॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ॥
“ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ”।
ਇਹ ਪੰਕਤੀ ਸਿਰੀ ਰਾਗੁ ਦੇ ਤੀਜੇ ਸ਼ਬਦ ਦੀ ਹੈ ਜੋ ਸ੍ਰੀ
ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਹੈ। ਅਰਥ ‘ਰਹਾਉ’ ਤੋਂ ਚਲੇ ਗਾ।
ਭਾਵ ਅਰਥ:-
“ਬਾਬਾ ਮਾਇਆ ਰਚਨਾ ਧੋਹੁ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ॥ ੧॥
ਰਹਾਉ॥”
ਹੇ ਬਾਬਾ! ਮਾਇਆ ਰਚਨਹਾਰ ਨਹੀਂ ਇਹ ਤਾਂ ਰਚਨਾ ਹੈ। ਇਹ ਛਲ ਰੂਪ ਹੈ। ਜਿਸ
ਨੇ ਇਸ ਦਾ ਛਲ ਰੂਪ ਨਹੀਂ ਸਮਝਿਆ ਉਹ ਅੰਨ੍ਹਾ ਹੈ। ਇਸ ਮਾਇਆ ਦੀ ਖ਼ਾਤਰ ਅੰਨ੍ਹੇ ਨੇ ਨਾਮ ਜੋ ਸੁਖ
ਦਾਤਾ ਹੈ ਵਿਸਾਰ ਦਿੱਤਾ ਹੈ। ਹੋਇਆ ਕੀ? ਨਾ ਮਾਇਆ ਹੀ ਨਾਲ ਨਿਭੀ ਅਤੇ ਨਾ ਹੀ ਸਦੀਵੀ ਸੁਖ ਦਾ
ਟਿਕਾਣਾ ਮਿਲਿਆ, ਜੋ ਨਾਮ ਸਿਮਰਣ ਨਾਲ ਪ੍ਰਾਪਤ ਹੋਣਾ ਸੀ।
“ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ॥ ਲੇਖੈ ਵਾਟ ਚਲਾਈਆ ਲੇਖੈ ਸੁਣਿ
ਵੇਖਾਉ॥ ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ॥ ੧॥”
ਇਹ ਸੱਚਾਈ ਹੈ ਕਿ ਅਸੀਂ ਸਾਹ ਗਿਣੇ ਮਿਥੇ ਸਮੇਂ ਲਈ ਹੀ ਲੈਂਦੇ ਹਾਂ। ਜੋ
ਬੋਲੀਦਾ ਹੈ ਉਹ ਲੇਖੇ ਵਿੱਚ ਹੈ, ਭੋਜਨ ਦਾ ਖਾਣਾ ਲੇਖੇ ਵਿੱਚ ਹੈ। ਸੁਨਣਾ ਵੇਖਣਾ ਵੀ ਲੇਖੇ ਵਿੱਚ
ਹੈ, ਜੀਵਨ ਰਸਤੇ ਤੇ ਚਲਣਾ ਵੀ ਲੇਖੇ ਵਿੱਚ ਹੈ। ਗੁਰੂ ਜੀ ਫ਼ੁਰਮਾਉਂਦੇ ਹਨ ਪ੍ਰਤੱਖ ਹੈ ਕਿ ਇਹ ਸਭ
ਕੁੱਝ ਗਿਣੇ ਮਿਥੇ ਸਮੇਂ ਲਈ ਹੀ ਹੈ, ਪੜ੍ਹੇ ਹੋਏ ਨੂੰ ਕੀ ਪੁਛਣ ਜਾਵਾਂ।
“ਜੀਵਣ ਮਰਣਾ ਜਾਇਕੇ ਏਥੈ ਖਾਜੈ ਕਾਲਿ॥ ਜਿਥੈ ਬਹਿ ਸਮਝਾਈੲੈ ਤਿਥੈ ਕੋਇ ਨ
ਚਲਿਓ ਨਾਲਿ॥ ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ
ਪਰਾਲਿ॥ ੨॥”
ਇੱਥੇ ਜੰਮਣ ਤੋਂ ਲੈ ਕੇ ਮਰਣ ਤੱਕ ਜੋ ਸਮਾਂ ਜ਼ਿੰਦਗੀ ਲਈ ਮਿਲਿਆ ਸੀ ਉਹ
ਮਾਇਆ ਪ੍ਰਾਪਤੀ ਦੀ ਦੌੜ ਭੱਜ ਵਿੱਚ ਗਵਾ ਦਿੱਤਾ। ਜਿਥੇ ਬਹਿ ਕੇ ਕੀਤੇ ਕੰਮਾਂ ਦਾ ਲੇਖਾ ਸਮਝਾਇਆ
ਜਾਂਦਾ ਹੈ ਉਥੇ ਕੋਈ ਨਾਲ ਨਹੀਂ ਜਾਂਦਾ। ਮਰਣ ਪਿਛੋਂ ਜੀਵ ਲਈ ਜੋ ਰੋਂਦੇ ਹਨ ਉਹ ਵਿਅਰਥ ਵਿਰਲਾਪ
ਕਰਦੇ ਹਨ, ਇਸ ਨਾਲ ਪ੍ਰਾਣੀ ਨੂੰ ਕੋਈ ਲਾਭ ਨਹੀਂ ਹੁੰਦਾ।
“ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ॥ ਕੀਮਤਿ ਕਿਨੈ ਨ ਪਾਈਆ ਕਹਿਣ
ਨ ਵਡਾ ਹੋਇ॥ ਸਾਚਾ ਸਾਹਿਬ ਏਕੁ ਤੂ ਹੋਰਿ ਜੀਆ ਕੇਤੇ ਲੋਅ॥ ੩॥”
ਸਭ ਕੋਈ ਆਖਦਾ ਹੈ ਵਧ ਤੋਂ ਵਧ ਮਾਇਆ ਮਿਲੇ, ਕੋਈ ਨਹੀਂ ਆਖਦਾ ਕਿ ਘੱਟ
ਮਿਲੇ। ਮੰਗ-ਮੰਗ ਕੇ ਕੋਈ ਰਜਦਾ ਹੀ ਨਹੀਂ, ਬਹੁਤੀ ਵਾਲਾ ਆਪਣੇ ਆਪ ਨੂੰ ਵੱਡਾ ਆਖਦਾ ਹੈ ਪਰ ਕਹਿਣ
ਨਾਲ ਤਾਂ ਕੋਈ ਵੱਡਾ ਨਹੀਂ ਹੋ ਜਾਂਦਾ (ਵੱਡਾ ਤਾਂ ਮਨੁੱਖ ਸੱਚੇ ਸੁਚੇ ਕਿਰਦਾਰ ਨਾਲ ਹੁੰਦਾ ਹੈ)।
ਹੇ ਪ੍ਰਭੂ! ਇੱਕ ਤੂੰ ਹੀ ਸਦਾ ਥਿਰ ਰਹਿਣ ਵਾਲਾ ਹੈਂ, ਹੋਰ ਸਭ ਜਗਤ ਮੰਡਲ, ਹੋਰ ਸਭ ਜੀਅ-ਜੰਤ ਨਾਸ਼
ਵੰਤ ਹਨ।
“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ। ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ ੪॥ ੩॥”
ਨੀਚ ਕਹਿਣ ਤੋਂ ਮੁਰਾਦ ਉਨ੍ਹਾਂ ਤੋਂ ਹੈ ਜਿਨ੍ਹਾਂ ਦੀ ਜਗਤ ਵਿੱਚ ਗਿਣਤੀ
ਕਾਫ਼ੀ ਹੈ। ਇਨ੍ਹਾਂ ਨੀਵਿਆਂ ਵਿੱਚ ਇੱਕ ਹੋਰ ਕਿਸਮ ਦੇ ਨੀਵੇਂ ਹਨ ਜਿਨ੍ਹਾਂ ਨੂੰ ਮਾਇਆਧਾਰੀ ਨੀਵਾਂ
ਆਖਦੇ ਹਨ। ਇਨ੍ਹਾਂ ਨੀਵਿਆਂ ਵਿੱਚ ਇੱਕ ਹੋਰ ਕਿਸਮ ਦੇ ਨੀਵੇਂ ਹਨ ਜੋ ਅਤਿ ਦੇ ਨੀਵੇਂ ਹਨ ਭਾਵ ਜੋ
ਨਿਮਰਤਾ ਭਰਪੂਰ ਮਾਇਆ ਅਤੀਤ ਹਨ। ਨਾਨਕ ਉਨ੍ਹਾਂ ਦਾ ਸੰਗੀ ਸਾਥੀ ਹੈ, ਨਾਨਕ ਨੂੰ ਮਾਇਕ ਵੱਡਿਆਂ ਨਾਲ
ਕੋਈ ਰੀਸ ਨਹੀਂ ਹੈ ਭਾਵ ਨਾਨਕ ਉਨ੍ਹਾਂ ਦੇ ਰਸਤੇ ਦਾ ਪਾਂਧੀ ਨਹੀਂ ਹੈ। ਜਿਥੇ ਇਹ ਨੀਵੇਂ ਸੰਭਾਲੇ
ਜਾਂਦੇ ਹਨ ਉਥੇ ਵਾਹਿਗੁਰੂ ਦੀ ਬਖ਼ਸ਼ਿਸ਼ ਹੁੰਦੀ ਹੈ।
ਵਿਆਖਿਆ:-
‘ਮਾਇਆ’ ਕੀ ਹੈ?
ਹਰ ਖ਼ਿਆਲ, ਹਰ ਕੰਮ, ਹਰ ਪਦਾਰਥ ਜਿਸ
ਨਾਲ ਵਾਹਿਗੁਰੂ ਤੋਂ ਦੂਰੀ ਬਣਦੀ ਹੈ ‘ਮਾਇਆ’ ਹੈ।
ਮਾਇਆ ਦੀ ਦੌੜ ਭੱਜ ਵਿੱਚ ਮਨੁੱਖ ਵਾਹਿਗੁਰੂ ਨੂੰ ਭੁੱਲ
ਜਾਂਦਾ ਹੈ। (ਕਈ ਤਾਂ ਵਾਹਿਗੁਰੂ ਦੀ ਹੋਂਦ ਨੂੰ ਹੀ ਨਹੀਂ ਮੰਨਦੇ)। ਵਿਵੇਕ ਤੋਂ ਤਾਂ ਕੋਈ ਇਨਕਾਰੀ
ਨਹੀਂ ਹੋ ਸਕਦਾ। ਕੰਮ ਕਰਦੇ ਸਮੇਂ ਵਿਵੇਕ ਦੀ ਅਣਹੋਂਦ ਕਰਕੇ ਬੰਦਾ ਮਾੜੇ ਕੰਮ ਵੀ ਕਰ ਜਾਂਦਾ ਹੈ।
ਮਾੜੇ ਕੰਮਾਂ ਦਾ ਫਲ ਭੁਗਤਣਾ ਹੀ ਪੈਂਦਾ ਹੈ।
“ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ” —ਪੰਨਾ ੭੦੬- ਭਾਵ ਜੋ ਬੀਜੀਦਾ ਹੈ ਉਹੀ ਵੱਢੀਦਾ ਹੈ।
ਫੇਰ
“ਫਰੀਦਾ ਲੋੜੈ ਦਾਖ ਬਿਜਉਰੀਆ
ਕਿਕਰਿ ਬੀਜੈ ਜਟੁ॥ ਹੰਢੈ ਉਂਨ
ਕਤਾਇਦਾ ਪੈਦਾ ਲੋੜੈ ਪਟੁ॥” —ਪੰਨਾ ੧੩੭੯-ਜੱਟ ਬੀਜਦਾ ਤਾਂ ਕਿਕਰ ਹੈ ਅਤੇ ਚਾਹੁੰਦਾ ਹੈ ਕਿ ਇਸ
ਕਿਕਰ ਨੂੰ ਬਿਜੌਰ ਦੇਸ ਦੀਆਂ ਦਾਖਾਂ ਲਗਣ। ਉਂਨ ਕਤਾਂਦਾ ਫਿਰਦਾ ਹੈ ਪਹਿਨਣਾ ਪਟ ਚਾਹੁੰਦਾ ਹੈ।
ਮਾੜੇ ਕੰਮਾਂ ਦੀ ਸਜ਼ਾ ਕਿਸੇ ਨਿਯਮ ਅਨੁਸਾਰ ਹੀ ਮਿਲਦੀ ਹੈ। ਸਰਬ ਵਿਆਪਕ ਚੇਤਨ ਹੋਂਦ ਵਾਹਿਗੁਰੂ ਦਾ
ਆਪਣਾ ਵਿਧਾਨ ਹੈ ਜਿਸ ਦਾ ਅੰਤ ਮਨੁੱਖ ਨਹੀਂ ਪਾ ਸਕਦਾ। ਕੰਮਾਂ ਦਾ ਹਿਸਾਬ ਦੇਂਦਿਆਂ ਉਨ੍ਹਾਂ
ਵਿੱਚੋਂ ਕੋਈ ਮਦੱਦਗਾਰ ਨਹੀਂ ਹੁੰਦਾ, ਜਿਨ੍ਹਾਂ ਲਈ ਸਾਰੀ ਜ਼ਿੰਦਗੀ ਦੌੜ ਭੱਜ ਕੀਤੀ ਜਾਂਦੀ ਹੈ।
ਬੰਦੇ ਨੂੰ ਆਪਣੇ ਕਰਮਾਂ ਦਾ ਹਿਸਾਬ ਆਪ ਹੀ ਦੇਣਾ ਪੈਂਦਾ ਹੈ।
“ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥
ਸੁਤ ਦਾਰਾ ਪਹਿ ਆਨਿ ਲੁਟਾਵੈ॥
੧॥ ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥ ੧॥ ਰਹਾਉ॥” —ਪੰਨਾ ੬੫੬॥
—ਕਈ ਤਰ੍ਹਾਂ ਦੀਆਂ ਠੱਗੀਆਂ ਕਰਕੇ ਧਨ ਘਰ ਲਿਆ ਕੇ
ਧੀਆਂ- ਪੁਤਰਾਂ, ਇਸਤ੍ਰੀ ਤੇ ਲੁਟਾ ਦਈਦਾ ਹੈ। ਪਰ, ਹੇ ਮੇਰੇ ਮਨ! ਭੁੱਲ ਕੇ ਵੀ ਛਲ ਨਾ ਕਰ ਕਿਉਂਕਿ
ਹਿਸਾਬ ਤੇਰੀ ਹੀ ਜਾਨ ਨੂੰ ਦੇਣਾ ਪੈਣਾ ਹੈ। ਜਿਥੇ ਹਿਸਾਬ ਹੁੰਦਾ ਹੈ ਉਥੇ ਜਾਤ ਪਾਤ ਜਾਂ ਕੋਈ ਹੋਰ
ਜ਼ੋਰ ਨਹੀਂ ਚਲਦਾ ਕਿਉਂਕਿ ਹਿਸਾਬ ਕਰਨ ਵਾਲਿਆਂ ਨਾਲ ਕਿਸੇ ਦੀ ਜਾਣ ਪਛਾਣ ਨਹੀਂ ਹੁੰਦੀ, ਉਹ ਸਾਡੇ
ਵਾਸਤੇ ਨਵੇਂ ਹੁੰਦੇ ਹਨ, ਪਹਿਲਾਂ ੳਨ੍ਹਾਂ ਨਾਲ ਵਾਸਤਾ ਨਹੀਂ ਪਿਆ ਹੁੰਦਾ। “ਅਗੈ
ਜਾਤਿ ਨ ਜੋਰੁ ਹੈ ਅਗੈ
ਜੀਉ ਨਵੇ” —ਪੰਨਾ ੪੬੯।
ਕਿੰਨਾਂ ਸਪਸ਼ਟ
(crystal clear)
ਹੈ ਗੁਰਬਾਣੀ ਦਾ ਉਪਦੇਸ਼। ਪਰ ਅਸੀਂ ਆਪਣੇ ਮਨ ਦੀ ਗ਼ਲਤ ਇੱਛਾ ਸਹੀ ਸਾਬਿਤ ਕਰਨ ਲਈ ਕਈ ਵਾਰੀ
ਗੁਰਬਾਣੀ ਦੀਆਂ ਪੰਕਤੀਆਂ ਦਾ ਆਸਰਾ ਲੈਂਦੇ ਹਾਂ। ਜਿਸ ਤਰ੍ਹਾਂ ਇੱਕ ਡਾਕੂਆਂ ਦਾ ਟੋਲਾ ਬੈਂਕ ਲੁਟਣ
ਲਈ ਤੁਰੇ ਪਰ ਕਿਸੇ ਸਬੱਬ ਉਨ੍ਹਾਂ ਵਿੱਚੋਂ ਇੱਕ ਕਹੇ ਕਿ ਬੈਂਕ ਲੁਟਣਾ ਚੰਗੀ ਗਲ ਨਹੀਂ। ਪਰ ਉਨ੍ਹਾਂ
ਦਾ ਲੀਡਰ ਕਹੇ “ਆਗਾਹਾ ਕੂ
ਤ੍ਰਾਘਿ ਪਿਛਾ ਫੇਰਿ ਨ ਮੋਹਡੜਾ”
--ਪੰਨਾ ੧੦੯੬, ਗੁਰਬਾਣੀ ਕਹਿੰਦੀ ਹੈ
ਪਿਛੇ ਨਹੀਂ ਮੁੜਨਾ, ਅਗਾਂਹ ਵਧੋ ਬੈਂਕ ਲੁਟਣ ਲਈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਕਿਤਾਬ /ਲਿਫਾਫਾ ਕਹਿਣ ਵਾਲਿਆਂ ਦੀ ਮੁਹਿੰਮ ਕਹਿੰਦੀ ਰਹਿੰਦੀ ਹੈ
“ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ
ਮੋਹਡੜਾ”। ਉਸ ਮੁਹਿੰਮ ਦਾ
ਮਤਲਬ ਹੈ ਕਿ ਜਦੋਂ ਤਕ ਉਹ ਸਾਰੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ/ਲਿਫਾਫਾ
ਕਹਿਣ ਤੇ ਨਹੀਂ ਲਾ ਲੈਂਦੇ ਉਨ੍ਹਾ ਚਿਰ ਪਿਛੇ ਨਹੀਂ ਹਟਣਗੇ। ਗੁਰਬਾਣੀ ਦੀ ਇਹ ਪੰਕਤੀ ਇਸ ਤਰ੍ਹਾਂ
ਹੈ:- “ਅਗਾਹਾ ਕੂ ਤ੍ਰਾਘਿ
ਪਿਛਾ ਫੇਰਿ ਨ ਮੋਹਡੜਾ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਹੋਵੀ ਜਨਮੜਾ॥” —ਪੰਨਾ ੧੦੯੬ ਇਸ ਦੇ ਅਰਥ
ਹਨ:- “(ਹੇ ਭਾਈ!) ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨਾ ਮੋੜ (ਜੀਵਨ ਨੂੰ ਹੋਰ-ਹੋਰ
ਉੱਚਾ ਸੁੱਚਾ ਬਣਾਉਣ ਲਈ ਉੱਦਮ ਕਰ, ਜੀਵਨ ਨੀਵਾਂ ਨਾ ਹੋਣ ਦੇ)। ਹੇ ਨਾਨਕ! ਇਸੇ ਜਨਮ ਵਿੱਚ ਕਾਮਯਾਬ
ਹੋ (ਜੀਵਨ ਖੇਡ ਜਿੱਤ) ਤਾਕਿ ਮੁੜ ਜਨਮ ਨਾ ਲੈਣਾ ਪਏ।” —ਪ੍ਰੋ. ਸਾਹਿਬ ਸਿੰਘ।
ਗੁਰੂ ਜੀ ਦਾ ਉਪਦੇਸ਼ ਹੈ ਕਿ ਗੁਰਮਤਿ ਅਨੁਸਾਰ ਗ੍ਰਿਹਸਤ ਜੀਵਨ ਜੀਉਂਦਿਆਂ
ਗੁਰਮੁੱਖ ਬਣ ਕੇ ਜੀਉ। ਗੁਰਮੁੱਖ ਗੁਰੂ ਦਾ ਹੁਕਮ ਮੰਨਦਾ ਹੈ। ਪਰ ਅੱਜ ਤਾਂ ਸਾਡੀ ਹਾਲਤ ਇਹ ਹੈ ਕਿ
ਅਸੀਂ ਗੁਰੂ ਨੂੰ ਆਪਣਾ ਹੁਕਮ ਮੰਨਵਾਉਣਾ ਚਾਹੁੰਦੇ ਹਾਂ। ਕਰੀਏ ਆਪਣੇ ਮਨ ਦੀ, ਕੇਸ ਰੱਖੀਏ ਜਾਂ ਨਾ
ਰੱਖੀਏ, ਕੀ ਫ਼ਰਕ ਪੈਂਦਾ ਹੈ, ਪਰ ਸਿੱਖ ਅਖਵਾ ਕੇ ਸਿੱਖੀ ਦੇ ਮੂਲਾਂ ਤੇ ਚੋਟਾਂ ਕਰਦੇ ਰਹੀਏ।
ਅਨੁਸ਼ਾਸਨਹੀਨ, ਕੋਈ ਵੀ ਹੋਵੇ. ਨੁਕਸਾਨ ਕਰਦਾ ਹੈ। ਸਿੱਖ ਨੂੰ ਅਨੁਸ਼ਾਸਨ
ਵਿੱਚ ਰਹਿਣ ਦੀ ਲੋੜ ਹੈ। ਇਹ ਅਨੁਸ਼ਾਸਨ ਕੀ ਹੈ? ਇਹ ਅਨੁਸ਼ਾਸਨ ਸਾਨੂੰ ਗੁਰਬਾਣੀ ਅਤੇ ਗੁਰੂ ਸਾਹਿਬਾਨ
ਦੀਆਂ ਜੀਵਣੀਆਂ ਸਿਖਾਉਂਦੀਆਂ ਹਨ ਜੋ ਸਾਡੇ ਲਈ ਰੌਸ਼ਣ- ਮੁਨਾਰੇ ਹਨ। ਸਿੱਖ ਨੇ ਇਨ੍ਹਾਂ ਰੌਸ਼ਣ-
ਮੁਨਾਰਿਆਂ ਤੋਂ ਸੇਧ ਲੈ ਕੇ ਜੀਵਣ-ਪੰਧ ਤਯ ਕਰਨਾ ਹੈ। ਭੁੱਲਿਆ ਹੋਇਆ ਸਿੱਖ ਵੀ ਸਹੀ ਜੀਵਣ-ਰਸਤੇ ਤੇ
ਚੜ੍ਹ ਸਕਦਾ ਹੈ ਜੇ ਇਨ੍ਹਾਂ ਰੌਸ਼ਣ-ਮੁਨਾਰਿਆਂ ਤੋਂ ਜੀਵਣ-ਪੰਧ ਲਈ ਸੇਧ ਲਏ
।
“ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ।” --ਪੰਨਾ ੯੫੧।
ਨੋਟ:- ਇਸ ਤੋਂ ਪਹਿਲੇ ਦੋ ਸ਼ਬਦਾਂ ਦੇ ਅਰਥ/ਵਿਆਖਿਆ ਸਿੱਖ ਮਾਰਗ ਤੇ ਛਪ
ਚੁੱਕੀ ਹੈ
।
ਸੁਰਜਨ ਸਿੰਘ--+919041409041