ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ
ਸਰੀਰ ਲੂਈ ਕੰਡੇ ਖੜਾ ਹੋ ਗਿਆ
ਜਦੋਂ ਇੱਕ 70-80 ਸਾਲ ਦੇ ਬਜੁਰਗ ਜੋੜੇ ਨੂੰ ਗਲੀ ਵਿੱਚ ਰੋਂਦੇ ਜਾਂਦਿਆਂ ਵੇਖਿਆਂ। ਆਂਢ-ਗੁਆਂਢ
ਤੋਂ ਪਤਾ ਲੱਗਾ ਕਿ ਇਹਨਾ ਦੇ ਮੁੰਡੇ ਨੇ ਇਹਨਾਂ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਹੈ। ਕਿਉਂ?
ਕਿਉਂਕਿ ਹੁਣ ਇਹ ਬੋਲਦੇ ਬਹੁਤ ਹਨ ਅਤੇ ਮੁਫ਼ਤ ਦੀਆਂ ਰੋਟੀਆਂ ਤੋੜਦੇ ਹਨ। ਇਸ ਬਜੁਰਗ ਜੋੜੇ ਨੂੰ ਗਲੀ
ਵਿੱਚ ਰੋਦਿਆਂ ਜਾਂਦਿਆਂ ਵੇਖ ਕੇ ਮਨ ਅੰਦਰੋ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਆਪ ਮੁਹਾਰੇ ਨਿਕਲ
ਆਇਆ:-
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ।।
ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।।
(ਆਦਿ ਗ੍ਰੰਥ ਪੰਨਾ ਨੰਬਰ 167)
ਇਹ ਉਹੀ ਧੀਆਂ-ਪੁੱਤਰ ਹਨ, ਜਿਹਨਾਂ ਨੂੰ ਪ੍ਰਾਪਤ ਕਰਨ ਲਈ ਬੰਦਾ ਦਰ-ਦਰ ਦੀਆਂ ਠੋਕਰਾਂ ਖਾਂਦਾ ਹੈ।
ਕਈ ਵਾਰ ਮਾਪੇ ਅਜਿਹੇ ਕੰਮ ਵੀ ਕਰ ਜਾਂਦੇ ਹਨ ਜੋ ਉਹਨਾ ਦੀ ਸਮਰਥਾ ਦੇ ਯੋਗ ਨਹੀਂ ਹੁੰਦੇ। ਮਾਪੇ
ਆਪਣੀ ਔਲਾਦ ਨੂੰ ਖੁਸ਼ ਰੱਖਣ ਲਈ ਆਪਣੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਹਨ। ਇੱਥੋ ਤੱਕ ਕਿ ਕਈ ਵਾਰ
ਮਾਪੇ ਆਪਣੀ ਔਲਾਦ ਦੀ ਭਲਾਈ, ਉਹਨਾ ਦੀ ਸਿਹਤਯਾਬੀ ਲਈ ਆਪਣੇ ਪ੍ਰਾਣ ਤੱਕ ਤਿਆਗ ਦਿੰਦੇ ਹਨ। ਪਰੰਤੂ
ਕਿੰਨੇ ਦੁੱਖ ਦੀ ਗੱਲ ਹੈ ਕਿ ਇਹ ਬੱਚੇ ਇੰਨੇ ਅਕ੍ਰਿਤਘਣ ਹੋ ਗਏ ਹਨ ਕਿ ਆਪਣੇ ਮਾਂ-ਬਾਪ ਦੀ ਝੋਲੀ
ਖੁਸ਼ੀਆਂ ਨਾਲ ਭਰਨ ਦੀ ਥਾਂ ਉਹਨਾਂ ਦੀ ਝੋਲੀ ਦੁੱਖਾਂ, ਤਕਲੀਫ਼ਾਂ, ਗਾਲਾਂ ਨਾਲ ਭਰ ਦਿੰਦੇ ਹਨ ਅਤੇ
ਮਾਂ-ਬਾਪ ਦੇ ਚਾਵਾਂ, ਸੱਧਰਾਂ ਅਤੇ ਮਲਾਰਾਂ ਨੂੰ ਮਿੱਟੀ ਵਿੱਚ ਮਧੌਲ ਦਿੰਦੇ ਹਨ।
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
ਅੱਜ ਦੇ ਇਸ ਦੌਰ ਵਿੱਚ ਇਸ ਪਵਿੱਤਰ ਤੁਕ ਦੀ ਲਾਜ ਵੀ ਕੋਈ ਵਿਰਲਾ-ਟਾਵਾਂ ਹੀ ਰੱਖਦਾ ਹੈ।
ਮਾਂ ਦਾ ਕਰਜ਼ ਬੰਦਾ ਪੂਰੀ ਜ਼ਿੰਦਗੀ ਵੀ ਲੱਗਾ ਰਹੇ ਤਾਂ ਵੀ ਉਤਾਰ ਨਹੀਂ ਸਕਦਾ। ਕਿਉਂ? ਕਿਉਂਕਿ ਇਹ
ਮਾਂ ਹੀ ਹੈ ਜੋ ਨੌ ਮਹੀਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਸਾਡੀ ਸਾਂਭ-ਸੰਭਾਲ ਕਰਦੀ ਹੈ।
ਕਿੰਨੀਆਂ ਦੁੱਖ-ਤਕਲੀਫ਼ਾ ਝੱਲਦੀ ਹੈ ਪਰ ਫਿਰ ਵੀ ਪ੍ਰਵਾਹ ਨਹੀਂ ਕਰਦੀ। ਮਾਂ ਲਈ ਪ੍ਰਸੂਤੀ ਪੀੜਾਂ
ਅਸਹਿ ਹੁੰਦੀਆਂ ਹਨ ਪਰ ਮਾਂ ਆਪਣੇ ਬੱਚੇ ਲਈ ਇਹਨਾਂ ਪੀੜਾਂ ਨੂੰ ਸਹਿਣ ਕਰਦੀ ਹੈ ਅਤੇ ਜਦੋਂ ਬੱਚੇ
ਨੂੰ ਪੈਦਾ ਹੋਣ ਤੋਂ ਬਾਅਦ ਮਾਂ ਦੀ ਛਾਤੀ ਨਾਲ ਲਾਇਆ ਜਾਂਦਾ ਹੈ ਤਾਂ ਉਹੀ ਮਾਂ ਛਣ ਵਿੱਚ ਹੀ
ਸਾਰੀਆਂ ਪ੍ਰਸੂਤੀ ਪੀੜਾਂ ਭੁੱਲ ਜਾਂਦੀ ਹੈ। ਕਿਉਂ? ਕਿਉਂਕਿ ਉਹ ਆਪਣੇ ਬੱਚੇ ਦਾ ਮੁੱਖੜਾ ਵੇਖਦੇ
ਸਾਰ ਹੀ ਆਪਣੀ ਜ਼ਿੰਦਗੀ ਦੇ ਅਗਲੇਰੇ ਸੁਖਣ ਪਲਾਂ ਵਿੱਚ ਗੁਆਚ ਜਾਂਦੀ ਹੈ। ਇਹ ਮਾਂ ਹੀ ਹੈ ਜੋ
ਪੋਹ-ਮਾਘ ਦੀਆਂ ਠੰਢੀਆਂ ਰਾਤਾਂ ਵਿੱਚ ਆਪ ਗਿੱਲੀ ਰਹਿ ਕੇ ਆਪਣੇ ਬੱਚੇ ਨੂੰ ਸੁੱਕੀ ਜਗ੍ਹਾਂ ਸੁਆਉਦੀ
ਹੈ। ਇਹ ਮਾਂ ਹੀ ਹੈ ਜੋ ਹਾੜ ਦੀਆਂ ਗਰਮ ਰਾਤਾਂ ਵਿੱਚ ਸਾਰੀ ਸਾਰੀ ਰਾਤ ਆਪਣੇ ਬੱਚੇ ਨੂੰ ਪੱਖੀ
ਝੱਲਦੀ ਨਹੀਂ ਥੱਕਦੀ। ਪਰ ਕੀ ਪੁੱਤਰ ਆਪਣੀਆਂ ਮਾਂਵਾ ਨੂੰ ਉਹਨਾਂ ਦੇ ਇਸ ਪਿਆਰ ਤੇ ਦੁਲਾਰ ਦਾ ਮੁੱਲ
ਦਿੰਦੇ ਹਨ? ਸੋਚਣ ਦੀ ਲੋੜ ਹੈ।
ਮਾਂ-ਪਿਉ ਜਦੋਂ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਕਿ ਓਏ ਕੁੱਝ ਤਾਂ ਸ਼ਰਮ ਕਰੋ, ਅਸੀ ਤੁਹਾਨੂੰ ਪੈਦਾ
ਕੀਤਾ, ਪੜਾਇਆ-ਲਿਖਾਇਆ, ਕੀ ਇਸੇ ਲਈ ਕਿ ਤੁਸੀ ਵੱਡੇ ਹੋ ਕੇ ਸਾਨੂੰ ਗਾਲ੍ਹਾਂ ਕੱਢ ਸਕੋ, ਸਾਨੂੰ
ਘਰੋਂ ਕੱਢ ਸਕੋ? ਅਕ੍ਰਿਤਘਣ ਬੱਚਿਆਂ ਦਾ ਜਵਾਬ ਸੁਣੋ, ਤੁਸਾਂ ਕੋਈ ਅਹਿਸਾਨ ਨਹੀਂ ਕੀਤਾ, ਇਹ
ਤੁਹਾਡੀ ਡਿਊਟੀ ਸੀ, ਤੁਹਾਡਾ ਫ਼ਰਜ ਸੀ। ਹਰ ਕੋਈ ਮਾਂ-ਬਾਪ ਆਪਣੇ ਬੱਚੇ ਲਈ ਕਰਦਾ ਹੈ। ਕਈ ਬੇਸ਼ਰਮ
ਬੱਚੇ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਅਸੀ ਤੁਹਾਡੀ ਗਲਤੀ ਦਾ ਨਤੀਜਾ ਹਾਂ। ਕੀ ਬੀਤਦੀ
ਹੋਵੇਗੀ ਉਹਨਾ ਮਾਂ-ਬਾਪ ਤੇ ਜਿੰਨ੍ਹਾਂ ਨੂੰ ਆਪਣੇ ਬੱਚਿਆਂ ਦੇ ਮੂੰਹੋ ਅਜਿਹੀ ਅਸ਼ਲੀਲ ਅਤੇ
ਭੱਦੀ-ਸ਼ਬਦਾਵਲੀ ਸੁਣਨੀ ਪੈਂਦੀ ਹੋਵੇਗੀ।
ਇਹ ਮਾਂ-ਬਾਪ ਹੀ ਹਨ ਜੋ ਆਪਣੀ ਜ਼ਿੰਦਗੀ ਦੇ ਅਨਮੋਲ ਸਾਹ, ਦਿਨ, ਰਾਤ, ਹਫ਼ਤੇ, ਮਹੀਨੇ ਅਤੇ ਸਾਲ
ਇਹਨਾਂ ਬੱਚਿਆਂ ਦੀ ਬਿਹਤਰੀ ਲਈ ਕੁਰਬਾਨ ਕਰ ਦਿੰਦੇ ਹਨ ਤਾਂ ਜੋ ਉਹ ਅਪਣੇ ਬੱਚਿਆਂ ਨੂੰ ਉਹਨਾ
ਦੁੱਖ-ਤਕਲੀਫ਼ਾ ਤੋਂ ਪਰੇ ਰੱਖ ਸਕਣ ਜਿਹੜੀਆਂ ਉਹਨਾਂ ਨੇ ਆਪ ਹੰਢਾਈਆਂ ਹੁੰਦੀਆਂ ਹਨ। ਪਰ ਇਹ ਬੱਚੇ
ਆਪਣੇ ਮਾਂ-ਬਾਪ ਨੂੰ ਕੀ ਦਿੰਦੇ ਹਨ, ਦੁੱਖ, ਤਕਲੀਫ਼ਾ, ਤਾਹਣੇ-ਮਿਹਣੇ, ਗਾਲ੍ਹਾਂ ਜਾਂ ਫਿਰ ਉਹਨਾਂ
ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੰਦੇ ਹਨ। ਕਿਉਂ? ਕਿਉਂਕਿ ਕੋਈ ਵੀ ਸਿਰੜੀ, ਮਿਹਨਤੀ, ਇੱਜ਼ਤਦਾਰ
ਅਤੇ ਆਪਣੇ ਬੋਲਾਂ ਤੇ ਪੱਕਾ ਰਹਿਣ ਵਾਲਾ ਪਿਉ ਕਦੀ ਨਹੀਂ ਚਾਹੁੰਦਾ ਕਿ ਉਸ ਦੇ ਪੁੱਤਰ, ਜਿੰਨ੍ਹਾਂ
ਲਈ ਉਸ ਨੇ ਲੱਕ-ਭੰਨਵੀ ਮਿਹਨਤ ਕੀਤੀ, ਸ਼ਾਹੂਕਾਰਾਂ ਤੋਂ ਕਰਜ਼ੇ ਲੈ-ਲੈ ਕੇ ਉਹਨਾਂ ਨੂੰ ਪੜਾਇਆ ਹੋਵੇ
ਤੇ ਉਹੀ ਪੁੱਤਰ ਵੱਡੇ ਹੋ ਕੇ ਉਸ ਦੀ ਪੱਗ ਲਾਹ ਕੇ ਪੈਰਾ ਵਿੱਚ ਮਧੌਲਣ ਤੇ ਉਸ ਨੂੰ ਵਾਲਾਂ ਤੋਂ ਫੜ
ਕੇ ਗਲੀ ਵਿੱਚ ਧੂਣ। ਅਜਿਹੀ ਜ਼ਿੱਲਤ ਭਰੀ ਜ਼ਿੰਦਗੀ ਜੀਣ ਨਾਲੋਂ ਮਾਂ-ਪਿਉ ਖੁਦਕੁਸ਼ੀ ਕਰਨਾ ਵਧੇਰੇ
ਚੰਗਾ ਸਮਝਦੇ ਹਨ।
ਕਿੰਨੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿੱਚ ਬਿਰਧ-ਘਰਾਂ ਦੀ ਗਿਣਤੀ ਕਿੰਨੀ ਤੇਜ਼ੀ ਨਾਲ ਵੱਧ ਰਹੀਂ ਹੈ।
ਪੰਜਾਬੀ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਪੰਜਾਬ ਵਿੱਚ ਦੂਜੇ ਸੂਬਿਆਂ ਦੇ ਮੁਕਾਬਲੇ ਵਧੇਰੇ
ਬਿਰਧ-ਘਰ ਹਨ। ਪਰ ਮੈਂ ਇਹਨਾਂ ਲੋਕਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਦੱਸੋਂ ਇਸ ਵਿੱਚ ਮਾਣ ਵਾਲੀ
ਕਿਹੜੀ ਗੱਲ ਹੈ? ਸਗੋਂ ਇਹ ਤਾਂ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ, ਸਾਡੀ ਅਕ੍ਰਿਤਘਣਤਾ ਦਾ ਸਬੂਤ ਹੈ।
ਇਹ ਬਿਰਧ-ਘਰ ਹੀ ਤਾਂ ਦੱਸਦੇ ਹਨ ਕਿ ਅਸੀ ਆਪਣੇ ਜਨਮ-ਦਾਤਿਆਂ ਦੀ ਕਿੰਨੀ ਕੁ ਕਦਰ ਕਰਦੇ ਹਾਂ? ਆਪਣੇ
ਜਨਮ-ਦਾਤਿਆਂ ਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ? ਕਿੰਨੇ ਸ਼ਰਮ ਦੀ ਗੱਲ ਹੈ ਕਿ ਸਾਨੂੰ ਜਨਮ ਦੇਣ
ਵਾਲੇ ਮਾਂ-ਪਿਉ ਜਿਨ੍ਹਾਂ ਨੂੰ ਜ਼ਿੰਦਗੀ ਦੇ ਅੰਤਲੇ ਸਾਹਾਂ ਵੇਲੇ ਸਾਡੀ ਵਧੇਰੇ ਜਰੂਰਤ ਹੁੰਦੀ ਹੈ,
ਅਸੀ ਉਹਨਾਂ ਨੂੰ ਜਿੱਲਤ ਭਰੀ ਜ਼ਿੰਦਗੀ ਜੀਣ ਲਈ ਬਿਰਧ-ਘਰ ਛੱਡ ਆਉਦੇ ਹਾਂ। ਫਿਰ ਕਿੰਨੇ ਪਖੰਡ ਕਰਦੇ
ਹਾਂ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਵਾਉਦੇ ਹਾਂ। ਮੜੀਆਂ ਵਿੱਚ
ਜਾ ਕੇ ਉਹਨਾਂ ਨੂੰ ਸਾੜਨ ਵੇਲੇ ਦੇਸੀ ਘਿਉ ਲੱਕੜਾਂ ਤੇ ਪਾਉਦੇ ਹਾਂ। ਉਹਨਾਂ ਦੀ ਯਾਦ ਵਿੱਚ ਲੰਗਰ
ਲਾਉਦੇ ਹਾਂ, ਗ੍ਰੰਥੀ ਭਾਈ ਨੂੰ ਲੀੜਾ-ਕੱਪੜਾ ਦਿੰਦੇ ਹਾਂ। ਇਹ ਸਭ ਪਾਖੰਡ ਕਰਕੇ ਗ੍ਰੰਥੀ-ਭਾਈ ਦਾ
ਤਾਂ ਜਰੂਰ ਭਲਾ ਹੋ ਜਾਂਦਾ ਹੈ ਪਰ ਇਸ ਦੁਨੀਆਂ ਤੋਂ ਚਲੀ ਗਈ ਆਤਮਾ ਦੇ ਹੱਥ-ਪੱਲੇ ਕੁੱਝ ਨਹੀਂ
ਪੈਦਾ। ਕਿਉਂਕਿ ਜੀਊਦੇ ਜੀਅ ਜੋ ਮਾਂ-ਪਿਉ ਦੋ ਫੁਲਕਿਆਂ ਲਈ ਤਰਸਦਾ ਰਿਹਾ, ਉਹਨਾਂ ਨੂੰ ਮਰਨ ਤੋਂ
ਬਾਅਦ ਲੱਕੜਾ ਤੇ ਦੇਸੀ ਘਿਉ ਡੋਲਣ ਦਾ ਕੀ ਫਾਇਦਾ। ਜੀਊਂਦੇ ਜੀਅ ਜੋ ਮਾਂ-ਪਿਉ ਚੰਗੇ ਕੱਪੜੇ ਪਾਉਣ
ਲਈ ਤਰਸਦਾ ਰਿਹਾ, ਉਹਨਾਂ ਦੇ ਮਰਨ ਤੋਂ ਬਾਅਦ ਗ੍ਰੰਥੀ ਭਾਈ ਨੂੰ ਦਿੱਤੇ ਕੱਪੜਿਆਂ ਦਾ ਕੀ ਫਾਇਦਾ?
ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕਈ ਲੋਕ ਇਹ ਸਾਰੇ ਕਾਰਜ ਸਿਰਫ ਇਸ ਲਈ ਕਰਦੇ ਹਨ ਤਾਂ ਜੋ
ਮਰਨ ਤੋਂ ਬਾਅਦ ਉਹਨਾ ਦੇ ਮਾਂ-ਪਿਉ ਭੂਤ ਬਣ ਕੇ ਉਹਨਾਂ ਦਾ ਨੁਕਸਾਨ ਨਾ ਕਰਨ। ਕਿੱਡੀ ਵੱਡੀ ਤਰਾਸਦੀ
ਹੈ ਕਿ ਜੋ ਮਾਂ-ਪਿਉ ਆਪਣਾ ਲਹੂ ਵਹਾ ਕੇ ਸਾਨੂੰ ਜੀਵਨ ਦਿੰਦੇ ਹਨ ਅਸੀ ਉਹਨਾਂ ਰੱਬ ਰੂਪੀ ਆਤਮਾਵਾਂ
ਲਈ ਇਹੋ ਜਿਹੀਆਂ ਭਾਵਨਾਵਾਂ ਰੱਖਦੇ ਹਾਂ। ਇੱਕ ਉਹ ਮਾਂ-ਪਿਉ ਹਨ ਜੋ ਔਲਾਦ ਨਾ ਹੋਣ ਕਰਕੇ ਦੁੱਖੀ ਹਨ
ਅਤੇ ਇੱਕ ਉਹ ਮਾਂ-ਪਿਉ ਹਨ ਜਿਨ੍ਹਾਂ ਨੂੰ ਔਲਾਦ ਨੇ ਦੁੱਖੀ ਕੀਤਾ ਹੋਇਆ ਹੈ। ਪਿੰਡਾਂ ਵਿੱਚ ਤਾਂ
ਹਾਲਾਤ ਬਹੁਤ ਹੀ ਭਿਆਨਕ ਬਣੇ ਹੋਏ ਹਨ। ਕਿਉਂਕਿ ਪੰਜ-ਪੰਜ ਪੁੱਤਰ ਹੋਣ ਤੇ ਬਾਵਜੂਦ ਵੀ ਮਾਂ-ਪਿਉ
ਨੂੰ ਜਾਂ ਤਾਂ ਰੋਟੀ ਮੰਗ ਕੇ ਖਾਣੀ ਪੈਂਦੀ ਹੈ ਜਾਂ ਫਿਰ ਮਿਹਨਤ-ਮਜਦੂਰੀ ਕਰਕੇ। ਇਹ ਕਿਹੋ ਜਿਹੀ
ਔਲਾਦ ਹੈ ਜੋ ਆਪਣੇ ਮਾਂ-ਪਿਉ ਨੂੰ ਦੋ ਵਕਤ ਦੀ ਰੋਟੀ ਨਹੀਂ ਦੇ ਸਕਦੀ। ਜਿਹੜੇ ਮਾਂ-ਪਿਉ ਨੇ ਆਪਣੀ
ਸਾਰੀ ਜ਼ਿੰਦਗੀ ਇਸ ਔਲਾਦ ਦੇ ਲੇਖੇ ਲਾ ਦਿੱਤੀ, ਉਸ ਮਾਂ-ਪਿਉ ਨੂੰ ਦੋ ਵਕਤ ਦੀ ਰੋਟੀ ਅਤੇ ਥੋੜਾ
ਜਿਹਾ ਸਮਾਂ ਦੇਣਾ ਜਾਇਜ਼ ਨਹੀਂ। ਸੋਚਣ ਦੀ ਲੋੜ ਹੈ।
ਅੱਜ ਕੱਲ ਜਨਮ-ਦਾਤਿਆਂ ਦੀ ਜਿਹੀ ਹਾਲਤ ਵੇਖ ਕੇ ਮੈਨੂੰ ਭਗਤ ਰਵੀਦਾਸ ਜੀ ਦਾ ਇਹ ਸਲੋਕ ਚੇਤੇ ਆਉਦਾ
ਹੈ:-
ਜੈਸਾ ਰੰਗੁ ਕਸੁੰਭ ਕਾ ਤੈਸਾ ਇਹ ਸੰਸਾਰ।
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ।
(ਆਦਿ ਗ੍ਰੰਥ ਪੰਨਾ ਨੰਬਰ 345)
ਸੰਸਾਰ ਦੇ ਸਾਰੇ ਰਿਸ਼ਤੇ ਝੂਠੇ ਹਨ। ਕਸੁੰਭ ਦੇ ਰੰਗ ਦੇ ਭਾਂਤੀ ਹਨ ਜੋ ਛਣ ਵਿੱਚ ਹੀ ਲੱਥ ਜਾਂਦਾ
ਹੈ। ਇਹ ਪੁੱਤਰਾਂ, ਧੀਆਂ, ਯਾਰ, ਦੋਸਤ ਅਤੇ ਰਿਸ਼ਤੇਦਾਰ ਉਦੋ ਤੱਕ ਆਪਣੇ ਹਨ ਜੋ ਤੱਕ ਉਹਨਾਂ ਦੇ
ਸਵਾਰਥ ਪੂਰੇ ਹੁੰਦੇ ਹਨ। ਸਵਾਰਥ ਪੂਰਾ ਹੋਣ ਤੋਂ ਬਾਅਦ ਸਾਰੇ ਰਿਸ਼ਤੇ ਛਣ ਵਿੱਚ ਹੀ ਖਤਮ ਹੋ ਜਾਂਦੇ
ਹਨ। ਇਸ ਬਾਰੇ ਇੱਕ ਕਵੀ ਨੇ ਬੜਾ ਸੋਹਣਾ ਲਿਖਿਆ ਹੈ:-
ਕਿੰਨ੍ਹੇ ਕੱਚੇ ਤੇ ਕਿੰਨ੍ਹੇ ਖੋਖਲੇ ਨੇ ਰਿਸ਼ਤੇ ਸਭ,
ਕਿੰਨ੍ਹਾ ਵੀ ਇੰਨ੍ਹਾ ਨੂੰ ਪੱਕਾ ਕਰ ਲਉ,
ਕੱਚੇ ਹੀ ਰਹਿੰਦੇ ਨੇ ਰਿਸ਼ਤੇ ਸਭ।
ਅੰਤ ਵਿੱਚ ਹੀ ਕਹਿਣਾ ਚਾਹੁੰਦਾ ਹਾਂ ਕਿ ਜਨਮ-ਦਾਤਿਆਂ ਨੂੰ ਉਹਨਾਂ ਦਾ ਬਣਦਾ ਮਾਣ-ਸਨਮਾਨ ਦੇਣਾ
ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਕਿ ਜਨਮ-ਦਾਤਿਆਂ ਨੂੰ ਗਲੀਆਂ ਵਿੱਚ ਰੁਲਦਾ ਵੇਖ ਕੇ ਮਾਂ-ਪਿਉ ਦੇ
ਮਨ ਅੰਦਰ ਵਿੱਚ ਇਹ ਵਿਚਾਰ ਘਰ ਕਰ ਜਾਵੇ ਕਿ ਔਲਾਦ ਹੋ ਕੇ ਪਛਤਾਉਣ ਨਾਲੋ ਚੰਗਾ ਹੈ ਕਿ ਔਲਾਦ ਨਾ
ਹੋਵੇ। ਇਸ ਲਈ ਸੋਚਣ ਦੀ ਲੋੜ ਹੈ।
ਹਰਦਰਸ਼ਨ ਸਿੰਘ ਕਮਲ
ਪਿੰਡ ਪਿੱਦੀ, ਤਹਿਸੀਲ ਤੇ ਜਿਲ੍ਹਾ ਤਰਨ ਤਾਰਨ (ਪੰਜਾਬ),
ਪਿਨ ਕੋਡ-143401,
ਮੋਬਾਇਲ ਨੰਬਰ: 97797-12110
(ਮੈਂਬਰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ (ਰਜਿ: ), ਤਰਨ ਤਾਰਨ)
(ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ: ) ਪੰਜਾਬ)