. |
|
ਆਗੈ
ਵੀਰ ਭੁਪਿੰਦਰ ਸਿੰਘ
ਸਿਰੀਰਾਗੁ ਮਹਲਾ ੧
।। ਭਾਈ ਰੇ ਰਾਮੁ ਕਹਹੁ ਚਿਤੁ
ਲਾਇ।। ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ
ਪਤੀਆਇ।।੧।।ਰਹਾਉ।। (ਗੁਰੂ
ਗ੍ਰੰਥ ਸਾਹਿਬ, ਪੰਨਾ : 22)
ਪਦਾ ਰਹਾਉ :- ਐ ਮਨੁੱਖ, ਰਾਮ ਨਾਮ ਦੇ ਜੱਸ ਦਾ ਸੌਦਾ (ਵਖਰ) ਲੈ ਕੇ ਤੁਰੋ। ਇਸ ਜੀਵਨ ਦਾ
ਸਫਰ ਜਿਊਂਦਿਆਂ ਰੱਬੀ ਗੁਣਾਂ (ਹਰਿ ਜਸ) ਵਾਲੇ ਜੀਵਨ ਦੀ ਚਾਲ ਚਲੋ ਤਾਂ ਆਪਣੇ ਅੰਤਰ ਆਤਮੇ ’ਚ ਬੈਠੇ ਰੱਬ ਜੀ (ਸ਼ਹੁ) ਖੁਸ਼ ਹੋ
ਜਾਂਦੇ ਹਨ। ਭਾਵ ਜਦੋਂ ਮਨੁੱਖ ਰੱਬੀ ਗੁਣਾਂ ਵਾਲਾ ਜੀਵਨ ਜਿਊਂਦਾ ਹੈ ਤਾਂ ਉਹ ਸਦੀਵੀ ਵਿਗਾਸ ਦੀ
ਅਵਸਥਾ ਮਾਣਦਾ ਹੈ।
ਪਦਾ ਪਹਿਲਾ:-
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ।।
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ।। ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ।।੧।।
ਮਨੁੱਖ ਨੂੰ, ਰਾਮ ਨਾਮ ਦੇ ਸੌਦੇ ਦਾ ਵਣਜ ਕਰਕੇ,
ਭਾਵ ਰੱਬੀ ਗੁਣਾਂ ਨੂੰ ਸੰਭਾਲਣਾ ਚਾਹੀਦਾ ਹੈ,
ਕਿਉਂਕਿ ਹਰੇਕ ਜਗ੍ਹਾ ਹਰ ਮੌਕੇ ’ਤੇ ਰੱਬੀ ਗੁਣ ਹੀ ਸਹਾਈ ਹੁੰਦੇ ਹਨ।
ਸਾਡੇ ਅੰਦਰ ਬੈਠੇ ਰੱਬ ਜੀ,
ਵੇਖ ਰਹੇ ਹਨ ਕਿ ਮਨੁੱਖ,
ਰੱਬੀ ਗੁਣ ਜਿਊ ਰਿਹਾ ਹੈ ਜਾਂ ਮੰਦੇ ਕਰਮਾਂ ’ਚ
ਖੱਚਤ ਹੈ। ਇਹੋ ‘‘ਕਰਮੀ
ਆਪੋ ਆਪਣੀ ਕੇ ਨੇੜੇ ਕੇ ਦੂਰ’’
ਕਹਿਲਾਉਂਦਾ ਹੈ।
‘‘ਅੰਦਰਿ
ਰਾਜਾ ਤਖਤੁ ਹੈ ਆਪੇ ਕਰੇ ਨਿਆਉ।।’’
ਅਨੁਸਾਰ ਮਨੁੱਖ ਦਾ ਅੰਤਰ ਆਤਮੇ ਰੂਪੀ ਤਰਾਜ਼ੂ ਮਾੜੀ ਜਾਂ
ਚੰਗੀ ਸੋਚਣੀ ਦਾ ਫ਼ੈਸਲਾ ਕਰਦਾ ਹੈ। ਜੈਸੇ ਖਿਆਲਾਂ ਦਾ ਜੀਵਨ ਮਨੁੱਖ ਜਿਊਂਦਾ ਹੈ,
ਵੈਸੀ ਹੀ, ਆਪਣੇ ਅਗਲੇ ਆਉਣ ਵਾਲੇ ਪਲ (ਸਮੇਂ) ਲਈ ਉਸਾਰੀ ਕਰਦਾ ਜਾਂਦਾ ਹੈ।
ਇਹੋ ‘ਅਗੈ’
ਦਾ ਭਾਵ ਅਰਥ ਹੈ। ਤੇਰੇ ਅੰਤਰ ਆਤਮੇ ਵਿਚ,
ਹਿਰਦੇ (ਪਰਲੋਕ) ਵਿਚ ਬੈਠੇ ਰੱਬ ਜੀ ਰੱਬੀ ਗੁਣਾਂ ਰੂਪੀ
ਕਸਵਟੀ ’ਤੇ ਹੀ ਤੈਨੂੰ ਕਬੂਲ
ਕਰਦੇ ਹਨ।
ਪਦਾ ਦੂਜਾ:-
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ
ਹੋਇ।। ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ।। ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ
ਰੋਇ।।੨।।
ਜਿਨ੍ਹਾਂ ਮਨੁੱਖਾਂ ਕੋਲ ਸੱਚੇ ਨਾਮ (ਸਤਿਗੁਰ,
ਸੱਚ ਦੇ ਗਿਆਨ) ਦੀ ਰਾਸ (ਪੂੰਜੀ) ਨਹੀਂ ਹੈ,
ਉਨ੍ਹਾਂ ਨੂੰ ਕਦੀ ਵੀ ਆਤਮਕ ਚੈਨ (ਸੁਖ) ਨਹੀਂ ਮਿਲਦਾ।
ਖੋਟੇ ਕੰਮਾਂ (ਅਵਗੁਣ, ਮੰਦੇ
ਕਰਮ) ਦੀ ਕਮਾਈ ਕਰਕੇ ‘ਤਨ
ਅਤੇ ਮਨ’ ਵੀ ਖੋਟਾ ਹੀ ਹੋ
ਜਾਂਦਾ ਹੈ ਭਾਵ ਮਨ ਮੈਲਾ,
ਅਸ਼ਾਂਤ ਅਤੇ ਦੁਖੀ ਹੋ ਜਾਂਦਾ ਹੈ। ਜਿਵੇਂ ਫਾਹੀ ’ਚ
ਫਸਿਆ ਹਿਰਨ (ਮ੍ਰਿਗ) ਦੁਖੀ ਹੁੰਦਾ ਹੈ ਉਵੇਂ ਵਿਕਾਰਾਂ ਦੀ ਫਾਹੀ ’ਚ
ਮਨੁੱਖ ਇਸੇ ਜੀਵਨ ਕਾਲ ’ਚ
ਜਿਊਂਦੇ-ਜੀਅ ਦੁਖੀ ਰਹਿੰਦਾ ਹੈ।
ਪਦਾ ਤੀਜਾ:-
ਖੋਟੈ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ
ਹੋਇ।। ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ।। ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ।।੩।।
ਜਿਵੇਂ ਖੋਟੇ ਸਿੱਕੇ ,
ਕਿੱਥੇ ਵੀ ਨਹੀਂ ਚਲ ਸਕਦੇ ਅਤੇ ਖਜਾਨੇ ਵਿਚ ਵੀ ਕਬੂਲ ਨਹੀਂ
ਹੁੰਦੇ, ਉਸੇ ਤਰ੍ਹਾਂ ਮਾੜੇ
ਖ਼ਿਆਲ, ਨੀਵੀਂ ਸੋਚਣੀ ਕਾਰਨ
ਮਨੁੱਖ ਜੀਵਨ ਮਨੋਰਥ ਵਿਚ ਸਫਲ ਨਹੀਂ ਹੋ ਪਾਉਂਦਾ। ਭਾਵ ਮਨੁੱਖ ਦੇ ਅੰਤਰ-ਆਤਮੇ ਦੀ ਦਰਗਾਹ
’ਚ ਕੋਈ ਖੋਟਾ ਕਰਮ,
ਖਿਆਲ ਕਬੂਲ ਨਹੀਂ ਹੁੰਦਾ। ਇਸੇ ਨੂੰ ਗੁਰੂ ਗ੍ਰੰਥ
ਸਾਹਿਬ ਜੀ ਅਨੁਸਾਰ ‘ਪਤ’
ਗਵਾਉਣਾ ਮੰਨਿਆ ਜਾਂਦਾ ਹੈ। ਐਸੇ ਮਨੁੱਖ ਗਿਆਨ-ਗੁਰ ਭਾਵ
ਸਤਿਗੁਰ (divine wisdom)
ਨੂੰ ਪ੍ਰਾਪਤ ਕਰਨਾ ਹੀ ਨਹੀਂ ਚਾਹੁੰਦੇ,
ਕਿਉਂਕਿ ਖੋਟੇ ਕਰਮ ਉਨ੍ਹਾਂ ਨੂੰ ਚੰਗੇ ਲਗਦੇ ਹਨ। ਖੋਟੇ ਕਰਮ
ਭਾਵ ਆਪਣੇ ਸੁਆਰਥ ਕਾਰਨ ਅਵੇਸਲੇ (ignorant)
ਮਨੁੱਖ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਸ ਦੇ ਕਿਹੜੇ ਬੋਲ,
ਸਰੀਰ ਦੀ ਕਿਹੜੀ ਹਰਕਤ (body
language) ਮਨ ਦਾ ਕਿਹੜਾ ਫੁਰਨਾ ਜਾਂ ਸੋਚ,
ਅੱਖ ਦਾ ਕਿਹੜਾ ਇਸ਼ਾਰਾ ਕਿਸੇ ਦਾ ਦਿਲ ਦੁਖਾ ਸਕਦਾ ਹੈ,
ਕਿਸੇ ਨੂੰ ਸਾਡੇ ਤੋਂ ਮਨ ਕਰਕੇ ਕੋਹਾਂ ਦੂਰ ਕਰ ਸਕਦਾ
ਹੈ। ਐਸੇ ਮਨੁੱਖ, ਆਤਮਕ ਸੁਖ
ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਵਿਕਾਰਾਂ ਕਾਰਨ ‘ਆਤਮਕ
ਮੌਤ’ ਨਿਤ-ਨਿਤ ਮਰਦੇ
ਰਹਿੰਦੇ ਹਨ। ਐਸੇ ਜੀਵਨ ਦੀ ਆਤਮਕ ਦਸ਼ਾ ਨੂੰ ‘ਕਈ
ਜਨਮ ’ਚ ਭਟਕਣਾ’,
‘ਆਵਣ ਜਾਣਾ’, ‘ਜੰਮਣ
ਮਰਨਾ’, ‘ਆਏ ਗਇਆ’
ਅਤੇ ਆਵਾਗਵਨ ਕਹਿੰਦੇ ਹਨ।
ਪਦਾ ਚਉਥਾ:-
ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ।।
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ।। ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ।੪।।੨੩।
ਮਨੁੱਖਾਂ ਨੂੰ ਸਤਿਗੁਰ ਦ੍ਰਿੜ ਕਰਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਰਾਹੀਂ ਸਮਝਾਇਆ ਹੈ ਕਿ ਐ ਮਨੁੱਖ ,
ਆਪਣੇ ਮਨ ਨੂੰ ਖੋਟੇ ਕਰਮਾਂ ਤੋਂ ਮੁਕਤ ਕਰਾਉਣ ਲਈ ਸੱਚ ਦੇ ਗਿਆਨ
(ਸਤਿਗੁਰ) ਰਾਹੀਂ ਸਮਝਾਉਣਾ ਚਾਹੀਦਾ ਹੈ ਤਾ ਕਿ ਰੱਬੀ ਗੁਣਾਂ ਭਰਪੂਰ ਜੀਵਨੀ ਜਿਊ ਸਕੀਏ। ਐਸੀ
ਜੀਵਨੀ ਜਿਊਣ ਵਾਲੇ ਮਨੁੱਖਾਂ ਨੂੰ ਹੀ ਰੱਬੀ ਨਾਮ ’ਚ
ਰੰਗੇ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਖੋਟੇ ਕਰਮਾਂ ਅਤੇ ਖਿਆਲਾਂ ਦਾ ਭਾਰ ਨਹੀਂ ਸਹਾਰਨਾ
ਪੈਂਦਾ (they are not attracted by evil
thoughts, imperfection and momentary pleasures)
ਰੱਬੀ ਗੁਣਾਂ ਵਾਲੀ ਜੀਵਨੀ ਜਿਊਣ ਨਾਲ ਰੱਬੀ ਗੁਣਾਂ ਵਾਲਾ ਧਨ (treasure)
ਵਧਦਾ ਜਾਂਦਾ ਹੈ ਅਤੇ ਮਨੁੱਖ ਨਿਰਭਉ ਅਵਸਥਾ ਨੂੰ ਮਾਣਦਾ ਹੈ। ਇਹੋ ਖਜ਼ਾਨਾ,
(ਵਣਜ-ਵਖਰ) ਇਕਤ੍ਰ ਕਰਣ ਲਈ ਗਿਆਨ-ਗੁਰੂ ਅਨੁਸਾਰ ਰੱਬੀ
ਗੁਣਾਂ ਨੂੰ, ਵਧ ਤੋਂ ਵਧ
ਜਿਊਣਾ ਹੈ, ਜਿਸ ਨਾਲ ਰੱਬੀ
ਦਰਗਾਹ (ਅੰਤਰ ਆਤਮੇ ਦੀ ਦਰਗਾਹ) ਵਿਚ ਕਬੂਲ ਹੋ ਜਾਈਦਾ ਹੈ। ਇਸੇ ਨੂੰ
‘ਸਹੁ
ਦੇਖੈ ਪਤੀਆਇ’’
ਅਤੇ ‘ਨਾਨਕ
ਭਗਤਾ ਸਦਾ ਵਿਗਾਸ’
ਕਹਿੰਦੇ ਹਨ।
ਚਾਰਿ ਪਾਵ ਦੁਇ ਸਿੰਗ ਗੁੰਗ
‘‘ਹਰਿ ਬਿਨੁ
ਬੈਲ ਬਿਰਾਨੇ ਹੁਈਹੈ ’’,
ਇਹ ਸ਼ਬਦ ਗੂਜਰੀ ਰਾਗ ਦੇ ਪ੍ਰਕਰਣ ਹੇਠ ‘‘ਕਬੀਰ ਸਾਹਿਬ’’
ਦਾ ਉਚਾਰਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ
524 ’ਤੇ ਹੈ। ਇਸ ਸ਼ਬਦ ਨੂੰ
ਪੜਨ ਵੇਲੇ ਸਾਨੂੰ ਬੜੇ ਸਹਜ ਅਤੇ ਇਕਾਗ੍ਰਤਾ ਨਾਲ ‘ਰਹਾਉ’
ਦੇ ਪਦੇ ਨੂੰ, ਵਿਚਾਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਟਪੱਲਾ ਖਾ ਜਾਵਾਂਗੇ। ਕਬੀਰ ਸਾਹਿਬ ਦੇ ਸ਼ਬਦਾਂ
ਤੋਂ ਪਹਿਲਾਂ ਦੇ ਸ਼ਬਦਾਂ ਨੂੰ ਵੀ ਪਰਖਨਾ, ਘੋਖਨਾ ਜ਼ਰੂਰੀ ਹੈ ਤਾ ਕਿ, ਅਸੀਂ ਗੂਜਰੀ ਰਾਗ ਦੇ ਸਾਰੇ ਪ੍ਰਕਰਣ ਦਾ ਅੰਤ੍ਰੀਵ ਭਾਵ ਅਰਥ ਸਮਝ
ਸਕੀਏ ਅਤੇ ਫਿਰ ਉਸੀ ਅਨੁਸਾਰ ਕਬੀਰ ਸਾਹਿਬ ਦੇ ਇਸ ਸ਼ਬਦ ਦੇ ਗੁੱਝੇ ਭੇਦ ਨੂੰ ਵੀ ਸਮਝ ਸਕਾਂਗੇ।
ਕਬੀਰ ਜੀ ਦੇ ਇਸ ਸ਼ਬਦ ਨੂੰ ਸਮਝਣ ਲਈ ਕੇਦਾਰ ਰਾਗ ਵਿਚ ਮਹਲਾ ਪੰਜਵਾਂ ਦੇ ਸਿਰਲੇਖ ਹੇਠ ਲਿਖੇ ਸ਼ਬਦ
ਨੂੰ ਨਾਲ ਰਲਾ ਕੇ ਸਮਝਦੇ ਹਾਂ।
ਕੇਦਾਰਾ ਮਹਲਾ ੫।।
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ।। ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ
ਜੀਵਨ ਹੋਤ।।ਰਹਾਉ।। ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ
ਖੋਤ।। ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ
ਜੋਤ।।੧।। ਤਜਿ ਗਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ
ਰੋਤ।। ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ
ਪਰੋਤ।।੨।।।।੧੩।। (ਗੁਰੂ
ਗ੍ਰੰਥ ਸਾਹਿਬ, ਪੰਨਾ :
1121)
ਪਦਾ ਰਹਾਉ:-
ਹਰਿ ਕੇ ਨਾਮ.... ਜੀਵਨ ਹੋਤ।।ਰਹਾਉ।।
ਭਾਵ ਅਰਥ:- ਹਰੀ ਦੇ ਨਾਮ ਭਾਵ ਰੱਬੀ ਗੁਣਾਂ,
ਸੱਚ ਦੀ ਵਿਚਾਰ ਤੋਂ ਬਿਨਾ ਮਨੁੱਖ ਦੇ ‘ਕੰਨ’
ਫਿਟਕਾਰਨ ਜੋਗ ਹਨ, ਕਿਉਂਕਿ ਇਹ ‘ਕੰਨ’,
ਨਿੰਦਾ, ਚੁਗਲੀ ’ਚ
ਹੀ ਰੁਝੇ ਰਹਿੰਦੇ ਹਨ। ਮਨੁੱਖ ਅਪਣੇ ‘ਜੀਵਨ
ਰੂਪ’ ਸੰਵਾਰਦੇ ਨਹੀਂ ਹਨ
ਭਾਵ ਰੱਬ ਨੂੰ ਭੁਲਾ ਕੇ ਜਿਊਂਦੇ ਹਨ।
ਪਦਾ ਪਹਿਲਾ :- ਰੱਬੀ ਗੁਣਾਂ ਵਾਲਾ ਜੀਵਨ ਵਿਸਾਰ ਕੇ ਜਿਹੜੇ ਮਨੁੱਖ ਕੇਵਲ
ਖਾਣ ਪੀਣ ਅਤੇ ਆਪਣੇ ਸੁੱਖ ਆਰਾਮ ਤੱਕ ਸੀਮਤ ਰਹਿੰਦੇ ਹਨ ਉਹ ਇਉਂ ਹੀ ਹਨ ਜਿਵੇਂ,
ਭਾਰ ਢੋਣ ਵਾਲੇ ਖੋਤੇ। ਹਰ ਵੇਲੇ ਵਿਕਾਰਾਂ ਦਾ ਭਾਰ
ਚੁਕਦੇ ਬੜਾ ਥਕੇਵਾਂ ਸਹਾਰਦੇ ਹਨ ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ।
ਪਦਾ ਦੂਜਾ :- ਜੋ ਗੋਪਾਲ ਨੂੰ ਤਜਿ , (ਹਰਿ
ਦੇ ਬਿਨਾ) ਕੇ ਜਿਊਂਦੇ ਹਨ,
ਭਾਵ ਰੱਬੀ ਨਿਯਮਾਂ ਤੋਂ,
ਸਤਿਗੁਰ ਤੋਂ ਵਿਹੂਣਾ ਜੀਵਨ ਬਤੀਤ ਕਰਦੇ ਹਨ ਉਹ ‘ਹਰਿ
ਬਿਸਰਤ ਸਦਾ ਖੁਆਰੀ’
ਵਾਲਾ ਆਤਮਕ/ਮਾਨਸਕ ਤੌਰ ’ਤੇ
ਦੁਖੀ ਜੀਵਨ ਹੀ ਜਿਊਂਦੇ ਹਨ। ਉਨ੍ਹਾਂ ਦੇ ਮਨ ਦੀ ਅਵਸਥਾ
‘ਖਪਿ
ਖਪਿ ਮੂਏ ਕਰਾਂਝਾ’
ਵਾਲੀ,
ਢਹਿੰਦੀਆਂ ਕਲਾ ਵਾਲੀ ਹੁੰਦੀ ਹੈ,
ਉਹ ਆਪਣੇ ਲਈ ਹਰ ਪਲ ਕੋਈ ਨਾ ਕੋਈ ਰੋਣਾ (negative
thought) ਫੁਰਨਾ,
ਦੁਖ ਸਹੇੜੀ ਰੱਖਦੇ ਹਨ। ਨਾਨਕ ਜੀ ਹੱਥ ਜੋੜ ਕੇ ਪ੍ਰਭੂ ਕੋਲੋਂ
ਦਾਤ (ਦਾਨ) ਮੰਗਦੇ ਹਨ ਕਿ ਮੈਨੂੰ ਐਸੀ ਸੁਮੱਤ ਬਖ਼ਸ਼ ਜਿਸ ਨਾਲ ਮੈਂ ਆਪਣੇ ਗਲੇ
’ਚ,
ਕੰਠ ’ਚ
ਰੱਬ ਦੀ ਯਾਦ ਨੂੰ ਪਿਰੋ ਕੇ ਰੱਖਾਂ ਬਲਕਿ ਮੇਰੇ ਗਲ ਦਾ ਹਾਰ ਹੀ ਬਣ ਜਾਵੇ। ਭਾਵ ਰੱਬੀ ਯਾਦ ਵਿਚ
ਸਦਾ ਰੱਬੀ ਗੁਣਾਂ ਦੇ ਮਾਰਗ ਤੇ ਰਹਾਂ।
ਗੁਰੂ ਗ੍ਰੰਥ ਸਾਹਿਬ ਜੀ ’ਚ
ਅਨੇਕਾਂ ਸ਼ਬਦ ਐਸੇ ਵੀ ਹਨ,
ਜਿਨ੍ਹਾਂ ਰਾਹੀਂ ਮਨੁੱਖ ਨੂੰ ਅੰਨਾ, ਲੰਗੜਾ, ਪਿੰਗਲਾ, ਬੋਲਾ ਕਿਹਾ ਗਿਆ ਹੈ ਅਤੇ ਮਨੁੱਖ ਦੀ ਭੈੜੀ ਮਤ,
ਨਿੰਦਾ ਚੁਗਲੀ ਦੀ ਬਿਰਤੀ ਨੂੰ ਕਾਂ ਅਤੇ ਇੱਲ ਦੀ ਤਸ਼ਬੀਹ
ਦਿੱਤੀ ਗਈ ਹੈ। ਮਨੁੱਖ ਸਰੀਰਕ ਤੌਰ ’ਤੇ
ਅੱਖਾਂ, ਕੰਨਾਂ ਕਰਕੇ
ਅੰਨ੍ਹਾ, ਬੋਲ਼ਾ ਨਹੀਂ
ਹੁੰਦਾ ਬਲਕਿ ਗੁਰਬਾਣੀ ਵਿਚ ਪ੍ਰੋਢਾਵਾਦ ਵਰਤ ਕੇ ਉਸਦੇ ਮਨ ਦੀ ਅਵਸਥਾ ਨੂੰ ਅੰਨ੍ਹਾ,
ਬੋਲਾ, ਗੂੰਗਾ, ਬਹਿਰਾ, ਪਿੰਗਲਾ, ਕਾਂ, ਇੱਲ, ਵਿਸ਼ਟਾ ਦਾ ਕੀੜਾ ਕਿਹਾ ਜਾਂਦਾ ਹੈ।
ਜਿਵੇਂ ਕਿ:-
‘‘ਮਾਇਆਧਾਰੀ
ਅਤਿ ਅੰਨਾ ਬੋਲਾ’’
ਭਾਵ ਮਾਇਆ ’ਚ
ਖੱਚਤ ਮਨੁੱਖ ਨੂੰ ਨਾ ਸੱਚ ਦਿਸਦਾ ਹੈ ਅਤੇ ਨਾ ਹੀ ਸੱਚ ਸੁਣਾਈ ਦਿੰਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਦੇ ਢੰਗ ਰਾਹੀਂ,
ਗੁਰਮਤ ਸਿਧਾਂਤਾਂ ਨੂੰ ਦ੍ਰਿੜ ਕਰ ਕੇ ਕਬੀਰ ਜੀ ਦੇ ਇਸ
ਸ਼ਬਦ ਨੂੰ ਵਿਚਾਰ ਕੇ ਦੇਖਦੇ ਹਾਂ।
ਰਾਗ ਗੂਜਰੀ ਭਗਤਾ ਕੀ ਬਾਣੀ ੴ ਸਤਿਗੁਰ ਪ੍ਰਸਾਦਿ ।। ਸ੍ਰੀ ਕਬੀਰ ਜੀਉ ਕਾ
ਚਉਪਦਾ ਘਰੁ ੨ ਦੂਜਾ।।
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ।। ਊਠਤ ਬੈਠਤ ਠੇਗਾ
ਪਰਿਹੈ ਤਬ ਕਤ ਮੂਡ ਲੁਕਈਹੈ।।੧।। ਹਰਿ ਬਿਨੁ ਬੈਲ ਬਿਰਾਨੇ ਹੁਈਹੈ।। ਫਾਟੇ ਨਾਕਨ ਟੂਟੇ ਕਾਧਨ ਕੋਦਉ
ਕੋ ਭੁਸੁ ਖਈਹੈ।।੧।।ਰਹਾਉ।।
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ।। ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ
ਪਈਹੈ।।੨।। ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ।। ਰਤਨ ਜਨਮੁ ਖੋਇਓ ਪ੍ਰਭੁ
ਬਿਸਰਿਓ ਇਹੁ ਅਉਸਰੁ ਕਤ ਪਈਹੈ।।੩।। ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ।।
ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ।।੪।।੧।।
(ਗੁਰੂ ਗ੍ਰੰਥ ਸਾਹਿਬ,
ਪੰਨਾ : 524)
ਪਦਾ ਰਹਾਉ:-
ਹਰਿ ਬਿਨ ਬੈਲ .... ਖਈਹੈ।।੧।।ਰਹਾਉ।।
ਐ ਮਨੁੱਖ, ਰੱਬੀ ਯਾਦ ਤੋਂ ਬਿਨਾਂ ਭਾਵ ਰੱਬੀ ਗਿਆਨ ਤੋਂ ਵਿਹੂਣਾ ਜੀਵਨ ਇੰਜ
ਹੈ ਜਿਵੇਂ ਕਿਸੇ ਦੂਸਰੇ ਦੇ ਅਧੀਨ, ਬਲਦ ਹੁੰਦਾ ਹੈ। ਮਨੁੱਖ ਜਦੋਂ ਸਤਿਗੁਰ ਅਧੀਨ ਜੀਵਨ ਜਿਊਂਦਾ ਹੈ
ਤਾਂ ਉਹ ਮਨੁੱਖਤਾ ਭਰਪੂਰ ਜੀਵਨ ਜਿਊਂਦਾ ਹੈ ਪਰ ਜਦੋਂ ਆਪਣੇ ਮਨ ਦੇ ਅਧੀਨ ਹੋ ਕੇ ਜਿਊਂਦਾ ਹੈ ਤਾਂ
ਉਸਦਾ ਜੀਵਨ ਮਨੁੱਖਤਾ ਦੇ ਤਲ ਤੋਂ ਡਿੱਗ ਕੇ ਪਸ਼ੂਆਂ ਵਾਲਾ ਹੋ ਜਾਂਦਾ ਹੈ। ‘‘ਹਰਿ ਬਿਸਰਤ ਤੇਰੇ ਗੁਣ ਗਲਿਆ’’
ਭਾਵ ਮਨੁੱਖ ਦੇ ਚੰਗੇ ਗੁਣ ਗਲ ਜਾਂਦੇ ਹਨ ਤੇ ਮਨੁੱਖ,
ਮਨੁੱਖਤਾ ਦੀ ਉਚਾਈ ਤੋਂ ਡਿਗ ਕੇ ਬਲਦ (ਬੈਲ) ਦੀ ਜੀਵਨੀ
ਵਾਲੇ ਕਰਮ ਕਰਣ ਲਗ ਪੈਂਦਾ ਹੈ। ਐ ਮਨੁੱਖ, ਵਿਚਾਰ ਕੇ ਦੇਖ ਜੇ ਤੂੰ ‘ਸਤਿਗੁਰ’
ਅਧੀਨ ਨਹੀਂ ਰੱਬੀ ਗੁਣਾਂ ਵਾਲਾ ਜੀਵਨ ਨਹੀਂ ਜਿਊ ਰਿਹਾ
ਤਾਂ ਤੂੰ ਬਿਗਾਨੇ (ਬਿਰਾਨੇ) ਹੇਠਾਂ ਬਲਦ ਵਾਂਗੂੰ ਹੋ ਗਿਆ ਹੈਂ।
ਨੋਟ :- ਇਸ ਸ਼ਬਦ ਨੂੰ ਵਿਚਾਰਨ ਸਮੇਂ
‘‘ਗਈਹੈ,
ਲੁਕਈਹੈ,
ਹੁਈਹੈ,
ਪਈਹੈ,
ਖਈਹੈ,
ਅਘਈਹੈ,
ਭਰਮਈਹੈ,
ਬਿਹਈਹੈ,
ਪਛੁਤਈਹੈ’’
ਇਨ੍ਹਾਂ ਸਾਰੇ ਲਫ਼ਜ਼ਾਂ ਦੇ ਅਰਥ ਭਵਿੱਖਤ ਕਾਲ ’ਚ (ਸਰੀਰਕ ਮਰਨ ਮਗਰੋਂ ਵਾਲੇ ਸਮੇਂ
ਦੇ) ਕਰਨ ਨਾਲ ਟਪਲਾ ਲਗਦਾ ਹੈ। ਅਜਿਹੇ ਅਨੇਕ ਪ੍ਰਮਾਣਾਂ ਦਾ ਅਰਥ ਕਰਨ ਲੱਗਿਆਂ ਗੁਰਮਤ ਦੇ
ਸਿੱਧਾਂਤਾਂ ਅਤੇ ਗੁਰਬਾਣੀ ਵਿਆਕਰਣ ਦਾ ਧਿਆਨ ਰੱਖ ਕੇ ਵਿਚਾਰਨਾ ਹੈ।
‘‘ਬਿਨ
ਸਿਮਰਨ ਗਰਧਬ ਕੀ ਨਿਆਈ ’’
ਭਾਵ ਰੱਬੀ ਗੁਣਾਂ ਤੋਂ ਬਿਨਾ ਇਨਸਾਨੀਅਤ ਭਰਪੂਰ ਜੀਵਨੀ
ਤੋਂ ਵਾਂਝਾ ਮਨੁੱਖ ਖੋਤੇ ਦੀ ਨਿਆਈਂ ਹੈ।
‘‘ਨਾਨਕ
ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ।।’’
ਭਾਵ ਰੱਬੀ ਗੁਣਾਂ ਤੋਂ ਵਿਹੂਣਾ,
ਹੰਕਾਰ ਕਰਨ ਵਾਲਾ ਮਨੁੱਖ ਅਸਲੀ ਖੋਤਾ (ਨਾਸਮਝ) ਹੈ। ਇਸ
ਕਿਸਮ ਦੇ ਅਨੇਕ ਪ੍ਰਮਾਣਾਂ ਨੂੰ ਧਿਆਨ ਵਿਚ ਰੱਖ ਕੇ
‘ਖਈਹੈ,
ਹੁਈਹੈ’
ਆਦਿ ਲਫ਼ਜ਼ਾਂ ਦੇ ਅਰਥ ਕਰਨੇ ਹਨ ਕਿ
‘ਤੂੰ ਹੁਣੇ ਹੀ ਬੈਲ ਦੀ ਜੂਨੀ
’ਚ ਪੈ ਗਿਆ ਹੈਂ’। ਜਦੋਂ ਪਸ਼ੂਆਂ ਵਾਲੇ ਕਰਮਾਂ ’ਚ
ਪਿਆ ਹੋਇਆ ਹੈ ਤਾਂ ਕਿਵੇਂ ਰੱਬੀ ਗੁਣਾਂ ਵਾਲਾ ਜੀਵਨ ਜਿਊ ਸਕਦਾ ਹੈਂ ?
ਕਬੀਰ ਸਾਹਿਬ, ਮਨੁੱਖਾ ਜਨਮ ਦੀ ਅਹਿਮੀਅਤ ਸਮਝਾਉਣ ਲਈ ਦ੍ਰਿਸ਼ਟਾਂਤ ਬਣਾ ਕੇ
ਸਮਝਾ ਰਹੇ ਹਨ ਕਿ ਐ ਮਨੁੱਖ, ਹਰੀ ਤੋਂ ਵਿਹੂਣਾ (ਸੱਚ ਤੋਂ ਖੁੰਝਿਆ) ਜੋ ਜੀਵਨ ਜਿਊ ਰਿਹਾ ਹੈਂ,
ਇਹ ਜੀਵਨ, ਮਨੁੱਖਾ ‘ਜੀਵਨ’
ਨਹੀਂ ਕਹਿਲਾਉਂਦਾ ਇਹ ਤਾਂ ਮਾਨੋ ਜਿਵੇਂ ਬਲਦ (ਬੈਲ) ਹੋ
ਗਿਆ ਹੈ। ਰਹਾਉ ਪਦੇ ਵਿਚ ਆਏ ਕੁਝ ਲਫ਼ਜ਼ਾਂ ਨੂੰ ਪਹਿਲੇ ਗਹਿਰਾਈ ਨਾਲ ਵਿਚਾਰੀਏ :-
ਫਾਟੇ ਨਾਕਨ - ਨੱਕ ਦਾ ਫੱਟਣਾ
ਇਕ ਅਖਾਣ ਹੈ। ਜਿਵੇਂ ਬਲਦ ਦੇ ਨੱਕ ’ਚ
ਨਕੇਲ ਪਾ ਕੇ ਜਿਧਰ ਟੋਰੋ ਉਹ (ਬਿਗਾਨੇ ਅਧੀਨ ਹੋ ਕੇ) ਟੁਰੀ ਜਾਂਦਾ ਹੈ ਭਾਵ ਆਪਣੀ ਮਰਜ਼ੀ ਨਹੀਂ ਕਰ
ਸਕਦਾ, ਉਸੀ ਤਰ੍ਹਾਂ ਜੋ
ਮਨੁੱਖ ‘ਸਤਿਗੁਰ’
(diving wisdom, universal truth)
ਦਾ, ਸੱਚ ਦਾ ਮਾਰਗ ਛੱਡ
ਦੇਵੇ ਤਾਂ ਉਹ ਵਿਕਾਰਾਂ ਵਸ ਪਈ ਨਕੇਲ ਕਾਰਨ ਉਨ੍ਹਾਂ ਪਿੱਛੇ ਤੁਰੀ ਜਾਂਦਾ ਹੈ। ਅਧੀਨ ਹੋਣ ਕਾਰਨ
ਪਸ਼ੂ ਦਾ ਨੱਕ ਵਿੰਨਿਆ ਹੁੰਦਾ ਹੈ ਤੇ ਐਸੇ ਮਨੁੱਖਾਂ ਦਾ ਜੀਵਨ ਵੀ ਉਸ ਬਲਦ ਵਾਂਗੂੰ ਵਿਕਾਰਾਂ ਦੀ
ਗ਼ੁਲਾਮੀ ਕਾਰਨ ਵਿੰਨਿਆ ਹੀ ਜਾਂਦਾ ਹੈ।
ਟੂਟੇ ਕਾਧਨ :- ਮੋਹ,
ਮਾਇਆ ਵਿਚ ਖਚਤ ਹੋਣ ਕਾਰਨ ਮਨੁੱਖ ਆਪਣੇ ਪਰਿਵਾਰ ਨੂੰ
ਵੀ ਬੋਝ ਬਣਾ ਲੈਂਦਾ ਹੈ। ਆਪਣਾ ਪਰਾਇਆ, ਮੇਰ-ਤੇਰ ਦਾ ਬੋਝ ਚੁਕ-ਚੁਕ ਕੇ ਮਨੁੱਖ ਦੇ ਮੋਢੇ ਟੁਟ ਜਾਂਦੇ
ਹਨ। ਭਾਵ ਮਾਇਆ ਰੂਪੀ ਵਿਕਾਰਾਂ ਦਾ ਬੋਝ ਚੁਕੀ ਰੱਖਣ ਕਾਰਨ ਆਤਮਕ ਤੌਰ ’ਤੇ
ਆਲਸੀ ਅਤੇ ਥੱਕਿਆ ਟੁਟਿਆ (ਅਸ਼ਾਂਤ, ਦੁਖੀ) ਰਹਿੰਦਾ ਹੈ। ਅਵਗੁਣਾਂ ਕਾਰਨ ਮਨੁੱਖ ਦੀ ਆਤਮਕ ਅਵਸਥਾ
ਨਿਰਬਲ ਹੋ ਜਾਂਦੀ ਹੈ ਅਤੇ ਇਹੀ ‘ਟੂਟੇ
ਕਾਧਨ’ ਦਾ ਲਖਾਇਕ ਹੈ।
ਕਮਜ਼ੋਰ ਆਤਮਕ ਅਵਸਥਾ ਵਿਚ ਮਨੁੱਖ ਸੱਚ ਸੁਣਨ ਤੋਂ ਅਸਮਰਥ ਹੋ ਜਾਂਦਾ ਹੈ ਉਸ ਕੋਲ ਨਾ ਹੀ ਆਤਮਕ ਪਤ
ਰੱਖਣ ਵਾਲੀ ਸੱਚ ਦੀ ਨੱਕ ਅਤੇ ਨਾ ਹੀ ਦੀਨ ਇਮਾਨ ਵਿਚ ਖੜ੍ਹੇ ਰਹਿਣ ਵਾਲੇ ਆਤਮਕ ਮੋਢਿਆਂ ਦੀ ਤਾਕਤ
ਹੁੰਦੀ ਹੈ।
ਕੋਦਉ ਕੋ ਭੁਸੁ ਖਈਹੈ :- ਜਿਸ
ਤਰ੍ਹਾਂ ਬਲਦ ਭੂਸਾ ਖਾ-ਖਾ ਕੇ ਰੱਜਦਾ ਨਹੀਂ, ਉਸੇ ਤਰ੍ਹਾਂ ਮਨੁੱਖ ਦਾ ਮਨ ਵੀ ਤ੍ਰਿਸ਼ਨਾ ਰੂਪੀ ਭੁੱਖ ਤੋਂ
ਰੱਜਦਾ ਨਹੀਂ। ਸੱਚ ਦੀ ਜੀਵਨੀ ਤੋਂ ਵਿਹੂਣਾ ਮਨੁੱਖ ਜੋ ਵੀ ਕਮਾ ਖਾ (ਜਿਊ) ਰਿਹਾ ਹੈ,
ਭੂਸਾ ਖਾਣ ਦੀ ਨਿਆਈਂ ਹੈ।
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ।। ਨਾਨਕ ਜਿਤੁ ਆਹਰਿ ਜਗੁ ਉਧਰੈ
ਵਿਰਲਾ ਬੂਝੈ ਕੋਇ।। (ਗੁਰੂ
ਗ੍ਰੰਥ ਸਾਹਿਬ, ਪੰਨਾ :
965)
ਭਾਵ ਮਨੁੱਖ ਆਪਣੇ ਜੀਵਨ ਵਿਚ ਸਰੀਰ ਦੀ ਭੁੱਖ ਮਿਟਾਉਣ ਲਈ ਸਭ ਤਰ੍ਹਾਂ ਦੇ
ਭੋਜਨ ਖਾਂਦਾ ਹੈ। ਖਾਂਦਿਆਂ, ਪਾਉਂਦਿਆਂ, ਹੰਢਾਉਂਦਿਆਂ ਵੀ ਮਨੁੱਖ ਦੇ ਮਨ ਅੰਦਰ ਤ੍ਰਿਸ਼ਨਾ ਦੀ ਭੁੱਖ ਬਣੀ
ਰਹਿੰਦੀ ਹੈ। ਇਹ ਆਪਣੀਆਂ ਅਖੌਤੀ ਵਡਿਆਈਆਂ ਸੁਣਦਾ-ਸੁਣਦਾ ਨਹੀਂ ਰੱਜਦਾ,
ਜਿਸ ਕਾਰਨ ਇਸ ਦੀ ਤ੍ਰਿਸ਼ਨਾ ਕਦੇ ਨਹੀਂ ਬੁਝਦੀ। ਜੇ
ਮਨੁੱਖ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਦਾ ਆਧਾਰ ਬਣਾ ਲਏ ਤਾਂ ਸੰਤੋਖ ਰੂਪੀ ਭੋਜਨ ਨਾਲ ਹਮੇਸ਼ਾ
ਲਈ ਰੱਜਿਆ ਰਹਿ ਸਕਦਾ ਹੈ।
ਰਹਾਉ ਦਾ ਭਾਵ ਅਰਥ :- ਹਰੀ ਬਿਨਾ ਜੀਵਨ ਪਰ ਅਧੀਨ (ਮਨ ਦਾ ਗੁਲਾਮ) ਬਲਦ ਦੀ
ਨਿਆਈ ਹੈ। ਮਨੁੱਖ ਬੈਲ ਵਾਂਗੂੰ ਮਾਇਆ (ਵਿਕਾਰਾਂ) ਦੀ ਨਕੇਲ ਰਾਹੀਂ ਜੁਤਿਆ ਹੋਇਆ ਹੈ ਕਿਉਂਕਿ
ਮਨੁੱਖ ਦੇ ਕੋਲ ‘ਆਤਮਕ-ਪਤ’
(ਇੱਜਤ) ਦੀ ਪ੍ਰਾਪਤੀ ਲਈ,
ਨਾ ਸੱਚ ਵਾਲੀ ਨੱਕ ਹੈ,
ਨਾ ਸੱਚ ਵਾਲੇ ਕੰਨ ਅਤੇ ਨਾ ਹੀ ਸੱਚ ’ਤੇ ਖੜ੍ਹੇ ਰਹਿਣ ਲਈ ਦ੍ਰਿੜਤਾ ਦੇ
ਮਜ਼ਬੂਤ ਮੋਢੇ ਹਨ। ਮਨੁੱਖ ਨੇ ਆਪਣੀ ਤ੍ਰਿਸ਼ਨਾ ਮਿਟਾਉਣ ਲਈ ਸੰਤੋਖ ਰੂਪੀ ਭੋਜਨ ਵੀ ਨਹੀਂ ਕੀਤਾ।
ਪਦਾ ਪਹਿਲਾ:-
ਚਾਰਿ ਪਾਵ ..... ਮੂਡ ਲੁਕਈਹੈ।।੧।।
ਬੈਲ ਦੇ ਚਾਰ ਪੈਰ, ਦੋ ਸਿੰਗ ਹੁੰਦੇ ਹਨ ਅਤੇ ਉਹ ਮੂੰਹ ਤੋਂ ਕੁਝ ਬੋਲ ਨਹੀਂ ਸਕਦਾ।
ਜਦੋਂ ਮਨੁੱਖ ਦੁਬਿਧਾ (ਦੁਪਾਸੀ) ਵਾਲੀ ਜੀਵਨੀ ਜਿਊ ਰਿਹਾ ਹੈ ਤਾਂ ਇਹ ਬੈਲ ਦੇ ‘ਚਾਰ ਪਾਵ’
(ਪੈਰ) ਦਾ ਲਖਾਇਕ ਹੈ। ਜਦੋਂ ਮਨੁੱਖ ਅਖੌਤੀ ਗਿਆਨ,
ਅਕਲ, ਚਤੁਰਾਈ ਨੂੰ ਕੇਵਲ ਲੜਨ ਅਤੇ ਬਹਿਸ ਕਰਨ ਲਈ ਵਰਤ ਰਿਹਾ ਹੈ ਤਾਂ
ਮਾਨੋ ਇਹ ਉਸ ਦੇ ‘ਦੁਇ
ਸਿੰਗ’
ਹਨ। ਮਿਠਬੋਲੜਾ, ਨਿਮਰਤਾ ਵਾਲਾ ਸੁਭਾਅ ਨਾ ਹੋਣਾ ‘ਗੂੰਗੇ’
ਦੀ ਨਿਆਈਂ ਹੈ।
ਬੇਨਤੀ:- ਜੇ ਕਰ ਬਲਦ ਦੇ ,
ਨੱਕ ’ਚ
ਰੱਸੀ ਨਾ ਪਾਵੋ, ਨਾ ਹੀ ਕੰਨ
ਫਾਟੇ ਹੋਣ ਅਤੇ ਨਾ ਹੀ ਜੂਲਾ ਪਾਵੋ ਤਾਂ ਵੀ ਉਹ ਕੁਝ ਉਸਾਰੂ ਕੰਮ ਨਹੀਂ ਕਰਦਾ,
ਕਿਸੇ ਦੇ ਕੰਮ ਨਹੀਂ ਆਉਂਦਾ,
ਬੈਲ ਦਾ ਦ੍ਰਿਸ਼ਟਾਂਤ ਦੇ ਕੇ ਮਨੁੱਖ ਨੂੰ ਸਮਝਾਇਆ ਜਾ
ਰਿਹਾ ਹੈ ਕਿ ਜੋ ਮਨੁੱਖ ਸੱਚ ਦੇ ਮਾਰਗ ਤੇ ਨਹੀਂ ਟੁਰਦਾ,
ਰੱਬ ਨਾਲ ਨਹੀਂ ਜੁੜਦਾ,
ਉਹ ‘ਚਾਰਿ
ਪਾਵ’ ਦੀ ਨਿਆਈ ਸੱਚ ਤੋਂ
ਵਿਹੂਣਾ ਜੀਵਨ ਜਿਊ ਰਿਹਾ ਹੈ। ਐਸੇ ਮਨੁੱਖ ਨੂੰ,
ਜੋ ਵੀ ਅਕਲ ਚਤੁਰਾਈ (intellect,
knowledge) ਹੁੰਦੀ ਹੈ ਉਹ ਕੇਵਲ,
ਲੜਾਈ ਅਤੇ ਬਹਸ ਖਾਤਿਰ ਵਰਤਦਾ ਹੈ ਤੇ ਅਜਿਹੀ ਮਨ ਦੀ
ਅਵਸਥਾ ’ਚ ਮਨੁੱਖ ਕਿਵੇਂ
ਹਰੀ ਦੇ ਗੁਣ ਗਾ ਸਕਦਾ ਹੈ ?
ਐਸੀ ਮਨ ਦੀ ਅਵਸਥਾ ਵਿਚ ਮਨੁੱਖ ਨੂੰ, ਨਿਤ-ਨਿਤ ਮੈਲੇ ਮਨ ਕਾਰਨ ਵਿਕਾਰਾਂ ਦਾ ਸੋਟਾ ਪੈਂਦਾ ਹੈ,
ਉਹ ਵਿਕਾਰਾਂ ਹੱਥੀਂ ਮਾਰ ਖਾਂਦਾ ਹੈ। ਐਸਾ ਮਨੁੱਖ,
ਰੱਬੀ ਦਰਗਾਹ, ਹਿਰਦੇ ਦੀ ਕਚਿਹਰੀ, ਅੰਤਰ ਆਤਮੇ ’ਚ
ਰੱਬ ਜੀ ਅੱਗੇ ਕਿਸ ਤਰ੍ਹਾਂ ਮਾਣ ਪਾ ਸਕਦਾ ਹੈ। ਸੱਚ ਤੋਂ ਵਿਹੂਣੇ ਮਨੁੱਖ ਨੂੰ ਆਤਮਕ ਅਤੇ ਸਮਾਜਕ
ਦੋਨਾਂ ਪਾਸੋਂ ਪਤ ਗਵਾਉਣੀ (ਮੂੰਹ ਦੀ ਖਾਣੀ) ਪੈਂਦੀ ਹੈ। ਮਾਨੋ ਜਿਵੇਂ ਬਲਦ ਨੂੰ ਠੇਂਗਾ ਪੈ ਰਿਹਾ
ਹੋਵੇ ਤੇ ਉਹ ਬਚ ਨਾ ਸਕਦਾ ਹੋਵੇ।
ਦੂਜੇ ਪਦੇ ਨੂੰ ਵਿਚਾਰਨ ਸਮੇਂ ਚੇਤੇ ਰੱਖਣਾ ਹੈ ਕਿ ਜੇ ਇਹ ਬੈਲ (ਬਲਦ)
ਬਾਰੇ ਹੁੰਦਾ ਤਾਂ ਬੈਲ ਨੂੰ ਕੋਈ ਸੰਤ ਸਾਧ ਭਾਵੇਂ ਚੰਗੀ ਗੱਲਾਂ ਸੁਣਾਵੇ ਤੇ ਭਾਵੇਂ ਕੋਈ ਚੋਰ
ਮਾੜੀਆਂ ਗੱਲਾਂ ਸੁਣਾਵੇ,
ਬੈਲ ਤਾਂ ਕਦੀ ਵੀ ਨਹੀਂ ਸੁਣ ਸਕਦੇ। ਸੋ ਮਨੁੱਖ ਦੀ ਆਤਮਕ ਦਸ਼ਾ ਬਾਰੇ ਸਮਝਾਇਆ ਹੈ ਕਿ ਤੂੰ ਮਨ ਕਰਕੇ
ਬੈਲ (ਬਲਦ) ਦੀ ਨਿਆਈ ਹੋ ਗਿਆ ਹੈਂ, ਸਰੀਰ ਕਰਕੇ ਮਨੁੱਖ ਹੈਂ ਪਰ ਆਤਮਕ (ਮਾਨਸਕ) ਰੂਪ ’ਚ ਬੈਲ ਬਣ ਗਿਆ ਹੈਂ। ਜਿਵੇਂ ਕਿ
ਬਾਣੀ ’ਚ ਆਇਆ ਹੈ
‘‘ਕਰਤੂਤ
ਪਸੂ ਕੀ ਮਾਨਸ ਜਾਤ।’’
ਪਦਾ ਦੂਜਾ:-
ਸਾਰੋ ਦਿਨੁ ਡੋਲਤ.... ਅਪਨੋ ਪਈਹੈ।।੨।।
ਐ ਮਨੁੱਖ, ਤੂੰ ਹੁਣੇ ਹੀ ਬਲਦ ਦੀ ਨਿਆਈ ਜੀਵਨ ਜਿਊ ਰਿਹਾ ਹੈਂ। ਜਿਵੇਂ
‘ਬੈਲ’
ਸਾਰਾ ਦਿਨ ਜੰਗਲ ’ਚ
ਭਉਂਦਿਆਂ ਰਜਦਾ ਨਹੀਂ ਉਸੀ ਤਰ੍ਹਾਂ ਤੂੰ ਵਿਕਾਰਾਂ ’ਚ
ਖੱਚਤ ਜੀਵਨ, ਰੰਗ ਰਲੀਆਂ
ਜਾਂ ਐਸ਼ ਪਰਸਤੀ ਦਾ ਜੀਵਨ ਬਿਤਾ ਰਿਹਾ ਹੈਂ ਪਰ ‘ਸਤਿਗੁਰ’
ਭਾਵ ਗਿਆਨ-ਗੁਰੂ (ਭਗਤਨ ਦਾ ਕਿਹਾ) ਦੀ ਨਹੀਂ ਮੰਨ ਰਿਹਾ
ਤੇ ਜੀਵਨ ਜ਼ਾਇਆ ਕਰ ਰਿਹਾ ਹੈਂ।
ਪਦਾ ਤੀਜਾ:-
ਦੁਖ ਸੁਖ................ ਕਤ ਪਈਹੈ।।੩।।
ਐ ਮਨੁੱਖ ਤੂੰ ਬਲਦ ਵਾਂਗੂ ਭੈੜੇ ਹਾਲ ’ਚ
ਜੀਵਨ ਗੁਜ਼ਾਰ ਰਿਹਾ ਹੈਂ ਭਾਵ ਕੁਰਾਹੇ ਪੈ ਕੇ ਮਾਨਸਕ ਦੁਖ-ਸੁਖ ’ਚ
ਖੁਆਰ ਹੁੰਦਾ ਰਹਿੰਦਾ ਹੈਂ। ਮਾਨੋ ਮਨ ਕਰਕੇ ਪਸ਼ੂ ਪੰਛੀਆਂ ਵਾਲੀਆਂ ਜੂਨੀਆਂ ’ਚ ਭਟਕ ਰਿਹਾ ਹੈਂ ਭਾਵ ਉਨ੍ਹਾਂ
ਜੈਸੀਆਂ ਕਰਤੂਤਾਂ ਕਰਕੇ ਆਪਣੇ ਅਮੁਲਕ ਗੁਣ ਗਵਾ ਰਿਹਾ ਹੈਂ।
‘ਭਈ
ਪਰਾਪਤਿ ਮਾਨੁਖ ਦੇਹੁਰੀਆ’
ਦਾ ਮੌਕਾ ਬਣਾ ਕੇ, ਰੱਬੀ ਗੁਣਾਂ ਦੀ ਸੰਭਾਲ ਕਰ ਭਾਵ ਸਤਿਗੁਰ
(wisdom)
ਸੁਣ ਸਮਝ ਕੇ ਪਰਮਪਦ ਪ੍ਰਾਪਤ ਕਰਕੇ ਜਿਊਂਦਿਆਂ ਮੁਕਤ ਹੋ ਸਕੀਦਾ ਹੈ,
ਇਸ ਲਈ ਪਲ-ਪਲ (ਹਰ ਮੌਕੇ) ਨੂੰ ਸੰਭਾਲ ਕੇ,
ਆਪਣੇ ਮਨੁੱਖਾ ਜੀਵਨ ਨੂੰ ਕੀਮਤੀ ਬਣਾ ਸਕਦਾ ਹੈਂ।
ਬੇਨਤੀ :- ਜੇ ਇਹ ਸ਼ਬਦ ਬਲਦ ਬਾਰੇ ਹੁੰਦਾ ਤਾਂ ਬਲਦ ਦਾ ਜਨਮ ਰਤਨ ਵਰਗਾ
ਹੁੰਦਾ ਹੀ ਨਹੀਂ ਸੋ ਇਹ ਮਨੁੱਖ ਦੀ ਦਸ਼ਾ ਬਾਰੇ ਹੈ ਕਿ ਮਨੁੱਖ ਬਲਦ ਵਾਂਗੂੰ ਜਿਊ ਕੇ ਆਪਣਾ ਰਤਨ ਜਨਮ
ਗਵਾ ਰਿਹਾ ਹੈ।
ਪਦਾ ਚਉਥਾ:-
ਭ੍ਰਮਤ ਫਿਰਤ ....... ਧੁਨੇ
ਪਛੁਤਈਹੈ।।੪।।੧।।
ਐ ਮਨੁੱਖ, ਤੇਰੀ ਜ਼ਿੰਦਗੀ (ਰੂਪੀ ਸਾਰੀ ਰਾਤ) ਤੇਲੀ ਦੇ ਬਲਦ ਵਾਂਗੂੰ
ਭਟਕਦਿਆਂ, ਵਿਕਾਰਾਂ ਤੋਂ
ਖਲਾਸੀ ਕਰਨ ਦੇ ਬਿਨਾ ਹੀ ਲੰਘ ਜਾਵੇਗੀ। ਕਬੀਰ ਜੀ ਆਖਦੇ ਹਨ ਕਿ ਰੱਬੀ ਗੁਣਾਂ ਤੋਂ ਵਿਹੂਣੀ ਮਨੁੱਖ
ਦੀ ਮਤ, ਬੈਲ ਵਾਂਗੂੰ ਹੋਣ
ਕਾਰਨ, ਹੁਣ ਮਨੁੱਖ ਪਛਤਾ
ਰਿਹਾ ਹੈ। ਸੋ ਐ ਮਨੁੱਖ,
ਸੁਚੇਤ ਹੋ, ਸਮਾਂ ਨਾ ਗਵਾ,
ਬਲਦ ਵਾਂਗੂੰ ਜੀਵਨ ਨਾ ਬਿਤਾ।
ਸਾਰੇ ਸ਼ਬਦ ਦਾ ਭਾਵ ਅਰਥ ਹੈ ਕਿ ਮਨੁੱਖ ਨੂੰ ਸਤਿਗੁਰ (ਸੱਚ ਦਾ ਗਿਆਨ)
ਰਾਹੀਂ ਰੱਬੀ ਗੁਣਾਂ ਵਾਲਾ,
ਮਨੁੱਖਤਾ ਭਰਪੂਰ ਜੀਵਨ ਜਿਊਣਾ ਚਾਹੀਦਾ ਹੈ ਪਰ ਮਨੁੱਖ, ਬਲਦ ਦੀ ਨਿਆਈਂ ਪਰਾਏ ਖਿਆਲਾਂ ਦੇ ਅਧੀਨ ਵਿਕਾਰਾਂ,
(ਪਰ-ਅਧੀਨ) ਤ੍ਰਿਸ਼ਨਾ,
ਮਾਇਆ ਦੇ ਮੋਹ ’ਚ
ਖੱਚਤ, ਜੀਵਨ ਜ਼ਾਇਆ ਕਰ ਰਿਹਾ
ਹੈ। ਸੋ ਮਨੁੱਖਾਂ ਨੂੰ ਐਸੀ ‘ਬੈਲ’
ਵਾਲੀ ਜੀਵਨੀ ਤੋਂ ਸੁਚੇਤ ਕਰਵਾਇਆ ਹੈ,
ਇਹ ਭਵਿੱਖਵਾਣੀ ਨਹੀਂ ਕੀਤੀ ਕਿ ਮਨੁੱਖ ਮਰਨ ਬਾਅਦ
‘ਬੈਲ’
ਬਣ ਜਾਵੇਗਾ। ਜੋ ਮਨੁੱਖ ਹੁਣੇ ਹੀ ਬੈਲ ਵਾਂਗੂੰ ਜੀਵਨ
ਜਿਊ ਰਿਹਾ ਹੈ, ਉਸਨੂੰ ਮਰਨ
ਮਗਰੋਂ ਬੈਲ ਦੀ ਜੂਨੀ ’ਚ
ਪੈਣਾ ਵੀ ਪਵੇ ਤਾਂ ਇਹ ਵਿਚਾਰ ਨਿਰਮੂਲ ਹੈ ਕਿਉਂਕਿ ਜੇ ਮਨੁੱਖਾ ਜਨਮ ਹੀ ਅਜਾਈਂ ਚਲਾ ਗਿਆ ਤਾਂ
ਸਰੀਰਕ ਮੌਤ ਮਗਰੋਂ ‘ਬੈਲ
ਜਾਂ ਕੁਝ’ ਵੀ ਬਣੋ ਉਸਦਾ ਕੀ
ਫਾਇਦਾ ਜਾਂ ਨੁਕਸਾਨ। ਦਰਅਸਲ ਮਨੁੱਖ ਹੋ ਕੇ ਬੈਲ ਵਾਂਗ ਜਿਊਣਾ ਬੜੇ ਦੁਖ,
ਅਫਸੋਸ ਦੀ ਗੱਲ ਹੈ।
ਬੇਨਤੀ:- ਮਨੁੱਖਾ ਜੀਵਨ ’ਚ
ਬੈਲ, ਖੋਤੇ,
ਹਾਥੀ, ਕੁੱਤੇ, ਕਾਂ, ਬਾਂਦਰ ਆਦਿ ਵਾਂਗ ਜਿਊਣਾ ਹੀ ‘ਜਨਮ
ਮਰਨ’ ’ਚ ਪੈਣਾ ਕਹਿਲਾਉਂਦਾ
ਹੈ। ਗੁਰਮਤ ’ਚ ਐਸੇ ਜੀਵਨ
ਨੂੰ ਮਨੁੱਖਾ ਜੀਵਨ ਕਹਿੰਦੇ ਹੀ ਨਹੀਂ ਹਨ।
ਅਸੀਂ ਨਿਮਰਤਾ ਸਹਿਤ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਭਾਵੇਂ ਕੋਈ (ਮਰਨ
ਮਗਰੋਂ) ਅੱਗੇ ਦਾ ਸਵਰਗ-ਨਰਕ, ਜੱਨਤ-ਦੋਜਖ, ਪਰਲੋਕ-ਬੈਕੁੰਠ, ਆਵਾਗਵਨ, ਪੁਨਰ ਜਨਮ, ਜਮ, ਜਮਰਾਜ, ਚਿਤ੍ਰਗੁਪਤ, ਦਰਗਾਹ, ਪੁਰਸਲਾਤ, ਤਰਣੀ ਨਦੀ ਪਿਆ ਮੰਨੇ ਲੇਕਿਨ ਨਿਰਪਖ ਹੋ ਕੇ ਇਸੇ ਸਿੱਟੇ ਤੇ ਹੀ
ਪੁੱਜਨਾ ਪਵੇਗਾ ਕਿ ਐ ਮਨੁੱਖ, ਵਰਤਮਾਨ ਜੀਵਨ ਦਾ ਸਮਾਂ ਜ਼ਾਇਆ ਨਾ ਕਰ,
ਬਲਕਿ ਇਸੇ ਜੀਵਨ ਨੂੰ ਸੰਵਾਰ।
ਸਾਰੀ ਸ੍ਰਿਸ਼ਟੀ ’ਚ
ਰੱਬੀ ਨਿਯਮ (ਕੁਦਰਤ) ਅਟਲ ਹਨ,
ਸਾਰੇ ਜੀਵਾਂ ’ਚ
ਅਤੇ ਮਨੁੱਖਾਂ ’ਚ ਰੱਬ ਜੀ
ਵਸਦੇ ਹਨ। ਮਨੁੱਖਾ ਜੀਵਨ ਇਕ ਸੁਨਹਿਰੀ ਮੌਕਾ ਹੈ ਜਿਸ ਵਿਚ ਰੱਬੀ ਗੁਣਾਂ ਨੂੰ ਜਿਊ ਸਕਦੇ ਹਾਂ,
ਰੱਬ ਜੀ ਨੂੰ ਮਾਣ ਸਕਦੇ ਹਾਂ ਅਤੇ ਰੱਬੀ ਇਕਮਿਕਤਾ
ਪ੍ਰਾਪਤ ਕਰ ਸਕਦੇ ਹਾਂ। ਇਸਦਾ ਭਰਪੂਰ ਲਾਹਾ ਲੈਣ ਲਈ ‘ਸਤਿਗੁਰ’
(divine wisdom, universal truth)
ਅਨੁਸਾਰ ਅਮਲੀ ਜੀਵਨੀ ਵਲ ਉੱਦਮ ਕਰੀਏ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਹਰੇਕ ਗੱਲ ਦੀ
ਗਹਿਰਾਈ (ਜੜ) ਤਕ ਪੁੱਜਣ ਦਾ ਜਤਨ ਕਰੀਏ ਤਾਂ ਕਿ ਅੰਧ ਵਿਸ਼ਵਾਸ ਦਾ ਪੱਲਾ ਛੱਡ ਕੇ ਸੱਚ ਅਨੁਸਾਰ
ਆਪਣੇ ਜੀਵਨ ਦੀ ਉਸਾਰੀ ਕਰ ਸਕੀਏ ਅਤੇ ਹੋਰਨਾਂ ਨੂੰ ਵੀ ਅੰਧ ਵਿਸ਼ਵਾਸ ਤੋਂ ਮੁਕਤ ਕਰਾਉਣ ਦੇ ਉਪਰਾਲੇ
ਕਰੀਏ।
ਇਹ ਲੇਖ ਵੀਰ ਭਪਿੰਦਰ ਸਿੰਘ ਜੀ ਦੀ ਦੁਆਰ ਰਚਿਤ “ਪੁਸਤਕ ‘ਜੀਵਨ
ਮੁਕਤ’ ਵਿੱਚੋਂ
ਲਿਆ ਗਿਆ ਹੈ। ਵਧੇਰੀ ਜਾਣਕਾਰੀ ਲਈ ਪਾਠਕ ਸੱਜਣ
www.thelivingtreasure.org ਤੇ
ਲੋਗੋਨ ਕਰਨ ਜਾਂ [email protected] ਤੇ
ਈ-ਮੇਲ ਕਰਨ ਜੀ।
|
. |