ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥
ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥
ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥
{
ਸਲੋਕੁ ਮਃ ੩, ਪੰਨਾ 591}
ਪਰ ਇਸ ਸਿੱਖਿਆ ਨਾਲ ਲੋਕਾਂ ਦਾ ਵਾਸਤਾ ਹੀ ਨਹੀਂ। ਉਹ ਤਾਂ ਬੱਸ ਸਰੋਵਰ
ਵਿੱਚ ਨਹਾ ਕੇ, ਗੋਲਕ ਵਿੱਚ ਪੈਸੇ ਪਾ ਲੰਗਰ ਰਾਹੀਂ ਹੁੰਦੇ ਹੋਏ ਬਾਹਰ ਲੱਗੀਆਂ ਦੁਕਾਨਾਂ ‘ਤੇ ਆ ਕੇ
ਯਾਤਰਾ ਸਫਲ ਸਮਝਦੇ ਹਨ। ਦੁੱਖ-ਦਰਦ ਦੂਰ ਕਰਨ ਲਈ ਤਾਂ ਉਹ ‘ਸੱਚੇ ਗੁਰੂ’ ਦੀ ਬਜਾਏ ਕੱਚੇ ਪਿੱਲਿਆਂ
ਪਿੱਛੇ ਭੱਜੇ ਫਿਰਦੇ ਹਨ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਉਹੀ ਮਨੁੱਖ ਪਵਿੱਤਰ ਹੈ ਜਿਹੜਾ ਉਸ
ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਜੇ ਮਨੁੱਖ ਦਾ ਮਨ ਅੰਦਰੋਂ ਵਿਕਾਰਾਂ ਨਾਲ ਭਰਿਆ ਹੋਇਆ ਹੈ ਤਾਂ
ਬਾਹਰੋਂ ਕੇਵਲ ਸਰੀਰ ਨੂੰ ਤੀਰਥ ਸਥਾਨਾਂ ‘ਤੇ ਇਸ਼ਨਾਨ ਕਰਾਇਆਂ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ।
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥
ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਜੇ ਗੁਰੂ ਦੇ ਦਰ ਤੇ ਸੱਚੇ ਮਨ ਨਾਲ ਆਈਏ
ਤਾਂ ਹੀ ਹਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ
ਮੈਲ ਧੋਤਿਆਂ ਹਿਰਦਾ ਪਵਿੱਤਰ ਹੁੰਦਾ ਹੈ। ਜੇ ਗੁਰੂ ਦੇ ਦਰ ਤੇ ਟਿਕੀਏ ਤਾਂ ਪਰਮਾਤਮਾ ਆਪ ਹੀ ਇਹ
ਸਮਝ ਬਖ਼ਸ਼ਦਾ ਹੈ ਕਿ ਅਸੀ ਚੰਗੇ ਹਾਂ ਜਾਂ ਮੰਦੇ।
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਇਸ ਮਨੁੱਖਾ ਜੀਵਨ ਸਮੇਂ ਗੁਰੂ ਦਾ ਆਸਰਾ
ਨਹੀਂ ਲਿਆ ਤਾਂ ਕੋਈ ਇਹ ਨਾਹ ਸਮਝੇ ਇੱਥੋਂ ਖ਼ਾਲੀ-ਹੱਥ ਜਾ ਕੇ ਕਿਸੇ ਸਵਰਗ ਵਿੱਚ ਜੀਵਨ ਪਵਿੱਤਰ
ਕਰਨ ਦੀ ਸੂਝ ਮਿਲੇਗੀ। ਮਨੁੱਖ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਉਹ ਉਸ ਤਰ੍ਹਾਂ ਦਾ ਹੀ ਬਣ ਜਾਂਦਾ
ਹੈ।
ਜੋ ਮਨੁੱਖ ਗੁਰੂ ਦੇ ਦਰ ‘ਤੇ ਡਿੱਗਦਾ ਹੈ ਉਸ ਨੂੰ ਆਤਮਕ
ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ ਅਤੇ ਜਿਸਨੂੰ ਇਹ ਦਾਤ ਮਿਲ ਜਾਂਧੀ ਹੈ ਉਹ ਜੀਵਨ ਨੂੰ
ਸਫਲ ਬਣਾ ਕੇ ਮਾਣ ਖੱਟਦਾ ਹੈ:
ਜੇਹੇ ਕਰਮ ਕਮਾਇ ਤੇਹਾ ਹੋਇਸੀ ॥
ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥
ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
{ ਸੂਹੀ ਮਹਲਾ ੧,
ਪੰਨਾ 730}
ਗੁਰਬਾਣੀ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਦ ਤੱਕ ਮਨੁੱਖ ਦਾ ਮਨ ਗੁਰੂ ਦੇ
ਸ਼ਬਦ ਨਾਲ ਵਿੰਨਿਆ ਨਹੀਂ ਜਾਂਦਾ, ਤਦ ਤੱਕ ਗੁਰੂ ਦੇ ਦਰ ‘ਤੇ ਸੋਭਾ ਨਹੀਂ ਮਿਲਦੀ। ਜਿਹੜੇ ਲੋਕ ਇਹ
ਸਮਝਦੇ ਹਨ ਕਿ ਬੱਸ ਮੱਥਾ ਟੇਕਣ ਨਾਲ ਹੀ ਸਭ ਪੂਰਾ ਹੋ ਗਿਆ ਅਤੇ ਸਾਰੀ ਉਮਰ ਝੂਠੇ ਹਾਰ-ਸ਼ਿੰਗਾਰਾਂ
‘ਤੇ ਹੀ ਲਗਾ ਦਿੱਤੀ ਪਰ ਮਨ ਦਾ ਸ਼ਿੰਗਾਰ ਉਸ ਪ੍ਰਮਾਤਮਾ ਦੇ ਸ਼ਬਦ ਨਾਲ ਕਰਨ ਦੀ ਕੋਸ਼ਿਸ਼ ਹੀ ਨਹੀਂ
ਕੀਤੀ ਤਾਂ ਅਜਿਹੇ ਮਨੁੱਖ ਦੇ ਸਾਰੇ ਸ਼ਿੰਗਾਰ ਵਿਅਰਥ ਚਲੇ ਜਾਂਦੇ ਹਨ ਕਿਉਂਕਿ ਪਦਾਰਥਾਂ ਨੂੰ ਭੋਗਣ
ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ। ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ
ਹਨ। ਜਿੰਨ੍ਹਾਂ ਦਾ ਮਨ ਅੰਦਰ ਗੁਰੂ ਦਾ ਸ਼ਬਦ ਟਿਕ ਗਿਆ ਉਹ ਹੀ ਸਫਲ ਹੈ:
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥
{ਪੰਨਾ 19}
ਗੁਰੂ ਦੇ ਦਰ ‘ਤੇ ਆਪੇ ਬਣੇ ਘੜੰਮ ਚੌਧਰੀ, ਲੋਕਾਂ ‘ਤੇ ਤਾਂ ਪ੍ਰਭਾਵ ਪਾ
ਸਕਦੇ ਹਨ ਪਰ ਪਰਮਾਤਮਾ ਨੂੰ ਨਹੀਂ ਰਿਝਾਅ ਸਕਦੇ। ਸਵਾਰਥੀ ਲੋਕਾਂ ਦਾ ਗੁਰੂ ਦੇ ਦਰ ‘ਤੇ ਕੋਈ ਕੰਮ
ਨਹੀਂ, ਉੱਥੇ ਤਾਂ ਗੁਰੂ ਦਾ ਸ਼ਬਦ ਸੁਣ, ਪੜ੍ਹ ਕੇ ਜੀਵਨ ਵਿੱਚ ਅਪਨਾਉਣ ਵਾਲੇ ਹੀ ਚੰਗੇ ਲਗਦੇ ਹਨ:
ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥
{ਪੰਨਾ 297}
ਉਪਰੋਕਤ ਗੁਰਬਾਣੀ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਗੁਰਦੁਆਰਾ ਕੋਈ
ਘੁੰਮਣ-ਫਿਰਨ ਦੀ ਥਾਂ ਨਹੀਂ, ਉੱਥੇ ਜਾ ਕੇ ਤਾਂ ਜੀਵਨ ਨੂੰ ਪ੍ਰਮਾਤਮਾ ਦੇ ਰੰਗ ਵਿੱਚ ਢਾਲਣ ਦੀ ਕਲਾ
ਸਿੱਖਣੀ ਹੁੰਦੀ ਹੈ, ਸਰਬੱਤ ਦੇ ਭਲੇ ਲਈ ਕਾਰਜਸ਼ੀਲ ਰਹਿਣ ਅਤੇ ਸਵਾਰਥਾਂ ਤੋਂ ਬਚਣ ਦਾ ਢੰਗ ਸਿੱਖਣਾ
ਹੁੰਦਾ ਹੈ। ਅੱਜ ਜ਼ਰੂਰਤ ਹੈ ਨੌ-ਜੁਆਨ ਪੀੜ੍ਹੀ ਨੂੰ ਸਹੀ ਸੇਧ ਦੇਣ ਦੀ ਤਾਂ ਜੋ ਉਹ ਜ਼ਿੰਦਗੀ ਨੂੰ
ਫਾਲਤੂ ਕੰਮਾਂ ਵਿੱਚ ਨਾ ਗੁਆਉਣ ਸਗੋਂ ਗੁਰੂ ਦੀ ਮੱਤ ਅਨੁਸਾਰ ਚੱਲਣ ਯੋਗ ਬਣਨ। ਹੀਰ-ਰਾਂਝੇ ਦੇ
ਕਿੱਸੇ ਗਾਉਣ ਵਾਲਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਾ ਕਰ ਕੇ ਸਿੱਖ ਇਤਿਹਾਸ ਵਿੱਚ ਹੋਈਆਂ
ਸ਼ਹਾਦਤਾਂ ਨੂੰ ਯਾਦ ਕੀਤਾ ਜਾਵੇ। ਲੋਕਾਂ ਨੂੰ ਅੰਧ-ਵਿਸ਼ਵਾਸ਼ ਵਿੱਚੋਂ ਕੱਢਣ ਲਈ ਚੰਗੇ ਗੁਰਮਤਿ
ਪ੍ਰਚਾਰਕਾਂ ਨੂੰ ਗੁਰਦੁਆਰਿਆਂ ਵਿੱਚ ਸਮਾਗਮਾਂ ‘ਤੇ ਬੁਲਾਇਆ ਜਾਵੇ, ਜੋ ਸਹੀ ਗੱਲ ਲੋਕਾਂ ਨੂੰ ਦੱਸ
ਸਕਣ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਸਹੀ ਜਾਣਕਾਰੀ ਦੇ ਸਕਣ। ਮਹਿਜ਼ ਇਕੱਠ ਨੂੰ ਖਿੱਚਣ ਲਈ ‘ਤੇ
ਆਪਣੀ-ਆਪਣੀ ਸੰਪ੍ਰਦਾ ਦੇ ਸਾਧਾਂ ਦੀਆਂ ਕਰਾਮਾਤਾਂ ਸੁਨਾਉਣ ਵਾਲੇ ਸਾਧਾਂ ਤੋਂ ਕਿਨਾਰਾ ਕੀਤਾ ਜਾਵੇ।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।
ਮਿਤੀ: 23/03/2013