ਤੀਰਥ ਇਸ਼ਨਾਨ ਅਤੇ ਅਜੋਕਾ ਸਿੱਖ
ਮਨਦੀਪ ਸਿੰਘ ‘ਵਰਨਨ’
ਭਾਰਤ ਦੇਸ਼ ਅੰਦਰ ਸਦੀਆ ਤੋਂ ਤੀਰਥਾਂ ਤੇ ਜਾਕੇ ਅਤੇ ਇਸ਼ਨਾਨ ਕਰਕੇ ਪਾਪ ਧੋਣ
ਦਾ ਕਰਮ-ਕਾਂਡ ਧਰਮ ਦੇ ਨਾਂ ਤੇ ਪ੍ਰਚੱਲਤ ਹੈ । ਪੁਜਾਰੀ ਵਰਗ ਨੇ ਇਸ ਪਾਖੰਡ ਵਿੱਚ ਪਾਕੇ ਆਮ ਜਨਤਾ
ਦਾ ਖੂਬ ਸ਼ੋਸ਼ਣ ਕੀਤਾ। ਗੁਰੂ ਨਾਨਕ ਸਹਿਬ ਨੇ ਜਿੱਥੇ ਹੋਰ ਕਰਮਕਾਡਾਂ ਨੂੰ ਚੁਨੌਤੀ ਦਿੱਤੀ ਉਥੇ ਇਸ
ਮਹਾਂਪਾਖੰਡ ਦੇ ਵੀ ਬਖੀਏ ਉਧੇੜ ਦਿੱਤੇ।
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
(ਗੁਰੂ ਨਾਨਕ ਸਾਹਿਬ ਜੀ)
ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥ ਇਸਨਾਨੁ ਕਰੈ ਪਰੁ ਮੈਲੁ ਨ ਜਾਈ
॥ ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥
(ਗੁਰੂ ਅਮਰਦਾਸ ਸਾਹਿਬ ਜੀ )
ਉਪਰੋਕਤ ਪੰਕਤੀਆ ਗੁਰੂ ਅਮਰਦਾਸ ਸਾਹਿਬ ਦਾ ਉਪਦੇਸ਼ ਹੈ , ਇਕੱਲੇ ਸਿੱਖਾਂ ਲਈ
ਹੀ ਨਹੀਂ ਹਰ ਮਨੁੱਖ ਲਈ ਹੈ ਤਾਂ ਕਿ ਉਹ ਭਲੀ , ਜੀਵਨ-ਮੁਕਤ, ਵਹਿਮਾਂ -ਭਰਮਾਂ ਤੋਂ ਰਹਿਤ ਜ਼ਿੰਦਗੀ
ਦਾ ਆਨੰਦ ਮਾਣ ਸਕੇ । ਇਕੱਲੇ ਇਹ ਉਪਦੇਸ਼ ਹੀ ਨਹੀਂ ਅਨੇਕਾਂ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ
ਪਾਪ ਉਤਾਰਨ ਲਈ ਤੀਰਥ ਨਹਾਉਣ ਦਾ ਖੰਡਨ ਕੀਤਾ ਗਿਆ ਹੈ । ਪਰ ਮੁਸ਼ਕਿਲ ਨਾਲ ਕੁਝ ਕੁ ਫੀਸਦੀ ਸਿੱਖ
ਅਖਵਾਉਣ ਵਾਲੇ ਇਸ ਉਪਦੇਸ਼ ਨੂੰ ਸਮਝ ਸਕੇ ਹਨ। ਕਈ ਸਮਝਣ ਦੇ ਬਾਵਜੂਦ ਵੀ ਲਾਟਰੀ ਨਿਕਲਣ ਵਾਂਗ
ਛੇਤੀ-ਛੇਤੀ ਪਾਪ ਧੋਣ ਦੀ ਇੱਛਾ ਅਨੁਸਾਰ ਜਾਂ ਕਿਸੇ ਹੋਰ ਕੰਮ ਦੀ ਪੂਰਤੀ ਲਈ ਸਰੋਵਰਾਂ ਵਿੱਚ
ਚੁੱਭੀਆ ਲਾ ਰਹੇ ਹਨ। ਗੁਰਦੁਵਾਰਿਆਂ ਦੇ ਪ੍ਰਬੰਧ ਤੇ ਕਾਬਜ਼ ਹਾਕਮ ਟੋਲਾ/ਪੁਜਾਰੀ ਜਮਾਤ ਪੂਰੇ ਜ਼ੋਰ-
ਸ਼ੋਰ ਨਾਲ ਇਸ ਗੁਰਮਤਿ ਵਿਰੋਧੀ ਵਰਤਾਰੇ ਦੇ ਪ੍ਰਚਾਰਕ ਹਨ ।
ਸਾਡੇ ਕੇਂਦਰੀ ਅਸਥਾਨ ਦਰਬਾਰ ਸਾਹਿਬ , ਅਮ੍ਰਿਤਸਰ ਵਿੱਚ ਸਭ ਤੋਂ ਵੱਧ ਇਹ
ਵਹਿਮ ਵਾੜ ਦਿੱਤਾ ਗਿਆ ਹੈ ਜਾਂ ਵੜ ਗਿਆ ਹੈ । ਸ਼੍ਰੋਮਣੀ ਕਮੇਟੀ ਵਲੋਂ ਇੱਕ ਵਪਾਰਿਕ ਕੇਂਦਰ ਵਾਂਗ
ਇਸ ਅਸਥਾਨ ਦੀ ਵਰਤੋਂ ਹੋ ਰਹੀ ਹੈ । ਗੁਰੂਬਾਣੀ ਦੇ ਵਾਕ ਹਨ :-
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥ ਜੀਉ ਪ੍ਰਾਣ ਮਨੁ ਤਨੁ ਹਰੇ
ਸਾਚਾ ਏਹੁ ਸੁਆਉ ॥ ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥
(ਗੁਰੂ ਅਰਜਨ ਸਾਹਿਬ)
ਇਹਨਾਂ ਪੰਕਤੀਆ ਵਿੱਚ ਗੁਰੂ ਸਾਹਿਬ ਗੁਰੂ (ਸਾਧ/ਗਿਆਨ) ਦੀ ਸੰਗਤ ਨੂੰ ਹੀ
ਤੀਰਥ ਕਹਿ ਰਹੇ ਹਨ । ਸਾਡੇ ਕੇਂਦਰੀ ਅਸਥਾਨ ਤੇ ਇਸ ਗੁਰਵਾਕ ਦੇ ਬਿਲਕੁਲ ਉਲਟ ਹੋ ਰਿਹਾ ਹੈ। ਗੁਰੂ
ਦੀ ਸੰਗਤਿ ਕਰਨ ਦੀ ਬਜਾਏ ਅਨੇਕਾਂ ਤੋਤਾ -ਰਟਨ ਅਖੰਡ ਪਾਠ ਕਰਕੇ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ
ਮਖੌਲ ਉਡਾਇਆਂ ਜਾ ਰਿਹਾ ਹੈ । ਉਸਦੇ ਉਲਟ ਜੋ ਸਰੋਵਰ ਪਾਣੀ ਦੀ ਲੋੜ ਲਈ ਬਣਾਏ ਗਏ ਸਨ ਉਹਨਾਂ ਵਿੱਚ
ਪਾਪ ਉਤਾਰਨ ਹਿੱਤ, ਕੰਮ ਸੰਵਾਰਨ ਹਿੱਤ, ਇੱਛਾ ਪੂਰਨ ਹਿੱਤ ਇਸ਼ਨਾਨ ਕੀਤੇ ਤੇ ਕਰਵਾਏ ਜਾ ਰਹੇ ਹਨ।
ਹੋਰ ਤੇ ਹੋਰ ਹਾਸੋਹੀਣੀ ਹਾਲਤ ਇਥੋਂ ਤੱਕ ਹੈ ਕਿ ਉਸੇ ਸਰੋਵਰ ਦੇ ਇੱਕ ਕੋਨੇ ਵਿੱਚ ਬੇਰੀ (ਅਖੌਤੀ
ਦੁਖ ਭੰਜਨੀ) ਥੱਲੇ ਖਾਸ ਇਸ਼ਨਾਨ ਹੋ ਰਿਹਾ ਹੈ । ਇੱਕੋ ਪਾਣੀ ਵਿੱਚ ਇੱਕ ਪਾਸਾ ਖਾਸ ਜ਼ਿਆਦਾ ਪਵਿੱਤਰ
ਹੈ , ਕਰਮ-ਕਾਂਡਾਂ ਦੀ ਹੱਦ ਹੋ ਚੁੱਕੀ ਹੈ। ਗੁਰਦੁਵਾਰਾ ਛੇਹਰਟਾ ਜੋ ਕਿ ਗੁਰੂ ਸਾਹਿਬ ਨੇ ਉਸ
ਇਲਾਕੇ ਵਿੱਚ ਪਾਣੀ ਦੀ ਕਿੱਲਤ ਪੂਰੀ ਕਰਨ ਲਈ ਛੇ-ਹਰਟ ਲਗਵਾਏ ਸਨ । ਹੁਣ ਇਹ ਸਰੋਵਰ ਦਾ ਰੂਪ ਧਾਰਕੇ
ਤੇ ਖਾਜ-ਚੰਬਲ ਲਈ ਇਸ਼ਾਨਨ ਕਰਨ ਵਾਲਾ ਖਾਸ ਗੁਰਦੁਵਾਰਾ ਬਣ ਗਿਆ ਹੈ ਤੇ ਪੁਜਾਰੀ ਤੇ ਹਾਕਮ ਰਲਕੇ
ਆਪਣਾ ਢਿੱਡ ਭਰ ਰਹੇ ਹਨ ਤੇ ਦੇਸ਼ ਵਿੱਚ ਅਨੇਕਾਂ ਹੀ ਕੋਹੜੀ ਫਿਰਦੇ ਹਨ ਪਰ ਉਹ ਛੇਹਰਟੇ ਦੇ ਪਾਣੀ
ਨਾਲ ਤੰਦਰੁਸਤ ਨਹੀਂ ਹੋ ਰਹੇ । ਲਗਭਗ ਹਰ ਗੁਰਦੁਵਾਰਾ ਕਿਸੇ ਨਾ ਕਿਸੇ ਤਰੀਕੇ ਬਿਪਰੀ ਵਿਚਾਰਧਾਰਾ
ਦੇ ਤੀਰਥ ਦੀ ਸ਼ਕਲ ਅਖਤਿਆਰ ਕਰ ਚੁੱਕਾ ਹੈ । ਗੁਰੂ ਸ਼ਬਦ ਦਾ ਤੀਰਥ, ਮੱਸਿਆ ਅਤੇ ਪੁੰਨਿਆ ਦੇ ਕੁੰਭ
ਇਸ਼ਨਾਨਾਂ ਵਿੱਚ ਗੁਆਚ ਗਿਆ ਹੈ ਜਾਂ ਸਿਰਫ ਇਕੋਤਰੀਆਂ ਦੀ ਭੇਟ ਚੜ੍ਹ ਚੁੱਕਾ ਹੈ । ਤਰਨ-ਤਾਰਨ ਦਾ
ਕੇਂਦਰ ਜੋ ਕਿਸੇ ਵੇਲੇ ਸਿੱਖੀ ਦਾ ਜ਼ਬਰਦਾਸਤ ਪ੍ਰਚਾਰ ਕੇਂਦਰ ਸੀ ਤੇ ਜਿੱਥੇ ਗੁਰੂ ਅਰਜਨ ਸਾਹਿਬ ਜੀ
ਨੇ ਸਭ ਤੋਂ ਪਹਿਲਾ ਕੋੜ੍ਹੀ ਘਰ ਬਣਵਾਇਆਂ ਸੀ । ਤਰਨ-ਤਾਰਨ ਦਾ ਸਰੋਵਰ ਵੀ ਅੱਜ ਪੁਜਾਰੀ ਜੀ ਨੇ
ਬਿਮਾਰੀ ਹਟਾਉਣ ਦਾ ਤੀਰਥ ਬਣਾ ਲਿਆ ਹੈ । ਗੁਰੂ ਜੀ ਨੇ ਤਾਂ ਇਲਾਜ ਹਿੱਤ ਕੋੜ੍ਹੀ ਘਰ ਬਣਾਏ ਪਰ
ਸ਼ਾਤਰ ਪ੍ਰਬੰਧਕ ਬਨਾਮ ਹਾਕਮ ਸ਼੍ਰੇਣੀ ਤੇ ਭੁੱਖੀ ਪ੍ਰਚਾਰਕ ਸ਼੍ਰੇਣੀ ਨੇ ਗੁਰੂ ਸਾਹਿਬ ਦੇ ਉਲਟ ਜਾ
ਸਰੋਵਰ ਹੀ ਚਮਤਕਾਰੀ ਦਵਾਖਾਨੇ ਬਣਾ ਛੱਡੇ । ਇਸ ਇਲਕੇ ਵਿੱਚ ਉਨਾਂ ਕਿਸੇ ਗੁਰਪੁਰਬ ਦਾ ਪਤਾ ਨਹੀਂ
ਲੱਗਦਾ ਜਿਨਾਂ ਤਰਨ-ਤਾਰਨ ਮੱਸਿਆ ਦਾ ਮੇਲਾ ਲੱਗਦਾ ਹੈ ਤੇ ਦੂਰੋਂ-ਦੂਰੋਂ ਗੁਰੂ ਕੇ ਸਿੱਖ ਪਾਣੀ
ਵਿੱਚ ਤਾਰੀ ਲਾਕੇ ਆਪਣੇ ਪਾਪ ਉਤਾਰਦੇ ਹਨ ਤੇ ਬਿਮਾਰੀਆਂ ਠੀਕ ਕਰਨ ਦਾ ਭਰਮ ਪਾਲਦੇ ਹਨ। ਆਪਣੇ ਗੁਰੂ
ਸਾਹਿਬਾਨ ਦੇ ਉਪਦੇਸਾਂ ਦੀ ਘੋਰ ਨਿਰਾਦਰੀ ਹੀ ਨਹੀਂ ਬਲਕੇ ਗੁਰੂ ਕੀ ਬਾਣੀ ਨੂੰ ਗਲਤ ਸਾਬਿਤ ਕਰਨ ਦੇ
ਬਿਪਰੀ ਜਾਲ ਵਿੱਚ ਫਸਦੇ ਚਲੇ ਜਾ ਰਹੇ ਹਾਂ। 1996-97 ਵਿੱਚ
ਗੁਰਦੁਵਾਰਾ ਮੰਜੀ ਸਾਹਿਬ , ਆਲਮਗੀਰ (ਲੁਧਿਆਣਾ) ਵਿੱਚ ਇੱਕ ਡਰਾਮਾ ਕੀਤਾ ਗਿਆ ਕਿ ਕਿਸੇ ਸੇਵਾਦਾਰ
ਨੂੰ ਸੁਪਨੇ ਵਿੱਚ ਸਰੋਵਰ ਦੇ ਵਿੱਚ ਗੁਰੂ ਸਾਹਿਬ ਦੇ ਲੱਗੇ ਤੀਰ ਅਸਥਾਨ ਦੇ ਦਰਸ਼ਨ ਹੋਏ ਹਨ। ਬੱਸ
ਫਿਰ ਕੀ ਸੀ, ਧੜਾਧੜ ਪੁਟਾਈ ਕਰਵਾਕੇ ਸਰੋਵਰ ਦੇ ਅੱਧ -ਵਿਚਕਾਰ ਇੱਕ ਖੂਹੀ ਪੁੱਟਕੇ ਤੇ ਸਪੈਸ਼ਲ ਰਸਤਾ
ਬਣਾ ਦਿੱਤਾ ਗਿਆ ਤੇ ਅੱਜਕੱਲ ਉਸ ਖੂਹੀ ਦੇ ਦਰਸ਼ਨ ਵੀ ਕਰਾਏ ਜਾਂਦੇ ਹਨ ਤੇ ਨਾਲ ਹੀ ਸਿੱਖ ਸੂਰਮੇ
ਮੱਥਾ ਟੇਕਦੇ ਹਨ ਤੇ ਗੋਲਕ ਵੀ ਭਰ ਰਹੇ ਹਨ। ਗੁਰੂ ਸ਼ਬਦ ਦਾ ਤੀਰਥ ਸਾਰੇ ਗੁਰਦੁਵਾਰੇ ਵਿੱਚ ਕਿਧਰੇ
ਨਜ਼ਰ ਨਹੀਂ ਆ ਰਿਹਾ।
ਗੁਰੂ ਨਾਨਕ ਦੇ ਇਨਕਲਾਬੀ ਬਚਨ ਹਨ :-
ਜੈ ਕਾਰਣਿ ਤਟਿ ਤੀਰਥ ਜਾਹੀ ॥ ਰਤਨ ਪਦਾਰਥ ਘਟ ਹੀ ਮਾਹੀ ॥
ਤੀਰਥ ਨਾਵਣੁ ਜਾਓ ਤੀਰਥ ਨਾਮ ਹੈ।
ਉਸੇ ਗੁਰੂ ਨਾਨਕ ਦੇ ਨੌਵੇਂ ਰੂਪ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਪਰ ਨੇ
ਪੁੱਤਰ ਪ੍ਰਾਪਤੀ ਲਈ ਤੀਰਥ ਇਸ਼ਨਾਨ ਕਰਵਾ ਦਿੱਤਾ ਤੇ ਉਹ ਵੀ ਬਿਪਰ ਦੀ ਹੀ ਪਵਿੱਤਰ ਤ੍ਰਿਬੇਣੀ ਉੱਤੇ
:-
ਅਬ ਕਬਿ ਜਨਮ ਕਥਨੰ।। ਮੁਰ ਪਿਤ ਪੂਰਬ ਕਿਯਸਿ ਪਯਾਨਾ।।ਭਾਂਤਿ ਭਾਂਤਿ ਕੇ
ਤੀਰਥਿ ਨਾਨਾ।। ਜਬ ਹੀ ਜਾਤਿ ਤ੍ਰਿਬੇਣੀ ਭਏ।। ਪੁੰਨ ਦਾਨ ਦਿਨ ਕਰਤ ਬਿਤਏ।। ਤਹੀਂ ਪ੍ਰਕਾਸ਼ ਹਮਾਰਾ
ਭਯੋ।। ਪਟਨਾ ਸ਼ਹਿਰ ਬਿਖੈ ਭਵ ਲਯੋ।।
(ਪੰਨਾ 59, ਦਸਮ ਗ੍ਰੰਥ)
ਪੰਜਾਬ ਦਾ ਸਿੱਖ ਹਰ ਵਰੇ ਅਖੌਤੀ ਦਸਮ ਗ੍ਰੰਥ ਉਰਫ ਬਚਿੱਤਰ ਨਾਟਕ ਦੀ ਕਾਢ
‘ਹੇਮਕੁੰਟ’ ( ਹਿੰਦੂ ਤੀਰਥ ਲੋਕਪਾਲ) ਅਤੇ ਬਾਬੇ ਹਰੀ ਨਾਰਾਯਿਣ ਦੇ ਪੈਦਾ ਕੀਤੇ ਮਨੀਕਰਣ ਤੇ ਵੀ
ਪਾਪ ਉਤਾਰਨ ਲਈ ਚੁੱਭੀਆਂ ਲਾਉਣ ਪਹੁੰਚ ਜਾਂਦਾ ਹੈ ।
ਮਨੀਕਰਣ ਵਿੱਚ ਨਿਕਲਦੇ ਗਰਮ ਪਾਣੀ ਨੂੰ ਹੀ ਅਸੀਂ ਕਰਾਮਾਤ ਮੰਨ ਲਿਆ ਤੇ
ਬਾਬੇ ਨਾਨਕ ਦਾ ਪੈਦਾ ਕੀਤਾ ਤੀਰਥ ਸਮਝਕੇ ਪਹੁੰਚ ਜਾਂਦੇ ਹਾਂ ਪਾਪ ਧੋਣ। ਕੈਨੇਡਾ ਦੇ ਬ੍ਰਿਟਿਸ਼
ਕੋਲੰਬੀਆ ਸੂਬੇ ਵਿੱਚ ਅਨੇਕਾਂ ਗਰਮ ਚਸ਼ਮੇ ਹਨ ਤੇ ਮਨੀਕਰਣ ਦੇ ਮੁਕਾਬਲੇ ਕਿਤੇ ਵੱਡੇ ਪਰ ਇਹ ਚਸ਼ਮੇ
ਸਾਡੇ ਪੁਜਾਰੀ ਜੀ ਤੋਂ ਬਚ ਗਏ ਵਰਨਾ ਇਹ ਸਾਰੇ ਦੇ ਸਾਰੇ ਵੀ ਬਾਬੇ ਨਾਨਕ ਦੀ ਕਰਾਮਾਤ ਬਣਾ ਦੇਣੇ
ਸਨ। ਇਹ ਗਰਮ ਚਸ਼ਮੇ ਇੱਕ ਕੁਦਰਤੀ ਜਲਵਾਯੂ ਦਾ ਕ੍ਰਿਸ਼ਮਾ ਹੈ ਪਰ ਅਸੀਂ ਸਿੱਖ ਅਖਵਾਉਣ ਵਾਲੇ ਜਿਨਾਂ
ਕੋਲ ਬਾਬੇ ਨਾਨਕ ਦੀ ਕ੍ਰਾਤੀਕਾਰੀ ਵਿਚਾਧਾਰਾ ਹੈ ਵੀ ਬੌਰੇ ਹੋਣ ਦੀ ਹਾਲਤ ਵਿੱਚ ਅੱਪੜ ਗਏ ਹਾਂ ।
ਬਿਪਰ ਦਾ ਗੜਵਈ , ਸਾਧ ਲਾਣਾ ਵੀ ਘੱਟ ਨਹੀਂ ਰਿਹਾ ਉਹਨਾਂ ਦੇ ਡੇਰੇ ਵੀ
ਤੀਰਥਾਂ ਦੀ ਦੌੜ ਵਿੱਚ ਘੱਟ ਨਹੀਂ। ‘ਭੁੱਚੋ ਮੰਡੀ’ ਵਿੱਚ ਹਰਨਾਮ ਸਿਉਂ ਦੇ ਮਸ਼ਹੂਰ ਡੇਰੇ ਵਿੱਚ ਤਾਂ
ਸਰੋਵਰ ਦੇ ਪਾਣੀ ਦੀ ਬਾਕਾਇਦਾ ਮਸ਼ਹੂਰੀ ਕੀਤੀ ਜਾਂਦੀ ਹੈ ਤੇ ਲਿਖਕੇ ਲਾਇਆ ਗਿਆ ਹੈ ਕਿ ਉਹ ਸਰੋਵਰ
ਵਿੱਚ 65 ਤੀਰਥਾਂ ਦਾ ਪਾਣੀ ਲਿਆਕੇ ਪਾਇਆ ਗਿਆ ਹੈ। ਇਸੇ ਡੇਰੇ ਵਿੱਚ ਜ਼ਾਤ ਦੇ ਆਧਾਰ ਤੇ ਘੋਰ
ਵਿਤਕਰਾ ਵੀ ਕੀਤਾ ਜਾਂਦਾਂ ਹੈ। ਲਗਭਗ ਸਾਰੇ ਹੀ ਸਾਧ ਡੇਰੇ ਸਰੋਵਰ ਬਣਾਈ ਬੈਠੇ ਹਨ ਤੇ ਲੋਕਾਂ ਦੀਆਂ
ਚੁੱਭੀਆਂ ਲਵਾ ਰਹੇ ਹਨ ਪਰ ਦੁਨੀਆਂ ਦਾ ਪਾਪ ਉੱਥੇ ਦਾ ਉੱਥੇ ਹੀ ਖੜਾ ਹੈ ਬਲਕਿ ਸਾਧ ਆਪਣੇ ਹੀ
ਡੇਰਿਆਂ ਵਿੱਚ ਮੁੰਡੇ ਅਤੇ ਕੁੜੀਆਂ ਨਾਲ ਬਲਾਤਕਾਰ ਕਰਦੇ ਹਨ ਤੇ ਬਾਅਦ ਵਿੱਚ ਸ਼ਾਇਦ ਉਸੇ ਸਰੋਵਰ
ਵਿੱਚ ਨਹਾਕੇ ਪਵਿੱਤਰ ਹੁੰਦੇ ਹੋਣਗੇ।
ਗੁਰਬਾਣੀ ਦੇ ਕੁਝ ਫੁਰਮਾਨ ਹਨ :-
ਹਉਮੈ ਮੈਲਾ ਇਹੁ ਸੰਸਾਰਾ ॥ ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥
(ਮ:3)
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ
ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥
(ਕਬੀਰ ਜੀ)
ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥
ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥
(ਮ:3)
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ
ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣ ਨਾਤਿਆ ਚੋਰ ਸਿ ਚੋਰਾ
ਚੋਰ ॥
(ਮ: 1)
ਉੱਪਰ ਲਿਖੇ ਗੁਰਬਾਣੀ ਦੇ ਫੁਰਮਾਨ ਤੀਰਥ ਨਹਾਉਣ ਦਾ ਭਰਪੂਰ ਖੰਡਨ ਕਰ ਰਹੇ
ਹਨ ਪਰ ਜੇਕਰ ਅਸੀਂ ਅੱਜ ਵੀ ਸਰੋਵਰਾਂ ਤੇ ਪਾਪ ਧੋਣ ਦੀ ਤੇ ਇੱਛਾ ਪੂਰੀ ਕਰਨ ਦੀ ਆਸ ਨਾਲ ਇਸ਼ਨਾਨ ਕਰ
ਰਹੇ ਹਾਂ ਤਾਂ ਜ਼ਰੂਰ ਸੋਚਣ ਦੀ ਲੋੜ ਹੈ ਕਿ ਅਸੀਂ ਸੱਚਮੁਚ ਵਿੱਚ ਸਿੱਖ ਹਾਂ ਜਾਂ ਸਿਰਫ ਸ਼ਕਲ ਕਰਕੇ ।