ਅਕਾਲ ਪੁਰਖ ਦਾ ਸੰਕਲਪ
ਭਾਗ ਬਾਰ੍ਹਵਾਂ
ਰੱਬੀ ਮਿਲਾਪ ਲਈ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ?
ਕੀ ਮਨੁੱਖ ਜਿਉਂਦੇ ਜੀ ਰੱਬ ਦਾ ਰੂਪ ਹੋ ਸਕਦਾ ਹੈ?
ਹੁਣ ਤੱਕ ਦੀ ਵਿਚਾਰ ਤੋਂ ਅਸੀਂ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਨਾ ਤਾਂ
ਰੱਬ ਜੀ ਨੂੰ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਉਸ ਦੀ ਕੋਈ ਮੂਰਤੀ ਹੈ। ਨਾ ਹੀ ਰੱਬ ਜੀ ਜਨਮ ਲੈਂਦੇ
ਹਨ ਤੇ ਨਾ ਹੀ ਉਹ ਕਿਸੇ ਸਤਵੇਂ ਅਸਮਾਨ `ਤੇ ਬੈਠ ਕੇ ਮਨੁੱਖਾਂ ਵਾਂਗ ਕੋਈ ਹੁਕਮ ਕਰ ਰਿਹਾ ਹੈ। ਰੱਬ
ਜੀ ਨਾ ਤਾਂ ਕਿਸੇ ਧਾਰਮਿਕ ਅਸਥਾਨ `ਤੇ ਰਹਿੰਦੇ ਹਨ ਤੇ ਨਾ ਹੀ ਕੋਈ ਖਾਸ ਭੇਖ ਧਾਰਨ ਕਰਨ ਨਾਲ
ਮਿਲਦਾ ਹੈ। ਰੱਬ ਜੀ ਸਰਬ ਵਿਆਪਕ ਹਨ ਜੋ ਜ਼ਰੇ ਜ਼ਰੇ ਵਿੱਚ ਸਮਾਏ ਹੋਏ ਹਨ। ਸਾਰਾ ਕੁੱਝ ਉਸ ਦੇ ਇੱਕ
ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਜਿਸ ਨੂੰ ਗੁਰਬਾਣੀ ਨੇ ਰੱਬੀ ਹੁਕਮ ਜਾਂ ਕੁਦਰਤੀ ਨਿਮਯਾਵਲੀ
ਕਿਹਾ ਹੈ। ਪੁਜਾਰੀ ਨੇ ਰੱਬ ਦਾ ਇੱਕ ਅਜੇਹਾ ਰੂਪ ਪੇਸ਼ ਕੀਤਾ ਹੈ ਕਿ ਜੇ ਰੱਬ ਜੀ ਦੀ ਠੀਕ ਢੰਗ ਨਾਲ
ਪੂਜਾ ਨਾ ਹੋਈ ਤਾਂ ਸਾਡੇ ਜੀਵਨ `ਤੇ ਕਹਿਰ ਵਾਪਰ ਸਕਦਾ ਹੈ। ਸੰਸਾਰ `ਤੇ ਪਰਲੋ ਆ ਸਕਦੀ ਹੈ। ਨਤੀਜਾ
ਇਹ ਨਿਕਲਿਆ ਕਿ ਲੋਕ ਪੁਜਾਰੀਆਂ ਦੇ ਕਹੇ ਤੇ ਔਖੇ ਤੋਂ ਔਖੇ ਢੰਗ ਤਰੀਕਿਆਂ ਨਾਲ ਰੱਬ ਦੀ ਪੂਜਾ ਵਿੱਚ
ਜੁੱਟ ਗਏ। ਦਰ-ਅਸਲ ਹਕੀਕਤ ਇਹ ਹੈ ਜੇ ਰੱਬੀ ਨਿਯਮਾਵਲੀ ਨੂੰ ਨਾ ਸਮਝੀਏ ਜਾਂ ਕੁਦਰਤ ਨਾਲ ਖਿਲਵਾੜ
ਕੀਤਾ ਜਾਏ ਤਾਂ ਜ਼ਰੂਰ ਕਹਿਰ ਵਾਪਰਦੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਰੱਬ ਜੀ ਨੂੰ ਜਿਉਂਦੇ ਜੀ ਮਿਲ ਸਕਦੇ
ਹਾਂ? ਉੱਤਰ ਮਿਲਦਾ ਹੈ ਕਿ ਜੇ ਅਸੀਂ ਆਪਣੇ ਸੁਭਾਅ ਵਿੱਚ ਰੱਬੀ ਗੁਣਾਂ ਨੂੰ ਧਾਰਨ ਕਰ ਲਈਏ ਤਾਂ
ਸਾਡਾ ਇਸ ਜੀਵਨ ਦੇ ਵਿੱਚ ਹੀ ਰੱਬ ਜੀ ਨਾਲ ਮਿਲਾਪ ਹੋ ਸਕਦਾ ਹੈ। ਮਨੁੱਖੀ ਜੀਵਨ ਦਾ ਉੱਚ ਭਾਵੀ
ਅਰਦਸ਼ ਵੀ ਏਹੀ ਮਿੱਥਿਆ ਗਿਆ ਹੈ ਜੋ ਸਚਿਆਰ ਮਨੁੱਖ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਦੂਸਰਾ
ਗੁਰਬਾਣੀ ਇਹ ਸਮਝਾਉਂਦੀ ਹੈ ਕਿ ਇਹ ਉੱਚ ਭਾਵੀ ਅਰਦਸ਼ ਗੁਰ-ਉਪਦੇਸ਼ ਅਨੁਸਾਰੀ ਹੋਇਆਂ ਹੀ ਪ੍ਰਪਾਤ ਹੋ
ਸਕਦਾ ਹੈ।
ਗੁਰਬਾਣੀ ਵਿੱਚ ਦੋ ਗੱਲਾਂ ਸਮਝਾਈਆਂ ਹਨ। ਪਹਿਲੀ ਗੱਲ ਕਿ ਮਨੁੱਖ ਗੁਰਬਾਣੀ
ਸਿਧਾਂਤ ਸਮਝੇ ਦੂਸਰਾ ਉਸ ਅਨੁਸਰੀ ਹੋ ਕੇ ਚੱਲਣ ਨਾਲ ਰੱਬੀ ਮਿਲਾਪ ਦੀ ਅਵਸਥਾ ਸਥਿਰ ਹੁੰਦੀ ਹੈ---
ਢਾਹਿ ਉਸਾਰੇ ਹੁਕਮਿ ਸਮਾਵੈ॥ ਹੁਕਮੋ ਵਰਤੈ ਜੋ ਤਿਸੁ ਭਾਵੈ॥
ਗੁਰ ਬਿਨੁ ਪੂਰਾ ਕੋਇ ਨ ਪਾਵੈ॥ ੫॥
ਰਾਗ ਆਸਾ ਮਹਲਾ ੧ ਪੰਨਾ ੪੧੪ –
ਗੁਰਮੁਖਿ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ
ਢਾਹ ਕੇ ਆਪ ਹੀ ਮੁੜ ਉਸਾਰਦਾ ਹੈ, ਉਸ ਦੇ ਹੁਕਮ ਅਨੁਸਾਰ ਹੀ ਜਗਤ ਮੁੜ ਉਸ ਵਿੱਚ ਲੀਨ ਹੋ ਜਾਂਦਾ
ਹੈ। ਜੋ ਉਸ ਨੂੰ ਚੰਗਾ ਲਗਦਾ ਹੈ ਉਸ ਅਨੁਸਾਰ ਉਸ ਦਾ ਹੁਕਮ ਚੱਲਦਾ ਹੈ। ਗੁਰੂ ਦੀ ਸਰਨ ਆਉਣ ਤੋਂ
ਬਿਨਾ ਕੋਈ ਜੀਵ ਪੂਰਨ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ੫।
ਰੱਬ ਦੇ ਮਿਲਾਪ ਲਈ ਜੰਗਲ਼ਾਂ ਵਿੱਚ ਜਾਣ ਦੀ ਲੋੜ ਨਹੀਂ ਹੈ ਤੇ ਨਾ ਹੀ
ਸਰੀਰਾਂ ਨੂੰ ਕਸ਼ਟ ਦੇਣ ਦੀ ਜ਼ਰੂਰਤ ਹੈ। ਸੰਸਾਰ ਦੇ ਕਾਰ ਵਿਹਾਰ ਕਰਦਿਆਂ ਅਸਾਂ ਰੱਬੀ ਮਿਲਾਪ ਹਾਸਲ
ਕਰਨਾ ਹੈ—ਦੁਨੀਆਂ ਦੇ ਧੰਦੇ ਕਰਦਿਆਂ ਸੁੱਖ ਦੁੱਖ ਤੋਂ ਨਿਰਲੇਪ ਰਹਿਣਾ ਹੈ, ਲਾਲਚ, ਪ੍ਰਵਾਰਕ ਮੋਹ
ਛੱਡ ਕੇ, ਹੰਕਾਰ ਦੀ ਟੀਸੀ ਤੋਂ ਹੇਠਾਂ ਉਤਰਨਾ ਹੈ, ਫਿਰ ਐਸਾ ਮਨੁੱਖ ਰੱਬ ਦਾ ਹੀ ਰੂਪ ਹੈ ਭਾਵ ਇਹੋ
ਹੀ ਹੈ ਰੱਬੀ ਮਿਲਾਪ ---
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥ ੧੩॥
ਸਲੋਕ ਮ: ੯ ਪੰਨਾ ੧੪੨੭ –
ਹੇ ਨਾਨਕ! ਆਖ—ਹੇ ਮਨ! ਸੁਣ, ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ
ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ
ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ (ਸਾਖਿਆਤ)
ਪਰਮਾਤਮਾ ਦਾ ਰੂਪ ਹੈ।
ਘੁੱਗ ਵੱਸੇ ਹੋਏ ਸ਼ਹਿਰ ਅਨੰਦਪੁਰ ਵਿੱਚ ਹਰ ਪ੍ਰਕਾਰ ਦੇ ਸੁੱਖ ਹਨ। ਅਨੰਦਪੁਰ
ਦੀ ਧਰਤੀ ਛੱਡਣ ਉਪਰੰਤ ਪਹਾੜ ਵਰਗੇ ਦੁੱਖਾਂ ਦੀ ਦਾਸਤਾਂ ਅਰੰਭ ਹੁੰਦੀ ਹੈ। ਚਮਕੌਰ ਦੀ ਗੜ੍ਹੀ ਵਿੱਚ
ਜਿਗਰ ਦੇ ਟੁਕੜੇ ਤੇ ਜਾਨ ਨਾਲੋਂ ਪਿਆਰੇ ਸਿੱਖ ਸ਼ਹੀਦ ਹੁੰਦੇ ਹਨ। ਮੋਹ ਦੀਆਂ ਤੰਦਾਂ ਦਾ ਕੋਈ
ਪ੍ਰਭਾਵ ਨਹੀਂ। ਚਮਕੌਰ ਦੀ ਜੂਹ ਜਾਂ ਸਰਹੰਦ ਦੇ ਦਰਬਾਰ ਵਿੱਚ ਦ੍ਰਿੜਤਾ ਦੀਆਂ ਮਿਸਾਲਾਂ ਰਹਿੰਦੀ
ਦੁਨੀਆਂ ਤੱਕ ਰਹਿਣਗੀਆਂ। ਸਰਕਾਰ ਵਲੋਂ ਦਿੱਤੇ ਲੋਭ-ਲਾਲਚ ਦਾ ਅਸਰ ਜੀਵਨ ਦੀ ਕਿਸੇ ਪਰਤ ਵਿੱਚ
ਦਿਖਾਈ ਨਹੀਂ ਦੇਵੇਗਾ ਤੇ ਨਾਹੀ ਹੰਕਾਰ ਵਰਗੀ ਕੋਈ ਸ਼ੈਅ ਜੀਵਨ ਵਿੱਚ ਉਜਾਗਰ ਹੋਏਗੀ। ਗੁਰੂ ਤੇਗ
ਬਹਾਦਰ ਜੀ ਫੁਰਮਾਉਂਦੇ ਹਨ ਕਿ ਅਜੇਹੀ ਬਿਰਤੀ ਹੀ ਭਗਵਾਨ ਦਾ ਰੂਪ ਹੈ। ਉਪੋਕਰਤ ਸਲੋਕ ਵਿੱਚ ਭਗਵਾਨ
ਦਾ ਰੂਪ ਬਣਨ ਲਈ ਸੁੱਖ, ਦੁੱਖ, ਲੋਭ, ਮੋਹ ਤੇ ਹੰਕਾਰ ਦੇ ਪੰਜ ਨੁਕਤਿਆਂ ਨੂੰ ਸਮਝਣ ਵਾਲਾ ਹੀ
ਭਗਵਾਨ ਦਾ ਰੂਪ ਹੈ। ਹਰ ਵੇਲੇ ਇਸ ਸਮਝ ਨੂੰ ਸਮਝਣਾ ਹੀ ਰੱਬੀ ਸਿਮਰਣ ਹੈ। ਸੰਸਾਰ ਦੇ ਮੋਹ ਦੀਆਂ
ਤੰਦਾਂ ਤੋਂ ਉੱਪਰ ਉਠਣ ਵਾਲਾ ਕੇਵਲ ਆਪਣੀ ਹੱਥੀਂ ਕੀਤੀ ਕਿਰਤ ਤੇ ਹੀ ਭਰੋਸਾ ਰੱਖਦਾ ਹੈ ਅਸਲ ਵਿੱਚ
ਓਸੇ ਇਨਸਾਨ ਦੇ ਹਿਰਦੇ ਵਿੱਚ ਹੀ ਰੱਬ ਵੱਸਦਾ ਹੈ---
ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ॥
ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ॥ ੧੮॥
ਸਲੋਕ ਮ: ੯ ਪੰਨਾ ੧੪੨੭---
ਹੇ ਨਾਨਕ! ਆਖ—ਹੇ ਮਨ! ਸੁਣ, ਜਿਸ (ਮਨੁੱਖ) ਨੇ ਮਾਇਆ ਦਾ ਮੋਹ ਛੱਡ ਦਿੱਤਾ,
(ਜਿਹੜਾ ਮਨੁੱਖ ਮਾਇਆ ਦੇ ਕਾਮਾਦਿਕ) ਸਾਰੇ ਵਿਕਾਰਾਂ ਵਲੋਂ ਉਪਰਾਮ ਹੋ ਗਿਆ, ਉਸ ਦੇ ਹਿਰਦੇ ਵਿੱਚ
(ਪਰਤੱਖ ਤੌਰ ਤੇ) ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।
ਮਾਇਆ ਛੱਡਣ ਦਾ ਅਰਥ ਇਹ ਨਹੀਂ ਕਿ ਬੰਦੇ ਨੇ ਆਪਣੀ ਕਿਰਤ
ਛੱਡ ਦੇਣੀ ਹੈ। ਇਸ ਦਾ ਅਰਥ ਹੈ ਕਿ ਆਪਣੀ ਕਿਰਤ `ਤੇ ਭਰੋਸਾ ਰੱਖਦਿਆਂ ਕਿਸੇ ਦਾ ਹੱਕ ਖੋਹਣਾ ਨਹੀਂ,
ਸਗੋਂ ਕਿਸੇ ਦਾ ਦਰਦ ਵੰਡਾਉਣਾ ਹੈ। ਇਨ੍ਹਾਂ ਤੁਕਾਂ ਨੂੰ ਪੜ੍ਹਨ ਵਾਲਾ ਕਦੇ ਵੀ ਕਿਸੇ ਪਾਸੋਂ ਵੱਢੀ
ਨਹੀਂ ਲਏਗਾ। ਵਿਕਾਰੀ ਬਿਰਤੀ ਦਾ ਤਿਆਗੀ ਹੋਏਗਾ। ਅਜੇਹਾ ਨਾਮ ਜੱਪਣ ਵਾਲੇ ਦੇ ਹਿਰਦੇ ਵਿੱਚ ਹੀ ਰੱਬ
ਜੀ ਨੂੰ ਗੁਣਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਫੁਰਮਾਣ ਹੈ ਕਿ ਹੇ ਮਨੁੱਖ ਤੂੰ ਧਰਮ ਦੇ
ਕਾਰਜ ਬਹੁਤ ਕਰ ਰਿਹਾ ਏਂ ਅਸਲ ਵਿੱਚ ਜਿਨ੍ਹਾ ਚਿਰ ਤੂੰ ਰੱਬੀ ਗੁਣਾਂ ਨੂੰ ਅਪਨਾਉਂਦਾ ਨਹੀਂ,
ਓਨ੍ਹਾਂ ਚਿਰ ਤੂੰ ਕਿਸੇ ਕੰਢੇ `ਤੇ ਨਹੀਂ ਲੱਗ ਸਕਦਾ---
ਕਬੀਰ ਗੁਰੁ ਲਾਗਾ ਤਬ ਜਾਨੀਐ, ਮਿਟੈ ਮੋਹੁ ਤਨ ਤਾਪ॥
ਹਰਖ ਸੋਗ ਦਾਝੈ ਨਹੀ, ਤਬ ਹਰਿ ਆਪਹਿ ਆਪ॥
ਸਲੋਕ ਕਬੀਰ ਜੀ ਕੇ ਪੰਨਾ ੧੩੭੪ –
ਹੇ ਕਬੀਰ! ਗੁਰੂ ਉਦੋਂ ਮਿਲਿਆ ਸਮਝੋ, ਜਦੋਂ (ਗੁਰੂ ਧਾਰਨ ਵਾਲੇ ਮਨੁੱਖ ਦੇ
ਦਿਲ ਵਿਚੋਂ) ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ, ਜਦੋਂ
ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ। ਅਜੇਹੀ ਹਾਲਤ ਵਿੱਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ
ਆਪ ਦਿੱਸਦਾ ਹੈ।
ਪਰਵਾਰਕ ‘ਮੋਹੁ’ ਦੀਆਂ ਤੰਦਾਂ ਭਾਵ ਆਪਣੇ ਨਿਜੀ ਸਵਾਰਥ ਤੋਂ ਉੱਪਰ ਨਹੀਂ
ਉੱਠਦਾ, ‘ਤਨ ਤਾਪ’ ਗਿਆਨ ਇੰਦ੍ਰਿਆਂ ਨੂੰ ਨਿਯਮਬੱਧ ਨਹੀਂ ਕਰਦਾ ਭਾਵ ਗਿਆਨ ਇੰਦ੍ਰਿਆਂ ਨੂੰ
ਵਿਕਾਰਾਂ ਦਾ ਤਾਪ ਚੜ੍ਹਿਆ ਹੋਇਆ ਹੈ। ਕਿਸੇ ਦੀਆਂ ਖੁਸ਼ੀਆਂ ਦੇਖ ਕੇ ਆਪ ਚਿੰਤਾਤੁਰ ਹੋਣਾ ਤੇ ਕਿਸੇ
ਦੀਆਂ ਚਿੰਤਾਵਾਂ ਨੂੰ ਦੇਖ ਕੇ ਖੁਸ਼ ਹੋਣਾ, ਇਸ ਭੜਥਾ ਹੋ ਰਹੀ ਸਥਿਤੀ ਤੋਂ ਬਾਹਰ ਨਹੀਂ ਨਿਕਲਦਾ,
ਓਨਾ ਚਿਰ ਤੇਰਾ ਧਰਮ ਦੇ ਨਾਂ `ਤੇ ਕੀਤਾ ਗਿਆ ਕਰਮ-ਧਰਮ ਸਾਰਾ ਪਾਖੰਡ ਹੈ। ਹਾਂ ਉਪੋਰਕਤ ਚਾਰ
ਵਿਚਾਰਾਂ ਦੀ ਸਮਝ ਜੇ ਹਿਰਦੇ ਵਿੱਚ ਬੈਠ ਜਾਏ ਤਾਂ ਅਵੱਸ਼ ਰੱਬ ਦਾ ਰੂਪ ਹੋ ਸਕੀਦਾ ਹੈ। ਚੰਗੀਆਂ
ਵਿਚਾਰਾਂ ਨੂੰ ਇਕੱਤਰ ਕਰਨਾ, ਬੁਰੀਆਂ ਵਿਚਾਰਾਂ ਦਾ ਤਿਆਗ ਕਰਨ ਦਾ ਨਾਂ ਹੀ ਸਿਮਰਣ ਅਭਿਆਸ ਹੈ।
ਸੱਚ ਦੇ ਅਧਾਰਤ ਜਿੱਥੇ ਗਿਆਨ ਹੈ ਓੱਥੇ ਧਰਮ ਜਨਮ ਲੈਂਦਾ ਹੈ। ਜਿੱਥੇ ਝੂਠ
ਦੀ ਪ੍ਰਧਾਨਤਾ ਹੁੰਦੀ ਓੱਥੇ ਹਮੇਸ਼ਾਂ ਪਾਪੀ ਸੋਚ ਦਾ ਜਨਮ ਹੁੰਦਾ ਹੈ। ਜਿੱਥੇ ਲਾਲਚੀ ਬਿਰਤੀਆਂ ਕੰਮ
ਕਰਦੀਆਂ ਹਨ ਓੱਥੇ ਆਤਮਕ ਮੌਤ ਮੂੰਹ ਚੜਾਉਂਦੀ ਹੈ। ਜਿਸ ਹਿਰਦੇ ਵਿੱਚ ਸਾਂਤੀ ਜਾਂ ਖਿਮਾ ਕਰਨ ਦੀ
ਭਾਵਨਾ ਹੋਏਗੀ ਓੱਥੇ ਰੱਬ ਜੀ ਦਾ ਟਿਕਾਣਾ ਹੈ—
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ ੧੫੫॥
ਸਲੋਕ ਕਬੀਰ ਜੀ ਕੇ ਪੰਨਾ ੧੩੭੨ ---
ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ
ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ ‘ਕਉਡੀ ਬਦਲੈ’ ਹੀ ਜਾਣਾ ਹੋਇਆ)। ਪਰਮਾਤਮਾ
ਦਾ ਨਿਵਾਸ ਸਿਰਫ਼ ਉਸ ਹਿਰਦੇ ਵਿੱਚ ਹੁੰਦਾ ਹੈ ਜਿਥੇ ਸ਼ਾਂਤੀ ਹੈ।
ਭਾਰਤੀ ਪੰਡਤ ਨੇ ਇਹ ਸਮਝ ਲਿਆ ਕਿ ਕੇਵਲ ਬਾਹਰਲੇ ਚਿੰਨ੍ਹ ਧਰਾਨ ਕਰਨ ਨਾਲ
ਹੀ ਰੱਬ ਜੀ ਦੀ ਪ੍ਰਾਪਤੀ ਹੈ। ਕਬੀਰ ਸਾਹਿਬ ਜੀ ਨੇ ਅਜੇਹੇ ਥੋਥੇ ਵਿਚਾਰ ਨੂੰ ਰੱਦ ਕਰਦਿਆਂ ਸਮਝਾਇਆ
ਕਿ ਭਲਿਆ! ਜੇ ਤਾਂ ਕੇਵਲ ਸੂਤਰ ਦਾ ਧਾਗਾ ਪਉਣ ਨਾਲ ਹੀ ਬੰਦਾ ਧਰਮੀ ਹੈ ਤਾਂ ਸਾਡੇ ਘਰ ਤਾਂ ਅਜੇਹੇ
ਸੂਤ ਦੇ ਢੇਰਾਂ ਦੇ ਢੇਰ ਲੱਗੇ ਹੋਏ ਦੇਖੇ ਜਾ ਸਕਦੇ ਹਨ। ਪੰਡਤ ਜੀ ਤੁਹਾਡਾ ਵੇਦਪਾਠ ਜਾਂ ਗਾਇਤ੍ਰੀ
ਦੇ ਮੰਤਰਾਂ ਦਾ ਜਾਪ ਕੇਵਲ ਇੱਕ ਦਿਖਾਵਾ ਹੈ। ਗੋਬਿੰਦ ਜੀ ਤਾਂ ਮੇਰੇ ਹਿਰਦੇ ਵਿੱਚ ਹਨ---
ਹਮ ਘਰਿ ਸੂਤੁ ਤਨਹਿ ਨਿਤ ਤਾਨਾ, ਕੰਠਿ ਜਨੇਊ ਤੁਮਾਰੇ॥
ਤੁਮੑ ਤਉ ਬੇਦ ਪੜਹੁ ਗਾਇਤ੍ਰੀ, ਗੋਬਿੰਦੁ ਰਿਦੈ ਹਮਾਰੇ॥ ੧॥
ਬਾਣੀ ਕਬੀਰ ਜੀ ਕੀ ਪੰਨਾ ੪੮੨ ----
(ਹੇ ਝੱਲੇ ਬ੍ਰਾਹਮਣ
!
ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ) ਤੇਰੇ ਗਲ ਵਿੱਚ ਜਨੇਊ ਹੈ (ਜੋ ਸਾਡੇ ਗਲ
ਨਹੀਂ ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਹੈ (ਜਿਸ ਨਾਲ) ਅਸੀ ਨਿੱਤ ਤਾਣਾ
ਤਣਦੇ ਹਾਂ। (ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ, ਕਿਉਂਕਿ) ਤੁਸੀ ਤਾਂ ਵੇਦ ਤੇ
ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿੱਚ ਵੱਸਦਾ ਹੈ। ੧।
ਗੁਰੂ ਨਾਨਕ ਸਾਹਿਬ ਜੀ ਰਾਗ ਗਉੜੀ ਵਿੱਚ ਇੱਕ ਸ਼ਬਦ ਦੁਆਰਾ ਅਗੰਮੀ ਉਪਦੇਸ਼
ਦਿੱਤਾ ਹੈ ਕਿ ਜਿਸ ਤਰ੍ਹਾਂ ਸਰੀਰਕ ਤਲ਼ `ਤੇ ਸਾਡੇ ਰਿਸ਼ਤੇ ਹਨ ਏਸੇ ਤਰ੍ਹਾਂ ਆਤਮਕ ਤਲ਼ `ਤੇ ਵੀ
ਰਿਸ਼ਤੇ ਬਣਾਏ ਜਾਣ, ਤਾਂ ਅਸੀਂ ਜਿਉਂਦੇ ਜਾਗਦੇ ਰੱਬ ਰੂਪ ਬਣ ਸਕਦੇ ਹਾਂ---
ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥ ੧॥
ਕਹਣਾ ਹੈ, ਕਿਛੁ ਕਹਣੁ ਨ ਜਾਇ॥ ਤਉ ਕੁਦਰਤਿ ਕੀਮਤਿ ਨਹੀ ਪਾਇ॥ ੧॥ ਰਹਾਉ॥
ਸਰਮ ਸੁਰਤਿ ਦੁਇ ਸਸੁਰ ਭਏ॥ ਕਰਣੀ ਕਾਮਣਿ ਕਰਿ ਮਨ ਲਏ॥ ੨॥
ਸਾਹਾ ਸੰਜੋਗੁ ਵੀਆਹੁ ਵਿਜੋਗੁ॥ ਸਚੁ ਸੰਤਤਿ ਕਹੁ ਨਾਨਕ ਜੋਗੁ॥ ੩॥ ੩॥
ਗਉੜੀ ਮਹਲਾ ੧ ਪੰਨਾ ੧੫੨--
ਹੇ ਪ੍ਰਭੂ !
ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ, (ਕਿਉਂਕਿ) ਹੇ ਪ੍ਰਭੂ !
ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ—ਇਹ ਦੱਸਿਆ ਨਹੀਂ ਜਾ
ਸਕਦਾ)। ੧। ਰਹਾਉ। ---
ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ
ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿੱਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ
ਦੀ ਨਿਗਰਾਨੀ ਵਿੱਚ ਰਹੇ), ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ
ਜੀਵਨ ਉੱਤੇ ਵਿਸ਼ੇਸ਼ ਅਸਰ ਪਏ)। ੧। ; ਉੱਦਮ ਅਤੇ ਉੱਚੀ ਸੁਰਤਿ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ
ਸੁਹਰਾ ਬਣਨ; ਤੇ ਹੇ ਮਨ !
ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ
ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ,
ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ
ਖੁੰਝੇ), ਜੇ (ਸਤ ਸੰਗ ਵਿੱਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ
ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿੱਚ ਟਿਕੇ ਰਹਿਣਾ, ਉਸ
ਜੀਵ-ਇਸਤ੍ਰੀ ਦੀ) ਸੰਤਾਨ ਹੈ।
ਹੇ ਨਾਨਕ
!
ਆਖ—ਇਹ ਹੈ (ਸੱਚਾ) ਪ੍ਰਭੂ-ਮਿਲਾਪ।
ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਦੀ ਨੇ ਆਤਮਕ ਗੁਣਾਂ ਦੀ ਗੱਲ ਕਰਦਿਆਂ,
ਗੁਰੂ ਦੀ ਮਤ ਨੂੰ ਮਾਂ, ਸੰਤੋਖ ਵਰਗੇ ਦੈਵੀ ਗੁਣ ਨੂੰ ਪਿਤਾ ਤੇ ਦੁਨੀਆਂ ਦੀ ਸੇਵਾ ਨੂੰ ਭਰਾ ਬਣਾਉਣ
ਲਈ ਕਿਹਾ ਹੈ। ਸੱਚੀ ਸੁੱਚੀ ਕਿਰਤ ਨੂੰ ਸੱਸ ਤੇ ਉੱਚੀ ਸੁੱਚੀ ਸੁਰਤ ਨੂੰ ਸਹੁਰਾ ਬਣਾਉਣ ਲਈ ਕਿਹਾ
ਹੈ। ਆਪਣੇ ਆਪ ਨੂੰ ਨਿਯਮ ਬੱਧ ਕਰਨਾ ਤੇ ਆਪਣੀ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਂਦਿਆਂ ਘਟੀਆ
ਖਿਆਲਾਂ ਤੋਂ ਕਿਨਾਰਾ ਕਰਨਾ, ਅਜੇਹੀ ਪ੍ਰਕ੍ਰਿਆ ਤੇ ਚੱਲਣ ਵਾਲੇ ਦੇ ਹਿਰਦੇ ਵਿੱਚ ਸੰਤਾਨ ਦੇ ਰੂਪ
ਵਿੱਚ ਸੱਚ ਪ੍ਰਗਟ ਹੋਏਗਾ। ਜਨੀ ਕਿ ਇਹਨਾਂ ਗੁਣਾਂ ਦੀ ਵਰਤੋਂ ਸਾਡੇ ਸੁਭਾਅ ਵਿਚੋਂ ਪ੍ਰਗਟ ਹੋਏਗੀ
ਜੋ ਰੱਬੀ ਗੁਣਾਂ ਦਾ ਪ੍ਰਗਟਾਅ ਹੈ ਤੇ ਏਹੀ ਰੱਬ ਜੀ ਦੀ ਪਰਾਪਤੀ ਹੈ—
“ਸਚੁ ਸੰਤਤਿ ਕਹੁ ਨਾਨਕ ਜੋਗੁ”
ਸਵਾਲ ਪੈਦਾ ਹੁੰਦਾ ਹੈ ਕਿ ਜੇ ਰੱਬ ਜੀ ਸਾਡੇ ਸੁਭਾਅ ਵਿੱਚ ਆ ਜਾਂਦੇ ਤਾਂ
ਉਸ ਦੀ ਨਿਸ਼ਾਨੀ ਕੀ ਹੋਣੀ ਚਾਹੀਦੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਬੜਾ ਪਿਆਰਾ ਵਾਕ ਹੈ---
ਪ੍ਰਭ ਮਿਲਣੈ ਕੀ ਏਹ ਨੀਸਾਣੀ॥ ਮਨਿ ਇਕੋ ਸਚਾ ਹੁਕਮੁ ਪਛਾਣੀ॥
ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ॥ ੩॥
ਮਾਝ ਮਹਲਾ ੫ ਪੰਨਾ ੧੦੬
(ਹੇ ਭਾਈ!) ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ (ਕਿ ਜੇਹੜਾ ਉਸ ਦੇ
ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਹ) ਆਪਣੇ ਮਨ ਵਿੱਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ
ਸਮਝ ਲੈਂਦਾ ਹੈ (ਉਸ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ)। ਜੇਹੜੇ ਮਨੁੱਖ ਖਸਮ-ਪ੍ਰਭੂ ਦੀ ਰਜ਼ਾ ਵਿੱਚ
ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ, ਉਹ ਸੰਤੋਖ ਵਿੱਚ ਜੀਵਨ ਬਿਤੀਤ ਕਰਦੇ ਹਨ
ਤੇ (ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ।
ਬੰਦਾ ਡਾਕਟਰ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਡਾਕਟਰ ਜੀ ਮੈਨੂੰ ਕਾਂਬਾ
ਲੱਗਦਾ ਹੈ ਤੇ ਨਾਲ ਸਿਰ ਵੀ ਦੁਖਦਾ ਹੈ ਤੇ ਅੱਖਾਂ ਵਿਚੋਂ ਪਾਣੀ ਵੀ ਆਉਂਦਾ ਹੈ ਡਾਕਟਰ ਕਹੇਗਾ ਹੋ
ਸਕਦਾ ਤੈਨੂੰ ਮਲੇਰੀਏ ਦਾ ਬੁਖਾਰ ਹੋਵੇ। ਦੂਜਾ ਮਰੀਜ਼ ਕਹਿੰਦਾ ਹੈ ਡਾਕਟਰ ਸਾਹਿਬ ਜੀ ਮੇਰਾ ਬੁਖਾਰ
ਉੱਤਰਦਾ ਹੀ ਨਹੀਂ ਹੈ ਡਾਕਟਰ ਕਹੇਗਾ ਤੈਨੂੰ ਫਿਰ ਟਾਈਫਾਇਡ ਹੋ ਸਕਦਾ ਹੈ ਇਸ ਲਈ ਤੂੰ ਆਪਣੇ ਟੈਸਟ
ਕਰਾ। ਬੀਮਾਰੀਆਂ ਦੀਆਂ ਨਿਸ਼ਾਨੀਆਂ ਤੋਂ ਪਤਾ ਚੱਲਦਾ ਹੈ ਕਿ ਬੰਦਾ ਕਿਸ ਬਿਮਾਰੀ ਨਾਲ ਪੀੜਤ ਹੈ। ਏਸੇ
ਤਰ੍ਹਾਂ ਜੇ ਬੰਦੇ ਨੂੰ ਰੱਬ ਜੀ ਮਿਲ ਜਾਂਦੇ ਹਨ ਤਾਂ ਉਸ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਹਨ ਇਸ
ਪ੍ਰਥਾਏ ਗੁਰਦੇਵ ਪਿਤਾ ਜੀ ਦਾ ਇੱਕ ਹੋਰ ਫੁਰਮਾਣ ਹੈ----
ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ॥
ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ॥ ੪॥
ਧਨਾਸਰੀ ਮਹਲਾ ੫ ਪੰਨਾ ੬੭੩ ---
(ਹੇ ਭਾਈ
!
ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ
ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ
ਹਿਰਦੇ ਵਿੱਚ ਸਿਫ਼ਤਿ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਹੇ ਨਾਨਕ !
ਆਖ—ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿੱਚ
ਟਿਕਾਣਾ ਪ੍ਰਾਪਤ ਕਰ ਲੈਂਦਾ ਹੈ। ੪।
ਰੱਬ ਜੀ ਦੀ ਗੁਰ-ਗਿਆਨ ਦੁਆਰਾ ਸਮਝ ਆਉਣ `ਤੇ ਸੁਭਾਅ ਵਿਚੋਂ ਤਲ਼ਖੀਆਂ ਖਤਮ
ਹੁੰਦੀਆਂ ਹਨ। ਦ-ਵੈਸ਼ ਭਾਵਨਾ ਤੋਂ ਬੰਦਾ ਕਿਨਾਰਾ ਕਰ ਲੈਂਦਾ ਹੈ। ਇਸ ਸੁਭਾਅ ਵਿਚੋ ਕੌਮੀ ਭਾਵਨਾ
ਜਨਮ ਲੈਂਦੀ ਹੈ। ਸਚਾਈ ਦੀਆਂ ਕਦਰਾਂ ਕੀਮਤਾਂ ਦੀ ਖਾਤਰ ਬੰਦ ਬੰਦ ਕਟਾਇਆ ਜਾ ਸਕਦਾ ਹੈ। ਗੁਰੂ ਅਰਜਨ
ਪਾਤਸ਼ਾਹ ਜੀ ਦਾ ਫਰਮਾਣ ਹੈ---
ਪਾਇਆ ਲਾਲੁ ਰਤਨੁ ਮਨਿ ਪਾਇਆ॥
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ॥ ੧॥ ਰਹਾਉ॥
ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ॥
ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ॥ ੧॥
ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ॥
ਅਖੁਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ॥ ੨॥
ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ॥
ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ॥ ੩॥
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ॥
ਕਹੁ ਨਾਨਕ ਸਚ ਭਏ ਬਿਗਾਸਾ ਗੁਰਿ ਨਿਧਾਨੁ ਰਿਦੈ ਲੈ ਰਾਖਿਆ॥ ੪॥
(ਹੇ ਭਾਈ
!
ਮੈਂ ਆਪਣੇ) ਮਨ ਵਿੱਚ ਇੱਕ ਲਾਲ ਲੱਭ ਲਿਆ ਹੈ। ਮੈਂ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਿਆ ਹਾਂ, ਮੇਰਾ
ਸਰੀਰ (ਹਰੇਕ ਗਿਆਨ-ਇੰਦ੍ਰਾ) ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਢਾ ਹੋ ਗਿਆ ਹੈ। ੧। ਰਹਾਉ। (ਹੇ ਭਾਈ !)
ਪੂਰੇ ਗੁਰੂ ਨੇ (ਮੇਰੇ) ਮੱਥੇ ਉਤੇ (ਆਪਣਾ ਹੱਥ ਰੱਖਿਆ ਹੈ (ਉਸ ਦੀ ਬਰਕਤਿ ਨਾਲ ਮੈਂ ਆਪਣਾ) ਮਨ
ਕਾਬੂ ਵਿੱਚ ਕਰ ਲਿਆ ਹੈ (ਮਾਨੋ) ਮੈਂ ਸਾਰਾ ਜਗਤ ਜਿੱਤ ਲਿਆ ਹੈ (ਕਿਉਂਕਿ ਮੇਰੀ ਮਾਇਆ ਦੀ) ਭੁੱਖ
ਲਹਿ ਗਈ ਹੈ ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਸਾਰੇ ਚਿੰਤਾ-ਫ਼ਿਕਰ ਭੁਲਾ ਦਿੱਤੇ ਹਨ।
੧। -- (ਹੇ ਭਾਈ !
ਮਾਇਆ ਵਲੋਂ ਮੇਰੇ ਅੰਦਰ) ਤ੍ਰਿਪਤੀ ਹੋ ਗਈ ਹੈ, ਮੈਂ (ਮਾਇਆ ਵਲੋਂ ਆਪਣੇ) ਹਿਰਦੇ ਵਿੱਚ ਰੱਜ ਗਿਆ
ਹਾਂ, ਹੁਣ (ਮਾਇਆ ਦੀ ਖ਼ਾਤਰ) ਡੋਲਣ ਤੋਂ ਮੈਂ ਹਟ ਗਿਆ ਹਾਂ। ਹੇ ਭਾਈ !
ਸਤਿਗੁਰੂ ਨੇ ਮੈਨੂੰ (ਪ੍ਰਭੂ-ਨਾਮ ਦਾ ਇੱਕ ਅਜੇਹਾ) ਖ਼ਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ,
ਉਸ ਵਿੱਚ ਕਮੀ ਨਹੀਂ ਆ ਸਕਦੀ, ਉਹ ਖ਼ਤਮ ਨਹੀਂ ਹੋ ਸਕਦਾ। ੨। --ਹੇ ਭਾਈ !
ਇੱਕ ਹੋਰ ਅਨੋਖੀ ਗੱਲ ਸੁਣ। ਗੁਰੂ ਨੇ ਮੈਨੂੰ ਅਜੇਹੀ ਸਮਝ ਬਖ਼ਸ਼ ਦਿੱਤੀ ਹੈ (ਜਿਸ ਦੀ ਬਰਕਤਿ ਨਾਲ)
ਜਦੋਂ ਤੋਂ (ਮੇਰੇ ਅੰਦਰੋਂ ਹਉਮੈ ਦਾ) ਪਰਦਾ ਲਾਹ ਕੇ ਮੈਨੂੰ ਠਾਕੁਰ-ਪ੍ਰਭੂ ਮਿਲਿਆ ਹੈ ਤਦੋਂ ਤੋਂ
(ਮੇਰੇ ਦਿਲ ਵਿਚੋਂ) ਪਰਾਈ ਈਰਖਾ ਵਿਸਰ ਗਈ ਹੈ। ੩। --ਹੇ ਭਾਈ !
ਇਹ ਇੱਕ ਐਸਾ ਅਸਚਰਜ ਆਨੰਦ ਹੈ ਜੇਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਰਸ ਨੂੰ ਉਹੀ ਜਾਣਦਾ ਹੈ
ਜਿਸ ਨੇ ਇਹ ਚੱਖਿਆ ਹੈ। --ਹੇ ਨਾਨਕ !
ਆਖ—ਗੁਰੂ ਨੇ (ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲਿਆ ਕੇ ਰੱਖ ਦਿੱਤਾ ਹੈ, ਤੇ ਮੇਰੇ ਅੰਦਰ
ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਗਿਆਨ) ਦਾ ਚਾਨਣ ਹੋ ਗਿਆ ਹੈ। ੪।
ਰੱਬ ਜੀ ਪ੍ਰਾਪਤ ਹੋਣ `ਤੇ ਜੋ ਸੁਭਾਅ ਵਿੱਚ ਬਦਲਾ ਆਉਂਦਾ ਹੈ ਉਹ ਇਸ
ਪ੍ਰਕਾਰ ਹੈ।
ਮਨ ਨੂੰ ਜਦੋਂ ਕੀਮਤੀ ਰੱਬੀ ਗੁਣਾਂ ਦੀ ਸਮਝ ਆਉਂਦੀ ਹੈ ਤਾਂ ਮਨ ਤੇ ਇਸਦੇ
ਸਹਾਇਕ ਇੰਦ੍ਰੇ ਸਾਂਤ ਹੋ ਜਾਂਦੇ ਹਨ। ਫਿਰ ਸ਼ਬਦ ਸਿਧਾਂਤ ਵਿੱਚ ਹੀ ਜੁੜ ਕੇ ਰਹਿੰਦੇ ਹਨ। ਲੋਕ
ਦਿਖਾਵਾ, ਵਿਕਾਰੀ ਖਿਆਲ, ਖੁਦਰਗਜ਼ੀਆਂ, ਭਰਾ ਮਾਰੂ ਜੰਗ ਤੋਂ ਮੁਕੰਮਲ ਮੁਕਤੀ ਹਾਸਲ ਕਰਦਾ ਹੈ।
ਤ੍ਰਿਸ਼ਨਾ ਤੇ ਧੱਕੇ ਨਾਲ ਕਮਾਉਣ ਵਾਲੀ ਮਾਇਆ ਦੀ ਖਿੱਚ ਖਤਮ ਹੋ ਜਾਂਦੀ ਹੈ।
ਬੇਲੋੜੀਆਂ ਚਿੰਤਾਵਾਂ ਫਿਕਰਾਂ ਵਲੋਂ ਸਦੀਵ ਕਾਲ ਲਈ ਮੁਕਤੀ ਮਿਲਦੀ ਹੈ।
ਇਹ ਰੱਬੀ ਗੁਣਾਂ ਕਰਕੇ ਬੰਦਾ ਡੋਲਣ ਤੋਂ ਬਚ ਜਾਂਦਾ ਹੈ। ਰੱਬੀ ਗੁਣਾਂ ਦੇ
ਖ਼ਜ਼ਾਨੇ ਨੂੰ ਨਾਮ ਦਾ ਦਰਜਾ ਦਿੱਤਾ ਹੈ, ਜਿਸ ਦੀ ਵਰਤੋਂ ਕੀਤਿਆਂ ਕਦੇ ਤੋਟ ਨਹੀਂ ਆਉਂਦੀ।
ਮਨ ਵਿਚਲੀ ਮਲੀਨ ਪਰਾਈ ਈਰਖਾ ਵਾਲੀ ਬਿਰਤੀ ਦਾ ਪਿਆ ਹੋਇਆ ਪਰਦਾ ਪਹਿ ਜਾਂਦਾ
ਹੈ।
ਰੱਬੀ ਗੁਣਾਂ ਦਾ ਉਹ ਖ਼ਜ਼ਾਨਾ ਜਿਹੜਾ ਗੁਰੂ ਨੇ ਲੱਭ ਕੇ ਦਿੱਤਾ ਹੈ ਉਸ ਦੁਆਰਾ
ਚਾਨਣ ਹੀ ਚਾਨਣ ਹੋ ਗਿਆ ਹੈ। ਇਹ ਸਚਿਆਰ ਮਨੁੱਖ ਦੀ ਉੱਚਤਾ ਜੋ ਰੱਬ ਦਾ ਹੀ ਸਾਕਾਰ ਰੂਪ ਹੋ ਨਿਬੜਦੀ
ਹੈ।
ਰੱਬੀ ਗੁਣਾਂ ਦਾ ਖ਼ਜ਼ਾਨਾ ਸਾਡੇ ਅੰਦਰ ਹੀ ਪਿਆ ਹੋਇਆ ਹੈ ਜਿਹੜਾ ਗੁਰੂ-ਗਿਆਨ
ਰਾਂਹੀ ਸਮਝ ਕੇ ਉਹਨਾਂ ਗੁਣਾਂ ਵਰਗਾ ਹੀ ਹੋਣਾ ਹੈ ਜੇਹਾ ਕਿ ਭਗਤ ਕਬੀਰ ਜੀ ਫਰਮਾਉਂਦੇ ਹਨ---
ਹਰਿ ਜਨੁ ਐਸਾ ਚਾਹੀਐ, ਜੈਸਾ ਹਰਿ ਹੀ ਹੋਇ॥ ੧੪੯॥
ਸਲੋਕ ਕਬੀਰ ਜੀ ਕੇ ਪੰਨਾ ੧੩੭੨--
ਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ
ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿੱਚ ਤੇ ਪਰਮਾਤਮਾ ਵਿੱਚ
ਕੋਈ ਫ਼ਰਕ ਨਾਹ ਰਹਿ ਜਾਏ।