ਸਤਿਕਾਰਤ ਸ. ਮੱਖਣ ਸਿੰਘ ਜੀਓ
ਇਸ ਵਾਰੀਂ ਦੇ ‘ਸਿੱਖ ਮਾਰਗ’ ਵਿੱਚ ਸ. ਜਸਬੀਰ ਸਿੰਘ ਜੀ
ਹੋਰਾਂ ਵੱਲੋਂ ਰੁਮਾਲਿਆਂ ਦੀ ਸਮੱਸਿਆ ਬਾਰੇ ਲਿਖਿਆ ਲੇਖ ਪੜ੍ਹਿਆ। ਬਹੁਤ ਹੀ ਚੰਗਾ ਲੱਗਾ। ਮੈਂ ਵੀ
ਇਸ ਮਸਲੇ ਤੇ ਕੋਈ ਦਸ ਕੁ ਸਾਲ ਪਹਿਲਾਂ ਇੱਕ ਲੇਖ ਲਿਖਿਆ ਸੀ, ਜੋ ਕਿ ਮੇਰੀ ਕਿਤਾਬ ‘ਸਚੇ ਦਾ ਸਚਾ
ਢੋਆ’ ਵਿੱਚ ਵੀ ਛਪਿਆ ਹੋਇਆ ਹੈ। ਮੇਰੇ ਖਿਆਲ ਵਿੱਚ ਸੀ ਕਿ ਉਹ ਕਦੀ ‘ਸਿੱਖ ਮਾਰਗ’ ਵਿੱਚ ਵੀ ਛਪਿਆ
ਹੋਵੇਗਾ ਪਰ ਜਦੋਂ ਹੁਣ ਮੈਂ ਆਪਣੇ ਲੇਖਾਂ ਵਾਲੀ ਲੜੀ ਉਪਰ ਨਿਗਾਹ ਮਾਰੀ ਤਾਂ ਇਹ ਓਥੇ ਮੌਜੂਦ ਨਹੀਂ
ਸੀ। ਹੋ ਸਕਦਾ ਹੈ ਮੇਰੇ ਵੱਲੋਂ ਭੇਜਣ ਵਿੱਚ ਅਣਗਹਿਲੀ ਹੋ ਗਈ ਹੋਵੇ!
ਇਹ ਲੇਖ ‘ਸਿੱਖ ਮਾਰਗ’ ਲਈ ਹਾਜਰ ਹੈ। ਯੋਗ ਸਮਝੋ ਤਾਂ ਥਾਂ ਦੇ ਦੇਣੀ। ਹੋਰ ਵਿਦਵਾਨਾਂ ਨੂੰ ਵੀ ਸ.
ਜਸਬੀਰ ਸਿੰਘ ਜੀ ਵਾਂਙ ਅਜਿਹੇ ਵਿਚਾਰ ਪਰਗਟ ਕਰਨੇ ਚਾਹੀਦੇ ਹਨ।
ਅਜਿਹਾ ਕਰਨ ਨਾਲ਼ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ, ਗ੍ਰੰਥੀ ਸਿੰਘ, ਦੁਕਾਨਦਾਰ ਅਤੇ ਅੰਧ ਵਿਸ਼ਵਾਸ਼ੀ
ਸ਼ਰਧਾਲੂ ਤਾਂ ਨਾਰਾਜ਼ ਹੋਣਗੇ ਹੀ ਹੋਣਗੇ ਪਰ ਸਾਨੂੰ ਸਹੀ ਗੱਲ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ।
ਗੁਰੂ ਘਰਾਂ ਵਿੱਚ ਫਾਲਤੂ ਰੁਮਾਲਿਆਂ ਦੀ ਸਮੱਸਿਆ
ਗੁਰੂ ਜੀ ਦੇ ਸ਼ਰਧਾਲੂ ਸਿੱਖ ਆਪਣੇ
ਖ਼ੂਨ ਪਸੀਨੇ ਦੀ ਕਮਾਈ ਨੂੰ ਆਪਣੇ ਬੱਚਿਆ ਦੇ ਮੂੰਹਾਂ ਵਿਚੋਂ ਬਚਾ ਕੇ, ਮਹਿੰਗੇ ਤੋਂ ਮਹਿੰਗਾ
ਰੁਮਾਲਾ ਖ਼ਰੀਦ ਕੇ, ਗੁਰਦੁਆਰਾ ਸਾਹਿਬ ਵਿਖੇ ਲਿਆਉਂਦੇ ਹਨ। ਕੁੱਝ ਸੁੱਖਣਾ ਲਾਹੁਣ ਲਈ, ਕੁੱਝ ਵੇਖੋ
ਵੇਖੀ, ਕੁੱਝ ਮਰਯਾਦਾ ਸਮਝ ਕੇ, ਕੁੱਝ ਧਰਮੀ ਪੁਜਾਰੀਆਂ ਦੀ ਪ੍ਰੇਰਨਾ, ਤੇ ਸ਼ਾਇਦ ਕੁੱਝ ਹੋਰ ਕਾਰਨਾਂ
ਕਰਕੇ, ਹਰ ਰੋਜ਼ ਦੇਸ ਤੇ ਪਰਦੇਸਾਂ ਵਿਚਲੇ ਗੁਰਦੁਆਰਿਆਂ ਵਿਚ, ਲੱਖਾਂ ਦੀ ਗਿਣਤੀ ਵਿੱਚ ਰੁਮਾਲੇ
ਮਹਾਂਰਾਜ ਤੇ ਚੜ੍ਹਾਏ ਜਾਂਦੇ ਹਨ। ਸਿਰਫ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਛੁਹਾ ਕੇ ਤੇ ਫੇਰ ਲਾਹ
ਕੇ ਕਿਸੇ ਕੋਠੜੀ ਅੰਦਰ ਸੁੱਟ ਦਿਤੇ ਜਾਂਦੇ ਹਨ, ਜਿਥੇ ਕੇਵਲ ਉਹ ਚੂਹਿਆਂ ਵਾਸਤੇ ‘ਮਹੱਲਾਂ’ ਦਾ ਕੰਮ
ਹੀ ਦਿੰਦੇ ਹਨ ਤੇ ਪਰਦੇਸਾਂ ਵਿੱਚ ਅੱਗ ਦੇ ਖ਼ਤਰੇ ਦਾ ਕਾਰਨ ਵੀ ਬਣਦੇ ਹਨ। ਕੁੱਝ ਗ੍ਰੰਥੀ ਸਿੰਘ ਵੀ,
ਕਿਸੇ ਅੰਧ ਵਿਸ਼ਵਾਸ਼ ਦੇ ਅਸਰ ਹੇਠ, ਨਾ ਤਾਂ ਸੰਗਤਾਂ ਨੂੰ ਇਸ ਬੇਲੋੜੀ ਫ਼ਜ਼ੂਲ ਖ਼ਰਚੀ ਤੋਂ ਬਚਾ ਕੇ ਇਸ
ਧਨ ਨੂੰ ਸਕਾਰਥ ਕਾਰਜਾਂ ਵਿੱਚ ਖ਼ਰਚਣ ਲਈ ਪ੍ਰੇਰਨਾ ਕਰਦੇ ਹਨ ਤੇ ਨਾ ਫਿਰ ਇਸ ਕੀਮਤੀ ਕੱਪੜੇ ਦੀ
ਸੁਚੱਜੀ ਵਰਤੋਂ ਕਰਨ ਲਈ ਪ੍ਰਬੰਧਕਾਂ ਤੇ ਸੰਗਤਾਂ ਨੂੰ ਯੋਗ ਅਗਵਾਈ ਹੀ ਦਿੰਦੇ ਹਨ।
ਕੁਝ ਦਹਾਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਇੱਕ ਬਹੁਤ ਥੋਹੜੀ ਜਿਹੀ ਦਲੇਰੀ ਇਸ ਪਾਸੇ
ਕੀਤੀ ਸੀ। ਸੰਗਤਾਂ ਨੂੰ ਤਸਵੀਰਾਂ ਵਾਲੇ ਰੁਮਾਲੇ ਗੁਰੂ ਗ੍ਰ੍ਰੰਥ ਸਾਹਿਬ ਜੀ ਤੇ ਚੜ੍ਹਾਉਣੋ ਰੋਕਿਆ
ਸੀ। ਹੁਣ ਕੁੱਝ ਦਿਨ ਹੋਏ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਦਵਾਨ ਮੁਖ ਗ੍ਰੰਥੀ, ਸਿੰਘ ਸਾਹਿਬ ਗਿ.
ਗੁਰਬਚਨ ਸਿੰਘ ਜੀ, ਨੇ ਆਖਿਆ ਕਿ ਸੰਗਤਾਂ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਵਾਲੇ ਰੁਮਾਲੇ ਖ਼ਰੀਦ ਕੇ
ਨਾ ਚੜ੍ਹਾਉਣ ਪਰ ਸਮੱਸਿਆ ਨੂੰ ਸਹੀ ਥਾਂ ਤੇ ਹੱਥ ਪਾਉਣ ਦਾ ਹੌਂਸਲਾ ਕੋਈ ਨਹੀ ਕਰਦਾ।
ਕੁਝ ਦਹਾਕੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੇ ਗੁਰਦੁਆਰਾ ਸਾਹਿਬਾਨ ਵਿਖੇ ਸਟੋਰਾਂ ਵਿੱਚ
ਰੁਲਦੇ ਰੁਮਾਲਿਆਂ ਵਿਚੋਂ, ਸਬੰਧਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੀ ਆਗਿਆ ਨਾਲ, ਨਿਹੰਗ ਸਿੰਘ,
ਸੰਤ, ਮਹਾਤਮਾ ਆਦਿ ਰੁਮਾਲੇ ਲੈ ਜਾਇਆ ਕਰਦੇ ਸਨ। ਫੇਰ ਇਸ ਦਾ ਇੱਕ ਹੱਲ ਇਹ ਸੋਚ ਕੇ ਵਰਤੋਂ ਵਿੱਚ
ਲਿਆਂਦਾ ਗਿਆ ਕਿ ਗੁਰਦੁਆਰਿਆਂ ਦੀਆਂ ਸਰਾਂਵਾਂ ਦੇ ਬਿਸਤਰਿਆਂ ਦੀਆਂ ਰਜਾਈਆਂ/ਤਲਾਈਆਂ ਦੇ ਗਿਲਾਫ਼
ਬਣਾ ਲਏ ਜਾਇਆ ਕਰਨ ਪਰ ਕਮੇਟੀ ਦੇ ਇੱਕ ਜੁੰਮੇਵਾਰ ਅਧਿਕਾਰੀ ਤੋਂ ਪਤਾ ਲੱਗਾ ਕਿ ਇਸ ਚੰਗੇ ਵਿਚਾਰ
ਉਪਰ ਅਮਲ ਨਹੀਂ ਸੀ ਹੋ ਸਕਿਆ।
ਮੇਰੇ ਬਚਪਨ ਸਮੇ ਇਹਨਾਂ ਦੀ ਸੁਚੱਜੀ ਵਰਤੋਂ ਇੱਕ ਇਹ ਵੀ ਹੁੰਦੀ ਸੀ ਕਿ ਨਵ ਜਨਮੇ ਬੱਚੀ/ਬੱਚੀ ਨੂੰ
ਜਦੋਂ ਪਰਵਾਰ ਪਹਿਲੀ ਵਾਰ ਮੱਥਾ ਟਿਕਾਉਣ ਗੁਰਦੁਆਰਾ ਸਾਹਿਬ ਵਿੱਚ ਲਿਜਾਇਆ ਕਰਦਾ ਸੀ ਤਾਂ ਓਦੋਂ
ਗ੍ਰੰਥੀ ਸਿੰਘ, ਸਿਰੋਪੇ ਵਜੋਂ, ਉਸ ਬੱਚੇ ਨੂੰ, ਇੱਕ ਰੁਮਾਲੇ ਦੀ ਬਖ਼ਸ਼ਿਸ਼ ਕਰਿਆ ਕਰਦੇ ਸਨ; ਜਿਸ ਦਾ
ਪਰਵਾਰ ਵਾਲੇ ਚੋਲਾ ਬਣਾ ਕੇ ਬੱਚੇ ਦੇ ਗਲ ਪਾਇਆ ਕਰਦੇ ਸਨ ਜੋ ਕਿ ਹੁਣ ਇਹ ਰਸਮ, ਨਵੀ ਵਿਦਿਆ ਦੀ
ਰੋਸ਼ਨੀ ਵਿਚ, ਹੋਰ ਵੀ ਕਈ ਬਹੁਤ ਸਾਰੀਆਂ ਚੰਗੀਆਂ ਰਸਮਾਂ ਵਾਂਗ, ਅਲੋਪ ਹੋ ਚੁੱਕੀ ਹੈ।
1977 ਦੀ ਗੱਲ ਹੈ ਕਿ ਲੰਡਨ ਦੇ ਇੱਕ ਗੁਰਦੁਆਰਾ ਸਹਿਬ ਵਿਖੇ ਮੈੰ ਧਾਰਮਿਕ ਵਿਖਿਆਨ ਦੇਣ ਹਿਤ ਗਿਆ
ਤਾਂ ਉਸ ਸਮੇ ਓਥੋਂ ਦੇ ਗ੍ਰੰਥੀ ਸਿੰਘ ਜੀ ਨੇ ਮੇਰੇ ਕੋਲੋਂ ਰੁਮਾਲਿਆਂ ਦੀ ਸਮੱਸਿਆ ਦਾ ਸਮਾਧਾਨ
ਪੁਛਿਆ। ਉਸ ਨੇ ਵਿਖਾਇਆ ਕਿ ਕਿਵੇਂ ਗੁਰਦੁਆਰਾ ਸਾਹਿਬ ਦੀ ਗੈਲਰੀ ਰੁਮਾਲਿਆਂ ਦੀਆਂ ਪੰਡਾਂ ਨਾਲ ਭਰੀ
ਪਈ ਹੈ ਤੇ ਇਹਨਾਂ ਵਿੱਚ ਚੂਹੇ ਲੁੱਡੀਆਂ ਪਾ ਰਹੇ ਹਨ। ਇਸ ਤੋਂ ਇਲਾਵਾ ਜੇਕਰ ਕਿਤੇ ਕੌਂਸਲ ਨੂੰ ਪਤਾ
ਲੱਗ ਗਿਆ ਤਾਂ ਉਹਨਾਂ ਨੇ ‘ਫ਼ਾਇਰ ਹੈਜ਼ਰਡ’ ਦਾ ਦੋਸ਼ ਲਾ ਕੇ ਜੁਰਮਾਨਾ ਵੀ ਕਰਨਾ ਏਂ ਤੇ ਫੌਰੀ ਤੌਰ ਤੇ
ਇਹਨਾਂ ਨੂੰ ਖ਼ਤਮ ਕਰਨ ਲਈ ਹੁਕਮ ਵੀ ਦੇ ਦੇਣਾ ਹੈ। ਓਹਨੀਂ ਦਿਨੀਂ ਬੰਗਲਾ ਦੇਸ਼ ਵਿੱਚ ਆਏ ਤੁਫ਼ਾਨ ਤੋਂ
ਪ੍ਰਭਾਵਤ ਲੋਕਾਂ ਲਈ, ਗੁਰੂ ਘਰਾਂ ਵਿੱਚ ਮਾਇਆ, ਕੱਪੜੇ ਆਦਿ ਦੇਣ ਦੀ ਅਪੀਲ ਕੀਤੀ ਜਾ ਰਹੀ ਸੀ। ਮੈਂ
ਸਟੇਜ ਤੇ ਸੁਝਾ ਦੇ ਦਿਤਾ ਕਿ ਇਹ ਰੁਮਾਲੇ ਵੀ ਓਥੇ ਲੋੜਵੰਦਾਂ ਨੂੰ ਭੇਜ ਦੇਣੇ ਚਾਹੀਦੇ ਹਨ; ਇਹ ਭਲੇ
ਦਾ ਕਾਰਜ ਹੈ। ਦੀਵਾਨ ਦੀ ਸਮਾਪਤੀ ਤੇ ਇੱਕ ਗੁਰਸਿੱਖ ਸੱਜਣ ਬੜੇ ਜੋਸ਼ ਵਿੱਚ ਮੇਰੇ ਪਾਸ ਆਏ ਤੇ ਕੁੱਝ
ਇਸ ਤਰ੍ਹਾਂ ਬੋਲੇ, “ਕੋਈ ਸਿਆਣੀ ਗੱਲ ਵੀ ਕਰ ਲਿਆ ਕਰੋ! ਕੀ ਸ਼੍ਰੋਮਣੀ ਕਮੇਟੀ ਵਾਲੇ ਤੁਹਾਨੂੰ ਏਹੀ
ਕੁੱਝ ਸਿਖਾਉਂਦੇ ਨੇ!” ਦੱਸੋ, ਮੈ ਕੀ ਉਤਰ ਦਿੰਦਾ? “ਇਕ ਚੁੱਪ ਤੇ ਸੌ ਸੁਖ।” ਸੋਚ ਕੇ ਚੁੱਪ ਰਿਹਾ।
ਇਸ ਗੱਲ ਦੀ ਮੈਨੂੰ ਅਜੇ ਤੱਕ ਸਮਝ ਨਹੀ ਆਈ ਕਿ ਜੇ ਅੱਜ ਗੁਰੂ ਕੇ ਸਰਧਾਲੂ ਸਿੱਖ ਸ਼ਬਦ-ਗੁਰੂ ਵਾਸਤੇ
ਏਨੇ ਕੀਮਤੀ ਤੇ ਬਹੁਤਾਤ ਵਿੱਚ ਰੁਮਾਲੇ ਭੇਟ ਕਰਦੇ ਹਨ ਤਾਂ ਗੁਰੂ ਸਾਹਿਬ ਜੀ ਦੇ ਸਰੀਰਕ ਜਾਮੇ ਸਮੇ
ਕਿੰਨੇ ਸੋਹਣੇ, ਕੀਮਤੀ ਤੇ ਬਹੁਲਤਾ ਵਿੱਚ ਬਸਤਰ ਭੇਟ ਕਰਦੇ ਹੋਣਗੇ! ਇਹਨਾਂ ਭੇਟ ਹੋਏ ਬਸਤਰਾਂ ਨੂੰ
ਕੀ ਮਹਾਂਰਾਜ ਅੱਗ ਵਿੱਚ ਪਾ ਕੇ ਸਾੜਦੇ ਹੋਣਗੇ ਜਾਂ ਫਿਰ ਗੁਰਸਿੱਖਾਂ ਨੂੰ, ਉਹਨਾਂ ਦੇ ਪਹਿਨਣ
ਵਾਸਤੇ ਬਖ਼ਸ਼ਦੇ ਹੋਣਗੇ! ਇਤਿਹਾਸ ਵਿੱਚ ਕਿਤੇ ਇਸ ਗੱਲ ਦਾ ਜ਼ਿਕਰ ਮੈ ਅਜੇ ਤੱਕ ਨਹੀ ਵੇਖਿਆ ਕਿਸੇ
ਗੁਰੂ ਸਾਹਿਬ ਜੀ ਨੇ ਸੰਗਤਾਂ ਵੱਲੋਂ ਸ਼ਰਧਾ ਸਹਿਤ ਭੇਟ ਹੋਏ ਬਸਤਰ ਅੱਗ ਵਿੱਚ ਸਾੜੇ ਹੋਣ। ਸਗੋਂ ਇਸ
ਤੋਂ ਉਲਟ, ਸ੍ਰੀ ਗੁਰੂ ਅਮਰਦਾਸ ਜੀ ਦੇ ਰੋਜ਼ਮੱਰਾ ਦੇ ਜੀਵਨ ਬਾਰੇ ਜ਼ਿਕਰ ਕਰਦੇ ਹੋਏ, ਪ੍ਰੋ. ਸਤਿਬੀਰ
ਸਿੰਘ ਜੀ, ਆਪਣੀ ਪੁਸਤਕ ‘ਪਰਬਤੁ ਮੇਰਾਣੁ’ ਦੇ ਪੰਨਾ 55 ਉਪਰ, ਇਸ ਤਰ੍ਹਾਂ ਲਿਖਦੇ ਹਨ:
ਇਸ਼ਨਾਨ ਕਰਨ ਉਪ੍ਰੰਤ ਬਸਤਰ ਸਫ਼ੈਦ ਪਾਉਂਦੇ। ਜੋ ਇੱਕ ਵਾਰੀ ਬਸਤਰ ਪਾ ਲੈਂਦੇ ਉਸ ਨੂੰ ਫਿਰ ਅੰਗੀਕਾਰ
ਨਾ ਕਰਦੇ। ਪਹਿਲਾ ਬਸਤਰ ਗ਼ਰੀਬ ਲੋੜਵੰਦ ਨੂੰ ਦਿੰਦੇ। ਇਸ ਤੇ ਹੈਰਾਨੀ ਇਹ ਕਿ ਦੂਜਾ ਜੋੜਾ ਘਰ ਵਿੱਚ
ਨਹੀ ਸੀ ਰੱਖਦੇ:
ਧਾਰੇ ਸੋ ਬਸਤਰ ਸੁਏਤ॥ ਦੂਜੇ ਨ ਰੱਖੈ ਨਕੇਤ ॥
ਪਹਰੈ ਸੋ ਫੇਰ ਨਵੀਨ॥ ਯਹ ਬਖ਼ਸ਼ ਸਿੱਖਨ ਕੀਨ ॥ 20॥
ਮਹਿਮਾ ਪ੍ਰਕਾਸ਼ ਸਾਖੀ ਦੋ, ਪਾਤਿਸ਼ਾਹੀ ਤੀਜੀ।
ਇਸ ਸਮੱਸਿਆ ਦੇ ਕੁੱਝ ਮੇਰੀ ਸਾਧਾਰਣ ਸਮਝ ਵਿੱਚ ਆਉਣ ਵਾਲੇ ਸਰਲ ਸਮਾਧਾਨ:
1. ਸੰਗਤਾਂ ਨੂੰ ਸਮੇ ਸਮੇ ਪ੍ਰਬੰਧਕਾਂ ਵੱਲੋਂ ਤੇ ਗ੍ਰੰਥੀ ਸਿੰਘਾਂ ਵੱਲੋਂ ਪ੍ਰੇਰਿਆ ਜਾਂਦਾ ਰਹੇ
ਕਿ ਰੁਮਾਲੇ ਵਾਲੀ ਰਕਮ ਕਿਸੇ ਹੋਰ ਲੋੜੀਂਦੇ ਥਾਂ ਲਾਵੋ। ਭਾਵੇਂ ਇਹ ਗੱਲ ਛੇਤੀ ਕਿਸੇ ਵਿਰਲੇ ਦੀ ਹੀ
ਸਮਝ ਵਿੱਚ ਆਵੇਗੀ ਪਰ ਅਸੀਂ, ਜਿਨ੍ਹਾਂ ਦੀ ਡਿਊਟੀ ਹੀ ਸੱਚੇ ਪ੍ਰਚਾਰ ਦੀ ਹੈ, ਇਸ ਤੋਂ ਕਿਉਂ ਮੂੰਹ
ਮੋੜੀਏ!
2. ਪਹਿਲੀ ਵਾਰ ਬੱਚੇ/ਬੱਚੀ ਨੂੰ ਗੁਰੂ ਘਰ ਵਿੱਚ ਲਿਆਉਣ ਸਮੇ, ਗੁਰੂ ਘਰ ਤੋਂ ਗ੍ਰੰਥੀ ਸਿੰਘ ਜੀ
ਵੱਲੋਂ, ਉਸ ਨੂੰ ਰੁਮਾਲੇ ਦਾ ਸਿਰੋਪਾ ਬਖ਼ਸ਼ਿਆ ਜਾਵੇ। ਉਹ ਚੋਲਾ ਬਣਾ ਕੇ ਬੱਚੇ ਦੇ ਗਲ ਵਿੱਚ ਪਾਉਣ
ਜਾਂ ਨਾ ਪਾਉਣ।
3. ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਜਿਵੇਂ ਇੱਕ ਸੇਹਰਾ ਭੇਟਾ ਕਰਨ ਵਾਲੇ ਹਰੇਕ ਸ਼ਰਧਾਲੂ
ਨੂੰ ਇੱਕ ਸੇਹਰਾ ਮਹਾਂਰਾਜ ਦੀ ਬੀੜ ਤੋਂ ਲੈ ਕੇ ਬਖ਼ਸ਼ਿਆ ਜਾਂਦਾ ਸੀ; ਏਸੇ ਹੀ ਮਰਯਾਦਾ ਅਨੁਸਾਰ ਹਰੇਕ
ਨਵਾ ਰੁਮਾਲਾ ਲਿਆਉਣ ਵਾਲੇ ਨੂੰ ਵੀ, ਗੁਰੂ ਘਰ ਵੱਲੋਂ ਪੁਰਾਣੇ ਰੁਮਾਲਿਆਂ ਵਿਚੋਂ ਗ੍ਰੰਥੀ ਸਿੰਘ
ਇੱਕ ਰੁਮਾਲੇ ਦੀ ਬਖ਼ਸ਼ਸ਼ ਕਰੇ। ਅੱਗੋਂ ਉਸ ਲਿਆਉਣ ਵਾਲੇ ਦੀ ਮਰਜੀ ਤੇ ਛੱਡ ਦਿਤਾ ਜਾਵੇ ਕਿ ਉਸ ਨੇ ਇਸ
ਦੀ ਕਿਵੇਂ ਯੋਗ ਵਰਤੋਂ ਕਰਨੀ ਹੈ।
4. ਨਵੀ ਸੋਚ ਵਾਲੇ ਵਿਦਵਾਨ ਸਿੱਖਾਂ ਵੱਲੋਂ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਵੀ ਇਹ ਸਮਝਾਉਣ
ਦੀ ਲੋੜ ਹੈ ਕਿ ਜੇਕਰ ਗੁਰੂ ਸਾਹਿਬਾਨ ਆਪਣੇ ਪੰਜ ਭੂਤਕ ਸਰੀਰਕ ਜਾਮੇ ਸਮੇ, ਆਪਣੇ ਪੁਰਾਣੇ ਬਸਤਰ
ਜਾਂ ਜੋ ਵਸਤੂਆਂ ਆਦਿ ਪ੍ਰੇਮੀ ਸਿੱਖਾਂ ਨੂੰ ਬਖ਼ਸ਼ਿਆ ਕਰਦੇ ਸਨ ਤੇ ਪ੍ਰੇਮੀ ਸਿੱਖ ਬੜੀ ਸ਼ਰਧਾ ਨਾਲ
ਉਹਨਾਂ ਨੂੰ ਪਹਿਨਿਆਂ ਕਰਦੇ ਸਨ; ਤੇ ਇਹ ਕੁੱਝ ਕਰਦਿਆਂ ਉਹਨਾਂ ਵਸਤੂਆਂ ਦਾ ਤ੍ਰਿਸਕਾਰ ਨਹੀ ਬਲਕਿ
ਸਤਿਕਾਰ ਹੋਇਆ ਸਮਝਦੇ ਸਨ। ਉਹ ਆਪ ਵੀ ਇਸ ਗੱਲ ਨੂੰ ਸਮਝਣ ਤੇ ਸੰਗਤਾਂ ਨੂੰ ਵੀ ਸਮਝਾਉਣ ਕਿ ਜੇਕਰ
ਗੁਰੂ ਘਰ ਵੱਲੋਂ ਬਖ਼ਸ਼ਿਸ਼ ਰੁਮਾਲਾ ਗੁਰੂ ਕੇ ਸਿੱਖ ਵਰਤਣ ਤਾਂ ਇਹ ਇਸ ਦੇ ਸਤਿਕਾਰ ਤੋਂ ਬਿਨਾ ਹੋਰ
ਕੁੱਝ ਨਹੀ। ਸਗੋਂ ਗੁਰੂ ਵਲੋਂ ਬਖ਼ਸ਼ੀ ਵਸਤੂ ਨੂੰ, ਉਸ ਮਕਸਦ ਲਈ ਨਾ ਵਰਤਣਾ, ਜਿਸ ਲਈ ਉਸ ਦੀ ਵਰਤੋਂ
ਹੋ ਸਕਦੀ ਹੈ, ਤ੍ਰਿਸਕਾਰ ਹੈ। ਰੁਮਾਲਿਆਂ ਦਾ ਸਾੜਨਾ, ਜਿਸ ਨੂੰ ਭੁਲੇਖੇ ਵੱਸ ਸਸਕਾਰ ਕਰਨਾ ਕਿਹਾ
ਜਾਂਦਾ ਹੈ, ਅਤੀ ਤ੍ਰਿਸਕਾਰ ਹੈ ਤੇ ਨਾ ਬਖ਼ਸ਼ਿਆ ਜਾਣ ਵਾਲਾ ਅਪਰਾਧ ਹੈ; ਹਰ ਪੱਖੋਂ ਹੀ। ਹਾਂ, ਇਹ
ਵੱਖਰੀ ਗੱਲ ਹੈ ਕਿ ਜੇਕਰ ਇਹ ਰੁਮਾਲਾ ਕਿਸੇ ਵਿਅਕਤੀ ਦੇ ਵਰਤੇ ਜਾਣ ਤੋਂ ਬਾਅਦ ਮਹਾਂਰਾਜ ਲਈ ਵਰਤਿਆ
ਜਾਵੇ ਤਾਂ ਇਹ ਸਤਿਕਾਰ ਨਹੀ; ਅਜਿਹਾ ਕਦਾਚਿਤ ਨਹੀ ਕਰਨਾ ਚਾਹੀਦਾ।
5. ਜਿਸ ਲੋੜਵੰਦ ਪਰਵਾਰ ਨੂੰ, ਗੁਰੂ ਘਰ ਦੇ ਪ੍ਰਬੰਧਕ ਅਧਿਕਾਰੀ ਸਮਝਣ, ਉਸ ਨੂੰ ਪਰਵਾਰਕ ਮੈਬਰਾਂ
ਦੀ ਵਰਤੋਂ ਵਾਸਤੇ, ਲੋੜ ਅਨੁਸਾਰ ਪੁਰਾਣੇ ਰੁਮਾਲੇ ਬਖ਼ਸ਼ ਦਿਤੇ ਜਾਇਆ ਕਰਨ।
6. ਗੁਰਦੁਆਰਾ ਸਾਹਿਬਾਨ ਵਿਖੇ ਆੳੇਣ ਵਾਲ਼ੇ ਬਿਨ ਪਗੜੀਏ ਸ਼ਰਧਾਲੂਆਂ ਵਾਸਤੇ, ਇਹਨਾਂ ਦੇ ਛੋਟੇ ਛੋਟੇ
ਟੋਟੇ ਕਰਕੇ ਵੀ, ਗੁਰਦੁਆਰਾ ਸਾਹਿਬਾਨ ਦੇ ਦਰਵਾਜਿਆਂ ਦੇ ਬਾਹਰ ਰੱਖੇ ਜਾ ਸਕਦੇ ਹਨ।
ਕਿਉਂ ਨਹੀ ਸ਼੍ਰੋਮਣੀ ਕਮੇਟੀ ਦੇ ਵਿਦਵਾਨ, ਸੁਚੇਤ, ਸਿਆਣੇ, ਸੁਲਝੇ ਹੋਏ ਅਧਿਕਾਰੀ, ਇਸ ਪਾਸੇ ਧਿਆਨ
ਦੇ ਕੇ ਸੰਗਤਾਂ ਦੀ ਯੋਗ ਅਗਵਾਈ ਕਰਨ ਦਾ ਉਦਮ ਕਰਦੇ! ਅੱਜ ਕਲ੍ਹ ਤਾਂ ਗੁਰਦੁਆਰਾ ਸਾਹਿਬਾਨ ਦੇ
ਗ੍ਰੰਥੀ ਸਿੰਘ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੀ ਧਾਰਮਿਕ ਵਿਦਿਆ ਦੇ ਨਾਲ ਨਾਲ, ਦੁਨਿਆਵੀ
ਵਿਦਿਆ ਪ੍ਰਾਪਤ ਡਿਗਰੀਧਾਰੀ ਵੀ ਹਨ। ਇਸ ਤੋਂ ਇਲਾਵਾ ਏਹਨੀਂ ਦਿਨੀਂ ਵੇਖਣ ਵਿੱਚ ਆ ਰਿਹਾ ਹੈ ਕਿ ਕਈ
‘ਫਰੀਲਾਂਸ ਕਥਾਵਾਚਕ’ ਵੀ, ਜੋ ਕਿ ਯੂਨੀਵਰਸਿਟੀਆਂ ਤੋਂ ਇੱਕ ਤੋਂ ਵਧ ‘ਮਾਸਟਰ ਡਿਗਰੀਆਂ’ ਪ੍ਰਾਪਤ
ਕਰਤਾ ਹਨ, ਅਤੇ ਸਾਰੀ ਦੁਨੀਆਂ ਤੇ ਸਥਾਪਤ ਸਿੱਖ ਸੰਗਤਾਂ ਵਿੱਚ ਧਰਮ ਪ੍ਰਚਾਰ ਲਈ ਵਿਚਰ ਰਹੇ ਹਨ;
ਸੰਗਤਾਂ ਤੇ ਪ੍ਰਬੰਧਕਾਂ ਨੂੰ ਇਸ ਅਤਿ ਜ਼ਰੂਰੀ ਸਮੱਸਿਆ ਬਾਰੇ ਸਹੀ ਅਗਵਾਈ ਨਹੀ ਬਖ਼ਸ਼ ਰਹੇ। ਇਸ ਪਾਸੇ
ਸੰਗਤਾਂ ਨੂੰ ਸੁਚੇਤ ਕਰਨ ਦੀ, ਮੇਰੇ ਖਿਆਲ ਵਿਚ, ਉਪ੍ਰੋਕਤ ਸਾਰੇ ਧਾਰਮਿਕ ਪੁਰਸ਼ਾਂ ਦੀ ਜੁੰਮੇਵਾਰੀ
ਹੈ।
ਨਵੰਬਰ 2006 ਵਿਚ, ਇਸ ਕਿਤਾਬ ਦੀ ਛਪਾਈ ਦੌਰਾਨ, ਜਦੋਂ ਮੈ ਆਪਣੇ ਚਿਰਾਂ ਦੇ ਮਿੱਤਰ, ਗੰਭੀਰ
ਵਿਦਵਾਨ, ਨਿਰਮਾਣ ਗੁਰਸਿੱਖ, ਸਤਿਕਾਰਯੋਗ ਗਿ. ਜੋਗਿੰਦਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ
ਸਾਹਿਬ ਜੀ ਦੇ ਦਰਸ਼ਨਾਂ ਦੌਰਾਨ, ਉਹਨਾਂ ਨਾਲ਼ ਇਸ ਸਮੱਸਿਆ ਬਾਰੇ ਵਿਚਾਰ ਵਟਾਂਦਰੇ ਦੌਰਾਨ, ਉਹਨਾਂ
ਨੂੰ ਬੇਨਤੀ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਇੱਕ
ਸੰਦੇਸ਼ ਜਾਰੀ ਕਰਨ ਕਿ ਰੁਮਾਲਿਆਂ ਨੂੰ ਸਾੜਨ ਦੀ ਬਜਾਇ ਇਹਨਾਂ ਦਾ ਸੁੱਚਜਾ ਉਪਯੋਗ ਕਰ/ਕਰਾ ਲਿਆ
ਕਰਨ। ਕਿਸੇ ਵਹਿਮ ਅਧੀਨ ਇਹਨਾਂ ਨੂੰ ਸਾੜਨਾ ਯੋਗ ਨਹੀ ਹੈ। ਮੇਰੇ ਵਿਚਾਰਾਂ ਨਾਲ਼ ਸਹਿਮਤੀ ਪਰਗਟ
ਕਰਦਿਆਂ ਹੋਇਆਂ ਉਹਨਾਂ ਨੇ ਇੱਕ ਫੌਰੀ ਸੁਝਾ ਇਹ ਵੀ ਦਿਤਾ ਕਿ ਸਾਰੇ ਫਾਲਤੂ ਰੁਮਾਲਿਆਂ ਨੂੰ, ਡਾਕ
ਰਾਹੀ ਪਾਰਸਲ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜ ਦਿਤੇ ਜਾਇਆ ਕਰਨ। ਏਥੇ ਉਹਨਾਂ ਦੀ ਯੋਗ
ਵਰਤੋਂ ਕਰ ਲਈ ਜਾਇਆ ਕਰੇਗੀ।
ਉਹਨਾਂ ਵੱਲੋਂ ਕੋਈ ਅਜਿਹਾ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਕੋਈ ਸੰਦੇਸ਼ ਦਿਤਾ ਗਿਆ ਹੋਵੇ, ਇਸ ਦੀ
ਅਜੇ ਤੱਕ ਮੇਰੇ ਕੋਲ਼ ਕੋਈ ਸੂਚਨਾ ਨਹੀ ਹੈ।
ਸੰਤੋਖ ਸਿੰਘ