.

ਬਾਰਹ ਮਾਹਾ ਗੁਰਬਾਣੀ

ਕਿਸ਼ਤ ਨੰ: 01

“ਬਾਰਹ ਮਾਹਾ” ਗੁਰਬਾਣੀ, ਗੁਰੂ ਗਰੰਥ ਸਾਹਿਬ ਵਿੱਚ ਤੁਖਾਰੀ ਮਹਲਾ ੧ ਅਤੇ ਮਾਂਝ ਮਹਲਾ ੫ ਸਿਰਲੇਖ ਹੇਠ ਪੰਨੇ ੧੩੩ ਤੋ ੧੩੬ ਅਤੇ ੧੧੦੭ ਤੋਂ ੧੧੧੦ ਵਿਖੇ ਅੰਕਤਿ ਹੈ। ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਹਰੇਕ ਸਿੱਖ ਨੂੰ ਗੁਰਬਾਣੀ ਦਾ ਪਾਠ ਆਪ ਸੋਚ-ਸਮਝ ਕੇ ਪੜ੍ਹਣਾ ਚਾਹੀਦਾ ਹੈ ਅਤੇ ਇਵੇਂ ਗੁਰੂ ਸਿਖਿਆ ਨੂੰ ਅਪਣੇ ਹਿਰਦੇ ਵਿੱਚ ਗ੍ਰਹਿਣ ਕਰਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਆਓ, ਬਾਰਹ ਮਾਹਾ ਮਾਂਝ ਮਹਲਾ ੫ (ਪੰਨੇ ੧੩੩-੧੩੬) ਨੂੰ ਸਮਝਣ ਦੀ ਕੋਸ਼ਿਸ਼ ਕਰੀਏ:
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ॥ ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ॥ ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥ ਹਰਿਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ॥ ਜਿਤੁ ਘਰਿ ਹਰਿ ਕੰਤੁ ਨਾ ਪ੍ਰਗਟਈ ਭਠਿ ਨਗਰ ਸੇ ਗ੍ਰਾਮ॥ ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ॥ ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ॥ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ॥ ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ॥ ੧॥
ਅਰਥ: ਗੁਰੂ ਸਾਹਿਬ ਸਾਡੇ ਜੈਸੇ ਪ੍ਰਾਣੀਆਂ ਦੀ ਦੁਨਿਆਵੀਂ ਹਾਲਤ ਨੂੰ ਦੇਖ ਕੇ, ਅਕਾਲ ਪੁਰਖ ਅਗੇ ਬੇਨਤੀ ਕਰਦੇ ਹਨ ਕਿ ਅਸੀਂ ਹਰ ਰੋਜ਼ ਦੀ ਕਮਾਈ ਦਾ ਲਾਲਚ ਕਰਕੇ, ਤੈਨੂੰ ਭੁਲਾਈ ਬੈਠੇ ਹਾਂ, ਇਸ ਲਈ ਸਾਡੇ ਉੱਪਰ ਮਿਹਰ ਕਰੋ ਅਤੇ ਸਾਨੂੰ ਆਪਣੀ ਸ਼ਰਨ ਵਿੱਚ ਲੈ ਲਵੋ। ਅਸੀਂ ਸਾਰੇ ਹੀ ਪਾਸਿਆਂ ਵਿਖੇ ਇੱਧਰ-ਉੱਧਰ ਹੀ ਭੱਟਕਦੇ ਰਹੇ ਅਤੇ ਖ਼ਜ਼ਲ-ਖੁਆਰ ਹੋ ਕੇ ਥੱਕ ਗਏ, ਪਰ ਹੁਣ ਅਸੀਂ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰ ਲਈ ਹੈ। ਫਿਰ, ਗੁਰੂ ਸਾਹਿਬ ਕੁੱਝ ਕੁ ਮਿਸਾਲਾਂ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਦੁੱਧ ਤੋਂ ਬਿਨਾ ਗਊਂ ਕਿਸੇ ਕੰਮ ਨਹੀਂ ਆਉਂਦੀ ਅਤੇ ਪਾਣੀ ਤੋਂ ਬਿਗੈਰ ਫ਼ਸਲ ਮੁਰਝਾ/ਸੁੱਕ ਜਾਂਦੀ ਹੈ ਤਾਂ ਬੀਜੀ ਹੋਈ ਖ਼ੇਤੀ ਦਾ ਕੋਈ ਮੁੱਲ ਨਹੀਂ ਵੱਟਿਆ ਜਾਂਦਾ। ਇੰਜ ਹੀ, ਅਕਾਲ ਪੁਰਖ ਦੇ ਨਾਮ-ਸਿਮਰਨ ਤੋਂ ਬਿਨਾ ਸਾਡਾ ਜੀਵਨ ਵਿਅਰਥ ਹੋ ਜਾਂਦਾ ਹੈ ਅਤੇ ਕਿਸੇ ਪਾਸੇ ਭੀ ਸੁੱਖ ਨਹੀਂ ਮਿਲਦਾ। ਜਦੋਂ ਸਾਡੇ ਹਿਰਦੇ ਵਿੱਚ ਅਕਾਲ ਪੁਰਖ ਦਾ ਵਾਸਾ ਨਹੀਂ ਰਹਿੰਦਾ ਤਾਂ ਇਹ ਸਾਡਾ ਸਰੀਰ ਤੱਪਦੀ ਭੱਠੀ ਵਾਂਗ ਜਲਦਾ ਰਹਿੰਦਾ ਹੈ। ਐਸੀ ਹਾਲਤ ਕਰਕੇ, ਸਾਡੇ ਸਾਰੇ ਸਾਜੋ-ਸਾਮਾਨ ਕਿਸੇ ਵੀ ਕੰਮ ਨਹੀਂ ਆਉਂਦੇ। ਇਸ ਤਰ੍ਹਾਂ ਅਕਾਲ ਪੁਰਖ ਦੀ ਮਿਹਰ ਤੋਂ ਬਿਨਾ, ਸਾਰੇ ਦੋਸਤ-ਮਿੱਤਰ ਭੀ ਦੁੱਸ਼ਮਣ ਨਜ਼ਰ ਆਉਂਦੇ ਹਨ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਨ ਕਿ ਸਾਨੂੰ ਆਪਣੇ ਨਾਮ ਦੀ ਦਾਤਿ ਬਖਸ਼ੋ ਅਤੇ ਅਪਣੀ ਸ਼ਰਨ ਵਿੱਚ ਲੈ ਕੇ ਸਦਾ ਰਹਿਣ ਵਾਲੀ ਹੋਂਦ ਨਾਲ ਜੋੜੀ ਰੱਖੋ। (੧)
{ਇਸ ਸ਼ਬਦ ਤੋਂ ਕੋਈ ਸੇਧ ਨਹੀਂ ਮਿਲਦੀ ਕਿ ਬਾਰਹ ਮਾਹਾ ਗੁਰਬਾਣੀ ਸਿਰਫ ‘ਸੰਗਰਾਂਦ’ ਵਾਲੇ ਦਿਨ ਹੀ ਪੜ੍ਹਣੀ ਹੈ ਜਾਂ ਇਸ ਦਾ ਕੋਈ ਖ਼ਾਸ ਮਹੱਤਵ ਹੈ। ਇਸ ਲਈ, ਇਨ੍ਹਾਂ ਸ਼ਬਦਾਂ ਦਾ ਪਾਠ ਭੀ ਹੋਰ ਗੁਰਬਾਣੀ ਵਾਂਗ ਹੀ ਕਰਨਾ ਹੈ। ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਕੀਤੀ ‘ਬਾਰਹ ਮਾਹਾ’ ਵਿਆਖਿਆ, ਐਮ. ਪੀ. ੩, ੧੪ ਘੰਟੇ ਸੁਣੀ ਜਾ ਸਕਦੀ ਹੈ}
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥ ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ॥ ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥ ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥ ੨॥
ਅਰਥ: ਗੁਰੂ ਸਾਹਿਬਾਨ ਜੀ ਦਾ ਉਪਦੇਸ਼ ਹੈ ਕਿ ਹਰ ਸਿੱਖ ਰੋਜ਼ ਨਿੱਤਨੇਮ ਕਰੇ ਅਤੇ ਧਿਆਨ ਨਾਲ ਗੁਰਬਾਣੀ ਦਾ ਪਾਠ ਕਰੇ ਤਾਂ ਜੋ ਅਸੀਂ ਅਕਾਲ ਪੁਰਖ ਦੀ ਰਜ਼ਾਅ ਅਨੁਸਾਰ ਆਪਣਾ ਜੀਵਨ ਸਫਲਾ ਕਰ ਸਕੀਏ। ਗੁਰਬਾਣੀ ਦੇ ਕਥਾਕਾਰ ਅਤੇ ਉੱਚ ਕੋਟੀ ਦੇ ਲੇਖਕ ਭੀ ਸਾਨੂੰ ਸੋਝੀ ਦਿੰਦੇ ਰਹਿੰਦੇ ਹਨ ਕਿ ਗੁਰਬਾਣੀ ਸਾਨੂੰ ਸੰਸਾਰਕ ਭਰਮ-ਭੁਲੇਖਿਆਂ ਵਿੱਚ ਨਹੀਂ ਪੈਣ ਦਿੰਦੀ। ਇੰਜ ਹੀ ਇਸ ਸ਼ਬਦ ਦੁਆਰਾ, ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਹੇ ਭਾਈ, ਜੇ ਅਸੀਂ ਲਗਾਤਾਰ ਆਪਣਾ ਚਿੱਤ ਲਗਾ ਕੇ ਅਕਾਲ ਪੁਰਖ ਦਾ ਨਾਮ ਸਿਮਰਦੇ ਰਹੀਏ ਤਾਂ ਸਾਡੇ ਜੀਵਨ ਵਿੱਚ ਸਦਾ ਖੇੜਾ ਰਹੇਗਾ, ਜਿਵੇਂ ਮਸਾਲ ਦੇ ਤੌਰ ਤੇ ਬਸੰਤ ਮਹੀਨੇ ਫੁੱਲ ਖਿੜੇ ਰਹਿੰਦੇ ਹਨ। ਜਦੋਂ ਪ੍ਰਾਣੀ ਸੰਗਤ ਵਿੱਚ ਬੈਠ ਕੇ ਨਾਮ ਜੱਪਦਾ ਹੈ ਤਾਂ ਹੋਰ ਭੀ ਵਧੇਰੇ ਆਨੰਦ ਪ੍ਰਾਪਤ ਹੁੰਦਾ ਹੈ। ਉਸ ਪ੍ਰਾਣੀ ਦਾ ਹੀ ਜੀਵਨ ਸਫਲ ਗਿਣਿਆ ਜਾ ਸਕਦਾ ਹੈ, ਜਿਹੜਾ ਨਾਮ ਸਿਮਰ ਕੇ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਬਣ ਗਿਆ। ਜਿਹੜੇ ਪ੍ਰਾਣੀ ਅਕਾਲ ਪੁਰਖ ਨੂੰ ਥੋੜੇ ਸਮੇਂ ਲਈ ਭੀ ਵਿਸਾਰ ਦਿੰਦੇ ਹਨ, ਸਮਝੋ ਕਿ ਉਸ ਦਾ ਜੀਵਨ ਵਿਅਰਥ ਹੀ ਗਿਆ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਅਕਾਲ ਪੁਰਖ ਹਰ ਥਾਂ ਭਾਵ ਕਿ ਪਾਣੀ, ਧਰਤੀ, ਪੁਲਾੜ, ਆਕਾਸ਼ ਅਤੇ ਜੰਗਲਾਂ ਵਿੱਚ ਵਿਆਪਕ/ਰਮਿਆ ਹੋਇਆ ਹੈ, ਪਰ ਜਿਹੜਾ ਪ੍ਰਾਣੀ ਅਕਾਲ ਪੁਰਖ ਨੂੰ ਚੇਤੇ ਹੀ ਨਹੀਂ ਕਰਦਾ ਤਾਂ ਉਹ ਦੁੱਖਾਂ ਵਿੱਚ ਹੀ ਘਿਰਿਆ ਰਹਿੰਦਾ ਹੈ। ਪਰ, ਗੁਰੂ ਸਾਹਿਬ ਐਸੇ ਪ੍ਰਾਣੀਆਂ ਦਾ ਭੀ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਅਪਣੇ ਹਿਰਦੇ ਵਿੱਚ ਵਸਾਅ ਲਿਆ ਹੋਇਆ ਹੈ, ਉਹ ਸਦਾ ਖੇੜ੍ਹੇ ਵਿੱਚ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਮੇਰੇ ਹਿਰਦੇ ਵਿੱਚ ਭੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਲੱਗੀ ਹੋਈ ਹੈ। ਇਸ ਲਈ, ਜਿਹੜਾ ਪ੍ਰਾਣੀ ਚੇਤੇ ਨਾਲ ਮੈਨੂੰ ਅਕਾਲ ਪੁਰਖ ਨਾਲ ਮਿਲਾਪ ਕਰਾ ਦੇਵੇ, ਮੈਂ ਉਸ ਤੋਂ ਸਦਾ ਕੁਰਬਾਨ ਹੋਵਾਂਗਾ। ੨।
{ਇਸ ਤੋਂ ਇਹ ਭਾਵ ਨਹੀਂ ਕਿ ਚੇਤ ਮਹੀਨੇ ਹੀ ਪ੍ਰਭੂ ਨਾਲ ਮਿਲਾਪ ਕਰਨਾ ਹੈ, ਹਰ ਸਮੇਂ ਹੀ ਅਕਾਲ ਪੁਰਖ ਨੂੰ ਹਾਜ਼ਰ - ਨਾਜ਼ਰ ਸਮਝਣਾ ਹੈ। ਹਰੇਕ ਸਿੱਖ ਨੂੰ ਇਹ ਭੀ ਯਾਦ ਰੱਖਣਾ ਚਾਹੀਦੀ ਹੈ ਕਿ ਉਹ ਕਦੇ ਵੀ ਦੂਸਰੇ ਧਰਮ ਦੀ ਨਕਲ ਨਹੀਂ ਕਰਨੀ, ਜਿਵੇਂ ਕੋਈ ਸ਼ਬਦ ਇੱਕ ਦਿਨ ਜਾਂ ਮਹੀਨੇ ਨਾਲ ਨਹੀਂ ਜੋੜਣਾ ਚਾਹੀਦਾ। ਸਾਨੂੰ ਇਹ ਜਾਣਕਾਰੀ ਭੀ ਹੋਣੀ ਚਾਹੀਦੀ ਹੈ ਕਿ “ਲੂਨਰ ਸਾਕਾ/ਬਿਕ੍ਰਮੀ ਕੈਲੰਡਰ: ਚੰਦ੍ਰਮਾ ਦੇ ਆਧਾਰ” `ਤੇ ਹਿੰਦੂਆਂ ਦਾ ਨਵਾਂ ਸਾਲ ਚੇਤਰ ਮਹੀਨੇ ਤੋਂ ਅਰੰਭ ਹੁੰਦਾ ਹੈ, ਪਰ ਉਨ੍ਹਾਂ ਦੀ ਨਕਲ ਕਰਕੇ, ਸਿੱਖਾਂ ਨੇ ਭੀ ਆਪਣਾ ਨਾਨਕਸ਼ਾਹੀ ਕੈਲੰਡਰ ਚੇਤ ਮਹੀਨੇ ਤੋਂ ਸ਼ੁਰੂ ਕਰ ਲਿਆ ਤਾਂ ਜੋ ਸਿੱਖ ਭੀ ਹਰ ਮਹੀਨੇ ਦੀ ਸੰਗਰਾਂਦ ਦੇ ਚੱਕਰ ਵਿੱਚ ਫਸੇ ਰਹਿਣ!}
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ॥ ੩॥
ਅਰਥ: ਬਸੰਤ ਰੁੱਤ ਦੇ ਨਾਲ ਹਰ ਪਾਸੇ ਫੁਲਵਾੜੀ ਅਤੇ ਦਰਖੱਤ ਹਰੇ-ਭਰੇ ਹੋ ਜਾਂਦੇ ਹਨ, ਪਰ ਐਸੀ ਹਰਿਆਵਲੀ ਉਨ੍ਹਾਂ ਪੌਦਿਆਂ ਜਾਂ ਟਾਹਣੀਆਂ ਤੇ ਨਹੀਂ ਆਉਂਦੀ, ਜਿਹੜੀਆਂ ਜੜ੍ਹ/ਮੂਲ ਨਾਲੋ ਕੱਟੀਆਂ ਹੋਈਆਂ ਹੋਂਣ। ਇਸ ਉਦਾਹਰਣ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਦਾ ਨਾਮ ਨਹੀਂ ਜੱਪਦੇ ਅਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਘਾਟ ਹੈ, ਉਨ੍ਹਾਂ ਉੱਪਰ ਬਸੰਤ ਜਾਂ ਵੈਸਾਖਿ ਦੀ ਰੁੱਤ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਐਸੇ ਪ੍ਰਾਣੀ ਤਾਂ ਸੰਸਾਰ ਦੇ ਮਾਇਆ-ਜਾਲ ਵਿੱਚ ਹੀ ਫਸੇ ਰਹਿੰਦੇ ਹਨ। ਪਰ, ਇਨਸਾਨ ਇਹ ਗੱਲ ਤਾਂ ਭੁੱਲ ਹੀ ਜਾਂਦਾ ਹੈ ਕਿ ਪਰਿਵਾਰ ਦਾ ਕੋਈ ਪ੍ਰਾਣੀ ਜਾਂ ਇਹ ਸਾਰਾ ਇੱਕਠਾ ਕੀਤਾ ਹੋਇਆ ਦੁਨਿਆਵੀ ਅਡੰਬਰ ਅਖ਼ੀਰ ਸਮੇਂ ਸਾਥ ਨਹੀਂ ਦਿੰਦੇ ਕਿਉਂਕਿ ਸਦਾ ਰਹਿਣ ਵਾਲਾ ਸਾਥੀ ਤਾਂ ਅਕਾਲ ਪੁਰਖ ਆਪ ਹੀ ਹੈ। ਸੰਸਾਰ ਦੇ ਝੂਠੇ ਕਾਰ-ਵਿਹਾਰਾਂ ਵਿੱਚ ਫਸ ਕੇ, ਸਾਰੀ ਦੁੱਨੀਆ ਮਰੀ ਜਾ ਰਹੀ ਹੈ। ਇੱਕ ਅਕਾਲ ਪੁਰਖ ਦੇ ਸੱਚੇ ਨਾਮ ਬਿਨਾਂ ਸਾਰੇ ਕੀਤੇ ਕਰਮ ਕਿਸੇ ਕੰਮ ਨਹੀਂ ਆਉਂਦੇ। ਵਾਹਿਗੁਰੂ ਨੂੰ ਭੁਲਾ ਕੇ ਪ੍ਰਾਣੀ ਕੋਈ ਨੇਕ ਕੰਮ ਨਹੀਂ ਕਰਦਾ ਭਾਵੇਂ ਇਹ ਪਤਾ ਹੈ ਕਿ ਅਕਾਲ ਪੁਰਖ ਤੋਂ ਬਗੈਰ ਹੋਰ ਕੋਈ ਸਹਾਈ ਨਹੀਂ। ਜਿਹੜੇ ਪ੍ਰਾਣੀ ਅਕਾਲ ਪੁਰਖ ਨਾਲ ਇੱਕ-ਮਿੱਕ ਹੋ ਜਾਂਦੇ ਹਨ, ਉਨ੍ਹਾਂ ਦੀ ਸਦਾ ਹੀ ਸ਼ੋਭਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਨ ਕਿ ਮੈਨੂੰ ਤੇਰਾ ਹੀ ਮੇਲ-ਮਿਲਾਪ ਪ੍ਰਾਪਤ ਹੁੰਦਾ ਰਹੇ। ਵੈਸਾਖ ਦੀ ਰੁੱਤ ਤਾਂ ਹੀ ਸੁਹਾਵਣੀ ਮਹਿਸੂਸ ਹੋਵੇਗੀ ਜਿਸ ਗੁਰਮੁੱਖ ਉੱਪਰ ਅਕਾਲ ਪੁਰਖ ਦੀ ਮਿਹਰ ਹੋ ਗਈ ਹੋਵੇ। (੩)
{ਸਿੱਖ ਪਰਿਵਾਰਾਂ ਨੂੰ ਇਹ ਭੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵੈਸਾਖ ਤੋਂ ਹਿੰਦੂਆਂ ਦਾ ਸੋਲਰ (ਸੂਰਜ ਦੇ ਆਧਾਰ `ਤੇ) ਨਵਾਂ ਸਾਲ ਅਰੰਭ ਹੁੰਦਾ ਹੈ, ਪਰ ਸਿੱਖਾਂ ਨੂੰ ਇਸ ਸ਼ਬਦ ਦਾ ਪਾਠ ਵੀ ਦੂਸਰੀਆਂ ਬਾਣੀਆਂ ਵਾਂਗ ਹੀ ਕਰਨ ਦਾ ਹੁਕਮ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਚੋਣ ੧੬੯੯ ਵੈਸਾਖ ਦੀ ਪਹਿਲੀ ਤਾਰੀਕ ਨੂੰ ਕੀਤੀ ਸੀ, ਉਸ ਦਿਨ ੩੦ ਮਾਰਚ ੧੬੯੯ ਲਿਖੀ ਮਿਲਦੀ ਹੈ। ਇਸ ਲਈ ਸਾਨੂੰ “ਖ਼ਾਲਸਾ ਦਿਵਸ” ੩੦ ਮਾਰਚ ਨੂੰ ਹੀ ਮਨਾਉਣਾ ਚਾਹੀਦਾ ਹੈ ਨਾ ਕਿ ਅਪ੍ਰੈਲ ਮਹੀਨੇ ਜਾਂ ਵੈਸਾਖ ਦੀ ਪਹਿਲੀ ਤਾਰੀਕ ਨੂੰ}

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ॥ ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ॥ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ॥ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ॥ ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ॥ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ॥ ਹਰਿ ਜੇਠਿ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ॥ ੪॥
ਅਰਥ: ਗੁਰੂ ਸਾਹਿਬ ਹਰ ਮਹੀਨੇ ਦੇ ਕੁਦਰਤੀ ਨਜ਼ਾਰਿਆਂ ਅਤੇ ਰੁੱਤੀ ਸੁਭਾਉ ਨੂੰ ਲੈ ਕੇ ਪ੍ਰਾਣੀ ਦੇ ਜੀਵਨ ਉੱਤੇ ਲਾਗੂ ਕਰਦੇ ਹਨ ਕਿ ਹੇ ਸਤਿਸੰਗੀਓ! ਜੇਠ ਮਹੀਨੇ ਦੀ ਉਧਾਰਣ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਅਕਾਲ ਪੁਰਖ ਹੀ ਸੱਭ ਤੋਂ ਵੱਡਾ ਹੈ, ਇਸ ਲਈ ਸਾਨਂੂ ਉਸ ਨਾਲ ਹੀ ਜੁੜਣਾ ਚਾਹੀਦਾ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਉਸ ਅੱਗੇ ਹੀ ਝੁੱਕਦੀ ਹੈ ਭਾਵ ਕਿ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਰਹਿਣਾ ਚਾਹੀਦਾ ਹੈ। ਜੇ ਅਸੀਂ ਅਕਾਲ ਪੁਰਖ ਦੀ ਰਜ਼ਾਅ ਅਨੁਸਾਰ ਰਹਿਣਾ ਸਿੱਖ ਲਈਏ ਤਾਂ ਫਿਰ ਅਸੀਂ ਕਿਸੇ ਹੋਰ ਦਾ ਗ਼ੁਲਾਮ ਹੋਣੋ ਬੱਚ ਸਕਦੇ ਹਾਂ। ਹੇ ਜੀਵ! ਅਕਾਲ ਪੁਰਖ ਦਾ ਨਾਮ ਇੱਕ ਐਸਾ ਕੀਮਤੀ ਖ਼ਜ਼ਾਨਾ ਹੈ, ਜਿਹੜਾ ਕਿ ਕਦੀ ਚੁਰਾਇਆ ਨਹੀਂ ਜਾ ਸਕਦਾ, ਭਾਵ ਕਿ ਸਦਾ ਸਾਥ ਦਿੰਦਾ ਹੈ। ਮਨ ਨੂੰ ਭਾਉਂਣ ਵਾਲੀਆਂ ਸੱਭ ਮੌਜਾਂ-ਖ਼ੁਸ਼ੀਆਂ ਅਕਾਲ ਪੁਰਖ ਦਾ ਨਾਮ ਜੱਪਣ ਨਾਲ ਪਰਾਪਤ ਹੋ ਜਾਂਦੀਆਂ ਹਨ। ਸਾਨੂੰ ਇਹ ਭੀ ਸੋਝੀ ਆ ਜਾਂਦੀ ਹੈ ਕਿ ਜੋ ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ, ਉਸ ਦੀ ਹੱਸਤੀ ਨੂੰ ਮੰਨਣ ਵਾਲੇ ਭੀ ਉਹੀ ਕੁੱਝ ਕਰਦੇ ਹਨ। ਜਿਨ੍ਹਾਂ ਪ੍ਰਾਣੀਆਂ ਉੱਪਰ ਅਕਾਲ ਪੁਰਖ ਦੀ ਮਿਹਰ ਹੋ ਗਈ, ਸਮਝੋ ਕਿ ਉਨ੍ਹਾਂ ਦਾ ਜੀਵਨ ਸਫਲਾ ਹੋ ਗਿਆ। ਜੇ ਆਪਣੇ ਓਪਰਾਲੇ ਅਨੁਸਾਰ ਕੁੱਝ ਹਾਸਲ ਕੀਤਾ ਜਾ ਸਕਦਾ ਹੋਵੇ ਤਾਂ ਫਿਰ ਉਸ ਪਰਾਪਤ ਕੀਤੀ ਹੋਈ ਚੀਜ਼ ਤੋ ਵਿੱਛੜ ਕੇ ਇਨਸਾਨ ਦੁੱਖੀ ਕਿਉਂ ਹੋਵੇ? ਉਹ ਚੀਜ਼ ਜਦ ਚਾਹੁਣ ਫਿਰ ਆਪਣੇ ਉੱਦਮ ਨਾਲ ਲੈ ਸਕਦੇ ਹਨ! ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ ਗੁਰੂ ਅਰਜਨ ਸਾਹਿਬ ਉਪਦੇਸ਼ ਕਰਦੇ ਹਨ ਕਿ ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹ ਹੀ ਅਨੰਦ-ਮਈ ਜੀਵਨ ਬਤੀਤ ਕਰਨ ਵਿੱਚ ਸਫਲ ਹੋ ਜਾਂਦੇ ਹਨ। ਜਿਹੜਾ ਪ੍ਰਾਣੀ ਸੱਚ ਦੇ ਮਾਰਗ `ਤੇ ਚਲਣ ਲੱਗ ਪੈਂਦਾ ਹੈ, ਉਸ ਨੂੰ ਹੀ ਸੱਭ ਤੋਂ ਵੱਡਾ ਅਕਾਲ ਪੁਰਖ ਸਦਾ ਸੁਹਾਵਣਾ ਲੱਗਦਾ ਹੈ। ਇਸ ਲਈ ਕੋਈ ਭੀ ਮਹੀਨਾ ਜਾਂ ਰੁੱਤ ਹੋਵੇ ਸਾਨੂੰ ਅਕਾਲ ਪੁਰਖ ਨਾਲ ਜੁੜੇ ਰਹਿਣ ਦਾ ਹੀ ਹੁਕਮ ਹੈ ਅਤੇ ਹੋਰ ਕਿਸੇ ਅਖੌਤੀ ਸੰਤ-ਬਾਬੇ ਜਾਂ ਹੋਰ ਕਿਸੇ ਡੇਰੇ ਨਾਲ ਨਹੀਂ ਜੁੜਣਾ ਚਾਹੀਦਾ! (੪) {ਗੁਰੂ ਗਰੰਥ ਸਾਹਿਬ ਦੇ ਪੰਨਾ ੮੧੯ ਵਿਖੇ ਵੀ ਇਹੀ ਉਪਦੇਸ਼ ਅੰਕਤਿ ਹੈ: ਬਿਲਾਵਲੁ ਮਹਲਾ ੫॥ ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ॥ ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ॥ ੧॥ ਰਹਾਉ॥}
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥ ੫॥
ਅਰਥ: ਜਿਹੜੇ ਪ੍ਰਾਣੀ ਆਪਣੇ ਮਾਲਕ ਅਕਾਲ ਪੁਰਖ ਨੂੰ ਯਾਦ ਨਹੀਂ ਕਰਦੇ, ਉਨ੍ਹਾਂ ਨੂੰ ਹੀ ਹਾੜ ਦੀ ਗ਼ਰਮ ਰੁੱਤ ਮਹਿਸੂਸ ਹੁੰਦੀ ਹੈ। ਐਸੇ ਪ੍ਰਾਣੀ ਦੀਨ-ਦੁੱਨੀਆ ਦੇ ਪ੍ਰਤਿਪਾਲਕ ਨੂੰ ਛੱਡ ਕੇ, ਸਦਾ ਨਾ ਰਹਿਣ ਵਾਲੀਆਂ ਦੁੱਨਿਆਵੀਂ ਚੀਜ਼ਾਂ `ਤੇ ਭਰੋਸਾ ਰੱਖਣ ਲੱਗ ਪੈਂਦੇ ਹਨ। ਇੰਜ, ਹੋਰਨਾਂ ਨਾਲ ਪ੍ਰੀਤ ਪਾ ਕੇ ਖ਼ੁਆਰ ਹੁੰਦੇ ਹਨ ਜਿਵੇਂ ਕਿ ਮੌਤ ਦੀ ਫਾਹੀ ਗਰਦਨ ਦੁਆਲੇ ਪਈ ਹੋਈ ਹੋਵੇ। ਪਰ, ਇਨਸਾਨ ਇਹ ਸਚਾਈ ਭੁੱਲ ਜਾਂਦਾ ਹੈ ਕਿ ਪ੍ਰਾਣੀ ਜਿਸ ਤਰ੍ਹਾਂ ਦੇ ਕੰਮ ਕਰਦਾ ਹੈ, ਉਸ ਨੂੰ ਵੈਸਾ ਹੀ ਨਤੀਜ਼ਾ ਭੁੱਗਤਣਾ ਪੈਂਦਾ ਹੈ, ਭਾਵ ਕਿ ਜੇ ਕ੍ਰਿਸਾਨ ਨੇ ਸੋਚ-ਸਮਝ ਕੇ ਰੁੱਤ ਅਨੁਸਾਰ ਕਣਕ ਬੀਜੀ ਹੈ ਤਾਂ ਉਹ ਕਣਕ ਦੀ ਹੀ ਫ਼ਸਲ ਵੱਡੇਗਾ। ਇਵੇਂ ਹੀ, ਜੇ ਪ੍ਰਾਣੀ ਨੇ ਸਾਰੀ ਉਮਰ ਕੋਈ ਚੰਗਾ ਕੰਮ ਕੀਤਾ ਹੀ ਨਹੀਂ ਤਾਂ ਉਹ ਇਸ ਦੁੱਨੀਆ ਤੋਂ ਪਛਤਾਪ ਕਰਦਾ ਹੋਇਆ ਹੀ ਚਲੇ ਜਾਂਦਾ ਹੈ ਅਤੇ ਉਸ ਦਾ ਜੀਵਨ ਬੇਅਰਥ ਹੀ ਗਿਆ। ਜਿਹੜੇ ਪ੍ਰਾਣੀ ਗੁਰਮੁੱਖਾਂ ਦੀ ਸੰਗਤ ਕਰਦੇ ਅਤੇ ਸਚਿਆਰ ਜੀਵਨ ਬਤੀਤ ਕਰਦੇ ਹਨ, ਉਹ ਦੁਨਿਆਵੀਂ ਝੰਝਟਾਂ ਤੋਂ ਸੁਰਖਰੂ ਹੋ ਜਾਂਦੇ ਹਨ। ਹੇ ਅਕਾਲ ਪੁਰਖ! ਮੇਰੇ ਉੱਪਰ ਮਿਹਰ ਦੀ ਨਜ਼ਰ ਕਰੋ ਤਾਂ ਜੋ ਮੈਂ ਹਰ ਸਮੇਂ ਤੇਰਾ ਨਾਮ ਜੱਪਣ ਵਿੱਚ ਹੀ ਲੀਨ ਰਹਾਂ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਅਰਦਾਸ/ਜੋਦੜੀ ਕਰਦੇ ਹਨ ਕਿ ਮੈਂ ਤੇਰਾ ਹੀ ਓਟ-ਆਸਰਾ ਲਿਆ ਹੋਇਆ ਹੈ ਕਿਉਂਕਿ ਤੇਰੇ ਬਿਗ਼ੈਰ ਹੋਰ ਕੋਈ ਦੂਸਰਾ ਆਸਰਾ ਹੈ ਹੀ ਨਹੀਂ। ਇੰਜ, ਜਿਹੜੇ ਪ੍ਰਾਣੀਆਂ ਨੇ ਅਕਾਲ ਪੁਰਖ ਦੀ ਸ਼ਰਣ ਲੈ ਲਈ, ਉਨ੍ਹਾਂ ਨੂੰ ਫਿਰ ਉਹੀ ਗ਼ਰਮੀ ਦੀ ਰੁੱਤ ਸੋਹਣੀ ਲੱਗਦੀ ਹੈ। ੫।
{ਪੰਜਾਬ ਵਿਖੇ ਜਦੋਂ ਗਰਮੀ ਦਾ ਮੌਸਮ ਹੁੰਦਾ ਹੈ ਤਾਂ ਅਸਟ੍ਰੇਲੀਆ ਵਿਖੇ ਸਰਦੀ ਹੁੰਦੀ ਹੈ। ਪਰ ਫਿਰ ਭੀ ਅਸੀਂ ਆਪਣੀ ਜ਼ਿੰਦਗੀ ਨੂੰ ਸਚਿਆਰ ਅਤੇ ਉੱਚਾ ਚੁੱਕਣ ਲਈ ‘ਬਾਰਹ ਮਾਹਾ’ ਦਾ ਪਾਠ ਭੀ ਹੋਰ ਸਾਰੀ ਗੁਰਬਾਣੀ ਵਾਂਗ ਹੀ ਕਰਦੇ ਹਾਂ ਨਾ ਕਿ ਇਹ ਸ਼ਬਦ ਕਿਸੇ ਖ਼ਾਸ ਦਿਨ ਨੂੰ ਹੀ ਪੜ੍ਹਣਾ/ਸੁਣਨਾ ਹੈ!}

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)




.