ਅਕਾਲ ਪੁਰਖ ਦਾ ਸੰਕਲਪ
ਭਾਗ ਗਿਆਰ੍ਹਵਾਂ
ਦੂਜਾ ਭਾਗ
ਸਤਿ ਦੇ ਨਾਲ ਨਾਮੁ ਆਉਂਦਾ ਹੈ। ਨਾਮੁ ਦਾ ਅਰਥ ਹੈ ਹੋਂਦ—ਇਹ ਹੋਂਦ ਸਦੀਵ
ਕਾਲ ਸੱਚ ਦੇ ਅਧਾਰਤ ਹੈ। ਪਰ ਮਨੁੱਖੀ ਸੁਭਾਅ ਦੀ ਹੋਂਦ ਦੇ ਚੰਗੇ ਤੇ ਮੰਦੇ, ਦੋਵੇਂ ਪੱਖਾਂ ਦੇ
ਨਤੀਜੇ ਸਾਡੇ ਸਭ ਦੇ ਸਾਹਮਣੇ ਹੁੰਦੇ ਹਨ। ਚੋਰੀ ਕਰਨ ਵਾਲੇ ਦੀ ਆਪਣੀ ਹੋਂਦ ਹੈ ਤੇ ਦੁਨੀਆਂ ਦੀ
ਸੇਵਾ ਕਰਨ ਵਾਲੇ ਦੀ ਆਪਣੀ ਹੋਂਦ ਹੈ। ਸੇਵਾ ਵਾਲਾ ਮਨੁੱਖ ਸਤਿਕਾਰ ਦਾ ਪਾਤਰ ਹੈ ਜਦ ਕਿ ਚੋਰੀ ਕਰਨ
ਵਾਲਾ ਨਫਰਤ ਦਾ ਪਾਤਰ ਹੈ। ਰੱਬ ਜੀ ਦੀ ਗੁਣਾਂ ਰੂਪੀ ਹੋਂਦ ਸਰਬ ਵਿਆਪਕ ਹੈ। ਅਕਾਲ ਪੁਰਖ ਦੇ ਰੱਬੀ
ਗੁਣਾਂ ਨੂੰ ਆਪਣੇ ਸੁਭਾਅ ਵਿੱਚ ਲਿਆਉਣਾ ਹੈ। ਪ੍ਰਭੂ ਜੀ ਇੱਕ ਹਨ ਅਸਾਂ ਇਸ ਗੁਣ ਨੂੰ ਲੈ ਕੇ
ਅੰਦਰੋਂ ਬਾਹਰੋਂ ਇੱਕ ਹੋਣਾ ਹੈ। ਰੱਬ ਜੀ ਸਦੀਵ ਕਾਲ ਸੱਚ ਹੈ ਅਸਾਂ ਸੱਚ ਨੂੰ ਸੁਭਾਅ ਦਾ ਹਿੱਸਾ
ਬਣਾਉਣਾ ਹੈ। ਸੱਚ ਦੀ ਅਸਲ ਹੋਂਦ ਸਾਡੇ ਵਰਤੋਂ ਵਿਹਾਰ ਵਿਚੋਂ ਨਿਕਲਣੀ ਚਾਹੀਦੀ ਹੈ। ਰੱਬੀ ਹੋਂਦ
ਵਾਲੇ ਸੱਚੇ ਨੁਕਤੇ ਨੂੰ ਅਸਾਂ ਧਾਰਨ ਕਰਨਾ ਹੈ। ਕਿਰਸਾਣ ਖੇਤੀ ਕਰਦਾ ਹੈ ਉਹਦੀ ਹੋਂਦ ਖੇਤੀ ਵਾਲੀ
ਹੈ। ਜੇ ਉਸ ਵਿੱਚ ਸ਼ੁਭ ਗੁਣਾਂ ਦੀ ਬਹੁਤਾਤ ਹੈ ਤਾਂ ਉਸ ਦੀ ਹੋਂਦ ਇੱਕ ਚੰਗੇ ਕਿਰਸਾਨ ਦੀ ਹੋ
ਨਿਬੜੇਗੀ। ਇੱਕ ਫੁੱਲ ਖਿੜ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਦਾ ਹੈ ਏਸੇ ਤਰ੍ਹਾਂ ਮਨੁੱਖ ਨੇ ਰੱਬੀ
ਗੁਣਾਂ ਦੀ ਖੁਸ਼ਬੋ ਦੁਨੀਆਂ ਨੂੰ ਦੇਣੀ ਹੈ---
“ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ
ਮਨੁ ਥੀਵੈ ਹਰਿਆ”॥ ੧॥
ਮੁੱਕਦੀ ਗੱਲ ਮਨੁੱਖ ਨੇ ਸਚਿਆਰ ਵਾਲੀ ਹੋਂਦ ਨੂੰ
ਬਣਾਉਣਾ ਹੈ।
ਅਕਾਲ ਪੁਰਖ ਦਾ ਅਗਲਾ ਗੁਣ ਹੈ ਕਿ ਉਸ ਨੇ ਦੁਨੀਆਂ ਨੂੰ ਪੈਦਾ ਕੀਤਾ ਹੈ ਤੇ
ਪੈਦਾ ਕਰਕੇ ਵਿੱਚ ਆਪ ਬੈਠਾ ਹੈ। ਇਸ ਦਾ ਭਾਵ ਅਰਥ ਹੈ ਕਿ ਦੁਨੀਆਂ ਦਾ ਰੂਪ ਇੱਕ ਨਿਯਮ ਤਹਿਤ ਸਾਕਾਰ
ਹੋਇਆ ਹੈ। ਇੱਕ ਨਿਯਮਤ ਤਰੀਕੇ ਨਾਲ ਵਿਕਾਸ ਹੋਇਆ ਹੈ। ਇਹ ਗੁਣ ਸਾਨੂੰ ਆਤਮਕ ਤਲ਼ `ਤੇ ਪ੍ਰੇਰਨਾ
ਦੇਂਦਾ ਹੈ ਕਿ ਜਿਸ ਤਰ੍ਹਾਂ ਰੱਬੀ ਹੁਕਮ ਵਿੱਚ ਇੱਕ ਬੱਝਵੇਂ ਨਿਯਮ ਦੁਆਰਾ ਸੰਸਾਰ ਦੀ ਉਤਪਤੀ ਹੋਈ
ਹੈ, ਏਸੇ ਤਰ੍ਹਾਂ ਸਾਨੂੰ ਵੀ ਨਿਯਮ ਵਿੱਚ ਰਹਿ ਕੇ ਉਸਾਰੂ ਸੋਚ ਨੂੰ ਜਨਮ ਦੇਣਾ ਚਾਹੀਦਾ ਹੈ। ਰੱਬ
ਜੀ ਨੇ ਦੁਨੀਆਂ ਨੂੰ ਪੈਦਾ ਕੀਤਾ ਹੈ ਤੇ ਵਿੱਚ ਆਪ ਬੈਠਾ ਹੈ ਏਸੇ ਤਰ੍ਹਾਂ ਸਾਨੂੰ ਹਰ ਵੇਲੇ ਚੰਗੇ
ਵਿਕਾਸ ਵਿੱਚ ਜੁੜੇ ਰਹਿਣਾ ਚਾਹੀਦਾ ਹੈ। ਚੰਗੀਆਂ ਸੜਕਾਂ ਤਿਆਰ ਕਰਨੀਆਂ, ਚੰਗੇ ਹਸਪਤਾਲ-ਸਕੂਲ ਆਦਿ
ਸਮਾਜ ਭਲਾਈ ਲਈ ਬਣਾਉਣੇ ਕਰਤਾਰੀ ਗੁਣ ਦੀਆਂ ਨਿਸ਼ਾਨੀਆਂ ਹਨ। ਸਭ ਤੋਂ ਪਹਿਲਾਂ ਤਾਂ ਆਪਣੇ ਜੀਵਨ ਦੀ
ਉਸਾਰੀ ਕਰਨੀ ਹੈ ਤੇ ਫਿਰ ਸਮਾਜ ਪ੍ਰਤੀ ਉਸਾਰੂ ਸੋਚ ਰੱਖਣੀ ਹੈ। ਜਨੀ ਕਿ ਕਰਤਾ ਪੁਰਖ ਦੇ ਵਿਕਾਸ,
ਉਸਾਰੀ ਵਾਲੇ ਗੁਣ ਸਾਡੇ ਵਿੱਚ ਆਉਣੇ ਚਾਹੀਦੇ ਹਨ।
ਕਰਤਾਰ ਦਾ ਅਗਲਾ ਗੁਣ ਹੈ, ਕਿ ਉਹ ਨਿਰਭਉ ਹੈ। ਭਾਵ ਉਹ ਰੱਬ ਜੀ ਡਰ ਤੋਂ
ਰਹਿਤ ਹਨ। ਧੱਕੇ ਨਾਲ ਕਿਸੇ ਨੂੰ ਡਰਾਉਣਾ ਜਾਂ ਕਿਸੇ ਦੇ ਧੱਕੇ ਤੋਂ ਡਰਨਾ ਗੁਰਬਾਣੀ ਇਹਨਾਂ ਦੋਵਾਂ
ਪੱਖਾਂ ਦੀ ਆਗਿਆ ਨਹੀਂ ਦੇਂਦੀ--
ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ ੧੬॥
ਸਲੋਕ ਮ: ੯ ਪੰਨਾ ੧੪੨੭
ਡਰ ਦਾ ਦੂਜਾ ਪੱਖ ਨਿਰਮਲ ਭਉ ਵਿੱਚ ਵੀ ਆਉਂਦਾ ਹੈ ਜਿਸ ਨੂੰ ਅਨੁਸ਼ਾਸਨ ਕਿਹਾ
ਜਾਂਦਾ ਹੈ। ਭਾਵ ਅਦਬ ਤੇ ਸਤਿਕਾਰ ਦੀ ਭਾਵਨਾ ਵਿੱਚ ਵਿਚਰਨਾ। ਨਿਰਭਉ ਉਹ ਹੀ ਹੋ ਸਕਦਾ ਹੈ ਜੋ ਇੱਕ
`ਤੇ ਖੜਾ ਹੈ ਸੱਚ ਨਾਲ ਜੁੜ ਕੇ ਸੱਚੀ ਹੋਂਦ ਕਾਇਮ ਕਰ ਲਈ ਹੈ ਉਹ ਹੀ ਨਿਰਭਉ ਹੋ ਸਕਦਾ ਹੈ। ਸਿਆਣੇ
ਕਹਿੰਦੇ ਨੇ ਜਦੋਂ ਬੰਦਾ ਇੱਕ ਝੂਠ ਬੋਲਦਾ ਹੈ ਉਸ ਨੂੰ ਛਪਾਉਣ ਲਈ ਕਈ ਹੋਰ ਸੌ ਪਾਪੜ ਵੇਲਣੇ ਪੈਂਦੇ
ਹਨ। ਨਿਰਭਉ ਉਹ ਹੀ ਹੋ ਸਕਦਾ ਹੈ ਜਿਹੜਾ ਸੱਚ ਵਾਲੀ ਅਜ਼ਾਦ ਸੋਚ ਦਾ ਮਾਲਕ ਹੈ। ਸਾਡਾ ਮਾਨਸਿਕ ਵਿਕਾਸ
ਨਾ ਹੋਣ ਕਰਕੇ ਗੁਰਬਾਣੀ ਦੇ ਉੱਚਭਾਵੀ ਸਿਧਾਂਤ ਨੂੰ ਅਸਾਂ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਨਹੀਂ
ਕੀਤਾ। ਨਤੀਜਾ ਇਹ ਨਿਕਲਿਆ ਹੈ ਕਿ ਜੇ ਕਿਸੇ ਨੇ ਛਿੱਕ ਮਾਰ ਦਿੱਤੀ ਤਾਂ ਅਸੀਂ ਡਰ ਜਾਂਦੇ ਹਾਂ ਕਿ
ਹੁਣ ਸਾਡਾ ਨੁਕਸਾਨ ਹੋਏਗਾ ਹੀ ਹੋਏਗਾ। ਗੁਰਬਾਣੀ ਸਿਧਾਂਤ ਨੂੰ ਸਮਝਣ ਵਾਲਾ ਬਿੱਲੀਆਂ ਦੇ ਰਸਤੇ
ਕੱਟਣ ਤੋਂ ਨਹੀਂ ਡਰਦਾ। ਅਖੌਤੀ ਭੂਤ-ਪ੍ਰੇਤ ਨਰਕ ਸਵਰਗ ਤੋਂ ਨਹੀਂ ਡਰਦਾ।
“ਨਿਰਭਉ ਜਪੈ ਸਗਲ ਭਉ ਮਿਟੈ”॥
ਅਕਾਲੀ ਨਿਰਭਉ ਗੁਣ ਦਾ ਧਾਰਨੀ ਤਾਂ ਜ਼ਾਲਮ ਹਕੂਮਤ
ਨਾਲ ਟੱਕਰ ਲੈਣ ਦੇ ਸਮਰੱਥ ਹੁੰਦਾ ਹੈ। ਚੱਲਦੀਆਂ ਰੇਲ ਗੱਡੀਆਂ ਨੂੰ ਥੰਮ ਖਲੋਂਦਾ ਹੈ। ਗੁਰੂ ਨਾਨਕ
ਸਾਹਿਬ ਜੀ ਫਰਮਾਉਂਦੇ ਹਨ ਅਕਾਲ ਪੁਰਖ ਦਾ ਇੱਕ ਗੁਣ ਨਿਰਭਉ ਦਾ ਹੈ। ਨਿਰਭਉ ਨਿਰਾ ਪੜ੍ਹਨ ਨਾਲ ਕੋਈ
ਲਾਭ ਨਹੀਂ ਹੋਣਾ ਜਿੰਨਾ ਚਿਰ ਅਸੀਂ ਨਿਰਭਉ ਨਹੀਂ ਹੁੰਦੇ
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ
ਜੀ ਤਿਨ ਕਾ ਭਉ ਸਭੁ ਗਵਾਸੀ॥ ਨਿਰਭਉ ਹੋਇਆ ਮਨੁੱਖ
ਕਦੇ ਵੀ ਮੌਤ ਤੋਂ ਨਹੀਂ ਡਰਦਾ। ਏਸੇ ਨਿਰਭਉ ਵਿਚੋਂ ਹੀ ਸ਼ਹੀਦੀਆਂ ਦੇ ਪਰਵਾਹ ਚੱਲੇ। ਨਿਰਭਉ ਵਾਲੇ
ਰੱਬੀ ਗੁਣ ਨੂੰ ਅਸਾਂ ਆਪਣੇ ਜੀਵਨ ਵਿੱਚ ਵੀ ਲੈ ਕੇ ਆਉਣਾ ਹੈ।
ਆਪਣੇ ਸੁਆਰਥ ਦੀ ਜਦੋਂ ਪੂਰਤੀ ਨਹੀਂ ਹੁੰਦੀ ਤਾਂ ਅਸੀਂ ਰੱਬ ਜੀ ਨੂੰ ਕਹਿ
ਉੱਠਦੇ ਹਾਂ ਕਿ ਰੱਬ ਜੀ ਤੁਸਾਂ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਜਾਂ ਏਦਾਂ ਕਹ ਲਈਏ ਕਿ
ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਨ ਲਈ ਇਹ ਫਾਰਮੂਲਾ ਸਾਡੇ ਬਹੁਤ ਫਿੱਟ ਬੈਠਦਾ ਹੈ ਕਿ ਜੀ ਰੱਬ ਜੀ
ਨੂੰ ਮਨਜ਼ੂਰ ਨਹੀਂ ਸੀ। ਮਾਪੇ ਸਵੇਰੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਦੇ ਹਨ ਬੱਚਾ ਸਕੂਲੇ ਜਾਂਦਾ
ਹੈ ਪਰ ਪੜ੍ਹਾਈ ਵਿੱਚ ਉਸ ਦੀ ਕੋਈ ਰੁਚੀ ਨਹੀਂ ਹੈ। ਵਿਹਲਾ ਤੁਰਿਆ ਫਿਰਦਾ ਹੈ। ਨਤੀਜਾ ਆਉਣ `ਤੇ
ਬੱਚਾ ਫੇਲ੍ਹ ਹੋ ਜਾਂਦਾ ਹੈ। ਸਮੇਤ ਮਾਪਿਆਂ ਦੇ ਝੂਠੀ ਮਨ ਨੂੰ ਧਰਵਾਸ ਦੇਂਦਿਆਂ ਕਹਿਣਗੇ ਜੀ ਕੀ
ਰੱਬ ਜੀ ਨੂੰ ਏਦਾ ਫੇਲ੍ਹ ਹੋਣਾ ਹੀ ਭਾਉਂਦਾ ਸੀ। ਜਨੀ ਕੇ ਬੱਚੇ ਦਾ ਕੋਈ ਕਸੂਰ ਨਹੀਂ ਇਹਨੂੰ ਰੱਬ
ਜੀ ਨੇ ਫੇਲ੍ਹ ਕਰਤਾ ਹੈ। ਆਪਣੀ ਅਣਗਹਿਲੀ ਨਾਲ ਕਿਤੇ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਆਪਣੀ
ਜ਼ਿੰਮੇਵਾਰੀ ਸਮਝਣ ਦੀ ਥਾਂ `ਤੇ ਬਾਰ ਬਾਰ ਕਹੀ ਜਾਂਵਾਗੇ ਕਿ ਰੱਬ ਜੀ ਦਾ ਭਾਣਾ ਵਾਪਰ ਗਿਆ, ਰੱਬ ਜੀ
ਦਾ ਭਾਣਾ ਵਾਪਰ ਗਿਆ। ਜਨੀ ਕਿ ਹਰ ਮਾੜੀ ਘਟਨਾ ਦੀ ਸਮੱਸਿਆ ਨੂੰ ਸਮਝਣ ਦੀ ਥਾਂ `ਤੇ ਰੱਬ ਜੀ ਵਿੱਚ
ਦੋਸ਼ ਕੱਢ ਕੇ ਆਪ ਅਸੀਂ ਸੁਰਖਰੂ ਹੋਣ ਦਾ ਯਤਨ ਕਰ ਰਹੇ ਹਾਂ। ਏਸੇ ਲਈ ਲੋਕ ਆਪਣੀ ਹੋਣੀ ਸਵਾਰਨ ਲਈ
ਤਿਆਰ ਨਹੀਂ ਸਨ ਤੇ ਅੱਜ ਵੀ ਏਸੇ ਭਾਵਨਾ ਵਿੱਚ ਹੀ ਵਿਚਰ ਰਹੇ ਹਨ। ਬਾਹਰਲੇ ਹਮਲਾਵਰਾਂ ਦਾ ਟਾਕਰਾ
ਕਰਨ ਦੀ ਥਾਂ `ਤੇ ਆਪਣੇ ਹੱਕਾਂ ਦੀ ਪੂਰਤੀ ਨਾ ਹੋਣ `ਤੇ ਜੀਵਨ ਦੇ ਹਰ ਪਹਿਲੂ ਵਿੱਚ ਹੋ ਰਹੇ
ਅਤਿਆਚਾਰਾਂ ਦਾ ਟਾਕਰਾ ਕਰਨ ਦੀ ਥਾਂ `ਤੇ ਏਨਾ ਕਹਿ ਕੇ ਵਿਹਲੇ ਹੋ ਜਾਂਦੇ ਹਾਂ ਕਿ ਰੱਬ ਜੀ ਹੀ
ਸਾਰਾ ਕੁੱਝ ਕਰਾ ਰਹੇ ਹਨ। ਜਦੋਂ ਰੱਬ ਜੀ ਨੂੰ ਚੰਗਾ ਲੱਗਿਆ ਤਾਂ ਓਦੋਂ ਸਾਡੇ ਕਾਰਜ ਆਪਣੇ ਆਪ ਹੀ
ਰਾਸ ਹੋ ਜਾਣੇ ਹਨ। ਰੱਬ ਜੀ ਨੂੰ ਖੁਸ਼ ਕਰਨ ਲਈ ਪੁਜਾਰੀ ਦੇ ਕਹੇ ਅਨੁਸਾਰ ਪਾਠ ਪੂਜਾ ਕਰੀ ਜਾਓ ਆਪੇ
ਸਾਰਾ ਕੁੱਝ ਠੀਕ ਹੋ ਜਾਏਗਾ। ਗੁਰੂ ਨਾਨਕ ਸਾਹਿਬ ਜੀ ਨੇ ਗ਼ੁਲਾਮੀ ਦੇ ਪੁੜਾਂ ਵਿੱਚ ਪਿੱਸ ਰਹੀ
ਮਨੁੱਖਤਾ ਦੇ ਅੰਤਰ ਆਤਮੇ ਨੂੰ ਸਮਝਿਆ ਤੇ ਕਿਹਾ ਕਿ ਭਈ ਰੱਬ ਜੀ ਤਾਂ ਕਿਸੇ ਨੂੰ ਦੁੱਖ ਦੇਂਦੇ ਹੀ
ਨਹੀਂ ਹਨ। ਇਹਨਾਂ ਦੁੱਖਾਂ ਦਾ ਮੂਲ ਕਾਰਨ ਰੱਬੀ ਹੁਕਮ ਨੂੰ ਨਾ ਪਹਿਚਾਨਣ ਦੀ ਹੈ। ਬੀਮਾਰ ਮਾਨਸਕਤਾ
ਦਾ ਇਲਾਜ ਕਰਦਿਆਂ ਗੁਰਦੇਵ ਪਿਤਾ ਜੀ ਨੇ ਕਿਹਾ ਕਿ ਰੱਬ ਜੀ ਨਿਰਵੈਰ ਹਨ। ਉਹਦਾ ਕਿਸੇ ਨਾਲ ਕੋਈ ਵੈਰ
ਨਹੀਂ ਹੈ। ਨਿਰਵੈਰ ਦੇ ਗੁਣ ਨੂੰ ਅਸਾਂ ਆਪਣੇ ਸੁਭਾਅ ਵਿੱਚ ਲਿਆਉਣਾ ਹੈ। ਅਜੇਹਾ ਕੁਦਰਤੀ ਗੁਣ ਆਉਣ
ਨਾਲ ਵੈਰ ਰਹਿਤ ਸਮਾਜ ਦੀ ਸਿਰਜਣਾ ਹੋਏਗੀ—
ਜਾ ਕੈ ਮਨਿ ਬਸਿਆ ਨਿਰੰਕਾਰੁ॥ ਬੰਧਨ ਤੋਰਿ ਭਏ ਨਿਰਵੈਰ॥
ਅਨਦਿਨੁ ਪੂਜਹਿ ਗੁਰ ਕੇ ਪੈਰ॥ ਇਹ ਲੋਕ ਸੁਖੀਏ ਪਰਲੋਕ ਸੁਹੇਲੇ॥
ਨਾਨਕ ਹਰਿ ਪ੍ਰਭਿ ਆਪਹਿ ਮੇਲੇ॥
ਸੁਖਮਨੀ ਪੰਨਾ ੨੯੨
ਨਿਰਵੈਰ ਤਾਂ ਹੀ ਹੋ ਸਕਦੇ ਹਾਂ ਜੇ ਆਪਣੇ ਹੰਕਾਰ ਨੂੰ ਛੱਡਿਆ ਜਾਏ
“ਤਜਿ ਅਭਿਮਾਨ ਭਏ ਨਿਰਵੈਰ”॥
ਪ੍ਰਭੂ ਜੀ ਨਿਰਵੈਰ ਹਨ ਤੇ ਉਹਨਾਂ ਦਾ ਕਿਸੇ ਨਾਲ
ਕੋਈ ਵੈਰ ਨਹੀਂ ਹੈ ਤੇ ਇਹ ਗੁਣ ਸਾਡੇ ਵਿੱਚ ਵੀ ਆਉਣਾ ਚਾਹੀਦਾ ਹੈ ਅਵਸਥਾ ਇਹ ਹੋਣੀ ਚਾਹੀਦੀ ਹੈ--ਨਾ
ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ੧॥
ਨਿਰਵੈਰ ਦਾ ਪਾਠ ਪੜ੍ਹਨ ਵਾਲੀ ਕੌਮ ਅੱਜ ਸਿੱਖਰ ਦੀ ਵੈਰ
ਭਾਵਨਾ ਵਿੱਚ ਡੁੱਬੀ ਪਈ ਨਜ਼ਰ ਆ ਰਹੀ ਹੈ। ਵੈਰ ਭਾਵਨਾ ਤਾਂ ਏੱਥੋਂ ਤੱਕ ਵੱਧ ਚੁੱਕੀ ਹੈ ਕੁੱਝ ਭਰਾ
ਆਪਣੇ ਭਰਾਵਾਂ ਦੁਆਰਾ ਬਣਾਇਆ ਹੋਇਆ ਕੜਾਹ ਪ੍ਰਸ਼ਾਦ ਲੈਣ ਲਈ ਵੀ ਤਿਆਰ ਨਹੀਂ ਹੁੰਦੇ। ਸਵੇਰੇ ਨਿਰਵੈਰ
ਪੜ੍ਹਿਆ ਪਰ ਨਿਰਵੈਰਤਾ ਵਾਲੀ ਭਾਵਨਾ ਬਣੀ ਨਹੀਂ ਹੈ, ਨਿਰਾ ਸਵੇਰੇ ਰਸਮੀ ਪਾਠ ਕਰਨ ਨਾਲ ਨਿਰਵੈਰਤਾ
ਨਹੀਂ ਆ ਸਕਦੀ ਜਿੰਨਾ ਚਿਰ ਅਸੀਂ ਨਿਰਵੈਰਤਾ ਦੇ ਧਾਰਨੀ ਨਹੀਂ ਹੁੰਦੇ। ਕੀ ਵੈਰ ਭਾਵਨਾ ਰੱਖਣ ਨਾਲ
ਸਮਾਜ ਦਾ ਕਲਿਆਣ ਹੋ ਜਾਏਗਾ? ਇੱਕ ਗੁਰਦੁਆਰੇ ਦੇ ਪ੍ਰਬੰਧਕ ਦੂਜੇ ਗੁਰਦੁਆਰੇ ਪ੍ਰਬੰਧਕਾਂ ਨਾਲ
ਸਿੱਖਰ ਦੀ ਈਰਖਾ ਰੱਖ ਰਹੇ। ਇੱਕ ਜੱਥੇਬੰਦੀ ਦੂਜੇ ਦੇ ਖੂਨ ਦੀ ਪਿਆਸੀ ਹੈ। ਭਰਾ ਮਾਰੂ ਜੰਗ ਵਿੱਚ
ਕੌਮ ਬੁਰੀ ਤਰ੍ਹਾਂ ਉਲਝੀ ਪਈ ਹੈ।
ਨਿਰਵੈਰ ਉਪਰੰਤ ‘ਅਕਾਲ ਮੂਰਤਿ’ ਦਾ ਸੰਕਲਪ ਦਿੱਤਾ ਹੈ। ਇਸ ਦਾ ਅਰਥ ਹੈ ਕਿ
ਰੱਬ ਜੀ ਸਮੇਂ ਦੀ ਪਾਬੰਦੀ ਤੋਂ ਮੁਕਤ ਹਨ। ਜਿਸ ਤਰ੍ਹਾਂ ਬੱਚਾ ਜਨਮ ਲੈਂਦਾ ਹੈ ਜਵਾਨ ਹੁੰਦਾ ਹੈ
ਬੁਢੇਪਾ ਆਉਂਦਾ ਹੈ ਫਿਰ ਚੜ੍ਹਾਈ ਕਰ ਜਾਂਦਾ ਹੈ। ਇਹ ਇੱਕ ਸਮੇਂ ਦੀ ਸੀਮਾਂ ਬੰਦੀ ਵਿੱਚ ਹੈ। ਪਰ
ਰੱਬ ਜੀ ਨਾਸ ਰਹਿਤ ਹਨ ਤੇ ਕਾਲ ਦਾ ਉਹਨਾਂ `ਤੇ ਅਸਰ ਨਹੀਂ ਹੁੰਦਾ। ਇਸ ਗੁਣ ਨੂੰ ਅਸਾਂ ਵੀ ਆਪਣੇ
ਜੀਵਨ ਵਿੱਚ ਆਪਨਾਉਣਾ ਹੈ ਕਿ ਅਸੀਂ ਵੀ ਕਦੇ ਨਾ ਮਰੀਏ। ਇਹ ਮਰਣਾ ਸਰੀਰ ਦੇ ਤਲ਼ ਵਾਲਾ ਨਹੀਂ ਹੈ। ਇਸ
ਦਾ ਸਬੰਧ ਆਤਮਕ ਤਲ਼ `ਤੇ ਹੈ। ਜਦੋਂ ਬੰਦਾ ਆਪਣੇ ਫ਼ਰਜ਼ਾਂ ਦੀ ਪਹਿਚਾਣ ਭੁੱਲ ਜਾਂਦਾ ਹੈ ਤਾਂ ਅਸਲ
ਵਿੱਚ ਆਤਮਕ ਤਲ਼ `ਤੇ ਮਰਿਆ ਹੁੰਦਾ ਹੈ। ਗੁਰਬਾਣੀ ਵਿੱਚ ਆਤਮਕ ਜੀਵਨ ਤੇ ਆਤਮਕ ਮੌਤ ਦਾ ਬਹੁਤ ਵਾਰੀ
ਜ਼ਿਕਰ ਹੋਇਆ ਹੈ।
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ, ਨ ਕਦੇ ਮਰੈ ਨ ਜਾਇਆ॥
ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ॥ ੨॥
ਸਿਰੀ ਰਾਗ ਮਹਲਾ ੪ ਪੰਨਾ ੭੮
(ਗੁਰੂ ਦੀ ਸਰਨ ਪਿਆਂ) ਮੈਨੂੰ ਉਹ ਖਸਮ ਮਿਲ ਗਿਆ ਹੈ, ਜਿਸ ਦੀ ਹਸਤੀ ਨੂੰ
ਕਦੇ ਕਾਲ ਪੋਹ ਨਹੀਂ ਸਕਦਾ, ਜੋ ਨਾਸ-ਰਹਿਤ ਹੈ, ਜੋ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ। ਹੇ ਮੇਰੇ
ਪਿਤਾ! ਗੁਰੂ ਦੀ ਸਰਨ ਪੈ ਕੇ ਮੇਰਾ (ਪਰਮਾਤਮਾ-ਪਤੀ ਨਾਲ) ਵਿਆਹ ਹੋ ਗਿਆ ਹੈ, ਮੈਨੂੰ ਪਰਮਾਤਮਾ ਮਿਲ
ਗਿਆ ਹੈ।
ਸਾਨੂੰ ਵੀ ਅਕਾਲ ਮੂਰਤਿ ਦੇ ਸਦਾਚਾਰੀ ਗੁਣ ਨੂੰ ਆਪਣੇ ਜੀਵਨ ਦਾ ਹਿੱਸਾ
ਬਣਾਉਣਾ ਹੈ। ਆਤਮਕ ਤਲ਼ `ਤੇ ਢਹਿੰਦੀ ਕਲਾ ਵਿੱਚ ਰਹਿਣ ਵਾਲਾ ਗ਼ੁਲਾਮੀ ਦੀ ਦਲਦਲ ਤੋਂ ਬਾਹਰ ਨਹੀਂ ਆ
ਸਕਦਾ।
ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ॥ ਆਵੈ ਜਾਇ ਭਵਾਈਐ ਬਹੁ ਜੋਨੀ ਨਚਾ॥
ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥ ਅੰਦਰਹੁ ਥੋਥਾ ਕੂੜਿਆਰੁ ਕੂੜੀ
ਸਭ ਖਚਾ॥
ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ
ਕਰਮਚਾ॥
ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ॥ ਹੋਆ ਤਪਾਵਸੁ ਧਰਮ ਕਾ ਨਾਨਕ ਦਰਿ
ਸਚਾ॥ ੧੫॥
ਪਉੜੀ ਪੰਨਾ ੧੦੯੯
ਜਿਸ ਮਨੁੱਖ ਨੇ ਨਿਰਭਉ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਤੇ ਜੋ ਮਾਇਆ ਵਿੱਚ
ਹੀ ਮਸਤ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਉਹ ਅਨੇਕਾਂ ਜੂਨਾਂ ਵਿੱਚ ਭਟਕਦਾ
ਹੈ
।
(ਮਾਇਆ ਵਿੱਚ ਮਸਤ ਮਨੁੱਖ ਜੇ ਕੋਈ) ਬਚਨ ਕਰਦਾ ਹੈ ਤਾਂ ਉਸ ਤੋਂ ਫਿਰ ਜਾਂਦਾ ਹੈ, ਸਦਾ ਝੂਠੀ ਗੱਲ
ਹੀ ਕਰਦਾ ਹੈ ।
ਉਹ ਝੂਠਾ ਆਪਣੇ ਮਨ ਵਿਚੋਂ ਖ਼ਾਲੀ ਹੁੰਦਾ ਹੈ (ਉਸ ਦੀ ਨੀਯਤ ਪਹਿਲਾਂ ਹੀ ਮਾੜੀ ਹੁੰਦੀ ਹੈ, ਇਸ
ਵਾਸਤੇ) ਉਸ ਦੀ (ਹਰੇਕ ਗੱਲ) ਝੂਠੀ ਹੁੰਦੀ ਹੈ ਗੱਪ ਹੁੰਦੀ ਹੈ ।
ਅਜੇਹਾ ਬੰਦਾ ਝੂਠੇ ਲਾਲਚ ਵਿੱਚ ਫਸ ਕੇ ਨਿਰਵੈਰ ਬੰਦੇ ਨਾਲ ਭੀ ਵੈਰ ਕਮਾ ਲੈਂਦਾ ਹੈ, ਮੁੰਢ ਤੋਂ ਹੀ
ਉਸ ਲਾਲਚੀ ਦੇ ਕੰਮਾਂ ਨੂੰ ਵੇਖ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਪਾਤਿਸ਼ਾਹ ਨੇ (ਉਸ ਦੀ ਜ਼ਮੀਰ ਨੂੰ)
ਮਾਰ ਦਿੱਤਾ ਹੋਇਆ ਹੈ ।
ਅਜੇਹਾ ਮਨੁੱਖ ਸਦਾ ਜਮਦੂਤਾਂ ਦੀ ਤੱਕ ਵਿੱਚ ਰਹਿੰਦਾ ਹੈ, ਦੁੱਖਾਂ ਵਿੱਚ ਹੀ ਖ਼ੁਆਰ ਹੁੰਦਾ ਹੈ ।
ਹੇ ਨਾਨਕ !
ਸੱਚੇ ਪ੍ਰਭੂ ਦੇ ਦਰ ਤੇ ਧਰਮ ਦਾ ਇਨਸਾਫ਼ (ਹੀ) ਹੁੰਦਾ ਹੈ ।
ਅਕਾਲ ਮੂਰਤਿ ਦੇ ਰੱਬੀ ਗੁਣ ਨੂੰ ਅਪਨਾ ਕੇ ਆਤਮਕ ਮੌਤ ਤੋਂ ਬਚਿਆ ਜਾ ਸਕਦਾ
ਹੈ। ਆਪਣੀ ਤਨਖਾਹ ਦੇ ਨਾਲ ਵੱਢੀਆਂ ਵਾਲੀ ਰਾਸ਼ੀ ਨਹੀਂ ਜੋੜੇਗਾ। ਸਮਝਿਆ ਜਾ ਸਕਦਾ ਹੈ ਇਸ ਨੇ ਵਾਕਿਆ
ਹੀ ਸਵੇਰੇ ‘ਅਕਾਲ ਮੂਰਤਿ’ ਪੜ੍ਹਿਆ ਹੈ।
ਗੁਰੂ ਨਾਨਕ ਸਾਹਿਬ ਜੀ ਜੋ ਰੱਬ ਜੀ ਦੀ ਵਿਆਖਿਆ ਕੀਤੀ ਹੈ ਉਸ ਵਿੱਚ ਅਗਲਾ
ਪੜਾਅ ਅਜੂਨੀ ਦਾ ਆਉਂਦਾ ਹੈ। ਰੱਬ ਜੀ ਮਨੁੱਖਾਂ ਵਾਂਗ ਜੂਨਾਂ ਵਿੱਚ ਨਹੀਂ ਆਉਂਦੇ। ਰੱਬ ਜੀ ਨੂੰ ਨਾ
ਤਾਂ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਮੂਰਤੀਆਂ ਵਿਚੋਂ ਲੱਭਿਆ ਜਾ ਸਕਦਾ ਹੈ। ਸਰਬ ਵਿਆਪਕ ਰੱਬ ਜੀ
ਜ਼ਰੇ ਜ਼ਰੇ ਵਿੱਚ ਇੱਕ ਨਿਯਮ ਦੇ ਰੂਪ ਵਿੱਚ ਬੈਠੇ ਹਨ। ਅਸਾਂ ਉਹਨਾਂ ਦੇ ਗੁਣਾਂ ਨੂੰ ਸਮਝ ਕੇ ਉਸ ਤੇ
ਚੱਲਣ ਦਾ ਯਤਨ ਕਰਨਾ ਹੈ ਤਾਂ ਕਿ ਅਸੀਂ ਉਸ ਦਾ ਹੀ ਰੂਪ ਹੋ ਸਕੀਏ। ਰੱਬ ਜੀ ਦਾ ਇੱਕ ਗੁਣ ਹੈ ਕਿ ਉਹ
ਜੂਨਾਂ ਵਿੱਚ ਨਹੀਂ ਆਉਂਦੇ। ਇਸ ਗੁਣ ਨੂੰ ਅਸਾਂ ਵੀ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਹੈ। ਇਹ
ਜੂਨਾਂ ਸਰੀਰ ਦੇ ਤਲ ਵਾਲੀਆਂ ਨਹੀਂ ਹਨ। ਆਮ ਧਾਰਨਾ ਬਣੀ ਹੋਈ ਹੈ ਕਿ ਜਦੋਂ ਬੰਦਾ ਮਰ ਜਾਂਦਾ ਹੈ
ਤਾਂ ਰੱਬ ਜੀ ਉਹਦੇ ਕੀਤੇ ਕੰਮਾਂ ਦੇ ਹਿਸਾਬ ਨਾਲ ਵੱਖ ਵੱਖ ਪ੍ਰਕਾਰ ਦੀਆਂ ਜੂਨਾਂ ਵਿੱਚ ਭੇਜ ਦੇਂਦੇ
ਹਨ। ਇਹ ਵੀ ਸਮਝਿਆਂ ਜਾਂਦਾ ਹੈ ਕਿ ਅਸੀਂ ਚੁਰਾਸੀ ਲੱਖ ਜੂਨਾਂ ਭੋਗ ਕੇ ਹੀ ਬੰਦੇ ਦਾ ਰੂਪ ਬਣੇ
ਹਾਂ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਸਰੀਰ ਦੀਆਂ ਜੂਨਾਂ ਤੋਂ ਤੈਨੂੰ ਘਬਰਾਉਣ ਦੀ ਲੋੜ
ਨਹੀਂ ਹੈ ਪਰ ਸੁਭਾਅ ਕਰਕੇ ਤੂੰ ਹੁਣ ਹੀ ਜਿਉਂਦੇ ਜੀਅ ਜੂਨਾਂ ਭੋਗ ਰਿਹਾ ਏਂ ਉਨ੍ਹਾਂ ਵਲ ਧਿਆਨ ਦੇਣ
ਦੀ ਲੋੜ ਹੈ। ਭਾਵ ਅਜੂਨੀ ਵਾਲੇ ਗੁਣ ਨੂੰ ਆਪਨਾ ਕੇ ਚੱਲਣ ਦਾ ਯਤਨ ਕਰ। ਗੁਰਬਾਣੀ ਦੇ ਬੜੇ ਪਿਆਰੇ
ਵਾਕ ਹਨ ਕਿ ਅਸੀਂ ਰੱਬੀ ਗੁਣਾਂ ਤੋਂ ਟੁੱਟੇ ਹੋਣ ਕਰਕੇ ਆਪਣੇ ਘੱਟੀਆ ਸੁਭਾਅ ਕਰਕੇ ਵੱਖ ਵੱਖ
ਪ੍ਰਕਾਰ ਦੀਆਂ ਜੂਨਾਂ ਭੋਗ ਰਹੇ ਹਾਂ। ਗੁਰਬਾਣੀ ਪਰਮਾਣ ਹੈ ਕਿ ਬੰਦਿਆ ਦੇਖ ਤੇਰੀ ਸ਼ਕਲ ਮਨੁੱਖਾਂ
ਵਰਗੀ ਹੈ ਪਰ ਕਰਤੂਤ ਤੇਰੀ ਪਸ਼ੂਆਂ ਵਰਗੀ ਹੈ।
“ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ”॥
ਅਤੇ
“ਮਾਣਸ ਮੂਰਤਿ ਨਾਨਕੁ ਨਾਮੁ॥ ਕਰਣੀ ਕੁਤਾ ਦਰਿ ਫੁਰਮਾਨੁ”॥
ਲੋਭ ਦੀ ਬਿਰਤੀ ਵਿੱਚ ਵਿਚਰਣ ਵਾਲਾ, ਸੁਭਾਅ ਕਰਕੇ ਕੁੱਤੇ ਦੀ ਜੂਨ ਭੋਗ
ਰਿਹਾ ਹੈ। ਈਰਖਾ ਦੀ ਅੱਗ ਉਗਲਣ ਵਾਲੇ ਨੂੰ ਸੱਪ ਕਿਹਾ ਹੈ। ਦੁਲੱਤੇ ਮਾਰਨ ਵਾਲੀ ਬਿਰਤੀ ਨੂੰ ਖੋਤਾ
ਕਿਹਾ ਹੈ। ਅਜੂਨੀ ਦਾ ਅਰਥ ਹੈ ਕਿ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ ਫਿਰ ਅਜੂਨੀ ਪੜ੍ਹਨ ਵਾਲਿਆ!
ਤੂੰ ਵੀ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਮਾਨਸਕ ਤਲ਼ ਤੇ ਜੋ ਜੂਨਾਂ ਭੋਗ ਰਿਹਾ ਏਂ
ਉਹਨਾਂ ਤੋਂ ਬਚਣ ਦਾ ਯਤਨ ਕਰ। ਭਾਵ ਘਟੀਆ ਸੁਭਾਅ ਕਰਕੇ ਜੂਨਾਂ ਵਿੱਚ ਪੈਣ ਵਾਲੇ ਸੁਭਾਅ ਨੂੰ ਤਿਆਗ
ਦੇ। ਮਿਸਾਲ ਦੇ ਤੌਰ `ਤੇ ਪਤੰਗਾ ਦੀਵੇ ਦੀ ਲਾਟ ਦੇਖ ਕੇ ਮਰ ਜਾਂਦਾ ਹੈ ਭਾਵ ਲਾਟ ਦੇ ਰੂਪ ਉੱਪਰ ਮਰ
ਜਾਂਦਾ ਹੈ। ਹੁਣ ਜੇ ਮਨੁੱਖੀ ਸੁਭਾਅ ਆਪਣੀ ਅੰਦਰਲੀ ਕੰਮਜ਼ੋਰੀ ਕਰਕੇ ਪਰਾਏ ਰੂਪ ਨੂੰ ਮਲੀਨ ਭਾਵਨਾ
ਨਾਲ ਤੱਕਦਾ ਹੈ ਤਾਂ ਉਹ ਪਤੰਗੇ ਦੀ ਜੂਨ ਮਾਨਸਕ ਤਲ਼ `ਤੇ ਭੋਗ ਰਿਹਾ ਹੈ।
ਦੁਨੀਆਂ ਵਿੱਚ ਸਮਾਂ ਦਬਾਅ ਤੇ ਤਾਪ ਇੱਕ ਹੋ ਜਾਏ ਤਾਂ ਚੌਥੀ ਚੀਜ਼ ਪੈਦਾ ਹੋ
ਜਾਂਦੀ ਹੈ। ਪਰਕਿਸੇ ਵੀ ਤਰੀਕੇ ਰੱਬ ਜੀ ਨੂੰ ਮਨੁੱਖ ਬਣਾ ਨਹੀਂ ਸਕਦਾ ਹਾਂ ਉਹਦੇ ਗੁਣਾਂ ਨੂੰ ਧਾਰਨ
ਕੀਤਿਆਂ ਉਹਦੇ ਵਰਗਾ ਬਣਿਆ ਜਾ ਸਕਦਾ ਹੈ। ਰੱਬ ਜੀ ਦਾ ਸੁਤੇ ਸਿੱਧ ਪ੍ਰਕਾਸ਼ ਹੈ। ਉਸ ਦਾ ਆਪਣੇ ਆਪ
ਤੋਂ ਪ੍ਰਕਾਸ਼ ਹੋਇਆ ਹੈ। ਭਾਵ ਉਸ ਦਾ ਨਿਯਮ ਸੰਸਾਰ ਦੇ ਰੂਪ ਵਿੱਚ ਪ੍ਰਕਾਸ਼ ਹੋਇਆ ਹੈ। ਬਸੰਤ ਰੁੱਤ
ਆਉਂਦੀ ਹੈ ਬਨਸਪਤੀ ਵਿੱਚ ਆਪਣੇ ਆਪ ਹਰਿਆਵਲ ਆ ਜਾਂਦੀ ਹੈ। ਬਹਾਰ ਆਉਂਦਿਆਂ ਹੀ ਅੰਬਾਂ ਨੂੰ ਬੂਰ ਪੈ
ਜਾਂਦਾ ਹੈ। ਅੰਬ ਨੇ ਆਪਣਾ ਆਪ ਆਪੇ ਪ੍ਰਕਾਸ਼ ਕਰ ਲਿਆ ਏਸੇ ਤਰ੍ਹਾਂ ਸੈਭੰ ਦੇ ਗੁਣ ਨੂੰ ਆਪਣੇ ਜੀਵਨ
ਵਿੱਚ ਅਪਨਾ ਕੇ ਆਪਣਾ ਕਾਰਜ ਆਪ ਸੰਵਾਰਨਾ ਚਾਹੀਦਾ ਹੈ।
“ਆਪਣ ਹਥੀ ਆਪਣਾ ਆਪੇ ਹੀ ਕਾਜੁ
ਸਵਾਰੀਐ”॥
ਪੁਜਾਰੀ ਨੇ ਮਨੁੱਖਤਾ ਦੀਆਂ ਚਾਰ ਪਰਕਾਰ ਦੀਆਂ ਵੰਡੀਆਂ
ਕਰਕੇ ਇੱਕ ਸ਼੍ਰੇਣੀ ਨੂੰ ਸ਼ੂਦਰ ਕਹਿ ਕੇ ਉਸ ਕੋਲੋਂ ਆਪਣਾ ਕੰਮ ਕਰਾਉਣ ਨੂੰ ਆਪਣਾ ਹੱਕ ਲਿਆ। ਪਰ
ਗੁਰੂ ਸਾਹਿਬ ਜੀ ਦਾ ਕਿਹਾ ਕਿ ਰੱਬ ਜੀ ਦਾ ਆਪਣੇ ਆਪ ਤੋਂ ਪ੍ਰਕਾਸ਼ ਹੈ ਇਸ ਗੁਣ ਨੂੰ ਸਮਝਦਿਆਂ ਤੂੰ
ਵੀ ਆਪਣਾ ਕੰਮ ਆਪ ਕਰਨ ਦਾ ਯਤਨ ਕਰ। ਜਦੋਂ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੇਗਾ ਤਾਂ ਸੰਭਾਵਤ ਇੱਕ
ਚੰਗੇ ਇਨਸਾਨ ਦੀ ਨਿਰਮਾਣਤਾ ਹੋਏਗੀ। ਚੰਗੇ ਇਨਸਾਨਾਂ ਵਿਚੋਂ ਹੀ ਚੰਗੇ ਸਮਾਜ ਦੀ ਉਤਪਤੀ ਮੰਨੀ ਗਈ
ਹੈ ਜੋ ਜੋ ਰੱਬ ਦੀ ਸੁੰਦਰ ਖਿੜੀ ਹੋਈ ਬਾਗਬਾਨੀ ਦਿਸਦੀ ਹੈ।
ਅਕਾਲ ਪੁਰਖ ਦੀ ਪਰਾਪਤੀ ਗੁਰਪ੍ਰਸਾਦਿ ਵਿੱਚ ਰੱਖੀ ਗਈ ਹੈ। ਗੁਰਪ੍ਰਸਾਦਿ
ਭਾਵ ਗੁਰੂ ਦੀ ਕ੍ਰਿਪਾ ਦੁਆਰਾ ਇਸ ਕ੍ਰਿਪਾ ਦਾ ਨਾਂ ਹੈ ਗੁਰ-ਗਿਆਨ ਤੇ ਗੁਰ-ਗਿਆਨ ਦੀ ਸਮਝ ਤੇ
ਚੱਲਿਆਂ ਹੀ ਰੱਬ ਦੀ ਪ੍ਰਾਪਤੀ ਹੈ। ਜੋ ਸਾਡੇ ਰੋਜ਼ਮਰਾ ਦੇ ਜੀਵਨ ਵਿਚੋਂ ਦਿਖਾਈ ਦੇਂਦੀ ਹੈ—
ਕਟੀਐ ਤੇਰਾ ਅਹੰ ਰੋਗੁ॥ ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ॥ ੧
ਗਉੜੀ ਮਹਲਾ ੫ ਪੰਨਾ ੨੧੧—
(ਹੇ ਭਾਈ
!
ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ। (ਨਾਮ ਜਪ ਜਪ ਕੇ) ਗੁਰੂ ਦੀ
ਕਿਰਪਾ ਨਾਲ ਤੂੰ ਗ੍ਰਿਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ
ਸਕਦਾ ਹੈਂ ਗੁਰ-ਗਿਆਨ ਦੀ ਪ੍ਰਾਪਤੀ ਨਾਲ ਵਿਕਾਰੀ
ਬਿਰਤੀ ਦਾ ਖਾਤਮਾ ਹੈ। ਜਦੋਂ ਮੁਲੰਮਾ ਲਹਿ ਜਾਂਦਾ ਹੈ ਤਾਂ ਥੱਲਿਓ ਉਸ ਦਾ ਅਸਲੀ ਰੂਪ ਪ੍ਰਗਟ ਹੁੰਦਾ
ਹੈ। ਗੁਰਪ੍ਰਸਾਦਿ ਦੀ ਸੂਝ ਨਾਲ ਆਪਣੇ ਮੂਲ ਦੀ ਪਹਿਛਾਣ ਆਉਂਦੀ ਹੈ--
ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ॥
ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ॥
ਭਾਵੇਂ ਵਿਸ਼ਾ ਹੋਰ ਵਿਸਥਾਰ ਮੰਗਦਾ ਹੈ ਪਰ ਥੋੜੇ ਸ਼ਬਦਾਂ ਵਿੱਚ ਇਹ ਸਮਝਣ ਦਾ
ਯਤਨ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਰੱਬੀ ਗੁਣਾਂ ਦੀ ਵਿਆਖਿਆ ਮੰਗਲਾ ਚਰਣ ਵਿੱਚ ਕੀਤੀ
ਇਨ੍ਹਾਂ ਅਕਾਲੀ ਗੁਣਾਂ ਨੂੰ ਗੁਰਬਾਣੀ ਗਿਆਨ ਦੁਆਰਾ ਸਮਝ ਕੇ ਜੀਵਨ ਵਿੱਚ ਧਾਰਨ ਕਰਨ ਵਾਲਾ ਹੀ ਰੱਬ
ਦਾ ਸਾਕਾਰ ਰੂਪ ਹੁੰਦਾ ਹੈ