14 ਅਗਸਤ 1947 ਨੂੰ ਹਰਿੰਦਰ ਦੀ ਜੰਮਣ ਭੋਂ ( “ਸਾਂਦਲ ਬਾਰ ਦੀਆਂ ਜੂਹਾਂ”
ਜਾਂ “ਨਨਕਾਣੇ ਦੀ ਜੂਹ” ) ਝੱਟ ਬੇਗਾਨੀ ਹੋ ਗਈ ਜਾਂ ਇਓਂ ਕਹੋ ਕਿ ਉਨ੍ਹਾਂ ਲੋਕਾਂ (ਸਿੱਖਾਂ ਤੇ
ਹਿੰਦੂਆਂ) ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁਕੀ ਸੀ ਜੋ ਬਾਹਗੇ ਪਾਰ ਦੇ ਵਸ਼ਿੰਦੇ ਸਨ। ਸਹੀ ਹਾਲਾਤ
ਦਾ ਖ਼ੁਲਾਸਾ ਕਵੀ ਦੇ ਲਫ਼ਜ਼ਾਂ ਚ ਕੁੱਝ ਐਸਾ ਸੀ: “ਜਾਣੋ ਪਲ ਵਿੱਚ ਹੋ ਗਿਆ ਮਾਂ ਦੇਸ ਬਿਗਾਨਾ”,
“ਅਸੀਂ ਮਾਹੀ ਦਾ ਦੇਸ ਛੱਡ ਚਲੇ, ਅਸੀਂ ਦਰਵੇਸ਼ ਚਲੇ ਦੇਸ ਬੇਗਾਨਿਆਂ”। “ਦੇਸ ਪਰਾਏ ਖ਼ਾਕ ਦਾ ਓਢਣ
ਦਿਸਦਾ ਦੇਸ ਨ ਕੋ”, “ਦੋ ਮਾਵਾਂ ਨੇ ਅੱਥਰੂ ਵਾਰੇ, ਪੰਜ ਨਦੀਆਂ ਨੂੰ ਛੋਹ”, “ਦੇਸ ਬੇਗਾਨੇ ਦੀ ਮੰਨ
ਸਰਦਾਰੀ, ਬਾਰ ਪਰਾਏ ਚ ਹੋਣਾ ਨ ਹੋ”। “ਵਾਹਗੇ ਤੋਂ ਪਾਰ ਦੇ ਦੇਸ ਨੂੰ, ਪਾਕ ਦੀਨ ਦੀ ਅਜਬ ਬੇਚੈਨ
ਤੋੜ ਲੱਗੀ”। ਇਸ “ਅਜਬ ਬੇਚੈਨੀ ਦੀ ਤੋੜ” ਨੇ ਸਭ ਕੁੱਝ ਭਸਮਾਂ ਭੂਸ ਕਰ ਦਿੱਤਾ, ਵੈਰਾਨੀ ਨੇ ਕੁੱਝ
ਨਾ ਛੱਡਿਆ: “ਨਾਂਹ ਉਹ ਹਾਣੀ, ਨਾਂਹ ਉਹ ਪਾਣੀ, ਨਾਂਹ ਉਹ ਫ਼ਜਰਾਂ ਦੀ ਵਾਅ ਵਿੱਚ ਗੌਣ ਵਾਲੇ” ;
“ਅਸੀਂ ਮਾਰੇ ਅੱਧੀ ਰਾਤ ਨੂੰ, ਉਮਰਾਂ ਦੇ ਹਾਣੀ”। “ਇਹ ਬਾਜ਼ ਕਹਿਰ ਦੇ ਮੋੜ ਵੇ!” ਜਾਂ “ਪਾਵੀਂ ਸ਼ਹੁ
ਦਰਿਅਵਾਂ ਨੂੰ ਠਲ੍ਹ ਵੇ!”। ਸਗੋਂ “ਅਖੀਂ ਰੁੰਨੀਆਂ ਹਿਜਰ ਦੇ ਮਾਲਕਾ ਜਾਂ ਅਖੀਂ ਰੁੰਨੀਆਂ ਹਿਜਰ ਦੇ
ਮਹਿਰਮਾਂ!” “ਹੰਝੂ ਕੇਰਦੀ ਨਜ਼ਰ ਰਕਾਨ ਵੇ”। “ਸ਼ਾਹ-ਰਗ਼ ਹੈ ਲਹੂ-ਲੁਹਾਣ ਮਿਰੀ। ਅੱਜ ਹੋ ਗਈ ਤੇਗ਼
ਵੀਰਾਨ ਮਿਰੀ” “ਉੱਜੜ ਗਿਆ ਝਨਾਂ ਦਾ, ਉਹ ਮੁਲਕ ਪੁਰਾਣਾ”, ਜਾਂ “ਡੁਬਿਆ ਬੁੱਤ ਝਨਾਂ ਦਾ, ਵਿੱਚ
ਡੂੰਘੇ ਵਹਿਣਾਂ”। ਅਤੇ, “ਜੋ ਨਾਗਾਂ ਦੇ ਸਾਹ ਪੀਂਵਦਾ, ਝੁੱਲ ਕੱਪਰ ਰੈਣਾਂ। ਉਹ ਰੁਲਿਆ ਬੁੱਤ
ਪੰਜਾਬ ਦਾ ਵਿੱਚ ਡੂੰਘੇ ਵੈਣਾਂ”। “ਅਸੀਂ ਤੇਗ਼ਾਂ ਛਾਵੇਂ ਤੋੜੀਆਂ, ਵੱਡ ਵਲੀ ਭੁਜਾਵਾਂ। ਨੇੜੇ ਖ਼ੂਨ
ਦੇ ਵੇਖਿਆ, ਤਾਂ ਦਿਸੀਆਂ ਮਾਵਾਂ” ਅਤੇ, “ਮੁੱਢ ਕਦੀਮ ਦੇ ਪੱਤਣੀਂ ਬਹਿ ਮਾਵਾਂ ਰੋਈਆਂ”। ਜਾਂ,
ਪ੍ਰੋ. ਪੂਰਨ ਸਿੰਘ ਦੀ ਅੱਖੀਂ ਬਹਿ ਕੇ ਕਵੀ ਤੱਕਦੈ: “ਪੂਰਨ ਦੇ ਨੈਣ ਤੱਕਦੇ, ਮੁਲਕ ਵੀਰਾਨ ਹੋਇਆ”।
ਆਪਣਾ ਪੁਰਾਣਾਂ ਬੀਰ ਰਸੀ ਭਜੰਗ ਬਲ ਵੀ ਕਵੀ ਦੀ ਸਿਮ੍ਰਿਤੀ (ਯਾਦ) ਚੀਂ ਲੰਘਦਾ: “ਗ਼ਦਰੀ ਬਾਬਿਆ
ਜਿੰਦ ਮੁਹਾਲ ਵੇ। ਬੁਰਾ ਦੇਸ ਪੰਜਾਬ ਦਾ ਹਾਲ ਵੇ।” “ਰੋਂਦਾ ਮੁਲਖ ਪੰਜਾਬ ਦਾ, ਕਰ ਖੜੀਆਂ
ਬਾਹਵਾਂ”। ਨਨਕਾਣੇ ਤੋਂ ਵਿਛੋੜੇ ਚ ਕਵੀ ਦੀ ਦਸ਼ਾ ਹੋਈ: “ਨਨਕਾਣੇ ਤੋਂ ਦੂਰ ਹੋ ਮਨ ਭਰਦਾ ਸਾਡਾ”।
ਹਰਿੰਦਰ ਆਪਣੇ ਜਨਮ ਅਸਥਾਨ (ਚੱਕ 233) ਵਿਖੇ ਸਿਰਫ ਤਿੰਨ ਸਾਲ ਹੀ ਟਿਕ ਕੇ
ਰਿਹਾ ਸੀ, ਕਿਉਂਕਿ ਉਹ ਆਪਣੇ ਪਿਤਾ ਜੀ ਨਾਲ ਉਨ੍ਹਾਂ ਦੀ ਨੌਕਰੀ ਦੀ ਬਦਲੀ ਹੋਣ ਕਰਕੇ ਅਨੇਕਾਂ
ਥਾਵਾਂ ਤੇ ਨਿਵਾਸ ਰਖਦਾ ਰਿਹਾ। ਉਸ ਨੇ ਬਾਰ ਦਾ ਕਾਫੀ ਇਲਾਕਾ ਠੀਕਰੀਵਾਲਾ, ਚੱਕ ਝੁੱਮਰਾ, ਤਹਿਸੀਲ
ਸਮੁੰਦਰੀ, ਅਠਾਰਾਂ ਚੱਕ, ਲਾਇਲ ਪੁਰ ਤੇ ਜੜ੍ਹਾਂਵਾਲਾ ਆਦਿ ਬਚਪਨ ਦੀ ਆਜ਼ਾਦ ਫਿਜ਼ਾ ਚ ਘੁੰਮਿਆ ਹੋਇਆ
ਸੀ। ਸਕੂਲੋਂ ਆਉਂਦਿਆਂ ਰਾਹ ਚ ਸਾਥੀ ਹਮ ਜਮਾਤੀਆਂ ਜਿਵੇਂ ਠੁੱਲੀਵਾਲ਼ਿਆਂ ਦਾ ਪਾਲ, ਲੰਮਾ ਤਾਰੀ ਆਦਿ
ਨਾਲ ਰਲ਼ ਕੇ ‘ਵੱਡੇ ਵਣ’ (ਇੱਕ ਰੁੱਖ) ਥੱਲੇ ਬਹਿ ਕੇ ਸਾਰੇ ਹਮਜਮਾਤੀ ਅਰਾਮ ਕਰਿਆ ਕਰਦੇ ਸਨ।
ਮੁਢੱਲੀ ਵਿਦਿਆ ਦੀਆਂ ਚਾਰ ਜਮਾਤਾਂ ਮਾਸਟਰ ਗ਼ਫ਼ੂਰ ਦੇ ਪ੍ਰਾਇਮਰੀ ਸਕੂਲੋਂ (ਪਿੰਡ ਰੋਡੀ ਮੁਹੰਮਦ
ਪੁਰਾ, ਚੱਕ ਨੰ. 24) ਪਾਸ ਕਰਕੇ ਹਰਿੰਦਰ ਜੜ੍ਹਾਂਵਾਲਾ ਵੱਡੇ ਸਕੂਲ ਵਿਖੇ ਅਜੇ ਚੜ੍ਹਿਆ ਹੀ ਸੀ ਕਿ
ਪੰਜਾਬ, ਮਾਸਟਰ ਤਾਰਾ ਸਿੰਘ (ਕਿ ਸਗਲੀ ਸਿੱਖ ਕੌਮ {?} ) ਦੀ ਨਾ-ਲਾਇਕੀ ਕਰਕੇ, ਉੱਜੜ ਗਿਆ ਸੀ।
ਨਖਿੱਧ ਸਿੱਖ ਕੌਮ ਸੰਨ ਸੰਤਾਲ਼ੀ ਦੀ ਜੁਗ ਗਰਦੀ ਦਾ ਸ਼ਿਕਾਰ ਹੋ ਜਾਣ ਤੇ ਹਰਿੰਦਰ ਨੂੰ ਪੜ੍ਹਾਈ ਵਿਚੇ
ਛੱਡ ਕੇ, ਨੌ ਸਾਲ ਦੀ ਉਮਰੇ ਹਿੰਦੁਸਤਾਨ ਵਲ ਪਰਤਣਾ ਪੈ ਗਿਆ ਸੀ, ਜਦੋਂ ਮੌਤ ਦਾ ਨਾਚ ਹਰ ਪਾਸੇ
ਜ਼ੋਰਾਂ ਤੇ ਸੀ। ਮੌਤ ਦੇ ਪੈਗ਼ਾਮ ਢੋਲਾਂ ਦੀ ਕੜਕੁੱਟ ਚ ਆ ਰਹੇ ਸਨ। ਉਹ ਨੂੰ ਰੋਹੀ ਚੋਂ ਮੌਤ ਦੀਆਂ
ਆਵਾਜ਼ਾਂ ਸੁਣ ਰਹੀਆਂ ਹਨ। ਮਾਵਾਂ ਨੂੰ ਜਦ ਪਤਾ ਲੱਗਾ ਕਿ ਉਨ੍ਹਾਂ ਦੇ ਪੈਰਾਂ ਹੇਠਲੀ ਧਰਤੀ ਬੇਗਾਨੀ
ਹੋ ਗਈ ਹੈ ਅਤੇ ਉਨ੍ਹਾਂ ਨੂੰ ਇਥੋਂ ਛੱਡ ਕੇ ਜਾਣਾ ਪੈਣਾ ਤਾਂ ਰੋਂਦੀਆਂ ਘਰਾਂ ਨੂੰ ਆਉਂਦੀਆਂ
ਹਰਿੰਦਰ ਨੂੰ ਦਿਸਦੀਆਂ ਹਨ। ਉਹ ਰੋਹੀਆਂ ਨੂੰ ਵੀ ਮਾਵਾਂ ਹੀ ਕਹਿੰਦਾ ਕਿਉਂਕਿ ਉਸ ਨਿਮਾਣੀ ਖ਼ਾਕ ਚੋਂ
ਸਭ ਜੀਵ ਜੰਤੂਆਂ ਨੂੰ ਖਾਣ ਨੂੰ ਰਿਜ਼ਕ ਮਿਲਦਾ ਹੈ। ਮਾਂ ਦੇ ਤਰਸ ਦੇ ਖੰਭ ਵੀ ਮੁਲਕਾਂ ਨੂੰ ਵੰਡੀਆਂ
ਪਾਉਣ ਵਾਲਿਆਂ ਨੇ ਨਿਤਾਣੇ ਕਰ ਛੱਡੇ ਹਨ ਇਸ ਲਈ ਮਾਂ ਦੀ ਨਿਤਾਣੀ ਦਸ਼ਾ ਦੇਖ ਕੇ ਬੱਚੜੇ ਵੀ ਜ਼ਾਰੋ
ਜ਼ਾਰ ਰੋਏ। ਜਦ ਉਥੋਂ ਚਲੇ ਤਾਂ ਹਨ੍ਹੇਰੀਆਂ ਤ੍ਰਕਾਲਾਂ ਸਨ ਤੇ ਰੂਹ ਨੂੰ ਆਪਣੇ ਕੱਲੇ ਹੋਣ ਦਾ
ਅਹਿਸਾਸ ਹੋਇਆ ਭਾਵ ਤਨਹਾਈ ਰੂਹਾਂ ਉਪਰ ਵਾਰਦ ਸੀ।
ਹਰਿੰਦਰ ਦੇ ਪਿਤਾ ਡਾਕਟਰ ਹੋਣ ਦੇ ਨਾਲ ਨਾਲ ਸ਼ਾਇਰ ਵੀ ਸਨ। ਆਪਣੇ ਨਾਮ ਨਾਲ
“ਸ਼ਾਮ” ਤਖੱਲਸ ਲਾਉਂਦੇ ਸਨ ਜਿਸ ਕਰਕੇ ਪੂਰਾ ਨਾਮ ਡਾ. ਉਜਾਗਰ ਸਿੰਘ “ਸ਼ਾਮ” ਕਵੀਆਂ ਤੇ ਸ਼ਾਇਰਾਂ ਚ
ਪ੍ਰਚੱਲਿਤ ਸੀ। “ਸ਼ਾਮ” ਜੀ ਨੇ ਆਪਣੀ ਮੁਢਲੀ ਵਿਦਿਆ ਮਿਡਲ ਸਕੂਲ ਜੜ੍ਹਾਂਵਾਲਾ ਤੋਂ ਮੁਹੱਈਆ ਕੀਤੀ
ਸੀ। “ਸ਼ਾਮ” ਜੀ ਫਰੋਜ਼ ਦੀਨ ‘ਸ਼ਰਫ’ ਆਦਿ ਸ਼ਾਇਰਾਂ ਨਾਲ ਕਵੀ ਦਰਬਾਰਾਂ ਵਿੱਚ ਕਵਿਤਾ ਪੜ੍ਹਿਆ ਕਰਦੇ
ਸਨ। ਖਟਕੜ ਕਲਾਂ ਵਾਲੇ ਭਗਤ ਸਿੰਘ “ਸ਼ਾਮ” ਜੀ ਦੇ ਜੜ੍ਹਾਂਵਾਲੇ ਸਕੂਲ਼ੇ ਹਮਜਮਾਤੀ ਸਨ। “ਸ਼ਾਮ” ਦੀ
ਫੌਤ 01/08/1979 ਨੂੰ ਹੋਈ।
ਹਰਿੰਦਰ ਦੇ ਮਾਤਾ ਜੀ ਸਵੇਰ ਵੇਲੇ ਕੁੱਝ ਕਵਿਤਾ ਦੀਆਂ ਸਤਰਾਂ ਪਰਵਾਰ ਅਤੇ
ਬੱਚਿਆਂ ਨੂੰ ਗਾ ਕੇ ਸੁਣਾਇਆ ਕਰਦੇ ਸਨ। ਇਸ ਕਰਕੇ ਹਰਿੰਦਰ ਨੂੰ ਧਾਰਮਿਕ ਵੀਚਾਰਾਂ ਦੀ ਲਾਗ ਵੀ
ਆਪਣੀ ਮਾਂ ਤੋਂ ਲੱਗੀ। ਆਪਣੀ ਮਾਂ ਵਾਰੇ ਹਰਿੰਦਰ ਲਿਖਦੈ: “ਮੇਰੀ ਮਾਂ, ਸੰਤ ਅਤਰ ਸਿੰਘ ਮਸਤੂਆਣੇ
ਵਾਲਿਆਂ ਦੀ ਬਹੁਤ ਹੀ ਸ਼ਰਧਾਲੂ ਸੀ ਤੇ ਸਾਡਾ ਸਾਰਾ ਖਾਨਦਾਨ ਸੰਤ ਅਤਰ ਸਿੰਘ ਜੀ ਨੂੰ ਪਿਆਰ ਕਰਦਾ
ਸੀ”। ਦਰ ਅਸਲ, ਹਰਿੰਦਰ ਦੀ ਮਾਂ ਇੱਕ ਸੰਪੂਰਣ ਇਸਤਰੀ ਸੀ, ਜੋ ਦੇਸ਼-ਭਗਤੀ, ਸਿੱਖੀ ਸਿਦਕ, ਕਰੁਣਾ,
ਮਮਤਾ, ਸਾਦਗੀ, ਸੰਜਮ ਤੇ ਸਹਿਣਸ਼ੀਲਤਾ ਦਾ ਮੁਜੱਸਮਾ ਸੀ। ਪਿਤਾ ਕਵੀ “ਸ਼ਾਮ” ਨੂੰ ਆਪਣੀ ਪਤਨੀ ਦੇ
ਅਨੇਕਾਂ ਉਚੇ ਗੁਣਾਂ ਦੀ ਕਦਰ ਸੀ। ਉਨ੍ਹਾਂ ਨੇ ਮਿਥਿਹਾਸਕ (ਹਿੰਦੂ) ਪਾਤਰ ਅੰਜਨਾ ਦੇਵੀ (ਰਾਜੇ ਪਵਨ
ਦੀ ਪਤਨੀ ਅਤੇ ਹਨੂੰਮਾਨ ਦੀ ਮਾਂ) ਉਪਰ ਕਿੱਸਾ ਵੀ ਲਿਖਿਆ ਸੀ, ਜੋ ਬਾਲ ਹਰਿੰਦਰ ਨੂੰ ਟੁੰਬਦਾ ਤੇ
ਪੋਂਹਦਾ ਸੀ। ਔਰਤਾਂ ਦੇ ਇਨ੍ਹਾਂ ਗੁਣਾਂ ਦੇ ਕਦਰਦਾਨ ਡਾ. ਬਲਵਿੰਦਰ ਕੌਰ ‘ਬਰਿਆਣਾ’ ਦੇ ਲਫਜ਼ਾਂ
ਵਿੱਚ ਹਰਿੰਦਰ ਦਾ ‘ਨਿੱਕੜੀ ਉਮਰੇ ਆਪਣੀ ਮਾਤਾ ਦਾ ਵੱਡੜਾ ਸਾਥ’ ਉਸ ਦੇ ਅਨੇਕਾਂ ਨਾਇਕਾਂ ਤੇ
ਨਾਇਕਾਵਾਂ ਦੀਆਂ ਰਮਜ਼ਾਂ ਵਿੱਚ ਛੁਪਿਆ ਜ਼ਾਹਰਾ ਦਿਸਦਾ ਹੈ। ਮਾਤਾ ਜਗੀਰ ਕੌਰ ਜੀ ਦਾ ਵੱਡੜਾ ਸਾਥ
ਹਰਿੰਦਰ ਕੋਲੋਂ ਉਦੋਂ ਖੁਸ ਗਿਆ ਜਦ 13/06/2004 ਨੂੰ ਉਸ ਦੀ ਮਾਂ ਨੇ ਆਪਣੀ ਪੰਜ-ਭੌਤਿਕ ਮਿੱਟੀ ਦੀ
ਮੜੋਲੀ ਨੂੰ ਤਿਆਗਿਆ। ਹਰਿੰਦਰ ਨੇ ਆਪਣੀ ਮਾਤਾ ਦੀ ਮਸਤੂਆਣੇ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਅੰਤਮ
ਇੱਛਾ ਆਪਣੇ ਭਰਾ ਮੱਘਰ ਸਿੰਘ ਤੇ ਉਸ ਦੀ ਨੂੰਹ, ਜੋ ਮਾਤਾ ਦੀ ਸੇਵਾ ਕਰਦੀ ਸੀ, ਰਾਹੀਂ ਪੂਰੀ
ਕਰੁਆਈ। ਮਾਤਾ ਦੇ ਚਲਾਣੇ ਉਤੇ ਪਾਠ ਦੇ ਭੋਗ ਦੇ ਅਵਸਰ ਨੂੰ ਸ਼ਾਇਰਾਂ, ਸ਼ਹੀਦਾਂ ਤੇ ਸਾਹਿੱਤਕਾਰਾਂ ਦੇ
ਕਦਰਦਾਨ ਅਤੇ ਕੀਰਤਨ ਤੇ ਨਾਮ ਦੇ ਰਸੀਏ ਸੰਤ ਹਰਚਰਨ ਸਿੰਘ ਜੀ (ਪਿੰਡ ਰੂਪੋਆਲ਼ ਰਮਦਾਸ ਪੁਰ, ਜ਼ਿਲਾ
ਹੋਸ਼ਿਆਰ ਪੁਰ) ਨੇ ਹਾਜ਼ਰੀ ਭਰ ਕੇ ਇਸ ਸਦਮੇ ਮੌਕੇ ਹਰਿੰਦਰ ਦੀ ਹੌਸਲਾ ਅਫ਼ਜ਼ਾਈ ਕੀਤੀ। ਸ਼ਾਇਰੀ ਦੀ
ਗੁੜ੍ਹਤੀ ਹਰਿੰਦਰ ਨੂੰ ਊਂਨ੍ਹਾਂ ਦੇ ਮਾਤਾ ਪਿਤਾ ਕੋਲੋਂ ਵਿਰਸੇ ਚ ਨਸੀਬ ਹੋਈ। 1947 ਈ. ਦੀ ਜੁਗ
ਗਰਦੀ ਦੇ ਸਿੱਟੇ ਵਜੋਂ ਬੇ-ਵਤਨ ਹੋਣ ਦੀ ਅਵੱਲੜੀ ਦਿਲ ਪੀੜਾ ਨੇ ਬਾਲ ਹਰਿੰਦਰ ਦੇ ਦਿਲ ਚ ਧੁਖਦੀ ਤੇ
ਮਘਦੀ ਚੰਗਿਆੜੀ ਨੂੰ ਭਖਣ ਲਈ ਬਲ਼ਦੀ ਉਪਰ ਤੇਲ ਦਾ ਕੰਮ ਕੀਤਾ। ਤੇ ਇਸ ਨੂੰ ਜਿਸ ਨੇ ਅਗਾਂਹ ਨਾ ਬੁਝਣ
ਵਾਲੀ ਚੁਆਤੀ ਲਾ ਕੇ ਓਜਮਈ ਕਾਵਿਕ ਗੁਣਾਂ ਨੂੰ ਪਰਜਵੱਲਤ ਕਰਕੇ ਕਾਵਿਕ ਤੇ ਵਾਰਤਕ ਦੋਹਾਂ ਰੂਪਾਂ ਚ
ਮੂਰਤੀਮਾਨ ਹੋਣ ਵਾਲ਼ੀ ਸਾਹਿੱਤਿਕ ਰਚਨਾ ਦੇ ਲਟ ਲਟ ਕਰਦੇ ਭਾਂਬੜ ਵਿੱਚ ਬਦਲ ਦਿੱਤਾ।
ਚੱਕ ਨੰ. 233 ਬਹੁਤ ਖੂਬਸੂਰਤ ਤੇ ਰਮਣੀਕ ਥਾਂ ਉਪਰ ਵਸਿਆ ਹੋਇਆ ਸੀ। ਇਥੇ
ਬੜੇ ਸੁਹਾਣੇ ਰੁੱਖ ਸਨ, ਜਿਵੇਂ ‘ਵਣ’ (ਜਿਸ ਦੇ ਪੱਤੇ ਤਲਵਾਰ ਦੀ ਸ਼ਕਲ ਦੇ ਸਨ ਤੇ ਜਿਸ ਨੂੰ
ਮਿੱਠੀਆਂ ਪੀਲੂ ਲਗਦੀਆਂ ਸਨ), ਕਿੱਕਰ, ਕਰੀਰ, ਟਾਹਲੀ, ਫ਼ਰਮਾਂਹ ਜਾਂ ਪਿਲਸੀ ਜਿਸ ਦੇ ਡੇਢ ਡੇਢ
ਗਿੱਠ ਲੰਮੇ ਅਤੇ ਵਾਲਾਂ ਵਰਗੇ ਪੱਤੇ ਸਨ। ਜਦ ਹਵਾ ਵਗਣੀ ਤਾਂ ਇਨ੍ਹਾਂ ਪਤਿਆਂ ਨੇ ਡਾਢੀ ਹੀ ਮਹੀਨ
ਪਰ ਸੁਰੀਲ਼ੀ ਆਵਾਜ਼ ਪੈਦਾ ਕਰਕੇ ਇੱਕ ਤਰ੍ਹਾਂ ਦਾ ਸੰਗੀਤ ਫਿਜ਼ਾ ਵਿੱਚ ਘੋਲ ਦੇਣਾਂ, ਕਿ ਜਿਨ੍ਹਾਂ
ਰੱਬੀ ਦਾਤਾਂ ਦੀ ਕਦਰਦਾਨੀ ਤੇ ਸ਼ੁਕਰਗੁਜ਼ਾਰੀ ਸਿੱਖੀ ਹੈ ਉਨ੍ਹਾਂ ਬਹੁਤ ਸਕੂਨ ਪਾਉਣਾ। ਪਿੰਡ ਦੇ
ਚੜ੍ਹਦੇ ਪਾਸਿਓਂ ਨਹਿਰ ‘ਰੱਖ’ ਬ੍ਰਾਂਚ ਅਤੇ ਲਹਿੰਦੇ ਪਾਸਿਓਂ ਨਹਿਰ ‘ਗਗੇਰਾ’ ਬ੍ਰਾਂਚ ਲੰਘਦੀਆਂ
ਸਨ। ਰੇਲ ਗੱਡੀ ਦੀ ਲਾਈਨ ਵੀ ‘ਰੱਖ’ ਬ੍ਰਾਂਚ ਦੇ ਲਾਗਿਓਂ ਦੀ ਗੁਜ਼ਰਦੀ ਸੀ ਜਿਹੜੀ ਲਾਹੌਰ ਤੋਂ
ਨਨਕਾਣਾ ਸਾਹਿਬ ਹੁੰਦੀ ਹੋਈ ਲਾਇਲਪੁਰ ਵਿਚੀਂ ਅੱਗੇ ਜਾਂਦੀ ਸੀ। ਏਥੇ ਦੀ ੱਿੲਕ ਹੋਰ ਖ਼ਸਲਤ ਗ਼ਰੀਬ
ਦਾਸ ਦਾ ਡੇਰਾ ਸੀ ਜਿਹੜਾ ਜਾੜਾਂ, ਬੂਝਿਆਂ, ਸਲਵਾੜਾਂ, ਕਾਨਿਆਂ ਆਦਿ ਨਾਲ਼ ਘਿਰਿਆ ਹੋਇਆ ਸੀ ਜਿਥੇ
ਆਮ ਗਵੱਈਏ ਤੇ ਕਵਾਲੀ ਗਵੱਈਏ, ਦੀਨਾ ਨਾਥ ਕਵਾਲ ਆਦਿ, ਰਾਸਧਾਰੀਏ ਤੇ ਗ਼ਜ਼ਲਾਂ ਗਾਉਣ ਵਾਲ਼ੇ ਕਲਾਕਾਰ
ਆਮ ਆਪਣੀ ਕਲਾ ਦਾ ਜੌਹਰ ਦਿਖਾਉਂਦੇ ਹੁੰਦੇ ਸਨ। ਇਥੇ ਹੀ ਨਹਿਰੋਂ ਪਾਰ ਨਾਲ਼ ਲਗਦੇ ਜ਼ਿਲਾ ਸ਼ੇਖੂਪੁਰੇ
ਦੇ 19 ਚੱਕ ਵਿਖੇ ਪ੍ਰੋ. ਪੂਰਨ ਸਿੰਘ ਨੇ ਨੌਕਰੀ ਦੌਰਾਨ 1912 ਈ. ਤੋਂ 1931 ਈ. ਤੱਕ ਰੋਸ਼ਾ ਘਾਹ
ਦੇ ਸਰਕਾਰੀ ਫਾਰਮ ਵਿਖੇ ਕਿਆਮ ਰੱਖਿਆ, ਜਿਥੇ ਉਨ੍ਹਾਂ ਨੇ ਆਪਣੀਆਂ ਪ੍ਰਸਿੱਧ ਕਿਤਾਬਾਂ ਰਚੀਆਂ ਸਨ।
ਚੱਕ 19 ਜਾਂਗਲੀ (ਜਾਂ ਆਦਿ ਵਾਸੀ) ਲੋਕਾਂ ਦਾ ਪਿੰਡ ਸੀ। ਹਰਿੰਦਰ ਉਪਰ ਇਸ
ਇਲਾਕੇ ਦੀਆਂ ਤੰਦਰੁਸਤ ਤੇ ਸੁੰਦਰ ਜਾਂਗਲੀ ਕੁੜੀਆਂ ਅਤੇ ਮੁੰਡਿਆਂ ਦੇ ਰਸਭਿੰਨੇ ਨੈਣ ਨਕਸ਼ਾਂ, ਸਡੌਲ
ਤਕੜੇ ਜਿਸਮਾਂ ਅਤੇ ਚਰਿੱਤਰ ਦਾ ਅਮਿਟ ਪ੍ਰਭਾਵ ਉਸ ਦੀ ਕਵਿਤਾ ਚ ਵੰਨ ਸੁਵੰਨੇ ਰੂਪ ਵਟਾ ਵਟਾ ਵਾਰ
ਵਾਰ ਆਉਂਦਾ ਨਜ਼ਰ ਪੈਂਦਾ ਹੈ।
ਹਰਿੰਦਰ ਨੇ ਆਪਣਾ ਪਿੰਡ 1947 ਈ. ਚ ਸਦਾ ਲਈ ਛੱਡਣ ਤੋਂ ਪਹਿਲਾਂ ਨੌ ਸਾਲ
ਦੀ ਉਮਰ ਤੱਕ ਦੋ ਵਾਰ ਨਨਕਾਣਾਂ ਸਾਹਿਬ ਦੀ ਜ਼ਿਆਰਤ ਕੀਤੀ ਸੀ। ਮਗਰੋਂ ਹਰਿੰਦਰ ਉਮਰ ਪਰਯੰਤ ਨਨਕਾਣੇ
ਦੀ ਵਾਰ ਵਾਰ ਜ਼ਿਆਰਤ ਕਰਦਾ ਰਿਹਾ। ਨਨਕਾਣੇ ਤੋਂ ਹੀ ਹਰਿੰਦਰ ਦੇ ਪਿਤਾ ਨੇ ਉਸ ਨੂੰ ਬਚਪਨ ਦੀ ਵਰੇਸ
ਵਿੱਚ ਵਿਧਾਤਾ ਸਿੰਘ “ਤੀਰ” ਜੀ ਦਾ ਮਹਾਂਕਾਵਿ “ਦਸ਼ਮੇਸ਼ ਦਰਸ਼ਣ” ਖਰੀਦ ਕੇ ਦਿਤਾ ਸੀ। ਹਰਿੰਦਰ ਦਾ
ਨਨਕਾਣਾਂ ਸਾਹਿਬ ਨਾਲ਼ ਧੁਰ ਅੰਤਰ-ਆਤਮੈ ਬੜਾ ਭਾਵੁਕ ਤੇ ਸਨੇਹ ਭਰਪੂਰ ਨਾਤਾ ਜੁੜਿਆ ਰਿਹਾ।
ਉਹਨੇ ਇੱਕ ਵਾਰ ਆਪਣੇ ਪਿਤਾ ਨਾਲ ਜਾਂਦੇ ਉਨ੍ਹਾਂ ਦੇ ਸਾਥੀ ਦੋਸਤ ਸੰਤ ਸਿੰਘ
ਦੇ ਸਾਈਕਲ ਪਿੱਛੇ ਬੈਠ ਕੇ ਮਿਰਜ਼ੇ ਦਾ ਪਿੰਡ ਦਾਨਾਬਾਦ ਵੀ ਵੇਖਿਆ ਸੀ। ਉਦੋਂ ਮਿਰਜ਼ੇ ਦਾ ਜੰਡ ਹਰਾ
ਭਰਾ ਸੀ। ਸੁਣਨ ਵਿੱਚ ਆਇਆ ਕਿ ਹੁਣ ਉਹ ਡਿਗ ਚੁਕਾ ਹੈ। ਆਪ ਦੇ ਪ੍ਰਾਇਮਰੀ ਸਕੂਲ ਦੇ ਉਸਤਾਦ ਅਬਦੁਲ
ਗ਼ਫੂਰ ਨੂੰ ਹਰਿੰਦਰ ਨੇ ਅੰਗ਼ਰੇਜ਼ੀ ਦੇ ਪ੍ਰੋਫੈੱਸਰ ਬਣਨ ਤੋਂ ਮਗਰੋਂ ਪਿਆਰ ਭਰੀ ਚਿੱਠੀ ਲਿਖੀ ਸੀ,
ਜਿਸ ਨੂੰ ਪੜ੍ਹ ਕੇ ਉਸਤਾਦ ‘ਗ਼ਫੂਰ’ ਜੀ ਦੋ ਵਾਰ ਰੋਏ। ਜਦ ਉਸੇ ਸਕੂਲ, ਜਿਸ ਵਿੱਚ ਹਰਿੰਦਰ ਨੇ
ਪ੍ਰਾਇਮਰੀ ਦੀ ਪੰਜ ਜਮਾਤਾਂ ਤੱਕ ਵਿਦਿਆ ਹਾਸਿਲ ਕੀਤੀ ਸੀ, ਦੇ ਵਿਦਿਆਥੀਆਂ ਨੂੰ ਸਨੇਹ ਭਰੀ ਚਿੱਠੀ
ਦਿਖਾਈ ਤਾਂ ਉਹ ਵੀ ਰੋਏ। ‘ਅਸੀਂ ਰੋਏ, ਅਸੀਂ ਰੋਏ’।
1947 ਈ. ਦੀ ਜੁਗ ਗਰਦੀ ਦੇ ਇਸ ਹੌਲਨਾਕ ਸਾਕੇ ਦਾ ਹਰਿੰਦਰ ਦੇ ਕੋਮਲ ਚਿੱਤ
ਤੇ ਗੂੜ੍ਹਾ ਪ੍ਰਭਾਵ ਪਿਆ, ਜਿਹੜਾ ਉਸ ਦੀ ਇੱਕ ਇੰਟਰਵੀਊ ਵਿਚਲੇ ਸਵਾਲਾਂ ਦੇ ਦੱਸੇ ਉੱਤਰਾਂ ਚੋਂ
ਪਰਗਟ ਹੁੰਦਾ ਹੈ। ਉਹ ਕਹਿੰਦਾ ਹੈ: “ਅਸੀਂ ਦੋ ਸੌ ਤੇਤੀ (233) ਚੱਕ ਨੂੰ ਸਤੰਬਰ ਦੇ ਮਹੀਨੇ ਰਾਤ
ਦੇ ਸਮੇਂ ਸਦਾ ਲਈ ਛੱਡ ਦਿਤਾ। ਸਾਡੇ ਘਰ ਦੇ ਸਾਹਮਣੇ ‘ਤਰਨੀ’ (ਹਮਜਮਾਤੀ) ਦਾ ਰਾਗੀ ਪਿਤਾ ਕੋਈ
ਰਹੱਸਮਈ ਸਾਜ਼ ਵਜਾ ਰਿਹਾ ਸੀ ਜਿਸ ਨੂੰ ਸੁਣਦਿਆਂ ਮੱਲੋ-ਮੱਲੀ ਸਾਡੀਆਂ ਅੱਖਾਂ ਚ ਹੰਝੂ ਉਮਲਦੇ ਸਨ।
ਉਸ ਅਲਬੇਲੇ ਇਨਸਾਨ ਨੇ ਆਪਣੇ ਰੂਹਾਨੀ ਦੇਸ਼ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਵੀਹ ਦਿਨਾਂ
ਪਿੱਛੋਂ ਆਪਣੇ ਖੇਤਾਂ ਦੇ ਨੇੜੇ ਹੀ ਸ਼ਹੀਦ ਹੋ ਗਿਆ ਸੀ। ਪਿੰਡ ਨੂੰ ਛੱਡਦਿਆਂ ਸਾਡੇ ਹਰ ਘਰ ਨੇ
ਮੱਝਾਂ ਤੇ ਗਾਈਆਂ ਦੇ ਸੰਗਲ ਖੋਲ੍ਹ ਦਿਤੇ ਸਨ। ਪਿੰਡ ਵਿੱਚ ਸੌ ਕੁ ਹਥਣੀਆਂ ਵਰਗੀਆਂ ਮੱਝਾਂ ਸਨ। ਇਸ
ਸੰਬੰਧ ਵਿੱਚ ਤੀਸਰੇ ਦਿਨ ਇੱਕ ਅਜਿਹਾ ਚਮਤਕਾਰ ਵਾਪਰਿਆ ਜਿਸ ਦੀ ਦਾਸਤਾਨ ਹੰਝੂਆਂ ਤੋਂ ਵੀ ਡੂੰਘੀ
ਹੈ। ਮੇਰੇ ਚਾਚਾ ਜੀ ਸ਼ੰਕਰ (ਚੱਕ 233 ਤੋਂ ਤਿੰਨ ਕਿਲੋਮਟਿਰ) ਤੋਂ ਮੁੜ ਪਿੰਡ ਦੇਖਣ ਦੀ ਤੜਪ ਲੈ ਕੇ
ਜਦ ਦੋ ਸੌ ਤੇਤੀ ਚੱਕ ਪਹੁੰਚੇ ਤਾਂ ਪਿੰਡ ਦੀਆਂ ਮੱਝਾਂ, ਗਊਆਂ, ਵੱਛੇ, ਵੱਛੀਆਂ ਅਤੇ ਕਟਰੂਆਂ ਦਾ
ਵੱਡਾ ਵੱਗ ਮੇਰੇ ਚਾਚਾ ਜੀ ਦੇ ਪਿੱਛੇ ਲੱਗ ਤੁਰਿਆ। ਹਰ ਪਸ਼ੂ ਦੀ ਅੱਖ ਵਿਚੋਂ ਪਰਲ ਪਰਲ ਹੰਝੂ ਵਗ
ਰਹੇ ਸਨ ਅਤੇ ਚਾਚਾ ਜੀ ਦੇ ਮੋੜਿਆਂ ਵੀ ਮੁੜਦੇ ਨਹੀਂ ਸਨ। ਨਹਿਰ ਦੇ ਪੁਲ ਤੱਕ ਪਸ਼ੂ ਰੋਂਦੇ ਹੋਏ
ਚਾਚਾ ਜੀ ਦੇ ਪਿੱਛੇ-ਪਿੱਛੇ ਆ ਰਹੇ ਸਨ। ਅੰਤ ਬੇਵਸੀ ਵਿੱਚ ਪੁਲ ਦੇ ਨੇੜੇ ਪਹੁੰਚ ਕੇ ਪਸ਼ੂਆਂ ਨੂੰ
ਵੀ ਕਿਸੇ ਪਰਾ-ਸਰੀਰਕ ਦੁਖਾਂਤ ਦੀ ਸਮਝ ਆ ਗਈ ਅਤੇ ਉਥੇ ਹੀ ਖਲੋ ਕੇ ਸਾਰਾ ਵੱਗ ਰੋਂਦਾ ਰਿਹਾ। ਅਸੀਂ
ਗੱਡੇ ਜੋੜ ਕੇ ਬੈਲ਼ਾਂ ਦੀਆਂ ਟੱਲੀਆਂ ਲਾਹ ਕੇ ਨਹਿਰ ਵੱਲ ਨੂੰ ਇਸ ਤਰ੍ਹਾਂ ਤੁਰ ਪਏ ਜਿਵੇਂ ਧੀ ਆਪਣੇ
ਪੇਕੇ ਘਰ ਤੋਂ ਵਿੱਛੜਦੀ ਹੈ। ਅਸੀਂ ਤਿੰਨ ਕਿਲੋਮੀਟਰ ਦੇ ਫਾਸਲੇ ਤੇ ਸ਼ੰਕਰ ਪਿੰਡ ਪੁਜੇ। ਪਿੰਡ ਦੇ
ਲੋਕਾਂ ਨੇ ਸਾਨੂੰ ਰੱਜ ਕੇ ਮਿਹਣੇ ਮਾਰੇ ਕਿ “ਕਾਇਰਾਂ ਵਾਂਗ ਕਿਉਂ ਪਿੰਡ ਛੱਡ ਆਏ ਹੋ” ?
ਨੌਂ ਸਾਲ ਦੇ ਹਰਿੰਦਰ ਵਾਲਾ ਇਹ 72 ਪਿੰਡਾਂ ਦਾ ਕਾਫਲਾ ਇੱਕ ਮਹੀਨਾ ਸ਼ੰਕਰ
(ਬਾਰ ਦੇ ਇਲਾਕੇ ਦਾ ਪਿੰਡ) ਰਹਿਣ ਪਿੱਛੋਂ ਅਗਾਂਹ ਤੁਰਿਆ। ਸ਼ੰਕਰ ਰਹਿੰਦਿਆਂ ਮੁਸਲਮਾਨਾਂ ਨੇ ਢੋਲ
ਵਜਾ ਕੇ ਵਾਰ ਵਾਰ ਤਿੰਨ ਹਮਲੇ ਕੀਤੇ। ਜਦ ਢੋਲ ਵੱਜਦਾ ਤਾਂ ਨਿੱਕੇ ਜਹੇ ਹਰਿੰਦਰ ਦਾ ਅਤੇ ਨਾਲ ਦੇ
ਹੋਰ ਲੋਕਾਂ ਦਾ ਦਿਲ ਧੜਕਦਾ ਤੇ ਤਬਾਹੀ (ਨਾਬੂਦ) ਦੇ ਰਾਹ ਤੇ ਉਸ ਨੂੰ ਆਪਣੇ ਯਾਰ ਦਾ ਕੋਈ ਪਰਛਾਵਾਂ
ਦਿਸਦੈ। ਮੁਟਿਆਰ ਕੁੜੀਆਂ ਸਿਰ ਸੁੱਟ ਕੇ ਨਿੰਮੋਝੂਣ ਹੋ ਬੈਠੀਆਂ ਹਨ। ਬੜਾ ਡਰਾਉਣਾ ਦ੍ਰਿਸ਼ ਹੈ:
ਕਾਲੇ ਜਲ ਚੋਂ ਉੱਠ ਕੇ ਜਾਨਾਂ ਕੁਰਲਾਉਂਦੀਆਂ ਹਨ। ਅੱਧੀ ਰਾਤ ਨੂੰ ਚਾਰੇ ਪਾਸੇ ਕਬਰਾਂ ਕੂਕਦੀਆਂ
ਹਨ, ਉਜਾੜ ਹੀ ਉਜਾੜ ਹੈ ਆਲੇ ਦੁਆਲੇ। ਜਿੰਦ ਸੰਸਿਆਂ ਨੂੰ ਫੜੀ ਹੋਈ ਹੈ। ਕਿਉਂ? ਜਿਗਰਾ ਸਾਬਤ ਨਹੀਂ
ਰਿਹਾ ਉਦੋਂ ਤੋਂ, ਜਦੋਂ ਤੋਂ ਤਬਾਹੀ ਦੇ ਨਾਦ ਵਾਲਾ ਢੋਲ ਵੱਜਣ ਲੱਗਾ। ਤੇ ਜਦੋਂ ਦਾ ਦਰਵੇਸ਼ ਦਾ
ਡੇਰਾ ਲਹੂ ਦੇ ਦਰਿਆ ਦੇ ਪੱਤਣੀਂ ਵਹਿ ਤੁਰਿਆ ਹੈ। ਔਖੀ ਰਾਤ ਜਿਵੇਂ ਸੂਲਾਂ ਉਪਰ ਗੁਜ਼ਾਰੀ ਜਾ ਰਹੀ
ਹੋਵੇ, ਏਦਾਂ ਦੀ ਭਿਆਨਕ ਤੇ ਡਰਾਉਣੀ ਰਾਤ ਸੀ ਉਹ। ਫਿਰ ਵੱਡੇ ਤੜਕੇ ਮੁਟਿਆਰਾਂ ਹੰਝੂਆਂ ਦੇ ਹੜ੍ਹ
ਵਗਾ ਵਗਾ ਰੋ ਰਹੀਆਂ, ਨਿੱਕੜੇ ਹਰਿੰਦਰ ਨੇ ਦੇਖੀਆਂ। ਉਸ ਵਕਤ ਉਹਦੇ ਮੁਸਲਮਾਨ ਯਾਰ ਅਜ਼ਾਨਾਂ ਦਿੰਦੇ
ਸੁਣਾਈ ਦਿੱਤੇ ਸਨ। ਕਿਸੇ ਸੂਫ਼ੀ ਦਾ ਕਿਸੇ ਜੁਆਨ ਨੂੰ ਕਿਹਾ ਕਿ ਜੀਵਨ ਬਾਗ਼ਾਂ ਵਿੱਚ ਖੇਡ ਕੇ ਤੁਰ
ਜਾਣ ਵਾਂਗ ਇੱਕ ਖੇਡ ਜਹੀ ਹੀ ਹੈ ਹੋਰ ਕੁੱਝ ਨਹੀਂ, ਉਸ ਨੂੰ ਯਾਦ ਆਇਆ। ਕਾਹਦਾ ਯਾਰ ਨਾਲ ਯਰਾਨਾ ਜੇ
ਉਹ ਮੁੜ ਫੇਰਾ ਹੀ ਨਹੀਂ ਪਾਉਂਦਾ, ਵੀ ਯਾਦ ਆਉਂਦਾ। ਕਿਉਂਕਿ ਤਬਾਹੀ ਦੇ ਰਾਹ ਤੁਰਿਆਂ ਜਾਂਦਿਆਂ ਉਹ
ਨੂੰ ਐਂ ਲੱਗਾ ਜਿਵੇਂ ਉਹ ਕਹਿੰਦਾ ਹੈ ਕਿ: ਹੇ ਯਾਰ! ਤੇਰਾ ਪਰਛਾਵਾਂ ਤੱਕਿਆ ਸੀ।
ਜਦ ਨੂੰ ਮੁਸਲਮਾਨਾਂ ਨੇ ਢੌਲ ਦੇ ਡਗੇ ਨਾਲ ਨਾਅਰੇ ਲਾਉਂਦਿਆਂ ਪਿੰਡ ਦੇ
ਬਾਹਰਲੇ ਪਾਸਿਓਂ ਇੱਕ ਤਕੜਾ ਹਮਲਾ ਕੀਤਾ ਜੋ ਸੇਵਾ-ਮੁਕਤ ਫੌਜੀ ਸਿੱਖਾਂ ਨੇ ਪੂਰੀ ਤਾਕਤ ਨਾਲ਼ ਖਦੇੜ
ਦਿਤਾ ਸੀ। ਲਾਉਕੇ ਤੋਂ ਫਲਾਹੀਵਾਲਾ ਪਹੁੰਚਣ ਤੇ ਇਸ ਵੱਡੇ ਕਾਫਲੇ ਤੇ ਦੂਜਾ ਤੇ ਸਭ ਤੋਂ ਸ਼ਕਤੀਸ਼ਾਲੀ
ਹਮਲਾ ਹੋਇਆ। ਜਦੋਂ ਮੁਸਲਮਾਨਾਂ ਦੇ ਕਾਫਲੇ ਨੇ ਕਮਾਦਾਂ ਵਿੱਚ ਪੋਜ਼ੀਸ਼ਨਾਂ ਲੈ ਲਈਆਂ ਸਨ, ਅਤੇ ਹਮਲੇ
ਦੀ ਸਭ ਤਿਆਰੀ ਮੁਕੰਮਲ ਸੀ। (ਨਿੰਮੋਝੂਣ ਨੇ ਬੈਠੀਆਂ ਸਿਰ ਸੱਟ ਰਕਾਨਾਂ, ਕਾਲੇ ਜਲ ਚੋਂ
ਉੱਠ ਕੇ ਕੁਰਲਾਉਂਦੀਆਂ ਜਾਨਾਂ।) ਤਾਂ ਉਨ੍ਹਾਂ ਬੜਾ ਮਾਰੂ ਹਮਲਾ ਕੀਤਾ। ਚੰਗੇ ਭਾਗਾਂ ਨੂੰ ਪੁਰਾਣੇ
ਸੇਵਾ-ਮੁਕਤ ਫੌਜੀ ਸਿਖਾਂ ਦੀ ਦਲੇਰੀ ਤੇ ਹੋਸ਼ਿਆਰੀ ਨਾਲ਼, ਹਰਿੰਦਰ ਨੇ ਦੱਸਿਆ ਕਿ “ਅਸੀਂ ਬਚ ਗਏ ਅਤੇ
ਮੁਸਲਮਾਨਾਂ ਨੂੰ ਮੂੰਹ-ਤੋੜਵਾਂ ਜਵਾਬ ਦਿਤਾ”। ਜਦ ਮੁਸਲਮਾਨ ਢੋਲ ਵਜਾ ਵਜਾ ਕੇ ਤੇ ਨਾਅਰੇ ਲਾ ਲਾ
ਕੇ ਹਮਲੇ ਕਰਦੇ ਸਨ ਅਤੇ ਸਾਡੇ ਸੇਵਾ-ਮੁਕਤ ਫੌਜੀਆਂ ਵਲੋਂ ਸੂਰਮਗਤੀ ਦੇ ਜੌਹਰ ਦਿਖਾਏ ਜਾਣ ਤੇ
‘ਫਲਾਹੀਵਾਲਾ ਦੀ ਜੰਗ’ ਸਮੇਂ 18ਵੀਂ ਸਦੀ ਦੀ ਯਾਦ ਤਾਜ਼ਾ ਹੋ ਜਾਂਦੀ ਸੀ। ਸਿੰਘਾਂ ਦੇ ਇਸ ਜੰਗ
ਜਿੱਤਣ ਤੋਂ ਬਾਦ ਭਾਵੇਂ ਗੋਰਖਾ ਮਿਲਟਰੀ ਵੀ ਆ ਪਹੁੰਚੀ। ਹਰਿੰਦਰ ਅਕਸਰ ਦੱਸਿਆ ਕਰਦਾ ਸੀ ਕਿ ਉਸ ਨੇ
ਵੇਦਨਾ ਦੇ ਐਨੇ ਰੂਪ ਦੇਖੇ ਕਿ ਸਦੀਆਂ ਦੇ ਦੁਖਾਂਤ ਵੀ ਉਨ੍ਹਾਂ ਨੂੰ ਗਿਣ ਨਹੀਂ ਸਕਦੇ ਕਿਉਂਕਿ
ਹਰਿੰਦਰ ਉਨ੍ਹਾਂ ਦਾ ਸੰਬੰਧ ‘ਰੂਹ ਦੇ ਸਫਰ ਨਾਲ਼’ ਦੇਖਦੈ।
ਸੰਤਾਲੀ ਦੀ ਵੰਡ ਸਮੇਂ 14 ਅਗਸਤ 1947 ਦੀ ਕੁਲਹਿਣੀ ਰਾਤ ਨੂੰ ਮਸਾਂ ਨੌ ਕੁ
ਵਜੇ ਹੋਣਗੇ ਕਿ ਹਰਿੰਦਰ ਨੂੰ ਘਰ ਦਿਆਂ ਦੇ ਸਮੇਤ ਸਾਰਿਆਂ ਲੋਕਾਂ ਦੇ, ਬਾਰ ਦਾ ਇਲਾਕਾ ਛੱਡਣਾ ਪਿਆ।
ਉਨ੍ਹਾਂ ਨੂੰ ਕਤਲੋ-ਗਾਰਤ ਦੇ ਸ਼ੂਕਦੇ ਤੂਫ਼ਾਨ ਦਾ ਟਾਕਰਾ ਕਰਨਾ ਪਿਆ।
ਦੋ ਮਹੀਨਿਆਂ ਵਿੱਚ ਨੌਂ ਸਾਲਾ ਬੱਚਾ, ਹਰਿੰਦਰ ਕਈ ਪਿੰਡਾਂ, ਸ਼ਹਿਰਾਂ ਨਗਰਾਂ
ਵਿਚੋਂ ਦੀ ਲੰਘਦਿਆਂ ਆਪਣੇ ਨਾਨਕੇ ਪਿੰਡ ਮਰਾਝ, ਜ਼ਿਲਾ ਸੰਗਰੂਰ ਪਹੁੰਚਿਆ, ਤਾਂ ਸੰਤਾਲੀ ਦੀ ਜੁਗ
ਗਰਦੀ ਦੇ ਮੁਸੀਬਤ-ਜ਼ਦਾ ਦਿਨਾਂ ਵਿੱਚ ਇੱਕ ਸਧਾਰਨ ਜੱਟ ਨੇ ਉਦੋਂ ਇੱਕ ਮੁਸਲਮਾਨ ਕੁੜੀ ‘ਜਮੀਲਾਂ’
ਨੂੰ ੳਧਾਲ ਕੇ ਆਪਣੇ ਕੋਲ ਰਖਿਆ ਹੋਇਆ ਸੀ। ਉਸ ਦੀ ਦਰਦਨਾਕ ਅਤੇ ਅਸਹਿ ਕਹਾਣੀ ਨੇ ਹਰਿੰਦਰ ਨੂੰ
ਜ਼ਿੰਦਗੀ ਭਰ ਲਈ ਝੰਜੋੜ ਸੁਟਿਆ। ਜਮੀਲਾਂ ਇੱਕ ਪ੍ਰੋਫੈੱਸਰ ਦੀ ਮੰਗੇਤਰ ਸੀ ਜਿਹੜੀ ਕਿਸੇ ਜਥੇ
ਨਾਲੋਂ, ਨੇਤ ਰੱਬ ਦੀ, ਨਿਖੜ ਗਈ, ਘੇਰੀ ਗਈ ਤੇ ਉਥੇ ਲਿਆਂਦੀ ਗਈ ਸੀ। ਹਰਿੰਦਰ ਦੀ ਮਾਸੀ ਕੋਲ ਆ ਕੇ
ਉਹ ਹਰ ਰੋਜ਼ ਨਹਾ ਕੇ ਉਥੇ ਹੀ ਕੁਰਾਨ ਦਾ ਪਾਠ ਕਰਿਆ ਕਰਦੀ ਸੀ। ਇੱਕ ਦਿਨ ਕਿਸੇ ਸ਼ਰਾਰਤੀ ਮੁੰਡੇ ਨੇ
ਉਸ ਦਾ ਕੁਰਾਨ ਟੋਭੇ ਵਿੱਚ ਸੁਟ ਦਿਤਾ। ਜਮੀਲਾਂ ਦੇ ਕੁਰਲਾੱ ਉਠਣ ਤੇ ਹਰਿੰਦਰ ਦੀ ਮਾਸੀ ਨੇ ਕੁਰਾਨ
ਟੋਭੇ ਚੋਂ ਸਹੀ ਸਲਾਮਤ ਕਢਵਾ ਲਿਆ ਤੇ ਜਮੀਲਾਂ ਦੇ ਸਪੁਰਦ ਕੀਤਾ। ਕੁਰਾਨ ਭਾਵੇਂ ਖਸਤਾ ਹਾਲਤ ਵਿੱਚ
ਸੀ ਪਰ ਅਜੇ ਵੀ ਪੜ੍ਹਨਯੋਗ ਤੇ ਚੰਗੀ ਹਾਲਤ ਵਿੱਚ ਸੀ। ਜਮੀਲਾਂ ਦੇ ਬਹੁਤ ਕਹਿਣ ਤੇ ਇੱਕ ਦਿਨ ਉਹ
ਨੂੰ ਘੋੜੀ ਚੜ੍ਹਾ ਕੇ ਮਲੇਰਕੋਟਲੇ ਛੱਡਣ ਜਾਂਦਿਆਂ ਰਾਹ ਚ ਪੈਂਦੀ ਨਹਿਰ ਦੇ ਕੰਢੇ ਕੁੱਝ ਹਮਲਾਵਰਾਂ
ਨੇ ਜਦ ਜਮੀਲਾਂ ਤੇ ਦਰਿੰਦਿਆਂ ਵਾਂਗ ਹਮਲਾ ਕੀਤਾ ਤਾਂ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੇ
ਦੁਖਦਾਈ ਜੀਵਨ ਦਾ ਅੰਤ ਕਰ ਲਿਆ। ਹਰਿੰਦਰ ਦਾ ਕੋਮਲ ਦਿਲ ਸਦਾ ਲਈ ਵਲੂੰਧਰਿਆ ਗਿਆ। ਅਜਿਹੇ ਅਨੇਕਾਂ
ਕੌੜੇ ਤਜਰਬਿਆਂ, ਅਨੁਭਵਾਂ, ਘਟਨਾਵਾਂ, ਵੇਦਨਾਵਾਂ ਅਤੇ ਆਪਣੀ ਕੌਮ, ਮੁਲਕੋ-ਮਿਲਤ, ਤੇ ਸਿਖ
ਜੁਗਰਾਫੀਏ ਦਾ ਕਿ ਸਿੱਖ ਕੌਮ ਦੇ ਦਿਲ ਦਾ ਅੱਧ ਵਿਚਕਾਰੋਂ ਪਾੜਿਆ ਜਾਣਾਂ ਹਰਿੰਦਰ ਨੇ ਆਪਣੇ
ਬਚਪਨ ਦੇ ਕੋਮਲ ਭਾਵਾਂ ਵਾਲੇ ਦਿਨਾਂ ਵਿੱਚ ਅੱਖੀਂ ਦੇਖਿਆ ਅਤੇ ਆਪਣੇ ਤਨ ਬਦਨ ਉਪਰ ਹੰਢਾਇਆ।
ਇਨ੍ਹਾਂ ਸਾਰੇ ਪ੍ਰਭਾਵਾਂ ਨੂੰ ਹਰਿੰਦਰ ਦੀਆਂ ਅਨੇਕਾਂ ਕਵਿਤਾਵਾਂ ਵਿਚੋਂ ਸਾਂਗੋ ਪਾਂਗ ਪ੍ਰਜਵੱਲਤ
ਹੁੰਦਾ ਦੇਖਿਆ ਜਾ ਸਕਦਾ ਹੈ। ਇੱਕ ਕਵਿਤਾ ਬੇ-ਵਤਨ ਹੋਣ ਦੀ ਪੀੜਾ ਨੂੰ ਉਚੇਚਾ ਉਜਾਗਰ ਕਰਦੀ ਹੈ, ਜਦ
ਉਹ ਕਹਿੰਦਾ: ਹੇ ਕਲਗੀਆਂ ਵਾਲਿਆ! ਸਾਡਾ ਕੋਈ ਮੁਲਕ ਨਹੀਂ, ‘ਰੁੱਤ ਘਾਮ ਪਰਦੇਸ ਦੀ, ਕੋਈ ਬੂਟ ਨ
ਹਰਿਆ। ਸੁੰਞਾ ਸਤਲੁਜ ਚਿਰਾਂ ਤੋਂ, ਬੇਨੀਰ ਹੈ ਦਰਿਆ। ਤੈਂਡਾ ਰਹਿਮ ਪਛਾਣ ਕੇ ਮੈਂ ਨਿਸਚਾ ਕਰਿਆ।’
ਉਹਨੂੰ ਐਉਂ ਲਗਦਾ ਜਿਵੇਂ ‘ਸੁੰਞੇ ਪੱਤਣ ਚਿਰਾਂ ਦੇ’ ਹਨ, ‘ਕੋਈ ਖਬਰ ਨ ਤੈਨੂੰ’। ‘ਮੁਲਖਾਂ ਵਾਲਿਆ
ਲਾਇਆ, ਦਰਵੇਸ਼ ਨਾ ਆਢਾ’ ‘ਸ਼ਹੁ-ਤਕਦੀਰ ਦਾ ਖੇਡਦਾ, ਬਿਨ ਦੱਸਿਆਂ ਮੈਨੂੰ’। ਉਹਨੂੰ ਹੁਣ ਸੁੰਞਾਂ ਵੀ
ਬੇ-ਰੁੱਤ ਤੇ ਉਦਾਸ (ਮੂੰਝ) ਲਗਦੀਆਂ ਹਨ ਤੇ ਕਿਤੇ ਦੂਰ ਜਾਂਦੇ ਲਸ਼ਕਰਾਂ ਦੀਆਂ ਉੱਠਦੀਆਂ ਘੰਗੋਰਾਂ
ਸੁਣਾਈ ਦਿੰਦੀਆਂ ਹਨ।
ਹਰਿੰਦਰ ਨੇ ਸੰਤਾਲੀ ਦੀ ਵੰਡ ਪਿੱਛੋਂ, ਜਿਵੇਂ ਕਿ ਉਪਰ ਕਿਹਾ ਹੈ, ਪਹਿਲਾਂ
ਨਾਨਕੇ ਪਿੰਡ ‘ਮਰਾਝ’ ਕਿਆਮ ਰੱਖਣ ਤੋਂ ਬਾਦ, ਫੇਰ ਪਿੰਡ ‘ਰੰਚਣਾਂ’ (ਧੂਰੀ ਲਾਗੇ) ਜਿਥੇ ਹਰਿੰਦਰ
ਤੇ ਉਸ ਦੇ ਜਿਗਰੀ ਦੋਸਤ ‘ਤਰਨੀ’ ਦੋਵੇਂ 1948 ਈ. ਤੋਂ ਲੈ ਕੇ 1951 ਈ. ਤੱਕ ਕੱਠੇ ਮੱਝੀਆਂ ਦੇ
ਛੇੜੂ ਰਹੇ ਅਤੇ ਨਹਿਰੋਂ ਪਾਰ ਮੱਝਾਂ ਦਾ ਵੱਗ ਚਾਰਿਆ ਕਰਦੇ ਸਨ। (ਬੀਬਾ ਬਣ ਤੇ ਮੱਝੀਆਂ ਚਾਰ
ਵੋ, ਵਾਜ ਮਾਰੇ ਬੇਲੇ ਦੀ ਨਾਰ ਵੋ)। ਧੂਰੀ ਮਾਲਵਾ ਖਾਲਸਾ ਸਕੂਲ ਤੋਂ ਹਰਿੰਦਰ ਨੇ ਛੇਵੀਂ ਜਮਾਤ
ਪਹਿਲੇ ਨੰਬਰ ਚ ਪਾਸ ਕੀਤੀ। ਇਸ ਬਾਲ ਉਮਰੇ ਛੇਵੀਂ ਜਮਾਤ ਵਿੱਚ ਹੀ ਹਰਿੰਦਰ ਆਪ ਮੁਹਾਰੇ ਕਾਵਿ-ਮਈ
ਬੋਲ ਬੋਲਣ ਲੱਗ ਪਿਆ ਸੀ।
ਹਰਿੰਦਰ ਦੇ ਪਿਤਾ ਨੂੰ 1950 ਈ. ਵਿੱਚ ਝੂੰਦਾਂ ਪਿੰਡ ਜ਼ਮੀਨ ਅਲਾਟ ਹੋਈ ਤਾਂ
ਉਸ ਨੇ ਅੱਠਵੀਂ ਤੇ ਦਸਵੀਂ ਸ਼੍ਰੇਣੀ ਦੀ ਵਿਦਿਆ ਪਬਲਿਕ ਸਕੂਲ ਅਮਰਗੜ੍ਹ ਤੋਂ ਪਹਿਲੇ ਸਥਾਨ ਤੇ
ਰਹਿੰਦਿਆਂ ਪਾਸ ਕੀਤੀ। ਫਿਰ ਸਰਕਾਰੀ ਪ੍ਰਾਇਮਰੀ ਸਕੂਲ, ਮਹਿਲ ਕਲਾਂ (ਬਰਨਾਲਾ), ਮਿਡਲ ਸਕੂਲ ਫਾਜ਼ਲੀ
ਅਤੇ ਧਰਮਗੜ੍ਹ ਵਿਖੇ ਅਧਿਆਪਕ ਦੀ ਨੌਕਰੀ ਕੀਤੀ। ਹਰਿੰਦਰ ਇੱਕ ਬੜਾ ਤਗੜਾ ਤਾਰੂ ਸੀ ਤੇ ਤਰ ਕੇ
ਦਰਿਆਵਾਂ ਨੂੰ ਪਾਰ ਕਰ ਜਾਂਦਾ ਸੀ। ਨੰਗਲ ਡੈਮ ਦੇ ਲਾਗਿਓਂ ਬੜੇ ਡੂੰਘੇ ਥਾਂ ਤੋਂ ਉਸ ਨੇ ਸਤਲੁਜ
ਨੂੰ ਤਰ ਕੇ ਪਾਰ ਕੀਤਾ ਤਾਂ ਸਾਲ ਭਰ ਉਸ ਨੂੰ ਉਥੇ ਨਿਗਰਾਨੀ ਉਤੇ ਨੌਕਰੀ-ਪੇਸ਼ੇ ਤੇ ਫਾਇਜ਼ ਇੱਕ
ਕਰਮਚਾਰੀ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ।
ਹਰਿੰਦਰ ਦਾ ਵਿਆਹ ਬੀਬੀ ਕੁਲਦੀਪ ਕੌਰ ਨਾਲ ਹੋਇਆ। ਉਸ ਦੇ ਸ਼ਿਕਮ ਤੋਂ ਦੋ
ਬੱਚੇ, ਮੁੰਡਾ ਕੁੜੀ ਪੈਦਾ ਹੋਏ। ਅਧਿਆਪਨ ਦੇ ਨਾਲ ਨਾਲ ਹੀ ਹਰਿੰਦਰ ਨੇ ਪਰਾਈਵੇਟ ਬੀ. ਏ. ਪਾਸ
ਕੀਤੀ। ਫਿਰ ਆਪਣੇ ਦੋਸਤ, ਸਾਊਥੌਲ ਦੇ ਪਰਸਿੱਧ ਸ਼ਾਇਰ, ਪ੍ਰੀਤਮ ਸਿੱਧੂ ਦੇ ਮਸ਼ਵਰੇ ਤੇ ਐਮ. ਏ.
(ਪੰਜਾਬੀ) ਮਹਿੰਦਰਾ ਕਾਲਿਜ ਪਟਿਆਲੇ ਤੋਂ ਕੀਤੀ। ਮਗਰੋਂ ਅੰਗਰੇਜ਼ੀ ਦੀ ਐਮ. ਏ. ਚੰਗੇ ਨੰਬਰਾਂ ਚ
ਪਾਸ ਕੀਤੀ ਅਤੇ ਦੁਨੀਆਂ ਭਰ ਦੇ ਫਲਸਫੇ ਸਮੇਤ ਚੀਨੀ ਤੇ ਅਮਰੀਕੀ ਫਲਸਫੇ ਦੇ, ਇਤਿਹਾਸ ਆਦਿ ‘ਕੱਲੇ
ਪੜ੍ਹੇ ਹੀ ਨਹੀਂ ਬਾ-ਕਾਇਦਾ ਨੋਟਸ ਬਣਾ ਕੇ ਘੋਖੇ ਅਤੇ ਪਰਖੇ। ਨਾਲੋ-ਨਾਲ਼ ਫਾਰਸੀ, ਅਰਬੀ, ਹਿੰਦੀ,
ਉਰਦੂ ਜ਼ੁਬਾਨਾਂ ਤੇ ਵੀ ਚੋਖੀ ਕੁਦਰਤ ਹਾਸਿਲ ਕੀਤੀ। ਭਾਈ ਨੰਦ ਲਾਲ ਦੀ ਬਾਣੀ ਦਾ ਚੰਗਾ ਖੁਲਾਸਾ
ਖੋਲ਼੍ਹਿਆ ਜਿਹੜਾ ‘ਜ਼ਫਰਨਾਮੇ’ ਵਾਲੀ ਕਿਤਾਬ (ਸਹਿਜੇ ਰਚਿਓ ਖਾਲਸਾ) ਵਿੱਚ ਅੰਕਿਤ ਹੈ। 1968 ਈ. ਤੋਂ
1997 ਈ. ਤੱਕ ਉਸ ਨੇ ਖ਼ਾਲਸਾ ਕਾਲਿਜ ਗੜ੍ਹਦੀਵਾਲਾ ਵਿਖੇ ਅੰਗਰੇਜ਼ੀ ਪੜ੍ਹਾਉਂਦੇ ਰਹੇ।
ਲਿਖਾਰੀ: ਅਮਰੀਕ ਸਿੰਘ ਧੌਲ