦੇ ਹੋਰ ਪ੍ਰਾਂਤਾਂ ਅਤੇ ਦੂਸਰੇ ਮੁਲਕਾਂ ਵਿਖੇ ਰਹਿੰਦੇ ਸਿੱਖਾਂ ਦੇ ਕਾਰਜਾਂ
ਵਿੱਚ ਕੋਈ ਦਖਲ ਨਹੀਂ ਦੇ ਸਕਦੀ!
ਇਸ ਲਈ, ਉਪਰੋਕਤ ਗੁਰਬਾਣੀ ਦੇ ਸ਼ਬਦਾਂ
ਅਨੁਸਾਰ ‘ਅਕਾਲ ਤਖ਼ਤ’ ਦੀ ਹੋਂਦ ਨੂੰ ਕਿਸੇ ਇਮਾਰਤ ਨਾਲ ਨਹੀਂ ਜੋੜਿਆ ਜਾ ਸਕਦਾ ਅਤੇ ਨਾ ਹੀ ਐਸੇ
ਕਿਸੇ ਪ੍ਰਬੰਧਕ ਨੂੰ ਸਿੱਖਾਂ ਦਾ ਸੱਭ ਤੋਂ ਉਚਾ ਅਹੁਦੇਦਾਰ ਥਾਪਿਆ ਜਾ ਸਕਦਾ ਹੈ ਕਿਉਂਕਿ ਹਰੇਕ
ਸਿੱਖ ਲਈ “ਗੁਰੂ ਗਰੰਥ ਸਾਹਿਬ” ਹੀ ਸੱਭ ਤੋਂ ਸ੍ਰੇਸ਼ਟ ਪਦਵੀ ਹੈ।
ਹੋਰ ਕਮਾਲ ਦੀ ਗਲ ਦੇਖੋ! ਇੰਗਲੈਂਡ ਦੇ ਰਾਜੇ/ਰਾਣੀਆਂ ਨੇ ਦੁਨੀਆ ਦੇ ਅੱਧੇ
ਮੁਲਕਾਂ ਉਪਰ ਕਈ ਸਾਲਾਂ ਰਾਜ ਕੀਤਾ ਪਰ ਉਨ੍ਹਾਂ ਦਾ ਲੰਡਨ ਵਿਖੇ ਇੱਕ ਹੀ ਤਖਤ ਰਿਹਾ। ਉਸ ਦੇ ਓਲਟ,
ਸਿੱਖਾਂ ਦਾ ਆਪਣਾ ਇੱਕ ਵੀ ਆਜ਼ਾਦ ਪਿੰਡ ਨਹੀਂ, ਪਰ ਉਨ੍ਹਾਂ ਦੇ ‘ਪੰਜ ਤਖਤ’ ਹਨ। ਪਰ, ਸਿੱਖ ਕਮੇਟੀ
ਦੀ ਚੋਣ ਲਈ ਸਰਕਾਰ ਤੋਂ ਆਗਿਆ ਲੈਣੀ ਪੈਂਦੀ ਹੈ! ਸੋਚੋ-ਵੀਚਾਰੋ!
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰ॥ ਸਿਰੀਰਾਗੁ ਮਹਲਾ ੧, ਪੰਨਾ ੬੧॥
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੭ ਮਾਰਚ ੨੦੧੩
|
. |