ਸੱਭ ਤੋਂ ਪਹਿਲਾਂ ਮੈਂ ਇਹ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਸਾਰੀ ਦੁਨੀਆ ਵਿਖੇ
ਰਹਿੰਦੇ ਸਿੱਖ ਹਰ ਸਾਲ “ਖ਼ਾਲਸਾ ਦਿਵਸ” ਮਨਾਉਂਦੇ ਹਨ, ਪਰ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ,
ਭਾਈ, ਰਾਗੀ ਸਿੰਘ, ਕਥਾਕਾਰ, ਪੰਜਾਬੀ ਅਖ਼ਬਾਰਾਂ, ਹੋਰ ਪ੍ਰਚਾਰਕ ਅਤੇ ਸੰਗਤਾਂ ਇਸ ਦਿਨ ਨੂੰ
‘ਵੈਸਾਖੁ ਮਹੀਨੇ ਦੀ ਸੰਗਰਾਂਦ’ ਨਾਲ ਹੀ ਜੋੜੀ ਰੱਖਿਆ ਹੋਇਆ ਹੈ! ਇਵੇਂ ਹੀ, ਅਸੀਂ “ਖ਼ਾਲਸਾ ਦਿਵਸ”
ਦੀ ਵਧਾਈ ਨਹੀਂ ਦਿੰਦੇ, ਸਗੋਂ ਆਮ ਤੌਰ ਤੇ ਇਹੀ ਕਹਿ ਦਿੰਦੇ ਹਾਂ ਕਿ ਆਪ ਨੂੰ ਵੈਸਾਖੀ ਦੀ ਲੱਖ ਲੱਖ
ਵਧਾਈ ਹੋਵੇ! ਸ਼ਾਇਦ, ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਹਿੰਦੁਸਤਾਨ ਵਿਖੇ ਵੈਸਾਖ ਮਹੀਨੇ ਦਾ
ਸੰਬੰਧ ਤਾਂ ਸੂਰਜੀ ਸਿਧਾਂਤ (ਸੋਲਰ ਸਿਸਟਿਮ) ਦੇ ਆਧਾਰ ਅਨੁਸਾਰ ਹੈ। ਸਿੱਖਾਂ ਲਈ ਇੱਕ ਖ਼ਾਸ ਦਿਨ
ਜਾਂ ਮਹੀਨਾ ਕੋਈ ਵਿਸ਼ੇਸ਼ਤਾ ਨਹੀਂ ਰੱਖਦਾ ਕਿਉਂਕਿ ਗੁਰਬਾਣੀ ਸਾਨੂੰ ਓਪਦੇਸ਼ ਕਰਦੀ ਹੈ: “ਮਾਹ
ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥” (ਗੁਰੂ ਗਰੰਥ
ਸਾਹਿਬ - ਪੰਨਾ ੧੩੬)
ਸਾਨੂੰ ਇਹ ਵੀ ਗਿਆਨ ਹੈ ਕਿ ਗੁਰੂ ਨਾਨਕ ਸਾਹਿਬ ਸਮੇਂ (੧੪੬੯ - ੧੫੩੯) ਸਰਕਾਰਾਂ ਦੇ ਰਾਜੇ,
ਚੌਧਰੀ ਅਤੇ ਹਿੰਦੂ ਅਤੇ ਇਸਲਾਮ ਧਰਮ ਦੇ ਪੁਜਾਰੀ, ਜੋਗੀ, ਕਾਜ਼ੀ, ਆਦਿਕ ਆਪਣੇ ਮਤਲਬ ਲਈ ਆਮ ਜੰਤਾ
ਨੂੰ ਭਰਮ-ਭੁਲੇਖੇ ਵਿੱਚ ਪਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਰਹਿੰਦੇ ਸਨ (ਭਾਵੇਂ ਹੁਣ ਭੀ ਉਹੀ ਹਾਲ
ਨਜ਼ਰ ਆ ਰਿਹਾ ਹੈ) ! ਪਰ, ਗੁਰੂ ਨਾਨਕ ਸਾਹਿਬ ਨੇ ਬਚਪਨ ਤੋਂ ਹੀ ਲੋਕਾਈ ਨੂੰ ਚੁਕੰਨਾ ਕਰਨਾ ਅਰੰਭ
ਕਰ ਦਿੱਤਾ ਸੀ ਕਿ ਅਕਾਲ ਪੁਰਖ ਹੀ ਸੱਭ ਜੀਆਂ ਦੀ ਦੇਖ਼-ਭਾਲ ਕਰਨ ਦੇ ਸਮਰੱਥ ਹੈ ਅਤੇ ਇਸ ਲਈ, ਸੱਭ
ਨੂੰ ਅਕਾਲ ਪੁਰਖ ਦਾ ਨਾਮ ਜੱਪਣਾ ਚਾਹੀਦਾ ਹੈ, ਨਾ ਕਿ ਕਿਸੇ ਦੇਵੀ-ਦੇਵਤੇ ਨੂੰ ਜਾਂ ਕਿਸੇ ਫ਼ਕੀਰ,
ਜੋਗੀ ਨੂੰ ਕਿਉਂਕਿ ਉਹ ਤਾਂ ਆਪ ਆਪਣੇ ਪੇਟ ਦੀ ਖ਼ਾਤਰ, ਗ੍ਰਹਿਸਤੀਆਂ ਦੇ ਦਰ ਦਰ ਮੰਗਦੇ ਫਿਰਦੇ ਹਨ
ਅਤੇ ਉਨ੍ਹਾਂ ਨੇ ਕਿਸੇ ਦੀ ਕੀ ਸਹਾਇਤਾ ਕਰਨੀ ਹੈ?
ਇਸ ਤਰ੍ਹਾਂ, ਗੁਰੂ ਨਾਨਕ ਸਾਹਿਬ ਨੇ ਸੱਭ ਨਾਲ ਇਹੀ ਓਪਦੇਸ਼ ਸਾਂਝਾ ਕੀਤਾ: (੧) ਇੱਕ ਅਕਾਲ
ਪੁਰਖ, ਅਲਹ, ਪ੍ਰਭੂ ਦਾ ਹੀ ਨਾਮ ਜਪੋ; (੨) ਮੇਹਨਤ ਅਤੇ ਇਮਾਨਦਾਰੀ ਨਾਲ ਆਪ ਕਿਰਤ ਕਰੋ; (੩) ਵੰਡ
ਛਕੋ, ਭਾਵ ਕਿ ਆਪਣੀ ਕਮਾਈ ਵਿਚੋਂ ਗ਼ਰੀਬ ਪਰਿਵਾਰਾਂ ਦੀ ਮਦਦ ਕਰੋ ਕਿਉਂਕਿ ਅਸੀਂ ਸਾਰੇ ਇੱਕ ਹੀ
ਪਿਤਾ ਅਕਾਲ ਪੁਰਖ ਦੇ ਬੱਚੇ ਹਾਂ। ਨਾ ਕੋਈ ਵੱਡਾ ਨਾ ਕੋਈ ਛੋਟਾ ਅਤੇ ਨਾ ਹੀ ਕੋਈ ਉੱਤਮ ਜਾਂ ਨੀਚ!
“ਗੁਰੂ ਗਰੰਥ ਸਾਹਿਬ” ਵਿੱਚ ਅੰਕਤਿ ਗੁਰਬਾਣੀ, ਸਾਨੂੰ ਹਰ ਰੋਜ਼ ਸੇਧ ਦਿੰਦੀ ਹੈ, ਜਿਵੇਂ:
ਪੰਨਾ ੧੫: ਸਿਰੀਰਾਗੁ ਮਹਲਾ ੧॥ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ
ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ ੪॥ ੩॥
ਪੰਨਾ ੬੨: ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ੫॥
ਪੰਨਾ ੯੭: ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ॥
ਪੰਨਾ ੧੪੨: ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ ਜੇ ਜੀਵੈ ਪਤਿ ਲਥੀ
ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥
ਪੰਨਾ ੪੭੩: ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਪੰਨਾ ੬੧੧: ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
ਪੰਨਾ ੧੧੦੨: ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ
ਪਾਸਿ॥
ਪੰਨਾ ੧੨੪੫: ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥
ਪੰਨਾ ੧੩੪੯: ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ
ਭਲੇ ਕੋ ਮੰਦੇ॥
ਪੰਨਾ ੧੪੧੨: ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ
ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੨੦॥
ਪੰਨਾ ੧੪੨੭: ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ
ਬਖਾਨਿ॥
ਇੰਜ, ਇਲਾਹੀ ਗਿਆਨ ਨੂੰ ਗ੍ਰਹਿਣ ਕਰਕੇ, ਬਹੁਤ ਸਾਰੇ ਲੋਕ ਸਿੱਖੀ-ਸਿਧਾਂਤਾਂ ਨਾਲ ਜੁੜਦੇ ਗਏ
ਅਤੇ ਗੁਰੂ ਸਾਹਿਬਾਨ ਦੇ ਓਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨਾ ਅਰੰਭ ਕਰ ਦਿੱਤਾ। ਇਤਿਹਾਸ ਗਵਾਹ ਹੈ
ਕਿ ੧੫੩੯ ਤੋਂ ਹੀ ਸਮੇਂ ਦੀ ਹਕੂਮਤ ਅਤੇ ਉਸ ਦੇ ਗੁਲਾਮ ਝੋਲੀ-ਚੁੱਕ ਸਿੱਖ ਲਹਿਰ ਨੂੰ ਬੰਦ ਕਰਨ ਦੇ
ਯੱਤਨ ਕਰਦੇ ਰਹੇ, ਪਰ ਉਹ ਇਸ ਮੰਤਵ ਵਿੱਚ ਕਾਮਯਾਬ ਨਾ ਹੋ ਸਕੇ। ਫਿਰ, ਗੁਰੂ ਗੋਬਿੰਦ ਸਿੰਘ ਸਾਹਿਬ
ਨੇ ਸਿੱਖਾਂ ਨੂੰ ਹੋਰ ਵੀ ਸੰਗਠਨ ਕਰਨ ਲਈ ਅਨੰਦਪੁਰ ਸਾਹਿਬ ਵਿਖੇ ੩੦ ਮਾਰਚ ੧੬੯੯ (ਵੈਸਾਖ ਮਹੀਨੇ
ਨੂੰ ਸੁਹਾਵਣਾ ਮੌਸਮ ਹੋਣ ਕਰਕੇ) ਬੁਲਾਇਆ। ਸਵੇਰ ਦੇ ਦਿਵਾਨ ਸਮੇਂ ਗੁਰੂ ਸਾਹਿਬ ਨੇ ਗੁਰਬਾਣੀ ਅਤੇ
ਗੁਰਮਤਿ ਦੇ ਸੁਨੈਹਰੀ ਅਸੂਲਾਂ ਦਾ ਓਪਦੇਸ਼ ਦਿੱਤਾ ਅਤੇ ਅਖੀਰ ਵਿੱਚ ਆਪਣੀ ਖਾਹਸ਼ ਪ੍ਰਗਟ ਕੀਤੀ ਕਿ
ਸਿੱਖ ਧਰਮ ਨੂੰ ਹੋਰ ਭੀ ਮਜ਼ਬੂਤ ਕਰਨ ਲਈ, ਪੰਜ ਸਿੱਖਾਂ ਦੇ ਸਿਰਾਂ ਦੀ ਲੋੜ ਹੈ ਜਿਹੜੇ ਹਰ ਸਮੇਂ
ਆਪਣਾ ਆਪਣਾ ਸੀਸ ਕੁਰਬਾਨ ਕਰਨ ਨੂੰ ਤਿਆਰ ਰਹਿਣ! ਪਹਿਲਾਂ ਦੇ (੨੩੦) ਸਾਲਾਂ ਸਿੱਖ ਇਤਿਹਾਸ
(੧੪੬੯-੧੬੯੯) ਨੂੰ ਮੁੱਖ ਰੱਖ ਕੇ, ਮੇਰਾ ਇਹ ਵਿਚਾਰ ਹੈ ਕਿ ਗੁਰੂ ਸਾਹਿਬ ਦਾ ਹੁਕਮ ਸੁਣਦੇ ਹੀ ਅਲਗ
ਅਲਗ ਬੈਠੇ ਪੰਜ ਸਿੱਖ ਉੱਠ ਕੇ ਖੜੇ ਹੋ ਗਏ ਅਤੇ ਬੇਨਤੀ ਕੀਤੀ ਕਿ ਸਾਡੇ ਸਿਰ ਆਪਜੀ ਅੱਗੇ ਹਾਜ਼ਰ ਹਨ
ਕਿਉਂਕਿ ਇਹ ਤੁਹਾਡੀ ਹੀ ਇਮਾਨਤ ਹੈ। ਇਸ ਪ੍ਰਥਾਇ ਪੂਰਾ ਸ਼ਬਦ ਪੜ੍ਹਣ ਅਤੇ ਵਿਚਾਰਣ ਦੀ ਕ੍ਰਿਪਾਲਤਾ
ਕਰਨੀ ਜੀ:
ਇਸ ਦਾ ਭਾਵ ਕਿ ਜਿਨ੍ਹਾਂ
ਗੁਰਮੁੱਖ ਪਿਆਰਿਆਂ ਨੇ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲਿਆ, ਉਹ
ਦੁਨਿਆਵੀ ਕਰਮ ਕਾਂਡ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ। ਇਵੇਂ ਹੀ ਉਨ੍ਹਾਂ ਪੰਜਾਂ ਪ੍ਰਾਣੀਆਂ
ਨੂੰ ਸਤਿਕਾਰ ਨਾਲ “ਪੰਜ ਪਿਆਰੇ” ਕਿਹਾ ਜਾਂਦਾ ਹੈ! ਉਨ੍ਹਾਂ ਦੇ ਨਾਮ ਇਹ ਹਨ:
1) ਭਾਈ ਸਾਹਿਬ ਸਿੰਘ ਜੀ (ਬਿਦਰ, ਹਿੰਦੁਸਤਾਨ ਦੇ ਦੱਖਣੀ ਇਲਾਕੇ ਦਾ ਰਹਿਣ ਵਾਲਾ);
2) ਭਾਈ ਹਿੰਮਤ ਸਿੰਘ ਜੀ (ਜਗਨ-ਨਾਥ ਪੁਰੀ, ਪੂਰਬ ਦਿਸ਼ਾ ਦਾ ਵਾਸੀ);
3) ਭਾਈ ਦਇਆ ਸਿੰਘ ਜੀ (ਲਾਹੌਰ, ਉੱਤਰੀ ਇਲਾਕੇ ਦਾ ਰਹਿਣ ਵਾਲਾ);
4) ਭਾਈ ਧਰਮ ਸਿੰਘ ਜੀ (ਹਸਤਨਾਪੁਰ, ਦਿੱਲੀ ਕੇਂਦਰ ਇਲਾਕੇ ਦਾ ਵਾਸੀ);
5) ਭਾਈ ਮੋਹਕਮ ਸਿੰਘ ਜੀ (ਦਵਾਰਕਾ, ਪੱਛਮ ਵਾਲੇ ਪਾਸੇ ਦਾ ਨਿਵਾਸੀ)
ਇਹ ਪੰਜ ਪਿਆਰੇ ੳੇੁਨ੍ਹਾਂ ਇਲਾਕਿਆਂ ਨਾਲ ਸੰਬੰਧਤਿ ਸਨ, ਜਿਥੇ ਗੁਰੂ ਨਾਨਕ ਸਾਹਿਬ ਆਪਣੀਆਂ
ਪ੍ਰਚਾਰ ਫੇਰੀਆਂ ਸਮੇਂ ਉਥੋਂ ਦੇ ਵਸਨੀਕਾਂ ਨੂੰ ਸਿੱਖ ਧਰਮ ਨਾਲ ਜੋੜਿਆ ਸੀ ਕਿਉਂਕਿ ਗੁਰੂ ਗੋਬਿੰਦ
ਸਿੰਘ ਸਾਹਿਬ ਨੂੰ ਉਥੇ ਜਾਣ ਦਾ ਮੌਕਾ ਹੀ ਨਹੀਂ ਸੀ ਮਿਲਿਆ! ਦਾਸਰੇ ਦਾ ਇਹ ਭੀ ਵਿਚਾਰ ਹੈ ਕਿ ਤੰਬੂ
ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਤਾਂ ਉਨ੍ਹਾਂ ਪੰਜਾਂ ਸਿੱਖਾਂ ਦੇ ਸਿਰ ਹੀ ਕਤਲ ਕੀਤੇ ਅਤੇ
ਨਾ ਹੀ ਪੰਜ ਬਕਰਿਆਂ ਨੂੰ ਝਟਕਾਇਆ। ਗੁਰਬਾਣੀ ਅਨੁਸਾਰ ਆਪਣੇ ਸੁਆਰਥ ਦੀ ਖ਼ਾਤਰ ਜੀਊਣ ਦੀ ਥਾਂ
ਦੂਜਿਆਂ ਦੀ ਖ਼ਾਤਰ ਕੁਰਬਾਨ ਹੋਣ ਲਈ ਤਿਆਰ ਰਹਿਣਾ ਹੀ ਸਿਰ ਤਲੀ ਉੱਤੇ ਰੱਖਣਾ ਹੈ ਅਤੇ ਆਪਣੀ ਹਉਮੈ
ਨਾਲ ਭਰੀ ਮਤਿ ਨੂੰ ਤਿਆਗ ਕੇ, ਗੁਰੂ ਦੀ ਮਤਿ ਗ੍ਰਹਿਣ ਕਰ ਲੈਣਾ ਵੀ ਆਪਾ ਵਾਰਨ ਦੇ ਬਰਾਬਰ ਹੈ।
ਇੰਜ, ਇਕੱਠੀ ਹੋਈ ਸੰਗਤ ਨੂੰ ਗੁਰੂ ਸਾਹਿਬ ਨੇ ਓਪਦੇਸ਼ ਦਿੱਤਾ ਕਿ ਹਰੇਕ ਸਿੱਖ ਗੁਰਬਾਣੀ ਤੋਂ ਹੀ
ਸੋਝੀ ਪਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੇ ਅਤੇ ਇਸ ਦੇ ਨਾਲ ਹੀ ਪੰਜ ਕੱਕਾਰਾਂ ਦਾ ਧਾਰਨੀ ਹੋ ਕੇ,
ਆਪਣੀ ਸਿੱਖ ਪਛਾਣ ਭੀ ਸਦਾ ਕਾਇਮ ਰੱਖੇ ਤਾਂ ਜੋ ਉਨ੍ਹਾਂ ਨੂੰ ਕੋਈ ਹਿੰਦੂ ਜਾਂ ਮੁਸਲਮਾਨ ਨਾ ਸਮਝੇ!
ਪੰਜ ਕੱਕਾਰ ਇਹ ਹਨ: (੧) “ਕੇਸਾਂ” ਅਤੇ ਹੋਰ ਰੋਮਾਂ ਦੀ ਬੇ-ਅਦਬੀ ਨਹੀਂ ਕਰਨੀ; (੨)
ਕੇਸਾਂ ਨੂੰ ਸਾਫ਼ ਰੱਖਣ ਲਈ “ਕੰਘਾ” ਰੱਖਣਾ; (੩) ਧੋਤੀ ਜਾਂ ਅਣ-ਸੀਤੀ ਪੁਸ਼ਾਕ ਦੀ ਥਾਂ
ਸੀਤਾ ਹੋਇਆ “ਕਛਹਿਰਾ” ਪਹਿਨਣਾ ਲਾਜ਼ਮੀ ਕਰ ਦਿੱਤਾ; (੪) ਭਰਮਾਂ-ਵਹਿਮਾਂ ਦੀ ਪਰਵਾਹ ਨਾਹ
ਕਰਦੇ ਹੋਏ, ਲੋਹੇ ਜਾਂ ਸਟੀਲ ਦਾ ਬਣਿਆ ਹੋਇਆ “ਕੜਾ” ਸੱਜੇ ਹੱਥ ਦੇ ਗੁੱਟ ਪਹਿਨਣਾ, ਪਰ
ਸੋਨੇ ਜਾਂ ਚਾਂਦੀ ਦਾ ਨਹੀਂ ਕਿਉਂਕਿ ਉਹ ਫਿਰ ਸ਼ੌਕੀਨੀ ਲਈ ਸਜਾਵਟ ਦਾ ਗਹਿਣਾ ਬਣ ਜਾਂਦਾ ਹੈ) ਅਤੇ
(੫) ਆਪਣੀ ਅਤੇ ਕਿਸੇ ਕਮਜ਼ੋਰ ਪ੍ਰਾਣੀ ਦੀ ਰੱਖਿਆ ਲਈ “ਕਿਰਪਾਨ” ਹਰ ਸਮੇਂ ਪਾਸ ਰੱਖਣਾ
(ਭਾਵੇਂ ਇਸ ਦੀ ਲੰਬਾਈ ਤਿੰਨ ਫੁੱਟ ਹੋਣੀ ਚਾਹੀਦੀ ਹੈ, ਪਰ ਅੱਜ-ਕੱਲ ਇਸ ਨੂੰ ਛੋਟੀ ਕਿਰਪਾਨ ਕਿਹਾ
ਜਾਂਦਾ ਹੈ, ਜਿਸ ਦਾ ਬਲੇਡ ੬-੯ ਇੰਚ ਤੱਕ ਹੀ ਪ੍ਰਚਲਤ ਹੋ ਗਿਆ ਹੈ ਅਤੇ ਇਸ ਨੂੰ ਸਿੱਖ ਗਾਤਰੇ
ਦੁਆਰਾ ਕਮੀਜ਼/ਜੈਕਿਟ ਦੇ ਥੱਲੇ ਪਹਿਣਦੇ ਹਨ। ਕੇਸਾਂ ਦੀ ਸੰਭਾਲ ਲਈ ‘ਦਸਤਾਰ’ ਭੀ ਬਹੁਤ
ਜ਼ਰੂਰੀ ਹੈ। ਇਸ ਤਰ੍ਹਾਂ, ਖੰਡੇ ਦੀ ਪਾਹੁਲ ਗ੍ਰਹਿਣ ਕਰਨ ਵਾਲੇ ਪ੍ਰਾਣੀ (ਇਸਤ੍ਰੀ ਅਤੇ ਮਰਦ) ਨੂੰ
ਖ਼ਾਲਸਾ ਕਿਹਾ ਜਾਂਦਾ ਹੈ। ਜਿਵੇਂ ਹੀ ਪ੍ਰਾਣੀ ਗੁਰਬਾਣੀ ਦਾ ਪਾਠ ਆਪ ਕਰਨ ਦੇ ਸਮਰਥ ਹੋ ਜਾਵੇ ਅਤੇ
ਆਪਣੇ ਸਾਰੇ ਕੱਕਾਰਾਂ ਦੀ ਦੇਖ-ਭਾਲ ਕਰ ਸਕਦਾ ਹੋਵੇ, ਉਸ ਨੂੰ ਖੰਡੇ ਦੀ ਪਾਹੁਲ ਲੈ ਕੇ ਖ਼ਾਲਸਾ ਪੰਥ
ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। “ਸਿੱਖ” ਸਾਡੇ ਧਰਮ ਦਾ ਨਾਂ ਹੈ ਅਤੇ “ਖ਼ਾਲਸਾ”
ਉਹ ਪ੍ਰਾਣੀ ਹੈ, ਜਿਹੜਾ “ਸਿੱਖ” ਧਰਮ ਨੂੰ ਮੰਨਣ ਲਈ ਪਰਤਿੱਗਿਆ ਕਰਦਾ ਅਤੇ ਉਸ ਦੇ ਅਸੂਲਾਂ ਅਨੁਸਾਰ
ਜੀਵਨ ਬਤੀਤ ਕਰਦਾ ਹੈ।
ਇਸ ਲਈ, ਹਰ ਸਾਲ “ਖ਼ਾਲਸਾ ਦਿਵਸ” ਨੂੰ ਮਨਾਉਣ ਦਾ ਇਹੀ ਮੰਤਵ ਹੈ ਕਿ ਜਿਸ ਸਿੱਖ ਨੇ ਅਜੇ
ਖੰਡੇ ਦੀ ਪਾਹੁਲ ਗ੍ਰਹਿਣ ਨਹੀਂ ਕੀਤੀ, ਉਹ ਜ਼ਰੂਰ ਗੁਰੂ ਸਾਹਿਬ ਦੇ ਹੁਕਮ ਦੀ ਤਾਮੀਲ ਕਰਨ ਲਈ
ਓਪਰਾਲਾ ਕਰਨ ਤਾਂ ਜੋ ਅਸੀਂ ਆਪਣੀ ਸਿੱਖ ਦੀ ਪਹਿਚਾਨ ਕਾਇਮ ਰੱਖ ਸਕੀਏ। ਸਾਨੂੰ ਇਹ ਭੀ ਓਪਰਾਲਾ
ਕਰਨਾ ਚਾਹੀਦਾ ਹੈ ਕਿ ‘ਸਿੱਖ ਕੌਮ’ ਦਾ ਆਪਣਾ ਆਜ਼ਾਦ ਦੇਸ਼ ਹੋਵੇ, ਜਿਵੇਂ ਹੋਰ ਧਰਮਾਂ ਦੇ ਆਪਣੇ ਆਪਣੇ
ਆਜ਼ਾਦ ਦੇਸ਼ ਹਨ: ਇਸਾਈ, ਮੁਸਲਮਾਨ, ਹਿੰਦੂ, ਬੋਧੀ, ਯਹੂਦੀ, ਆਦਿਕ। ਪਰ, ਸਿੱਖਾਂ ਦੀ ਆਬਾਦੀ (੨੫)
ਮਿਲੀਅਨ ਦੇ ਗੇੜ੍ਹ ਵਿੱਚ ਹੈ, ਪਰ ਫਿਰ ਵੀ ਅਸੀਂ ਅਲਗ ਅਲਗ ਦੇਸ਼ਾਂ ਵਿੱਚ ਰੁਲਦੇ - ਫਿਰਦੇ ਹਾਂ? ਇਸ
ਪ੍ਰਥਾਏ ਦੇਖੋ ਕਿਤਾਬ: “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ” (ਸੰਨ
੧੯੨੬ ਤੋਂ ੧੯੭੬ ਤਕ) ਪੰਨੇ ੨੩੬-੨੩੭: “ਸਿੱਖ ਸਟੇਟ ਦੀ ਕਾਇਮੀ ਲਈ ਮਤਾ: ੯ ਮਾਰਚ, ੧੯੪੬”
ਸ਼੍ਰੋਮਣੀ ਕਮੇਟੀ ਐਲਾਨ ਕਰਦੀ ਹੈ ਕਿ ਸਿੱਖ ਆਪਣੇ ਆਪ ਵਿੱਚ ਇੱਕ ਵੱਖਰੀ ਕੌਮ ਹਨ ਅਤੇ (ਅ) ਇਸ
ਇਜਲਾਸ ਦੀ ਰਾਇ ਹੈ ਕਿ ਸਿੱਖਾਂ ਦੇ ਮੁੱਖ ਧਰਮ ਸਥਾਨਾਂ, ਸਭਿਆਚਾਰ, ਸਿੱਖ ਰਿਵਾਜਾਂ ਦੀ ਕਾਇਮੀ,
ਸਿੱਖ ਸਵੈ-ਮਾਨ ਤੇ ਆਜ਼ਾਦੀ ਦੀ ਰਾਖੀ ਤੇ ਭਵਿੱਖ ਵਿੱਚ ਸਿੱਖਾਂ ਦੀ ਤਰੱਕੀ ਲਈ ਸਿੱਖ ਸਟੇਟ
ਜ਼ਰੂਰੀ ਹੈ।
ਹੋਰ ਦੇਖੋ: