ਮੁੱਢਲੇ ਸ਼ਬਦ
ਸਿੱਖ ਧਰਮ ਵਿੱਚ ਸਿੱਖੀ ਸਿਧਾਂਤ ਨੂੰ ਸਮਝਣ ਸਮਝਾਉਣ ਦੀਆਂ ਬੇਅੰਤ ਪੁਸਤਕਾਂ
ਹੋਂਦ ਵਿੱਚ ਆਈਆਂ ਹਨ। ਕੁੱਝ ਪੁਸਤਕਾਂ ਤਾਂ ਅਜੇਹੀਆਂ ਹਨ ਜੋ ਕੇਵਲ ਯੂਨੀਵਰਸਟੀ ਜਾਂ ਕਾਲਜ ਦੇ
ਪੱਧਰ ਦੀਆਂ ਹਨ। ਆਮ ਲੋਕਾਂ ਨੂੰ ਉਹਨਾਂ ਪਸਤਕਾਂ ਵਿੱਚ ਵਰਤੀ ਗਈ ਸ਼ਬਦਾਵਲੀ ਦੀ ਸਮਝ ਨਹੀਂ ਆਉਂਦੀ।
ਕਈ ਵਾਰੀ ਤਾਂ ਸਾਦੀ ਗੱਲ ਨੂੰ ਵੀ ਏਨੇ ਪਚੀਦਾ ਢੰਗ ਨਾਲ ਪੇਸ਼ ਕੀਤਾ ਗਿਆ ਹੁੰਦਾ ਹੈ, ਕਿ ਉਸ ਗੱਲ
ਨੂੰ ਸਮਝਣ ਲਈ ਕਿਸੇ ਹੋਰ ਵਿਦਵਾਨ ਪਾਸੋਂ ਪੁਛਣਾ ਪੈਂਦਾ ਹੈ ਕਿ ਇਸ ਦਾ ਅਰਥ ਕੀ ਬਣਦਾ ਹੈ। ਇਹਨਾਂ
ਪੁਸਤਕਾਂ ਨੂੰ ਕੇਵਲ ਵਿਦਵਾਨ ਤਬਕਾ ਹੀ ਪੜ੍ਹਦਾ ਹੈ। ਕੁੱਝ ਪਸਤਕਾਂ ਅਜੇਹੀਆਂ ਹਨ ਕਿ ਜੋ ਕੇਵਲ
ਕਰਾਮਾਤਾਂ ਜਾਂ ਕਰਮ ਕਾਂਡਾਂ ਦੀ ਹੀ ਵਿਆਖਿਆ ਕਰ ਰਹੀਆਂ ਹੁੰਦੀਆਂ ਹਨ। ਉਹਨਾਂ ਵਿਚੋਂ ਤੱਤ ਗਿਆਨ
ਦੀ ਗੱਲ ਕੋਈ ਨਹੀਂ ਹੁੰਦੀ ਕੇਵਲ ਸ਼ਰਧਾ ਵੱਸ ਹੀ ਕਾਗ਼ਜ਼ ਕਾਲ਼ੇ ਕੀਤੇ ਹੁੰਦੇ ਹਨ। ਜਨ ਸਧਾਰਣ ਲੋਕ
ਇਹਨਾਂ ਪੁਸਤਕਾਂ ਨੂੰ ਆਪਣਾ ਅਧਾਰ ਬਣਾ ਕੇ ਆਪਣਾ ਧਰਮ ਸਿਰਜ ਲੈਂਦੇ ਹਨ। ਮੈਨੂੰ ਯਾਦ ਹੈ ਸਾਡੇ
ਪਿੰਡ ਦੇ ਬੋਹੜ ਥੱਲੇ ਭਗਤ ਮਾਲਾ ਤੇ ਬਾਲੇ ਵਾਲੀ ਸਾਖੀ ਨੂੰ ਬੜੇ ਧਿਆਨ ਨਾਲ ਦੁਪਹਿਰੇ ਪੜ੍ਹਿਆ
ਜਾਂਦਾ ਸੀ। ਲੋਕ ਵੀ ਏਹੀ ਸਮਝਦੇ ਸਨ ਕਿ ਜਿਹੜਾ ਰਹਿਬਰ ਕੋਈ ਗੈਬੀ ਸ਼ਕਤੀ ਵਿਖਾਉਂਦਾ ਹੈ ਉਹ ਹੀ
ਮਹਾਨਤਾ ਵਾਲਾ ਹੋ ਸਕਦਾ ਹੈ।
ਹੱਥਲੀ ਪੁਸਤਕ ਵਿੱਚ ਅਕਾਲ ਪੁਰਖ ਸਬੰਧੀ ਵਿਸਥਾਰ ਪੁਰਵਕ ਵਿਚਾਰ ਚਰਚਾ ਕੀਤੀ
ਗਈ ਹੈ। ਅਕਾਲ ਪੁਰਖ ਸਬੰਧੀ ਕਈ ਧਾਰਨਾਵਾਂ ਅਸੀਂ ਬਣਾਈਆਂ ਹੋਈਆਂ ਹਨ। ਇਹਨਾਂ ਧਾਰਨਾਵਾਂ ਵਿਚੋਂ
ਇੱਕ ਪ੍ਰਬਲ ਧਾਰਨਾ ਹੈ ਕਿ ਰੱਬ ਜੀ ਪ੍ਰਗਟ ਹੋ ਕੇ ਮਨੁੱਖ ਦੇ ਕਾਰਜ ਸਵਾਰ ਦੇਂਦੇ ਹਨ। ਦੂਜਾ ਜਦੋਂ
ਕਦੇ ਭਗਤਾਂ ਨੂੰ ਕੋਈ ਬਿਪਤਾ ਪੈਂਦੀ ਹੈ ਤਾਂ ਰੱਬ ਜੀ ਭਗਤਾਂ ਦੀ ਲਾਜ ਰੱਖਣ ਲਈ ਤਪਦਿਆਂ ਥੰਮਾਂ ਤੇ
ਕੀੜੀ ਦਾ ਰੂਪ ਧਾਰ ਕੇ ਆ ਜਾਂਦੇ ਹਨ, ਜਿਸ ਤੋਂ ਮਨੁੱਖ ਨੂੰ ਸ਼ਰਧਾ ਬਣਦੀ ਹੈ। ਕਈ ਭਗਤ ਰੱਬ ਜੀ ਨੂੰ
ਦੇਖਣ ਦਾ ਯਤਨ ਕਰ ਰਹੇ ਹਨ ਤੇ ਉਹਨਾਂ ਨੇ ਕਈ ਪ੍ਰਕਾਰ ਦੇ ਤਪ ਸਾਧਨ ਵੀ ਦੱਸੇ ਹਨ। ਕੁੱਝ ਲੋਕ ਆਪਣੇ
ਜਾਤੀ ਤਜਰਬੇ ਦੁਆਰਾ ਲੋਕਾਂ ਨੂੰ ਘੁੰਮਣਘੇਰੀ ਵਿੱਚ ਪਾ ਕੇ ਸਾਰੀ ਉਮਰ ਲੰਘਾ ਦੇਂਦੇ ਹਨ ਪਰ ਉਹਨਾਂ
ਨੂੰ ਫਿਰ ਵੀ ਰੱਬ ਜੀ ਦੇ ਦੀਦਾਰ ਨਹੀਂ ਹੁੰਦੇ।
ਸਿੱਖ ਧਰਮ ਵਲ ਜਦੋਂ ਝਾਤ ਮਾਰਦੇ ਹਾਂ ਏੱਥੇ ਵੀ ਕਈ ਪ੍ਰਕਾਰ ਦੇ ਤਜਰਬੇ
ਕੀਤੇ ਜਾ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਇੱਕ ਕ੍ਰਾਂਤੀਕਾਰੀ ਵਿਚਾਰਧਾਰਾ ਹੈ ਜੋ
ਮਿੱਥਾਂ ਕਰਮ-ਕਾਂਡਾਂ, ਅੰਧਵਿਸ਼ਵਾਸ ਤੇ ਬੇ-ਲੋੜੀਆਂ ਕਰਾਮਾਤਾਂ ਨੂੰ ਮੁੱਢੋਂ ਰੱਦ ਕਰਦੀ ਹੈ।
ਗੁਰਬਾਣੀ ਦੀ ਵਡਿਆਈ ਹੈ ਕਿ ਜੋ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦੀ ਹੈ ਉਹ ਹੀ ਬਾਕੀ ਗੁਰੂ
ਸਾਹਿਬਾਨ ਤਥਾ ਭਗਤਾਂ ਭੱਟਾਂ ਦੀ ਹੈ। ਗੁਰਬਾਣੀ ਇੱਕ ਅਜੇਹੀ ਕ੍ਰਾਂਤੀਕਾਰੀ ਵਿਚਾਰਧਾਰਾ ਹੈ ਜੋ ਗੈਰ
ਕੁਦਰਤੀ ਵਿਸ਼ਵਾਸਾਂ ਦੀਆਂ ਜੜ੍ਹਾਂ ਉਖਾੜਦੀ ਹੋਈ ਕੁਦਰਤੀ ਜੀਵਨ ਜਿਉਣ ਨੂੰ ਪਹਿਲ ਦੇਂਦੀ ਹੈ, ਜਿਸ
ਨੂੰ ਰੱਬੀ ਹੁਕਮ ਆਖਿਆ ਹੈ। ਜਪੁ ਬਾਣੀ ਦੀ ਦੂਜੀ ਪਉੜੀ ਵਿੱਚ ਰੱਬੀ ਨਿਯਮ ਦੀ ਵਿਆਖਿਆ ਕੀਤੀ ਗਈ ਹੈ
ਕਿ ਸਾਰਾ ਕੁੱਝ ਉਸ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਇਸ ਹੁਕਮ ਦਾ ਵਿਸਥਾਰ ਬਹੁਤ ਡੂੰਘਾ ਹੈ--
ਹੁਕਮੀ ਹੋਵਨਿ ਆਕਾਰ, ਹੁਕਮੁ
ਨ ਕਹਿਆ ਜਾਈ॥ ਦਿਸਦਾ ੳਤੇ ਅਣਦਿਸਦਾ ਇੱਕ ਹੁਕਮ
ਦੇ ਤਹਿਤ ਪੈਦਾ ਹੋਇਆ ਹੈ। ਜਿਸ ਤਰ੍ਹਾਂ ਕਿਸੇ ਬੀਜ ਜ਼ਮੀਨ ਵਿੱਚ ਬੀਜ ਦਿੱਤਾ ਜਾਂਦਾ ਹੈ ਤੇ ਉਹ
ਕੁਦਰਤੀ ਨਿਯਮਾਵਲੀ ਅਨੁਸਾਰ ਆਪਣਾ ਅਕਾਰ ਪ੍ਰਗਟ ਕਰਦਾ ਹੈ। ਵਿਆਗਿਆਨੀਆਂ ਨੇ ਉਸ ਬੀਜ ਤੋਂ ਆਗਾਂਹ
ਕਈ ਹੋਰ ਪ੍ਰਕਾਰ ਦੀਆਂ ਤਬਦੀਲੀਆਂ ਓਸੇ ਨਿਯਮ ਦੇ ਤਹਿਤ ਲ਼ਿਆਂਦੀਆਂ। ਸੁਦ ਬੀਜ ਦਾ ਹੋਰ ਵਿਕਾਸ
ਹੋਇਆ। ਮਿਸਾਲ ਸਮਝਣ ਲਈ ਜਿਸ ਤਰ੍ਹਾਂ ਇੱਕ ਬੱਚਾ ਕੁਦਰਤੀ ਤਰੀਕਿਆਂ ਨਾਲ ਮਾਂ ਬਾਪ ਦੇ ਸਮੇਲ ਤੋਂ
ਪੈਦਾ ਹੁੰਦਾ ਹੈ ਏਸੇ ਤਰ੍ਹਾਂ ਏਸੇ ਨਿਯਮ ਰਾਂਹੀ ਡਾਕਟਰਾਂ ਨੇ ਟੈਸਟ ਟਿਊਬ ਵਿੱਚ ਬੱਚਾ ਪੈਦਾ ਕੀਤਾ
ਹੈ। ਜਨੀ ਕਿ ਰੱਬੀ ਨਿਯਮ ਦਾ ਵਿਸਥਾਰ ਬਹੁਤ ਡੂੰਘਾ ਤੇ ਵਿਸ਼ਾਲ ਹੈ। ਇਸ ਹੁਕਮ ਜਾਂ ਇਸ ਸਦੀਵ ਕਾਲ
ਨਿਯਮ ਦੇ ਜੋ ਦੈਵੀ ਗੁਣ ਹਨ ਅਸਾਂ ਉਹਨਾਂ ਨਾਲ ਸਾਂਝ ਪਉਣੀ ਹੈ। ਗੁਰਬਾਣੀ ਦਾ ਸਮੁੱਚਾ ਉਪਦੇਸ਼
ਸਚਿਆਰ ਮਨੁੱਖ ਦੀ ਸਿਰਜਣਾ ਕਰਦਾ ਹੈ ਜੋ ਰੱਬੀ ਮਿਲਾਪ ਦਾ ਅਰਦਸ਼ ਮਿੱਥਿਆ ਗਿਆ ਹੈ। ਸੱਚ ਦੇ ਅਧਾਰਤ
ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਨੂੰ ਸਦਾ ਲਈ ਕਾਇਮ ਰੱਖਣ ਲਈ ਸਾਨੂੰ ਹੁਕਮੀ ਬਣਨਾ ਪੈਣਾ ਹੈ। ਭਾਵ
ਨਿਯਮਬੱਧ ਹੋਣਾ ਪੈਣਾ ਹੈ।
ਮੇਰੇ ਮਿਤ੍ਰ ਸ੍ਰ. ਸੁਰਿੰਦਰ ਸਿੰਘ ਜੀ ਸ਼ੇਰਗਿੱਲ ਕਲੋਨੇ ਵਾਲੇ ਜਿੰਨ੍ਹਾਂ
ਨੇ ਕਨੇਡਾ ਵਿੱਚ ਇੱਕ ਸਾਧ ਦੇ ਡੇਰੇ ਨੂੰ ਪੱਕਾ ਕਰਨ ਵਿੱਚ ਆਪਣੀ ਕਿਰਤ ਕਮਾਈ ਵਿਚੋਂ ਬਹੁਤ ਜ਼ਿਆਦਾ
ਹਿੱਸਾ ਪਾਇਆ ਹੈ। ਜਦੋਂ ਉਹਨਾਂ ਨੇ ਸ਼ਬਦ ਦੀਆਂ ਵਿਚਾਰਾਂ ਨਾਲ ਸਾਂਝ ਪਾਈ ਤਾਂ ਉਹਨਾਂ ਨੂੰ ਸਮਝ
ਲੱਗੀ ਕਿ ਮੈਂ ਤਾਂ ਹੁਣ ਤੀਕ ਹਨੇਰਾ ਹੀ ਢੋਇਆ ਹੈ। ਇੱਕ ਘਟਨਾ ਨੇ ਉਹਨਾਂ ਦਾ ਮਨ ਉਚਾਟ ਕਰ ਦਿੱਤਾ।
ਉਹ ਕਹਿੰਦੇ ਹਨ, ਕਿ “ਮੈਂ ਇੱਕ ਸਵੇਰ ਨੂੰ ਬਾਬਿਆਂ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਸਮੇਤ
ਪਰਵਾਰ ਗਿਆ। ਅੱਗੇ ਇੱਕ ਬਾਬਾ ਕੰਧ ਨਾਲ ਢੋਆ ਲਾ ਕੇ ਬੈਠਾ ਹੋਇਆ ਸੀ, ਉਦ੍ਹਾ ਨੱਕ ਚੋ ਚੋ ਕੇ ਦਾੜੀ
ਵਿੱਚ ਡਿੱਗ ਰਿਹਾ ਸੀ ਤੇ ਅੱਖਾਂ ਵਿਚੋਂ ਪਾਣੀ ਪਰਲ ਪਰਲ ਵੱਗੀ ਜਾ ਰਿਹਾ ਸੀ। ਮੈਨੂੰ ਇਹ ਸਥਿੱਤੀ
ਦੇਖ ਕੇ ਬਹੁਤ ਗਲੀਚਤਾ ਆਈ”। ਉਹ ਕਹਿੰਦੇ, “ਮੇਰੇ ਕੋਲੋਂ ਰਿਹਾ ਨਾ ਗਿਆ ਮੈਂ ਕਹਿ ਦਿੱਤਾ ਇਹ ਕੀ
ਹੋ ਰਿਹਾ ਹੈ” ? ਤਾਂ ਅੱਗੋਂ ਬਾਬਾ ਜੀ ਆਖਣ ਲੱਗੇ, “ਚੁੱਪ ਕਰ ਏਦ੍ਹੀ ਸਮਾਧੀ ਲੱਗੀ ਹੋਈ ਹੈ। ਹੌਲੀ
ਬੋਲ ਕਿਤੇ ਏਦ੍ਹੀ ਬਿਰਤੀ ਨਾ ਉੱਖੜ ਜਾਏ”। ਬਾਬਾ ਜੀ ਕਹਿੰਦੇ, ਕਿ “ਬੱਸ ਏਹੀ ਤਾਂ ਰੱਬ ਦਾ ਮਿਲਾਪ
ਹੈ ਜੋ ਬਹੁਤ ਮੁਸ਼ਕਲ਼ ਨਾਲ ਮਿਲਦਾ ਹੈ ਤੇ ਇਹ ਅਵਸਥਾ ਬਹੁਤ ਉੱਚੇ ਭਾਗ ਹੋਣ ਤਾਂ ਜਾ ਕੇ ਬਣਦੀ ਹੈ।
ਇਹ ਬਹੁਤ ਔਖੀ ਸਾਧਨਾ ਹੈ”। ਵੀਰ ਸੁਰਿੰਦਰ ਸਿੰਘ ਕਹਿੰਦੇ, “ਮੇਰੇ ਮਨ ਨੇ ਫੈਸਲਾ ਕੀਤਾ ਕੀਤਾ ਕਿ
ਅਜੇਹੀ ਉੱਚੀ ਅਵਸਥਾ ਨਾਲੋਂ ਆਪਾਂ ਓਦ੍ਹਾਂ ਹੀ ਠੀਕ ਹਾਂ”।
ਗੁਰਬਾਣੀ ਵਿਚਾਰ ਕਰਦਿਆਂ ਜਾਂ ਕੀਰਤਨ ਕਰਦਿਆਂ ਸਿਰਫ ਇਕੋ ਹੀ ਗੱਲ `ਤੇ ਜ਼ੋਰ
ਦਿੱਤਾ ਜਾ ਰਿਹਾ ਹੈ ਗੁਰੂ ਸਾਹਿਬ ਜੀ ਕੇਵਲ ਨਾਮ ਜਪਾਉਣ ਵਾਸਤੇ ਹੀ ਸੰਸਾਰ `ਤੇ ਆਏ ਸਨ, ਦੂਜਾ
ਕਿਸੇ ਸੇਵਕ ਨੇ ਯਾਦ ਕੀਤਾ ਤਾਂ ਓੱਥੇ ਜਾ ਕੇ ਉਹਨਾਂ ਦਾ ਪ੍ਰਸ਼ਾਦਾ ਛੱਕ ਲਿਆ। ਬਹੁਤੀ ਦਫ਼ਾ ਤਾਂ ਇੰਝ
ਮਹਿਸੂਸ ਹੁੰਦਾ ਹੈ ਕਿ ਜਿੰਨਾ ਨਾਮ ਜੱਪਣ ਬਾਰੇ ਕਿਹਾ ਜਾ ਰਿਹਾ ਹੈ ਜੇ ਵਾਕਿਆ ਹੀ ਸਾਰਾ ਸੰਸਾਰ
ਏਦਾਂ ਨਾਮ ਜੱਪਣ ਲੱਗ ਪਏ ਤਾਂ ਸੰਸਾਰ ਦੇ ਧੰਧੇ ਕੌਣ ਕਰੇਗਾ?
ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਅਸਾਂ ਇਹ ਵਿਚਾਰਨ ਦਾ ਯਤਨ ਕੀਤਾ ਹੈ ਕਿ
ਰੱਬ ਜੀ ਬਾਰੇ ਪੁਰਾਤਨ ਧਾਰਨਾਵਾਂ ਕੀ ਹਨ, ਜਿੰਨ੍ਹਾਂ ਦਾ ਅੱਜ ਤੀਕ ਸਾਡਿਆਂ ਮਨਾਂ ਵਿੱਚ ਅਸਰ
ਵੱਸਿਆ ਹੋਇਆ ਹੈ। ਕਿਸੇ ਪਾਸੇ ਦਰੱਖਤਾਂ ਦੀ ਪੂਜਾ ਕੀਤੀ ਜਾ ਰਹੀ ਹੈ ਤੇ ਕਿਸੇ ਪਾਸੇ ਪਸ਼ੂ ਪੰਛੀਆਂ
ਨੂੰ ਰੱਬ ਸਮਝ ਕੇ ਉਹਨਾਂ ਪਾਸੋਂ ਆਪਣੀ ਹੋਣੀ ਦੇ ਫੈਸਲੇ ਕਰਾਉਣ ਨੂੰ ਤਰਜੀਹ ਦੇ ਰਹੇ ਹਾਂ। ਕੁਦਰਤ
ਦੀਆਂ ਮਹਾਨ ਤਾਕਤਾਂ ਨੂੰ ਭਗਵਾਨ ਸਮਝ ਕੇ ਉਹਨਾਂ ਦੀ ਪਾਠ ਪੂਜਾ ਕੀਤੀ ਜਾ ਰਹੀ ਹੈ। ਬੱਦਲਾਂ, ਤੇਜ਼
ਹਨੇਰੀਆਂ, ਪਿੱਪਲਾਂ, ਸੱਪਾਂ, ਅਗਨੀ, ਸੂਰਜ, ਚੰਦ੍ਰਮਾਂ ਤੇ ਪਹਾੜਾਂ ਆਦਿ ਦੀ ਪੂਜਾ ਅੱਜ ਵੀ ਦੇਖੀ
ਜਾ ਸਕਦੀ ਹੈ। ਅਕਾਲ ਪੁਰਖ ਦੇ ਦੂਜੇ ਭਾਗ ਵਿੱਚ ਇਹ ਵਿਚਾਰਣ ਦਾ ਯਤਨ ਕੀਤਾ ਗਿਆ ਹੈ ਕਿ ਰੱਬ ਜੀ
ਨੂੰ ਅਸੀਂ ਬਣਾ ਨਹੀਂ ਸਕਦੇ। ਮਨੱਖੀ ਸੁਭਾਅ ਦਾ ਦੁਖਾਂਤ ਹੀ ਕਹਾਂਗੇ ਕਿ ਅਗਿਆਨਤਾ ਕਰਕੇ ਲੋਕ
ਪੱਥਰਾਂ ਦੇ ਅੱਗੇ ਹੱਥ ਜੋੜ ਕੇ ਨਮਸਕਾਰਾਂ ਕਰ ਰਹੇ ਹਨ ਹੇ ਪੱਥਰ ਦੇ ਬਣੇ ਪੱਥਰ ਦਿੱਲ ਭਗਵਾਨ ਜੀਓ,
ਸਾਡੀਆਂ ਵਿਗੜੀਆਂ ਤਕਦੀਰਾਂ ਨੂੰ ਸਵਾਰ ਦਿਓ ਜੀ, ਪਰ ਗਿਆਨਵਾਨ ਮਨੁੱਖਾਂ ਨੇ ਪੱਥਰਾਂ ਨੂੰ
ਭੰਨ-ਤਰਾਸ਼ ਕੇ ਖੂਬਸੂਰਤ ਘਰ, ਕਿਲ੍ਹੇ ਤਿਆਰ ਕਰ ਲਏ ਹਨ। ਪੱਥਰਾਂ ਨੂੰ ਆਪਣੀ ਵਰਤੋਂ ਵਿੱਚ ਲਿਆਂਦਾ
ਹੈ। ਪੁਜਾਰੀ ਨੇ ਆਪਣੀ ਉਪਜੀਵਕਾ ਨੂੰ ਕਾਇਮ ਰੱਖਣ ਲਈ ਮਨੁੱਖ ਨੂੰ ਏੱਥੋਂ ਤੀਕ ਸਮਝਾ ਦਿੱਤਾ ਗਿਆ
ਹੈ ਕਿ ਪੱਥਰ ਦਾ ਬਣਿਆ ਹੋਇਆ ਭਗਵਾਨ ਪੰਜੀਰੀ ਵੀ ਛੱਕਦਾ ਹੈ। ਗੁਰਬਾਣੀ ਨੇ ਅਜੇਹੇ ਫੋਕਟ ਦੇ ਕਰਮਾਂ
ਨੂੰ ਨਿਕਾਰਿਆ ਹੈ। ਪਰ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਣ ਦੇ ਆਹਰ ਵਿੱਚ
ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ।
ਅਕਾਲ ਪੁਰਖ ਬਾਰੇ ਇੱਕ ਹੋਰ ਧਾਰਨਾ ਹੈ ਕਿ ਰੱਬ ਜੀ ਕਿਸੇ ਨਾ ਕਿਸੇ
ਮਹਾਂਪੁਰਸ਼ ਦੇ ਰੂਪ ਵਿੱਚ ਮਨੁੱਖਾਂ ਵਾਂਗ ਜਨਮ ਵੀ ਲੈਂਦੇ ਹਨ। ਹੱਥਲੀ ਪਸਤਕ ਵਿੱਚ ਗੁਰਬਾਣੀ
ਪ੍ਰਮਾਣਾਂ ਸਹਿਤ ਇਸ ਦੀ ਵਿਚਾਰ ਕੀਤੀ ਗਈ ਹੈ ਕਿ ਪ੍ਰਮਾਤਮਾ ਮਨੁੱਖਾਂ ਵਾਂਗ ਜਨਮ ਨਹੀਂ ਲੈਂਦੇ—
“ਸਗਲ ਪਰਾਧ ਦੇਹਿ ਲੋਰੋਨੀ॥
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ”॥
ਪ੍ਰਭੂ ਜੀ ਜੂਨਾਂ ਵਿੱਚ ਨਹੀਂ ਆਉਂਦੇ ਉਹ ਅਜੂਨੀ ਹਨ ਤਾਂ ਫਿਰ ਉਹ ਦੇਖਣ ਵਾਲੀ ਵੀ ਹਸਤੀ ਨਹੀਂ ਹੈ।
ਇਸ ਲਈ ਓਦ੍ਹੀ ਪ੍ਰਾਪਤੀ ਗੁਰੂ ਮਤ `ਤੇ ਤੁਰਨ ਦੀ ਰੱਖੀ ਹੋਈ ਹੈ। ਜੇਹਾ ਕਿ ਗੁਰਬਣਾੀ ਫਰਮਾਣ ਹੈ---
ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ॥
ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ॥ ੧
ਸਾਡੀ ਮਾਨਸਕਤਾ ਵਿੱਚ ਇਹ ਵੀ ਵੱਸਿਆ ਹੋਇਆ ਹੈ ਕਿ ਰੱਬ ਜੀ ਸ਼ਾਇਦ ਧਾਰਮਕ
ਅਸਥਾਨਾਂ `ਤੇ ਰਹਿੰਦੇ ਹਨ। ਜਾਂ ਰੱਬ ਜੀ ਦੀਆਂ ਕੋਈ ਖਾਸ ਜਗ੍ਹਾ ਹੋਏਗੀ ਜਿੱਥੇ ਉਹ ਰਹਿੰਦੇ ਹਨ।
ਗੁਰਬਾਣੀ ਨੇ ਸਮਝਾਇਆ ਹੈ ਕਿ ਭਲੇ ਮਨੁੱਖ ਰੱਬ ਜੀ ਜ਼ਰੇ ਜ਼ਰੇ ਵਿੱਚ ਵਿਆਪਕ ਹੈ, ਉਹ ਕਿਸੇ ਖਾਸ ਥਾਂ
`ਤੇ ਨਹੀਂ ਰਹਿੰਦੇ। ਸਾਰੀ ਕਾਇਨਾਤ ਵਿਚੋਂ ਉਹ ਦੇਖਿਆ ਜਾ ਸਕਦਾ ਹੈ। ਕੁਦਰਤ ਨਾਲ ਪਿਆਰ ਕਰਨਾ
ਮਨੁੱਖਤਾ ਨਾਲ ਮਿੱਠੇ ਬੋਲ ਬੋਲਣੇ ਰੱਬ ਜੀ ਨਾਲ ਗੱਲਾਂ ਕਰਨ ਦੇ ਤੁੱਲ ਹੈ। ਅਸਲ ਵਿੱਚ ਰੱਬ ਜੀ ਦੀ
ਬੋਲੀ ਹੈ ਹੀ ਪਿਆਰ ਦੀ ਏ। ਇਹ ਪਿਆਰ ਫਿਰ ਮਨੁੱਖਤਾ ਨਾਲ ਤੇ ਕੁਦਰਤ ਨਾਲ ਕਰਨਾ ਹੈ। ਜੇਹਾ ਕਿ ਜਪੁ
ਬਾਣੀ ਦਾ ਵਿਚਾਰ ਹੈ--
“ਸਾਚਾ
ਸਾਹਿਬੁ, ਸਾਚੁ ਨਾਇ, ਭਾਖਿਆ ਭਾਉ ਅਪਾਰੁ”॥
ਹੱਥਲੀ ਪੁਸਤਕ ਵਿੱਚ ਇਸ ਗੱਲ ਦੀ ਬੜੀ ਸਪਸ਼ਟਤਾ ਨਾਲ ਵਿਚਾਰ ਕੀਤੀ ਗਈ ਹੈ ਕਿ
ਰੱਬ ਜੀ ਸਰੀਰਾਂ ਨੂੰ ਦੁੱਖ ਦੇਣ ਨਾਲ ਨਹੀਂ ਮਿਲਦੇ ਤੇ ਨਾ ਹੀ ਸਾਡੇ ਤਰਲੇ ਲਿਆਂ ਉਹ ਸਾਨੂੰ ਮਿਲਦਾ
ਹੈ। ਤੀਰਥ ਯਾਤਰਾਵਾਂ ਕਰਨ ਨਾਲ ਵੀ ਰੱਬ ਜੀ ਨਾਲ ਮਿਲਾਪ ਨਹੀਂ ਹੋ ਸਕਦਾ। ਫ਼ਰੀਦ ਸਾਹਿਬ ਜੀ ਦੀ
ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਦੇਂਦਿਆ ਫਰਮਾਇਆ ਹੈ ਕਿ ਸਰੀਰ ਨੂੰ ਕਸ਼ਟ ਦੇਣ ਦੀ
ਲੋੜ ਨਹੀਂ ਸਗੋਂ ਅੰਦਰ ਵੱਸੇ ਰੱਬੀ ਗੁਣਾਂ ਦੀ ਵਰਤੋਂ ਕਰਨੀ ਚਾਹੀਦੀ। ਇਸ ਵਿਚਾਰ ਨੂੰ ਧਿਆਨ ਪੂਰਵਕ
ਦੇਖਣ ਦਾ ਯਤਨ ਕੀਤਾ ਜਾਏਗਾ ਤਾਂ ਰੱਬ ਜੀ ਦੇ ਗੁਣ ਸਾਡੇ ਆਪਣੇ ਅੰਦਰੋਂ ਹੀ ਦਿਸ ਪੈਣਗੇ।
ਜਦੋਂ ਇਹ ਵਿਚਾਰ ਕੀਤੀ ਜਾਂਦੀ ਹੈ ਕਿ ਰੱਬ ਜੀ ਦੇ ਕੁਰਦਤੀ ਨਿਯਮ ਸਾਰੇ
ਸੰਸਾਰ ਨੂੰ ਇੱਕ ਬੱਝਵੇਂ ਨਿਯਮ ਦੇ ਤਹਿਤ ਚਲਾ ਰਹੇ ਹਨ ਤਾਂ ਕਈ ਵਾਰੀ ਮਨੁੱਖ ਦੇ ਮਨ ਵਿੱਚ ਇਹ
ਸਵਾਲ ਪੈਦਾ ਹੁੰਦਾ ਹੈ ਕਿ ਇੰਜ ਕਹਿਣ ਨਾਲ ਕਿਤੇ ਸ਼ਰਧਾ ਤਾਂ ਨਹੀਂ ਟੁੱਟਦੀ। ਇਸ ਵਿਚਾਰ ਨੂੰ ਹੋਰ
ਵਿਸਥਾਰ ਦੇਣ ਲਈ ਪਸਤਕ ਦੇ ਅਠਵੇਂ ਭਾਗ ਵਿੱਚ ਦੋ ਵਿਦਵਾਨਾਂ ਦੇ ਵਿਚਾਰ ਦਿੱਤੇ ਹਨ ਕਿ-- ਡਾ.
ਗੁਰਸ਼ਰਨਜੀਤ ਸਿੰਘ ਜੀ ‘ਗੁਰਮਤ ਨਿਰਣਯ ਕੋਸ਼’ ਨਾਮੀ ਪੁਸਤਕ ਵਿੱਚ ਪ੍ਰਭੂ, ਰੱਬ, ਪਰਮਾਤਮਾ, ਅਕਾਲ
ਪੁਰਖ ਦੇ ਸਿਰਲੇਖ ਹੇਠ ਸਤਵੇਂ ਨੰਬਰ `ਤੇ ਬਹੁਤ ਮਹੱਤਵ ਪੂਰਨ ਲਿਖਦੇ ਹਨ ਕਿ “ਕਾਦਰ ਕੁਦਰਤ ਤੋਂ
ਭਿੰਨ ਨਹੀਂ__ਕੁਦਰਤ ਰਾਂਹੀ ਹੀ ਕਾਦਰ ਪ੍ਰਗਟ ਹੋ ਰਿਹਾ ਹੈ। ਉਸ ਨੂੰ ਕੁਦਰਤ ਵਿੱਚ ਅਨੁਭਵ ਕੀਤਾ ਜਾ
ਸਕਦਾ ਹੈ। ਇਹ ਕੁਦਰਤ ਜਿਸ ਅਧੀਨ ਵਿਚਰਦੀ ਹੈ, ਉਸ ਨਿਯਮ ਦਾ ਨਾਂ ਪਰਮਾਤਮਾ ਹੈ। ਇਸ ਨਿਯਮ ਦੇ ਅਧੀਨ
ਹੀ ਕਰਮ ਸਿਧਾਂਤ ਅਨੁਸਰ ਜੀਵ ਸੁੱਖ--ਦੁੱਖ ਪਉਂਦੇ ਹਨ”। ਅਗਲੇ ਨੰਬਰ `ਤੇ ਹੋਰ ਵੀ ਭਾਵਪੂਰਤ ਲਿਖਦੇ
ਹਨ, “ਉਸ ਦੀ ਪ੍ਰਾਪਤੀ ਨਹੀਂ ਸੋਝੀ ਹੋ ਸਕਦੀ ਹੈ- ਉਸ ਦੀ ਪ੍ਰਾਪਤੀ ਦਾ ਹੱਠ ਕਰਨ ਵਾਲੇ ਜਪ-ਤਪ
ਕਰਦੇ ਹਨ, ਵਰਤ ਰੱਖਦੇ ਹਨ, ਕਰਮ-ਕਾਂਡ ਕਰਦੇ ਹਨ, ਗ੍ਰੰਥਾਂ ਦੇ ਪਾਠ ਆਦਿ ਕਰਦੇ ਹਨ-ਪਰ ਇਨ੍ਹਾਂ ਦਾ
ਕੋਈ ਲਾਭ ਨਹੀਂ ਹੁੰਦਾ। ਉਸ ਦਾ ਭੌਤਿਕ ਸਰੀਰ ਹੈ ਹੀ ਨਹੀਂ ਤਾਂ ਉਸ ਦੀ ਪ੍ਰਾਪਤੀ ਵੀ ਸੰਭਵ ਨਹੀਂ।
ਹਾਂ ਇਹ ਸੋਝੀ ਹੋ ਸਕਦੀ ਹੈ। ਇਹ ਸੋਝੀ ਵੀ ਕਿਸੇ ਯਤਨ ਜਾਂ ਚਤਰਾਈ ਦੁਆਰਾ ਨਹੀਂ, ਸਗੋਂ ਅਚਨਚੇਤ ਤੇ
ਸਹਿਜ ਵਿੱਚ ਹੁੰਦੀ ਹੈ”।
ਡਾ. ਸਰਬਜੀਤ ਸਿੰਘ ਜੀ ਦੇ ‘ਹੁਕਮ’ ਵਾਲੇ ਲੇਖ ਵਿੱਚ ਜੋ ਸਿੱਖ ਮਾਰਗ `ਤੇ
ਛਪਿਆ ਹੈ ਦੇ ਪਹਿਲੇ ਪਹਿਰੇ ਵਿੱਚ ਇੱਕ ਬੜਾ ਪਿਆਰਾ ਖਿਆਲ ਅੰਕਤ ਹੈ---ਆਮ ਤੌਰ ਤੇ ਅਸੀਂ ਹੁਕਮ
ਬਾਰੇ ਇਹ ਸਮਝਦੇ ਹਾਂ ਕਿ ਕਿਸੇ ਬਜ਼ੁਰਗ, ਵੱਡੇ ਮਾਲਕ, ਅਫ਼ਸਰ ਜਾਂ ਅਧਿਆਪਕ ਨੇ ਜਿਹੜਾ ਵੀ ਕੰਮ ਕਿਹਾ
ਹੈ, ਉਸ ਦਾ ਕਿਹਾ ਹੀ ਹੁਕਮ ਹੈ। ਪਰੰਤੂ ਗੁਰਬਾਣੀ ਵਿੱਚ ਹੁਕਮੁ ਦਾ ਸਬੰਧ ਅਕਾਲ ਪੁਰਖ ਦੇ ਨਿਯਮ,
ਧਰਮ, ਅਸੂਲ ਜਾਂ ਸਿਸਟਮ ਨਾਲ ਹੈ। ਇਹ ਸੀਮਤ ਨਹੀਂ ਹੈ ਕਿਉਂ ਕਿ ਅਕਾਲ ਪੁਰਖ ਦਾ ਅਸੂਲ ਕੁਦਰਤ ਅਤੇ
ਜੀਵਨ ਦੇ ਹਰ ਪਹਿਲੂ ਨਾਲ ਸਬੰਧਤ ਹੈ, ਇਸ ਵਿੱਚ ਅਨੇਕਤਾ ਹੈ। ਗੁਰਬਾਣੀ ਵਿੱਚ ਹੁਕਮੁ, ਡਰ, ਭੈ, ਭਉ
ਆਦਿ ਨਾਂਵ ਵੀ ਵਰਤਿਆ ਗਿਆ ਹੈ। ਜੇ ਦੇਖਿਆ ਜਾਏ ਤਾਂ ਜਿਹੜਿਆਂ ਲੋਕਾਂ ਨੇ ਕੁਦਰਤੀ ਨਿਯਮਾਵਲੀ ਨੂੰ
ਸਮਝ ਕੇ ਇਸ ਉੱਪਰ ਤੁਰਨ ਦਾ ਯਤਨ ਕੀਤਾ ਹੈ ਉਸ ਨੇ ਆਪਣੇ ਜੀਵਨ ਵਿੱਚ ਸੁੱਖ ਪਾਇਆ ਹੈ, ਭਾਵੇਂ
ਉਬਲ਼ਦੀ ਦੇਗ ਦਾ ਰਸਤਾ ਹੀ ਕਿਉਂ ਨਾ ਹੋਵੇ। ਗੁਰਬਾਣੀ ਵਿੱਚ ਬਹੁਤ ਹੀ ਸਰਲ਼ ਢੰਗ ਨਾਲ ਦੱਸਿਆ ਹੈ ਕਿ
ਹਰਿ ਜੀ ---
ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ॥
ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ॥ ਰਹਾਉ॥
ਗੁਰਬਾਣੀ ਦੇ ਗਿਆਨ ਵਿਚੋਂ ਮਿਲਦਾ ਹੈ। ਇਸ ਦਾ ਭਾਵ ਅਰਥ ਹੈ ਕਿ ਗੁਰਬਾਣੀ
ਉਪਦੇਸ਼ `ਤੇ ਤੁਰਨ ਨਾਲ ਰੱਬੀ ਜੀਵਨ ਦੀ ਪ੍ਰਾਪਤੀ ਹੁੰਦੀ ਹੈ—
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥ ੫॥
ਰਾਮਲਕੀ ਮਹਲਾ ੫ ਪੰਨਾ ੮੮੫
ਗੁਰਬਾਣੀ ਇਹ ਬਾਰ ਬਾਰ ਸਮਝਾਉਂਦੀ ਹੈ ਕਿ ਰੱਬ ਜੀ ਤਾਂ ਤੇਰੇ ਨਾਲ ਹਨ ਜਿਸ
ਦੀ ਪਹਿਛਾਣ ਗੁਰ- ਸ਼ਬਦ ਰਾਂਹੀ ਹੁੰਦੀ ਹੈ--
ਸਦਾ ਹਜੂਰਿ, ਦੂਰਿ ਨ ਜਾਣਹੁ॥ ਗੁਰ
ਸਬਦੀ ਹਰਿ ਅੰਤਰਿ ਪਛਾਣਹੁ॥
ਪੁਸਤਕ ਦੇ ਦਸਵੇਂ ਭਾਗ ਵਿੱਚ ਰੱਬੀ ਗੁਣਾਂ ਦੀ ਵਿਚਾਰ ਕੀਤੀ ਗਈ ਹੈ। ਜਿਸ
ਰੱਬ ਜੀ ਦਾ ਕੋਈ ਰੂਪ ਰੰਗ ਨਹੀਂ ਹੈ ਤੇ ਉਹ ਮਨੁੱਖਾਂ ਵਾਂਗ ਜੰਮਦਾ ਵੀ ਨਹੀਂ ਹੈ ਤਾਂ ਉਹ ਰੱਬ ਜੀ
ਨੂੰ ਜੀਵਨ ਵਿੱਚ ਧਾਰਨ ਕਿਵੇਂ ਕਰਨਾ ਹੈ? ਬੱਸ ਇਹੀ ਇੱਕ ਅਹਿਮ ਸਵਾਲ ਹੈ। ਆਮ ਦੁਨੀਆਂ ਦੀ ਰੱਬ ਜੀ
ਦੀ ਪ੍ਰਾਪਤੀ ਸਬੰਧੀ ਕੋਈ ਇੱਕ ਰਾਇ ਨਹੀਂ ਹੈ। ਕੋਈ ਤੀਰਥਾਂ ਦੀ ਯਾਤਰਾ ਤੇ ਜ਼ੋਰ ਦੇ ਰਿਹਾ ਹੈ ਕੋਈ
ਤੱਪ ਸਾਧ ਕੇ ਰੱਬ ਜੀ ਨਾਲ ਗੱਲਾਂ ਕਰਨੀਆਂ ਚਾਹ ਰਿਹਾ ਹੈ। ਕੋਈ ਹੱਠ ਕਰਕੇ ਸਰੀਰ ਨੂੰ ਕਸ਼ਟ ਦੇ
ਰਿਹਾ ਹੈ। ਜੇ ਦੇਖਿਆ ਜਾਏ ਤਾਂ ਇਹ ਸਾਰੀਆਂ ਗੱਲਾਂ ਦਾ ਅੱਜ ਆਮ ਸਿੱਖਾਂ ਦੇ ਜੀਵਨ ਵਿੱਚ ਵਾਪਰ
ਰਹੀਆਂ ਦੇਖੀਆ ਜਾ ਸਕਦੀਆਂ ਹਨ।
ਗੁਰੂ ਨਾਨਕ ਸਾਹਿਬ ਜੀ ਨੇ ਮੰਗਲਾ ਚਰਣ ਵਿੱਚ ਰੱਬੀ ਗੁਣਾਂ ਦਾ ਜ਼ਿਕਰ ਕੀਤਾ
ਹੈ। ਅਸੀਂ ਇਹ ਪੜ੍ਹ ਲੈਂਦੇ ਹਾਂ ਕਿ ਰੱਬ ਜੀ ਇੱਕ ਹਨ। ਹੁਣ ਇੱਕ ਆਖਣ ਨਾਲ ਸਾਡਾ ਕਲਿਆਣ ਨਹੀਂ ਹੋ
ਸਕਦਾ ਜਿੰਨਾ ਚਿਰ ਅਸੀਂ ਇੱਕ ਦੇ ਧਾਰਨੀ ਨਹੀਂ ਹੁੰਦੇ। ਜੇ ਰੱਬ ਜੀ ਇੱਕ ਹਨ ਤਾਂ ਸਾਨੂੰ ਵੀ
ਅੰਦਰੋਂ ਬਾਹਰੋਂ ਇੱਕ ਹੋਣਾ ਚਾਹੀਦਾ ਹੈ। ਜੇ ਰੱਬ ਜੀ ਨਿਰਵੈਰ ਹਨ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਵੀ
ਨਿਰਵੈਰ ਹੋਈਏ। ਜੋ ਗੁਣ ਰੱਬ ਜੀ ਦੇ ਗੁਰੂ ਸਾਹਿਬ ਜੀ ਨੇ ਦੱਸੇ ਹਨ ਉਹਨਾਂ ਦੇ ਸਾਨੂੰ ਧਾਰਨੀ ਹੋਣਾ
ਚਾਹੀਦਾ ਹੈ। ਨਿਯਮਬੱਧ ਜ਼ਿੰਦਗੀ ਵਿੱਚ ਵਿਚਰਣ ਵਾਲਾ ਹੀ ਭਗਵਾਨ ਦਾ ਰੂਪ ਹੋ ਸਕਦਾ ਹੈ ਜੇਹਾ ਕਿ
ਗੁਰਬਾਣੀ ਫਰਮਾਣ ਹੈ--
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ॥
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥ ੧੩॥
ਜਦੋਂ ਮਨੁੱਖ ਆਪਣੇ ਸੁਭਾਅ ਨੂੰ ਬਲਦਣ ਲਈ ਤਿਆਰ ਨਹੀਂ ਹੁੰਦਾ ਤਾਂ ਝੱਟ ਕਹਿ
ਦੇਂਦਾ ਹੈ ਕਿ ਅਜੇ ਰੱਬ ਜੀ ਮਿਹਰ ਕਰਨਗੇ ਤਾਂ ਮੈਂ ਇਹ ਕੰਮ ਕਰ ਲਵਾਂਗਾ। ਸੰਸਾਰ `ਤੇ ਆਉਣਾ ਉਹਨਾਂ
ਦਾ ਹੀ ਸਫਲ ਹੈ ਜਿਨ੍ਹਾਂ ਨੇ ਰੱਬ ਜੀ ਨੂੰ ਆਪਣੇ ਚਿੱਤ ਵਿੱਚ ਵਸਾ ਲਿਆ ਹੈ---
ਨਾਨਕ ਆਏ ਸੇ ਪਰਵਾਣੁ ਹੈ ਜਿਨੑ ਹਰਿ ਵੁਠਾ ਚਿਤਿ॥
ਗਾਲੀੑ ਅਲ ਪਲਾਲੀਆ ਕੰਮਿ ਨ ਆਵਹਿ ਮਿਤ॥ ੧॥
ਸਲੋਕ ਮ: ੫ ਪੰਨਾ ੩੨੦