ਜਸਬੀਰ ਸਿੰਘ ਵੈਨਕੂਵਰ
ਤੀਰਥੁ ਬਡਾ ਕਿ ਹਰਿ ਕਾ ਦਾਸੁ
ਹਰੇਕ ਧਰਮ ਵਿੱਚ ਕੁੱਝ ਵਿਸ਼ੇਸ਼
ਸਥਾਨਾਂ ਨੂੰ ਤੀਰਥ ਵਜੋਂ ਮਾਨਤਾ ਪ੍ਰਾਪਤ ਹੈ। ਇਹਨਾਂ ਸਥਾਨਾਂ ਵਿੱਚੋਂ ਕੁੱਝ ਕੁ ਦੀ ਵਿਸ਼ੇਸ਼ ਸਮੇਂ
ਅਤੇ ਕੁੱਝ ਕੁ ਦੀ ਜਦ ਕਦੀ ਵੀ ਸਮਾਂ ਮਿਲੇ ਯਾਤਰਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਜਿਸ
ਤਰ੍ਹਾਂ ਹਿੰਦੂਆਂ ਵਿੱਚ ਕੁੰਭ ਦਾ ਮੇਲਾ, ਇਸਲਾਮ ਦੇ ਪੈਰੋਕਾਰਾਂ ਵਿੱਚ ਕਾਬੇ ਦਾ ਹੱਜ ਆਦਿ।
ਤੀਰਥ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਪਾਪ ਤੋਂ ਪਾਰ ਉਤਾਰਨ ਅਥਵਾ ਛੁਟਕਾਰਾ ਦਿਵਾਉਣ
ਵਾਲਾ। ਇਸ ਤਰ੍ਹਾਂ ਤੀਰਥ ਤੋਂ ਭਾਵ ਹੋਇਆ ਉਹ ਪਵਿੱਤਰ ਸਥਾਨ ਜਿਥੇ ਲੋਕੀਂ ਸ਼ਰਧਾ ਭਾਵ ਨਾਲ ਪਾਪ ਦੂਰ
ਕਰਨ ਲਈ ਜਾਂਦੇ ਹੋਣ। ਆਮ ਤੌਰ `ਤੇ ਕਿਸੇ ਨਦੀ ਜਾਂ ਦਰਿਆ ਦੇ ਕਿਨਾਰੇ ਸਥਿਤ ਵਿਸ਼ੇਸ਼ ਸਥਾਨ ਨੂੰ
ਤੀਰਥ ਸਮਝਿਆ ਜਾਂਦਾ ਹੈ। ਤੀਰਥ ਕੇਵਲ ਵਿਸ਼ੇਸ਼ ਸਥਾਨਾਂ ਨੂੰ ਹੀ ਨਹੀਂ ਸਗੋਂ ਵਿਸ਼ੇਸ਼ ਪ੍ਰਾਣੀਆਂ,
ਗੁਰੂ, ਮਾਤਾ-ਪਿਤਾ, ਪਤੀ ਅਤੇ ਪਤਨੀ ਆਦਿ ਨੂੰ ਵੀ ਤੀਰਥ ਜਾਂ ਤੀਰਥ ਦੇ ਸਮਾਨ ਆਖਿਆ ਗਿਆ ਹੈ।
ਸਕੰਦ ਪੁਰਾਨ ਵਿੱਚ ਤੀਰਥਾਂ ਦੀਆਂ ਤਿੰਨ ਕਿਸਮਾਂ ਦਾ ਵਰਣਨ ਹੈ: ਜੰਗਮ, ਸਥਾਵਰ ਅਤੇ ਮਾਨਸ।
(ਬ੍ਰਾਹਮਣ ਨੂੰ ਜੰਗਮ ਤੀਰਥ; ਧਰਤੀ ਉੱਤੇ ਸਥਿਤ ਪਵਿੱਤਰ ਸਥਾਨਾਂ ਨੂੰ ਸਥਾਵਰ ਤੀਰਥ ਅਤੇ ਆਤਮ ਸੰਜਮ
ਨੂੰ ਮਾਨਸ ਤੀਰਥ ਆਖਿਆ ਗਿਆ ਹੈ।) ਤੀਰਥ ਸ਼ਬਦ ਆਮ ਤੌਰ `ਤੇ ਉਹਨਾਂ ਸਥਾਨਾਂ ਪ੍ਰਤੀ ਹੈ ਜਿੱਥੇ ਕਿਸੇ
ਮਹਾਂ ਪੁਰਸ਼ ਦਾ ਜਨਮ ਜਾਂ ਦੇਹਾਂਤ ਹੋਇਆ ਹੈ ਜਾਂ ਕੋਈ ਇਤਿਹਾਸਕ ਘਟਨਾ ਘਟੀ ਹੈ ਜਾਂ ਦੇਵ ਮੰਦਰ ਹੈ।
ਕਈ ਤੀਰਥ ਸਥਾਨ ਧਾਰਮਕ ਸੰਸਕਾਰਾਂ ਦੀ ਦ੍ਰਿਸ਼ਟੀ ਕਾਰਨ ਵੀ ਹੋਂਦ ਵਿੱਚ ਆਏ ਹਨ। ਜਿਵੇਂ ਹਿੰਦੂ ਸਮਾਜ
ਵਿੱਚ ਅਸਤੀਆਂ ਪ੍ਰਵਾਹ ਕਰਨ ਲਈ ਵਿਸ਼ੇਸ ਤੀਰਥ ਸਥਾਨ ਮੰਨ ਲਿਆ ਗਿਆ ਹੈ। (ਹਿੰਦੂ ਵੀਰਾਂ ਦੀ ਰੀਸ
ਕਰਦਿਆਂ ਅਰਥਾਤ ਇਹਨਾਂ ਦੇ ਪਦ-ਚਿੰਨ੍ਹਾਂ `ਤੇ ਚਲਦਿਆਂ ਸਿੱਖ ਜਗਤ ਵਿੱਚ ਵੀ ਕੀਰਤਪੁਰ ਸਾਹਿਬ ਵਿਖੇ
ਅਸਤੀਆਂ ਪਾਉਣ ਦਾ ਰਿਵਾਜ ਪ੍ਰਲਚਤ ਹੋ ਗਿਆ ਹੈ। ਭਾਵੇਂ ਇਸ ਤਰ੍ਹਾਂ ਦੀ ਧਾਰਨਾ ਗੁਰਮਤਿ ਦੇ ਆਸ਼ੇ ਦੇ
ਬਿਲਕੁਲ ਉਲਟ ਹੈ ਪਰੰਤੂ ਜਦ ਧਾਰਮਕ ਆਗੂ ਹੀ ਸਿੱਖ ਸੰਗਤਾਂ ਨੂੰ ਇਹੋ-ਜਿਹੇ (ਮਨਮਤੀ) ਕਰਮ ਕਾਂਡ
ਕਰਨ ਲਈ ਉਤਸ਼ਾਹਤ ਕਰਨ ਲੱਗ ਪੈਣ ਤਾਂ ਜਨ-ਸਾਧਾਰਨ ਨੂੰ ਇਸ ਪਾਸਿਓਂ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ।)
ਇਹਨਾਂ ਤੀਰਥ ਸਥਾਨਾਂ ਨਾਲ ਧਾਰਮਕ ਪੁਰਬਾਂ ਦਾ ਵਿਸ਼ੇਸ਼ ਸੰਬੰਧ ਹੈ। ਇਸ ਧਾਰਨਾ ਕਾਰਨ ਹੀ ਵਿਸ਼ੇਸ਼
ਪੁਰਬਾਂ `ਤੇ ਤੀਰਥਾਂ ਸਥਾਨਾਂ ਦੀ ਯਾਤਰਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ।
ਅਸੀਂ ਇਸ ਲੇਖ ਵਿੱਚ ਤੀਰਥ ਸ਼ਬਦ ਦੇ ਪ੍ਰਚਲਤ ਅਰਥ ਨੂੰ ਹੀ ਆਧਾਰ ਬਣਾ ਕੇ ਗੁਰਬਾਣੀ ਦੀ ਜੀਵਨ-ਜੁਗਤ
ਦੇ ਇਸ ਪੱਖ ਦੀ ਚਰਚਾ ਕਰ ਰਹੇ ਹਾਂ ਕਿ ਤੀਰਥਾਂ ਨਾਲੋਂ ਪ੍ਰਭੂ ਦੀ ਪ੍ਰੇਮਾ-ਭਗਤੀ ਵਿੱਚ ਲੀਨ
ਪ੍ਰਾਣੀ ਉੱਤਮ ਹਨ। ਚੂੰਕਿ ਤੀਰਥਾਂ ਦੀ ਮਹਿਮਾਂ ਭਗਤੀ-ਭਾਵ ਵਿੱਚ ਓਤ-ਪੋਤ ਪ੍ਰਾਣੀਆਂ ਦੀ ਬਦੌਲਤ ਹੈ
ਨਾ ਕਿ ਵਿਸ਼ੇਸ਼ ਤੀਰਥਾਂ ਕਾਰਨ ਭਗਤ ਜਨਾ ਦੀ ਮਹਿਮਾਂ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਇਸ
ਪਹਿਲੂ ਉੱਤੇ ਭਰਪੂਰ ਰੋਸ਼ਨੀ ਪਾਈ ਹੋਈ ਹੈ:
ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ॥
ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ॥ ੧॥ ਤੀਰਥਿ ਅਠਸਠਿ ਮਜਨੁ
ਨਾਈ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ॥ ੧॥ ਰਹਾਉ॥ ਜਾਹਰਨਵੀ ਤਪੈ
ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ॥ ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ॥ ੨॥
ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ॥ ਹਰਿ ਕਾ ਸੰਤੁ ਮਿਲੈ ਗੁਰ ਸਾਧੂ
ਲੈ ਤਿਸ ਕੀ ਧੂਰਿ ਮੁਖਿ ਲਾਈ॥ ੩॥ ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ
ਸਾਧੂ ਕੀ ਤਾਈ॥ ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ॥ ੪॥
(ਪੰਨਾ ੧੨੬੩)
ਅਰਥ: ਹੇ ਭਾਈ! (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦੇ ਤੀਰਥ ਵਿੱਚ (ਕੀਤਾ ਹੋਇਆ ਆਤਮਕ) ਇਸ਼ਨਾਨ (ਹੀ)
ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਿਸ ਮਨੁੱਖ ਦੀਆਂ ਅੱਖਾਂ ਵਿੱਚ ਸਾਧ ਸੰਗਤਿ ਦੇ ਚਰਨਾਂ ਦੀ ਧੂੜ
ਉੱਡ ਕੇ ਪੈਂਦੀ ਹੈ (ਉਹ ਧੂੜ ਉਸ ਦੇ ਅੰਦਰੋਂ) ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ। ੧।
ਰਹਾਉ।
(ਨੋਟ: ‘ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਤੀਰਥ ਵਿੱਚ ਇਸ਼ਨਾਨ’ ਕਰਨ ਤੋਂ ਭਾਵ ਹੈ ਰੱਬੀ ਗੁਣਾਂ ਨੂੰ
ਧਾਰਨ ਕਰਕੇ ਵਿਕਾਰਾਂ ਦੀ ਮੈਲ ਤੋਂ ਰਹਿਤ ਹੋਣਾ ਹੈ। ਇਸ ਭਾਵ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ
ਦਰਸਾਇਆ ਹੈ: ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ
ਗਹੇ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ+ ਖੋਜਿ ਲਹੈ॥ (ਪੰਨਾ ੧੩੨੮) ਅਰਥ: (ਗੁਰੂ
ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿੱਚ ਮਨ
ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ)
ਮਿਲ ਜਾਂਦੇ ਹਨ। ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ)
ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ
ਭਾਲ ਕਰ ਕੇ ਲੱਭ ਲੈਂਦਾ ਹੈ।
ਇਸੇ ਤਰ੍ਹਾਂ ‘ਅੱਖਾਂ ਵਿੱਚ ਸਾਧ ਸੰਗਤਿ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ’ ਤੋਂ ਭਾਵ ਹੈ
ਗੁਰੂ ਦੇ ਉਪਦੇਸ਼ ਦਾ ਹਿਰਦੇ ਵਿੱਚ ਵਸਣਾ।)
ਹੇ ਭਾਈ! ਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ
ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ। (ਇਹ ਨਦੀਆਂ ਆਖਦੀਆਂ ਹਨ ਕਿ)
(ਅਨੇਕਾਂ) ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿੱਚ (ਆ ਕੇ) ਚੁੱਭੀਆਂ ਲਾਂਦੇ ਹਨ
(ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ
ਹੈ। ੧।
ਹੇ ਭਾਈ! ਗੰਗਾ ਨੂੰ ਭਾਗੀਰਥ ਤਪੇ ਨੇ (ਸ੍ਵਰਗਾਂ ਵਿਚੋਂ) ਲਿਆਂਦਾ, ਸ਼ਿਵ ਜੀ ਨੇ ਕੇਦਾਰ ਤੀਰਥ
ਅਸਥਾਪਨ ਕੀਤਾ, ਕਾਂਸ਼ੀ (ਸ਼ਿਵ ਦੀ ਨਗਰੀ), (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ
ਰਿਹਾ—ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ। ੨।
(ਨੋਟ: ਪ੍ਰਚਲਤ ਧਾਰਨਾ ਅਨੁਸਾਰ ਭਗੀਰਥ ਨੇ ਗੰਗਾ ਨੂੰ ਸੁਰਗ ਵਿੱਚੋਂ ਲਿਆਂਦਾ ਸੀ। ਗੁਰੂ ਸਾਹਿਬ ਨੇ
ਕੇਵਲ ਇਹ ਗੱਲ ਦਰਸਾਉਣ ਲਈ ਕਿ ਤੀਰਥਾਂ ਆਦਿ ਦੀ ਮਹਿਮਾਂ ਪ੍ਰਭੂ ਦੇ ਪਿਆਰਿਆਂ ਕਾਰਨ ਹੈ, ਇਸ ਦਾ
ਦ੍ਰਿਸ਼ਟਾਂਤ ਦਿੱਤਾ ਹੈ। ਦ੍ਰਿਸ਼ਟਾਂਤ ਦਾ ਹਮੇਸ਼ਾਂ ਇੱਕ ਪੱਖ ਹੀ ਲਿਆ ਜਾਂਦਾ ਹੈ। ਇਸ ਲਈ ਗੁਰੂ
ਸਾਹਿਬ ਗੰਗਾ ਬਾਰੇ ਪ੍ਰਚਲਤ ਧਾਰਨਾ ਦਾ ਹਵਾਲਾ ਦੇ ਰਹੇ ਹਨ ਨਾ ਕਿ ਇਸ ਪ੍ਰਚਲਤ ਧਾਰਨਾ ਦੀ ਪ੍ਰੜੌਤਾ
ਕਰ ਰਹੇ ਹਨ।)
ਹੇ ਭਾਈ! ਦੇਵਤਿਆਂ ਨੇ ਜਿਤਨੇ ਭੀ ਤੀਰਥ ਅਸਥਾਪਨ ਕੀਤੇ ਹੋਏ ਹਨ, ਉਹ ਸਾਰੇ (ਤੀਰਥ) ਸੰਤ ਜਨਾਂ ਦੇ
ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ। ਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ
ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਂਦੇ ਹਨ। ੩।
ਹੇ ਮੇਰੇ ਮਾਲਕ-ਪ੍ਰਭੂ! ਤੇਰੀ ਪੈਦਾ ਕੀਤੀ ਹੋਈ ਜਿਤਨੀ ਭੀ ਸ੍ਰਿਸ਼ਟੀ ਹੈ, ਉਹ ਸਾਰੀ ਗੁਰੂ ਦੇ
ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤਾਂਘ ਕਰਦੀ ਹੈ। ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਦੇ ਮੱਥੇ
ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ-ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ
ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ੪।
ਅਥਵਾ: ਅਠਸਠਿ ਤੀਰਥ ਜਹ ਸਾਧ ਪਗ ਧਰਹਿ॥ ਤਹ ਬੈਕੁੰਠੁ ਜਹ ਨਾਮੁ ਉਚਰਹਿ॥
(ਪੰਨਾ ੮੯੦) ਅਰਥ: (ਹੇ ਭਾਈ!) ਜਿੱਥੇ ਗੁਰਮੁਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ
ਅਠਾਹਠ ਤੀਰਥ ਸਮਝੋ, (ਕਿਉਂਕਿ) ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ
ਜਾਂਦਾ ਹੈ।
ਭਾਈ ਗੁਰਦਾਸ ਜੀ ਗੁਰਬਾਣੀ ਦੇ ਇਸ ਸਿਧਾਂਤ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ:
ਤੀਰਥ ਨ੍ਹਾਤੈ ਪਾਪ ਜਾਨਿ ਪਤਿਤ ਉਧਾਰਣ ਨਾਉਂ ਧਰਾਇਆ॥ ਤੀਰਥ ਹੋਨ ਸਕਾਰਥੇ ਸਾਧ ਜਨਾ ਦਾ ਦਰਸਨੁ
ਪਾਇਆ॥ (ਵਾਰ ੨੩, ਪਉੜੀ ੨) ਅਰਥ: ਤੀਰਥਾਂ ਵਿਖੇ ਇਸ਼ਨਾਨ ਕੀਤਿਆਂ ਪਾਪ ਚਲੇ ਜਾਣੇ ਮੰਨ ਕੇ
ਲੋਕਾਂ ਨੇ ਇਸ ਕਾਰਣ ਉਹਨਾਂ ਦਾ ਨਾਮ ਪਤਿਤ ਉਧਾਰਣ ਧਰ ਦਿੱਤਾ ਹੈ। ਪਰੰਤੂ ਤੀਰਥ ਆਪ ਤਦ ਸਕਾਰਥੇ
ਹੁੰਦੇ ਹਨ ਜਦ ਸਾਧ ਜਨਾਂ ਦਾ ਦਰਸ਼ਨ ਪਾ ਲੈਣ ਤਾਂ ਕਿਉਂ ਜੋ ਉਹਨਾਂ ਦੇ ਪਾਪ ਸਾਧੂ ਦੂਰ ਕਰਦੇ ਹਨ।
ਇਸ ਦਾ ਇਹ ਭਾਵ ਨਹੀਂ ਹੈ ਕਿ ਇਹਨਾਂ ਤੀਰਥਾਂ ਜਾਂ ਕਿਸੇ ਹੋਰ ਤੀਰਥ `ਤੇ ਇਸ਼ਨਾਨ ਕਰਨ ਨਾਲ
ਸ਼ਰਧਾਲੂਆਂ ਦੇ ਪਾਪਾਂ ਦੀ ਮੈਲ ਲਹਿ ਜਾਂਦੀ ਹੈ। ਸਰੀਰਕ ਇਸ਼ਨਾਨ ਨਾਲ ਸਰੀਰਕ ਮੈਲ ਤਾਂ ਜ਼ਰੂਰ ਲਹਿ
ਜਾਂਦੀ ਹੈ ਪਰੰਤੂ ਮਨ ਦੀ ਮੈਲ ਨਹੀਂ ਲਹਿੰਦੀ ਹੈ। ਲੋਭੀ, ਚੁਗਲਖੋਰ, ਨਿਰਦਈ, ਦੰਭੀ, ਬੇਈਮਾਨ,
ਰਿਸ਼ਵਤਖੋਰ ਆਦਿ ਤੀਰਥਾਂ ਉੱਤੇ ਇਸ਼ਨਾਨ ਕਰਕੇ ਵੀ ਲੋਭੀ, ਨਿਰਦਈ, ਬੇਈਮਾਨ ਆਦਿ ਹੀ ਰਹਿੰਦੇ ਹਨ।
ਗੁਰਦੇਵ ਇਸ ਸੱਚ ਨੂੰ ਇਉਂ ਬਿਆਨ ਕਰਦੇ ਹਨ:
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ
ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥
(ਪੰਨਾ ੭੮੯) ਅਰਥ: ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿੱਚ
ਕਾਮਾਦਿਕ ਚੋਰ ਭੀ ਟਿਕੇ ਰਹੇ, ਤਾਂ ਨ੍ਹਾਉਣ ਨਾਲ ਇੱਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ
ਲਹਿ ਗਈ ਪਰ (ਮਨ ਵਿੱਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ, (ਤੁੰਮੀ ਵਾਲਾ ਹਾਲ ਹੀ
ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੁੜੱਤਣ) ਟਿਕੀ ਰਹੀ।
ਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾਂ ਹੀ ਭਲੇ ਹਨ, ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ
ਹੀ ਹਨ।
ਇਸ ਲਈ ਇਹੋ-ਜਿਹੇ ਤੀਰਥ ਇਸ਼ਨਾਨੀਆਂ ਨੂੰ ਸਪਸ਼ਟ ਰੂਪ ਵਿੱਚ ਇਹ ਸੱਚਾਈ ਦ੍ਰਿੜ ਕਰਵਾਈ ਗਈ ਹੈ:
ਹ੍ਰਿਦੈ ਕਪਟੁ ਮੁਖ ਗਿਆਨੀ॥ ਝੂਠੇ ਕਹਾ ਬਿਲੋਵਸਿ ਪਾਨੀ॥ ੧॥ ਕਾਂਇਆ
ਮਾਂਜਸਿ ਕਉਨ ਗੁਨਾਂ॥ ਜਉ ਘਟ ਭੀਤਰਿ ਹੈ ਮਲਨਾਂ॥ ੧॥ ਰਹਾਉ॥ ਲਉਕੀ ਅਠਸਠਿ ਤੀਰਥ ਨਾੑਈ॥ ਕਉਰਾਪਨੁ
ਤਊ ਨ ਜਾਈ॥ ੨॥ (ਪੰਨਾ ੬੫੬) ਅਰਥ: (ਹੇ ਝੂਠੇ!) ਜੇ ਤੇਰੇ ਹਿਰਦੇ ਵਿੱਚ (ਕਪਟ ਦੀ) ਮੈਲ
ਹੈ ਤਾਂ ਇਸ ਗੱਲ ਦਾ ਕੋਈ ਫ਼ਾਇਦਾ ਨਹੀਂ ਕਿ ਤੂੰ ਆਪਣਾ ਸਰੀਰ ਮਾਂਜਦਾ ਫਿਰਦਾ ਹੈ (ਭਾਵ, ਬਾਹਰੋਂ
ਸੁੱਚਾ ਤੇ ਪਵਿੱਤਰਤਾ ਰੱਖਦਾ ਹੈਂ)। ੧। ਰਹਾਉ। ਹੇ ਪਾਖੰਡੀ ਮਨੁੱਖ! ਤੇਰੇ ਮਨ ਵਿੱਚ ਤਾਂ ਠੱਗੀ
ਹੈ, ਪਰ ਤੂੰ ਮੂਹੋਂ (ਬ੍ਰਹਮ) ਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ। ਤੈਨੂੰ ਇਸ ਪਾਣੀ ਰਿੜਕਣ ਤੋਂ
ਕੋਈ ਲਾਭ ਨਹੀਂ ਹੋ ਸਕਦਾ। ੧। (ਵੇਖ,) ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ, ਤਾਂ
ਭੀ ਉਸ ਦੀ (ਅੰਦਰਲੀ) ਕੁੜੱਤਣ ਦੂਰ ਨਹੀਂ ਹੁੰਦੀ। ੨।
ਤਾਂਹੀਓ! ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਸਰੀਰਕ ਇਸ਼ਨਾਨ ਨਾਲ ਮਨ ਦੀ ਪਵਿਤ੍ਰਤਾ ਦਾ ਭਰਮ ਪਾਲਣ
ਵਾਲਿਆਂ ਨੂੰ ਜੀਵਨ ਦੀ ਸਹੀ ਜੀਵਨ ਪਗਡੰਡੀ ਤੋਂ ਭਟਕੇ ਹੋਏ ਆਖਿਆ ਹੈ:
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ ਇਹੁ ਜਗਤੁ
ਭਰਮਿ ਭੁਲਾਇਆ ਵਿਰਲਾ ਬੂਝੈ ਕੋਇ॥ (ਪੰਨਾ ੫੫੮) ਅਰਥ: ਹੇ ਭਾਈ! ਜੇ ਮਨੁੱਖ ਦਾ ਮਨ
(ਵਿਕਾਰਾਂ ਦੀ) ਮੈਲ ਨਾਲ ਭਰਿਆ ਰਹੇ (ਤਾਂ ਉਤਨਾ ਚਿਰ ਮਨੁੱਖ ਜੋ ਕੁੱਝ ਕਰਦਾ ਹੈ) ਸਭ ਕੁੱਝ ਵਿਕਾਰ
ਹੀ ਕਰਦਾ ਹੈ, ਸਰੀਰ ਨੂੰ (ਤੀਰਥਾਂ ਆਦਿਕ ਦੇ) ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ ਹੈ।
ਪਰ ਇਹ ਸੰਸਾਰ (ਤੀਰਥ-ਇਸ਼ਨਾਨ ਤੋਂ ਮਨ ਦੀ ਪਵਿਤ੍ਰਤਾ ਮਿਲ ਜਾਣ ਦੇ) ਭੁਲੇਖੇ ਵਿੱਚ ਪੈ ਕੇ ਕੁਰਾਹੇ
ਤੁਰਿਆ ਜਾ ਰਿਹਾ ਹੈ। ਕੋਈ ਵਿਰਲਾ ਮਨੁੱਖ (ਇਸ ਸਚਾਈ ਨੂੰ) ਸਮਝਦਾ ਹੈ।
ਇਤਨਾ ਹੀ ਨਹੀਂ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਤੀਰਥਾਂ ਆਦਿ `ਤੇ ਇਸ਼ਨਾਨ ਕਰਕੇ ਇਹੋ ਜਿਹੀ ਧਾਰਨਾ
ਰੱਖਣ ਵਾਲਿਆਂ ਨੂੰ ਕਿਸੇ ਤਰ੍ਹਾਂ ਵੀ ਵਿਸ਼ੇਸ਼ ਜਾਂ ਮਹਾਨ ਮੰਨਣ ਦੀ ਥਾਂ ਉਹਨਾਂ ਨੂੰ ਜਨਮ ਮਰਨ ਦੇ
ਗੇੜ ਵਿੱਚ ਪਿਆ ਹੋਇਆ ਕਰਾਰ ਦਿੱਤਾ ਹੈ:
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ
ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ (ਪੰਨਾ ੪੮੪) ਅਰਥ: ਪਾਣੀ ਵਿੱਚ ਚੁੱਭੀ ਲਾਇਆਂ ਜੇ
ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ
ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿੱਚ ਪਏ ਰਹਿੰਦੇ ਹਨ।
ਮਨ ਦੀ ਪਵਿੱਤ੍ਰਤਾ ਲਈ ਜੁਗਤੀ ਦ੍ਰਿੜ ਕਰਾਉਂਦਿਆਂ ਹੋਇਆਂ ਸਪਸ਼ਟ ਕੀਤਾ ਹੈ:
ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥ ੧॥ ਰਹਾਉ॥
ਅਰਥ: ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ। ਸੋ, ਇੱਕ ਪਰਮਾਤਮਾ ਦੇਵ ਦਾ
ਭਜਨ ਕਰੋ। ੧। ਰਹਾਉ।
ਗੁਰਬਾਣੀ ਵਿੱਚ ਕਿਸੇ ਵਿਸ਼ੇਸ਼ ਸਥਾਨ ਨੂੰ ਤੀਰਥ ਕਹਿਣ ਦੀ ਥਾਂ ਪ੍ਰਭੂ ਗੁਣਾਂ ਨੂੰ ਆਪਣੇ ਹਿਰਦੇ
ਵਿੱਚ ਧਾਰਨ ਕਰਕੇ ਇਹਨਾਂ ਗੁਣਾਂ ਨੂੰ ਆਪਣੇ ਵਿਉਹਾਰ ਵਿੱਚ ਪ੍ਰਗਟ ਕਰਨ ਵਾਲਿਆਂ ਨੂੰ ਹੀ ਤੀਰਥ
ਕਿਹਾ ਹੈ:
ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ॥ (ਪੰਨਾ
੧੩੪੫) ਅਰਥ: ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਏ ਬੰਦੇ ਅਸਲੀ ਪਵਿਤ੍ਰ ਤੀਰਥ ਹਨ, ਉਹਨਾਂ ਨੇ
ਹਉਮੈ ਦਾ ਦੁੱਖ, ਹਉਮੈ ਦੀ ਮੈਲ ਆਪਣੇ ਮਨ ਵਿਚੋਂ ਮੁਕਾ ਲਈ ਹੁੰਦੀ ਹੈ।
ਭਗਤ ਰਵਿਦਾਸ ਜੀ ਬਾਰੇ ਇੱਕ ਸਾਖੀ ਪ੍ਰਚਲਤ ਹੈ ਕਿ ਅਭੀਚ ਪੁਰਬ ਦੇ ਮੌਕੇ `ਤੇ ਗੰਗਾ ਦਾ ਦਰਸ਼ਨ
ਇਸ਼ਨਾਨ ਕਰਨ ਜਾ ਰਹੇ ਇੱਕ ਬ੍ਰਾਹਮਣ ਸ਼ਰਧਾਲੂ ਨੂੰ ਇੱਕ ਧੇਲਾ ਗੰਗਾ ਦੀ ਭੇਟਾ ਕਰਨ ਲਈ ਦਿੱਤਾ। ਜਦੋਂ
ਸ਼ਰਧਾਲੂ ਨੇ ਇਹ ਧੇਲਾ ਗੰਗਾ ਦੀ ਭੇਟਾ ਕਰਨਾ ਚਾਹਿਆ ਤਾਂ ਗੰਗਾ ਨੇ ਆਪਣੀ ਬਾਂਹ ਬਾਹਰ ਕੱਢ ਕੇ ਭਗਤ
ਜੀ ਦੀ ਇਸ ਪ੍ਰੇਮ ਭੇਟਾ ਨੂੰ ਪਰਵਾਨ ਕੀਤਾ। ਇਤਨਾ ਹੀ ਨਹੀਂ ਗੰਗਾ ਮਈਆ ਨੇ ਬ੍ਰਾਹਮਣ ਨੂੰ ਭਗਤ
ਰਵਿਦਾਸ ਜੀ ਲਈ ਇੱਕ ਸੋਨੇ ਦਾ ਕੰਗਣ ਵੀ ਦਿੱਤਾ। ਭਾਈ ਗੁਰਦਾਸ ਜੀ ਨੇ ਵੀ ਇਸ ਘਟਨਾ ਦਾ ਵਰਣਨ
ਕਰਦਿਆਂ ਲਿਖਿਆ ਹੈ:
ਨ੍ਹਾਵਣਿ ਆਇਆ ਸੰਗੁ ਮਿਲਿ ਬਾਨਾਰਸ ਕਰਿ ਗੰਗਾ ਥੇਟਾ॥ ਕਢਿ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ
ਭੇਟਾ॥ ਲਗਾ ਪੁਰਬੁ ਅਭੀਚ ਦਾ ਡਿਠਾ ਚਲਿਤੁ ਅਚਰਜ ਆਮੇਟਾ॥ ਲਇਆ ਕਸੀਰਾ ਹਥਿ ਕਢਿ ਸੂਤੁ ਇਕੁ ਜਿਉ
ਤਾਣਾ ਪੇਟਾ॥ ਭਗਤ ਜਨਾਂ ਹਰਿ ਮਾਂ ਪਿਉ ਬੇਟਾ॥ (ਵਾਰ ੧੦, ਪਉੜੀ ੧੭)
ਭਾਈ ਗੁਰਦਾਸ ਜੀ ਇਸ ਘਟਨਾ ਨੂੰ ਉਸ ਰੂਪ ਵਿੱਚ ਨਹੀਂ ਦੇਖਦੇ ਹਨ ਜਿਸ ਰੂਪ ਵਿੱਚ ਜਨ-ਸਾਧਾਰਨ ਇਸ
ਘਟਨਾ ਨੂੰ ਦੇਖਦੇ ਜਾਂ ਸਮਝਦੇ ਹਨ। ਭਾਈ ਸਾਹਿਬ ਜੀ ਗੁਰਮਤਿ ਦੀ ਜੀਵਨ-ਜੁਗਤ ਦਾ ਹੀ ਵਰਣਨ ਕਰਦਿਆਂ
ਇਹ ਹੀ ਦ੍ਰਿੜ ਕਰਵਾ ਰਹੇ ਹਨ ਕਿ ਭਗਤ ਜਨ ਤੀਰਥਾਂ ਤੋਂ ਉਤਮ ਹਨ। ਜਿੱਥੇ ਆਮ ਲੋਕਾਈ ਦੇ ਮਨ ਵਿੱਚ
ਤੀਰਥਾਂ ਪ੍ਰਤਿ ਸਤਿਕਾਰ ਹੈ ਉੱਥੇ ਤੀਰਥ, ਭਗਤ ਜਨਾਂ ਦਾ ਆਦਰ ਕਰਦੇ ਹਨ। ਭਾਵ, ਪ੍ਰੇਮਾ-ਭਗਤੀ ਹੀ
ਸਰਬ ਸ੍ਰੇਸ਼ਟ ਹੈ। ਪ੍ਰੇਮਾ-ਭਗਤੀ ਵਿੱਚ ਲੀਨ ਭਗਤ ਜਨ ਹੀ ਅਸਲ ਤੀਰਥ ਹਨ ਜੋ ਮਨੁੱਖੀ ਮਨ ਨੂੰ ਠੰਢ
ਪਾਉਂਦੇ ਹਨ। ਇਸ ਲਈ ਜੀਵਨ-ਮੁਕਤ ਹੋਣ ਲਈ ਕਿਸੇ ਵਿਸ਼ੇਸ਼ ਤੀਰਥ ਉੱਤੇ ਜਾਣ ਦੀ ਲੋੜ ਨਹੀਂ ਹੈ। ਰੱਬੀ
ਗੁਣਾਂ ਨੂੰ ਹਿਰਦੇ ਵਿੱਚ ਵਸਾ ਕੇ ਇਹਨਾਂ ਨੂੰ ਆਪਣੇ ਵਿਉਹਾਰ ਦੁਆਰਾ ਪ੍ਰਗਟਾਉਣ ਨਾਲ ਹੀ
ਜੀਵਨ-ਮੁਕਤ ਹੋ ਸਕੀਦਾ ਹੈ।
ਸੋ, ਗੱਲ ਕੀ ਗੁਰੂ ਗ੍ਰੰਥ ਸਾਹਿਬ ਵਿੱਚ ‘ਤੀਰਥ ਵਡਾ ਕਿ ਹਰਿ ਕਾ ਦਾਸ’
ਦੁਆਰਾ ਇਹ ਦ੍ਰਿੜ ਕਰਵਾਇਆ ਗਿਆ ਹੈ ਕਿ ਤੀਰਥ ਵੱਡੇ ਨਹੀਂ ਹਰਿ ਦੇ ਦਾਸ ਹੀ ਵੱਡੇ ਹਨ, ਚੂੰਕਿ
ਤੀਰਥਾਂ ਦੀ ਮਹਿਮਾਂ ਹਰੀ ਦੇ ਦਾਸਾਂ ਕਾਰਨ ਹੀ ਹੈ। ਇਸ ਲਈ ਗੁਰੂ ਨੂੰ ਹੀ ਸਭ ਤੋਂ ਵੱਡਾ
ਤੀਰਥ ਹੈ, ਜਿਸ ਦੀ ਬਰਾਬਰੀ ਕੋਈ ਹੋਰ ਤੀਰਥ ਨਹੀਂ ਕਰ ਸਕਦਾ: ਗੁਰ
ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰੁ ਹੋਇ॥ ਅਰਥ: ਗੁਰੂ ਦੇ ਬਰਾਬਰ ਦਾ ਹੋਰ
ਕੋਈ ਤੀਰਥ ਨਹੀਂ ਹੈ। ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ।
ਗੁਰਬਾਣੀ ਦੀ ਇਸ ਜੀਵਨ-ਜੁਗਤ ਦਾ ਭਾਈ ਗੁਰਦਾਸ ਜੀ ਇਉਂ ਵਰਣਨ ਕਰਦੇ ਹਨ:
ਸਤਿਗੁਰੁ ਤੀਰਥੁ ਜਾਣੀਐ ਅਠਸਠਿ ਤੀਰਥ ਸਰਣੀ ਆਏ॥ (ਵਾਰ ੧੫, ਪਉੜੀ ੨)