. |
|
ਮੁਕਤੀ
ਕਿਸੇ ਵੀ ਤਰਾਂ ਦੇ ਬੰਧਨਾਂ ਤੋਂ ਸੁਤੰਤ੍ਰ ਹੋਣ ਜਾਂ ਖਲਾਸੀ (ਛੁਟਕਾਰਾ)
ਪਾਉਣ ਦਾ ਨਾਮ ਮੁਕਤੀ ਹੈ ਇਸ ਲਈ ਮੁਕਤ ਹੋਣ ਲਈ ਪਹਿਲਾਂ ਬੰਧਨਾਂ ਨੂੰ ਜਾਨਣਾ ਜ਼ਰੂਰੀ ਹੈ।
ਕਿਉ ਬਾਧਿਓ ਕਿਉ ਮੁਕਤੀ ਪਾਵੈ ॥ ਕਿਉ
ਅਬਿਨਾਸੀ ਸਹਜਿ ਸਮਾਵੈ ॥ (152) । ਬੰਧਨ ਦੋ
ਤਰਾਂ ਦੇ ਹੀ ਹੁੰਦੇ ਹਨ, ਇੱਕ ਸਰੀਰਕ ਤੇ ਇੱਕ ਮਾਨਸਿਕ। ਸਰੀਰਕ ਬੰਧਨ ਬਾਹਰ ਨਜ਼ਰ ਆਉਂਦੇ ਹਨ ਤੇ
ਉਹਨਾਂ ਤੋਂ ਮੁਕਤ ਹੋਣ ਦੇ ਯਤਨ ਵੀ ਬਾਹਰ ਸਰੀਰਕ ਹੀ ਹੁੰਦੇ ਹਨ ਪਰ ਮਾਨਸਿਕ ਮੋਹ ਮਾਇਆ ਦੇ ਬੰਧਨ
ਅਦ੍ਰਿਸ਼ਟ ਹਨ ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ, ਇਸ ਲਈ ਇਹਨਾਂ ਤੋਂ ਮੁਕਤ ਹੋਣ ਦੇ ਯਤਨ ਵੀ
ਅੰਦਰੂਨੀ (ਮਾਨਸਿਕ) ਹੀ ਹੋ ਸਕਦੇ ਹਨ। ਇਹ ਇੱਕ ਹਕੀਕਤ ਹੈ ਕਿ ਸਰੀਰਕ ਬੰਧਨਾ ਤੋਂ ਤਾਂ ਹਰ ਮਨੁੱਖ
ਦੁਖੀ ਨਹੀ, ਪਰ ਮਾਨਸਿਕ ਬੰਧਨਾ ਤੋਂ ਹਰ ਮਨੁੱਖ ਦੁਖੀ ਜ਼ਰੂਰ ਹੈ।
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥
(497) ਜਾਂ
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ
ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥ {ਪੰਨਾ 1382}।
ਇਸ ਲਈ ਗੁਰੂ ਨੂੰ ਮਨੁੱਖ ਦੇ ਸਰੀਰਕ ਬੰਧਨਾ ਦੀ ਇਤਨੀ ਚਿੰਤਾ ਨਹੀ ਜਿਤਨੀ ਮਾਨਸਿਕ ਬੰਧਨਾ ਦੀ
ਚਿੰਤਾ ਹੈ ਕਿਉਂਕਿ ਇਹ ਬੰਧਨ ਹਰ ਮਨੁੱਖ ਦੀ ਜ਼ਿੰਦਗੀ ਦੇ ਦੁੱਖਾਂ ਦਾ ਕਾਰਨ ਹਨ। ਸਮੂਹ ਗੁਰਬਾਣੀ ਦਾ
ਮਨੋਰਥ ਹੀ ਮਨੁੱਖ ਦੇ ਮਨ ਨੂੰ ਸੁਧਾਰ ਕੇ (ਪਵਿਤ੍ਰ ਜਾਂ ਨਿਰਮਲ ਕਰਕੇ) ਉਸ ਦੇ ਜੀਵਨ ਨੂੰ ਮਾਨਸਿਕ
ਬੰਧਨਾ ਤੋਂ ਮੁਕਤ ਕਰਾ ਕੇ ਸੁਖੀ ਬਨਾਉਣਾ ਹੈ। ਹੁਣ ਜੇ ਮਨੁੱਖ ਦੇ ਬੰਧਨ ਤਾਂ ਮਾਨਸਿਕ ਹੋਣ ਪਰ
ਮੁਕਤੀ ਦੇ ਯਤਨ ਸਰੀਰਕ ਹੋਣ, ਜਿਵੇਂ ਰੋਗ ਤਾਂ ਮਾਨਸਿਕ ਹੋਵੇ ਪਰ ਦਵਾ ਦਾਰੂ ਦੇ ਯਤਨ ਸਰੀਰਕ ਹੋਣ
ਤਾਂ ਸਫਲਤਾ ਨਹੀ ਮਿਲ ਸਕਦੀ। ਵੇਖਣ ਨੂੰ ਇਹ ਗਲ ਬੜੀ ਸਾਧਾਰਨ ਤੇ ਸੌਖੀ ਜਿਹੀ ਜਾਪਦੀ ਹੈ ਪਰ
ਅਗਿਆਨਤਾ ਕਾਰਨ ਮਨੁਖ ਸਦੀਆਂ ਤੋਂ ਹੀ ਇਸ ਗੋਰਖ ਧੰਧੇ ਵਿੱਚ ਫਸਿਆ ਦੁਖੀ ਹੋ ਰਿਹਾ ਹੈ। ਅਗਰ ਦੀਵੇ
(ਸਰੀਰਾਂ) ਤੋਂ ਨਜ਼ਰ ਉਠਾ ਕੇ ਪ੍ਰਕਾਸ਼ (ਗੁਰਗਿਆਨ) ਨੂੰ ਵੇਖ (ਜਾਣ) ਲੈਂਦਾ, ਤਾਂ ਸਦੀਆਂ ਤੋਂ
ਵਿਆਪੀ ਦੁੱਖਾਂ ਦੇ ਬੰਧਨਾਂ ਤੇ ਭਟਕਣਾ ਤੋਂ ਮੁਕਤ ਹੋ ਜਾਂਦਾ ਕਿਉਂਕਿ ਪ੍ਰਕਾਸ਼ ਨੇ ਹੀ ਰਾਹ
ਦਿਖਾਉਣਾ ਸੀ ਕਿ:
1. ਬੰਧਨ ਕਾਮਨਾਵਾਂ, ਆਸਾਂ, ਇਛਾਵਾਂ ਹਨ ਤੇ
ਮੁਕਤੀ
ਨਿਰਆਸ ਹੋਣਾ ਹੈ
2. ਬੰਧਨ ਕ੍ਰੋਧ ਹੈ ਤੇ
ਮੁਕਤੀ ਸ਼ਾਂਤੀ ਹੈ
3. ਬੰਧਨ ਲੋਭ ਹੈ ਤੇ
ਮੁਕਤੀ ਸੰਤੋਖ ਹੈ
4. ਬੰਧਨ ਮੋਹ (ਪਕੜ) ਹੈ ਤੇ
ਮੁਕਤੀ ਨਿਰਲੇਪਤਾ ਹੈ
5. ਬੰਧਨ ਅਹੰਕਾਰ ਹੈ ਤੇ
ਮੁਕਤੀ ਨਿਮਰਤਾ ਹੈ
6. ਬੰਧਨ ਕੱਟੜਪਨ ਹੈ ਤੇ
ਮੁਕਤੀ ਵਿਸ਼ਾਲਤਾ ਹੈ
7. ਬੰਧਨ ਸੁੰਘੜਨਾ ਹੈ ਤੇ
ਮੁਕਤੀ ਫੈਲਾਉ ਹੈ
8. ਬੰਧਨ ਘਿਰਨਾ ਹੈ ਤੇ
ਮੁਕਤੀ ਪਿਆਰ ਹੈ
9. ਬੰਧਨ ਬਦਲਾ ਹੈ ਤੇ
ਮੁਕਤੀ ਖਿਮਾ ਹੈ
10. ਬੰਧਨ ਅਗਿਆਨਤਾ ਹੈ ਤੇ
ਮੁਕਤੀ ਗਿਆਨ ਹੈ
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥
635
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥ 702
ਹਉਮੈ ਬੰਧਨ ਬੰਧਿ ਭਵਾਵੈ ॥ 226
ਕਰਮ
ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ 551
ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥ 383
ਗੁਰਬਾਣੀ ਦੀ ਸਿਖਿਆ ਮਨੁੱਖ ਨੂੰ ਇਹਨਾ ਅਦ੍ਰਿਸ਼ਟ ਮਾਨਸਿਕ ਬੰਧਨਾ ਤੋਂ
ਮੁਕਤੀ ਦਾ ਰਾਹ ਦਰਸਾਉਂਦੀ ਹੈ। ਗੁਰਬਾਣੀ ਫੁਰਮਾਨ ਹੈ :
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ (534)।
ਭਾਵ: ਹੇ ਪਿਆਰੇ ਪ੍ਰਭੂ, ਮੈ ਰਾਜ ਨਹੀ ਮੰਗਦਾ, ਮੁਕਤੀ
ਨਹੀ ਮੰਗਦਾ (ਮੇਹਰ ਕਰ, ਕੇਵਲ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿੱਚ ਟਿਕਿਆ ਰਹੇ।
ਲਗਦਾ ਤਾਂ ਇਉਂ ਹੈ ਜਿਵੇਂ ਮੁਕਤੀ ਦੀ ਮੰਗ ਨੂੰ ਠੁਕਰਾਇਆ ਗਿਆ ਹੈ ਪਰ ਅਸਲ ਵਿੱਚ (ਇਕੋ ਪਰਮਾਤਮਾ
ਦੀ ਮੰਗ ਨਾਲ) ਸਮੁੱਚੀਆਂ ਮੰਗਾਂ ਤੋਂ ਮੁਕਤ ਕੀਤਾ ਗਿਆ ਹੈ। (ਗੁਰਬਾਣੀ ਦੁਆਰਾ) ਪ੍ਰਭੂ ਦੇ ਚਰਨ
ਕਮਲਾਂ ਦੀ ਪ੍ਰੀਤ, ਪ੍ਰਭੂ ਨਾਲ ਸਾਂਝ ਹੀ ਸਮੁੱਚੇ ਮਾਨਸਿਕ ਬੰਧਨਾ ਤੋਂ ਮੁਕਤੀ ਹੈ।
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ
ਦੁਆਰ ॥
62
ਸਾਰੇ ਮਾਨਸਿਕ ਬੰਧਨਾ ਤੋਂ ਮੁਕਤੀ ਦਾ ਰਾਹ ਗੁਰੂ ਦੀ ਸ਼ਰਨ
ਵਿੱਚ ਹੀ ਹੈ। ਅਨਜਾਣਪੁਣੇ ਵਿੱਚ ਨਿੱਤ ਦੀਆਂ ਅਰਦਾਸਾਂ ਵਿੱਚ ਦੁਨਿਆਵੀ ਲੋੜਾਂ ਤੇ ਸੁੱਖਾਂ ਦੀਆਂ
ਮੰਗਾਂ ਦੁਆਰਾ ਮਨੁੱਖ ਬੰਧਨਾ ਵਿੱਚ ਪੈ ਰਿਹਾ ਹੈ। ਪਰਮਾਤਮਾ ਤੋਂ ਬਿਨਾ, ਕਿਸੇ ਹੋਰ ਮੰਗ ਦਾ ਅਰਥ
ਹੀ ਇਹ ਹੈ ਕਿ ਉਸ ਦੇ ਦਿੱਤੇ ਤੇ ਸੰਤੁਸ਼ਟੀ ਨਹੀ, ਸਹਿਮਤੀ ਨਹੀ, ਰੋਸ ਹੈ, ਗਿਲਾ ਹੈ, ਸ਼ਿਕਵਾ ਹੈ ਕਿ
ਜੋ ਉਸ ਨੇ ਦਿੱਤਾ ਹੈ ਉਹ ਮੇਰੀ ਯੋਗਤਾ ਮੁਤਾਬਿਕ ਨਹੀ ਹੈ। ਗੁਰੂ ਤਾਂ ਸੁਚੇਤ ਕਰਕੇ ਸਮੁੱਚੀਆਂ
ਮੰਗਾਂ ਦੇ ਬੰਧਨਾਂ ਤੋਂ ਮੁਕਤੀ ਦਾ ਰਾਹ ਦਰਸਾਉਂਦਾ ਹੈ:
ਮਮਾ ਮਾਗਨਹਾਰ ਇਆਨਾ ॥ ਦੇਨਹਾਰ ਦੇ ਰਹਿਓ ਸੁਜਾਨਾ ॥ ਜੋ ਦੀਨੋ ਸੋ ਏਕਹਿ
ਬਾਰ ॥ ਮਨ ਮੂਰਖ ਕਹ ਕਰਹਿ ਪੁਕਾਰ ॥ ਜਉ ਮਾਗਹਿ ਤਉ ਮਾਗਹਿ ਬੀਆ ॥ ਜਾ ਤੇ ਕੁਸਲ ਨ ਕਾਹੂ ਥੀਆ ॥
ਮਾਗਨਿ ਮਾਗ ਤ ਏਕਹਿ ਮਾਗ ॥ ਨਾਨਕ ਜਾ ਤੇ ਪਰਹਿ ਪਰਾਗ ॥{ਪੰਨਾ 258} ।
ਬੇਸਮਝ ਜੀਵ, ਹਰ ਵੇਲੇ ਦੁਨਿਆਵੀ ਮੰਗਾਂ ਹੀ ਮੰਗਦਾ ਰਹਿੰਦਾ ਹੈ, ਉਹ ਸੁਜਾਨ ਦਾਤਾਰ ਨੇ ਸਭ ਕੁੱਝ
ਇਕੋ ਵਾਰ ਹੀ ਦੇ ਦਿੱਤਾ ਹੈ ਪਰ ਇਹ ਮੂਰਖ ਮਨ ਫੇਰ ਹੋਰ ਲਈ ਤਰਲੇ (ਅਰਦਾਸਾਂ) ਕਰੀ ਜਾਂਦਾ ਹੈ।
ਜਦੋਂ ਭੀ ਮੰਗਦਾ ਹੈ (ਪਰਮਾਤਮਾ ਤੋਂ ਬਿਨਾ) ਹੋਰ ਹੋਰ ਵਸਤੂਆਂ ਹੀ ਮੰਗਦਾ ਹੈ ਜਿਨ੍ਹਾਂ ਤੋਂ ਆਤਮਕ
ਸੁੱਖ (ਮੁਕਤੀ) ਨਹੀ ਮਿਲ ਸਕਦਾ (ਕਿਉਂਕਿ ਉਹ ਮੰਗਾਂ ਬੰਧਨ ਬਣ ਜਾਂਦੀਆਂ ਹਨ)। ਜੇ ਮੰਗਣਾ ਹੀ ਹੈ
ਤਾਂ ਪ੍ਰਭੂ ਕੋਲੋਂ ਪ੍ਰਭੂ ਨੂੰ ਹੀ ਮੰਗ, ਜਿਸ ਨਾਲ ਹੋਰ ਸਮੁੱਚੀਆਂ ਮੰਗਾਂ ਦੇ ਬੰਧਨਾ ਤੋਂ ਮੁਕਤੀ
ਮਿਲ ਜਾਵੇ। ਵੱਡ੍ਹੀ ਮੁਸ਼ਕਿਲ ਇਹ ਹੈ ਕਿ ਜਿਹੜੇ ਬੰਧਨ (ਰੋਗ) ਪੁਰਾਣੇ ਹੋ ਜਾਣ ਉਹ ਮਨ (ਤਨ) ਦਾ
ਹਿੱਸਾ ਹੀ ਬਣ ਜਾਂਦੇ ਹਨ, ਮਨ ਉਹਨਾ ਨੂੰ ਕਬੂਲ ਕਰ ਲੈਂਦਾ ਹੈ, ਉਹਨਾ ਨਾਲ ਸਹਿਮਤ ਹੋ ਜਾਂਦਾ ਹੈ
ਤੇ ਫਿਰ ਉਹ ਬੰਧਨ (ਰੋਗ) ਲਗਦੇ ਹੀ ਨਹੀ। ਜੀਵਨ ਵਿੱਚ ਕਈ ਰੋਗ ਖਾਨਦਾਨੀ ਹੁੰਦੇ ਹਨ ਜੋ ਪੁਸ਼ਤਾਂ
ਤੋਂ ਚਲੇ ਆ ਰਹੇ ਹੁੰਦੇ ਹਨ ਤੇ ਮਨੁੱਖ ਉਨਾਂ ਨੂੰ ਸਵੀਕਾਰ ਕਰ ਲੈਂਦਾ ਹੈ, ਰਜ਼ਾਮੰਦ ਹੋ ਜਾਂਦਾ ਹੈ,
ਤਿਵੇਂ ਇਹ ਮੋਹ ਮਾਇਆ ਦਾ ਰੋਗ (ਬੰਧਨ) ਵੀ ਮਨੁੱਖ ਦਾ ਜਮਾਂਦਰੂ (ਤੇ ਪੁਸ਼ਤੀ) ਰੋਗ ਹੋਣ ਕਾਰਨ ਉਸ
ਨੇ ਇਸ ਨੂੰ ਇਤਨਾ ਅਪਨਾ ਲਿਆ ਹੈ ਕਿ ਹੁਣ ਤੋਤੇ ਦੇ ਪਿੰਜਰੇ ਵਾਂਗ ਇਹ ਬੰਧਨ ਨਹੀ, ਸੁਰੱਖਿਆ ਹੀ
ਲਗਦਾ ਹੈ।
ਯਾ ਜੁਗ ਮਹਿ ਏਕਹਿ ਕਉ ਆਇਆ ॥ ਜਨਮਤ ਮੋਹਿਓ ਮੋਹਨੀ ਮਾਇਆ ॥ (251)।
ਅਗਿਆਨਤਾ ਕਾਰਨ ਮੋਹ ਮਾਇਅ ਦੇ ਬੰਧਨਾ ਵਿੱਚ ਪੈ
ਕੇ ਮੁਕਤੀ ਨੂੰ ਹੀ ਭੁੱਲ ਗਿਆ। ਇਹ ਬੰਧਨ ਹੀ ਸੁਰੱਖਿਆ ਦਾ ਰੂਪ ਧਾਰ ਗਏ ਤੇ ਹੁਣ ਬੰਧਨ ਲਗਦੇ ਹੀ
ਨਹੀ, ਹੱਥਕੜੀਆਂ ਹੀ ਜ਼ੇਵਰ ਲੱਗਣ ਲੱਗ ਪਈਆਂ, ਬੰਦੀਖਾਨਾ ਹੀ ਘਰ ਜਾਪਣ ਲੱਗਾ, ਪਰ ਜਦੋਂ ਕਿਸੇ
ਵਿਰਲੇ ਮਨੁੱਖ ਨੇ ਮਨ ਅੰਦਰੋਂ ਸੱਚ ਦੀ ਖੋਜ ਕਰਕੇ ਮੋਹ ਮਾਇਆ ਦੇ ਬੰਧਨਾਂ ਨੂੰ ਪਛਾਣ ਕੇ ਇਹਨਾਂ
ਤੋਂ ਮੁਕਤੀ ਦਾ ਰਾਹ ਲੱਭਿਆ ਤਾਂ ਉਸ ਨੇ ਇਸ ਦਾ ਨਾਂ ਮੁਕਤੀ ਮਾਰਗ, ਸੱਚ ਮਾਰਗ, ਧਰਮ ਮਾਰਗ, (ਮੋਹ
ਮਾਇਆ ਦੀ ਮੈਲ ਜਾਂ ਬੰਧਨਾ ਤੋਂ ਰਹਿਤ) ਨਿਰਮਲ ਪੰਥ ਰਖਿਆ। ਇਸ ਮਾਰਗ ਨੂੰ ਅਵਘਟ ਘਾਟੀ (ਔਖਾ ਪਹਾੜੀ
ਰਸਤਾ), ਖੰਡੇਧਾਰ ਮਾਰਗ ਜਾਂ ਬਿਖੜਾ ਮਾਰਗ ਵੀ ਕਿਹਾ ਗਿਆ ਹੈ ਕਿਉਂਕਿ ਇਹ ਰਸਤਾ ਬਾਹਰ ਦਿਸਦਾ ਨਹੀ
(ਅੰਦਰੂਨੀ ਮਨ ਨਾਲ ਸੰਬੰਧਤ ਹੈ) ਤੇ ਅਦ੍ਰਿਸ਼ਟ ਹੋਣ ਕਾਰਨ ਇਸ ਤੇ ਚਲਣਾ ਬੜਾ ਕਠਨ ਹੈ, ਇਸ ਲਈ
ਅਗਿਆਨੀ, ਲੋਭੀ ਤੇ ਚਤੁਰ ਮਨੁੱਖ ਨੇ ਆਪਣੇ ਨਿੱਜੀ ਸਵਾਰਥ ਤੇ ਆਸਾਨੀ ਲਈ ਇਸ ਅੰਦਰੂਨੀ ਕਠਨ ਤੇ
ਅਦ੍ਰਿਸ਼ਟ ਰਸਤੇ ਨੂੰ (ਕਰਮ ਕਾਂਡਾਂ ਦੁਆਰਾ) ਬਾਹਰਲਾ ਸੌਖਾ ਤੇ ਦ੍ਰਿਸ਼ਟਮਾਨ ਰਾਹ ਬਣਾ ਲਿਆ।
ਅੰਦਰੂਨੀ ਮਾਨਸਿਕ ਕਰਮ ਨੂੰ ਬਾਹਰ ਸਰੀਰਕ ਕਰਮ ਕਾਂਡ ਬਣਾ ਕੇ ਬੰਧਨਾਂ ਵਿੱਚ ਪੈ ਗਿਆ। ਮੁਕਤੀ ਦੇ
ਮਾਰਗ ਨੂੰ ਹੀ ਬੰਧਨ ਬਣਾ ਲਿਆ। ਹੁਣ ਸਭ ਕੁਛ ਉਲਟ ਪੁਲਟ ਹੋ ਗਿਆ ਕਿਉਂਕਿ ਜੋ ਮੋਹ ਮਾਇਆ
(ਵਿਕਾਰਾਂ) ਦੇ ਬੰਧਨ ਹਨ ਉਹ ਤਾਂ ਅੰਦਰੂਨੀ ਤੇ ਅਦ੍ਰਿਸ਼ਟ ਹਨ ਪਰ ਉਹਨਾਂ ਤੋਂ ਮੁਕਤ ਹੋਣ ਦੇ ਸਾਧਨ
ਸਭ ਬਾਹਰ ਤੇ ਦ੍ਰਿਸ਼ਟਮਾਨ ਤਨ ਦੇ ਕਰਮ ਕਾਂਡ ਹਨ ਜਿਸ ਕਾਰਨ ਮਨੁੱਖ ਮੁਕਤ ਹੋਣ ਦੀ ਬਜਾਇ ਮੋਹ ਮਾਇਆ
ਦੀ ਦਲ ਦਲ ਵਿੱਚ ਹੋਰ ਡੂੰਗਾ ਖੁੱਭੀ ਜਾ ਰਿਹਾ ਹੈ। ਦਵਾ ਗ਼ਲਤ ਹੋਣ ਕਾਰਨ ਰੋਗ ਦੀਰਘ ਬਣ ਗਿਆ। ਅੱਜ
ਧਰਮ ਦੀ ਦੁਨੀਆਂ ਵਿੱਚ ਅਨਗਿਣਤ ਬਾਹਰਲੇ ਕਰਮ ਧਰਮ ਹੁੰਦੇ ਹੋਏ ਵੀ ਮਨੁੱਖ ਮੋਹ ਮਾਇਆ ਦੇ ਬੰਧਨਾਂ
ਤੋਂ ਮੁਕਤੀ ਨਹੀ ਪਾ ਸਕਿਆ ਕਿਉਂਕਿ ਬੰਧਨਾ ਤੋਂ ਅਨਜਾਣ ਹੋਣ ਕਾਰਨ ਇਹ ਕੁਰਾਹੇ ਪਿਆ ਹੋਇਆ ਦਵਾ
ਦਾਰੂ ਹੀ ਗ਼ਲਤ ਵਰਤ ਰਿਹਾ ਹੈ। ਮੁਕਤੀ (ਧਰਮ) ਦਾ ਤਾਂ ਅਰਥ ਹੀ ਸੁਤੰਤ੍ਰਤਾ ਹੈ, (ਕਰਮ ਧਰਮ ਦੇ)
ਬੰਧਨਾਂ ਤੋਂ ਛੁਟਕਾਰਾ ਹੈ, ਪਰ ਜੇ ਮਨੁੱਖ ਮੁਕਤੀ (ਧਰਮ) ਨੂੰ ਹੀ ਬੰਧਨ ਬਣਾ ਲਵੇ ਤਾਂ ਮੁਕਤੀ ਦਾ
ਉਪਾਉ ਕੀ ਰਹਿ ਜਾਵੇਗਾ?
ਮਸਾਲ ਦੇ ਤੌਰ ਤੇ ਭਰਮ ਪਾਇਆ ਗਿਆ ਕਿ ਤੀਰਥਾਂ ਤੇ ਜਾ ਕੇ ਪੁੰਨ ਦਾਨ, ਦਰਸ਼ਨ
ਇਸ਼ਨਾਨ ਤੇ ਪਾਠ ਪੂਜਾ ਕਰਨ ਨਾਲ ਕੀਤੇ ਪਾਪਾਂ (ਦੇ ਬੰਧਨਾਂ) ਤੋਂ ਮੁਕਤੀ ਮਿਲ ਸਕਦੀ ਹੈ। ਬੱਸ, ਫਿਰ
ਕੀ ਸੀ, ਬਿਨਾ ਵੀਚਾਰੇ ਹੋ ਗਈ ਭੇਡ ਚਾਲ ਸ਼ੁਰੂ। ਹਫੜਾ ਦਫੜੀ ਵਿੱਚ ਕਿਸੇ ਨੂੰ ਇਹ ਸੋਚਣ ਦੀ ਫੁਰਸਤ
ਹੀ ਨਹੀ ਕਿ ਪਾਪਾਂ ਦਾ ਰੋਗ ਤਾਂ ਮਾਨਸਿਕ ਰੋਗ ਹੈ ਪਰ ਦਵਾ ਦਾਰੂ (ਬਾਹਰ ਕਰਮ ਕਾਂਡਾਂ ਨਾਲ) ਤਨ ਤੇ
ਜਾਂ ਤਨ ਨਾਲ ਹੋ ਰਿਹਾ ਹੈ। ਸਦੀਆਂ ਤੋਂ ਇਹ ਕਰਮ ਕਾਂਡ ਹੋ ਰਿਹਾ ਹੈ, ਕੁੰਭ ਮੇਲੇ ਤੇ ਨੰਗ ਤੜੰਗਾ
ਮਨੁੱਖ ਨਦੀ ਵਿਚੋਂ ਮੁਕਤੀ ਨੂੰ ਲੱਭਣ ਲਈ ਦੌੜਿਆ ਫਿਰਦਾ ਹੈ, ਤੀਰਥ ਸਰੋਵਰਾਂ ਵਿੱਚ ਮੁਕਤੀ ਲਈ
ਚੁੱਭੀਆਂ ਮਾਰ ਕੇ ਚੂਲ਼ੀਆਂ ਲੈ ਕੇ ਕੀਤੇ ਪਾਪਾਂ ਦੀ ਅੰਦਰੂਨੀ ਮੈਲ ਨੂੰ ਧੋਣ ਦਾ ਯਤਨ ਕਰ ਰਿਹਾ ਹੈ,
ਸਰੋਵਰ ਦੇ ਪਾਣੀ ਵਿੱਚ ਜਾਂ ਪਉੜੀਆਂ ਤੇ ਖਲੋ ਕੇ ਮੰਤ੍ਰਾਂ ਦੇ ਜਾਪ ਜਾਂ ਪਾਠਾਂ ਨਾਲ ਮਾਨਸਿਕ
ਬੰਧਨਾ ਤੋਂ ਮੁਕਤੀ ਦਾ ਭਰਮ ਪਾਲੀ ਬੈਠਾ ਹੈ, ਪਰ ਕਿਸੇ ਨੂੰ ਇਹ ਨਹੀ ਸੁੱਝਿਆ ਕਿ ਜੇ ਪਾਪਾਂ ਦੀ
ਮੈਲ ਅੰਦਰੂਨੀ ਹੈ ਤਾਂ ਉਸ ਨੂੰ ਧੋਣ ਵਾਲਾ ਪਾਣੀ ਵੀ ਅੰਦਰੂਨੀ ਹੀ ਹੋਣਾ ਚਾਹੀਦਾ ਹੈ, ਨਹੀ ਤਾਂ ਇਹ
ਮੈਲ ਕਿਵੇਂ ਉਤਰ ਸਕਦੀ ਹੈ? ਕਾਸ਼! ਜੇ ਗੁਰੂ ਨਾਲ ਸਾਂਝ ਪਾਈ ਹੁੰਦੀ ਤਾਂ ਸੂਝ ਮਿਲ ਜਾਂਦੀ ਕਿ:
ਤੀਰਥ ਨਾਇ ਨ ਉਤਰਸਿ ਮੈਲੁ ॥
ਕਰਮ ਧਰਮ ਸਭਿ ਹਉਮੈ ਫੈਲੁ ॥ 890 ਤੀਰਥ ਇਸ਼ਨਾਨ
ਨਾਲ ਸਰੀਰਕ ਮੈਲ ਤਾਂ ਉੱਤਰ ਜਾਵੇਗੀ ਪਰ ਮਾਨਸਿਕ ਮੈਲ ਨਹੀ ਉੱਤਰ ਸਕਦੀ ਸਗੋਂ ਹਉਮੈ ਦੀ ਹੋਰ ਮੈਲ
ਚੜ੍ਹਨ ਦੀ ਸੰਭਾਵਨਾ ਜ਼ਰੂਰ ਹੈ। ਜੇ ਰੋਗ ਆਤਮਕ ਹੈ ਤਾਂ ਦਵਾ ਵੀ ਆਤਮਕ ਹੀ ਕੰਮ ਕਰ ਸਕਦੀ ਹੈ।
ਸੁਜਾਨ ਵੈਦ, ਗੁਰੂ ਨੇ (ਆਤਮਕ) ਰੋਗ ਨੂੰ ਪਛਾਣ ਕੇ ਦਸਿਆ ਕਿ ਰੋਗ (ਬੰਧਨ) ਅੰਦਰੂਨੀ ਹੈ ਪਰ ਦਵਾ
(ਮੁਕਤੀ) ਬਾਹਰੀ (ਸਰੀਰਕ) ਹੈ ਜਿਸ ਕਾਰਨ ਰੋਗ ਦੂਰ ਨਹੀ ਹੋ ਰਿਹਾ:
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥ ਮਲੁ ਹਉਮੈ ਧੋਤੀ
ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥ ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥ ਪੜਿਐ ਮੈਲੁ ਨ
ਉਤਰੈ ਪੂਛਹੁ ਗਿਆਨੀਆ ਜਾਇ ॥੧॥ (39) ਬੇਸ਼ੱਕ
ਕਿਸੇ ਪੜ੍ਹੇ ਲਿਖੇ ਨੂੰ ਜਾ ਕੇ ਪੁੱਛ ਲਉ ਕਿ ਅੰਦਰੂਨੀ ਮੋਹ ਮਾਇਆ ਤੇ ਪਾਪਾਂ ਦੀ ਮੈਲ ਬਾਹਰਲੇ
ਕੀਤੇ ਕਰਮ ਧਰਮ ਨਾਲ ਨਹੀ ਧੋ ਹੋਣੀ ਭਾਵੇ ਅਠਾਟ ਛੱਡ ਕੇ ਸੌ ਤੀਰਥਾਂ ਦੇ ਇਸ਼ਨਾਨ ਕੀਤੇ ਜਾਣ,
ਚੌਰਾਸੀ ਛੱਡ ਕੇ ਹਜ਼ਾਰਾਂ ਪਾਠ ਕੀਤੇ ਜਾਣ ਜਾਂ ਕੋਈ ਹੋਰ ਅਨੇਕਾਂ ਬਾਹਰਲੇ ਕਰਮ ਧਰਮ ਕੀਤੇ ਜਾਣ। ਇਸ
ਤੋਂ ਮੁਕਤ ਹੋਣ ਦੀ ਕੇਵਲ ਇਕੋ ਇੱਕ ਅੰਦਰੂਨੀ ਮਾਨਸਿਕ ਦਵਾ ਹੈ:
ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ
ਹੋਇ ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ (39)
ਗੁਰੂ ਦੀ ਸਿਖਿਆ (ਗਿਆਨ) ਤੇ ਚੱਲਣ ਨਾਲ ਹੀ
ਇਹ ਪਾਪਾਂ ਦੀ ਮੈਲ ਜਾਂ ਮਾਨਸਿਕ ਬੰਧਨਾ ਤੋਂ
ਮੁਕਤ ਹੋਇਆ ਜਾ ਸਕਦਾ ਹੈ। ਇਹੀ ਇੱਕ ਅੰਦਰੂਨੀ ਆਤਮਕ ਦਵਾ, ਜਲ ਜਾਂ (ਅੰਮ੍ਰਿਤ) ਹੈ ਜੋ ਪਾਪਾਂ ਦੀ
ਅੰਦਰੂਨੀ ਮੈਲ (ਬੰਧਨਾਂ) ਤੋਂ ਮੁਕਤ ਕਰਾ ਸਕਦੀ ਹੈ। ਮਨਮਤੀਏ ਬਥੇਰੇ ਮੰਤ੍ਰਾਂ ਦੇ ਜਾਪ ਕਰ ਕਰ ਥੱਕ
ਗਏ (ਤੇ ਅਜੇ ਵੀ ਕਰੀ ਜਾ ਰਹੇ ਹਨ) ਪਰ ਮਨ ਦੀ ਮੈਲ ਤੋਂ ਮੁਕਤੀ ਨਾ ਪਾ ਸਕੇ। ਇਹ ਅਖੌਤੀ ਜਪਾਂ,
ਤਪਾਂ, ਸੰਜਮਾਂ ਤੀਰਥਾਂ ਦੇ ਦਰਸ਼ਨ ਇਸ਼ਨਾਨਾਂ ਤੇ ਬਿਨਾ ਸਮਝੇ ਕੀਤੇ ਕਿਸੇ ਤਰਾਂ ਦੇ ਪਾਠਾਂ ਤੇ
ਮੰਤ੍ਰਾਂ ਦੇ ਜਾਪਾਂ ਨੇ ਅੱਗੇ ਕਿਤੇ ਕੰਮ ਨਹੀ ਆਉਣਾ ਕਿਉਂਕਿ ਇਹ ਤਾਂ ਨਿਰੀ ਖੁਆਰੀ ਜਾਂ ਕੇਵਲ ਲੋਕ
ਪਚਾਰਾ ਹੀ ਹਨ। ਇਹੀ ਗੁਰਮਤ ਅਸੂਲ ਖੰਡੇ ਦੀ ਪਾਹੁਲ ਤੇ ਵੀ ਲਾਗੂ ਹੈ। ਬਾਹਰਲੀ ਖੰਡੇ ਦੀ ਪਾਹੁਲ
ਅੰਦਰਲੇ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਨਹੀ ਕਰ ਸਕਦੀ ਬਲਿਕੇ ਹੋਰ ਹਉਮੈ ਬੰਧਨ ਦਾ ਕਾਰਨ ਬਣ
ਜਾਂਦੀ ਹੈ। ਇਹ ਕੌੜਾ ਸੱਚ ਹੈ ਕਿ ਆਮ ਤੌਰ ਤੇ ਪਾਹੁਲਧਾਰੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਹੀ
ਸਮਝਦਾ ਹੈ। ਗੁਰਬਾਣੀ (ਪਾਹੁਲ) ਹੀ ਵਿਕਾਰਾਂ ਦੇ ਬੰਧਨਾਂ ਤੋਂ ਖਲਾਸੀ ਕਰਕੇ (ਮੁਕਤ ਕਰਕੇ) ਖਾਲਸਾ
ਬਣਾ ਸਕਦੀ ਹੈ। ਗੁਰਦੇਵ ਦੇ ਬਚਨ ਹਨ:
ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥ ਜਪ
ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥ ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ
ਪਾਇਆ ॥ ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥ ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ
ਠਉਰ ਨ ਪਾਵੈ ॥ ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥ ਚਤੁਰ ਬੇਦ ਮੁਖ ਬਚਨੀ
ਉਚਰੈ ਆਗੈ ਮਹਲੁ ਨ ਪਾਈਐ ॥ ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥ ਨਾਨਕੁ ਕਹਤੋ
ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥ ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ
॥ {ਪੰਨਾ 216} (ਗੁਰਬਾਣੀ ਦੁਆਰਾ) ਹਰੀ ਨਾਲ
ਸਾਂਝ ਪਾਏ ਬਿਨਾ ਬਾਹਰਲੇ ਮੁਕਤੀ ਦੇ ਸਾਧਨ ਜਿਵੇਂ ਬਿਨਾ ਵੀਚਾਰੇ ਕੀਤੇ ਅਖੰਡ ਪਾਠ, ਸੰਪਟ ਪਾਠ,
ਮੋਨ ਪਾਠ, ਜਪੁਜੀ ਪਾਠ, ਸੁਖਮਨੀ ਪਾਠ, ਗੁਰ ਮੰਤ੍ਰ, ਮੂਲ ਮੰਤ੍ਰ, ਮਹਾਂ ਮੰਤ੍ਰ ਜਾਂ ਕਿਸੇ ਹੋਰ
ਸ਼ਬਦ ਦਾ ਰੱਟਨ, ਵਰਤ, ਤੀਰਥਾਂ ਦਾ ਭਰਮਣ ਤੇ ਦਰਸ਼ਨ ਇਸ਼ਨਾਨ …. ਆਦਿਕ. . ਸੱਭ ਵਿਅਰਥ ਹਨ, ਇਹਨਾਂ ਦਾ
ਕੌਡੀ ਮੁੱਲ ਨਹੀ ਅਤੇ ਇਹ ਅੱਗੇ ਕਿਤੇ ਕੰਮ ਨਹੀ ਆਉਣੇ। ਨਾਨਕ
ਇਹ
ਵਿਚਾਰ ਦੀ ਗੱਲ ਆਖਦਾ ਹੈ ਕਿ ਜਿਹੜਾ ਮਨੁੱਖ ਗੁਰੂ
(ਗੁਰਬਾਣੀ) ਦੀ ਸ਼ਰਨ ਪੈ ਕੇ (ਇਹੀ ਨਾਮ ਧਿਆਉਣਾ ਹੈ:
ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ
ਅਫਾਰਾ ਰਾਮ ॥ 570) ਮਨ ਵਿਚੋਂ ਹੰਕਾਰ ਦੂਰ ਕਰ
ਲੈਂਦਾ ਹੈ ਉਹ ਪਾਰ ਹੋ ਜਾਂਦਾ ਹੈ (ਭਾਵ ਸਭ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ)। ਸਪਸ਼ਟ ਹੈ ਕਿ
ਪਰਮਾਤਮਾ ਨਾਲ ਸਾਂਝ (ਜੋ ਅੰਦਰੂਨੀ ਮਨ ਕਰਮ ਹੈ)
ਪਾਏ ਬਿਨਾ ਮੁਕਤੀ ਲਈ ਬਾਹਰਲੇ ਤਨ ਨਾਲ ਕੀਤੇ ਸਭ ਕਰਮ ਧਰਮ ਵਿਅਰਥ ਹੀ ਹਨ। ਬੰਧਨ ਤਾਂ ਅੰਦਰੂਨੀ ਮਨ
ਦੇ ਹਨ ਪਰ
ਉਹਨਾਂ ਤੋਂ ਮੁਕਤੀ ਦੇ ਸਾਧਨ ਸਭ ਬਾਹਰ ਤਨ ਦੇ ਹਨ ਅਤੇ
ਇਸੇ ਲਈ ਦੁੱਖਾਂ ਤੋਂ ਮੁਕਤੀ ਨਹੀ ਹੋ ਰਹੀ। ਮੁਕਤੀ ਦੇ ਸਾਧਨ ਹੀ ਬੰਧਨ ਬਣ ਗਏ ਹਨ। ਗੁਰੂ ਨੇ ਜੋ
ਲੋਕ ਭਲਾਈ ਲਈ ਮਾਨਸਿਕ ਬੰਧਨਾ ਤੋਂ ਮੁਕਤੀ (ਧਰਮ) ਮਾਰਗ ਦਰਸਾਇਆ ਸੀ, ਸਵਾਰਥੀ, ਲੋਭੀ, ਚਤੁਰ ਤੇ
ਹੰਕਾਰੀ ਧਰਮ ਆਗੂਆਂ ਨੇ ਭਰਮ ਭੁਲੇਖਿਆਂ ਰਾਹੀ ਓਸੇ ਨੂੰ ਹੀ ਕਰਮ ਕਾਂਡਾਂ ਦੇ ਰੂਪ ਵਿੱਚ ਬੰਧਨ ਬਣਾ
ਕੇ ਮਨੁੱਖਤਾ ਨੂੰ ਲੁੱਟਣ ਦਾ ਵਸੀਲਾ ਬਣਾ ਲਿਆ। ਅੱਜ ਮਨੁੱਖ ਨੇ ਇਹਨਾਂ ਰੀਤਾਂ ਰਸਮਾਂ ਤੇ ਕਰਮ
ਕਾਂਡਾਂ ਦੇ ਬੰਧਨਾਂ ਨੂੰ ਇਤਨਾ ਕਬੂਲ ਕਰ ਲਿਆ ਹੈ ਕਿ ਹੁਣ ਇਹ ਬੰਧਨ ਨਹੀ ਬਲਿਕੇ ਮੁਕਤੀ (ਦਾ ਰਾਹ)
ਹੀ ਲਗਦੇ ਹਨ। ਅਖੌਤੀ ਧਰਮ ਦੇ ਕਰਮ ਕਾਂਡਾਂ ਤੇ ਰੀਤਾਂ ਰਸਮਾ ਦੇ ਬੰਧਨਾ ਨੂੰ ਹੀ ਮੁਕਤੀ ਸਮਝ ਬੈਠਾ
ਹੈ। ਗੁਰਬਾਣੀ ਸੁਚੇਤ ਕਰਦੀ ਹੈ:
ਗੁਰ
ਪਰਸਾਦੀ ਕਿਸੈ ਬੁਝਾਏ ॥ ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥ {ਪੰਨਾ
1062}। ਗੁਰੂ ਦੀ ਸਿਖਿਆ ਦੁਆਰਾ ਹੀ ਇਹਨਾ ਅਖੌਤੀ
ਕਰਮ ਧਰਮ ਦੇ ਬੰਧਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਕਬੀਰ ਜੀ ਉਦਾਹਰਣਾ ਨਾਲ ਮਾਨਸਿਕ ਬੰਧਨਾਂ
ਤੋਂ ਸੁਚੇਤ ਕਰਦੇ ਹਨ:
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ
ਅੰਕਸੁ ਸਹਿਓ ਸੀਸ ॥੧॥ ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ ਨਿਰਭੈ ਹੋਇ ਨ ਹਰਿ ਭਜੇ ਮਨ
ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥ ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ
ਪਸਾਰਿ ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥ ਜਿਉ ਨਲਨੀ ਸੂਅਟਾ ਗਹਿਓ ਮਨ
ਬਉਰਾ ਰੇ ਮਾਯਾ ਇਹੁ ਬਿਉਹਾਰੁ ॥ ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ
ਛੂਟਨੁ ਹਰਿ ਕੀ ਸੇਵ ॥ {ਪੰਨਾ 336}। ਹਾਥੀ
ਕਾਮਨਾ (ਤ੍ਰਿਸ਼ਨਾ) ਦੇ ਬੰਧਨ ਵਿੱਚ ਪੈ ਕੇ ਸਾਰੇ ਜੀਵਨ ਦਾ ਦੁੱਖ ਸਹੇੜ ਲੈਂਦਾ ਹੈ, ਬਾਂਦਰ ਅਨਾਜ
ਦੀ ਇੱਕ ਮੁੱਠ ਲਈ ਮੋਹ (ਬੰਧਨ) ਵਿੱਚ ਪੈ ਕੇ ਸਾਰੀ ਜ਼ਿੰਦਗੀ ਦੀ ਗੁਲਾਮੀ ਦਾ ਦੁੱਖ ਸਹੇੜ ਲੈਂਦਾ
ਹੈ, ਤੋਤਾ, ਚੋਗੇ ਦੇ ਮੋਹ ਵਿੱਚ ਪਿੰਜਰੇ ਦਾ ਕੈਦੀ ਬਣ ਕੇ ਦੁੱਖੀ ਹੁੰਦਾ ਹੈ ਇਸ ਲਈ ਹੇ ਪਾਗਲ ਮਨ,
ਤੂੰ ਮੋਹ ਮਾਇਆ ਦੇ ਜ਼ਹਿਰੀਲੇ ਬੰਧਨਾਂ ਦੇ ਦੁੱਖਾਂ ਤੋਂ ਬਚ ਜਾ ਤੇ ਸਹਿਮ ਨੂੰ ਛੱਡ ਕੇ
(ਗੁਰਬਾਣੀ ਦੁਆਰਾ)
ਪਰਮਾਤਮਾ ਨਾਲ ਸਾਂਝ ਪਾ ਲੈ। ਅੰਤ ਵਿੱਚ ਕਬੀਰ ਜੀ ਸੂਚਤ
ਕਰਦੇ ਹਨ ਕਿ ਨ੍ਹਾਵਣ ਲਈ ਅਨੇਕਾਂ ਤੀਰਥ ਹਨ ਜੋ ਸਰੀਰਕ ਮੈਲ ਤਾਂ ਦੂਰ ਕਰ ਸਕਦੇ ਹਨ ਪਰ ਮਾਨਸਿਕ
ਪਾਪਾਂ ਦੀ ਮੈਲ ਨਹੀ। ਅਨੇਕਾਂ ਦੇਵੀ ਦੇਵਤੇ (ਤੇ ਅੱਜ ਕੱਲ ਅਨੇਕਾਂ ਸਾਧ, ਸੰਤ, ਪੀਰ, ਫਕੀਰ ਤੇ
ਬਾਬੇ) ਹਨ ਜਿਨ੍ਹਾ ਦੀ ਪੂਜਾ ਦੇ ਕਰਮ ਕਾਂਡਾਂ ਨਾਲ ਜੇਬਾਂ ਤਾਂ ਸਾਫ ਹੋ ਸਕਦੀਆਂ ਹਨ ਪਰ ਮਨ ਦੀ
ਮੈਲ ਨਹੀ। ਮਨ ਦੀ ਮੈਲ ਦੇ ਬੰਧਨਾਂ ਤੋਂ ਮੁਕਤੀ ਕੇਵਲ ਹਰੀ ਦੀ ਸੇਵਾ (ਗੁਸ਼ਬਦ) ਨਾਲ ਸਾਂਝ ਪਾਇਆਂ
ਹੀ ਪ੍ਰਾਪਤ ਹੋ ਸਕਦੀ ਹੈ।
ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥ {ਪੰਨਾ 86}
ਸਤਿਗੁਰੂ ਦੇ ਸ਼ਬਦ ਵਿੱਚ ਰੱਤੇ ਜਾਣ ਨਾਲ ਹੀ ਮਾਨਸਿਕ ਮੁਕਤੀ ਸੰਭਵ ਹੈ।
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ
ਕਾ ਦਰੁ ਪਾਵਣਿਆ ॥੩॥ (116)। ਗੁਰੂ ਦੇ ਸ਼ਬਦ
ਦੁਆਰਾ ਹੀ ਸਮੂਹ ਮਾਨਸਿਕ ਤੇ ਅਖੌਤੀ ਕਰਮ ਧਰਮ ਦੇ ਬੰਧਨਾ ਤੋਂ ਮੁਕਤ ਹੋਇਆ ਜਾ ਸਕਦਾ ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |