ਅਕਾਲ ਪੁਰਖ ਦਾ ਸਕੰਲਪ
ਭਾਗ ਦਸਵਾਂ
ਅਕਾਲ ਪੁਰਖ ਦੇ ਗੁਣਾਂ ਦੀ ਸਮਝ ਕਿਦਾਂ ਆਏਗੀ?
ਇਹਨਾਂ ਗੁਣਾਂ ਨੂੰ ਕਿਸ ਤਰ੍ਹਾਂ ਧਾਰਨ ਕਰਨਾ ਹੈ?
ਜਦੋਂ ਕਿਸੇ ਵਸਤੂ ਦਾ ਨਾਂ ਲ਼ਿਆ ਜਾਂਦਾ ਹੈ ਤਾਂ ਉਸ ਦੇ ਪਿੱਛੇ ਉਸ ਦੀ ਬਣਤਰ
ਤੇ ਉਸ ਦੀ ਗੁਣਵੱਤਾ ਛੁਪੀ ਹੁੰਦੀ ਹੈ। ਜੇ ਕਿਸੇ ਹਸਪਤਾਲ ਦਾ ਨਾਂ ਲਿਆ ਜਾਏ ਤਾਂ ਉਸ ਦੀ ਸਮੁੱਚੀ
ਬਣਤਰ ਸਮੇਤ ਇਮਾਰਤ ਦੇ ਸਾਡੇ ਸਾਹਮਣੇ ਆ ਖੜੀ ਹੁੰਦੀ ਹੈ। ਸਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਇਸ
ਹਸਪਤਾਲ ਵਿੱਚ ਚੰਗੇ ਚੰਗੇ ਡਾਕਟਰ ਹੋਣਗੇ ਜੋ ਸਾਡੇ ਸਰੀਰ ਦੀਆਂ ਵੱਖ ਵੱਖ ਬਿਮਾਰੀਆਂ ਦੇ ਇਲਾਜ
ਵਿੱਚ ਮਾਹਰ ਹੋਣਗੇ। ਕਿਸੇ ਪਾਸੇ ਅੱਖਾਂ ਦੇਖੀਆਂ ਜਾਂਦੀਆਂ ਹੋਣੀਆਂ ਨੇ, ਕਿਸੇ ਪਾਸੇ ਕੰਨ ਚੈੱਕ
ਕੀਤੇ ਜਾਂਦੇ ਹੋਣੇ ਨੇ। ਹਸਪਤਾਲ ਵਿੱਚ ਕੰਟੀਨ ਵੀ ਹੋਏਗੀ। ਐਕਸਰੇ ਮਸ਼ੀਨਾਂ, ਲਬਾਟਰੀਜ਼, ਅਪ੍ਰੇਸ਼ਨ
ਥੇਟਰ ਹੋਣਗੇ। ਇਸ ਬਿਲਡਿੰਗ ਵਿੱਚ ਸਮੁੱਚੀਆਂ ਟੀਮਾਂ ਮਨੁੱਖੀ ਜਾਨਾਂ ਨੂੰ ਬਚਾਉਣ ਵਾਸਤੇ ਲੱਗੀਆਂ
ਹੋਣਗੀਆਂ। ਇਸ ਸਾਰੀ ਇਮਾਰਤ ਵਿੱਚ ਹੋ ਰਹੀ ਗਤੀ ਵਿਧੀ ਦਾ ਨਾਂ ਹਸਪਤਾਲ ਹੈ। ਹਸਪਤਾਲ ਦੀ ਪਹਿਛਾਣ
ਰੈੱਡ ਕਰਾਸ ਦੇ ਨਿਸ਼ਾਨ ਤੋਂ ਹੁੰਦੀ ਹੈ।
ਬੱਚਾ ਕਹਿੰਦਾ ਹੈ ਕਿ ਮੈਂ ਕਾਲਜ ਜਾਣਾ ਹੈ। ਕਾਲਜ ਤਾਂ ਕੇਵਲ ਤਿੰਨ ਅੱਖਰਾਂ
ਤੇ ਇੱਕ ਮਾਤਰਾ ਦਾ ਜੋੜ ਹੈ ਪਰ ਇਸ ਦੇ ਪਿੱਛੇ ਕਿੰਨੇ ਪੜ੍ਹਾਉਣ ਵਾਲੇ ਹੋਣਗੇ, ਕਿੰਨੇ ਕਮਰੇ
ਹੋਣਗੇ, ਸਟਾਫ਼ ਰੂਮ ਹੋਏਗਾ ਤੇ ਪ੍ਰਿੰਸੀਪਲ ਦਾ ਦਫਤਰ ਹੋਏਗਾ। ਸਕੂਲ ਦਾ ਸਾਰਾ ਕੰਮ ਨਿਯਮ ਬੱਧਤਾ
ਨਾਲ ਚਲਾਉਣ ਲਈ ਇੱਕ ਵੱਖਰਾ ਦਫ਼ਤਰ ਹੋਏਗਾ। ਕਈ ਪ੍ਰਕਾਰ ਦੇ ਰਜਿਸਟਰ ਹੋਣਗੇ। ਕਾਲਜ ਵਿੱਚ
ਵਿਦਿਆਰਥੀਆਂ ਦੀਆਂ ਖੇਡਾਂ ਦੇ ਅਧਾਰਤ ਕਈ ਟੀਮਾਂ ਹੋਣਗੀਆਂ। ਜਨੀ ਕਿ ਇੱਕ ਕਾਲਜ ਦੇ ਪਿੱਛੇ ਬਹੁਤ
ਵੱਡੀ ਹਰਕਤ ਹੁੰਦੀ ਨਜ਼ਰ ਆਉਂਦੀ ਹੈ। ਸਮੁੱਚੇ ਕਾਲਜ ਵਿਚੋਂ ਕਿੰਨੀਆਂ ਜ਼ਿੰਦਗੀਆਂ ਨੂੰ ਨਵਾਂ ਨਿਕੋਰ
ਜੀਵਨ ਮਿਲਦਾ ਹੈ। ਇਹ ਵਿਦਿਆ ਹੀ ਸਮਜਾਕ ਚਣੌਤੀਆਂ ਨੂੰ ਪ੍ਰਵਾਨ ਕਰਕੇ ਨਵੀਆਂ ਪੈੜਾਂ ਪਉਂਦੀ ਹੈ।
ਇਹ ਕਹਿਣ ਲਿਖਣ ਤੋਂ ਉੱਪਰ ਦੀ ਗੱਲ-ਬਾਤ ਹੈ। ਤਿੰਨ ਅੱਖਰ ਤੇ ਇੱਕ ਮਾਤਰਾ ਵਿਚੋਂ ਪਤਾ ਨਹੀਂ ਕਿੰਨੇ
ਅਫ਼ਸਰ, ਡਾਕਟਰ, ਵਕੀਲਾਂ ਦਾ ਜਨਮ ਹੋਇਆ ਹੋਏਗਾ। ਤਸਵੀਰ ਦੇ ਦੂਜੇ ਪਾਸੇ ਕਾਲਜ ਦੇ ਮਹੱਤਵ ਨੂੰ ਨਾ
ਸਮਝਣ ਵਾਲੇ ਵਿਦਿਆਰਥੀ ਜ਼ਿੰਦਗੀ ਦੀ ਅਸਲੀਅਤ ਤੋਂ ਕੋਹਾਂ ਦੂਰ ਵੀ ਚਲੇ ਜਾਂਦੇ ਹਨ।
ਜਦੋਂ ਕਦੇ ਗੁਰਦੁਆਰੇ ਦਾ ਨਾਂ ਲੈਂਦੇ ਹਾਂ ਤਾਂ ਉਸ ਪਿੱਛੇ ਸਾਰਾ ਵਿਸਥਾਰ
ਸਾਡੀਆਂ ਅੱਖਾਂ ਦੇ ਸਾਹਮਣੇ ਘੁੰਮਣ ਲਗ ਪੈਂਦਾ ਹੈ। ਸਭ ਨੂੰ ਪਤਾ ਹੈ ਕਿ ਗੁਰਦੁਆਰੇ ਦੀ ਹਦੂਦ ਵਿੱਚ
ਪਹਿਲਾਂ ਨਿਸ਼ਾਨ ਸਾਹਿਬ ਲੱਗਿਆ ਹੋਇਆ ਦਿਸੇਗਾ, ਫਿਰ ਜੋੜੇ ਉਤਾਰਨ ਦਾ ਪ੍ਰਬੰਧ ਕੀਤਾ ਹੋਏਗਾ। ਅੰਦਰ
ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ। ਇੱਕ ਪਾਸੇ ਸੰਗਤਾਂ ਲੰਗਰ ਛੱਕ ਰਹੀਆਂ
ਹੋਣਗੀਆਂ। ਦੂਜੇ ਪਾਸੇ ਛੋਟੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਤਿਆਰੀ ਕਰਾਈ ਜਾਂਦੀ ਹੋਣੀ ਆਂ।
ਜਿਹੜਾ ਵੀ ਅਸੀਂ ਨਾਂ ਲੈਂਦੇ ਹਾਂ ਉਸ ਦੇ ਪਿੱਛੇ ਉਸ ਦਾ ਅਕਾਰ, ਰੂਪ,
ਗੁਣਵੱਤਾ ਸਾਰਾ ਕੁੱਝ ਛੁਪਿਆ ਹੁੰਦਾ ਹੈ। ਨਾਂਵਾਂ ਦੀ ਵੀ ਅਗਾਂਹ ਵੰਡ ਕੀਤੀ ਗਈ ਹੈ ਕਿ ਨਾਂਵ
ਕਿੰਨੀ ਪ੍ਰਕਾਰ ਦੇ ਹਨ। ਏਸੇ ਤਰ੍ਹਾਂ ਜਦੋਂ ਅਸੀਂ ਅਕਾਲਪੁਰਖ ਦਾ ਨਾਂ ਲੈਂਦੇ ਹਾਂ ਤਾਂ ਉਸ ਦੇ
ਪਿੱਛੇ ਉਸ ਦਾ ਸਾਰਾ ਰੂਪ ਤੇ ਗੁਣ ਛੁਪੇ ਹੋਏ ਨਜ਼ਰ ਆਉਣਗੇ। ਸਾਰੇ ਬ੍ਰਹਿਮੰਡ ਦੀ ਰਫ਼ਤਾਰ, ਅਕਾਰ,
ਖੂਬਸੂਰਤ ਝਰਨੇ, ਪਹਾੜਾਂ ਦੀਆਂ ਢਲਾਣਾ, ਦਰਿਆਵਾਂ ਦੇ ਵਹਿਣ, ਜੰਗਲ਼ਾਂ ਦਾ ਵਿਸਥਾਰ ਤੇ ਸਮੁੰਦਰ ਦੀ
ਅਸਚਰਜਤਾ ਦੇਖ ਕੇ ਹੈਰਾਨ ਹੋ ਜਾਈਦਾ ਹੈ। ਇਸ ਬੇਅੰਤਤਾ ਸਬੰਧੀ ਹੀ ਗੁਰਦੇਵ ਪਿਤਾ ਜੀ ਦਾ ਵਾਕ ਹੈ—
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥
ਸਲੋਕ ਮ: ੧ ਪੰਨਾ ੪੬੯
ਹੇ ਕੁਦਰਤ ਵਿੱਚ ਵੱਸ ਰਹੇ ਕਰਤਾਰ
!
ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ। ੧
ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਅਜੇਹੇ ਗੁਣੀ ਨਿਧਾਨ ਪ੍ਰਮਾਤਮਾ
ਦੇ ਗੁਣਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ ਜਿਸ ਤੋਂ ਸਾਨੂੰ ਮਾਣ ਮਿਲਦਾ ਹੈ।
--
ਜਿਨਿ ਸੇਵਿਆ, ਤਿਨਿ ਪਾਇਆ ਮਾਨੁ ॥ ਨਾਨਕ, ਗਾਵੀਐ ਗੁਣੀ ਨਿਧਾਨੁ ॥
ਜਪੁ ਬਾਣੀ ਪੰਨਾ ੨
ਇਸ ਦਾ ਭਾਵ ਅਰਥ ਹੈ ਰੱਬ ਜੀ ਗੁਣਾਂ ਦੇ ਖ਼ਜ਼ਾਨੇ ਹਨ ਜਿੰਨ੍ਹਾਂ ਨੇ ਰੱਬ ਜੀ
ਦੇ ਗੁਣਾਂ ਨੂੰ ਸਮਝਿਆ ਹੈ, ਰੱਬੀ ਗੁਣਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ ਉਹਨਾਂ ਨੂੰ ਹੀ ਮਾਣ
ਵਡਿਆਈ ਮਿਲਦੀ ਹੈ। ‘ਗਾਵੀਐ ਗੁਣੀ ਨਿਧਾਨੁ` ਰੱਬੀ ਗੁਣਾਂ ਅਨੁਸਾਰੀ ਹੋ ਕੇ ਜੀਵਨ ਵਿੱਚ ਚੱਲਣਾ ਹੈ।
ਰੱਬ ਜੀ ਦੇ ਗੁਣ ਬੇਅੰਤ ਹਨ ਪਰ ਅਸਾਂ ਤੇ ਧਿਆਨ ਨਾਲ ਇੱਕ ਵੀ ਨਹੀਂ ਸਮਝਿਆ--
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥
ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥
ਸੋਰਠਿ ਮਹਲਾ ੧ ਪੰਨਾ ੫੯੬
ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ
!
ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ। ਹੇ ਮੇਰੇ ਮਾਲਕ !
ਸੁਣ !
ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ, ਮੈਂ ਵਿਕਾਰਾਂ ਵਿੱਚ ਡੁੱਬ ਰਿਹਾ ਹਾਂ ਜਿਵੇਂ ਪੱਥਰ ਪਾਣੀ
ਵਿੱਚ ਡੁੱਬ ਜਾਂਦਾ ਹੈ। ਮੈਨੂੰ ਕੱਢ ਲੈ। ੪।
‘
ਗੁਣੀ ਨਿਧਾਨੁ` ਪ੍ਰਭੂ
ਦੀ ਪ੍ਰਾਪਤੀ ਸਤਿਗੁਰ ਤੋਂ ਹੁੰਦੀ ਹੈ- ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਵਿਦਿਆ ਲਈ ਸਕੂਲਾਂ
ਕਾਲਜਾਂ ਵਿੱਚ ਭੇਜਦੇ ਹਾਂ, ਬੱਚੇ ਓੱਥੋਂ ਆਪਣੇ ਹਿਸਾਬ ਨਾਲ ਵਿਦਿਆ ਗ੍ਰਹਿਣ ਕਰਦੇ ਹਨ। ਕਈ ਪ੍ਰਕਾਰ
ਦੀ ਵਿਦਿਆ ਵਿਚੋਂ ਬੱਚੇ ਇੱਕ ਵਿਸ਼ਾ ਚੁਣ ਕੇ ਤੇ ਉਸ `ਤੇ ਧਿਆਨ ਕੇਂਦਰਿਤ ਕਰਕੇ ਵਿਦਿਆ ਹਾਸਲ ਕਰਦੇ
ਹਨ। ਵਿਸ਼ੇ ਦੀ ਮੁਹਾਰਤ ਹਾਸਲ ਕਰਨ ਉਪਰੰਤ ਬੱਚੇ ਨੂੰ ਡਿਗਰੀ ਦਿੱਤੀ ਜਾਂਦੀ ਹੈ। ਉਸ ਡਿਗਰੀ ਦਾ ਭਾਵ
ਹੁੰਦਾ ਹੈ ਕਿ ਇਸ ਬੱਚੇ ਨੇ ਇਸ ਵਿਸ਼ੇ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਹੈ ਜਾਂ ਸਾਇੰਸ ਦੇ ਕਿਸੇ
ਵਿਸ਼ੇਸ ਵਿਸ਼ੇ ਵਿੱਚ ਇਸ ਨੇ ਪੜ੍ਹਾਈ ਪੂਰੀ ਕੀਤੀ ਹੈ। ਇਸ ਲਈ ਇਸ ਨੂੰ ਇਸ ਵਿਸ਼ੇ ਤੇ ਡਿਗਰੀ ਦਿੱਤੀ
ਜਾ ਰਹੀ ਹੈ। ਜਨੀ ਕਿ ਪੰਜ-ਸਤ ਸਾਲ ਲਗਾਉਣ ਮਗਰੋਂ ਬੱਚੇ ਨੇ ਆਪਣੇ ਚੁਣੇ ਹੋਏ ਵਿਸ਼ੇ ਦੇ ਗੁਣਾਂ ਨੂੰ
ਸਮਝਿਆ ਤੇ ਉਹਨਾਂ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲਿਆ। ਫਿਰ ਇਹਨਾਂ ਗੁਣਾਂ ਦੇ ਅਧਾਰਤ ਹੀ ਇਸ
ਬੱਚੇ ਨੂੰ ਨੌਕਰੀ ਇਤਿਆਦਕ ਮਿਲੇਗੀ। ਇਹਨਾਂ ਗੁਣਾਂ ਦੀ ਮੁਹਾਰਤ ਕਿਸੇ ਸਿਖਾਂਦਰੂ ਆਧਿਆਪਕ ਪਾਸੋਂ
ਹੋਈ ਹੁੰਦੀ ਹੈ। ਕਾਲਜ ਵਿਚੋਂ ਗੈਰ ਹਾਜ਼ਰ ਰਹਿਣ ਵਾਲਿਆਂ ਨੂੰ ਇਹਨਾਂ ਗੁਣਾਂ ਦੀ ਸਮਝ ਨਹੀਂ ਆ
ਸਕਦੀ। ਏਸੇ ਤਰ੍ਹਾਂ ਹੀ ਰੱਬੀ ਗੁਣਾਂ ਦੀ ਦਾਤ ਜਾਂ ਉਨ੍ਹਾਂ ਦੀ ਸਮਝ ਸਾਨੂੰ ਗੁਰ-ਗਿਆਨ ਵਿਚੋਂ
ਮਿਲਦੀ ਹੈ ਪਰ ਜਿਸ ਦਾ ਮਨੁੱਖ ਕੇਵਲ ਲਾਲਚ ਵੱਸ ਪਾਠ ਹੀ ਕਰਦਾ ਹੈ ਸ਼ਬਦ ਦੇ ਡੂੰਘੇ ਉਪਦੇਸ਼ ਨੂੰ
ਵਿਚਾਰਦਾ ਨਹੀਂ ਹੈ, ਉਸ ਨੂੰ ਰੱਬੀ ਗੁਣਾਂ ਦੀ ਸਮਝ ਨਹੀਂ ਆ ਸਕਦੀ।
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲ+ਭਾਨੁ ॥
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥
ਸਾਧੂ ਸਤਿਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥
ਸਿਰੀ ਰਾਗ ਮਹਲਾ ੧ ਪੰਨਾ ੨੧
ਪਰ ਮਾਇਆ-ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ ਲਾਲਚੀ ਹੈ, ਹਰ ਵੇਲੇ ਲੋਭ
ਵਿੱਚ ਫਸਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿੱਚ ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮਤਿ ਦੇ
ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਜੇ ਇਸ ਨੂੰ ਗੁਰੂ ਸਤਿਗੁਰੂ ਮਿਲ ਪਏ, ਤਾਂ ਗੁਣਾਂ ਦਾ
ਖ਼ਜ਼ਾਨਾ ਪ੍ਰਭੂ ਇਸ ਨੂੰ ਮਿਲ ਪੈਂਦਾ ਹੈ। ੧।
ਸ਼ਬਦ ਦੀ ਵਿਚਾਰ ਕੀਤਿਆਂ ਜੋ ਉਪਦੇਸ਼ ਮਿਲਦਾ ਹੈ ਭਾਵ ਜੋ ਵਡਿਆਈਆਂ ਦਿੱਸੀਆਂ
ਹਨ ਉਹਨਾਂ ਨੂੰ ਜੀਵਨ ਵਿੱਚ ਲੈ ਕੇ ਆਉਣ ਨਾਲ ਗੁਣੀ ਨਿਧਾਨ ਰੱਬ ਜੀ ਨਾਲ ਮਿਲਾਪ ਹੈ—
ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥
ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥
ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥੮॥੧੦
ਸਿਰੀ ਰਾਗ ਮਹਲਾ ੩ ਪੰਨਾ ੫੯
ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ
ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ
ਨਹੀਂ ਹੈ। ਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ
ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ)।
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿੱਚ
ਜੁੜਿਆਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ।
ਦਰਿਆ ਵਿਚੋਂ ਪਾਣੀ ਦੀ ਇੱਕ ਬਾਲਟੀ ਭਰ ਲਈਏ ਫਿਰ ਓਸੇ ਪਾਣੀ ਨੂੰ ਮੁੜ ਦਰਿਆ
ਵਿੱਚ ਸੁੱਟ ਦਈਏ ਤਾਂ ਉਹ ਪਾਣੀ ਦਰਿਆ ਵਿੱਚ ਹੀ ਮਿਲ ਜਾਂਦਾ ਹੈ। ਏਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ
ਜੋ ਰੱਬ ਜੀ ਦੇ ਗੁਣ ਦੱਸ ਰਹੇ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਿਆਉਣ ਨਾਲ ਅਸੀਂ ਉਸ ਦਾ ਹੀ ਰੂਪ
ਹੋ ਜਾਂਦੇ ਹਾਂ—
ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ ॥ ਬਿਨੁ ਤਕੜੀ ਤੋਲੈ ਸੰਸਾਰਾ ॥
ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥੧॥
ਮਾਝ ਮਹਲਾ ੩ ਪੰਨਾ ੧੧੦
ਪਿਆਰਾ ਪ੍ਰਭੂ ਆਪ ਪਵਿਤ੍ਰ-ਸਰੂਪ ਹੈ ਅਪਹੁੰਚ ਹੈ ਤੇ ਬੇਅੰਤ ਹੈ। ਉਹ ਤੱਕੜੀ
(ਵਰਤਣ ਤੋਂ) ਬਿਨਾ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ (ਹਰੇਕ ਜੀਵ ਦੇ
ਅੰਦਰ ਵਿਆਪਕ ਰਹਿ ਕੇ)। (ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ,
ਉਹ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿੱਚ ਲੀਨ ਹੋਇਆ
ਰਹਿੰਦਾ ਹੈ। ੧।
ਸਾਡੇ ਗਿਆਨ ਇੰਦ੍ਰਿਆਂ ਦੀਆਂ ਭੁੱਖਾਂ ਤਾਂ ਹੀ ਦੂਰ ਹੋ ਸਕਦੀਆਂ ਹਨ ਜਦੋਂ
ਅਸੀਂ ਗੁਣੀ ਨਿਧਾਨ ਰੱਬ ਜੀ ਨਾਲ ਇੱਕ ਮਿਕ ਹੋ ਜਾਵਾਂਗੇ ਜੇਹਾ ਕਿ ਅਰਸ਼ੀ ਅਰਸ਼ਾਦ ਹੈ---
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
ਅਖੀ ਦੇਖਿ ਨ ਰਜੀਆ ਗੁਣ ਗਾਹਕ ਇੱਕ ਵੰਨ ॥
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥
ਮ: ੨ ਪੰਨਾ ੧੪੭
ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ), ਕੰਨ (ਗੱਲਾਂ)
ਸੁਣਨ ਨਾਲ ਨਹੀਂ ਰੱਜਦੇ, ਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ)
ਇੱਕ ਇੱਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿੱਚ ਰੱਜਦੇ ਨਹੀਂ,
ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ)। ਸਮਝਾਇਆਂ ਭੀ ਭੁੱਖ ਮਿਟ ਨਹੀਂ
ਸਕਦੀ।
ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ
ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿੱਚ ਲੀਨ ਹੋ ਜਾਏ।
ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਹਨ ਕਿ ਰੱਬੀ ਗੁਣਾਂ ਨੂੰ ਧਾਰਨ ਕਰਨ ਨਾਲ
ਹੀ ਜ਼ਿੰਦਗੀ ਜਿਊਣ ਦੀਆਂ ਹਕੀਕਤਾਂ ਦਾ ਪਤਾ ਚੱਲਦਾ ਹੈ। ਇਹਨਾਂ ਗੁਣਾਂ ਦਾ ਧਾਰਨੀ ਹੋਣਾ ਹੀ ਰੱਬੀ
ਮਿਲਾਪ ਹੈ ਜੋ ਮਨੁੱਖੀ ਜ਼ਿੰਦਗੀ ਦਾ ਉੱਚਾ ਸੁੱਚਾ ਅਦਰਸ਼ ਹੈ। ਭਰੇ ਹੋਏ ਭਾਂਡੇ ਵਿੱਚ ਕੋਈ ਵੀ ਵਸਤੂ
ਨਹੀਂ ਪਾਈ ਜਾ ਸਕਦੀ। ਦੂਜੀ ਵਸਤੂ ਪਉਣ ਲਈ ਪਹਿਲਾਂ ਭਾਂਡਾ ਖਾਲੀ ਕਰਨਾ ਪਏਗਾ। ਰੱਬੀ ਗੁਣਾਂ ਦੇ
ਟਿਕਾ ਲਈ ਪਹਿਲਾਂ ਆਪਣੀ ਹਊਮੇ ਨੂੰ ਸਮਝਣਾ ਪਏਗਾ, ਹਊਮੇ ਤੋਂ ਕਿਨਾਰਾ ਕਰਨਾ ਹੋਏਗਾ ਤਾਂ ਜਾ ਕੇ
ਫਿਰ ਰੱਬੀ ਗੁਣ ਸਾਡੀ ਸੋਝੀ ਵਿੱਚ ਆ ਸਕਦੇ ਹਨ, ਨਿਰੀਆਂ ਗੱਲਾਂ ਕਰਨ ਨਾਲ ਰੱਬ ਜੀ ਦੀ ਪ੍ਰਾਪਤੀ
ਨਹੀਂ ਹੈ ਜੇਹਾ ਕਿ ਰੱਬੀ ਫਰਮਾਣ ਹੈ—
ਗੋਵਿਦੁ ਗੁਣੀ ਨਿਧਾਨੁ ਹੈ ਅੰਤ ਨ ਪਾਇਆ ਜਾਇ ॥
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥
ਸਤਿਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥
ਸਿਰੀ ਰਾਗੁ ਮਹਲਾ ੩ ਪੰਨਾ ੩੩ --
ਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ
ਲੱਭਿਆ ਨਹੀਂ ਜਾ ਸਕਦਾ। ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ)
ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ
ਅੰਦਰੋਂ ਹਉਮੈ ਦੂਰ ਹੋ ਜਾਏ। ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ-ਅਦਬ
ਵਿੱਚ ਭਿੱਜਾ ਰਹਿੰਦਾ ਹੈ (ਤੇ ਇਸ ਤਰ੍ਹਾਂ) ਪਰਮਾਤਮਾ ਆਪ ਮਨੁੱਖ ਦੇ ਮਨ ਵਿੱਚ ਆ ਵੱਸਦਾ ਹੈ। ੧।
ਸਫਰ ਕਰਦਿਆਂ ਕੋਈ ਚੰਗਾ ਮੁਸਾਫਰ ਮਿਲ ਜਾਏ ਤਾਂ ਸਫਰ ਸੌਖਾ ਤਹਿ ਹੋ ਜਾਂਦਾ
ਹੈ ਜੀਵਨ ਵਿੱਚ ਵਿਚਰਦਿਆਂ ਜੇ ਹਕੀਕੀ ਗੁਣ ਆ ਜਾਣ ਤਾਂ ਜ਼ਿੰਦਗੀ ਸੌਖੀ ਗ਼ੁਜ਼ਰ ਜਾਂਦੀ ਹੈ—ਫਰਮਾਣ ਹੈ—
ਗੁਣ ਨਿਧਾਨ ਸਾਹਿਬ ਮਨਿ ਮੇਲਾ ॥ ਸਰਣਿ ਪਇਆ ਨਾਨਕ ਸ+ਹੇਲਾ ॥੪॥
ਆਸਾ ਮਹਲਾ ੫ ਪੰਨਾ ੨੮੩ ੁ
ਹੇ ਨਾਨਕ
!
(ਆਖ—ਹੇ ਭਾਈ !)
ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿੱਚ ਮਿਲਾਪ ਹੋ ਗਿਆ ਹੈ (ਜਦੋਂ ਦਾ ਗੁਰੂ ਦੀ ਕਿਰਪਾ
ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ ਮੈਂ ਸੌਖਾ ਹੋ ਗਿਆ ਹਾਂ।
ਸਦੀਵ ਕਾਲ ਨਿਯਮਾਵਲੀ ਦਾ ਜ਼ਿਕਰ ਕਰਦਿਆਂ ਗੁਰਦੇਵ ਜੀ ਫਰਮਾਉਂਦੇ ਹਨ ਕਿ
ਸੰਸਾਰ ਦਾ ਸਾਰਾ ਕੁੱਝ ਇੱਕ ਨਿਯਮ ਵਿੱਚ ਚੱਲ ਰਿਹਾ ਹੈ ਉਸ ਦੀ ਪਹਿਛਾਣ ਆਪਣੀ ਸਵੈ ਪੜਚੋਲ ਕੀਤਿਆਂ
ਹੀ ਆ ਸਕਦੀ ਹੈ ਜੇਹਾ ਕਿ ---
ਤਿਤੁ ਅਗਮ ਤਿਤੁ ਅਗਮਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥
ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥
ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥
ਆਸਾ ਮਹਲਾ ੧ ਪੰਨਾ ੪੩੬—
ਹੇ ਸਹੇਲੀਏ
!)
ਦੱਸ, ਉਸ ਅਪਹੁੰਚ ਪਰਮਾਤਮਾ ਦੇ ਸ਼ਹਰ ਵਿੱਚ ਕਿਸ ਤਰੀਕੇ ਨਾਲ ਜਾਈਦਾ ਹੈ। (ਸਹੇਲੀ ਉੱਤਰ ਦੇਂਦੀ
ਹੈ—ਹੇ ਭੈਣ !
ਉਸ ਸ਼ਹਰ ਵਿੱਚ ਪਹੁੰਚਣ ਵਾਸਤੇ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ, (ਸਿਮਰਨ ਦੀ ਬਰਕਤਿ ਨਾਲ)
ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕ ਕੇ, ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਸਤਿਗੁਰੂ ਦਾ
ਸ਼ਬਦ ਕਮਾਣਾ ਚਾਹੀਦਾ ਹੈ (ਭਾਵ, ਗੁਰ-ਸ਼ਬਦ ਅਨੁਸਾਰ ਜੀਵਨ ਬਣਾਣਾ ਚਾਹੀਦਾ ਹੈ)। ਸਦਾ-ਥਿਰ ਪ੍ਰਭੂ
ਨਾਲ ਮਿਲਾਣ ਵਾਲਾ ਗੁਰ-ਸ਼ਬਦ ਕਮਾਇਆਂ ਆਪਣੇ ਘਰ ਵਿੱਚ (ਸ੍ਵੈ-ਸਰੂਪ ਵਿਚ) ਅੱਪੜ ਜਾਈਦਾ ਹੈ, ਤੇ
ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਈਦਾ ਹੈ। ਉਸ ਪ੍ਰਭੂ ਦਾ ਆਸਰਾ ਲੈ ਕੇ ਉਸ ਦੀਆਂ ਟਹਣੀਆਂ ਡਾਲੀਆਂ
ਜੜ੍ਹ ਪੱਤਰ (ਆਦਿਕ, ਭਾਵ, ਉਸ ਦੇ ਰਚੇ ਜਗਤ) ਦਾ ਆਸਰਾ ਲੈਣ ਦੀ ਲੋੜ ਨਹੀਂ ਪੈਂਦੀ (ਕਿਉਂਕਿ) ਉਹ
ਪਰਮਾਤਮਾ ਸਭਨਾਂ ਦੇ ਸਿਰ ਉਤੇ ਪਰਧਾਨ ਹੈ।
ਪ੍ਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਤੇ ਆਤਮਕ ਤਲ਼ `ਤੇ ਭਗਤਾਂ ਦਾ ਸਹਾਰਾ
ਹੈ ---
ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥
---
ਸੋਰਠਿ ਮਹਲਾ ੫ ਪੰਨਾ ੬੧੭
ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ
ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ।
ਪ੍ਰਮਾਤਮਾ ਸਰਬ ਵਿਆਪਕ ਹੈ ਇਸ ਲਈ ਸਾਡੇ ਹਿਰਦੇ ਵਿੱਚ ਵੀ ਉਹ ਹੀ ਬੈਠਾ ਹੈ
ਭਾਵ ਉਸ ਦੇ ਗੁਣ ਸਾਡੇ ਹਿਰਦੇ ਵਿੱਚ ਹੀ ਹਨ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ---
ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥
ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥
ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥
ਸਲੋਕੁ ਮ: ੩ ਪੰਨਾ ੬੫੦—
ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ
ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ
(ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ
ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿੱਚ
ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ
!
ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ` ਆਸਰਾ (ਰੂਪ) ਹੈ, ਉਸ ਨਾਮ ਦਾ
ਵਾਪਾਰੀ ਮੁਬਾਰਿਕ ਹੈ।
ਸਾਡੇ ਲਈ ਤਾਂ ਏਹੀ ਕਹਿਣਾ ਬਣਦਾ ਹੈ ਕਿ ਹੇ ਰੱਬ ਜੀ! ਤੁਸੀਂ ਤਾਂ ਗੁਣਾਂ
ਦੇ ਖ਼ਜ਼ਾਨੇ ਹੋ, ਮੈਂ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ---
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥
ਸੂਹੀ ਮਹਲਾ ੪ ਪੰਨਾ ੭੩੫
ਰੱਬ ਜੀ ਦਾ ਇੱਕ ਗੁਣ ਹੈ ਕਿ ਉਹ ਨਿਰਭਉ ਹੈ ਇਸ ਗੁਣ ਨੂੰ ਮਨੁੱਖ ਲੈ ਲਏ
ਤਾਂ ਉਹ ਵੀ ਕਿਸੇ ਕੋਲੋਂ ਨਹੀਂ ਡਰੇਗਾ। ਬੇ-ਲੋੜੀਆਂ ਮੁਥਾਜ਼ਗੀਆਂ ਨਹੀਂ ਝੱਲੇਗਾ। ਅਜੇਹਿਆਂ ਗੁਣਾਂ
ਵਿਚੋਂ ਹੀ ਸ਼ਹੀਦੀਆਂ ਦੇ ਪ੍ਰਵਾਹ ਚੱਲਦੇ ਹਨ--
ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ ॥
ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ ॥੨॥
ਸਾਰਗ ਮਹਲਾ ੫ ੧੨੧੪
ਹੇ ਭਾਈ
!
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਉੱਚੀ ਬੁੱਧੀ ਪ੍ਰਾਪਤ ਕਰ ਲਈ, ਉਸ ਨੇ ਸਿਰਫ਼ ਮਾਲਕ-ਪ੍ਰਭੂ ਦਾ
ਹੀ ਆਸਰਾ ਲਿਆ ।
ਹੇ ਨਾਨਕ !
ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਜਿਸ ਮਨੁੱਖ ਨੂੰ ਮਿਲ ਪਿਆ, ਉਸ ਦੀ ਸਾਰੀ ਮੁਥਾਜੀ ਮੁੱਕ ਗਈ ।
ਅਤੇ
ਸਰਬ ਗੁਣ ਨਿਧਾਨੰ, ਕੀਮਤਿ ਨ ਗ੍ਹਾਨੰ ਧ੍ਹਾਨੰ; ਊਚੇ ਤੇ ਊਚੌ ਜਾਨੀਜੈ,
ਪ੍ਰਭ ਤੇਰੇ ਥਾਨੰ ॥
ਪੰਨਾ ੧੩੮੬---
ਹੇ ਪ੍ਰਭੂ! ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੇਰੇ ਗਿਆਨ ਦਾ ਅਤੇ (ਤੇਰੇ
ਵਿਚ) ਧਿਆਨ (ਜੋੜਨ) ਦਾ ਮੁੱਲ ਨਹੀਂ (ਪੈ ਸਕਦਾ)। ਤੇਰਾ ਟਿਕਾਣਾ ਉੱਚੇ ਤੋਂ ਉੱਚਾ ਸੁਣੀਂਦਾ ਹੈ।
ਅਕਾਲ ਪੁਰਖੀ ਗੁਣ ਸਾਡੇ ਅੰਦਰ ਹੀ ਪਏ ਹੋਏ ਹਨ ਪਰ ਇਹਨਾਂ ਦੀ ਸਮਝ ਗੁਰ-ਸ਼ਬਦ
ਦੀ ਵਿਚਾਰ ਵਿਚੋਂ ਮਿਲਣੀ ਹੈ ਇਹਨਾਂ ਸਦੀਵ ਕਾਲ ਦੈਵੀ ਗੁਣਾਂ ਨੂੰ ਅਸਾਂ ਆਪਣੀ ਜ਼ਿੰਦਗੀ ਦਾ ਅਧਾਰ
ਬਣਾਉਣਾ ਹੈ ਤਾਂ ਕਿ ਸੰਸਾਰ ਸੁੱਖ ਅਮਨ ਨਾਲ ਰਹਿ ਸਕੇ। ਇਹਨਾਂ ਗੁਣਾਂ ਦੀ ਸ਼ੁਰੂਆਤ ਆਪਣੇ ਆਪ ਤੋਂ
ਕਰਨੀ ਹੈ।