. |
|
॥ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰਦੁਆਰੋ॥
ਗੁਰਬਾਣੀ ਦੀ ਪੰਕਤੀ “ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰਦੁਆਰੋ”
“ਸਿਧ ਗੋਸਟਿ” ਦੀ ਪਉੜੀ ਨੰ: ੬ ਦੀ ਹੈ। ਪੂਰੀ ਪਉੜੀ ਇਸ ਤਰ੍ਹਾਂ ਹੈ:- “ਸੁਣਿ ਸੁਆਮੀ ਅਰਦਾਸਿ
ਹਮਾਰੀ ਪੂਛਉ ਸਾਚੁ ਬੀਚਾਰੋ॥ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰਦੁਆਰੋ॥ ਇਹੁ ਮਨੁ ਚਲਤਉ ਸਚ
ਘਰਿ ਬੈਸੈ ਨਾਨਕ ਨਾਮੁ ਅਧਾਰੋ॥ ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ॥ ੬॥ —ਪੰਨਾ ੯੩੮।
ਭਾਵ ਅਰਥ:-
“ਸਿਧ ਗੋਸਟਿ” ਦੀ ਪਉੜੀ ਨੰ: ੨, ੩, ੪, ੫ ਅਤੇ ੬ ਵਿੱਚ ਸ੍ਰੀ ਗੁਰੂ ਨਾਨਕ
ਦੇਵ ਜੀ ਨੇ ਚਰਪਟ ਜੋਗੀ ਨਾਲ ਵਿਚਾਰ-ਵਟਾਂਦਰੇ ਦਾ ਜ਼ਿਕਰ ਕੀਤਾ ਹੈ। ਪਉੜੀ ਨੰ: ੬ ਵਿੱਚ ਚਰਪਟ ਜੋਗੀ
ਗੁਰੂ ਜੀ ਅੱਗੇ ਬੇਨਤੀ ਕਰਦਾ ਹੈ ਕਿ ਹੇ ਸਵਾਮੀ! ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਪਤਾ
ਚੱਲੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ। ਹੇ ਸੁਆਮੀ! ਮੇਰੇ ਪੁੱਛਣ ਦਾ ਗ਼ੁੱਸਾ ਨਾ ਕਰਨਾ। ਗੁਰੂ
ਜੀ ਚਰਪਟ ਜੋਗੀ ਨੂੰ ਉੱਤਰ ਦੇਂਦੇ ਹਨ ਕਿ ਹੇ ਜੋਗੀ! ਜਦੋਂ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਇਹ
ਚੰਚਲ ਮਨ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਪ੍ਰਭੂ ਦਾ ਨਾਮ ਜ਼ਿੰਦਗੀ ਦਾ ਆਸਰਾ ਬਣ ਜਾਂਦਾ
ਹੈ। ਪਰ ਪਿਆਰ ਪ੍ਰਭੂ ਨਾਲ ਤੱਦ ਹੀ ਪੈਂਦਾ ਹੈ ਜਦ ਕਰਤਾਰ ਆਪ ਮਿਹਰ ਕਰਦਾ ਹੈ।
ਵਿਆਖਿਆ:-
ਸ੍ਰੀ ਗੁਰੂ ਨਾਨਕ ਦੇਵ ਜੀ 1521 ਈ. ਵਿੱਚ ਆਪਣੀ ਤੀਜੀ ਉਦਾਸੀ ਦੇ ਬਾਅਦ
ਕਰਤਾਰਪੁਰ ਟਿੱਕ ਗਏ। ਗੁਰਦੁਆਰਾ ਕਰਤਾਰਪੁਰ ਰਾਵੀ ਦੇ ਉੱਤਰੀ ਕੰਢੇ ਤੇ ਹੈ। 1947 ਈ. ਤੋਂ ਪਹਿਲਾਂ
ਇਹ ਤਸੀਲ ਸ਼ਕਰਗੜ, ਜ਼ਿਲ੍ਹਾ ਗੁਰਦਾਸਪੁਰ `ਚ ਪੈਂਦਾ ਸੀ। ਇੱਕ ਤਰ੍ਹਾਂ ਨਾਲ ਦਰਿਆ ਰਾਵੀ ਹੀ ਇਥੇ
ਪਾਕਿਸਤਾਨ ਅਤੇ ਹਿੰਦੁਸਤਾਨ ਦੀ ਹੱਦ ਬਣ ਗਿਆ ਹੈ, ਇਸ ਲਈ ਹੁਣ ਗੁਰਦੁਆਰਾ ਪਾਕਿਸਤਾਨ ਵਿੱਚ ਪੈਂਦਾ
ਹੈ। (ਮੇਰਾ
ਪਿੰਡ ਮਈਓਦਾਤਾ ਜਿਥੋਂ ਮੈਂ ਪਾਕਿਸਤਾਨ ਤੋਂ ਆਇਆ ਹਾਂ ਕਰਤਾਰਪੁਰ ਤੋਂ 15 ਕੁ ਕਿਲੋਮੀਟਰ ਤੇ ਹੈ,
ਇਹ ਪਿੰਡ ਉਸ ਵਕਤ ਤਸੀਲ ਨਾਰੋਵਾਲ, ਜ਼ਿਲ੍ਹਾ ਸਿਆਲਕੋਟ ਵਿੱਚ ਸੀ)।
ਕਰਤਾਰਪੁਰ ਤੋਂ ਬਟਾਲਾ 32 ਕੁ ਕਿਲੋਮੀਟਰ ਤੇ ਹੈ। ਬਟਾਲੇ ਤੋਂ ਦੱਖਣ ਵਲ 5 ਕਿਲੋਮੀਟਰ ਤੇ ਇੱਕ
ਮੰਦਰ ਹੈ ਜਿਸਦਾ ਨਾਮ “ਅਚਲ” ਹੈ। ਇਹ ਮੰਦਰ ਜੋਗ ਮਤ ਦੇ ਜੋਗੀਆਂ ਦਾ ਹੈ। ਜੋਗੀ ਸ਼ਿਵ ਜੀ ਨੂੰ ਜੋਗ
ਮਤ ਦਾ ਬਾਨੀ ਮੰਨਦੇ ਹਨ। ਸ਼ਿਵਰਾਤ੍ਰੀ ਦੇ ਦਿਨਾਂ ਵਿੱਚ ਅਚਲ ਬੜਾ ਭਾਰੀ ਮੇਲਾ ਲੱਗਦਾ ਹੈ। ਜੋਗੀ
ਹੁਮਹਮਾ ਕੇ ਅਚਲ ਪਹੁੰਚਦੇ ਹਨ। 1539 ਈ. ਦੀ ਸ਼ਿਵਰਾਤ੍ਰੀ ਦੇ ਮੇਲੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ
ਦਾ ਜੋਗੀਆਂ, ਸਿੱਧਾਂ ਨਾਲ ਵਿਚਾਰ-ਵਟਾਂਦਰਾ ਹੋਇਆ ਸੀ, ਇਸ ਵਿਚਾਰ-ਵਟਾਂਦਰੇ ਨੂੰ ਗੁਰੂ ਜੀ ਨੇ
ਬਾਣੀ “ਸਿਧ ਗੋਸਟਿ” ਵਿੱਚ ਅੰਕਿਤ ਕੀਤਾ ਹੈ। ਗੁਰੂ ਜੀ ਕਰਤਾਰਪੁਰ ਤੋਂ ਅਚਲ ਗਏ ਸਨ।
“ਰੋਸ ਨ ਕੀਜੈ ਉਤਰੁ ਦੀਜੈ” ਇਹ ਚਰਪਟ
ਜੋਗੀ ਨੇ ਬਤੌਰ ਆਜਜ਼ੀ ਗੁਰੂ ਜੀ ਨੂੰ ਬੇਨਤੀ ਕੀਤੀ
ਸੀ ਕਿ ਹੇ ਸਵਾਮੀ! ਮੇਰੇ
ਪੁੱਛਣ ਦਾ ਗ਼ੁੱਸਾ ਨਾ ਕਰਨਾ, ਮੈਨੂੰ ਦਸੋ ਕਿ ਕਿਸ ਤਰ੍ਹਾਂ ਪਤਾ ਚਲਦਾ ਹੈ ਕਿ ਗੁਰੂ ਦਾ ਦਰ ਪ੍ਰਾਪਤ
ਹੋ ਗਿਆ ਹੈ। ਗੱਲ ਬਾਤ ਵਿੱਚ ਵੇਖਿਆ ਗਿਆ ਹੈ ਕਿ ਸਵਾਲ ਪੁੱਛਣ ਵਾਲਾ ਕਈ ਵਾਰੀ “ਗ਼ੁੱਸਾ ਨਾ ਕਰਨਾ”
ਫ਼ਿਕਰਾ ਵਰਤਦਾ ਹੈ, ‘ਕਈਆਂ
ਦਾ ਤਾਂ ਇਹ ਫ਼ਿਕਰਾ ਤਕੀਆ ਕਲਾਮ ਹੀ
ਹੁੰਦਾ ਹੈ।
ਕੁਝ ਸਮੇਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਸਿੱਖਾਂ ਵਿੱਚੋਂ ਹੀ ਕੁੱਝ
ਬੰਦੇ ਆਪਣਾ ਕੋਈ ਮਕਸਦ ਪੂਰਾ ਕਰਨ ਲਈ ਸਿੱਖ ਜਗਤ ਵਿੱਚ ਭੁਲੇਖਾ ਪਾਉਣ ਵਾਲੇ ਸ਼ੋਸ਼ੇ ਛੱਡ ਰਹੇ ਹਨ।
ਜੇ ਕੋਈ ਇਨ੍ਹਾਂ ਦੇ ਛੱਡੇ ਸ਼ੋਸ਼ੇ ਤੇ ਇਤਰਾਜ਼ ਕਰੇ ਤਾਂ ਇਹ ਆਖਦੇ ਹਨ
“ਰੋਸ ਨ ਕੀਜੈ
ਉਤਰੁ ਦੀਜੈ”।
ਆਖਦੇ ਵੀ ਇਸ ਢੰਗ ਨਾਲ ਹਨ ਕਿ ਜਿਸ ਤਰ੍ਹਾਂ ਇਹ ਗੱਲ ਗੁਰੂ
ਨਾਨਕ ਦੇਵ ਜੀ ਨੇ ਆਖੀ ਹੈ, ਭਾਵੇਂ
ਇਹ ਗੱਲ
ਚਰਪਟ ਜੋਗੀ ਦੀ ਆਖੀ ਹੋਈ ਹੈ।
ਇੱਕ ਅਜੋਕਾ ਵਿਦਵਾਨ ਆਪਣੇ ਐਡਿਟੋਰੀਅਲਾਂ (editorials)
ਵਿੱਚ ਅਕਸਰ ਸਿੱਖ ਇਤਿਹਾਸ ਬਾਰੇ ਭੁਲੇਖੇ ਪਾਉਂਦਾ ਰਹਿੰਦਾ ਹੈ ਅਤੇ ਫੈਸਲਾ ਵੀ ਸੁਣਾ ਦੇਂਦਾ ਹੈ ਕਿ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ (ਸ੍ਰੀ
ਗੁਰੂ ਅੰਗਦ ਦੇਵ ਜੀ)
ਨੂੰ ਗੁਰੂਗੱਦੀ ਦਿੱਤੀ ਹੀ ਨਹੀਂ ਸੀ। ਜੇ ਕੋਈ ਇਸ ਦੀ ਇਸ ਕਾਰਗੁਜ਼ਾਰੀ ਤੇ ਰੋਸ ਕਰੇ ਤਾਂ ਬੜੀ ਖੁਣਸ
ਨਾਲ ਆਖਦਾ ਹੈ “ਰੋਸ ਨ ਕੀਜੈ
ਉਤਰੁ ਦੀਜੈ”। ਇਹੋ ਜਿਹੀ ਹਰਕਤ ਤੇ ਰੋਸ ਹੀ ਕਰਨਾ
ਬਣਦਾ ਹੈ। ਉੱਤਰ ਸਵਾਲਾਂ ਦੇ ਦਿੱਤੇ ਜਾਂਦੇ ਹਨ। ਗਲਤ ਫ਼ੈਸਲਿਆਂ ਤੇ ਇਤਰਾਜ਼, ਰੋਸ ਹੀ ਕੀਤੇ ਜਾਂਦੇ
ਹਨ। ਜ਼ਾਹਿਰ ਹੈ ਕਿ ਸ਼ੋਸ਼ੇ ਛੱਡਣ ਵਾਲੇ ਗੁਰਬਾਣੀ ਦੀ ਤੁਕ
“ਰੋਸ ਨਾ ਕੀਜੈ ਉਤਰੁ ਦੀਜੈ”
ਦਾ ਇਸਤੇਮਾਲ ਆਪਣਾ ਗ਼ਲਬਾ ਪਾਉਣ ਲਈ ਕਰਦੇ ਹਨ, ਭਾਵੇਂ ਇਸ
ਤੁਕ ਦਾ ਭਾਵ ਉਹ ਨਹੀਂ, ਜੋ ਉਹ ਲਾਉਂਦੇ ਹਨ।
ਵਿਚਾਰ-ਵਟਾਂਦਰੇ ਦੌਰਾਨ ਜੋਗੀਆਂ ਨੇ ਗੁਰੂ ਜੀ ਤੋਂ ਪੁੱਛਿਆ:-
“॥ ਤੇਰਾ ਕਵਣੁ ਗੁਰੂ ਜਿਸ ਕਾ ਤੂ
ਚੇਲਾ॥” ਜੋਗੀਆਂ ਦਾ ਗੁਰੂ ਜੀ ਤੇ ਇਹ ਸਵਾਲ
ਸੁਭਾਵਿਕ ਸੀ ਕਿਉਂਕਿ ਜੋਗੀਆਂ ਵਿੱਚ ਗੁਰੂ ਚੇਲੇ ਦੀ ਪ੍ਰਥਾ ਚਲਦੀ ਹੈ। ਵਿਚਾਰ- ਵਟਾਂਦਰੇ ਵਿੱਚ
ਮੌਜੂਦ ਕਈ ਜੋਗੀ ਗੋਰਖ ਨਾਥ ਦੇ ਚੇਲੇ ਸਨ ਅਤੇ ਕਈਆਂ ਜੋਗੀਆਂ ਦਾ ਗੁਰੂ ਮਛੇਂਦ੍ਰ ਨਾਥ ਸੀ। ਗੁਰੂ
ਜੀ ਦਾ ਜਵਾਬ ਸੀ:- “॥ ਪਵਨ
ਅਰੰਭੁ ਸਤਿਗੁਰ ਮਤਿ ਵੇਲਾ॥ ਸਬਦ ਗੁਰੂ
ਸੁਰਤਿ ਧੁਨਿ ਚੇਲਾ॥”
ਜਿਸ ਦਾ ਭਾਵ ਹੈ:- ਪ੍ਰਾਣ ਹੀ ਹਸਤੀ ਦਾ ਮੁੱਢ ਹਨ,
ਮਨੁੱਖਾ ਜਨਮ ਸਤਿਗੁਰ ਦੀ ਸਿੱਖਿਆ ਲੈਣ ਦਾ ਵੇਲਾ ਹੈ। ਮੇਰਾ ਗੁਰੂ ਕਰਤਾਰ ਹੈ, ਮੇਰੀ ਸੁਰਤ ਦਾ
ਟਿਕਾਉ ਉਸ ਗੁਰੂ ਦਾ ਚੇਲਾ ਹੈ। ਸਬਦ= ਕਰਤਾਰ (ਮਹਾਨ
ਕੋਸ਼, ਭਾਈ ਕਾਨ੍ਹ ਸਿੰਘ ਨਾਭਾ)।
ਵੇਖਣ ਵਿੱਚ ਆਇਆ ਹੈ ਕਿ ਸਿੱਖਾਂ ਵਿੱਚੋਂ ਹੀ ਕੁੱਝ ਬੰਦੇ ਕਿਸੇ ਸਾਜ਼ਿਸ਼ ਦੇ
ਅਧੀਨ ਇਹ ਪ੍ਰਚਾਰ ਕਰ ਰਹੇ ਹਨ ਕਿ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ
ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ ਕਿ ‘ਸ਼ਬਦ’ ਗੁਰੂ
ਹੈ। ਜੇ ਇਨ੍ਹਾਂ ਪ੍ਰਚਾਰਕਾਂ
ਕੋਲੋਂ ਪੁਛਿਆ ਜਾਏ
ਕਿ ਇਹ ‘ਸ਼ਬਦ’ ਕੀ ਹੈ ਤਾਂ ਇਨ੍ਹਾਂ ਦੀ
ਘਿਘ ਬੱਝ ਜਾਂਦੀ ਹੈ। ਗੁਰਬਾਣੀ ਦਾ ਅਧਿਐਨ ਕਰਨ
ਤੋਂ ਪਤਾ ਚਲਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ `ਚ
‘ਗੁਰੂ’
ਪਦ ਕਰਤਾਰ ਲਈ ਵਰਤਿਆ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਨੇ
‘ਗੁਰੂ’
ਪਦ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਵਰਤਿਆ ਹੈ, ਸ੍ਰੀ ਗੁਰੂ
ਅਮਰਦਾਸ ਜੀ ਨੇ ‘ਗੁਰੂ’
ਪਦ ਸ੍ਰੀ ਗੁਰੂ ਅੰਗਦ ਦੇਵ ਜੀ ਲਈ ਅਤੇ ਸ੍ਰੀ
ਗੁਰੂ ਰਾਮਦਾਸ ਜੀ ਨੇ ‘ਗੁਰੂ’
ਪਦ ਸ੍ਰੀ ਗੁਰੂ ਅਮਰਦਾਸ ਜੀ ਲਈ ਵਰਤਿਆ ਹੈ। ਸ੍ਰੀ
ਗੁਰੂ ਅਰਜਨ ਦੇਵ ਜੀ ਨੇ
‘ਗੁਰੂ’ ਪਦ ਸ੍ਰੀ ਗੁਰੂ ਰਾਮਦਾਸ ਜੀ ਲਈ ਵਰਤਿਆ
ਹੈ; ਗੁਰਬਾਣੀ `ਚ ਇਸ ਦੇ ਕਈ ਪ੍ਰਮਾਣ ਮਿਲਦੇ ਹਨ। ਗੁਰਬਾਣੀ ਨਾਲ ਜੁੜਿਆ ਹੋਇਆਂ ਸਿੱਖ ਇਹ ਕਤਈ
ਨਹੀਂ ਆਖ ਸਕਦਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਹਨ।
ਯਕੀਨਨ ਇਹ ਸਿੱਖਾਂ ਦੇ ਗੁਰੂ ਸਾਹਿਬਾਨ
ਹਨ। “ਗੁਰਬਾਣੀ ਦੇ ਅਰਥ ਇਮਾਨਦਾਰੀ ਨਾਲ ਕਰਨੇ
ਚਾਹੀਦੇ ਹਨ। ਆਪਣਾ ਸਵਾਰਥ
ਸਿੱਧ ਕਰਨ ਲਈ ਗੁਰਬਾਣੀ ਦੇ ਅਰਥਾਂ ਨੂੰ ਤਰੋੜ ਮਰੋੜ
ਕੇ ਪੇਸ਼ ਕਰਨਾ ਪਰਲੇ ਦਰਜੇ ਦਾ
ਮੰਦਾ ਕੰਮ ਹੈ।
ਕਿਸੇ ਬੰਦੇ ਨੇ ਇੱਕ ਗੁਰਸਿੱਖ ਕੋਲੋਂ ਕੁੱਝ ਪੈਸੇ ਇੱਕ ਮਹੀਨੇ ਲਈ ਉਧਾਰ
ਲਏ। ਮਹੀਨਾ ਬੀਤ ਗਿਆ ਪਰ ਉਸ ਨੇ ਪੈਸੇ ਵਾਪਿਸ ਨਹੀਂ ਕੀਤੇ। ਗੁਰਸਿੱਖ ਨੇ ਮੰਗੇ ਵੀ ਨਹੀਂ ਇਹ ਸਮਝ
ਕੇ ਕਿ ਤੰਗੀ ਹੋਣੀ ਹੈ, ਵਾਪਿਸ ਕਰ ਦੇਵੇਗਾ ਜਦ ਉਸ ਦਾ ਹੱਥ ਸੌਖਾ ਹੋਵੇਗਾ। ਇੱਕ ਸਾਲ ਬੀਤ ਗਿਆ
ਤਾਂ ਗੁਰਸਿੱਖ ਨੇ ਸੋਚਿਆ ਕਿ ਭੁੱਲ ਗਿਆ ਹੋਣਾ, ਚਲੋ ਪੁੱਛ ਹੀ ਲੈਂਦਾ ਹਾਂ। ਜਦ ਪੁੱਛਿਆ ਤਾਂ ਉਹ
ਕਹਿਣ ਲੱਗਾ “ਵੀਰ ਜੀ ਮੈਂ
ਤਾਂ ਤੁਹਾਡੇ ਕੋਈ ਪੈਸੇ ਨਹੀਂ ਦੇਣੇ।” ਗੁਰਸਿੱਖ ਨੇ ਆਖਿਆ “ਭਾਈ ਮੁੱਕਰ ਨਾ”। ਇਸ ਤੇ ਉਹ ਬੰਦਾ
ਬੋਲਦੈ “ਵੀਰ ਜੀ ਗੁਰਬਾਣੀ
ਆਖਦੀ ਹੈ ‘ਕੇਤੇ
ਲੈ ਲੈ ਮੁਕਰੁ ਪਾਹਿ’, ਮੈਂ
ਤਾਂ ਗੁਰਬਾਣੀ ਤੇ ਅਮਲ ਕਰ ਰਿਹਾ ਹਾਂ”। ਗੁਰਸਿੱਖ ਨੇ
ਆਖਿਆ “ਭਾਈ ਜੀ ਅਗਲੀ ਤੁਕ ਵੀ
ਪੜ੍ਹ ਲੋ”। ਉਹ ਬੰਦਾ ਆਖਦੈ
“ਵੀਰ ਜੀ ਮੈਨੂੰ ਤਾਂ ਇੰਨੀ ਹੀ ਜਪੁ
ਜੀ ਸਾਹਿਬ ਆਊਂਦੀ ਹੈ, ਬਾਕੀ ਦੀ ਤੁਸੀਂ ਪੜ੍ਹ ਲੋ”।
ਅਗਲੀ ਤੁਕ ਹੈ
“ਕੇਤੇ ਮੂਰਖ ਖਾਹੀ ਖਾਹਿ”।
ਪੈਸੇ ਹਜ਼ਮ ਕਰਨ ਲਈ ਉਸ ਬੰਦੇ
ਨੇ ਗੁਰਬਾਣੀ ਦੀ ਤੁਕ ‘ਕੇਤੇ
ਲੈ ਲੈ ਮੁਕਰੁ ਪਾਹਿ’ ਸੁਣਾ
ਦਿੱਤੀ ਭਾਵੇਂ ਇਸ ਤੁਕ ਦਾ ਭਾਵ ਉਹ ਨਹੀਂ ਹੈ ਜੋ ਉਹ ਬੰਦਾ ਲਾ ਰਿਹਾ ਹੈ।
“ਕੇਤੇ ਲੈ ਲੈ ਮੁਕਰੁ ਪਾਹਿ॥ ਕੇਤੇ ਮੂਰਖ ਖਾਹੀ ਖਾਹਿ॥” ਦੇ ਅਰਥ ਇਹ ਹਨ:-
ਬੇਅੰਤ ਜੀਵ ਪਰਮਾਤਮਾ ਦੇ ਦਿੱਤੇ ਪਦਾਰਥ ਭੋਗਦੇ ਹਨ ਪਰ ਮੁੱਕਰ ਪੈਂਦੇ ਹਨ, ਭਾਵ ਪਰਮਾਤਮਾ ਦਾ ਸ਼ੁਕਰ
ਨਹੀਂ ਕਰਦੇ। ਬੇਅੰਤ ਮੂਰਖ ਪਦਾਰਥ ਲੈ ਲੈ ਕੇ ਖਾਈ ਜਾ ਰਹੇ ਹਨ ਪਰ ਪਰਮਾਤਮਾ ਨੂੰ ਚੇਤੇ ਨਹੀਂ
ਕਰਦੇ।
ਗੁਰਬਾਣੀ ਦੀ ਤੁਕ ਦੇ ਸਹੀ ਅਰਥ ਕਰਨ ਲਈ ਅਗਲੀਆਂ ਪਿਛਲੀਆਂ ਤੁਕਾਂ ਧਿਆਨ
ਵਿੱਚ ਰੱਖਣ ਦੀ ਲੋੜ ਹੁੰਦੀ ਹੈ। ਐਸਾ ਨਾ ਕਰਨ ਨਾਲ ਅਰਥਾਂ ਦੀ ਗ਼ਲਤੀ ਲੱਗ ਸਕਦੀ ਹੈ। ਸ੍ਰੀ ਗੁਰੂ
ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਨਹੀਂ, ਪਰ ਆਪਣਾ ਕੂੜ ਵੇਚਣ ਵਾਸਤੇ ਗੁਰਬਾਣੀ ਦੀ ਤੁਕ ਦੇ ਅਰਥ
ਗ਼ਲਤ ਕਰਨੇ, ਇਹ ਹਨ ਇਨ੍ਹਾਂ ਕੂੜਿਆਰਾਂ ਦੇ ਕੰਮ। ਗੁਰੂ ਕੋਲ ਕੂੜਿਆਰ ਬੈਠ ਨਹੀਂ ਸਕਦੇ, ਗੁਰੂ ਤੋਂ
ਇਹ ਦੂਰ ਭੱਜਦੇ ਹਨ ਕਿਉਂਕਿ ਉਥੇ ਸੱਚ ਵਰਤਦਾ
ਹੈ। “ਓਥੈ
ਸਚੁ ਵਰਤਦਾ ਕੂੜਿਆਰਾਂ ਚਿਤ ਉਦਾਸਿ” —ਪੰਨਾ ੩੧੪।
ਇਸੇ ਲਈ
‘ਗੁਰੂ
ਕੋਈ ਹੈ ਹੀ ਨਹੀਂ’, ਪ੍ਰਚਾਰਣ
ਦਾ ਕੰਮ ਇਨ੍ਹਾਂ
ਕੁੜਿਆਰਾਂ ਨੇ
ਫੜਿਆ ਹੋਇਆ ਹੈ।
ਸਿੱਖਾਂ ਨੂੰ ਇਨ੍ਹਾਂ ਦੀਆਂ ਗਤੀ-ਵਿਧੀਆਂ ਤੋਂ ਹੁਸ਼ਿਆਰ ਰਹਿਣ ਦੀ ਲੋੜ ਹੈ।
ਸੁਰਜਨ ਸਿੰਘ--+919041409041
|
. |