.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਤੇਰ੍ਹਵਾਂ

ਅਕਾਲ ਪੁਰਖ ਜੀ ਜਨਮ ਨਹੀਂ ਹੁੰਦਾ ਪਰ ਗੁਰੂ ਸਾਹਿਬਾਨ ਰੱਬ ਜੀ ਦਾ ਰੂਪ ਹਨ—

ਅੱਜ ਤੋਂ ਚਾਲੀ ਕੁ ਸਾਲ ਪਿੱਛੇ ਵਲ ਝਾਤੀ ਮਾਰਦੇ ਹਾਂ ਤਾਂ ਆਪਣਿਆਂ ਪਿੰਡਾਂ ਵਿੱਚ ਸਿੱਖੀ ਪ੍ਰਤੀ ਭਾਵਨਾ ਡੇਰਾਵਾਦ ਤੋਂ ਨਿਰਲੇਪ ਸੀ। ਆਮ ਕਾਰ ਵਿਹਾਰ ਲੱਗਭਗ ਸਿੱਖ ਮਰਯਾਦਾ ਨੂੰ ਮੁੱਖ ਰੱਖ ਕੇ ਹੀ ਕੀਤੇ ਜਾਂਦੇ ਸਨ। ਇਹਦਾ ਕਾਰਨ ਸੀ ਕਿ ਪਿੰਡਾਂ ਦਿਆਂ ਜੋੜ ਮੇਲਿਆਂ `ਤੇ ਅਕਸਰ ਪੁਰਾਣੇ ਅਕਾਲੀ ਵਰਕਰ ਸਿੱਖੀ ਸਿਧਾਂਤ ਦਾ ਪਹਿਰਾ ਠੋਕ ਕੇ ਦਿਆ ਕਰਦੇ ਸੀ। ਪਿੱਛਲਿਆਂ ਸਾਲਾਂ ਵਿੱਚ ਡੇਰਾਵਾਦ ਦਾ ਵਾਧਾ ਹੋਣ ਕਰਕੇ ਕਈ ਪ੍ਰਕਾਰ ਦੀਆਂ ਮਰਯਾਦਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਏਹਦਾ ਕਾਰਨ ਗੁਰ-ਸ਼ਬਦ ਦੀ ਵਿਚਾਰ ਤੋਂ ਕਿਨਾਰਾ ਕਰਨਾ ਹੈ। ਅਸੀਂ ਵੀ ਇਹ ਹੀ ਸਮਝਣ ਲੱਗ ਪਏ ਹਾਂ ਕਿ ਕੇਵਲ ਕੀਰਤਨ ਦਰਬਾਰਾਂ ਦੀ ਹਾਜ਼ਰੀ ਭਰਿਆਂ ਹੀ ਸਾਡੇ ਸਾਰੇ ਕਾਰਜ ਰਾਸ ਹੋ ਜਾਣੇ ਹਨ। ਜੇ ਅਜੇ ਵੀ ਬਾਕੀ ਕੋਈ ਕਸਰ ਰਹਿ ਜਾਂਦੀ ਹੈ ਤਾਂ ਆਪਣੇ ਆਪ ਨੂੰ ਸਹੀ ਦਰਸਾਉਣ ਲਈ ਨਗਰ ਕੀਰਤਨ ਵੀ ਕੱਢ ਕੇ ਸਿੱਖੀ ਦੇ ਪਰਚਾਰ ਹੋਣ ਦਾ ਭਰਮ ਪਾਲ ਰਹੇ ਹੁੰਦੇ ਹਾਂ। ਸਿੱਖੀ ਦਾ ਜੇ ਕੋਈ ਤੱਤ ਬਚਿਆ ਸੀ ਤਾਂ ਉਹ ਚਿੱਟੀ ਸਿਉਂਕ (ਸਾਧ ਲਾਣੇ) ਨੇ ਧਾਰਨਾ ਵਾਲੇ ਕੀਰਤਨਾਂ, ਸੰਪਟ ਪਾਠਾਂ ਦੀਆਂ ਲੜੀਆਂ ਰਾਂਹੀ ਤੇ ਕਾਰਸੇਵਾ ਵਾਲੇ ਬਾਬਿਆਂ ਨੇ ਕਾਰਾ ਸੇਵਾ ਰਾਂਹੀ ਖਾ ਲਿਆ ਹੈ। ਰਹਿੰਦੀ ਕਸਰ ਵੋਟਾਂ ਦੀ ਰਾਜਨੀਤੀ ਨੇ ਕੱਢ ਦਿੱਤੀ ਹੈ।

ਛੱੋਟੇ ਹੁੰਦਿਆਂ ਅਕਸਰ ਇਹ ਵੀ ਸੁਣਾਇਆ ਜਾਂਦਾ ਸੀ ਕਿ ਰੱਬ ਜੀ ਕਿਸੇ ਮਹਾਂਪੁਰਸ਼ ਰਾਂਹੀ ਪ੍ਰਗਟ ਹੁੰਦੇ ਹਨ, ਜੋ ਜ਼ੁਲਮ ਦਾ ਨਾਸ਼ ਕਰਦੇ ਹਨ। ਪੁਜਾਰੀ ਦੀ ਜਗ੍ਹਾ ਅੱਜ ਕਲ੍ਹ ਸਾਧ ਲਾਣੇ ਨੇ ਲੈ ਲਈ ਹੈ ਜੋ ਇਹ ਦਾਅਵਾ ਕਰਦੇ ਹਨ ਕਿ ਰੱਬ ਜੀ ਨਾਲ ਇਹਨਾਂ ਦੀ ਸਿੱਧੀ ਗੱਲ ਬਾਤ ਹੈ ਜਦੋਂ ਜੀਅ ਚਾਹੁੰਦਾ ਹੈ ਇਹ ਰੱਬ ਜੀ ਨੂੰ ਮਿਲ ਆਉਂਦੇ ਹਨ। ਜਾਂ ਰੱਬ ਜੀ ਨੂੰ ਸੱਦ ਕੇ ਉਦ੍ਹੇ ਨਾਲ ਗੱਲਬਾਤਾਂ ਕਰ ਲੈਂਦੇ ਹਨ। ਹਰੇਕ ਪਰਵਾਰ ਦੀ ਚੰਗੀ ਮਾੜੀ ਰੱਬ ਜੀ ਨੂੰ ਦੱਸ ਦੇਂਦੇ ਹਨ। ਏਹਦਾ ਅਰਥ ਇਹ ਹੋਇਆ ਕਿ ਰੱਬ ਜੀ ਕੇਵਲ ਇਹਨਾਂ ਦੇ ਕਹੇ ਵਿੱਚ ਹੀ ਚੱਲਦੇ ਹਨ? ਜਨੀ ਕਿ ਇਹ ਰੱਬ ਜੀ ਦਾ ਸੂਹੀਆ ਵਿਭਾਗ ਹੋਇਆ। ਇੰਜ ਕਿਹਾ ਜਾਏ ਤਾਂ ਵਧੀਆ ਰਹੇਗਾ ਕਿ ਸਾਧਾਂ ਨੇ ਭਜਨ ਬੰਦਗੀ ਨਾਲ ਰੱਬ ਜੀ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ ਤੇ ਆਪਣੀ ਮਰਜ਼ੀ ਨਾਲ ਕਿਸੇ ਦਾ ਨੁਕਸਾਨ ਕਰਾ ਸਕਦੇ ਹਨ ਤੇ ਜੇ ਕਿਸੇ `ਤੇ ਖੁਸ਼ ਹੋ ਜਾਣ ਤਾਂ ਉਸਦਾ ਫਾਇਦਾ ਵੀ ਕਰਾ ਦੇਂਦੇ ਹਨ। ਅਜੇਹੀ ਬਿਮਾਰ ਮਾਨਸਕਿਤਾ ਵਾਲੇ ਕੁਰੂਪ ਚੇਹਰਿਆਂ ਸਬੰਧੀ ਹੀ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਣ ਹੈ---

ਨਾਨਕ ਅੰਧਾ ਹੋਇ ਕੈ ਦਸੇ ਰਾਹੈ, ਸਭਸੁ ਮੁਹਾਏ ਸਾਥੈ॥

ਅਗੈ ਗਇਆ ਮੁਹੇ ਮੁਹਿ ਪਾਇ, ਸੁ ਐਸਾ ਆਗੂ ਜਾਪੈ॥ ੨॥

ਸਲੋਕ ਮ: ੧ ਪੰਨਾ ੧੪੦---

ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ। ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ।

ਪਿੱਛਲਿਆਂ ਭਾਗਾਂ ਵਿੱਚ ਹੁਣ ਤੀਕ ਦੀ ਵਿਚਾਰ ਤੋਂ ਇਹ ਸਮਝਣ ਦਾ ਯਤਨ ਕੀਤਾ ਹੈ ਕਿ ਰੱਬ ਜੀ ਨਾ ਤਾਂ ਜੂਨਾਂ ਵਿੱਚ ਆਉਂਦੇ ਹਨ ਤੇ ਨਾ ਹੀ ਮਨੁੱਖਾਂ ਵਾਂਗ ਕਿਸੇ ਨੂੰ ਦਰਸ਼ਨ ਦੇਂਦੇ ਹਨ। ਰੱਬ ਜੀ ਦੇ ਸਦੀਵ ਕਾਲ ਗੁਣ ਹਨ ਜਿਨ੍ਹਾਂ ਦੀ ਸਮਝ ਸਾਨੂੰ ਗੁਰਬਾਣੀ ਵਿਚਲੇ ਉਪਦੇਸ਼ ਰਾਂਹੀ ਆਉਣੀ ਹੈ। ਇਹਨਾਂ ਉਪਦੇਸ਼ਾਂ ਦੇ ਧਾਰਨੀ ਹੋਇਆਂ ਚੰਗੇ ਜੀਵਨ ਦੀ ਪ੍ਰਾਪਤੀ ਮੰਨੀ ਗਈ ਹੈ। ਜਿਸ ਨੂੰ ਪਰਮ-ਪਦ, ਜੀਵਨ ਜੁਗਤੀ ਜਾਂ ਰੱਬੀ ਮਿਲਾਪ ਮੰਨਿਆ ਗਿਆ ਹੈ।

ਗੁਰਬਾਣੀ ਵਿਚੋਂ ਸਾਨੂੰ ਅਜੇਹੇ ਪ੍ਰਮਾਣ ਵੀ ਮਿਲਦੇ ਹਨ ਕਿ ਜਿਵੇਂ ਨਿੰਰਕਾਰ ਨੇ ਆਪ ਜਨਮ ਲਿਆ ਹੋਵੇ--ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ॥

ਨਿਰੰਕਾਰਿ ਆਕਾਰੁ, ਜੋਤਿ ਜਗ ਮੰਡਲਿ ਕਰਿਯਉ॥

ਪੰਨਾ ੧੩੯੫—

(ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ। ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿੱਚ ਜੋਤਿ ਪ੍ਰਗਟਾਈ ਹੈ।

ਇਹਨਾਂ ਤੁਕਾਂ ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਰੱਬ ਜੀ ਨੇ ਜਨਮ ਲਿਆ ਹੋਵੇ। ਕੁੱਝ ਹੋਰ ਫਰਮਾਣ ਵੀ ਮਿਲਦੇ ਹਨ ਜਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਸਬੰਧੀ ਹਨ---

ਧਰਨਿ ਗਗਨ ਨਵ ਖੰਡ ਮਹਿ, ਜੋਤਿ ਸ੍ਵਰੂਪੀ ਰਹਿਓ ਭਰਿ॥

ਭਨਿ ਮਥੁਰਾ, ਕਛੁ ਭੇਦੁ ਨਹੀ, ਗੁਰੁ ਅਰਜੁਨੁ ਪਰਤਖ੍ਯ੍ਯ ਹਰਿ॥ ੭॥ --

(ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿੱਚ ਵਿਆਪ ਰਿਹਾ ਹੈ। ਹੇ ਮਥੁਰਾ! ਆਖਿ—ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ।

ਪਰ ਗੁਰਬਾਣੀ ਦਾ ਅਕੱਟ ਫਰਮਾਣ ਹੈ ਕਿ ਰੱਬ ਜੀ ਜਨਮ ਮਨਣ ਦੇ ਗੇੜ ਵਿੱਚ ਨਹੀਂ ਆਉਂਦੇ।

ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ॥

ਪੰਨਾ ੧੦੯੫ ---

ਹੇ ਪ੍ਰਭੂ ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ।

ਗੁਰਬਾਣੀ ਦਾ ਫਰਮਾਣ ਹੈ ਕਿ ਉਹ ਮੂੰਹ ਸੜ ਜਾਏ ਜਿਹੜਾ ਇਹ ਕਹਿੰਦਾ ਹੈ ਰੱਬ ਜੀ ਜੂਨਾਂ ਵਿੱਚ ਆਉਂਦੇ ਹਨ--

ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ੩॥

ਭੈਰਉ ਮਹਲਾ ੫ ਪੰਨਾ ੧੧੩੬---

ਹੇ ਭਾਈ ! ਤੂੰ (ਕ੍ਰਿਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵਲੋਂ ਤੂੰ ਪਰਮਾਤਮਾ ਨੂੰ ਲੋਰੀ ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪਰਾਧਾਂ (ਦਾ ਮੂਲ ਹੈ) । ਸੜ ਜਾਏ (ਤੇਰਾ) ਉਹ ਮੂੰਹ ਜਿਸ ਦੀ ਰਾਹੀਂ ਤੰੂ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ।

ਗੁਰਬਾਣੀ ਵਿੱਚ ਇੱਕ ਇਹ ਵੀ ਵਿਚਾਰ ਮਿਲਦਾ ਹੈ ਕਿ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ ਦੂਜੇ ਪਾਸੇ ਗੁਰਬਾਣੀ ਵਿਚੋਂ ਇਹ ਪ੍ਰਮਾਣ ਵੀ ਮਿਲਦੇ ਹਨ ਕਿ ਹੇ ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਤੁਸੀਂ ਰੱਬ ਜੀ ਦਾ ਪ੍ਰਤੱਖ ਰੂਪ ਹੋ। ਇਹਨਾਂ ਦੋ ਪ੍ਰਕਾਰ ਦੇ ਪ੍ਰਮਾਣਾਂ ਨੂੰ ਸਮਝਣ ਦੀ ਜ਼ਰੂਰਤ ਹੈ। ਭੱਟਾਂ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਿਆਂ ਹੋਇਆਂ ਕਿਹਾ ਹੈ ਕਿ ਅਸਾਂ ਭਾਰਤ ਦੇ ਬਹੁਤ ਸਾਰੇ ਸਾਧਾਂ ਸੰਤਾਂ ਜਾਂ ਉਹਨਾਂ ਦੇ ਡੇਰਿਆਂ ਦੀ ਰਹਿਤ ਬਹਿਤ ਦੇਖੀ ਹੈ ਜੋ ਜੀਵਨ ਦੀਆਂ ਸਚਾਈਆਂ ਤੋਂ ਕੋਹਾਂ ਦੂਰ ਹੈ---

ਰਹਿਓ ਸੰਤ ਹਉ ਟੋਲਿ, ਸਾਧ ਬਹੁਤੇਰੇ ਡਿਠੇ॥

ਸੰਨਿਆਸੀ ਤਪਸੀਅਹ, ਮੁਖਹੁ ਏ ਪੰਡਿਤ ਮਿਠੇ॥

ਬਰਸੁ ਏਕੁ ਹਉ ਫਿਰਿਓ, ਕਿਨੈ ਨਹੁ ਪਰਚਉ ਲਾਯਉ॥

ਕਹਤਿਅਹ ਕਹਤੀ ਸੁਣੀ, ਰਹਤ ਕੋ ਖੁਸੀ ਨ ਆਯਉ॥

ਹਰਿ ਨਾਮੁ ਛੋਡਿ ਦੂਜੈ ਲਗੇ, ਤਿਨੑ ਕੇ ਗੁਣ ਹਉ ਕਿਆ ਕਹਉ॥

ਗੁਰੁ, ਦਯਿ ਮਿਲਾਯਉ ਭਿਖਿਆ, ਜਿਵ ਤੂ ਰਖਹਿ ਤਿਵ ਰਹਉ॥ ੨॥

ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਹਾਂ, ਮੈਂ ਕਈ ਸਾਧ (ਭੀ) ਵੇਖੇ ਹਨ, ਕਈ ਸੰਨਿਆਸੀ, ਕਈ ਤਪੱਸਵੀ ਤੇ ਕਈ ਇਹ ਮੂੰਹੋਂ-ਮਿੱਠੇ ਪੰਡਿਤ (ਭੀ) ਵੇਖੇ ਹਨ। --- ਮੈਂ ਇੱਕ ਸਾਲ ਫਿਰਦਾ ਰਿਹਾ ਹਾਂ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕੀਤੀ; ਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ -- ਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿੱਚ ਲੱਗੇ ਹੋਏ ਹਨ? ਹੇ ਗੁਰੂ (ਅਮਰਦਾਸ) ! ਪਿਆਰੇ (ਹਰੀ) ਨੇ ਮੈਨੂੰ, ਭਿਖੇ ਨੂੰ, ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ। ੨।

ਭੱਟਾਂ ਨੇ ਭਾਰਤ ਦੇ ਉਨ੍ਹਾਂ ਤਮਾਮ ਡੇਰਿਆਂ ਤੇ ਸਾਧਾਂ ਨੂੰ ਨੇੜਿਓਂ ਹੋ ਕੇ ਦੇਖਿਆ ਕਿ ਇਹ ਧਰਮੀ ਅਖਵਾਉਂਦੇ ਸੰਤ ਸਾਧ ਕਹਿੰਦੇ ਕੁੱਝ ਹੋਰ ਹਨ ਪਰ ਕਰਦੇ ਕੁੱਝ ਹੋਰ ਹਨ। ਮਨ, ਬਚ ਤੇ ਕਰਮ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਜਦੋਂ ਉਹਨਾਂ ਭੱਟਾਂ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਪੜ੍ਹਿਆ, ਸੁਣਿਆਂ, ਦੇਖਿਆ ਤੇ ਵਿਚਾਰਿਆ ਤਾਂ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਕਿ ਰੱਬ ਜੀ ਦਾ ਅਸਲ ਰੂਪ ਮਨੁੱਖਾਂ ਵਿਚੋਂ ਹੀ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਰੱਬ ਜਿਉਂਦਾ ਜਾਗਦਾ ਮਨੁੱਖੀ ਜ਼ਿੰਦਗੀ ਵਿੱਚ ਤੇ ਕੁਦਰਤ ਦੇ ਹਰ ਜ਼ਰੇ ਵਿੱਚ ਉਸ ਦੀ ਚਲ ਰਹੀ ਰੌਅ ਦੇਖੀ ਸਮਝੀ ਤੇ ਮਹਿਸੂਸ ਕੀਤੀ ਜਾ ਸਕਦੀ ਹੈ। ਸਭ ਤੋਂ ਵੱਡਾ ਇਨਕਲਾਬ ਉਹਨਾਂ ਨੇ ਦੇਖਿਆ ਕਿ ਜਿੰਨ੍ਹਾਂ ਨੂੰ ਬ੍ਰਾਹਮਣ ਸ਼ੂਦਰ ਕਹਿ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਪਿਆਰ ਗਲਵੱਕੜੀ ਵਿੱਚ ਲਿਆ ਤੇ ਆਪਣੇ ਬਰਾਬਰ ਬੈਠਾਇਆ ਹੈ। ਭਾਵ ਭਗਤ ਕਬੀਰ ਸਹਿਬ, ਭਗਤ ਰਵਿਦਾਸ ਸਾਹਿਬ, ਬਾਬਾ ਫ਼ਰੀਦ ਜੀ, ਭਗਤ ਸਧਨਾ ਜੀ ਭਗਤ ਨਾਮਦੇਵ ਜੀ ਦੇ ਰੱਬੀ ਵਿਚਾਰਾਂ ਨੂੰ ਬਰਾਬਰ ਦੀ ਮਹਾਨਤਾ ਦਿੱਤੀ ਹੋਈ ਹੈ। ਇਹ ਸਿਧਾਂਤ ਸਾਰੀ ਮਨੁੱਖਤਾ ਨੂੰ ਆਪਣੀ ਪਿਆਰ ਗਲਵੱਕੜੀ ਵਿੱਚ ਲੈਂਦਾ ਹੈ। ਰੱਬ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਪਿਆਰ ਕਰਨਾ ਤੇ ਬਿਨਾ ਭਿੰਨ-ਭਾਵ ਦੇ ਸੇਵਾ ਕਰਨ ਨੂੰ ਕਹਿੰਦਾ ਹੈ।

ਭੱਟਾਂ ਨੇ ਬਹੁਤ ਬਰੀਕ ਬਿਰਤੀ ਨਾਲ ਦੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੇ ਜੋ ਗੁਣ ਦੱਸੇ ਹਨ ਉਹ ਸਾਰੇ ਗੁਣ ਗੁਰੂਆਂ ਦੇ ਸੁਭਾਅ ਤਥਾ ਜੀਵਨ ਵਿਚੋਂ ਦੇਖੇ ਜਾ ਸਕਦੇ ਹਨ—

ਰਾਜੁ ਜੋਗੁ ਮਾਣਿਓ, ਬਸਿਓ ਨਿਰਵੈਰੁ ਰਿਦੰਤਰਿ॥ ਸ੍ਰਿਸਟਿ ਸਗਲ ਉਧਰੀ ਨਾਮਿ, ਲੇ ਤਰਿਓ ਨਿਰੰਤਰਿ॥ ਪੰਨਾ ੧੩੯੦ – (ਗੁਰੂ ਨਾਨਕ ਦੇਵ ਜੀ ਨੇ) ਰਾਜ ਭੀ ਮਾਣਿਆ ਹੈ ਤੇ ਜੋਗ ਭੀ; ਨਿਰਵੈਰ ਅਕਾਲ ਪੁਰਖ (ਉਹਨਾਂ ਦੇ) ਹਿਰਦੇ ਵਿੱਚ ਵੱਸ ਰਿਹਾ ਹੈ। (ਗੁਰੂ ਨਾਨਕ ਦੇਵ) ਆਪ ਇਕ-ਰਸ ਨਾਮ ਜਪ ਕੇ ਤਰ ਗਿਆ ਹੈ, ਤੇ (ਉਸ ਨੇ) ਸਾਰੀ ਸ੍ਰਿਸ਼ਟੀ ਨੂੰ ਭੀ ਨਾਮ ਦੀ ਬਰਕਤਿ ਨਾਲ ਤਾਰ ਦਿੱਤਾ ਹੈ।

ਭੱਟ ਕਲਸਹਾਰ ਗੁਰੂ ਰਾਮਦਾਸ ਜੀ ਸਬੰਧੀ ਫਰਮਾਉਂਦੇ ਹਨ ਕਿ ਹੇ ਗੁਰਦੇਵ ਪਿਤਾ ਜੀ ਤੁਹਾਡੀ ਉੱਚੀ ਮੱਤ ਮਾਤਾ ਤੇ ਪਿਤਾ ਸੰਤੋਖ ਹੈ। ਸ਼ਾਤੀ ਦੇ ਸਰੋਵਰ ਵਿੱਚ ਹਰ ਵੇਲੇ ਤੁਹਾਡੀ ਚੁੱਭੀ ਲੱਗੀ ਰਹਿੰਦੀ ਹੈ—ਤੁਸੀਂ ਜੂਨਾਂ ਤੋਂ ਰਹਿਤ ਵਾਲੇ ਪ੍ਰਭੂ ਜੀ ਦਾ ਰੂਪ ਹੋ---

ਮਤਿ ਮਾਤਾ, ਸੰਤੋਖੁ ਪਿਤਾ, ਸਰਿ ਸਹਜ ਸਮਾਯਉ॥ ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ॥

{ਪੰਨਾ ੧੩੯੭} -- (ਉੱਚੀ) ਮਤਿ (ਗੁਰੂ ਰਾਮਦਾਸ ਜੀ ਦੀ) ਮਾਤਾ ਹੈ ਤੇ ਸੰਤੋਖ (ਆਪ ਦਾ) ਪਿਤਾ ਹੈ (ਭਾਵ, ਆਪ ਇਹਨਾਂ ਗੁਣਾਂ ਵਿੱਚ ਜੰਮੇ-ਪਲੇ ਹਨ, ਆਪ ਉੱਚੀ ਬੁੱਧ ਵਾਲੇ ਤੇ ਪੂਰਨ ਸੰਤੋਖੀ ਹਨ)। (ਗੁਰੂ ਰਾਮਦਾਸ) ਸਦਾ ਸ਼ਾਂਤੀ ਦੇ ਸਰੋਵਰ ਵਿੱਚ ਚੁੱਭੀ ਲਾਈ ਰੱਖਦਾ ਹੈ। (ਗੁਰੂ ਰਾਮਦਾਸ) ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹੈ। ਸੰਸਾਰ ਨੂੰ (ਆਪ ਨੇ) ਸਤਿਗੁਰੂ ਦੇ ਬਚਨ ਨਾਲ ਤਾਰ ਦਿੱਤਾ ਹੈ।

ਏਸੇ ਤਰ੍ਹਾਂ ਭੱਟ ਮੱਥਰਾ ਜੀ ਫਰਮਾਉਂਦੇ ਹਨ ਕਿ ਹੇ ਗੁਰੂ ਅਰਜਨ ਪਾਤਸ਼ਾਹ ਜੀ ਤੁਸੀ ਆਪਣੇ ਹਿਰਦੇ ਵਿੱਚ ਸਤ ਸੰਤੋਖ ਵਰਗੇ ਦੈਵੀ ਰੱਬੀ ਗੁਣਾਂ ਨੂੰ ਧਾਰਿਆ ਹੋਇਆ ਹੈ ਜੋ ਪ੍ਰਤੱਖ ਤੁਹਾਡੇ ਸੁਭਾਅ ਤੇ ਜੀਵਨ ਵਿਚੋਂ ਦੇਖੇ ਜਾ ਸਕਦੇ ਹਨ-- ਸਤਿ ਰੂਪੁ ਸਤਿ ਨਾਮੁ, ਸਤੁ ਸੰਤੋਖੁ ਧਰਿਓ ਉਰਿ॥ ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ, ਮਸਤਕਿ ਧੁਰਿ॥ (ਪੰਨਾ ੧੪੦੮) --- (ਗੁਰੂ ਅਰਜੁਨ ਦੇਵ ਜੀ ਨੇ) ਸਤ ਸੰਤੋਖ ਹਿਰਦੇ ਵਿੱਚ ਧਾਰਨ ਕੀਤਾ ਹੈ, ਤੇ ਉਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ ਜਿਸ ਦਾ ਰੂਪ ਸਤਿ ਹੈ ਤੇ ਨਾਮ ਸਦਾ-ਥਿਰ ਹੈ। ਪਰਤੱਖ ਤੌਰ ਤੇ ਅਕਾਲ ਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ।

ਗੁਰਬਾਣੀ ਨੇ ਜੋ ਅਕਾਲ ਪੁਰਖ ਦੇ ਗੁਣ ਸਮਝਾਏ ਹਨ ਉਹ ਸਾਰੇ ਗੁਣ ਗੁਰੂਆਂ ਦੇ ਜੀਵਨ ਵਿਚੋਂ ਦੇਖੇ ਜਾ ਸਕਦੇ ਹਨ ਏਸੇ ਲਈ ਭੱਟ ਕਹਿੰਦੇ ਹਨ ਹੇ ਗੁਰੂ ਨਾਨਕ ਸਾਹਿਬ ਜੀ ਜਿਹੜੇ ਰੱਬੀ ਗੁਣ ਤੁਸਾਂ ਸਾਨੂੰ ਦੱਸੇ ਹਨ ਉਹ ਸਾਰੇ ਗੁਣ ਤਾਂ ਤੁਹਾਡੇ ਜੀਵਨ ਵਿੱਚ ਹਨ ਇਸ ਲਈ ਸਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਸਾਖਸ਼ੱਤ ਰੱਬ ਜੀ ਦਾ ਰੂਪ ਹੋ।

ਸਯਵੇ ਮਹਲਾ ੫ ਦੇ ਸਿਰਲੇਖ ਹੇਠ ਬੜਾ ਪਿਆਰਾ ਵਾਕ ਹੈ ਕਿ ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਬ੍ਰਹਮ ਦਾ ਸਰੂਪ ਹੀ ਹੋ ਤੇ ਉਹਦੇ ਵਰਗੇ ਹੀ ਹੋ---

ਜਨੁ ਨਾਨਕੁ ਭਗਤੁ, ਦਰਿ ਤੁਲਿ, ਬ੍ਰਹਮ ਸਮਸਰਿ, ਏਕ ਜੀਹ ਕਿਆ ਬਖਾਨੈ॥

ਹਾਂ ਕਿ ਬਲਿ ਬਲਿ, ਬਲਿ ਬਲਿ ਸਦ ਬਲਿਹਾਰਿ॥ ੧॥ -- (ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ। ੧। ਪੰਨਾ ੧੩੮੫ ਗੁਰਬਾਣੀ ਦਾ ਇੱਕ ਹੋਰ ਵਾਕ ਆਉਂਦਾ ਹੈ ਕਿ ਜਿਹੜਿਆਂ ਮਨੁੱਖ ਨੇ ਰੱਬੀ ਗੁਣਾਂ ਨਾਲ ਭਰਪੂਰ ਗੁਰੂ ਨਾਨਕ ਸਾਹਿਬ ਜੀ ਨੂੰ ਪਰਸਿਆ ਹੈ ਮਾਣਿਆ ਹੈ ਉਹ ਸੰਸਾਰ ਦੇ ਵਿਕਾਰਾਂ ਵਲੋਂ ਮੁਕਤ ਹੋ ਗਏ— ਜਿਹ ਕਾਟੀ ਸਿਲਕ ਦਯਾਲ ਪ੍ਰਭਿ, ਸੇਇ ਜਨ ਲਗੇ ਭਗਤੇ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ, ਤੇ ਇਤ ਉਤ ਸਦਾ ਮੁਕਤੇ॥ ੮॥ -- ਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿੱਚ ਜੁੜ ਗਏ ਹਨ। (ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿੱਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ। ੮।

ਭੱਟਾਂ ਦਿਆਂ ਸਵੱਯੀਆਂ ਵਿੱਚ ਇੱਕ ਵਿਚਾਰ ਬਾਰ ਬਾਰ ਆਉਂਦਾ ਹੈ ਕਿ ਹੇ ਗੁਰੂ ਨਾਨਕ ਪਾਤਸ਼ਾਹ ਜੋ ਪ੍ਰਮਾਤਮਾ ਦੇ ਗੁਣ ਹਨ ਉਹ ਸਾਰੇ ਤੁਹਾਡੇ ਵਿੱਚ ਹਨ ਇਸ ਲਈ ਜਿਸ ਨੇ ਤੁਹਾਡੇ ਦੱਸੇ ਮਾਰਗ ਨੂੰ ਸਮਝ ਲਿਆ ਹੈ ਉਹ ਵੀ ਰੱਬੀ ਰੂਪ ਵਾਲਾ ਹੋ ਸਕਦਾ ਹੈ--ਉਧੌ ਅਕ੍ਰ¨ਰੁ ਬਿਦਰੁ ਗੁਣ ਗਾਵੈ, ਸਰਬਾਤਮੁ ਜਿਨਿ ਜਾਣਿਓ॥ ਕਬਿ ਕਲ, ਸੁਜਸੁ ਗਾਵਉ ਗੁਰ ਨਾਨਕ, ਰਾਜੁ ਜੋਗੁ ਜਿਨਿ ਮਾਣਿਓ॥ ੪॥ --- ਜਿਸ ਗੁਰੂ ਨਾਨਕ ਨੇ ਸਰਬ-ਵਿਆਪਕ ਹਰੀ ਨੂੰ ਜਾਣ ਲਿਆ (ਡੂੰਘੀ ਸਾਂਝ ਪਾਈ ਹੋਈ ਸੀ), ਉਸ ਦੇ ਗੁਣ ਉਧੌ ਗਾਂਦਾ ਹੈ, ਅਕ¨੍ਰਰੁ ਗਾਂਦਾ ਹੈ, ਬਿਦਰ ਭਗਤ ਗਾਂਦਾ ਹੈ। ਕਲ੍ਯ੍ਯ ਕਵੀ (ਆਖਦਾ ਹੈ) — ‘ਮੈਂ ਉਸ ਗੁਰੂ ਨਾਨਕ ਦਾ ਸੋਹਣਾ ਜਸ ਗਾਉਂਦਾ ਹਾਂ, ਜਿਸ ਨੇ ਰਾਜ ਤੇ ਜੋਗ ਦੋਵੇਂ ਮਾਣੇ ਹਨ’। ੪। ਭੱਟਾਂ ਨੇ ਬਹੁਤ ਨੇੜੇ ਦੀ ਗੱਲ ਕਰਦਿਆਂ ਫਰਮਾਇਆ ਹੈ ਕਿ ਗੁਰੂ ਨਾਨਕ ਦੀ ਜੋਤ ਗੁਰੂ ਅਮਰਦਾਸ ਜੀ ਵਿੱਚ ਧਿਆਨ ਜੋੜਿਆ ਹੈ ਭਾਵ ਉਹਨਾਂ ਦੀ ਬਾਣੀ ਨੂੰ ਪੜ੍ਹਿਆ ਵਿਚਾਰਿਆ ਤੇ ਧਾਰਨ ਕੀਤਾ ਹੈ ਉਹ ਰੱਬ ਦਾ ਹੀ ਰੂਪ ਹੋ ਨਿਬੜਦਾ ਹੈ--- ਗੁਰੁ ਅਮਰਦਾਸੁ ਪਰਸੀਐ, ਧਿਆਨੁ ਲਹੀਐ, ਪਉ ਮੁਕਿਹਿ॥ ਗੁਰੁ ਅਮਰਦਾਸੁ ਪਰਸੀਐ, ਅਭਉ ਲਭੈ, ਗਉ ਚੁਕਿਹਿ॥ {ਪੰਨਾ ੧੩੯੪-੧੩੯੫} -- ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ (ਭਾਵ, ਪਰਮਾਤਮਾ ਵਿੱਚ ਬ੍ਰਿਤੀ ਜੁੜਦੀ ਹੈ) ਤੇ (ਜਨਮ ਮਰਨ ਦੇ) ਸਫ਼ਰ ਮੁੱਕ ਜਾਂਦੇ ਹਨ। ਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਜਿਸ ਮਨੁੱਖ ਨੂੰ ਸਤਿਗੁਰ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ ਉਸ ਦਾ ਮਨ ਵੱਸ ਵਿੱਚ ਆ ਜਾਂਦਾ ਹੈ ਤੇ ਉਹ ਆਪਣੇ ਆਪ ਦੀ ਪਹਿਛਾਣ ਕਰਨ ਵਾਲਾ ਪ੍ਰਾਪਤਮਾ ਦਾ ਰੂਪ ਹੋ ਜਾਂਦਾ ਹੈ-- ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ॥ ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ॥ ਹੇ ਭਾਈ! ਜਿਸ (ਮਨੁੱਖ) ਨੂੰ ਗੁਰੂ ਦੀ ਸਿੱਖਿਆ (ਪ੍ਰਾਪਤ) ਹੁੰਦੀ ਹੈ, (ਉਸ ਦਾ) ਮਨ ਵੱਸ ਵਿੱਚ ਆ ਜਾਂਦਾ ਹੈ, (ਉਸ ਦੇ ਅੰਦਰੋਂ ਆਤਮਕ ਜੀਵਨ ਨੂੰ ਖਾ ਜਾਣ ਵਾਲਾ) ਬਘਿਆੜ ਮਰ ਜਾਂਦਾ ਹੈ। (ਉਹ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ, ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਇਸ ਸਾਰੀ ਵਿਚਾਰ ਤੋਂ ਇਹ ਸਮਝ ਆਉਂਦੀ ਹੈ ਜੋ ਗੁਣ ਰੱਬ ਜੀ ਦੇ ਹਨ ਉਹ ਸਾਰੇ ਗੁਣ ਗੁਰੂ ਸਾਹਿਬਾਨ ਜੀ ਦੇ ਜੀਵਨ ਸੁਭਾਅ ਵਿਚੋਂ ਮਿਲਦੇ ਹਨ ਤੇ ਅਸਾਂ ਵੀ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਤਾਂ ਕੇ ਸਚਿਆਰ ਮਨੁੱਖ ਬਣ ਸਕੀਏ-- ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ॥ ਨਾਨਕ ਤੇ ਸੋਹਾਗਣੀ ਜਿਨਾੑ ਗੁਰਮੁਖਿ ਪਰਗਟੁ ਹੋਇ॥ ੧੯॥ (ਪੰਨਾ ੧੪੧੨) -- ਹੇ ਭਾਈ! ਖਸਮ-ਪ੍ਰਭੂ ਸਾਰੇ ਹੀ ਸਰੀਰਾਂ ਵਿੱਚ ਵੱਸਦਾ ਹੈ। ਕੋਈ ਭੀ ਸਰੀਰ (ਐਸਾ) ਨਹੀਂ ਹੈ ਜੋ ਖਸਮ-ਪ੍ਰਭੂ ਤੋਂ ਬਿਨਾ ਹੋਵੇ (ਜਿਸ ਵਿੱਚ ਖਸਮ-ਪ੍ਰਭੂ ਵੱਸਦਾ ਨਾਹ ਹੋਵੇ। ਪਰ ਵੱਸਦਾ ਹੈ ਗੁਪਤ)। ਹੇ ਨਾਨਕ! ਉਹ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਅੰਦਰ (ਉਹ ਖਸਮ-ਪ੍ਰਭੂ) ਗੁਰੂ ਦੀ ਰਾਹੀਂ ਪਰਗਟ ਹੋ ਜਾਂਦਾ ਹੈ।




.