ਕਹੁ ਕਬੀਰ ਜਨ ਭਏ ਖਾਲਸੇ … … …. .
ਜਸਵਿੰਦਰ ਸਿੰਘ “ਰੁਪਾਲ”
9814715796
ਹਰ ਸਾਲ 13 ਅਪ੍ਰੈਲ ਦਾ ਦਿਨ
ਖਾਲਸੇ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ
ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਿਆ ਸੀ। ਖਾਲਸਾ ਸਾਜਣ ਦਾ ਮੁੱਖ ਮਕਸਦ ਡਿੱਗਿਆਂ ਨੂੰ
ਉਠਾਉਣਾ ਸੀ। ਲਿਤਾੜਿਆਂ ਨੂੰ ਉੱਪਰ ਚੁੱਕਣਾ ਸੀ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ਼ ਜਗਾ ਕੇ ਉਨ੍ਹਾਂ
ਨੂੰ ਜਿੰਦਗੀ ਜਿਊਣ ਦੇ ਯੋਗ ਬਣਾਉਣਾ ਸੀ। ਉਸ ਸਮੇਂ ਲੋਕਾਈ ਵਕਤ ਦੀ ਹਕੂਮਤ ਦਾ ਹਰ ਜ਼ਾਇਜ਼ –ਨਾਜ਼ਾਇਜ਼
ਹੁਕਮ ਸਿਰ ਸੁੱਟ ਕੇ ਮੰਨੀ ਜਾ ਰਹੀ ਸੀ। ਦੂਜੇ ਪਾਸੇ ਧਾਰਮਿਕ ਤੌਰ ਤੇ ਵੀ ਕਰਮ-ਕਾਂਡਾਂ ਵਿੱਚ ਉਲਝ
ਰਹੀ ਸੀ ਅਤੇ ਧਰਮ ਦੇ ਅਸਲ ਤੱਤ ਨੂੰ ਭੁੱਲ ਰਹੀ ਸੀ। ਇਸ ਲਈ ਸੁੱਤੀ ਜਨਤਾ ਨੂੰ ਜਗਾਉਣ ਲਈ “ਖਾਲਸੇ”
ਦੀ ਸਾਜਨਾ ਕੀਤੀ ਗਈ ਸੀ … … …
ਬਹੁਤ ਸਾਰੇ ਲੇਖਕ ਭੁਲੇਖਾ ਖਾ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਗੁਰੁ ਗੋਬਿੰਦ ਸਿੰਘ ਜੀ ਦਾ ਦੱਸਿਆ
ਰਾਹ, ਗੁਰੁ ਨਾਨਕ ਦੇ ਦੱਸੇ ਰਾਹ ਤੋਂ ਅਲੱਗ ਹੈ। ਅਸਲ ਵਿੱਚ ਉਹ ਖ਼ੁਦ ਸਿਧਾਂਤ ਤੋਂ ਸਪਸ਼ਟ ਨਹੀਂ
ਹਨ, ਤਦ ਐਸੀ ਗੱਲ ਕਰਦੇ ਹਨ। ਵਰਨਾ ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ਜਾਬਰ ਕਹਿਣਾ, “ਰਾਜੇ ਸ਼ੀਂਹ
ਮੁੱਕਦਮ ਕੁੱਤੇ” ਆਖਣਾ ਉਸੇ ਮਾਰਗ ਦੀ ਪਹਿਲੀ ਪਉੜੀ ਹੈ ਜਿਹੜਾ ਗੁਰੁ ਗੋਬਿੰਦ ਸਿੰਘ ਜੀ ਨੇ ਹੱਥ
ਸ਼ਮਸ਼ੀਰ ਲੈ ਕੇ ਦੱਸਿਆ ਸੀ। ਸਾਨੂੰ ਗੁਰੁ ਨਾਨਕ ਤੋਂ ਗੋਬਿੰਦ ਸਿੰਘ ਤੱਕ ਇੱਕੋ ਸਿਧਾਂਤ- ਭਗਤੀ ਅਤੇ
ਸ਼ਕਤੀ- ਦਾ ਨਜ਼ਰ ਆਉਣਾ ਚਾਹੀਦਾ ਹੈ, “ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰ
ਧਰੁ ਤਲੀ ਗਲ਼ੀ ਮੇਰੀ ਆਉ।” ਗੁਰੂ ਗੋਬਿੰਦ ਸਿੰਘ ਨੇ ਨਹੀਂ, ਸਗੋਂ ਗੁਰੂ ਨਾਨਕ ਜੀ ਨੇ ਕਿਹਾ
ਸੀ। … ….
ਜ਼ਰਾ ਹੋਰ ਪਿੱਛੇ ਚੱਲੀਏ ਤਾਂ ਭਗਤ-ਬਾਣੀ ਵਿੱਚੋਂ ਵੀ ਇਹੀ ਸਿਧਾਂਤ ਨਜ਼ਰ ਆਏਗਾ। ਕਬੀਰ ਸਾਹਿਬ
ਫੁਰਮਾਉਂਦੇ ਹਨ,
“ਸੂਰਾ ਸੋ ਪਹਿਚਾਨੀਏ, ਜੋ ਲਰੈ ਦੀਨ ਕੇ ਹੇਤ।
ਪੁਰਜ਼ਾ ਪੁਰਜ਼ਾ ਕੱਟ ਮਰੈ, ਕਬਹੂੰ ਨ ਛਾਡੈ ਖੇਤ।।” … ….
ਗੁਰਬਾਣੀ ਦੇ ਵਧੇਰੇ ਅਧਿਐਨ ਨਾਲ਼ ਸਾਨੂੰ ਹੋਰ ਭਗਤਾਂ ਅਤੇ ਗੁਰੂ ਸਾਹਿਬਾਨ ਦੇ ਸੈਂਕੜੇ ਅਜਿਹੇ
ਹਵਾਲੇ ਮਿਲ ਜਾਣਗੇ ਜਿੱਥੇ ਉਨ੍ਹਾਂ ਆਪ ਸਮੇਂ ਦੇ ਹਾਕਮਾਂ, ਧਾਰਮਿਕ ਪਾਖੰਡੀਆਂ, ਲੋਟੂਆਂ, ਆਦਿ ਦੀ
ਖੁਲ੍ਹੇਆਮ ਮੂੰਹ ਤੇ ਆਲੋਚਨਾ ਕੀਤੀ। ਅਤੇ ਆਪਣੇ ਸਿੱਖਾਂ ਸੇਵਕਾਂ ਨੂੰ ਸੱਚ ਬੋਲਣ, ਸੱਚ ਤੇ ਦ੍ਰਿੜ
ਰਹਿਣ, ਅਤੇ ਜੁਲਮ ਦਾ ਵਿਰੋਧ ਕਰਨ ਦੀ ਸਿੱਖਿਆ ਦਿੱਤੀ। ਨਿਰਭਉ ਅਤੇ ਨਿਰਵੈਰ ਜੀਵਨ ਜਿਊਣ ਦੀ ਜਾਚ
ਸਿਖਾਈ ਅਤੇ ਕਿਸੇ ਦੇ ਦਬਾਅ ਤੋਂ ਬਿਨਾਂ ਆਜ਼ਾਦ ਸ਼ਖਸ਼ੀਅਤ ਦੀ ਉਸਾਰੀਕੀਤੀ। … ….
ਇਸੇ ਤਰਾਂ ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਖਾਲਸਾ ਸ਼ਬਦ ਕਦੋਂਵਰਤਿਆ ਗਿਆ ਤੇ ਇਸ ਦੇ ਕੀ ਅਰਥ
ਹਨ? ਸਾਡੇ ਲਈ ਸਭ ਤੋਂ ਵੱਧ ਸਤਿਕਾਰਤ ਅਤੇ ਪ੍ਰਮਾਣੀਕ ਮੰਨੀ ਜਾਂਦੀ ਗੁਰਬਾਣੀ ਵਿੱਚ ਭਗਤ ਕਬੀਰ ਜੀ
ਸ਼ਬਦ ਉਚਾਰਿਆ ਹੈ::
“ਬੇਦ ਪੁਰਾਨ ਸਭੈ ਮਤਿ ਸੁਨਿ ਕੈ, ਕਰੀ ਕਰਮ ਕੀ ਆਸਾ।।
ਕਾਲ ਗ੍ਰਸਤ ਸਭ ਲੋਗ ਸਿਆਨੇ, ਉਠਿ ਪੰਡਿਤ ਪੈ ਚਲੇ ਨਿਰਾਸਾ।।
ਮਨ ਰੇ ਸਰਿਓ ਨ ਏਕੈ ਕਾਜਾ।।
ਭਜਿਓ ਨ ਰਘੁਪਤਿ ਰਾਜਾ।। ਰਹਾਉ।।
ਬਨਖੰਡ ਜਾਇ ਜੋਗੁ ਤਪੁ ਕੀਨੋ, ਕੰਦ ਮੂਲੁ ਚੁਨਿ ਖਾਇਆ।।
ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਿਖਾਇਆ।।
ਭਗਤਿ ਨਾਰਦੀ ਰਿਦੈ ਨ ਆਈ, ਕਾਛਿ ਕੂਛਿ ਤਨੁ ਦੀਨਾ।।
ਰਾਗ ਰਾਗਨੀ ਡਿੰਭ ਹੋਇ ਬੈਠਾ, ਉਨਿ ਹਰਿ ਪਹਿ ਕਿਆ ਲੀਨਾ।।
ਪਰਿਓ ਕਾਲੁ ਸਭੈ ਜਗ ਊਪਰ, ਮਾਹਿ ਲਿਖੇ ਭ੍ਰਮ ਗਿਆਨੀ।।
ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ।।
ਸੋਰਠਿ ਕਬੀਰ ਜੀ (ਪੰਨਾ 654)
ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ਉਚੇਚਾ ਫੁੱਟ ਨੋਟ ਦੇ ਕੇ ਇੱਕ ਭੁਲੇਖਾ ਦੂਰ ਕੀਤਾ
ਹੈ। ਆਪ ਲਿਖਦੇ ਹਨ, “ਕਈ ਅਙਾਣ ਲੇਖਕਾਂ ਨੇ ਲਿਖਿਆ ਹੈ ਕਿ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇਦਮਦਮੇ
ਸਾਹਿਬ ਖਲਾਸੇ ਦੀ ਥਾਂ ਖਾਲਸੇ ਸ਼ਬਦ ਵਰਤਿਆ ਹੈ, ਪਰ ਇਹ ਉਨ੍ਹਾਂ ਦੀ ਭੁੱਲ ਹੈ। ਕਰਤਾਰਪੁਰ ਵਾਲੇ
ਗੁਰੁ ਗ੍ਰੰਥ ਸਾਹਿਬ ਜੀ ਵਿੱਚ ਪੁਰਾਣੀ ਕਲਮ ਦਾ ਲਿਖਿਆ ਪਾਠ ਖਾਲਸੇ ਹੈ।”
ਸਪਸ਼ਟ ਹੋਇਆ ਕਿ ਖਾਲਸਾ ਸ਼ਬਦ ਗੁਰੁ ਗੋਬਿੰਦ ਸਿੰਘ ਜੀ ਤੋਂ ਬਹੁਤ ਸਮਾਂ ਪਹਿਲਾਂ ਭਗਤ ਕਬੀਰ ਜੀ ਵਰਤ
ਚੁੱਕੇ ਸਨ। ਭਾਈ ਕਾਨ੍ਹ ਸਿੰਘ ਜੀ ਦੀ ਗੱਲ ਪੂਰੀ ਤਰਾਂ ਮੰਨਣਯੋਗ ਹੈ ਕਿਉਂਕਿ ਗੁਰੁ ਗੋਬਿੰਦ ਸਿੰਘ
ਜੀ ਕਿਸੇ ਵੀ ਸੂਰਤ ਵਿੱਚ ਗੁਰਬਾਣੀ ਦਾ ਇਕ ਸ਼ਬਦ ਵੀ ਨਹੀਂ ਸੀ ਬਦਲ ਸਕਦੇ। ਇਹ ਤਾਂ ਗੁਰੁ ਗ੍ਰੰਥ
ਸਾਹਿਬ ਜੀ ਦੇ ਵਿਦਵਾਨ ਸੰਪਾਦਕ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ “ਸੰਪਾਦਕੀ ਹੱਕ” ਰੱਖਦੇ ਹੋਏ ਵੀ
ਨਹੀਂ ਕੀਤਾ। ਗੁਰੂ ਸਾਹਿਬਾਨ ਨੇ ਜਿੱਥੇ ਲੋੜ ਸਮਝੀ ਹੈ, ਆਪਣਾ ਸ਼ਬਦ ਜਾਂ ਸਲੋਕ ਨਾਲ਼ ਲਿਖ ਦਿੱਤਾ ਹੈ
ਪਰ ਭਗਤ ਬਾਣੀ ਦਾ ਇੱਕ ਵੀ ਅੱਖਰ ਨਹੀਂ ਬਦਲਿਆ। … …
ਉਪਰੋਕਤ ਸ਼ਬਦ ਵਿੱਚ ਕਬੀਰ ਜੀ ਨੇ ਉਸ ਪੁਰਖ ਨੂੰ ਖਾਲਸਾ ਕਿਹਾ ਹੈ ਜੋ ਪ੍ਰਭੂ ਪਿਤਾ ਦੀ
ਪ੍ਰੇਮਾ-ਭਗਤੀ ਵਿੱਚ ਲੀਨ ਹੈ। ਐਸਾ ਇਨਸਾਨ ਹੀ ਵਾਸਤਵਿਕ ਵਿਚ ਆਜ਼ਾਦ ਹੋ ਸਕਦਾ ਹੈ ਕਿਉਂਕਿ ਮਾਲਕ ਦਾ
ਪਿਆਰ ਨਿਰਭਉ ਅਤੇ ਨਿਰਵੈਰ ਬਣਾਉਂਦਾ ਹੈ। ਮਹਾਨ ਕੋਸ਼ ਵਿੱਚ ਹੀ ਖਾਲਸਾ ਸ਼ਬਦ ਦੇ ਅਰਥ ਇੰਝ ਲਿਖੇ ਗਏ
ਹਨਅ- ਖਾਲਿਸਹ ਵਿ-ਸ਼ੁਧ
2. ਬਿਨਾਂ ਮਿਲਾਵਟ ਨਿਰੋਲ
3. ਸੰਗਯਾ ਉਹ ਜਮੀਨ ਜਾਂ ਮੁਲਕ ਜੋ ਬਾਦਸ਼ਾਹ ਦੇ ਅਧੀਨ ਹੈ ਜਿਸਪੁਰ ਕਿਸੇ ਜਗੀਰਦਾਰ ਅਥਵਾ ਜਿਮੀਦਾਰ
ਦਾ ਸਵਤਵ ਨਹੀਂ
4. ਅਕਾਲੀ ਧਰਮ ਵਾਹਗੁਰੂ ਜੀ ਕਾ ਖਾਲਸਾ, ਸਿੰਘ ਪੰਥ
5. ਖਾਲਸਾ ਧਰਮਧਾਰੀ ਗੁਰੁ ਨਾਨਕ ਪੰਥੀ।
ਇਸ ਤਰਾਂ ਸਾਨੂੰ ਖਾਲਸੇ ਦੇ ਸਾਰੇ ਅਰਥ ਵਿਚਾਰਨੇ ਚਾਹੀਦੇ ਹਨ। ਜਿਨ੍ਹਾਂ ਤੋਂ ਇੱਕ ਐਸੇ ਮਨੁੱਖ
ਬਾਰੇ ਪਤਾ ਲਗਦਾ ਹੈ, ਜੋ ਪੂਰਨ ਤੌਰ ਤੇ ਆਜ਼ਾਦ ਹੈ, ਸਿੱਧਾ ਅਕਾਲਪੁਰਖ ਦੇ ਅਧੀਨ ਹੈ-ਕਿਸੇ ਵਿਚੋਲੇ
ਦੀ ਲੋੜ ਨਹੀਂ ਅਤੇ ਇਹ ਵਿਕਾਰਾਂ ਤੋਂ ਰਹਿਤ ਇੱਕ ਪਵਿੱਤਰ ਆਤਮਾ ਦਾ ਨਾਂ ਹੈ। … …
ਇਸ ਤਰਾਂ ਗੁਰਬਾਣੀ ਅਨੁਸਾਰ ਖਾਲਸੇ ਦੀ ਪਹਿਲੀ ਤੇ ਮੁਢਲੀ ਸ਼ਰਤ ਪ੍ਰਭੂ ਨਾਲ਼ ਪ੍ਰੇਮ ਹੋਣਾ ਹੈ।
ਨਿਰਭਉ ਤੇ ਨਿਰਵੈਰ ਹੋਣਾ ਹੈ। ਗੁਰ-ਸ਼ਬਦ ਨਾਲ਼ ਓਤਪੋਤ ਹੋਕੇ ਜਦ ਉਹ ਸਤ, ਸੰਤੋਖ, ਦਇਆ, ਧਰਮ,
ਮਿੱਠਤ, ਸਹਿਣਸ਼ੀਲਤਾ ਵਰਗੇ ਗੁਣਾਂ ਨਾਲ ਲਬਰੇਜ਼ ਹੋ ਜਾਂਦਾ ਹੈ, ਤਦ ‘ਗੁਰਬਾਣੀ ਤੋਂ ਕੁਰਬਾਨੀ’ ਦਾ
ਰਸਤਾ ਅਖਤਿਆਰ ਕਰਦਾ ਹੈ, ਜਾਲਮ ਨੂੰ ਵੰਗਾਰਦਾ ਹੈ, ਫਿਰ “ਸਿਰ ਦੀਜੈ ਕਾਣਿ ਨਾ ਕੀਜੈ” ਦੀ ਅਵਸਥਾ ਆ
ਜਾਂਦੀ ਹੈ। … …. . ਅਸੀਂ ਅੱਜ ਸਿਰਫ਼ ਖੰਡੇ ਬਾਟੇ ਦੀ ਪਾਹੁਲ ਛਕਣ ਵਾਲੇ ਲਈ ਖਾਲਸਾ ਸ਼ਬਦ ਵਰਤਦੇ
ਹਾਂ। ਪਰ ਅਸਲ ਵਿੱਚ ਤਾਂ ਉਸ ਨੇ ਅਜੇ ਇਸ ਸਕੂਲ ਵਿਚ ਦਾਖਲਾ ਲਿਆ ਹੈ। ਜਿਸ ਤਰਾਂ ਇਹ ਜਰੂਰੀ ਹੈ ਕਿ
ਹਰ ਵਿਦਿਆਰਥੀ ਵਰਦੀ ਪਾਵੇਗਾ, ਪਰ ਹਰ ਵਰਦੀ ਪਾਉਣ ਵਾਲੇ ਨੂੰ ਵਿਦਿਆਰਥੀ ਨਹੀਂ ਕਿਹਾ ਜਾ ਸਕਦਾ। ਇਹ
ਤਾਂ ਅਧਿਆਪਕ ਹੀ ਦੱਸੇਗਾ ਕਿ ਕੀ ਸਚਮੁਚ ਉਹ ਵਿਦਿਆਰਥੀ ਹੈ ਜਾਂ ਨਹੀਂ। ਇਸ ਤਰਾਂ ਸਿੱਖ ਜਾਂ ਖਾਲਸਾ
ਕੌਣ ਹੈ ਦਾ ਅਸਲ ਵਿੱਚ ਤਾਂ ਗੁਰੂ ਹੀ ਦੱਸ ਸਕਦਾ ਹੈ। ਦਿਖਾਵੇ ਲਈ ਤਾਂ ਮੇਰੇ ਵਰਗੇ ਬਥੇਰੇ ਖਾਲਸੇ
ਬਣੇ ਫ਼ਿਰਦੇ ਹਨ। … …
ਗੁਰੁ ਨਾਨਕ ਦਾ ‘ਗੁਰਮੁਖਿ’, ਗੁਰੁ ਅਰਜਨ ਜੀ ਦਾ ‘ਬ੍ਰਹਮ ਗਿਆਨੀ’ ਅਤੇ ਗੁਰੁ ਗੋਬਿੰਦ ਸਿੰਘ ਜੀ ਦਾ
‘ਖਾਲਸਾ’ ਓਹੀ ਮਨੁੱਖ ਵੱਲ ਇਸ਼ਾਰਾ ਕਰਦੇ ਜਾਪਦੇ ਹਨ ਜਿਸ ਬਾਰੇ ਭਗਤ ਕਬੀਰ ਜੀ ਨੇ ਫੁਰਮਾਇਆ ਹੈ।
ਅੱਜ ਤਾਂ ਬਾਹਰਲੀ ਰਹਿਤ ਵੀ ਅਲੋਪ ਹੋ ਰਹੀ ਹੈ। ਚਿੰਤਕ ਅਤੇ ਵਿਦਵਾਨ ਚਿੰਤਾ ਵਿੱਚ ਡੁੱਬੇ ਹਨ ਕਿ
ਨੌਜਵਾਨ ਪੀੜ੍ਹੀ ਅੰਮ੍ਰਿਤ ਤਾਂ ਕੀ ਛਕੇਗੀ, ਉਹ ਤਾਂ ਕੇਸਾਂ ਨੂੰ ਵੀ ਭਾਰ ਸਮਝਣ ਲੱਗ ਪਈ ਹੈ। ਇਸ
ਦੇ ਕਾਰਨ ਜਾਨਣੇ, ਅਤੇ ਪਤਿਤਪੁਣਾ ਦੂਰ ਕਰਨ ਲਈ ਕੀ ਯਤਨ ਕੀਤੇ ਜਾਣ, ਇਕ ਵੱਖਰਾ ਤੇ ਲੰਮਾ ਵਿਸ਼ਾ
ਹੈ। ਸਿਰਫ਼ ਇੱਕ ਗੱਲ ਜੋ ਲਗਦੀ ਹੈ ਉਹ ਇਹ ਕਿ ਅਸੀਂ ਗੁਰਬਾਣੀ ਦੇ ਨੇੜੇ ਨਹੀਂ ਹਾਂ। ਪਾਠ, ਕਥਾ,
ਕੀਰਤਨ ਬਹੁਤ ਹੋ ਰਹੇ ਹਨ, ਪਰ ਬਾਣੀ ਦਾ ਭੈਅ ਅਤੇ ਉਸ ਅਨੁਸਾਰ ਜੀਵਨ ਜਿਊਣ ਦਾ ਚਾਅ ਸਾਨੂੰ ਨਹੀਂ
ਆਇਆ। ਇਸੇ ਲਈ ਬਾਹਰਲੀ ਰਹਿਤ ਅਲੋਪ ਹੋ ਰਹੀ ਹੈ। ਕਿਉਂਕਿ “ਸਭ ਕਿਛੁ ਜਾਨੈ ਆਤਮ ਕੀ ਰਹਤ” ਅਨੁਸਾਰ
ਅੰਦਰਲੀ ਰਹਤ ਤੋਂ ਹੀ ਸਭ ਗਿਆਨ ਮਿਲਦਾ ਹੈ।
ਆਓ ਅਰਦਾਸ ਕਰੀਏ ਕਿ ਐ ਪ੍ਰਭੂ ਸਾਨੂੰ ਬਲ ਬਖਸ਼ ਅਸੀਂ ਸ਼ਬਦ-ਗੁਰੂ ਦੇ ਲੜ ਲੱਗ ਸਕੀਏ। ਗੁਰੂ ਹੁਕਮਾਂ
ਨੂੰ ਸਮਝ ਸਕੀਏ। ਤੇਰੀ ਕਿਰਪਾ ਹੀ ਉਨ੍ਹਾਂ ਹੁਕਮਾਂ ਤੇ ਚਲਣ ਵਿੱਚ ਮਦਦ ਕਰ ਸਕਦੀ ਹੈ। ਅਸੀਂ ਤਾਂ
ਦੁਨਿਆਵੀ ਰੰਗਾਂ ਵਿਚ ਵਿਅਸਤ ਹੋ ਕੇ ਮਾਇਆ ਦੀ ਚਕਾਚੌਂਧ ਵਿੱਚ ਭਟਕੇ ਹੋਏ ਹਾਂ। ਸ਼ਬਦ ਦੀ ਚੋਟ ਹੀ
ਸਾਡੇ ਅੰਦਰਲੇ ਸੁੱਤੇ ਸਿੰਘ ਨੂੰ ਜਗਾ ਸਕੇਗੀ। ਗੁਰੁ ਮਿਹਰ ਕਰੇ. ਲੇਖ ਲਿਖਦੇ ਸਮੇਂ ਹੋਈਆਂ ਭੁੱਲਾਂ
ਮੁਆਫ਼ ਕਰਨੀਆਂ … … … … … … ….
----------------------00000-----------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126