.

ਮਥੇ ਲਿਖੇ ਭਾਗ

ਵੀਰ ਭੁਪਿੰਦਰ ਸਿੰਘ

ਇਸ ਵਿਸ਼ੇ ਨਾਲ ਸੰਬੰਧਤ ਕੁਝ ਹੋਰ ਸ਼ਬਦਾਂ ਨੂੰ ਵਿਚਾਰੀਏ :-

ਮਾਰੂ ਮਹਲਾ ੧ ਘਰੁ ੧।।

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।। ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ।।੧।। ਚਿਤ ਚੇਤਸਿ ਕੀ ਨਹੀ ਬਾਵਰਿਆ।। ਹਰਿ ਬਿਸਰਤ ਤੇਰੇ ਗੁਣ ਗਲਿਆ।।੧।।ਰਹਾਉ।। ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ।। ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ।।੨।। ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ।। ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨੀੑ ਚਿੰਤ ਭਈ।।੩।। ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ।। ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ।।੪।।੩।। (ਗੁਰੂ ਗ੍ਰੰਥ ਸਾਹਿਬ, ਪੰਨਾ : 990)

ਪਦਾ ਰਹਾਉ:- ਚਿਤ ਚੇਤਸਿ ਕੀ ਨਹੀ ਬਾਵਰਿਆ।। ਹਰਿ ਬਿਸਰਤ ਤੇਰੇ ਗੁਣ ਗਲਿਆ ।।1।। ਰਹਾਉ ।।

ਭਾਵ ਅਰਥ :- ਐ ਬਾਵਰੇ ਮਨੁੱਖ, ਤੂੰ ਕਿਉਂ ਰੱਬ ਨੂੰ ਵਿਸਾਰ ਕੇ ਮਨਮੁਖਤਾ ਵਾਲੇ ਕਰਮ ਕਰ ਰਿਹਾ ਹੈਂ, ਐਸੇ ਕਰਮਾਂ ਕਾਰਨ ਤੇਰੇ ਅੰਦਰੋਂ ਚੰਗੇ ਗੁਣ ਘਟਦੇ (ਗਲਦੇ) ਜਾ ਰਹੇ ਹਨ।

ਪਦਾ ਪਹਿਲਾ:- ਕਰਣੀ ਕਾਗਦ........ ਨਾਹੀ ਅੰਤੁ ਹਰੇ।।੧।।

ਮਨੁੱਖ ਦਾ ਆਚਰਨ ਕਾਗਜ਼ਹੈ ਅਤੇ ਮਨ ਦਵਾਤ ਹੈ। ਉਸ ਬਣ ਰਹੇ ਆਚਰਨ (ਕਾਗਜ਼) ਉਤੇ ਮਨ ਦੇ ਸੰਸਕਾਰਾਂ (ਸਿਆਹੀ) ਨਾਲ ਮਨੁੱਖ ਆਪ ਹੀ ਚੰਗੇ ਮੰਦੇ ਲੇਖ ਲਿਖਦਾ ਹੈ। ਮਨੁੱਖ ਆਪਣੇ ਮਨ ਵਿਚ, ਹੁਣ ਤਕ ਦੇ ਇੱਕਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੋ ਖਿਆਲ, ਸੋਚਣੀ ਬਣਾਉਂਦਾ ਜਾਂ ਕੰਮ (ਚੰਗੇ/ਮੰਦੇ) ਕਰਦਾ ਹੈ ਉਹੋ ਮਨੁੱਖ ਦੇ ਆਚਰਨ ਰੂਪੀ ਕਾਗਜ਼ ਉਤੇ ਉਕਰਦੇ (print) ਜਾਂਦੇ ਹਨ। ਸੋ ਇਹ ਵਾਲੇ, ਹੁਣ ਤਕ ਦੇ ਕੀਤੇ ਕਰਮਾਂ ਨੂੰ ਪਿਛਲੇ ਕਰਮਜਾਂ ਪੂਰਬਲੇ ਕਰਮਕਹਿੰਦੇ ਹਨ। ਇਹ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨਾਲ ਬਣਿਆ ਸੁਭਾਅ ਜਿਉਂ-ਜਿਉਂ ਮਨੁੱਖ ਨੂੰ ਪ੍ਰੇਰਦਾ ਹੈ ਤਿਵੇਂ-ਤਿਵੇਂ ਹੀ ਉਹ ਮਨੁੱਖ, ਆਪਣੇ ਜੀਵਨ ਰੂਪੀ ਰਸਤੇ ਤੇ ਤੁਰਦਾ ਹੈ। ਮਨੁੱਖ ਦੇ ਚੰਗੇ ਜਾਂ ਮੰਦੇ ਗੁਣਾਂ ਦੀ ਪੜਚੋਲ ਤਾਂ ਹੋ ਸਕਦੀ ਹੈ ਪਰ ਰੱਬ ਜੀ, ਆਪ ਜੀ ਦੇ ਗੁਣ ਬੇਅੰਤ ਹਨ, ਉਨ੍ਹਾਂ ਦਾ ਅੰਤ ਨਹੀਂ ਪਾ ਸਕਦੇ। ਆਪਣੇ ਗੁਣ, ਅਵਗੁਣ, ਚੰਗੇ-ਮੰਦੇ ਕਰਮਾਂ ਦੀ ਪਰਖ ਮਨੁੱਖ ਰੱਬੀ ਗੁਣਾਂ ਦੀ ਕਸਵਟੀ ਤੇ ਕਰ ਸਕਦਾ ਹੈ।ਪਦਾ ਦੂਜਾ:- ਜਾਲੀ ਰੈਨਿ ਜਾਲੁ..... ਮੂੜੇ ਕਵਨ ਗੁਣੀ।।੨।।

ਐ ਮਨੁੱਖ ਤੇਰਾ ਪੰਛੀ ਰੂਪੀ ਮਨ ਪਲ ਭਰ ਦੇ ਸੁੱਖਾਂ ਕਾਰਨ ਦਿਨ-ਰਾਤ, ਪਲ-ਪਲ, ਵਿਕਾਰਾਂ ਨੂੰ ਮਿੱਠਾ-ਮਿੱਠਾ, ਚੰਗਾ-ਚੰਗਾ ਸਮਝ ਕੇ, ਉਨ੍ਹਾਂ ਦਾ ਚੋਗਾ ਚੁਗ ਰਿਹਾ ਹੈ ਅਤੇ ਆਪਣੇ ਹੀ ਬੁਣੇ ਹੋਏ ਜਾਲ ਵਿਚ ਫਸਦਾ ਜਾ ਰਿਹਾ ਹੈ। ਵਿਕਾਰਾਂ ਵਿਚ ਫਸੇ ਹੇ ਮਨੁੱਖ, ਜ਼ਰਾ ਸੋਚ ਤੂੰ ਕਿਹੜੇ ਗੁਣਾਂ ਨਾਲ, ਕਿਹੜੀ ਜੁਗਤੀ (technique) ਨਾਲ ਇਸ ਜਾਲ ਤੋਂ ਛੁਟ ਸਕਦਾ ਹੈਂ ?

ਪਦਾ ਤੀਜਾ:- ਕਾਇਆ ਆਰਣੁ .... ਚਿੰਤ ਭਈ।।੩।।

ਐ ਮਨੁੱਖ, ਤੇਰਾ ਸਰੀਰ ਲੋਹਾਰ ਦੀ ਭੱਠੀ ਵਾਂਗੂੰ ਹੈ। ਉਸ ਭੱਠੀ ’ਚ ਤੇਰਾ ਮਨ ਲੋਹੇ ਵਾਂਗੂੰ ਪਿਆ ਹੈ। ਤੂੰ ਮਨ ਰੂਪੀ ਲੋਹੇ ਉਤੇ ਵਿਕਾਰਾਂ ਦੀ ਅੱਗ ਤਪਾਈ ਹੋਈ ਹੈ। ਉਸ ਅੱਗ ਨੂੰ ਘਟਾਉਣਾ ਸੀ, ਕਾਬੂ ਕਰਨਾ ਸੀ ਪਰ ਤੂੰ ਤਾਂ ਉਸ ਅੱਗ ’ਚ ਹੋਰ ਮਾੜੇ ਕਰਮਾਂ ਖਿਆਲਾਂ ਦੇ ਕੋਇਲੇ ਪਾ-ਪਾ ਕੇ, ਅੱਗ ਭਖਾਈ (ਵਧਾਈ) ਜਾ ਰਿਹਾ ਹੈਂ। ਭਾਵ ਤੇਰੀਆਂ ਇੰਦ੍ਰੀਆਂ ਵਿਕਾਰਾਂ ਕਾਰਨ ਤੈਨੂੰ ਮਾੜੇ ਕਰਮਾਂ ਲਈ ਪ੍ਰੇਰਦੀਆਂ ਹਨ। ਐ ਮਨੁੱਖ, ਵਿਚਾਰ ਕਿ ਤੇਰਾ ਮਨ, ਇਸ ਤਪਸ਼ (ਵਿਕਾਰਾਂ ਦੀ ਭੱਠੀ) ’ਚ ਸੜ ਰਿਹਾ ਹੈ ਤੇ ਉੱਪਰੋਂ ਚਿੰਤਾ ਰੂਪੀ ਸੰਨ੍ਹੀ ਵੀ ਚੋਭਾਂ ਮਾਰ-ਮਾਰ ਕੇ ਹੋਰ ਦੁਖੀ ਕਰ ਰਹੀ ਹੈ।

ਪਦਾ ਚਉਥਾ:- ਭਇਆ ਮਨੂਰੁ..... ਤ੍ਰਿਸਟਸਿ ਦੇਹਾ।।੪।।੩।।

ਸਤਿਗੁਰ (ਸੱਚ ਦੇ ਗਿਆਨ) ਰਾਹੀਂ ਮਨੁੱਖ ਹਰ ਮੁਸ਼ਕਲ ਦਾ ਹਲ ਲੱਭ ਸਕਦਾ ਹੈ। ਸੋ ਜਿਸ ਮਨੁੱਖ ਦਾ ਮਨ ਇਹ ਮਹਿਸੂਸ ਕਰ ਲੈਂਦਾ ਹੈ ਕਿ ਉਹ ਮੈਲਾ ਹੈ ਭਾਵ ਮੁਸ਼ਕਲ ਵਿਚ ਹੈ, ਵਿਕਾਰਾਂ ਰਾਹੀਂ ਅਵਗੁਣਾਂ ’ਚ ਖੱਚਤ ਹੈ ਤਾਂ ਉਹ ਆਪਣੀ ਆਤਮਕ ਜੀਵਨੀ ਲਈ ਸਤਿਗੁਰ ਰਾਹੀਂ ਉਦਮ ਕਰ ਸਕਦਾ ਹੈ, ਫਿਰ ਮਨੁੱਖ ਵਿਕਾਰਾਂ ਤੋਂ ਆਪਣੇ ਆਪ ਨੂੰ ‘ਜਿਊਂਦਿਆਂ ਮੁਕਤ’ ਕਰਨ ਵਿਚ ਸਫਲ ਹੋ ਜਾਂਦਾ ਹੈ।

ਟੋਡੀ ਮ: ੪ ਘਰ ੧।। ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ।। ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ।।੧।।ਰਹਾਉ।। ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ।। ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ।।੧।। ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ।। ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ।।੨।। ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ।। ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ।।੩।। ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ।। ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ।।੪।।੧।। (ਗੁਰੂ ਗ੍ਰੰਥ ਸਾਹਿਬ, ਪੰਨਾ : 711)

ਇਸ ਸ਼ਬਦ ਦੇ ਭਾਵ ਅਰਥਾਂ ਨੂੰ ਵਿਚਾਰ ਕੇ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ, ਕਿਤਨੇ ਸੌਖੇ ਅਤੇ ਸਾਦੇ ਢੰਗ ਨਾਲ ਸਮਝਾਇਆ ਹੈ ਕਿ ‘‘ਮਨੁੱਖ ਚੰਗੇ ਜਾਂ ਮੰਦੇ ਲੇਖ ਆਪਣੇ ਮੱਥੇ ’ਤੇ ਆਪ ਲਿਖਦਾ ਹੈ।’’

ਪਦਾ ਰਹਾਉ :- ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ।। ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ।।੧।।ਰਹਾਉ।।

ਮੇਰਾ ਮਨ ਪ੍ਰਭੂ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਕਿਉਂਕਿ ਪ੍ਰਭੂ ਪ੍ਰੀਤਮ ਨੇ ਮੈਨੂੰ ਗਿਆਨ-ਗੁਰੂ (ਸਤਿਗੁਰ divine wisdom) ਨਾਲ ਮਿਲਾ ਦਿੱਤਾ ਹੈ, ਜਿਸ ਕਾਰਨ ਮੈਨੂੰ, ਮੇਰੇ ਜੀਵਨ ਚ ਜਿਊਂਦਿਆਂ ਜੀਅ ਵਿਕਾਰਾਂ ਦੇ ਭਵਜਲ ਚ ਡੁਬਣਾ ਨਹੀਂ ਪੈਂਦਾ (ਫੇਰਾ ਭਾਵ ਵਿਕਾਰਾਂ ਦੀਆਂ ਲਹਿਰਾਂ ਵਿਚ ਮੁੜ-ਮੁੜ ਨਹੀਂ ਪੈਣਾ ਪੈਂਦਾ)।

ਪਦਾ ਪਹਿਲਾ:- ਮੇਰੈ ਹੀਅਰੈ .......... ਪ੍ਰਭ ਕੇਰਾ।।੧।।

ਮੇਰੇ ਹਿਰਦੇ ਚ ਪਿਆਸ ਲਗੀ ਰਹਿੰਦੀ ਸੀ ਕਿ ਪ੍ਰਭੂ ਜੀ ਨੂੰ ਆਤਮਕ ਅਖਾਂਨਾਲ ਵੇਖਾਂ। ਪ੍ਰਭੂ ਜੀ ਨਾਲ ਇਕਮਿਕਤਾ ਦੀ ਅਵਸਥਾ ਲਈ ਮੈਨੂੰ, ਸਤਿਗੁਰ (divine wisdom) ਰਾਹੀਂ, ਜੀਵਨ ਜਾਚ ਦਾ ਰਸਤਾ (ਪਾਧਰੁ) ਸਮਝ ਪੈ ਗਿਆ ਹੈ। ਹੁਣ ਆਤਮਕ ਰੂਪ ਚ ਮੈਂ ਹਰ ਵੇਲੇ ਰੱਬੀ ਇਕਮਿਕਤਾ ਮਾਣ ਸਕਦਾ ਹਾਂ। ਇਸ ਪਦੇ ਵਿਚ ਪੰਜਵੇਂ ਪਾਤਸ਼ਾਹ ਉੱਚੀ ਆਤਮਕ, ਰੱਬੀ ਇਕਮਿਕਤਾ ਦੀ ਅਵਸਥਾ ਬਿਆਨ ਕਰ ਰਹੇ ਹਨ।

ਪਦਾ ਦੂਜਾ:- ਹਰਿ ਰੰਗੀ..... ਭਾਗੁ ਚੰਗੇਰਾ।।੨।।

ਹਰੀ ਦੇ ਰੰਗ ਚ ਰੰਗੇ ਮਨੁੱਖਾਂ ਦੀ ਸੁਰਤ ਜਦੋਂ ਉਨ੍ਹਾਂ ਦੇ ਮਨ ਨੂੰ ਰੱਬੀ ਗੁਣਾਂ ਵਲ ਪ੍ਰੇਰਦੀ ਹੈ ਤਾਂ ਹਰੀ ਦੀ ਰਜ਼ਾ ਵਿਚ ਜਿਊਣ ਦੀ ਸਮਝ ਪੈਂਦੀ ਜਾਂਦੀ ਹੈ, ਨਤੀਜਤਨ ਉਹ ਸਤਿਗੁਰ ਅਧੀਨ ਰੱਬੀ ਗੁਣਾਂ ਨਾਲ ਇਕਮਿਕ ਹੋ ਕੇ ਜਿਊਣ ਲੱਗ ਪੈਂਦੇ ਹਨ। ਐਸੀ ਅਮਲੀ ਜੀਵਨੀ ਜਿਊਣ ਲਈ ਉਨ੍ਹਾਂ ਮਨੁੱਖਾਂ ਨੇ ਸੱਚ ਦੇ ਰਾਹ ਤੇ ਤੁਰਨ ਦੀ ਜੋ ਸੱਚੇ ਦਿਲ ਨਾਲ ਮਿਹਨਤ ਕੀਤੀ ਹੈ ਇਹੋ ‘‘ਮਸਤਕਿ ਭਾਗੁ ਚੰਗੇਰਾ’’ ਦੀ ਲਖਾਇਕ ਹੈ।

ਪਦਾ ਤੀਜਾ:- ਲੋਭ ਵਿਕਾਰ.... ਭਾਗੁ ਮੰਦੇਰਾ।।੩।।

ਜੋ ਮਨੁੱਖ ਰੱਬੀ ਪਿਆਰ, ਰੱਬੀ ਰੰਗ ਨੂੰ (ਰੱਬੀ ਗੁਣਾਂ ਨੂੰ) ਛੱਡ ਕੇ, ਆਪਣੇ ਮਨ ਅਧੀਨ (ਪਿਛੇ) ਤੁਰਦੇ ਹਨ, ਉਹ ਰੱਬ ਜੀ ਨੂੰ ਵਿਸਾਰ ਕੇ, ਲੋਭ ਵਿਚ ਖੱਚਤ ਅਵਗੁਣਾਂ ਭਰਪੂਰ ਜੀਵਨ ਜਿਊਣ ਕਾਰਨ ਖੁਆਰ ਹੁੰਦੇ ਰਹਿੰਦੇ ਹਨ, ਉਨ੍ਹਾਂ ਦੀ ਸੁਰਤ, ਮਤ, ਬੁਧ, ਮਨ ਅਧੀਨ ਹੋਣ ਕਾਰਨ ਉਨ੍ਹਾਂ ਨੂੰ ਮਨਮੁਖ (ਮੂੜ) ਅਗਿਆਨੀ ਕਹਿੰਦੇ ਹਨ। ਐਸਾ ਜੀਵਨ ਮਸਤਕਿ ਭਾਗੁ ਮੰਦੇਰਾਦਾ ਲਖਾਇਕ ਹੈ।

ਪਦਾ ਚਉਥਾ:- ਬਿਬੇਕ ਬੁਧਿ... ਭਾਗੁ ਲਿਖੇਰਾ।।੪।।੧।।

ਜਿਨ੍ਹਾਂ ਮਨੁੱਖਾਂ ਨੇ ਚੰਗੇ ਅਤੇ ਮੰਦੇ ਕਰਮਾਂ ਦੀ ਪਛਾਣ ਕਰਨ ਵਾਲੀ ਸੋਝੀ (ਬਿਬੇਕ ਬੁੱਧ), ਸੱਚੇ ਗਿਆਨ ਰਾਹੀਂ ਪ੍ਰਾਪਤ ਕੀਤੀ ਹੈ, ਉਨ੍ਹਾਂ ਦਾ ਜੀਵਨ ਰੱਬੀ ਗੁਣਾਂ ਭਰਪੂਰ ਅਤੇ ਰੱਬੀ ਇਕਮਿਕਤਾ ਵਾਲਾ ਬਣ ਗਿਆ ਹੈ। ਇਸੇ ਅਮਲੀ ਜੀਵਨ ਦੀ ਪ੍ਰਾਪਤੀ ‘‘ਧੁਰਿ ਮਸਤਕਿ ਭਾਗੁ ਲਿਖੇਰਾ’’ ਦੀ ਲਖਾਇਕ ਹੈ। ਬਿਬੇਕ ਬੁੱਧ ਅਨੁਸਾਰ ਅਮਲੀ ਜੀਵਨੀ ਜਿਊਣਾ ਰੱਬੀ ਨਾਮੁਦਾ ਪ੍ਰਤੀਕ ਹੈ।

ਜੇ ਸਤਿਗੁਰ (ਗਿਆਨ-ਗੁਰੂ, divine wisdom) ਅਨੁਸਾਰ ਚੰਗੇ ਗੁਣਾਂ ਵਾਲਾ ਜੀਵਨ ਬਣ ਰਿਹਾ ਹੈ ਤਾਂ ਸਮਝੋ ਮਨੁੱਖ ਭਾਗ ਚੰਗੇਰੇਲਿਖ ਰਿਹਾ ਹੈ। ਜੇ ਮਨੁੱਖ ਸਤਿਗੁਰ ਨੂੰ ਵਿਸਾਰ ਕੇ ਵਿਕਾਰਾਂ ਚ ਖੱਚਤ, ਅਵਗੁਣ ਭਰਪੂਰ ਜੀਵਨੀ ਪਸੰਦ ਕਰਦਾ ਹੈ ਤਾਂ ਸਮਝੋ ਇਹ ਭਾਗ ਮੰਦੇਰਾਮਨੁੱਖ ਆਪ ਲਿਖ ਰਿਹਾ ਹੈ। ਜੇ ਸਤਿਗੁਰ (divine wisdom) ਅਨੁਸਾਰ ਬਿਬੇਕ ਬੁਧ ਪ੍ਰਾਪਤ ਹੋ ਗਈ ਤਾਂ ਸਮਝੋ ਨਿਹਚਲ, ਅਡੋਲ, ਮੁਕਤ ਜੀਵਨੀ ਹੀ ‘‘ਧੁਰਿ ਮਸਤਕਿ ਭਾਗੁ ਲਿਖੇਰਾ’’ ਦੀ ਲਖਾਇਕ ਹੈ।

ਪੁਰਾਤਨ ਵਿਚਾਰਧਾਰਾ ਦੇ ਆਧਾਰ ’ਤੇ ਕਈ ਲੋਕੀ ਪੁੱਛਦੇ ਹਨ ਕਿ :-

1. ਜੇ ਪਿਛਲੇ ਜਨਮ ਦੇ ਮੱਥੇ ਲਿਖੇ ਭਾਗ ਨਹੀਂ ਹੁੰਦੇ ਤਾਂ ਫਿਰ ਬੱਚਾ ਅੰਨ੍ਹਾ, ਲੰਗੜਾ, ਪਿੰਗਲਾ, ਆਦਿ ਕਿਉਂ ਜੰਮਦਾ ਹੈ ?

2. ਕਈ ਬੱਚੇ ਜੰਮਣ ਸਾਰ ਕਿਉਂ ਮਰ ਜਾਂਦੇ ਹਨ ?

3. ਕਈ ਬੱਚੇ ਰੂੜੀ ਦੇ ਢੇਰ ਉਤੇ ਅਤੇ ਕਈ ਅਮੀਰਾਂ ਦੇ ਘਰਾਂ ’ਚ ਜੰਮਦੇ ਹਨ, ਕਿਉਂ ?

4. ਜੇ ਪਿਛਲੇ ਕਰਮਾਂ ਦੇ ਲੇਖ (ਮਥੇ ਭਾਗ) ਨਹੀਂ ਹੁੰਦੇ, ਜੇ ਅਗੇ ਜਾ ਕੇ ਵੀ ਕੁਝ ਭੁਗਤਨਾ ਨਹੀਂ ਪੈਂਦਾ ਅਤੇ ਜੇ ਧਰਮਰਾਜ ਚਿਤ੍ਰ ਗੁਪਤ, ਜਮ, ਨਰਕ-ਸਵਰਗ ਵੀ ਨਹੀਂ ਹੁੰਦੇ ਤਾਂ ਫਿਰ ਮਨੁੱਖ ਇਥੇ ਜੋ ਮਰਜ਼ੀ ਪਿਆ ਕਰੇ ?

ਉੱਪਰ ਕੀਤੇ ਗਏ ਕੁਝ ਸਵਾਲਾਂ ਦੇ ਹੱਲ ਲੱਭਣ ਲਈ ਨਿਮਾਣਾ ਜਿਹਾ ਜਤਨ ਕਰਦੇ ਹਾਂ।

1. ਕੋਈ ਬੱਚਾ ਲੰਗੜਾ, ਪਿੰਗਲਾ ਜਾਂ ਅੰਨਾ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਨਹੀਂ ਬਲਕਿ ਮਾਂ ਪਿਓ ਦੀ ਨਸਲ ’ਚ ਪਿਛੋਂ ਚਲਦੀ ਆ ਰਹੀ ਕਿਸੀ ਕਮੀ (genetic disorder), ਮਾਨਸਿਕ ਤਨਾਵ ਕਾਰਨ ਹੁੰਦਾ ਹੈ। ਖਾਣ-ਪੀਣ ਦੀਆਂ ਗਲਤ ਆਦਤਾਂ, ਸਿਗਰੇਟ, ਸ਼ਰਾਬ, ਉਮਰ, ਅਣਗਹਿਲੀ, ਗਲਤ ਮਾਹੌਲ ਆਦਿ ਵੀ ਜ਼ਿੰਮੇਵਾਰ ਕਾਰਨ ਹੋ ਸਕਦੇ ਹਨ। ਸਾਨੂੰ ਸਾਇੰਸ ਰਾਹੀਂ ਵਧ ਤੋਂ ਵਧ ਖੋਜਾਂ ਕਰਕੇ ਇਨ੍ਹਾਂ ਬਾਰੇ ਹੱਲ ਲਭਣੇ ਚਾਹੀਦੇ ਹਨ।

2. ਜੋ ਬੱਚੇ ਜੰਮਣ ਸਾਰ ਮਰ ਜਾਂਦੇ ਹਨ, ਉਸ ਦਾ ਕਾਰਨ ਗਰਭਵਤੀ ਮਾਂ ਲਈ ਅਸੁਖਾਵਾਂ ਮਹੌਲ, ਬੱਚੇ ਦਾ ਮਾਂ ਦੇ ਪੇਟ ’ਚ ਠੀਕ ਤਰ੍ਹਾਂ ਨਾ ਪਨਪਨਾ, ਅਗਿਆਨਤਾ ਕਾਰਨ ਮਾਂ ਪਿਓ ਵਲੋਂ ਕੀਤੀ ਗਈ ਅਣਗਹਿਲੀ ਅਤੇ ਅਨੇਕਾਂ ਹੋਰ ਖਾਮੀਆਂ, ਜੋ ਨੌਂ ਮਹੀਨੇ ਦੌਰਾਨ ਮਾਂ ਦੇ ਗਰਭ ਵਿਚ ਅਤੇ ਬੱਚਾ ਜੰਮਣ ਵੇਲੇ ਹੁੰਦੀਆਂ ਹਨ ਆਦਿ।

3. ਕਈ ਬੱਚੇ ਰੂੜੀ ਦੇ ਢੇਰ ਅਤੇ ਕਈ ਅਮੀਰ ਘਰ ਇਸ ਲਈ ਜੰਮਦੇ ਹਨ, ਕਿਉਂਕਿ ਸਾਡੇ ਨਿਜਾਮਾਂ, ਕੰਮਾਂ, ਧੰਧਿਆਂ ਅਤੇ ਜਾਇਦਾਦ ਦੇ ਐਸੇ ਸਮਾਜਕ ਅਤੇ ਆਰਥਕ ਢੰਗ ਬਣ ਗਏ ਹਨ ਕਿ ਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਹੋਰ ਗਰੀਬ। ਜੇ ਕਰ ਅਸੀਂ ਗਰੀਬ ਦੇ ਬੱਚੇ ਦਾ ਰੂੜੀ ਦੇ ਢੇਰ ’ਤੇ ਜੰਮਣ ਦਾ ਤਹਿ ਦਿਲੋਂ ਅਫਸੋਸ ਮਨਾਵਾਂਗੇ ਤਾਂ, ਅਸੀਂ ਵਿਚਾਰਾਂਗੇ ਕਿ ਇਕ ਅਮੀਰ ਵਲੋਂ ਕਈ ਗਰੀਬ ਪਰਿਵਾਰਾਂ ਦਾ ਧਿਆਨ ਰਖਿਆ ਜਾ ਸਕਦਾ ਹੈ। ਜੇ ਸਾਡਾ ਧਿਆਨ ਵੰਡ ਛਕਣ, ਕੰਮਾਂ ਦੇ ਵਾਧੇ, ਬਰਾਬਰਤਾ, ਸਾਂਝੀਵਾਲਤਾ, ਲੋਕ ਨਿਰਮਾਣ ਦੇ ਕੰਮਾਂ ਅਤੇ ਗਰੀਬਾਂ ਲਈ ਘਰ ਬਣਵਾਉਣ ਆਦਿ ਵੱਲ ਪੈ ਜਾਵੇ ਤਾਂ ਆਪੇ ਹੀ ਗਰੀਬੀ ਦੂਰ ਹੋ ਸਕਦੀ ਹੈ। ਅਗਿਆਨਤਾ ਵੱਸ ਅਸੀਂ ਕਿਸਮਤ, ਮਥੇ ਲਿਖੇ ਭਾਗ ਦੀ ਦਲੀਲ ਮੰਨੀ ਜਾਂਦੇ ਹਾਂ ਕਿਉਂਕਿ ਆਪਣੇ ਆਪ ਨੂੰ ਪਿਛਲੇ ਕਰਮਾਂ ਦੇ ਭਾਗਾਂ ਕਰਕੇ ਅਮੀਰ ਸਮਝਦੇ ਹਾਂ ਤੇ ਇਸੇ ਤਰ੍ਹਾਂ ਗਰੀਬ ਪਿਛਲੇ ਕਰਮਾਂ ਦੀ ਸਜ਼ਾ ਕਾਰਨ ਆਪਣੇ ਆਪ ਨੂੰ ਗਰੀਬ ਸਮਝਦੇ ਰਹਿੰਦੇ ਹਨ। ਕਾਸ਼ ! ਸਾਨੂੰ ਸਾਦਗੀ, ਵੰਡ ਛਕਣਾ, ਸਾਂਝੀਵਾਲਤਾ ‘‘ਏਕ ਪਿਤਾ ਏਕਸ ਕੇ ਹਮ ਬਾਰਿਕ’’ ਵਾਲਾ ਜੀਵਨ ਜਿਊਣਾ ਪਸੰਦ ਆ ਜਾਏ ਤਾਂ ਸਮਾਜਕ, ਆਰਥਕ ਬਰਾਬਰਤਾ ਵਾਲੇ ਸਮਾਜ ’ਚ ਕੋਈ ਬੱਚਾ ਰੂੜੀ ’ਤੇ ਨਹੀਂ ਜੰਮੇਗਾ।

4. ਜੋ ਲੋਕੀ ਸਰੀਰਕ ਮਰਨ ਮਗਰੋਂ ਅੱਗੇ ਦੇ ਡਰ ਕਾਰਨ, ਇਥੇ ਅਖੌਤੀ ਚੰਗੇ ਜਾਂ ਧਰਮੀ ਬਣਨ ਵਾਸਤੇ ਕੇਵਲ ਧਾਰਮਕ ਕਰਮਕਾਂਡ ਕਰਦੇ ਰਹਿੰਦੇ ਹਨ, ਉਹ ਆਤਮਕ ਉੱਚਤਾ ਵਾਲੀ ਸ਼ਖਸੀਅਤ ਅਤੇ ਇਨਸਾਨੀਅਤ ਭਰਪੂਰ ਜੀਵਨੀ ਨਹੀਂ ਬਣਾ ਪਾਉਂਦੇ। ਉਨ੍ਹਾਂ ਨੇ ਭਾਵੇਂ ਜਿਊਂਦਿਆਂ ਦਾਨ ਪੁੰਨ ਕੀਤਾ ਹੋਵੇ ਜਾਂ ਉਨ੍ਹਾਂ ਦੇ ਮਰਨ ਮਗਰੋਂ ਪਰਿਵਾਰ ਵਾਲਿਆਂ ਨੇ ਦਾਨ ਪੁੰਨ ਕਰਵਾਇਆ ਹੋਵੇ ਪਰ ਉਨ੍ਹਾਂ ਦੀ ਭਾਵਨਾ ਮਰਨ ਮਗਰੋਂ (ਅਖੌਤੀ) ਮੁਕਤੀ ਪ੍ਰਾਪਤੀ ਜਾਂ ਸਵਰਗ ਦੀ ਲਾਲਸਾ ਹੀ ਹੁੰਦੀ ਹੈ। ਜੋ ਮਨੁੱਖ ਸੋਚਦਾ ਹੈ ਕਿ ਮੈਂ ਇਥੇ ਜੋ ਮਰਜ਼ੀ ਐਸ਼ੋ-ਇਸ਼ਰਤ ਕਰ ਲਵਾਂ ਤਾਂ ਮੰਨਣਾ ਪਵੇਗਾ ਕਿ ਉਸਦਾ ਮਨ ਮੈਲਾ ਹੈ, ਜੋ ਉਸਨੂੰ ਭੈੜੀ ਜੀਵਨੀ ਵਲ ਪ੍ਰੇਰਿਤ ਕਰਦਾ ਹੈ। ਐਸੇ ਲੋਕੀ ਹੀ ਪਾਪ-ਪੁੰਨ ਦੀ ਵਿਚਾਰਧਾਰਾ ’ਚ ਵਿਸ਼ਵਾਸ ਰਖਦੇ ਹਨ। ਜਿਸ ਮਨੁੱਖ ਨੂੰ ‘ਅੱਗੇ’ (ਮਰਨ ਮਗਰੋਂ) ਦੇ ਕਿਸੀ ‘ਲਾਲਚ’ ਜਾਂ ‘ਡਰ’ ਦਾ ਰਤਾ ਵੀ ਖਿਆਲ ਨਹੀਂ, ਉਹ ਆਪਣਾ ਵਰਤਮਾਨ (present) ਜੀਵਨ ਜੇਕਰ ‘ਜੀਵਨ ਮੁਕਤ’ ਬਣਾਉਣਾ ਚਾਹੁੰਦਾ ਹੈ ਤਾਂ ਸੱਚ ਦੇ ਗਿਆਨ, ਸਤਿਗੁਰ (divine wisdom) ਦੇ ਅਧੀਨ ਜੀਵਨ ਦੀ ਉਚੀ ਉਸਾਰੀ ਕਰਕੇ, ਪਰਮਪਦ ਪ੍ਰਾਪਤ ਕਰਕੇ, ਗੁਰਮੁਖੀ ਸ਼ਖਸੀਅਤ ਬਣ ਸਕਦਾ ਹੈ।

ਇਹ ਲੇਖ ਵੀਰ ਭਪਿੰਦਰ ਸਿੰਘ ਜੀ ਦੀ ਦੁਆਰ ਰਚਿਤ “ਪੁਸਤਕ ‘ਜੀਵਨ ਮੁਕਤ’ ਵਿੱਚੋਂ ਲਿਆ ਗਿਆ ਹੈ। ਵਧੇਰੀ ਜਾਣਕਾਰੀ ਲਈ ਪਾਠਕ ਸੱਜਣ www.thelivingtreasure.org ਤੇ ਲੋਗੋਨ ਕਰਨ ਜਾਂ [email protected] ਤੇ ਈ-ਮੇਲ ਲਿਖੋ ਜੀ।




.