ਬਾਰਹ ਮਾਹਾ
ਗੁਰਬਾਣੀ
ਕਿਸ਼ਤ ਨੰ: 03
ਮੰਘਿਰਿ ਮਾਹਿ ਸੋਹੰਦੀਆ ਹਰਿ
ਪਿਰ ਸੰਗਿ ਬੈਠੜੀਆਹ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥ ਤਨੁ ਮਨੁ ਮਉਲਿਆ ਰਾਮ ਸਿਉ
ਸੰਗਿ ਸਾਧ ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥ ਤਿਨ ਦੁਖੁ ਨ ਕਬਹੂ ਉਤਰੈ ਸੇ ਜਮ
ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥ ਰਤਨ ਜਵੇਹਰ ਲਾਲ ਹਰਿ ਕੰਠਿ
ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ
ਜਨਮੜੀਆਹ॥ ੧੦॥
ਅਰਥ: ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ ਐ ਭਾਈ! ਉਹ ਗੁਰਮੁੱਖ ਪ੍ਰਾਣੀ ਜਿਹੜੇ ਆਪਣੇ
ਮਨ ਤੇ ਸਰੀਰ ਕਰਕੇ, ਅਕਾਲ ਪੁਰਖ ਦੀ ਸੰਗਤ ਕਰਦੇ ਰਹਿੰਦੇ ਹਨ, ਉਨ੍ਹਾਂ ਦਾ ਜੀਵਣ ਹੀ ਸਫਲਾ ਕਿਹਾ
ਜਾਂਦਾ ਹੈ। ਐਸੇ ਪ੍ਰਾਣੀਆਂ ਦੀ ਪ੍ਰਸ਼ੰਸਾ ਕੀਤੀ ਨਹੀਂ ਜਾ ਸਕਦੀ, ਜਿਨ੍ਹਾਂ ਉੱਪਰ ਵਾਹਿਗੁਰੂ ਦੀ
ਆਪਾਰ ਬਖਸ਼ਿਸ਼ ਹੋ ਗਈ ਹੋਵੇ। ਜਿਹੜੇ ਸਤਿ-ਸੰਗੀਆਂ ਦੀ ਸੰਗਤ ਕਰਦੇ ਹਨ, ਉਨ੍ਹਾਂ ਦਾ ਮਨ ਤੇ ਤਨ ਭਾਵ,
ਆਤਮਾ ਤੇ ਸਰੀਰ, ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਕੇ ਸਦਾ ਆਨੰਦ ਵਿੱਚ ਰਹਿੰਦਾ ਹੈ। ਜਿਹੜੇ
ਪ੍ਰਾਣੀ ਗੁਰਮੁੱਖਾਂ ਦੀ ਸੰਗਤ ਨਹੀਂ ਕਰਦੇ, ਉਹ ਆਪਣੇ ਇੱਕਲੇਪਨ ਵਿੱਚ ਉਦਾਸ ਹੀ ਰਹਿੰਦੇ ਹਨ। ਐਸੇ
ਪ੍ਰਾਣੀਆਂ ਦੇ ਦੁੱਖ ਕਦੇ ਦੂਰ ਨਹੀਂ ਹੁੰਦੇ ਸਗੋਂ ਸਦਾ ਮੌਤ ਦੇ ਭੈਅ ਵਿੱਚ ਫਸੇ ਰਹਿੰਦੇ ਹਨ। ਪਰ,
ਇਸ ਦੇ ਉਲਟ, ਜਿਨ੍ਹਾਂ ਨੇ ਅਕਾਲ ਪੁਰਖ ਦਾ ਓਟ-ਆਸਰਾ ਲਿਆ ਹੁੰਦਾ ਹੈ, ਉਹ ਵਾਹਿਗੁਰੂ ਨੂੰ ਆਪਣੇ
ਅੰਗ-ਸੰਗ ਸਮਝਦੇ ਹਨ। ਐਸੇ ਸਤਿ-ਸੰਗੀ ਇੰਜ ਮਹਿਸੂਸ ਕਰਨ ਲਗ ਪੈਂਦੇ ਹਨ ਜਿਵੇਂ ਵਾਹਿਗੁਰੂ ਦੇ ਨਾਮ
ਦਾ ਬਹੁਮੁੱਲਾ ਹਾਰ ਪਾ ਲਿਆ ਹੋਵੇ। ਜਿਨ੍ਹਾਂ ਪ੍ਰਾਣੀਆਂ ਨੇ ਅਕਾਲ ਪੁਰਖ ਦੀ ਸ਼ਰਣ ਲੈ ਲਈ, ਗੁਰੂ
ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਐਸੇ ਗੁਰਮੁੱਖਾਂ ਤੋਂ
ਕੁਰਬਾਨ ਜਾਣਾ ਚਾਹੀਦਾ ਹੈ। ਐ ਸਤਿ-ਸੰਗੀਓ, ਭਾਵੇਂ ਮੱਘਰ ਦਾ ਮਹੀਨਾਂ ਹੋਵੇ ਜਾਂ ਹੋਰ ਕੋਈ ਦਿਨ,
ਮਨ ਤੇ ਸਰੀਰ ਦੀ ਇਕਗਾਰਤਾ ਨਾਲ ਸਦਾ ਅਕਾਲ ਪੁਰਖ ਦਾ ਨਾਮ ਸਿਮਰਿਆ ਕਰੋ ਤਾਂ ਜੋ ਸਾਡਾ ਜਨਮ-ਮਰਣ ਦਾ
ਡਰ ਹੀ ਖ਼ੱਤਮ ਹੋ ਜਾਵੇ। (੧੦)
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥ ਜਹ ਤੇ
ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ॥ ਬਾਰਿ
ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ॥ ਪੋਖੁ ਸ+ਹੰਦਾ ਸਰਬ
ਸੁਖ ਜਿਸੁ ਬਖਸੇ ਵੇਪਰਵਾਹੁ॥ ੧੧॥
ਅਰਥ: ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਨੂੰ ਆਪਣੇ ਹਿਰਦੇ
ਵਿੱਚ ਸਿਮਰਦੇ ਰਹਿੰਦੇ ਹਨ, ਉਨ੍ਹਾਂ ਨੂੰ ਪੋਹ ਦੇ ਮਹੀਨੇ ਦੀ ਸਰਦੀ ਮਹਿਸੂਸ ਨਹੀਂ ਹੁੰਦੀ। ਐਸੇ
ਗੁਰਮੁੱਖ ਪ੍ਰਾਣੀ ਵਾਹਿਗੁਰੂ ਦੇ ਨਾਮ ਨਾਲ ਇੱਕ-ਮਿੱਕ ਹੋਏ ਰਹਿੰਦੇ ਹਨ। ਇਵੇਂ ਹੀ ਜਦੋਂ ਪ੍ਰਾਣੀ
ਅਕਾਲ ਪੁਰਖ ਦੀ ਰਜ਼ਾਅ ਵਿੱਚ ਰਹਿਣ ਲਗ ਪਵੇ ਤਾਂ ਉਸ ਨੂੰ ਮਾਲਕ ਦੀ ਕੀਤੀ ਸੇਵਾ ਦਾ ਆਨੰਦ ਪ੍ਰਾਪਤ
ਹੋ ਜਾਂਦਾ ਹੈ। ਜਦੋਂ ਪ੍ਰਾਣੀ ਦੂਸਰੇ ਗੁਰਮੁੱਖਾਂ ਦੀ ਸੰਗਤ ਕਰਕੇ, ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ
ਗਾਇਨ ਕਰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਭੀ ਦੁਨਿਆਵੀਂ ਮਾਇਆ-ਜਾਲ ਦਾ ਫਿਕਰ ਨਹੀਂ ਰਹਿੰਦਾ। ਇੰਜ,
ਜੀਵ-ਆਤਮਾ ਅਕਾਲ ਪੁਰਖ ਦੇ ਸੱਚੇ ਪ੍ਰੇਮ ਵਿੱਚ ਲੀਨ ਹੋਈ ਰਹਿੰਦੀ ਹੈ। ਜਿੰਨ੍ਹਾਂ ਪ੍ਰਾਣੀਆਂ ਉੱਪਰ
ਅਕਾਲ ਪੁਰਖ ਦੀ ਮਿਹਰ ਹੋ ਜਾਵੇ, ਉਹ ਫਿਰ ਕਦੀ ਅਲਗ ਨਹੀਂ ਹੁੰਦੇ। ਮਿਹਰਬਾਨ ਅਕਾਲ ਪੁਰਖ ਤੋਂ ਮੈਂ
ਸਦਾ ਕੁਰਬਾਨ ਜਾਂਦਾ ਹਾਂ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਸਾਨੂੰ
ਸੇਧ ਦਿੰਦੇ ਹਨ ਕਿ ਅਕਾਲ ਪੁਰਖ ਦੀ ਸ਼ਰਣ ਤੋਂ ਬਿਗੈਰ ਹੋਰ ਕੋਈ ਚਾਰਾ ਨਹੀਂ। ਜਿਸ ਪ੍ਰਾਣੀ ਉੱਪਰ
ਅਕਾਲ ਪੁਰਖ ਦੀ ਬਖ਼ਸ਼ਿਸ਼ ਹੋ ਜਾਵੇ, ਉਸ ਨੂੰ ਫਿਰ ਪੋਹ ਦੇ ਮਹੀਨੇ ਦੀ ਸਰਦੀ ਭੀ ਚੰਗੀ ਲਗਦੀ ਹੈ ਅਤੇ
ਅਨੰਦ-ਮਈ ਜੀਵਨ ਬਤੀਤ ਕਰਨ ਦਾ ਨਾਮ ਖ਼ਜ਼ਾਨਾ ਮਿਲ ਜਾਂਦਾ ਹੈ। (੧੧)
{ਜਿਵੇਂ ਅਸੀਂ ਹਰ ਰੋਜ਼ ਸੋਹਿਲੇ ਦਾ ਪਾਠ ਕਰਨ ਸਮੇਂ ਪੜ੍ਹਦੇ ਹਾਂ: ਰਾਗੁ
ਆਸਾ ਮਹਲਾ ੧ - ਪੰਨਾ ੧੨/੩੫੭॥ ਸੂਰਜੁ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ॥ ਅਕਾਲ ਪੁਰਖ
ਦੇ ਇਲਾਹੀ ਹੁਕਮ ਅਨੁਸਾਰ ਭਾਵੇਂ ਸੂਰਜ ਇੱਕ ਹੀ ਨਜ਼ਰ ਆਉਂਦਾ ਹੈ, ਪਰ ਹਰੇਕ ਦੇਸ਼ ਵਿਖੇ
ਮੌਸਮ ਅਲਗ ਅਲਗ ਮਹਿਸੂਸ ਕੀਤੇ ਜਾਂਦੇ ਹਨ। ਇਸ ਲਾਈ ਸਾਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਆਪਣਾ
ਜੀਵਨ ਬਤੀਤ ਕਰਨਾ ਚਾਹੀਦਾ ਹੈ}
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥ ਸਚੈ
ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ ਜਿਸ ਨੋ ਦੇਵੈ ਦਇਆ
ਕਰਿ ਸੋਈ ਪੁਰਖੁ ਸੁਜਾਨੁ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥ ਮਾਘਿ ਸੁਚੇ ਸੇ
ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥ ੧੨॥
ਅਰਥ: ਇਸ ਸ਼ਬਦ ਦੁਆਰਾ ਗੁਰੂ ਸਾਹਿਬ ਹਿੰਦੂਆਂ ਦੀ ਇੱਕ ਪ੍ਰਚਲਤਿ ਰੀਤ ਬਾਰੇ ਬਿਆਨ ਕਰਦੇ ਹਨ ਕਿ
ਮਾਘੀ ਵਾਲੇ ਦਿਨ ਹਿੰਦੂ ਸਜਨ ਤੀਰਥਾਂ `ਤੇ ਇਸ਼ਨਾਨ ਕਰਨਾ ਬਹੁਤ ਬੜਾ ਪੁੰਨ ਕਰਮ ਸਮਝਦੇ ਹਨ, ਪਰ
ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ ਹੇ ਭਾਈ! ਤੁਸੀਂ ਨਿਮ੍ਰਤਾ-ਸਹਿਤ ਗੁਰਮੁੱਖਾਂ ਦੀ ਸੰਗਤਿ
ਕਰੋ ਅਤੇ ਅਕਾਲ ਪੁਰਖ ਦਾ ਨਾਮ ਆਪ ਹੀ ਨਾਹ ਸਿਮਰੋ, ਸਗੋਂ ਹੋਰਨਾਂ ਨਾਲ ਭੀ ਨਾਮ ਦੀ ਦਾਤਿ ਸਾਂਝੀ
ਕਰੋ। ਇੰਜ ਕਰਨ ਨਾਲ ਜਿਹੜੇ ਇਸ ਜੀਵਨ ਵਿੱਚ ਕਰਮ ਕਰਕੇ ਵਿਕਾਰਾਂ ਦੀ ਮੈਲ ਲਗ ਜਾਂਦੀ ਹੈ ਕਿ ਮੈਂ
ਜਾਤਿ/ਗੋਤਿ ਕਰਕੇ ਉੱਚਾ ਹਾਂ ਜਾਂ ਮੈਂ ਉੱਚੇ ਕੰਮ ਕਰਦਾ ਹਾਂ, ਉਹ ਤੇਰੇ ਮਨ ਦੀ ਹਉਮੈ ਦੂਰ ਹੋ
ਜਾਇਗੀ। ਨਾਮ ਸਿਮਰਨ ਕਰਨ ਨਾਲ, ਪ੍ਰਾਣੀ ਦੀ ਕੁੱਤੇ ਵਾਲੀ ਲਾਲਚੀ ਬਿਰਤੀ ਜਿਵੇਂ ਕਾਮ-ਕਰੋਧ ਦਾ ਮੋਹ
ਖ਼ੱਤਮ ਹੋ ਜਾਂਦਾ ਹੈ। ਜਦੋਂ ਇਨਸਾਨ ਸਚਿਆਰ ਜੀਵਨ ਬਤੀਤ ਕਰਨ ਲਗ ਪਵੇ ਤਾਂ ਸਾਰਾ ਸੰਸਾਰ ਪ੍ਰਸ਼ੰਸਾ
ਕਰਦਾ ਹੈ। ਹਿੰਦੂਆਂ ਦੇ (੬੮) ਅਠਾਹਠ ਤੀਰਥਾਂ ਦੇ ਕੀਤੇ ਇਸ਼ਨਾਨ ਜਾਂ ਦਿਖਾਵੇ ਦੇ ਕੀਤੇ ਦਾਨ ਕਿਸੇ
ਕੰਮ ਨਹੀਂ, ਜੇ ਤੇਰਾ ਦਿਲ ਅਜੇ ਭੀ ਪੱਥਰ ਵਾਂਗ ਕਠੋਰ ਹੈ, ਭਾਵ ਨਿਮ੍ਰਤਾ ਨਾਲ ਗ਼ਰੀਬਾਂ ਦੀ ਮਦਦ
ਕਰਨਾ ਸੱਭ ਤੋਂ ਉੱਤਮ ਕੰਮ ਹੈ। ਪਰ, ਜਿਸ ਪ੍ਰਾਣੀ ਉੱਪਰ ਅਕਾਲ ਪੁਰਖ ਮਿਹਰ ਦੀ ਨਜ਼ਰ ਕਰ ਦੇਵੇ, ਉਸ
ਨੂੰ ਹੀ ਸਿਆਣਾ ਕਿਹਾ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ
ਫ਼ੁਰਮਾਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਨਾਲ ਇੱਕ-ਮਿੱਕ ਹੋ ਜਾਣ, ਉਹੀ ਧੰਤਾ-ਯੋਗ ਹਨ।
ਮਾਘੀ ਵਾਲੇ ਦਿਨ ਇਸ਼ਨਾਨ ਕਰਕੇ ਸਰੀਰ ਤਾਂ ਸਾਫ ਹੋ ਸਕਦਾ ਹੈ ਪਰ ਮਨ ਕਰਕੇ ਉਹੀ ਪ੍ਰਾਣੀ ਸੁੱਚੇ ਕਹੇ
ਜਾਂਦੇ ਹਨ ਜਿਹੜੇ ਨਾਮ ਸਿਮਰ ਕੇ ਅਕਾਲ ਪੁਰਖ ਦੀ ਮੇਹਰ ਦੇ ਪਾਤਰ ਬਣ ਜਾਣ। (੧੨)
{ਦੇਖੋ ਕਿ ਸਿੱਖ ਕਿਵੇਂ ਹਿੰਦੂਆਂ ਦੀ ਰੀਸ ਕਰਦੇ ਹਨ! ਮਾਘੀ ਸੰਗਰਾਂਦ ਦੇ ਇਸ਼ਨਾਨ ਨੂੰ ਬਹੁਤ
ਪਵਿਤ੍ਰ ਸਮਝ ਲਿਆ ਹੈ ਅਤੇ ਇਸ ਨੂੰ ਮੁਕਤਸਰ ਦੇ ਸ਼ਹੀਦਾਂ ਦੇ ਨਾਮ ਨਾਲ ਜੋੜ ਲਿਆ ਹੈ ਭਾਵੇਂ ਕਿ
ਉਨ੍ਹਾਂ ਦੀ ਸ਼ਹੀਦੀ ਮਈ ਦੇ ਮਹੀਨੇ ਹੋਈ ਸੀ ਜਦੋਂ ਬਹੁਤ ਗਰਮੀ ਪੈਂਦੀ ਹੈ। ਪਰ ਮਾਘ ਦੀ ਪਹਿਲੀ
ਤਾਰੀਕ ਨੂੰ ਮਾਘੀ ਦਾ ਮੇਲਾ ਬਣਾ ਲਿਆ ਅਤੇ ਦੂਸਰੇ ਦਿਨ ਹੀ ਲੋਹੜੀ ਮਨਾਉਂਣਾ ਭੀ ਨਹੀਂ ਭੁਲਦੇ! ਇਹ
ਦੋਵੇਂ ਤਿਉਹਾਰ ਹਿੰਦੂਆਂ ਨੂੰ ਮੁਬਾਰਕ ਹੋਣ, ਪਰ ਇਨ੍ਹਾਂ ਦਾ ਸਿੱਖਾਂ ਨਾਲ ਕੋਈ ਵਾਸਤਾ ਨਹੀਂ। ਪਰ
ਕੌਣ ਕਹੇ: ‘ਹੇ ਰਾਣੀ, ਅੱਗਾ ਢੱਕ” }
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ॥ ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ॥ ਮਿਲਿ
ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ॥ ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ॥ ਹਲਤੁ
ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ॥ ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ॥ ਜਿਹਵਾ ਏਕ
ਅਨੇਕ ਗੁਣ ਤਰੇ ਨਾਨਕ ਚਰਣੀ ਪਾਇ॥ ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥ ੧੩॥
ਅਰਥ: ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਹੇ ਭਾਈ! ਜਿਨ੍ਹਾਂ ਪ੍ਰਾਣੀਆਂ ਨੇ ਅਕਾਲ ਪੁਰਖ ਦੇ
ਗੁਣਾਂ ਨੂੰ ਗ੍ਰਹਿਣ ਕਰ ਲਿਆ, ਉਹੀ ਵਾਹਿਗੁਰੂ ਦੀ ਰਹਿਮਤ ਦਾ ਆਨੰਦ ਮਾਣ ਸਕਦੇ ਹਨ। ਅਕਾਲ ਪੁਰਖ ਦੀ
ਰਜ਼ਾਅ ਵਿੱਚ ਰਹਿਣ ਵਾਲੇ ਗੁਰਮੁੱਖਾਂ ਦੀ ਸੰਗਤ ਸਦਕਾ ਮੇਰਾ ਭੀ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ।
(ਇੱਥੇ ਸੰਤ ਉਨ੍ਹਾਂ ਪ੍ਰਾਣੀਆਂ ਲਈ ਵਰਤਿਆ ਹੋਇਆ ਹੈ, ਜਿਹੜੇ ਅਕਾਲ ਪੁਰਖ ਦੇ ਨਾਮ ਵਿੱਚ ਲੀਨ
ਰਹਿੰਦੇ ਹਨ। ਪਰ, ਅੱਜ-ਕਲ ਦੇ ਅਖੌਤੀ ਸੰਤ-ਬਾਬੇ, ਸੰਗਤਾਂ ਨੂੰ ਆਪਣੇ ਡੇਰਿਆਂ ਨਾਲ ਹੀ ਜੋੜ ਕੇ,
ਪੁਰਾਣੇ ਮਸੰਦਾਂ/ਮਹੰਤਾਂ ਵਾਂਗ ਆਪਣੀ ਐਸ਼ ਕਰਦੇ ਹਨ। ਇਨ੍ਹਾਂ ਨੂੰ ਅਕਾਲ ਪੁਰਖ ਦੇ ਸੰਤ ਨਹੀਂ ਕਿਹਾ
ਜਾ ਸਕਦਾ ਅਤੇ ਨਾਹ ਹੀ ਇਨ੍ਹਾਂ ਨੂੰ ਕੋਈ ਮਾਣਤਾ ਦੇਣੀ ਚਾਹੀਦੀ) ਜਿਹੜੇ ਗੁਰਮੁੱਖ ਅਕਾਲ ਪੁਰਖ ਨਾਲ
ਇੱਕ-ਮਿੱਕ ਹੋ ਜਾਂਦੇ ਹਨ, ਉਹ ਅਨੰਦ-ਮਈ ਜੀਵਨ ਬਤੀਤ ਕਰਦੇ ਹਨ ਅਤੇ ਉਨ੍ਹਾਂ ਨੂੰ ਕੋਈ ਦੁੱਖ-ਚਿੰਤਾ
ਨਹੀਂ ਰਹਿੰਦੀ। ਅਕਾਲ ਪੁਰਖ ਦੀ ਮਿਹਰ ਸਦਕਾ, ਅਸੀਂ ਭੀ ਵੱਡੇ ਭਾਗਾਂ ਵਾਲੇ ਬਣ ਸਕਦੇ ਹਾਂ। ਇੰਜ,
ਸੰਗਤ ਵਿੱਚ ਬੈਠ ਕੇ, ਅਕਾਲ ਪੁਰਖ ਦੀਆਂ ਵਡਿਆਈਆਂ ਦੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਕਿਉਂਕਿ
ਅਕਾਲ ਪੁਰਖ ਦੇ ਬਰਾਬਰ ਹੋਰ ਕੋਈ ਹਸਤੀ ਨਜ਼ਰ ਨਹੀਂ ਆਉਂਦੀ। ਅਕਾਲ ਪੁਰਖ ਦਾ ਓਟ-ਆਸਰਾ ਲੈਣ ਵਾਲੇ,
ਆਪਣਾ ਜੀਵਨ ਸਫਲਾ ਕਰ ਜਾਂਦੇ ਹਨ ਅਤੇ ਉਨ੍ਹਾਂ ਦੇ ਦਿੱਤੇ ਉਪਦੇਸ਼ਾਂ ਨੂੰ ਬਾਅਦ ਵਿੱਚ ਵੀ ਸੰਸਾਰ
ਯਾਦ ਕਰਦਾ ਰਹਿੰਦਾ ਹੈ। ਐਸੇ ਗੁਰਮੁੱਖ ਪ੍ਰਾਣੀ ਸੰਸਾਰਕ ਦੁੱਖ-ਕਲੇਸ਼ਾਂ ਤੋਂ ਸਦਾ ਲਈ ਛੁੱਟਕਾਰਾ ਪਾ
ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ
ਮੇਰੀ ਜੀਭ ਇੱਕ ਹੈ, ਪਰ ਅਕਾਲ ਪੁਰਖ ਦੇ ਗੁਣ ਬੇਅੰਤ ਹਨ, ਇਸ ਲਈ, ਮੈਂ ਉਸ ਦਾ ਹੀ ਆਸਰਾ ਲਿਆ ਹੈ।
ਇਸ ਲਈ, ਕੋਈ ਭੀ ਮਹੀਨਾ/ਰੁੱਤ ਹੋਵੇ, ਸਾਨੂੰ ਹਰ ਸਮੇਂ ਅਕਾਲ ਪੁਰਖ ਦੀ ਮਹਾਨਤਾ ਨੂੰ ਸਮਝਣ ਦਾ
ਯੱਤਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਐਸੀ ਹਸਤੀ ਹੈ ਜਿਸ ਨੂੰ ਆਪਣੀ ਵਡਿਆਈ ਕਰਾਉਂਣ ਦਾ ਕੋਈ ਲਾਲਚ
ਨਹੀਂ। (੧੩)
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ॥ ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ॥ ਸਰਬ
ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ॥ ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ॥ ਕੂੜ ਗਏ
ਦੁਬਿਧਾ ਨਸੀ ਪੂਰਨ ਸਚਿ ਭਰੇ॥ ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ॥ ਮਾਹ ਦਿਵਸ ਮੂਰਤ
ਭਲੇ ਜਿਸ ਕਉ ਨਦਰਿ ਕਰੇ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥ ੧੪॥ ੧॥
ਅਰਥ: ਬਾਰਹ ਮਾਹਾ ਮਾਂਝ ਮਹਲਾ ੫ ਗੁਰਬਾਣੀ ਦਾ ਇਹ ਅਖ਼ੀਰਲਾ (੧੪ਵਾਂ) ਸ਼ਬਦ ਹੈ। ਗੁਰੂ ਸਾਹਿਬ
ਪਹਿਲਾਂ ਉਚਾਰੀ ਬਾਣੀ (੧ ਤੋਂ ੧੩) ਦਾ ਨਿਚੋੜ ਬਿਆਨ ਕਰਦੇ ਹਨ ਕਿ ਜਿਨ੍ਹਾਂ ਪ੍ਰਾਣੀਆਂ ਨੇ ਪੂਰੀ
ਲਗਨ ਨਾਲ ਅਕਾਲ ਪੁਰਖ ਦਾ ਨਾਮ ਸਿਮਰਨ ਕੀਤਾ ਹੈ, ਉਨ੍ਹਾਂ ਦੇ ਸਾਰੇ ਕੰਮ ਕਾਮਯਾਬ ਹੋ ਜਾਂਦੇ ਹਨ,
ਭਾਵ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਤੰਗੀ ਮਹਿਸੂਸ ਨਹੀਂ ਹੁੰਦੀ। ਜਿਨ੍ਹਾਂ ਨੇ ਗੁਰੂ ਦੇ ਗਿਆਨ
ਦੀ ਸਿਖਿਆ ਦੁਆਰਾ ਸਿਰਫ ਇੱਕ ਅਕਾਲ ਪੁਰਖ ਨੂੰ ਹੀ ਆਪਣੇ ਹਿਰਦੇ ਵਿੱਚ ਵਸਾਅ ਲਿਆ ਹੋਵੇ, ਉਹ ਆਪਣੇ
ਅਖੀਰਲੇ ਸੁਆਸ ਤੱਕ ਅਸਲੀ ਸਿੱਕੇ ਵਾਂਗ ਪ੍ਰਮਾਤਮਾ ਦੇ ਖ਼ਜ਼ਾਨੇ ਵਿੱਚ ਪ੍ਰਵਾਨ ਹੋ ਜਾਂਦੇ ਹਨ। ਅਕਾਲ
ਪੁਰਖ ਦੀ ਸ਼ਰਨ ਗ੍ਰਹਿਣ ਕਰਨਾ ਹੀ ਸੱਭ ਤੋਂ ਵੱਡਾ ਸੁੱਖਾਂ ਦਾ ਖ਼ਜ਼ਾਨਾ ਹੈ। ਇੰਜ, ਗੁਰਮੁੱਖ ਪਿਆਰਿਆਂ
ਨੂੰ ਦੁਨਿਆਵੀਂ ਦੁੱਖ-ਤਕਲੀਫਾਂ ਮਹਿਸੂਸ ਨਹੀਂ ਹੁੰਦੀਆਂ। ਜਿਹੜੇ ਪ੍ਰਾਣੀ ਅਕਾਲ ਪੁਰਖ ਦੇ ਪ੍ਰੇਮ
ਵਿੱਚ ਲੀਨ ਹੋ ਗਏ, ਉਹ ਸੰਸਾਰਕਿ ਮਾਇਆ ਦੇ ਝੰਝਟਾਂ ਵਿੱਚ ਨਹੀਂ ਪੈਂਦੇ। ਐਸੇ ਪ੍ਰਾਣੀਆਂ ਦੇ ਵਿਅਰਥ
ਝੂਠੇ ਲਾਲਚ ਖ਼ੱਤਮ ਹੋ ਜਾਂਦੇ ਹਨ, ਉਨ੍ਹਾਂ ਦੀ ਭਟਕਣਾ/ਦੁਬਿਧਾ ਦੂਰ ਹੋ ਜਾਂਦੀ ਹੈ ਅਤੇ ਉਹ ਸਦਾ
ਅਕਾਲ ਪੁਰਖ ਨਾਲ ਇੱਕ-ਮਿੱਕ ਹੋਏ ਰਹਿੰਦੇ ਹਨ। ਗੁਰਮੁੱਖ ਪਿਆਰੇ ਸਦਾ ਆਪਣੇ ਮਨ ਵਿੱਚ ਇੱਕ ਅਕਾਲ
ਪੁਰਖ ਨੂੰ ਹੀ ਸਿਮਰਦੇ ਰਹਿੰਦੇ ਹਨ, ਭਾਵ ਕਿ ਐਸੇ ਪ੍ਰਾਣੀ, ਅਖੌਤੀ ਸੰਤ-ਬਾਬਿਆਂ ਦੇ ਡੇਰਿਆਂ `ਤੇ
ਜਾ ਕੇ ਖ਼ੁਆਰ ਨਹੀਂ ਹੁੰਦੇ। ਆਖ਼ੀਰ ਵਿਚ, ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਭਾਈ, ਜਿਨ੍ਹਾਂ
ਪ੍ਰਾਣੀਆਂ ਉੱਪਰ ਅਕਾਲ ਪੁਰਖ ਦੀ ਬਖ਼ਸ਼ਸ਼ਿ ਹੋ ਜਾਂਦੀ ਹੈ, ਉਨ੍ਹਾਂ ਨੂੰ ਸੋਝੀ ਪ੍ਰਾਪਤ ਹੋ ਜਾਂਦੀ ਹੈ
ਕਿ ਸਾਰੇ ਦਿਨ, ਮਹੀਨੇ, ਮਹੂਰਤ ਆਦਿਕ ਚੰਗੇ ਹਨ ਕਿਉਂਕਿ ਸੰਗ੍ਰਾਂਦ ਕਰਕੇ ਕੋਈ ਮਹੀਨਾ ਜਾਂ ਦਿਨ
ਪਵਿਤ੍ਰ ਨਹੀਂ ਕਿਹਾ ਜਾ ਸਕਦਾ। ਸਿੱਖ ਪਰਿਵਾਰਾਂ ਨੂੰ ਐਸੇ ਪੁਰਾਤਨ ਭਰਮ-ਭੁਲੇਖਿਆਂ ਵਿੱਚ ਨਹੀਂ
ਪੈਣਾ ਚਾਹੀਦਾ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬੇਨਤੀ ਕਰਦੇ ਹਨ ਕਿ
ਹੇ ਅਕਾਲ ਪੁਰਖ! ਸਾਡੇ ਉੱਪਰ ਮਿਹਰ ਕਰੋ ਤਾਂ ਜੋ ਅਸੀਂ ਤੇਰੇ ਭਾਣੇ ਅਨੁਸਾਰ ਜੀਵਨ ਬਤੀਤ ਕਰਦੇ
ਰਹੀਏ। (੧੪/੧)
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ):